ਜਦ ਸੁਣੇ ਸਿੰਘ ਜੁਝਾਰ ਨੇ ਵੀਰੇ ਦੇ ਸਾਕੇ।
ਉਸ ਚਰਨੀਂ ਜਾ ਦਸਮੇਸ਼ ਦੀ ਕਿਹਾ ਫਤਿਹ ਬੁਲਾ ਕੇ।
ਮੈਨੂੰ ਦਿਓ ਆਗਿਆ ਪਿਤਾ ਜੀ ਜੰਗ ਅੰਦਰ ਜਾ ਕੇ।
ਮੈਂ ਫ਼ਰਜ਼ ਨਿਭਾਵਾਂ ਆਪਣਾ ਜੋ ਬਣਿਆ ਆ ਕੇ।
ਇਹ ਸੁਣ ਕੇ ਅਰਜ਼ ਜੁਝਾਰ ਦੀ ਸਤਿਗੁਰ ਫ਼ਰਮਾਇਆ।
ਇਹ ਜੰਗ ਹੈ ਹੱਕ ਤੇ ਸੱਚ ਦੀ ਨਾ ਮੋਹ ਨਾ ਮਾਇਆ।
ਤੂੰ ਹੱਕ ਸੱਚ ਲਈ ਲੜਨ ਦਾ ਜੋ ਮਤਾ ਪਕਾਇਆ।
ਤੇਰੇ ਸਿਰ ’ਤੇ ਸਦਾ ਹੀ ਰਹੇਗਾ ਮੇਰੇ ਹੱਥ ਦਾ ਸਾਇਆ।
ਪਾਈਆਂ ਸਿੰਘ ਜੁਝਾਰ ਨੇ ਜੰਗ ਵਿਚ ਧਮਾਲਾਂ।
ਪਈਆਂ ਦੁਸ਼ਮਣ ਦੇ ਘਰੇ ਦਿਨ ਵਿਚ ਤ੍ਰਕਾਲਾਂ।
ਮੌਤ ਵਰ੍ਹਾਈ ਇਸ ਤਰ੍ਹਾਂ ਤਲਵਾਰਾਂ ਢਾਲਾਂ।
ਮਿੱਟੀ ਮਿੱਟੀ ਹੋ ਗਈਆਂ ਦੁਸ਼ਮਣ ਦੀਆਂ ਚਾਲਾਂ।
ਕੁਝ ਸੋਚ ਕੇ ਸਿੰਘ ਜੁਝਾਰ ਨੇ ਵਾਗ ਪਰਤਾਈ।
ਤੇ ਚਰਨੀਂ ਜਾ ਦਸਮੇਸ਼ ਦੇ ਫਿਰ ਫਤਿਹ ਬੁਲਾਈ
ਆਵਾਜ਼ ਸੁਣੀ ਦਸਮੇਸ਼ ਨੇ ਤੇ ਨਜ਼ਰ ਉਠਾਈ।
ਇਕ ਪਤਲੀ ਰੰਗਤ ਰੋਹ ਦੀ ਨੈਣਾਂ ਵਿਚ ਆਈ।
ਤੇ ਬੋਲੇ ਗੁਰ ਦਸ਼ਮੇਸ਼ ਜੀ ਸਿੰਘ ਜਵਾਨਾ।
ਕਿਉਂ ਆਇਆ ਵਾਪਸ ਜੰਗ ’ਚੋਂ ਹੋ ਕੇ ਮਰਦਾਨਾ।
ਜੋ ਬਲਦੀ ਸ਼ਮ੍ਹਾ ਨੂੰ ਵੇਖ ਕੇ ਨਾ ਦੇ ਨਜ਼ਰਾਨਾ।
ਉਹਨੂੰ ਭੂੰਡ ਆਖਣਾ ਚਾਹੀਦਾ ਉਹ ਨਹੀਂ ਪਰਵਾਨਾ।
ਥੋਹੜਾ ਜਿਹਾ ਹੱਸ ਕੇ ਸਿੰਘ ਅਰਜ਼ ਗੁਜ਼ਾਰੀ।
ਨਾ ਮੈਂ ਡਰਿਆ ਮੌਤ ਤੋਂ ਨਾ ਜਾਨ ਪਿਆਰੀ।
ਨਾ ਹੀ ਆਇਆ ਨੱਸ ਕੇ ਨਾ ਬਾਜ਼ੀ ਹਾਰੀ।
ਨਾ ਹੀ ਭੁੱਖ ਤੇਹ ਤੋਂ ਵਾਰੀ ਸਰਦਾਰੀ।
ਆਇਆ ਸਾਂ ਮੈਂ ਵੇਖਣੇ ਤੈਨੂੰ ਬਲਕਾਰੀ।
ਕਿਤੇ ਪੁੱਤ ਅਜੀਤ ਦੇ ਹਿਜਰ ਦੀ ਖਾ ਸੱਟ ਕਰਾਰੀ।
ਤੂੰ ਦਸ਼ਰਥ ਵਾਂਗੂ ਛਾਲ ਤਾਂ ਨਹੀਂ ਮਹਿਲਾਂ ਤੋਂ ਮਾਰੀ।
ਧੰਨ ਸਿੱਖੀ ਧੰਨ ਸਿੱਖ ਹੈ ਸਤਿਗੁਰ ਫਰਮਾਇਆ।
ਉਹ ਮਿੱਠੇ ਫਲ ਹੈ ਦੇ ਰਿਹਾ ਜੋ ਬੂਟਾ ਲਾਇਆ।
ਫਿਰ ਦੇ ਕੇ ਉਸ ਨੂੰ ਥਾਪੜਾ ਜੰਗ ਵੱਲ ਪਰਤਾਇਆ।
ਜਾ ਤੈਨੂੰ ਜੀਤ ਉਡੀਕਦਾ ਤੇਰਾ ਮਾਂ ਜਾਇਆ।
ਫਿਰ ਮੁੜਿਆ ਜੋਧਾ ਜੰਗ ਨੂੰ ਘੋੜੇ ’ਤੇ ਬਹਿ ਕੇ।
ਉਸ ਧੂ ਮਿਆਨੋਂ ਖਿੱਚ ਲਈ ਵਾਹਿਗੁਰੂ ਕਹਿ ਕੇ।
ਉਹਦੇ ਨੇਜ਼ੇ ਜਿਹਨੂੰ ਵਿੰਨ੍ਹਿਆਂ ਬੋਲਣ ਨੂੰ ਸਹਿਕੇ।
ਇਕ ਬਿਜਲੀ ਜਿਹੀ ਚਮਕ ਪਈ ਜਦ ਖੰਡੇ ਠਹਿਕੇ।
ਉਹਦੇ ਚੱਕਰਾਂ ਦੇ ਥੀਂ ਧੜਾਂ ਤੋਂ ਸਿਰ ਡਿਗਦੇ ਲਹਿ ਕੇ।
ਜਿਉਂ ਟੁੱਟ ਪਏ ਵੰਗ ਮੁਟਿਆਰ ਦੀ ਗਜਰੇ ਸੰਗ ਖਹਿ ਕੇ।
ਜੰਗ ਵਿਚ ਸੂਰਾ ਲੜ ਰਿਹਾ ਪਾ ਪਾ ਵਲਾਵੇਂ।
ਉਹ ਇਉਂ ਪੈਂਤੜਾ ਬਦਲਦਾ ਜਿੱਦਾਂ ਪਰਛਾਵੇਂ।
ਇਕ ਪੇਚ ਪੱਗ ਦਾ ਆ ਗਿਆ ਉੇਹਦੀ ਅੱਖਾਂ ਸਾਂਹਵੇਂ
ਤੇ ਇਉਂ ਸ਼ਹੀਦੀ ਪਾ ਗਿਆ ਜੱਸ ਦੁਨੀਆ ਗਾਵੇ।
ਲੇਖਕ ਬਾਰੇ
ਪੰਜਾਬ ਮਾਤਾ ਨਗਰ, ਲੁਧਿਆਣਾ-141013.
- ਹੋਰ ਲੇਖ ਉਪਲੱਭਧ ਨਹੀਂ ਹਨ