ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪ੍ਰਕਾਸ਼ 1666 ਈ: ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਗ੍ਰਿਹ ਮਾਤਾ ਗੁਜਰੀ ਜੀ ਦੀ ਪਾਵਨ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ। ਪਟਨਾ ਸ਼ਹਿਰ ਇਕ ਬਹੁਤ ਹੀ ਪ੍ਰਾਚੀਨ ਸ਼ਹਿਰ ਹੈ। ਗੰਗਾ ਦਰਿਆ ਦੇ ਸੱਜੇ ਕਿਨਾਰੇ ’ਤੇ ਵੱਸੇ ਇਸ ਸ਼ਹਿਰ ਦਾ ਇਤਿਹਾਸਕ ਵਿਵਰਣ ਈਸਵੀ ਸੰਨ ਦੇ ਆਰੰਭ ਤੋਂ ਕਈ ਸਦੀਆਂ ਪਹਿਲਾਂ ਦਾ ਮਿਲਦਾ ਹੈ। ‘ਮਹਾਨ ਕੋਸ਼’ ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ ’ਚ ਲਿਖੇ ਇਤਿਹਾਸਕ ਵਿਵਰਣ ਮੁਤਾਬਿਕ: ‘ਪਟਨਾ ਈਸਵੀ ਸੰਨ ਤੋਂ ਪਹਿਲਾਂ 321-184 ਦੇ ਵਿਚਕਾਰ ਮੌਰਯ ਵੰਸ਼ ਦੀ ਰਾਜਧਾਨੀ ਰਿਹਾ ਹੈ। ਚੰਦ੍ਰਗੁਪਤ ਦੇ ਵੇਲੇ ਪਟਨੇ ਦੀ ਆਬਾਦੀ 9 ਮੀਲ ਲੰਮੀ ਅਤੇ ਡੇਢ ਮੀਲ ਚੌੜੀ ਸੀ, ਸ਼ਹਿਰ ਦੇ ਚਾਰੇ ਪਾਸੇ ਪੱਕੀ ਕੰਧ ਬਣੀ ਹੋਈ ਸੀ, ਜਿਸ ਦੇ 570 ਬੁਰਜ ਅਤੇ 64 ਦਰਵਾਜ਼ੇ ਸਨ। ਇਸ ਦੀ ਖਾਈ (ਖੰਦਕ) ਸੱਠ ਫੁੱਟ ਚੌੜੀ ਅਤੇ ਪੈਂਤਾਲੀ ਫੁੱਟ ਡੂੰਘੀ ਸੀ…. ਪਟਨਾ ਸਭ ਤੋਂ ਪਹਿਲਾਂ ਰਾਜਾ ਅਜਾਤਸ਼ਤ੍ਰ ਨੇ ਆਬਾਦ ਕੀਤਾ ਸੀ… ਪਾਟਲੀਪੁੱਤ੍ਰ ਦੇ ਖੰਡਹਰ ਭੀ ਪਟਨੇ ਪਾਸ ਪਾਏ ਜਾਂਦੇ ਹਨ ਅਰ ਮਹਾਰਾਜਾ ਅਸ਼ੋਕ ਦੇ ਰਾਜ ਭਵਨ ਦੇ ਚਿੰਨ੍ਹ ਭੀ ਮਿਲਦੇ ਹਨ। ਸੰਸਕ੍ਰਿਤ ਗ੍ਰੰਥਾਂ ਵਿਚ ਪਟਨੇ ਦੇ ਨਾਮ ਕੁਸੁਮਪੁਰ, ਪਦਮਾਵਤੀ, ਪੁਸ਼ਪਪੁਰ ਭੀ ਹਨ।’ ਗੁਰੂ ਜੀ ਦੇ ਪ੍ਰਕਾਸ਼ ਦਾ ਪਾਵਨ ਅਸਥਾਨ ਬਣਨ ਦਾ ਮਾਣ ਹਾਸਲ ਕਰ ਕੇ ਪਟਨਾ ਨੂੰ ਪਟਨਾ ਸਾਹਿਬ ਦੇ ਨਾਮ ਨਾਲ ਪੁਕਾਰਿਆ ਜਾਣ ਲੱਗਾ। ਗੁਰੂ ਨਾਨਕ ਨਾਮ-ਲੇਵਾ ਸਿੱਖ ਸੰਗਤਾਂ ਇਸ ਅਸਥਾਨ ਵਾਸਤੇ ਵਿਸਮਾਦੀ ਪਿਆਰ ਤੇ ਸਤਿਕਾਰ ਭਾਵ ਰੱਖਦੀਆਂ ਹਨ। ਇਸ ਇਤਿਹਾਸਕ ਤੱਥ ਦੇ ਸਿੱਖ ਸੰਗਤ ਤੇ ਗੁਰ-ਇਤਿਹਾਸ ਦੇ ਸਜੱਗ ਪਾਠਕ ਭਲੀ ਪ੍ਰਕਾਰ ਜਾਣੂ ਹਨ ਕਿ ਦਸਮੇਸ਼ ਜੀ ਦੇ ਪ੍ਰਕਾਸ਼ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਦੇ ਲੰਮੇ ਪ੍ਰਚਾਰ-ਦੌਰੇ ’ਤੇ ਸਨ ਅਤੇ ਨੌਵੇਂ ਪਾਤਸ਼ਾਹ ਜੀ ਦੇ ਅਸਾਮ ਤੋਂ ਪੰਜਾਬ ਵਾਪਸ ਆ ਜਾਣ ਉਪਰੰਤ ਵੀ ਗੁਰੂ-ਪਰਵਾਰ ਕੁਝ ਸਮਾਂ ਪਟਨਾ ਸਾਹਿਬ ਵਿਖੇ ਹੀ ਰਿਹਾ। ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਿੱਖੀ ਪ੍ਰਚਾਰ ਯਾਤਰਾਵਾਂ ਤੇ ਹੋਰ ਧਰਮ-ਕਾਰਜਾਂ ’ਚ ਲੱਗੇ ਹੋਣ ਕਰਕੇ ਨੌਵੇਂ ਪਾਤਸ਼ਾਹ ਆਪਣੇ ਹੋਣਹਾਰ ਸਪੁੱਤਰ ਬਾਲ ਗੋਬਿੰਦ ਰਾਏ ਜੀ ਨੂੰ ਕਈ ਵਰ੍ਹਿਆਂ ਤਕ ਮਿਲ ਹੀ ਨਾ ਸਕੇ। ਪਰ ਪਟਨਾ ਸਾਹਿਬ ਵਿਖੇ ਸਤਿਗੁਰੂ ਜੀ ਦੇ ਸਰੀਰਿਕ ਰੂਪ ’ਚ ਹਾਜ਼ਰ ਨਾ ਹੋਣ ਦੇ ਬਾਵਜੂਦ ਬਾਲ ਗੋਬਿੰਦ ਰਾਏ ਜੀ ਦੀ ਪਾਲਣਾ, ਪੜ੍ਹਾਈ ਤੇ ਸਿਖਲਾਈ ਮਾਮਾ ਕ੍ਰਿਪਾਲ ਜੀ ਅਤੇ ਮਾਤਾ ਗੁਜਰੀ ਜੀ ਦੀ ਸੁਘੜ ਸਿਆਣੀ ਅਗਵਾਈ ਵਿਚ ਆਦਰਸ਼ ਰੂਪ ’ਚ ਹੋਈ। ਗੁਰਮੁਖੀ ਤੇ ਗੁਰਬਾਣੀ ਦੀ ਪੜ੍ਹਾਈ ਦੇ ਨਾਲ- ਨਾਲ ਨੌਵੇਂ ਸਤਿਗੁਰਾਂ ਦੇ ਵੱਲੋਂ ਸਮੇਂ-ਸਮੇਂ ਪ੍ਰਾਪਤ ਆਦੇਸ਼ਾਂ-ਨਿਰਦੇਸ਼ਾਂ ਮੁਤਾਬਕ ਬਾਲ ਗੋਬਿੰਦ ਰਾਏ ਜੀ ਨੂੰ ਘੋੜ-ਸਵਾਰੀ ਅਤੇ ਸ਼ਸਤਰ-ਵਿੱਦਿਆ ਵੀ ਪ੍ਰਦਾਨ ਕੀਤੀ ਗਈ। ਆਪ ਨੇ ਡੂੰਘੀ ਰੁਚੀ ਤੇ ਅਤਿਅੰਤ ਤੀਬਰ ਉਤਸੁਕਤਾ ਦਰਸਾਉਂਦਿਆਂ ਸ਼ਸਤਰ-ਵਿੱਦਿਆ ਤੇ ਘੋੜ-ਸਵਾਰੀ ਦੀ ਸਿਖਲਾਈ ਹਾਸਲ ਕੀਤੀ। ਮੁੱਢਲੇ ਬਾਲਪਨ ’ਚ ਆਪ ਗ੍ਰਹਿਣ ਕੀਤੀ ਸਿਖਲਾਈ ਨੂੰ ਅਮਲੀ ਰੂਪ ’ਚ ਕਰ ਕੇ ਦਿਖਾਉਂਦੇ ਤਾਂ ਸਭ ਨੂੰ ਚਕ੍ਰਿਤ ਕਰ ਦਿੰਦੇ। ਕਿਉਂ ਜੁ ਗੰਗਾ ਕੋਲ ਹੀ ਵਗਦੀ ਸੀ, ਇਸ ਕਰਕੇ ਬਾਲ ਗੋਬਿੰਦ ਰਾਏ ਜੀ ਨੂੰ ਤੈਰਾਕੀ ਦੀ ਸਿਖਲਾਈ ਵੀ ਪ੍ਰਦਾਨ ਕੀਤੀ ਗਈ। ਇਕ ਵਪਾਰੀ ਸ਼ਰਧਾਲੂ ਨੇ ਆਪ ਦੀ ਨੰਨ੍ਹੀ ਆਯੂ ਦੇ ਮੱਦੇਨਜ਼ਰ ਇਕ ਛੋਟੀ ਬੇੜੀ ਉਚੇਚੇ ਰੂਪ ’ਚ ਬਣਵਾ ਕੇ ਆਪ ਨੂੰ ਨਿੱਜ-ਵਰਤੋਂ ਦੇ ਅਭਿਆਸ ਹਿਤ ਭੇਟ ਕਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਉਹ ਨੰਨ੍ਹੀ ਬੇੜੀ ਬਾਲ ਗੋਬਿੰਦ ਰਾਏ ਜੀ ਗੰਗਾ ’ਚ ਠੇਲ੍ਹ ਦਿੰਦੇ। ਕਿੰਨਾ-ਕਿੰਨਾ ਸਮਾਂ ਬੜੀ ਸਾਵਧਾਨੀ ਨਾਲ ਇਸ ਨੂੰ ਚਲਾਉਣ ਦਾ ਅਭਿਆਸ ਕਰਦੇ ਰਹਿੰਦੇ।
ਪਟਨਾ ਸਾਹਿਬ ਦੀਆਂ ਸੁਹਾਵੀਆਂ ਗਲੀਆਂ ਹੋਰ ਸੁਹਾਵੀਆਂ ਹੋ ਜਾਂਦੀਆਂ ਜਦੋਂ ਬਾਲ ਗੋਬਿੰਦ ਰਾਏ ਜੀ ਆਪਣੇ ਬਾਲ-ਹਾਣੀਆਂ ਨਾਲ ਖੇਡਾਂ ਖੇਡਦੇ। ਇਨ੍ਹਾਂ ਖੇਡਾਂ ਦੀ ਨੁਹਾਰ ਆਮ ਬਾਲ-ਖੇਡਾਂ ਨਾਲੋਂ ਵਿਲੱਖਣ ਹੁੰਦੀ। ‘ਹੋਣਹਾਰ ਬਿਰਵਾ ਦੇ ਚਿਕਨੇ ਚਿਕਨੇ ਪਾਤ’ ਵਾਲੀ ਕਹਾਵਤ ਵਰਤ ਰਹੀ ਸੀ। ਇਹ ਖੇਡਾਂ ਜੰਗੀ ਕਰਤਬਾਂ ਦੇ ਨਾਲ ਭਰਪੂਰ ਖੇਡਾਂ ਸਨ। ਬਾਲ- ਹਾਣੀਆਂ ਦੀਆਂ ਦੋ ਟੋਲੀਆਂ ਬਣਾ ਲੈਣੀਆਂ। ਉਨ੍ਹਾਂ ਦੋਨਾਂ ਟੋਲੀਆਂ ਦਾ ਆਪਸ ਵਿਚ ਯੁੱਧ ਕਰਾਉਣਾ। ਸਾਰੇ ਬਾਲ-ਹਾਣੀ ਬਾਲ ਗੋਬਿੰਦ ਰਾਏ ਜੀ ਦੀ ਪ੍ਰਤਿਭਾ ਦਾ ਅਸਰ ਮੰਨਦੇ। ਸਿੱਖ ਇਤਿਹਾਸ ਵਿਚ ਤਾਂ ਇਥੋਂ ਤਕ ਉਲੇਖ ਪ੍ਰਾਪਤ ਹੁੰਦਾ ਹੈ ਕਿ ‘ਸਭ ਨੂੰ ਹੁਕਮ ਹੇਠ ਰੱਖ ਕੇ ਆਪਣੀ ਜਰਨੈਲੀ ਯੋਗਤਾ ਦੀ ਨਿਸ਼ਾਨੀ ਪ੍ਰਗਟ ਕਰਦੇ। ਤੀਰ-ਕਮਾਨ ਅਤੇ ਗੁਲੇਲ ਨਾਲ ਨਿਸ਼ਾਨੇ ਚੰਗੇ ਫੁੰਡਦੇ ਸਨ।’ (ਸਿੱਖ ਇਤਿਹਾਸ, ਭਾਗ ਪਹਿਲਾ, ਕ੍ਰਿਤ ਪ੍ਰੋ. ਕਰਤਾਰ ਸਿੰਘ ਐਮ.ਏ.)
ਬਾਲ ਗੋਬਿੰਦ ਰਾਏ ਜੀ ਦੇ ਅਗੰਮੀ ਬਾਲ-ਜੀਵਨ ’ਚ ਸਮੂਰਤ ਕੀਤੇ ਗਏ ਅਨੇਕਾਂ ਚੋਜਾਂ ਵਿੱਚੋਂ ਉਦਾਹਰਣ ਦੇ ਤੌਰ ’ਤੇ ਰਾਜਾ ਫਤਹਿ ਚੰਦ ਮੈਣੀ ਅਤੇ ਉਸ ਦੀ ਰਾਣੀ ਨਾਲ ਮੇਲ- ਮਿਲਾਪ ਦੇ ਵਿਸਮਾਦੀ ਦ੍ਰਿਸ਼ ਅਤੇ ਪਿਆਰ ਭਾਵ-ਭਿੰਨੇ ਵਾਰਤਾਲਾਪ ਦੇ ਬਿਰਤਾਂਤ ਪਾਠਕਾਂ- ਸ੍ਰੋਤਿਆਂ ਦੇ ਹਿਰਦਿਆਂ ’ਚ ਝਰਨਾਟਾਂ ਛੇੜਨ ਵਾਲੇ ਹਨ:
“…ਉਹ ਰੋਜ਼ ਦਸਮੇਸ਼ ਜੀ ਦਾ ਧਿਆਨ ਮਨ ਵਿਚ ਧਾਰ ਕੇ ਉਡੀਕ ਵਿਚ ਬੈਠੇ ਰਿਹਾ ਕਰਨ। ਇਕ ਦਿਨ ਉਹ ਚੌਕੜੀ ਮਾਰੀ, ਅੱਖਾਂ ਮੀਟੀ, ਧਿਆਨ ਧਰੀ, ਬਾਲ-ਗੁਰੂ ਦੀ ਉਡੀਕ ਕਰ ਰਹੇ ਸਨ। ਝੱਟਪਟ ਨਿੱਕੀਆਂ-ਨਿੱਕੀਆਂ ਕੋਮਲ ਬਾਹਵਾਂ ਰਾਣੀ ਦੇ ਗਲ ਦੁਆਲੇ ਪੈ ਗਈਆਂ। ਘੁੱਟ ਕੇ ਗਲਵਕੜੀ ਪੈ ਗਈ। ਗੋਦ ਵਿਚ ਇਕ ਸੁੰਦਰ ਤੇ ਰੱਬੀ ਨੂਰ ਭਰੇ ਚਿਹਰੇ ਵਾਲਾ ਸੁਡੌਲ ਬਾਲਕ ਆ ਬੈਠਾ ਅਤੇ ਗੁਲਾਬ ਜਿਹੇ ਮੁਖੜੇ ਵਿੱਚੋਂ ਮਿੱਠੀ ਸੁਰੀਲੀ ਆਵਾਜ਼ ਨਿਕਲੀ… ‘ਮਾਂ ਜੀ! ਮੈਂ ਆ ਗਿਆ।’… ਰਾਣੀ ਨੇ ‘ਪੁੱਤਰ’ ਨੂੰ ਮਠਿਆਈ ਛਕਣ ਲਈ ਦਿੱਤੀ। ਅੱਗੋਂ ਸ੍ਰੀ ਦਸਮੇਸ਼ ਜੀ ਬੋਲੇ, ‘ਮਠਿਆਈ ਨਹੀਂ ਖਾਣੀ ਮਾਂ ਜੀ! ਉਹ ਤਲੇ ਹੋਏ ਛੋਲੇ ਅਤੇ ਦੁੱਧ ਦੀ ਪੂਰੀ ਦਿਓ ਜੋ ਅੰਦਰ ਚੌਂਕੇ ਵਿਚ ਰੱਖੀ ਹੋਈ ਜੇ।’”
ਪਟਨਾ ਵਾਸ ਦੌਰਾਨ ਹੀ ਗੰਗਾ ਕਿਨਾਰੇ ਖੇਡਦਿਆਂ ਇਸ ਦੇ ਪਾਣੀ ਵਿਚ ਸੋਨੇ ਦਾ ਕੜਾ ਸੁੱਟਣ ਅਤੇ ਫਿਰ ਮਾਮਾ ਕ੍ਰਿਪਾਲ ਜੀ ਵੱਲੋਂ ਕੜਾ ਸੁੱਟਣ ਵਾਲੀ ਜਗ੍ਹਾ ਬਾਰੇ ਪੁੱਛਣ ’ਤੇ ਉਨ੍ਹਾਂ ਨੂੰ ਉਥੇ ਲਿਜਾ ਕੇ ਦੂਜਾ ਕੜਾ ਵੀ ਸੁੱਟ ਦੇਣ ਦਾ ਬਿਰਤਾਂਤ ਬੇਹੱਦ ਰਸਦਾਇਕ ਤੇ ਆਉਣ ਵਾਲੀਆਂ, ਭਵਿੱਖ ’ਚ ਵਾਪਰਨ ਵਾਲੀਆਂ ਮਹਾਨ ਕੁਰਬਾਨੀਆਂ ਤੇ ਆਤਮ-ਤਿਆਗ ਨੂੰ ਪ੍ਰਤੀਬਿੰਬਤ ਕਰਨ ਵਾਲਾ ਹੈ।
ਗੁਰੂ-ਪਰਵਾਰ ਨੂੰ ਜਦੋਂ ਅਨੰਦਪੁਰ ਸਾਹਿਬ ਤੋਂ ਨੌਵੇਂ ਪਾਤਸ਼ਾਹ ਦੀ ਤਰਫ਼ੋਂ ਪਟਨਾ ਸਾਹਿਬ ਤੋਂ ਚਾਲੇ ਪਾ ਦੇਣ ਦੇ ਆਦੇਸ਼-ਨਿਰਦੇਸ਼ ਮਿਲ ਜਾਣ ਮਗਰੋਂ ਪਟਨਾ ਸਾਹਿਬ ਨੂੰ ਅਲਵਿਦਾ ਕਹਿਣ ਦੇ ਇਤਿਹਾਸਕ ਬਿਰਤਾਂਤ ਵਿਚ ਵੀ ਹਿਰਦਿਆਂ ’ਚ ਝਰਨਾਟਾਂ ਛੇੜ ਦੇਣ ਵਾਲੇ ਪ੍ਰਸੰਗ ਮਿਲਦੇ ਹਨ ਕਿਉਂ ਜੁ ਪਟਨੇ ਦੀਆਂ ਸਿੱਖ ਸੰਗਤਾਂ ਤੇ ਗੁਰੂ-ਘਰ ਦੇ ਸ਼ਰਧਾਵਾਨ ਬਾਲ-ਗੁਰੂ ਜੀ ਦੇ ਨੂਰਾਨੀ ਮੁਖੜੇ ਨੂੰ ਤੱਕ-ਤੱਕ ਵਾਰੇ ਬਲਿਹਾਰੇ ਜਾਂਦੇ ਰਹੇ ਸਨ ਤੇ ਉਨ੍ਹਾਂ ਲਈ ਇਹ ਵਿਛੋੜਾ ਅਸਹਿ ਸੀ। ਉਦਾਹਰਣ ਵਜੋਂ ਇਕੱਤ੍ਰਿਤ ਅਨੇਕਾਂ ਸ਼ਰਧਾਲੂਆਂ ’ਚੋਂ ਜਗਤ ਸੇਠ ਨਾਮਕ ਸ਼ਰਧਾਲੂ ਨੇ ਬੇਨਤੀ ਕੀਤੀ ਕਿ ਜਿਨ੍ਹਾਂ ਸ਼ਹਿਰਾਂ ਵਿਚ ਦੀ ਆਪ ਜੀ ਨੇ ਜਾਣਾ ਹੈ, ਉਨ੍ਹਾਂ ਵਿਚ ਮੇਰੇ ਮਕਾਨ ਤੇ ਕਰਿੰਦੇ ਹਨ, ਆਪ ਨੇ ਉਥੇ ਨਿਵਾਸ ਕਰਨਾ ਤੇ ਮੇਰੇ ਬੰਦਿਆਂ ਨੂੰ ਸੇਵਾ ਕਰਨ ਦਾ ਅਵਸਰ ਬਖਸ਼ਣਾ।
ਪਟਨਾ ਸਾਹਿਬ ਵਿਖੇ ਗੁਰੂ ਜੀ ਦੇ ਪ੍ਰਕਾਸ਼ ਦਾ ਇਲਹਾਮ ਠਸਕਾ ਜ਼ਿਲ੍ਹਾ ਕਰਨਾਲ ਦੇ ਭੀਖਣ ਸ਼ਾਹ ਸੱਯਦ ਜੀ ਨੂੰ ਹੋਇਆ ਤਾਂ ਪੀਰ ਹੋਰੀਂ ਤਤਕਾਲ ਪੰਜਾਬ ਤੋਂ ਚੱਲ ਕੇ ਪਟਨਾ ਸਾਹਿਬ ਪੁੱਜੇ ਤੇ ਬਾਲ-ਗੁਰੂ ਜੀ ਦੇ ਨੂਰਾਨੀ ਮੁਖੜੇ ਦੇ ਦਰਸ਼ਨ-ਦੀਦਾਰ ਕਰ, ਨਿਹਾਲ ਹੋਏ। ਪੀਰ ਜੀ ਵੱਲੋਂ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਪ੍ਰਤੀਕ ਦੋਨੋਂ ਕੁੱਜੀਆਂ ਪੇਸ਼ ਕੀਤੀਆਂ ਗਈਆਂ ਤਾਂ ਬਾਲ-ਗੁਰੂ ਜੀ ਨੇ ਦੋਨਾਂ ’ਤੇ ਹੱਥ ਰੱਖ ਕੇ ਉਨ੍ਹਾਂ ਨੂੰ ਤਸੱਲੀ ਬਖਸ਼ੀ ਕਿ ਉਹ ਹਿੰਦੂਆਂ ਮੁਸਲਮਾਨਾਂ ਦੋਨਾਂ ਦੇ ਸਾਂਝੇ ਹੋਣਗੇ ਅਤੇ ਉਨ੍ਹਾਂ ਦਾ ਆਪਸੀ ਭਾਈਚਾਰਾ ਮਜ਼ਬੂਤ ਕਰਨ ਵਾਸਤੇ ਇਤਿਹਾਸਕ ਯੋਗਦਾਨ ਪਾਉਣਗੇ।
ਬਾਲ-ਗੁਰੂ ਗੋਬਿੰਦ ਰਾਏ ਜੀ ਦੇ ਵਿਭਿੰਨ ਚੋਜਾਂ ਨਾਲ ਸੰਬੰਧਿਤ ਅਤੇ ਉਨ੍ਹਾਂ ਦੁਆਰਾ ਵਰਤੋਂ ’ਚ ਲਿਆਂਦੀਆਂ ਜਾਣ ਵਾਲੀਆਂ ਕਈ ਵਸਤਾਂ ਪਟਨਾ ਸਾਹਿਬ ਦੇ ਵੱਖ-ਵੱਖ ਪਾਵਨ ਗੁਰਦੁਆਰਾ ਸਾਹਿਬਾਨ ਵਿਖੇ ਸੰਭਾਲੀਆਂ ਹੋਈਆਂ ਹਨ ਜਿਨ੍ਹਾਂ ਦੇ ਦਰਸ਼ਨ ਕਰ ਸੰਗਤਾਂ ਖੁਸ਼ੀਆਂ ਨਾਲ ਝੋਲੀਆਂ ਭਰਦੀਆਂ ਹਨ।
ਐਸੇ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੇ ਅਵਸਰ ’ਤੇ ਗੁਰੂ ਜੀ ਦਾ ਅਗੰਮੀ ਬਾਲ-ਜੀਵਨ ਵਿਿਭੰਨ ਸ੍ਰੋਤਾਂ ਤੋਂ ਪੜ੍ਹਨਾ/ਸੁਣਨਾ ਸਾਡੀਆਂ ਖੁਸ਼ੀਆਂ ’ਚ ਅਸੀਮ ਵਾਧਾ ਕਰ ਸਕਦਾ ਹੈ। ਸਤਿਗੁਰਾਂ ਦਾ ਅਗੰਮੀ ਬਾਲ-ਜੀਵਨ ਸਿੱਖ ਪੰਥ ਦੀ ਬਾਲ-ਪਨੀਰੀ ਦੇ ਪੜ੍ਹਨ-ਸੁਣਨ-ਜਾਣਨ ਤੇ ਸਮਝਣ ਹਿਤ ਲਿਆਉਣਾ ਇਕ ਸਾਰਥਕ ਕਦਮ ਹੋ ਸਕਦਾ ਹੈ।
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009