ਭਗਤ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨਿੱਖੜਵਾਂ ਅੰਗ ਹੈ। ਇਸ ਦੀ ਉਪਯੋਗਤਾ ਨਾ ਸਿਰਫ ਇਸ ਕਰਕੇ ਹੈ ਕਿ ਇਹ ਸਮਾਜ ਦੇ ਬਹੁਤ ਨਿਤਾਣੇ ਪੁਰਖਾਂ ਨੂੰ ਰਾਜ ਸਿੰਘਾਸਨਾਂ ’ਤੇ ਬਿਰਾਜਮਾਨ ਅਤੇ ਉੱਚ-ਕੋਟੀ ਦੇ ਗਿਆਨੀ ਪੁਰਖਾਂ ਨਾਲ ਬਰਾਬਰਤਾ ਦਾ ਦਰਜਾ ਦਿਵਾਉਂਦੀ ਹੈ। ਬਲਕਿ ਉਨ੍ਹਾਂ ਦੇ ਰੱਬੀ ਅਨੁਭਵ ਕਰਕੇ ਪੂਜਨੀਕ ਦੈਵੀ ਪੁਰਖਾਂ ਦੀ ਕਤਾਰ ਵਿਚ ਖੜਾ ਕਰਦੀ ਹੈ। ਭਗਤ ਸਾਹਿਬਾਨ ਦੀ ਬਾਣੀ ਰਹੱਸਵਾਦ ਦਾ ਹੜ੍ਹ ਲਿਆਉਣ ਵਰਗਾ ਮਾਹੌਲ ਪੈਦਾ ਕਰਦੀ ਹੈ। ਇਸ ਹੜ੍ਹ ਦੇ ਕਲਾਵੇ ਵਿਚ ਆਉਣ ਵਾਲਾ ਕੋਈ ਵੀ ਜੀਵ ਰੱਬੀ ਅਨੁਭਵ ਦੀਆਂ ਸੂਖਮ ਜੁਗਤੀਆਂ ਤੋਂ ਜਾਣੂ ਹੋਏ ਬਿਨਾ ਕਿਵੇਂ ਰਹਿ ਸਕਦਾ ਹੈ। ਭਗਤ ਬਾਣੀ ਰੱਬੀ ਦਰਬਾਰ ਦੇ ਉਨ੍ਹਾਂ ਸੂਖਮ ਰਾਹਾਂ ਬਾਰੇ ਚੇਤਨਾ ਅਤੇ ਮਾਰਗ-ਦਰਸ਼ਨ ਕਰਦੀ ਹੈ, ਜਿਨ੍ਹਾਂ ਨੂੰ ਰਹੱਸਵਾਦ ਦੀ ਬੁਨਿਆਦ ਮੰਨਿਆ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਧੇਰੇ ਹੈ ਅਤੇ ਭਗਤ ਸਾਹਿਬਾਨ ਦੀ ਬਾਣੀ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਵੱਧ ਹੈ। ਭਗਤ ਸਾਹਿਬਾਨ ਦੀ ਬਾਣੀ ਦੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਤਰਤੀਬ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਪਹਿਲਾਂ, ਉਸ ਤੋਂ ਪਿੱਛੋਂ ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ, ਭਗਤ ਜੈਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ, ਭਗਤ ਧੰਨਾ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ, ਭਗਤ ਭੀਖਣ ਜੀ, ਭਗਤ ਸੂਰਦਾਸ ਜੀ ਅਤੇ ਭਗਤ ਸ਼ੇਖ ਫਰੀਦ ਜੀ ਦੀ ਬਾਣੀ ਆਉਂਦੀ ਹੈ। ਭਗਤ ਸਾਹਿਬਾਨ ਦੀ ਸਮਾਜ ਨੂੰ ਦੇਣ ਦੇ ਫਲਸਰੂਪ ਅੱਜ ਇਨ੍ਹਾਂ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਦਾ ਉੱਚਾ ਮਰਤਬਾ ਅਤੇ ਸਨਮਾਨਯੋਗ ਸਥਾਨ ਹੈ, ਪਰ ਇਨ੍ਹਾਂ ਮਹਾਂਪੁਰਸ਼ਾਂ ਦੇ ਜੀਵਨ-ਕਾਲਾਂ ਵਿਚ ਉੱਚ ਤੇ ਕੁਲੀਨ ਵਰਗਾਂ ਨੇ ਇਨ੍ਹਾਂ ਨੂੰ ਆਪਣੇ ਉਦੇਸ਼ ਤੋਂ ਭੜਕਾਉਣ ਅਤੇ ਅਪਮਾਨਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਭਗਤ ਨਾਮਦੇਵ ਜੀ ਨੂੰ ਅਖੌਤੀ ਨੀਵੀਂ ਜਾਤੀ ਨਾਲ ਸੰਬੰਧਿਤ ਹੋਣ ਕਾਰਨ ਮੰਦਰ ਵਿੱਚੋਂ ਕੱਢ ਦਿੱਤਾ ਗਿਆ, ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਨਾਲ ਵੀ ਲੋਕਾਂ ਦੁਆਰਾ ਬੁਰਾ ਵਿਹਾਰ ਕੀਤਾ ਗਿਆ। ਸ਼ਾਇਦ ਇਸੇ ਕਾਰਨ ਕਰਕੇ ਇਨ੍ਹਾਂ ਦੀ ਰਚਨਾ ਵਿਚ ਕ੍ਰਾਂਤੀਕਾਰੀ ਅੰਸ਼ ਮਿਲਦਾ ਹੈ। ਵਿਸ਼ੇਸ਼ ਕਰਕੇ ਭਗਤ ਨਾਮਦੇਵ ਜੀ ਅਤੇ ਭਗਤ ਕਬੀਰ ਜੀ ਦੀ ਰਚਨਾ ਵਿਚ ਤਾਂ ਇਹ ਭਰਪੂਰ ਮਾਤਰਾ ਵਿਚ ਵਿਦਮਾਨ ਹੈ। ਇਨ੍ਹਾਂ ਨੇ ਵੇਦ ਪੁਰਾਣਾਂ ਦੇ ਵਿਚਾਰਾਂ ਨੂੰ ਰੱਦ ਨਾ ਕਰ ਕੇ ਉਨ੍ਹਾਂ ਦੀ ਸਮਕਾਲੀ ਸਮੇਂ ਅਨੁਸਾਰ ਵਿਆਖਿਆ ਕੀਤੀ ਅਤੇ ਨਵੇਂ ਰੂਪ ਵਿਚ ਰੂਪਾਂਤਰਿਤ ਕਰ ਕੇ ਨਵਾਂ ਕਾਰਜ ਕੀਤਾ ਜੋ ਇਨ੍ਹਾਂ ਦੀ ਬਾਣੀ ਵਿੱਚੋਂ ਸਪੱਸ਼ਟ ਹੁੰਦਾ ਹੈ।
ਭਗਤ ਨਾਮਦੇਵ ਜੀ ਦੀ ਬਾਣੀ ਦਰਜੇ-ਬੰਦ ਸਮਾਜਿਕ ਪ੍ਰਬੰਧ ਵਿਰੁੱਧ ਇਕ ਵੰਗਾਰਵਾਂ ਦਲਿਤ ਉਚਾਰ ਹੈ। ਇਹ ਬਾਣੀ ਸੱਚੀ ਮਾਨਵਤਾ, ਬਰਾਬਰੀ, ਉੱਤਮ ਨੈਤਿਕਤਾ ਅਤੇ ਉੱਚੇ ਮਨੁੱਖੀ ਗੁਣਾਂ ਆਧਾਰਿਤ ਨਵੀਂ ਵਿਚਾਰਧਾਰਾ ਅਤੇ ਜ਼ਿੰਦਗੀ ਦੀ ਵੱਖਰੀ ਮਾਨਵ-ਹਿਤੈਸ਼ੀ ਉਸਾਰੀ ਕਰਨ ਦੀ ਚਾਹਵਾਨ ਹੈ। ਸਥਾਪਤੀ ਦੀ ਊੱਚ- ਨੀਚ ਦੀ ਧਾਰਨਾ ਦੀ ਭਗਤ ਨਾਮਦੇਵ ਜੀ ਦੀ ਬਾਣੀ ਕੱਟੜ੍ਹ ਵਿਰੋਧੀ ਹੈ। ਭਗਤ ਨਾਮਦੇਵ ਜੀ ਨੇ ਸਮਾਕਲੀ ਸਮੇਂ ਦੀ ਭੇਖ-ਪਖੰਡ ਭਰੀ ਸੋਚ ਦਾ ਖੰਡਨ ਕੀਤਾ ਅਤੇ ਲੋਕਾਂ ਨੂੰ ਨਵੀਂ ਜੀਵਨ-ਜਾਚ ਭਾਵ ਭੇਦ-ਭਾਵ ਰਹਿਤ ਜੀਵਨ ਜਿਊਣ ਦੀ ਪੇ੍ਰਰਨਾ ਦੇ ਕੇ ਸਰਬ-ਸਾਂਝੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਭਗਤ ਨਾਮਦੇਵ ਜੀ ਦੀ ਸ਼ਿਲਪ- ਵਿਧਾਨ ਪੱਖੋਂ ਵੀ ਦੇਣ ਮਹੱਤਵਪੂਰਨ ਹੈ। ਉਨ੍ਹਾਂ ਦੀ ਬਾਣੀ ਵਿਚ ਅਲੰਕਾਰਾਂ ਦਾ ਕਾਫੀ ਪ੍ਰਯੋਗ ਹੋਇਆ ਹੈ ਜੋ ਉਨ੍ਹਾਂ ਦੀ ਕਲਾ ਪ੍ਰਬੀਨਤਾ ਦੀ ਗਵਾਹੀ ਭਰਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵਯ ਦੀ ਸ਼ੋਭਾ ਵਧਾਵੇ” ਅਲੰਕਾਰ ਹੈ। ਅਲੰਕਾਰ ਕੇਵਲ ਬਾਣੀ ਦੀ ਸਜਾਵਟ ਵਾਸਤੇ ਹੀ ਨਹੀਂ ਹਨ, ਉਹ ਭਾਵ ਦੀ ਅਭਿਵਿਅਕਤੀ ਵਾਸਤੇ ਵਿਸ਼ੇਸ਼ ਦੁਆਰ ਹਨ, ਭਾਸ਼ਾ ਦੀ ਪੁਸ਼ਟੀ ਵਾਸਤੇ, ਰਾਗ ਦੀ ਪਰੀਪੂਰਣਾ ਵਾਸਤੇ ਆਵੱਸ਼ਕ ਉਪਾਦਨ ਹਨ। ਉਹ ਬਾਣੀ ਦੀ ਆਚਾਰ ਵਿਹਾਰ ਅਤੇ ਰੀਤੀ ਨੀਤੀ ਹਨ। ਤਿੰਨ ਸਥਿਤੀਆਂ ਵਿਚ ਤਿੰਨ ਸਰੂਪ, ਤਿੰਨ ਅਵਸਥਾਵਾਂ ਦੇ ਤਿੰਨ ਚਿਤ੍ਰ ਹਨ।3 ਅਲੰਕਾਰਾਂ ਦੀ ਕੋਈ ਸੀਮਾ ਨਿਰਧਾਰਿਤ ਨਹੀਂ ਕੀਤੀ ਜਾਂ ਸਮੇਂ ਸਮੇਂ ਇਨ੍ਹਾਂ ਦੀ ਗਿਣਤੀ ਵਧਦੀ-ਘਟਦੀ ਰਹੀ ਹੈ। ਮੋਟੇ ਤੌਰ ’ਤੇ ਅਲੰਕਾਰਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ। ਸ਼ਬਦ ਅਲੰਕਾਰ ਉਹ ਅਲੰਕਾਰ ਜਿਹੜੇ ਖਾਲੀ ਸ਼ਬਦ ਉੱਤੇ ਹੀ ਨਿਰਭਰ ਹਨ, ਉਸ ਖਾਸ ਸ਼ਬਦ ਦੇ ਹਟਾਏ ਜਾਣ ਜਾਂ ਬਦਲੇ ਜਾਣ ਉਪਰੰਤ ਉਹ ਅਲੰਕਾਰ ਖਤਮ ਹੋ ਜਾਂਦਾ ਹੈ। ਅਰਥ ਅਲੰਕਾਰ ਅਰਥਾਂ ਉੱਤੇ ਟਿਕੇ ਰਹਿੰਦੇ ਹਨ। ਸ਼ਬਦਾਰਥ ਅਲੰਕਾਰ ਦਾ ਸੰਬੰਧ ਸ਼ਬਦਾਂ ਅਤੇ ਅਰਥ ਦੋਹਾਂ ਨਾਲ ਰਹਿੰਦਾ ਹੈ। ਭਗਤ ਨਾਮਦੇਵ ਜੀ ਦੀ ਬਾਣੀ ਵਿਚ ਵਿਚਾਰਾਂ ਦੇ ਤੀਖਣ ਪ੍ਰਗਟਾਓ ਲਈ ਵੰਨ-ਸੁਵੰਨੇ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ:-
ਅਨੁਪ੍ਰਾਸ:- ਇਹ ਸ਼ਬਦ ਅਲੰਕਾਰ ਹੈ, ਜਿੱਥੇ ਅੱਖਰਾਂ ਦੀ ਅਰਥਾਤ ਵਿਅੰਜਨਾ ਦੀ ਸਮਾਨਤਾ ਹੋਵੇ। ਭਾਵੇਂ ਸਵਰਾਂ ਦੀ ਸਮਾਨਤਾ ਹੋਵੇ ਜਾਂ ਨਾ ਉੱਥੇ ਅਨੁਪ੍ਰਾਸ ਅਲੰਕਾਰ ਹੁੰਦਾ ਹੈ।
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ॥
ਪਤਿਤ ਪਵਿਤ ਭਏ ਰਾਮੁ ਕਹਤ ਹੀ॥1॥ਰਹਾਉ॥ (ਪੰਨਾ 718)
ਛੇਕਾਨੁਪ੍ਰਾਸ:- ਜੇ ਇੱਕੋ ਅੱਖਰ ਪਦਾਂ ਦੇ ਆਦਿ ਅਤੇ ਮੱਧ ਅਨੇਕ ਵਾਰ ਪਦਾਂ ਦੇ ਆਵੇ, ਤਦ ਛੇਕਾਲੰਕਾਰ ਹੈ।4 ਇਹ ਅਲੰਕਾਰ ਚੇਤਨਾ ਦਾ ਹੀ ਇਕ ਭੇਦ ਹੈ।
-ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ॥ (ਪੰਨਾ 693)
-ਪਹਿਲ ਪੁਰੀਏ ਪੁੰਡਰਕ ਵਨਾ॥ (ਪੰਨਾ 693)
-ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ॥ (ਪੰਨਾ 1351)
ਵੀਪਸਾ: ਜਿੱਥੇ ਆਦਰ, ਘ੍ਰਿਣਾ, ਆਦਿ ਕਿਸੇ ਆਕਸਮਿਕ ਭਾਵ ਨੂੰ ਪ੍ਰਭਾਵਿਤ ਕਰਨ ਲਈ ਸ਼ਬਦਾਂ ਦੀ ਆਵ੍ਰਿਤੀ ਕੀਤੀ ਜਾਵੇ ਉੱਥੇ ਇਹ ਅਲੰਕਾਰ ਹੁੰਦਾ ਹੈ।
-ਸਤਿ ਸਤਿ ਸਤਿ ਸਤਿ ਸਤਿ ਗੁਰਦੇਵ॥
ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ॥1॥ਰਹਾਉ॥ (ਪੰਨਾ 1166)
-ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ॥ (ਪੰਨਾ 1164)
ਵ੍ਰਿਤਿਆਨੁਪ੍ਰਾਸਾਲੰਕਾਰ:- ਇੱਕੋ ਅੱਖਰ ਜੇ ਅਨੇਕ ਵਾਰ ਪਦਾਂ ਦੇ ਅੰਤ ਆਵੇ ਅਤੇ ਪਦਾਂ ਦਾ ਵਚਨ ਸਮਾਨ ਹੋਵੇ ਤਾਂ ਵ੍ਰਿਤਿਆਨੁਪ੍ਰਸਾਲੰਕਾਰ ਹੁੰਦਾ ਹੈ। ਇਹ ਅਲੰਕਾਰ ਵੀ ਅਨੁਪ੍ਰਾਸ ਅਲੰਕਾਰ ਦੀ ਇਕ ਵੰਨਗੀ ਹੈ। ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਇਸ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ:
-ਅਸਗਾ ਅਸ ਉਸਗਾ॥
ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ॥1॥ਰਹਾਉ॥ (ਪੰਨਾ 693)
-ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ॥ (ਪੰਨਾ 694)
ਉਪਮਾ: ਇਹ ਅਰਥ ਅਲੰਕਾਰ ਹੈ। ਇਹ ਉਹ ਅਲੰਕਾਰ ਹੈ ਜਿੱਥੇ ਉਪਮਾਉਣ ਯੋਗ ਵਸਤੂ ਅਤੇ ਉਪਮਾਨ ਵਿਚਕਾਰ, ਉਨ੍ਹਾਂ ਵਿਚ ਫਰਕ ਹੋਣ ਤੇ ਵੀ, ਕਿਸੇ ਸਮਾਨ ਧਰਮ ਦੇ ਕਾਰਨ ਸਮਾਨਤਾ ਦਰਸਾਈ ਜਾਂਦੀ ਹੈ। ਉਪਮਾ ਅਲੰਕਾਰ ਵਿਚ ਚਾਰ ਅੰਗ ਉਪਮਾਨ, ਉਪਮੇਯ, ਧਰਮ ਅਤੇ ਵਾਚਕ ਹੁੰਦੇ ਹਨ:
-ਜਲ ਭੀਤਰਿ ਕੁੰਭ ਸਮਾਨਿਆ॥ ਸਭ ਰਾਮੁ ਏਕੁ ਕਰਿ ਜਾਨਿਆ॥ (ਪੰਨਾ 657)
-ਜੈਸੀ ਭੂਖੇ ਪ੍ਰੀਤਿ ਅਨਾਜ॥ ਤ੍ਰਿਖਾਵੰਤ ਜਲ ਸੇਤੀ ਕਾਜ॥
ਜੈਸੀ ਮੂੜ ਕੁਟੰਬ ਪਰਾਇਣ॥ ਐਸੀ ਨਾਮੇ ਪ੍ਰੀਤਿ ਨਰਾਇਣ॥ (ਪੰਨਾ 1164)
-ਜੈਸੀ ਪਰ ਪੁਰਖਾ ਰਤ ਨਾਰੀ॥ ਲੋਭੀ ਨਰੁ ਧਨ ਕਾ ਹਿਤਕਾਰੀ॥
ਕਾਮੀ ਪੁਰਖ ਕਾਮਨੀ ਪਿਆਰੀ॥ ਐਸੀ ਨਾਮੇ ਪ੍ਰੀਤਿ ਮੁਰਾਰੀ॥ (ਪੰਨਾ 1164)
ਰੂਪਕ:- ਉਪਮਾ ਅਤੇ ਉਪਮੇਯ ਇੱਕੋ ਹੀ ਰੂਪ ਹੋਣ ਅਰਥਾਤ ਦੋਹਾਂ ਦੀ ਸਮਾਨਤਾ ਦਿਖਾਈ ਜਾਵੇ ਉੱਥੇ ਰੂਪਕ ਅਲੰਕਾਰ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਚਰਚਾ ਅਧੀਨ ਵਸਤੂ ਨੂੰ ਕਿਸੇ ਹੋਰ ਵਸਤੂ ਦਾ ਰੂਪ ਹੀ ਤਸੱਵਰ ਕਰ ਲਿਆ ਜਾਵੇ। ਭਗਤ ਨਾਮਦੇਵ ਜੀ ਦੀ ਬਾਣੀ ਵਿਚ ਇਸ ਦੀਆਂ ਉਦਾਹਰਨਾਂ ਇਸ ਪ੍ਰਕਾਰ ਹਨ:
-ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ॥
ਮਪਿ ਮਪਿ ਕਾਟਉ ਜਮ ਕੀ ਫਾਸੀ॥ (ਪੰਨਾ 485)
-ਸੁਇਨੇ ਕੀ ਸੂਈ ਰੁਪੇ ਕਾ ਧਾਗਾ॥
ਨਾਮੇ ਕਾ ਚਿਤੁ ਹਰਿ ਸਉ ਲਾਗਾ॥ (ਪੰਨਾ 485)
ਉਲੇਖ:- ਇਕ ਹੀ ਵਸਤੂ ਨੂੰ ਕਈ ਲੋਕ ਆਪਣੀ ਆਪਣੀ ਭਾਵਨਾ ਅਨੁਸਾਰ ਜੋ ਵੱਖਰੇ-ਵੱਖਰੇ ਰੂਪ ਕਲਪਣ ਤਦ ਉਲੇਖ ਅਲੰਕਾਰ ਹੁੰਦਾ ਹੈ। ਜਿਵੇਂ:
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥1॥ਰਹਾਉ॥
ਕਰੀਮਾਂ ਰਹੀਮਾਂ ਅਲਾਹ ਤੂ ਗਨੀਂ॥
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ॥1॥
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ॥
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ॥2॥
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ॥
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ॥3॥1॥2॥ (ਪੰਨਾ 727)
ਇੱਥੇ ਪਰਮਾਤਮਾ ਦੇ ਅਨੇਕਾਂ ਰੂਪਾਂ ਦਾ ਵਰਣਨ ਕੀਤਾ ਗਿਆ ਹੈ।
ਦ੍ਰਿਸ਼ਟਾਂਤ:- ਜਦੋਂ ਕਿਸੇ ਵਸਤੂ ਦਾ ਪੂਰਾ ਗਿਆਨ ਕਰਵਾਉਣ ਲਈ ਕਿਸੇ ਸਮਾਨ ਧਰਮ ਵਾਲੀ ਵਸਤੂ ਦੀ ਮਿਸਾਲ ਦਿੱਤੀ ਜਾਵੇ, ਉੱਥੇ ਦ੍ਰਿਸ਼ਟਾਂਤ ਅਲੰਕਾਰ ਹੁੰਦਾ ਹੈ। ਭਗਤ ਨਾਮਦੇਵ ਜੀ ਨੇ ਵੱਖ-ਵੱਖ ਦ੍ਰਿਸ਼ਟਾਂਤ ਵਰਤ ਕੇ ‘ਬੀਠਲ’ (ਪਰਮਾਤਮਾ) ਪ੍ਰਤੀ ਆਪਣਾ ਪੇ੍ਰਮ ਵਿਅਕਤ ਕੀਤਾ ਹੈ:
-ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥
ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ॥
ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥
ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ॥
ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ॥ (ਪੰਨਾ 693)
-ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ॥
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ॥ (ਪੰਨਾ 693)
ਇਨ੍ਹਾਂ ਤੁਕਾਂ ਵਿਚ ਪਹਿਲੀ ਪੰਕਤੀ ਦ੍ਰਿਸ਼ਟਾਂਤ ਅਰਥਾਤ ਉਦਾਹਰਨ ਹੈ, ਜਿਸ ਦਾ ਪ੍ਰਤਿਬਿੰਬ ਹਰ ਦੂਜੀ ਪੰਕਤੀ ਵਿਚ ਪੈਂਦਾ ਹੈ।
ਵਿਰੋਧਮੂਲਕ: ਇਸ ਨੂੰ ਵਿਰੋਧਾਭਾਸ ਵੀ ਕਹਿੰਦੇ ਹਨ। ਜਿੱਥੇ ਯਥਾਰਥ ਵਿਚ ਵਿਰੋਧ ਨਾ ਹੋ ਕੇ ਵਿਰੋਧ ਦੇ ਆਭਾਸ ਦਾ ਵਰਣਨ ਹੋਵੇ ਉੱਥੇ ਇਹ ਅਲੰਕਾਰ ਹੁੰਦਾ ਹੈ। ਭਗਤ ਨਾਮਦੇਵ ਜੀ ਦੀ ਬਾਣੀ ਵਿਚ ਇਸ ਅਲੰਕਾਰ ਦਾ ਵਰਣਨ ਮਿਲਦਾ ਹੈ:
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ॥ (ਪੰਨਾ 1252)
ਵਿਭਾਵਨਾ:- ਕਾਰਨ ਦੇ ਨਾ ਕਹਿਣ ਉੱਤੇ ਵੀ ਕਾਰਜ ਦੀ ਉਤਪਤੀ ਕਹਾਣੀ ‘ਵਿਭਾਵਨਾ’ ਅਲੰਕਾਰ ਹੈ। ਉਦਾਹਰਨ ਇਸ ਪ੍ਰਕਾਰ ਹੈ:
ਅਣਮੜਿਆ ਮੰਦਲੁ ਬਾਜੈ॥
ਬਿਨੁ ਸਾਵਣ ਘਨਹਰੁ ਗਾਜੈ॥
ਬਾਦਲ ਬਿਨੁ ਬਰਖਾ ਹੋਈ॥
ਜਉ ਤਤੁ ਬਿਚਾਰੈ ਕੋਈ॥ (ਪੰਨਾ 657)
ਦੀਪਕ:- ਸਦ੍ਰਿਸ਼ਟਤਾ ਮੂਲ਼ਕ ਅਰਥ ਅਲੰਕਾਰ, ਜਿਸ ਵਿਚ ਉਪਮੇਯ ਅਤੇ ਉਪਮਾਨ ਦਾ ਇਕ ਧਰਮ ਕਥਨ ਕੀਤਾ ਜਾਏ। ਇਸ ਅਲੰਕਾਰ ਦੀ ਕਲਪਨਾ ਦੀਪਕ ਨਿਆਇ ਦੀਆਂ ਲੀਹਾਂ ’ਤੇ ਕੀਤੀ ਗਈ ਹੈ। ਦੀਪਕ ਆਪਣੀਆਂ ਆਸ-ਪਾਸ ਵਸਤੂਆਂ ਨੂੰ ਪ੍ਰਕਾਸ਼ਿਤ ਕਰਦਾ ਹੈ। ਇਸੇ ਤਰ੍ਹਾਂ ਦੀਪਕ ਅਲੰਕਾਰ ਵਿਚ ਵੀ ਇਕ ਧਰਮ ਉਪਮੇਯਾਂ ਅਤੇ ਉਪਮਾਨਾਂ ਨਾਲ ਸੰਬੰਧ ਰੱਖਦਾ ਹੈ। ਇਹ ਅਤਿਅੰਤ ਪ੍ਰਾਚੀਨ ਅਲੰਕਾਰ ਹੈ।10 ਭਗਤ ਨਾਮਦੇਵ ਜੀ ਦੀ ਬਾਣੀ ਵਿਚ ਇਸ ਦੀ ਉਦਾਹਰਨ ਵਾਚਦੇ ਹਾਂ:
ਆਪਹਿ ਗਾਵੈ ਆਪਹਿ ਨਾਚੈ ਆਪਿ ਬਜਾਵੈ ਤੂਰਾ॥
ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂ ਪੂਰਾ॥ (ਪੰਨਾ 1252)
ਵਕ੍ਰੋਕਤੀ: ਇਹ ਬਿਆਨ ਅਤੇ ਸ਼ੈਲੀ ਦਾ ਵਿਸ਼ੇਸ਼ ਅੰਦਾਜ਼ ਹੈ, ਗੱਲ ਨੂੰ ਇਉਂ ਵਲ ਪਾ ਕੇ ਕਹਿਣਾ ਕਿ ਅਰਥ ਹੋਰ ਨਿਕਲਣ ਪਰ ਹੋਣ ਪ੍ਰਭਾਵਸ਼ਾਲੀ।11 ਜਿਵੇਂ:
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ॥
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ॥ (ਪੰਨਾ 657)
ਕਾਵਿ ਲਿੰਗ: ਜਿੱਥੇ ਕਿਸੇ ਬਾਤ ਨੂੰ ਸਿੱਧ ਕਰਨ ਵਾਸਤੇ ਉਸ ਦਾ ਕਾਰਨ ਕਥਨ ਕੀਤਾ ਜਾਵੇ ਉੱਥੇ ਕਾਵਿ-ਲਿੰਗ ਅਲੰਕਾਰ ਹੁੰਦਾ ਹੈ। ਉਦਾਹਰਨ ਵਜੋਂ:
ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ॥
ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ॥
ਰਾਮ ਕੋਇ ਨ ਕਿਸ ਹੀ ਕੇਰਾ॥
ਜੈਸੇ ਤਰਵਰਿ ਪੰਖਿ ਬਸੇਰਾ॥1॥ਰਹਾਉ॥ (ਪੰਨਾ 973)
ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਭਗਤ ਨਾਮਦੇਵ ਜੀ ਦੀ ਸ਼ਿਲਪ ਵਿਧਾਨ ਪੱਖੋਂ ਅਧਿਆਤਮਿਕ ਸਾਹਿਤ ਨੂੰ ਮਹਤੱਵਪੂਰਨ ਦੇਣ ਹੈ। ਉਨ੍ਹਾਂ ਦੀ ਸ਼ਿਲਪ ਕਲਾ ਵਿਚ ਵੰਨ-ਸੁਵੰਨੇ ਅਲੰਕਾਰਾਂ ਦੀ ਵਰਤੋਂ ਸਹਿਜ ਸੁਭਾਵਕ ਰੂਪ ਵਿਚ ਹੋਈ ਹੈ, ਜੋ ਉਨ੍ਹਾਂ ਦੀ ਕਲਾ ਪ੍ਰਬੀਨਤਾ ਦੀ ਉੱਚਤਮ ਗਵਾਹੀ ਭਰਦੇ ਹਨ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ