ਸਾਡਾ ਇਕ ਲੋਕ-ਗੀਤ ਦੱਸਦਾ ਹੈ ਕਿ ‘ਤਿੰਨ ਰੰਗ ਨਹੀਂ ਲੱਭਣੇ, ਹੁਸਨ, ਜਵਾਨੀ, ਮਾਪੇ।’
ਇਨ੍ਹਾਂ ਵਿੱਚੋਂ ਦੋ ਰੰਗ ਹੁਸਨ ਅਤੇ ਜਵਾਨੀ ਦੀ ਗੱਲ ਕਦੇ ਫੇਰ ਕਰਾਂਗੇ, ਅੱਜ ਸਿਰਫ਼ ਤੀਜੇ ਰੰਗ, ਮਾਪਿਆਂ ਵੱਲ ਚੱਲਦੇ ਹਾਂ। ਸੋਚਦੀ ਹਾਂ, ਕਿੱਡੇ ਖੁਸ਼ਕਿਸਮਤ ਨੇ ਉਹ ਲੋਕ ਜਿਨ੍ਹਾਂ ਦੇ ਮਾਂ-ਪਿਉ ਜਿਊਂਦੇ ਨੇ। ਕਦੇ ਮੇਰੇ ਬਾਪੂ ਜੀ ਤੇ ਬੇਜੀ ਵੀ ਜਿਊਂਦੇ ਸਨ, ਪਰ ਉਨ੍ਹਾਂ ਦੇ ਜਿਊਂਦਿਆਂ ਕਦੇ ਖਿਆਲ ਹੀ ਨਹੀਂ ਸੀ ਆਇਆ ਕਿ ਇਕ ਦਿਨ ਇਹ ਨਹੀਂ ਹੋਣਗੇ।
ਮੇਰੇ ਇਕ ਨਾਵਲ ਦਾ ਨਾਮ ਹੈ, ‘ਰਿਣ ਪਿੱਤਰਾਂ ਦਾ’ ਪਰ ਮੇਰਾ ਬੇਟਾ ਹਮੇਸ਼ਾ ਆਖਦਾ ਹੈ, ‘ਰਿਣ ਪੁੱਤਰਾਂ ਦਾ’। ਪਹਿਲਾਂ ਮੈਂ ਉਸ ਦੀ ਇਸ ਗੱਲ ਉਪਰ ਹੱਸ ਛੱਡਦੀ ਸੀ ਪਰ ਹੁਣ ਲੱਗਦੈ ਸਾਡੇ ਸਮੇਂ ਦਾ ਇਹੋ ਸੱਚ ਹੈ ਕਿ ਅਸੀਂ ਪਿੱਤਰਾਂ ਦੇ ਰਿਣ ਨੂੰ ਭੁੱਲ ਕੇ ਬੱਚਿਆਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਾਂ। ਪਰ ਉਪਨਿਸ਼ਦਾਂ ਵਿਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਕਲਯੁੱਗ ਵਿਚ ਮਨੁੱਖ ਦੇ ਪਿਛਲੇ ਜਨਮਾਂ ਦੇ ਦੁਸ਼ਮਣ ਉਹਦੇ ਘਰ ਬੱਚੇ ਬਣ ਕੇ ਜੰਮਣਗੇ। ਮਤਲਬ ਹੈ ਤੁਹਾਨੂੰ ਸਭ ਤੋਂ ਵੱਧ ਦੁੱਖ ਤੁਹਾਡੇ ਬੱਚੇ ਹੀ ਦੇਣਗੇ।
ਕਿਉਂ? ਪਰ ਕਿਉਂ? ਇਸ ਲਈ ਕਿ ਬੱਚਿਆਂ ਦੇ ਸਾਹਮਣੇ ਮਾਪਿਆਂ ਨਾਲ ਵਿਵਹਾਰ ਦੇ ਅਸੀਂ ਹੀ ਤਾਂ ਮਾਡਲ ਹਾਂ। ਸਾਡੀ ਇਕ ਲੋਕ-ਕਥਾ ਦੱਸਦੀ ਹੈ ਕਿ ਇਕ ਪੁੱਤਰ ਆਪਣੇ ਬੁੱਢੇ ਬਾਪ ਨੂੰ ਬੇਲੋੜਾ ਸਮਝ ਕੇ ਇਕ ਰਾਤ ਖੂਹ ਵਿਚ ਸੁੱਟਣ ਤੁਰ ਪਿਆ। ਸੁੱਟਣ ਲੱਗਿਆ ਤਾਂ ਬਾਪ ਬੋਲਿਆ, “ਇਸ ਖੂਹ ਵਿਚ ਨਾ ਸੁੱਟ, ਇਥੇ ਮੈਂ ਆਪਣਾ ਬਾਪ ਸੁੱਟਿਆ ਸੀ।” ਅਗਲੇ ਖੂਹ ਕੋਲ ਪਹੁੰਚਿਆ ਤਾਂ ਬਜ਼ੁਰਗ ਨੇ ਆਖਿਆ, “ਇਥੇ ਵੀ ਨਾ ਸੁੱਟ ਇਥੇ ਮੇਰੇ ਬਾਪ ਨੇ ਆਪਣਾ ਬਾਪ ਸੁੱਟਿਆ ਸੀ।” ਇਸ ਤੋਂ ਅਗਲੇ ਖੂਹ ’ਤੇ ਗਏ ਤਾਂ ਉਹ ਬੋਲਿਆ, “ਨਾ ਇਥੇ ਵੀ ਨਾ ਸੁੱਟੀਂ, ਇਥੇ ਮੇਰੇ ਬਾਪ ਦੇ ਬਾਪ ਨੇ ਆਪਣਾ ਬਾਪ ਸੁੱਟਿਆ ਸੀ।” ਤੇ ਲੜਕੇ ਨੂੰ ਸਮਝ ਆ ਗਈ ਕਿ ਕੱਲ੍ਹ ਨੂੰ ਮੇਰਾ ਪੁੱਤਰ ਵੀ ਮੇਰੇ ਨਾਲ ਇਉਂ ਹੀ ਕਰੇਗਾ ਅਤੇ ਉਹ ਆਪਣੇ ਬਾਪ ਨੂੰ ਘਰ ਮੋੜ ਲਿਆਇਆ।
ਪਰ ਸਦੀਆਂ ਨੂੰ ਛਾਣ ਕੇ ਲੱਭੀਆਂ ਲੋਕ-ਵੇਦ ਦੀਆਂ ਅਜਿਹੀਆਂ ਆਇਤਾਂ ਵੱਲ ਹੁਣ ਸਾਡਾ ਧਿਆਨ ਹੀ ਕਿੱਥੇ ਜਾਂਦਾ ਹੈ? ਟੀ.ਵੀ. ਸਾਨੂੰ ਸੋਚਣ ਦਾ ਵਕਤ ਹੀ ਕਿੱਥੇ ਦਿੰਦਾ ਹੈ ਆਖਦੇ ਨੇ ਅਕਬਰ ਬਾਦਸ਼ਾਹ ਦੀ ਮਾਂ ਮਰੀ ਤਾਂ ਉਹ ਰੋਣ ਲੱਗ ਪਿਆ। ਕਿਸੇ ਨੇ ਆਖਿਆ, “ਬਾਦਸ਼ਾਹ! ਆਪ ਨੂੰ ਕਾਹਦਾ ਘਾਟਾ ਹੈ, ਆਪ ਕਿਉਂ ਰੋਂਦੇ ਹੋ?” ਤਾਂ ਅਕਬਰ ਨੇ ਆਖਿਆ, “ਮਾਂ ਤੋਂ ਮਗਰੋਂ ਮੈਨੂੰ ‘ਵੇ ਅਕਬਰਾ’ ਕਿਸੇ ਨੇ ਨਹੀਂ ਆਖਣਾ।” ਮਾਂ ਨੇ ਇਹ ਅਧਿਕਾਰ ਮੁਫਤ ਵਿਚ ਨਹੀਂ ਪ੍ਰਾਪਤ ਕੀਤਾ ਹੁੰਦਾ। ਮਾਂ ਹੀ ਹੈ ਜੋ ਆਪਣੇ ਖੂਨ ਨਾਲ ਸਿੰਜ ਕੇ ਇਕ ਬੀਜ ਤੋਂ ਤੁਹਾਨੂੰ ਬੱਚਾ ਬਣਾਉਂਦੀ ਹੈ। ਫਿਰ ਕੂੰਜਾਂ ਵਾਂਗ ਚੱਤੋ-ਪਹਿਰ ਉਸ ਵਿਚ ਧਿਆਨ ਰੱਖ ਕੇ ਉਸ ਨੂੰ ਉਡਾਰ ਕਰਦੀ ਹੈ। ਫਿਰ ਉਸ ਦੀ ਤੰਦਰੁਸਤੀ, ਉਸ ਦੀ ਸਲਾਮਤੀ, ਉਸ ਦੀ ਤਰੱਕੀ ਲਈ ਕੋਸ਼ਿਸ਼ ਹੀ ਨਹੀਂ ਕਰਦੀ, ਦੁਆਵਾਂ ਵੀ ਕਰਦੀ ਹੈ ਅਤੇ ਉਹ ਵੀ ਸਭ ਕੁਝ ਬਿਨਾਂ ਕੋਈ ਇਵਜ਼ਾਨਾ ਮੰਗਿਆਂ।
ਪਾਲ-ਪੋਸ ਕੇ ਜਦੋਂ ਬੂਟਾ ਫਲ ਦੇਣ ਜੋਗਾ ਹੋ ਜਾਂਦਾ ਹੈ ਤਾਂ ਬਿਗਾਨੀ ਕੁੜੀ ਵਿਆਹ ਲਿਆਉਂਦੀ ਹੈ ਤੇ ਆਪਣਾ ਪੁੱਤਰ ਉਸ ਦੇ ਹਵਾਲੇ ਕਰ ਦਿੰਦੀ ਹੈ। ਨਾਲ ਅਸੀਸਾਂ ਦਿੰਦੀ ਹੈ ਕਿ ‘ਦੁੱਧੀਂ ਨਹਾਵੇਂ, ਪੁੱਤੀਂ ਫਲੇਂ!’ ਬਿਗਾਨੀ ਧੀ ਆ ਕੇ ਸਮਝਦੀ ਹੈ ਕਿ ਇਹ ਮੇਰਾ ਪਤੀ ਹੈ ਤੇ ਉਹ ਭੁੱਲ ਜਾਂਦੀ ਹੈ ਕਿ ਪਤੀ ਹੋਣ ਤੋਂ ਪਹਿਲਾਂ ਇਹ ਕਿਸੇ ਦਾ ਪੁੱਤਰ ਸੀ।
ਵਹੁਟੀ, ਪਤੀ ਕੋਲ ਮਾਂ ਦੀਆਂ ਨਿੱਕੀਆਂ-ਮੋਟੀਆਂ, ਸੱਚੀਆਂ, ਝੂਠੀਆਂ ਸ਼ਿਕਾਇਤਾਂ ਲਗਾਉਂਦੀ ਰਹਿੰਦੀ ਹੈ। ਪੁੱਤਰ ਨੇ ਮਾਂ ਕੋਲੋਂ ਜਵਾਬ-ਤਲਬੀ ਤਾਂ ਕਰਨੀ ਨਹੀਂ ਹੁੰਦੀ। ਉਹ ਉਂਞ ਹੀ ਪਾਸਾ ਜਿਹਾ ਵੱਟ ਲੈਂਦਾ ਹੈ। ਮਾਂ ਨੂੰ ਬੁਰਾ ਲੱਗਦਾ ਹੈ ਤੇ ਕਈ ਵਾਰੀ ਗੁੱਸਾ ਵੀ ਆਉਂਦਾ ਹੈ।
ਇਸ ਦਾ ਇਲਾਜ ਵਹੁਟੀ ਆਪਣਾ ਅੱਡ ਘਰ ਬਣਾ ਕੇ ਰਹਿਣ ਵਿਚ ਲੱਭਦੀ ਹੈ। ਬੰਦੇ ਨੂੰ ਵਹੁਟੀ ਦੀ ਗੱਲ ਆਖਰ ਮੰਨਣੀ ਪੈਂਦੀ ਹੈ। ਮਾਂ-ਬਾਪ ਰੋਕਣਾ ਚਾਹੁੰਦੇ ਹਨ ਪਰ ਨਹੀਂ ਰੋਕ ਸਕਦੇ। ਮਗਰੋਂ ਤਾਂ ਮਾਂ-ਬਾਪ ਨੂੰ ਖ਼ਤ ਪਾਉਣਾ, ਫੋਨ ਕਰਨਾ, ਕੋਈ ਚੀਜ਼ ਭੇਜਣੀ, ਬਿਮਾਰੀ-ਠਮਾਰੀ ਵੇਲੇ ਪਤਾ ਲੈਣ ਚਲੇ ਜਾਣਾ ਜਾਂ ਕੋਲ ਲੈ ਆਉਣਾ; ਕੋਈ ਵੀ ਗੱਲ ਵਹੁਟੀ ਨੂੰ ਚੰਗੀ ਨਹੀਂ ਲੱਗਦੀ ਤੇ ਬੰਦਾ ਕਿਸੇ ਵੀ ਗੱਲੋਂ ਘਰ ਵਿਚ ਕਲੇਸ਼ ਨਹੀਂ ਪਾਉਣਾ ਚਾਹੁੰਦਾ। ਨਾਲੇ ਹੁਣ ਉਹ ਬੱਚਿਆਂ ਦਾ ਖਿਆਲ ਰੱਖੇ ਕਿ ਮਾਪਿਆਂ ਦਾ?
ਵਹੁਟੀ ਦੇਖਦੀ ਹੈ ਕਿ ਹੋਰ ਤਾਂ ਸਭ ਠੀਕ ਹੈ ਪਰ ਉਹਦਾ ਆਦਮੀ ਕਈ ਵਾਰੀ ਨਿੱਕੀ-ਨਿੱਕੀ ਗੱਲ ਤੋਂ ਖਿਝ ਜਾਂਦਾ ਹੈ, ਕਈ ਵਾਰੀ ਦੇਰ ਨਾਲ ਬਾਹਰੋਂ ਮੁੜਦਾ ਹੈ। ਸ਼ਰਾਬ ਵੀ ਆਮ ਹੀ ਪੀ ਲੈਂਦਾ ਹੈ, ਉਹ ਕੁਝ ਆਖੇ ਤਾਂ ਆਕੜ ਕੇ ਪੈਂਦਾ ਹੈ। ਉਹ ਨਹੀਂ ਸਮਝਦੀ ਕਿ ਆਦਮੀ ਤਾਂ ਦਰੱਖਤ ਵਾਂਗ ਹੁੰਦਾ ਹੈ। ਅਗਰ ਤੁਸੀਂ ਉਸ ਦੀ ਉਹ ਟਾਹਣੀ ਕੱਟ ਦਿਓਗੇ ਜੋ ਮਾਂ ਵੱਲ ਜਾਂਦੀ ਹੈ ਤੇ ਉਹ ਟਾਹਣੀ ਕੱਟ ਦਿਓਗੇ ਜੋ ਬਾਪ ਵੱਲ ਜਾਂਦੀ ਹੈ ਤਾਂ ਉਹ ਮਾਂ-ਬਾਪ ਤੋਂ ਦੂਰ ਤਾਂ ਹੋ ਜਾਵੇਗਾ ਪਰ ਟਾਹਣੀਆਂ ਕੱਟਣ ਨਾਲ ਜਿਹੜੇ ਜ਼ਖ਼ਮ ਹੋਣਗੇ, ਉਨ੍ਹਾਂ ਦੀ ਪੀੜ, ਉਨ੍ਹਾਂ ਦਾ ਦਰਦ ਜਦੋਂ ਉਸ ਨੂੰ ਔਖਿਆਂ ਕਰਨਗੇ ਤਾਂ ਉਸ ਦਾ ਘਰ, ਉਸ ਦੇ ਔਖੇ ਮਨ ਤੋਂ ਕਿਵੇਂ ਬਚੇਗਾ? ਇਸੇ ਤਰ੍ਹਾਂ ਮੋਹ-ਮਮਤਾ ਦੀਆਂ ਜਿੰਨੀਆਂ ਟਾਹਣੀਆਂ ਤੁਸੀਂ ਕੱਟੀ ਜਾਓਗੇ, ਓਨੇ ਹੀ ਜ਼ਖ਼ਮ ਬੰਦੇ ਦੇ ਲੱਗਦੇ ਜਾਣਗੇ। ਫਿਰ ਇਸ ਤਰ੍ਹਾਂ ਦੇ ਜ਼ਖ਼ਮੀ ਬੰਦੇ ਕੋਲੋਂ ਤੁਸੀਂ ਹਾਸੇ ਖੇੜੇ, ਸੁਖ-ਸ਼ਾਂਤੀ ਦੀ ਆਸ ਕਿਵੇਂ ਰੱਖ ਸਕਦੇ ਹੋ? ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਬੱਚੇ ਸਾਰਾ ਵੇਲਾ ਇਹ ਸਭ ਦੇਖ ਰਹੇ ਹੁੰਦੇ ਨੇ। ਇਹ ਸਭ ਕੁਝ ਉਨ੍ਹਾਂ ਦੇ ਮਨਾਂ ਉੱਪਰ ਛਪ ਰਿਹਾ ਹੁੰਦਾ ਹੈ।
ਲੋਕੀਂ ਆਖਦੇ ਨੇ ਕਿ ਮੇਰੇ ਨਾਵਲਾਂ ਵਿਚ ਧਰਤੀ ਵਰਗੀ, ਅੰਬਰ ਜਿੱਡੀ ਇਕ ਵੱਡੀ ਔਰਤ ਦਾ ਜ਼ਿਕਰ ਕਈ ਵਾਰੀ ਆਇਆ ਹੈ। ਇਹ ਸ਼ਾਇਦ ਇਸ ਲਈ ਹੈ ਕਿ ਮੇਰੀਆਂ ਦੋਵੇਂ ਮਾਵਾਂ, ਮੇਰੇ ਅਚੇਤ ਦਾ ਹਿੱਸਾ ਬਣ ਚੁੱਕੀਆਂ ਹਨ। ਜਦੋਂ ਬਾਪੂ ਜੀ ਗੁਜ਼ਰ ਗਏ ਸਨ, ਵੀਰਾ ਸਿਰਫ਼ ਛੇ ਸਾਲ ਦਾ ਸੀ ਤੇ ਤਾਇਆ, ਚਾਚਾ ਕੋਈ ਹੈ ਹੀ ਨਹੀਂ ਸੀ, ਉੱਪਰੋਂ ਸਕੂਲ ਪੜ੍ਹਦੀਆਂ ਪੰਜ ਧੀਆਂ, ਸਥਿਤੀ ਬੜੀ ਡਾਵਾਂਡੋਲ ਹੋ ਗਈ ਸੀ। ਲੋਕਾਂ ਨੇ ਹਰ ਤਰ੍ਹਾਂ ਡਰਾਉਣਾ ਸ਼ੁਰੂ ਕਰ ਦਿੱਤਾ ਸੀ। ਅਸੀਂ ਡਰਨ ਲੱਗ ਪਏ। ਉਦੋਂ ਬੇਜੀ ਨੇ ਆਖਿਆ, ‘ਮੈਂ ਰਾਤ ਨੂੰ ਜਦੋਂ ਕੀਰਤਨ ਸੋਹਿਲੇ ਦਾ ਪਾਠ ਕਰਦੀ ਹਾਂ ਤਾਂ ਆਪਣੇ ਘਰ ਦੇ ਆਲੇ-ਦੁਆਲੇ ਅਸਮਾਨ ਜਿੱਡੀ ਉੱਚੀ ਲੋਹੇ ਦੀ ਵਾੜ ਹੋ ਜਾਂਦੀ ਐ ਤੇ ਸਵੇਰੇ ਜਦੋਂ ਜਪੁਜੀ ਸਾਹਿਬ ਦਾ ਪਾਠ ਕਰਦੀ ਹਾਂ ਤਾਂ ਉਹ ਵਾੜ ਖੁੱਲ੍ਹਦੀ ਹੈ। ਸੋ ਬੇਫ਼ਿਕਰ ਹੋ ਕੇ ਸੌਂ ਜਾਇਆ ਕਰੋ। ਨਾਲ ਹੀ ਉਨ੍ਹਾਂ ਇਕ ਕਹਾਣੀ ਸੁਣਾਈ ਕਿ ਕਿਵੇਂ ਇਕ ਚੋਰ ਕਿਸੇ ਦੇ ਘਰ ਵੜ ਗਿਆ ਸੀ ਤੇ ਕੀਰਤਨ ਸੋਹਿਲੇ ਦੇ ਪਾਠ ਨਾਲ ਲੋਹੇ ਦੀ ਵਾੜ ਹੋਣ ਕਰਕੇ ਅੰਦਰ ਹੀ ਫਸ ਗਿਆ ਸੀ। ਇਸ ਤੋਂ ਮਗਰੋਂ ਸਾਨੂੰ ਸਭ ਨੂੰ ਯਕੀਨ ਹੋ ਗਿਆ ਕਿ ਬੇਜੀ ਦੇ ਪਾਠ ਕਰਨ ਨਾਲ ਨਾ ਸਿਰਫ ਰਾਤ ਨੂੰ ਸਗੋਂ ਦਿਨ ਵੇਲੇ ਵੀ ਸਾਡੇ ਸਾਰੇ ਜੀਆਂ ਦੇ ਆਲੇ-ਦੁਆਲੇ ਲੋਹੇ ਦੀ ਵਾੜ ਹੋ ਜਾਂਦੀ ਹੈ, ਜੋ ਲੋਕਾਂ ਨੂੰ ਭਾਵੇਂ ਨਹੀਂ ਦਿੱਸਦੀ ਪਰ ਕੋਈ ਸਾਡਾ ਨੁਕਸਾਨ ਨਹੀਂ ਕਰ ਸਕਦਾ। ਇਸ ਯਕੀਨ ਨੇ ਨਾ ਸਿਰਫ ਸਾਨੂੰ ਆਨੋਂ-ਤੂਫਾਨੋਂ ਬਚਾਈ ਰੱਖਿਆ ਸਗੋਂ ਰੱਬ ਵਿਚ ਭਰੋਸਾ ਵੀ ਕਾਇਮ ਕੀਤਾ। ਸੋ ਜਿਹੜੇ ਮਾਪੇ ਸਾਡੇ ਆਪੇ ਦਾ ਧੁਰਾ ਹੁੰਦੇ ਨੇ, ਜਿਨ੍ਹਾਂ ਨੇ ਨਾ ਸਿਰਫ ਜਨਮ ਦਿੱਤਾ ਹੁੰਦਾ ਹੈ ਸਗੋਂ ਧਰਮ-ਕਰਮ ਵੀ ਸਿਖਾਇਆ ਹੁੰਦਾ ਹੈ, ਉਨ੍ਹਾਂ ਨੂੰ ਆਖਰੀ ਉਮਰੇ ਭੁਲਾ ਦੇਣਾ ਜਾਂ ਤਿਆਗ ਦੇਣਾ ਸੱਭਿਆ ਲੋਕਾਂ ਦਾ ਕੰਮ ਨਹੀਂ ਬਣਦਾ।
ਮਾਪੇ ਸਿਰਫ ਹੱਡ-ਮਾਸ ਦੇ ਹੀ ਨਹੀਂ ਬਣੇ ਹੁੰਦੇ, ਉਹ ਧਰਮ, ਅਰਥ, ਕਾਮ, ਮੋਕਸ਼, ਜ਼ਿੰਦਗੀ ਦੀਆਂ ਸੰਚਾਲਕ ਸ਼ਕਤੀਆਂ ਦਾ ਤੱਤ-ਸਾਰ ਆਪਣੇ ਅੰਦਰ ਸੰਭਾਲੀ, ਆਪਣੇ ਨਾਲ ਲਿਆਂਦੇ ਮਨੁੱਖਤਾ ਦੇ ਵਿਕਾਸ ਦੇ ਇਤਿਹਾਸ ਰਾਹੀਂ, ਸਾਡੇ ਭਵਿੱਖ ਲਈ ਸਭਿਆਚਾਰਕ ਪਹਿਚਾਣ ਦੇ ਕੇ ਸਾਨੂੰ ਯਤੀਮ ਬਣ ਕੇ ਜਿਊਣ ਤੋਂ ਬਚਾਉਣ ਵਾਲੇ ਵੀ ਹੁੰਦੇ ਹਨ।
ਜਿਵੇਂ ਇਕ ਬੱਚਾ ਦੇਖਦਾ ਹੈ ਕਿ ਘਰ ਵਿਚ ਪਿਉ ਹੀ ਕਮਾ ਕੇ ਲਿਆਉਂਦਾ ਹੈ, ਉਹੀ ਸਭ ਤੋਂ ਬਲਵਾਨ ਹੈ, ਉਸੇ ਦਾ ਹੁਕਮ ਚੱਲਦਾ ਹੈ। ਪਰ ਇਕ ਦਿਨ ਕਮਜ਼ੋਰ ਜਿਹੇ ਬੁੱਢਾ, ਬੁੱਢੀ ਪਿੰਡ ਤੋਂ ਆਉਂਦੇ ਹਨ। ਕੱਪੜੇ ਵੀ ਉਨ੍ਹਾਂ ਮਾਮੂਲੀ ਜਿਹੇ ਪਾਏ ਹੁੰਦੇ ਹਨ। ਪਰ ਪਿਉ ਉੱਠ ਕੇ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹੈ, ਉਹ ਅਸੀਸਾਂ ਦਿੰਦੇ ਹਨ। ਉਹ ਦਾਦਾ-ਦਾਦੀ ਸਨ। ਬਿਨਾਂ ਸਮਝਾਇਆਂ ਬੱਚੇ ਨੂੰ ਸਮਝ ਆ ਜਾਂਦੀ ਹੈ ਕਿ ਪੈਸਾ, ਸਿਹਤ, ਰੋਅਬ ਇਨ੍ਹਾਂ ਤੋਂ ਵੀ ਵੱਧ ਜ਼ਰੂਰੀ ਕੁਝ ਹੋ ਸਕਦਾ ਹੈ ਤੇ ਉਹ ਹਨ ਰਿਸ਼ਤੇ ਤੇ ਸੰਸਾਰ ਵਿਚ ਜਿਹੜੀ ਚੀਜ਼ ਮੁੱਲ ਨਹੀਂ ਖਰੀਦੀ ਜਾ ਸਕਦੀ, ਉਹ ਹਨ ਅਸੀਸਾਂ।
ਅਸੀਂ ਭੁੱਲ ਹੀ ਗਏ ਹਾਂ ਕਿ ਇਨ੍ਹਾਂ ਮਾੜਿਆਂ ਵੇਲਿਆਂ ਵਿਚ ਸਾਨੂੰ ਸਾਰਿਆਂ ਨੂੰ ਹੀ ਅਸੀਸਾਂ ਦੀ ਬਹੁਤ ਲੋੜ ਹੈ। ਵਰ ਤੇ ਸਰਾਪ ਕੋਈ ਅਲੋਕਾਰ ਗੱਲਾਂ ਨਹੀਂ। ਉਹ ਅਸੀਸਾਂ ਤੇ ਬਦ-ਅਸੀਸਾਂ ਹੀ ਤਾਂ ਹੁੰਦੀਆਂ ਹਨ! ਅਸੀਂ ਬੇਸ਼ੱਕ ਕਿਸੇ ਗੱਲ ਦਾ ਹਿਸਾਬ ਨਾ ਰੱਖੀਏ ਪਰ ਕੁਦਰਤ ਜ਼ਰੂਰ ਰੱਖਦੀ ਹੈ।
ਸਾਡੀ ਪਿੰਡ ਵਾਲੀ ਹਵੇਲੀ ਸੁੰਨੀ, ਵੀਰਾਨ, ਢਹਿ-ਢੇਰੀ ਹੋ ਰਹੀ ਹੈ। ਬਾਪੂ ਜੀ ਮਗਰੋਂ ਕੌਣ ਉਸ ਦੀ ਸੰਭਾਲ ਕਰਦਾ? “ਇਸ ਘਰ ਦੀ ਇਹ ਦਸ਼ਾ ਕਿਉਂ”? ਮੈਂ ਕਦੇ ਬੇਜੀ ਨੂੰ ਪੁੱਛਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਇਹ ਘਰ ਢਾਹ ਕੇ ਬਣਾਇਆ ਸੀ ਤਾਂ ਤੇਰੇ ਦਾਦੇ ਨੇ ਨਾਲ ਲੱਗਦਾ ਦਰਜੀਆਂ ਦਾ ਘਰ ਵੀ ਖਰੀਦ ਲਿਆ ਸੀ ਤਾਂ ਜੋ ਕੰਧ ਸਿੱਧੀ ਕਰ ਕੇ ਘਰ ਹੋਰ ਖੁੱਲ੍ਹਾ ਕੀਤਾ ਜਾ ਸਕੇ। ਦਰਜੀਆਂ ਨੂੰ ਇਸ ਦੇ ਬਦਲੇ ਬਾਹਰਲੀ ਬੀਹੀ ਵਿਚ ਹੋਰ ਘਰ ਲੈ ਕੇ ਦਿੱਤਾ ਸੀ। ਘਰ ਵਾਲੇ ਤਾਂ ਖੁਸ਼ ਸਨ ਕਿ ਬਦਲੇ ਵਿਚ ਉਨ੍ਹਾਂ ਨੂੰ ਤਾਂ ਸਗੋਂ ਖੁੱਲ੍ਹਾ ਘਰ ਮਿਲ ਗਿਆ ਸੀ ਪਰ ਉਨ੍ਹਾਂ ਦੀ ਮਾਤਾ ਉਹ ਪੁਰਾਣਾ ਘਰ ਛੱਡਣਾ ਨਹੀਂ ਸੀ ਚਾਹੁੰਦੀ। ਉਸ ਘਰ ਵਿਚ ਉਹ ਵਿਆਹੀ ਆਈ ਸੀ। ਉਸੇ ਘਰ ਵਿਚ ਉਸ ਦੇ ਬੱਚੇ ਪੈਦਾ ਹੋਏ ਸਨ, ਉਸੇ ਘਰ ਵਿਚ ਮਰਨ ਵੇਲੇ ਪਤੀ ਉਸ ਨੂੰ ਛੱਡ ਕੇ ਮਰਿਆ ਸੀ। ਪਰ ਉਸ ਦੇ ਪੁੱਤ-ਪੋਤਰੇ ਉਸ ਨੂੰ ਮੱਲੋ-ਮੱਲੀ ਨਵੇਂ ਘਰ ਲੈ ਗਏ। ਪਰ ਜਾਣ ਤੋਂ ਪਹਿਲਾਂ ਉਸ ਨੇ ਪੱਲਾ ਅੱਡ ਕੇ ਸਭ ਦੇ ਸਾਹਮਣੇ ਹੀ ਰੋਂਦੀ ਨੇ ਆਖਿਆ, ‘ਸਰਦਾਰ ਹਜ਼ੂਰ ਸਿੰਆਂ, ਜਿਵੇਂ ਤੈਂ ਮੈਨੂੰ ਉਜਾੜਿਆ, ਤੇਰੀ ਆਸ ਉਲਾਦ ਉਮੇ ਉਜੜੀ ਫਿਰੇ!’ ਉਦੋਂ ਕਿਸੇ ਨੇ ਮਾਤਾ ਦੀ ਗੱਲ ਗੌਲੀ ਨਹੀਂ ਸੀ ਅਖੇ ਕਾਵਾਂ ਦੇ ਆਖਿਆਂ ਵੀ ਕਦੇ ਢੱਗੇ ਮਰਦੇ ਹੁੰਦੇ ਨੇ? ਪਰ ਓਹ ਵੇਲਾ ਤੇ ਆਹ ਵੇਲਾ, ਉਹ ਘਰ ਸੱਚੀਂ ਉਜੜ ਗਿਆ। ਬਾਪੂ ਜੀ ਅਣਿਆਈ ਮਰੇ, ਵੀਰਾ ਕੁਵੇਲੇ ਮਰਿਆ ਤੇ ਵੀਰੇ ਦਾ ਪੁੱਤਰ ਵੀ ਉਸੇ ਰਾਹ ਗਿਆ। ਇਕੋ ਇਕ ਬਚਿਆ ਘਰ ਦਾ ਪੁੱਤਰ ਅਮਰੀਕਾ ਚਲਿਆ ਗਿਆ ਹੈ। ਅਸੀਸਾਂ ਤੇ ਦੁਰ-ਅਸੀਸਾਂ ਕਰਮਗਤੀ ਦੀਆਂ ਸੂਚਕ ਹੁੰਦੀਆਂ ਹਨ। ਮੈਂ ਫਿਰ ਆਖਦੀ ਹਾਂ ਕਿ ਇਹ ਮੁੱਲ ਨਹੀਂ ਖਰੀਦੀਆਂ ਜਾ ਸਕਦੀਆਂ।
ਅਮੀਰ ਲੋਕ ਅੱਜਕਲ੍ਹ ਆਪਣੀਆਂ ਕੋਠੀਆਂ ਵਿਚ ਗੁਰੂ ਮਹਾਰਾਜ ਦਾ ਇਕ ਕਮਰਾ ਸਿਖਰ ’ਤੇ ਬਣਾ ਦਿੰਦੇ ਹਨ ਤੇ ਕਿਰਾਏ ਦਾ ਇਕ ਭਾਈ ਜੀ ਰੱਖ ਲੈਂਦੇ ਹਨ। ਉਹ ਨਿੱਤ ਆ ਕੇ ਥੋੜ੍ਹਾ-ਥੋੜ੍ਹਾ ਪਾਠ ਕਰਦਾ ਰਹਿੰਦਾ ਹੈ ਤੇ ਜਦੋਂ ਪਾਠ ਸੰਪੂਰਨ ਹੋ ਜਾਂਦਾ ਹੈ ਤਾਂ ਭੋਗ ਪਾ ਕੇ ਨਵਾਂ ਪਾਠ ਅਰੰਭ ਕਰ ਦਿੱਤਾ ਜਾਂਦਾ ਹੈ। ਭੋਗ ਵਾਲੇ ਦਿਨ ਘੜੀ ਦੋ ਘੜੀ ਘਰ ਵਾਲੇ ਵੀ ਉਥੇ ਪਹੁੰਚ ਜਾਂਦੇ ਹਨ ਤੇ ਸਮਝ ਲਿਆ ਜਾਂਦਾ ਹੈ ਕਿ ਇਸ ਭਜਨ ਦਾ ਫਲ ਘਰ ਵਾਲਿਆਂ ਨੂੰ ਪ੍ਰਾਪਤ ਹੁੰਦਾ ਰਹੇਗਾ। ਪਰ ਮੈਂ ਪੁੱਛਦੀ ਹਾਂ, ਕੀ ਪਾਠ ਵੀ ਮੁੱਲ ਖਰੀਦਿਆ ਜਾ ਸਕਦਾ ਹੈ? ਇਸ ਦੇ ਉਲਟ ਘਰ ਦੇ ਬਜ਼ੁਰਗ ਦੁਨੀਆਂਦਾਰੀ ਤੋਂ ਵਿਹਲੇ ਹੋ ਕੇ ਜਦੋਂ ਬਹੁਤਾ ਵੇਲਾ ਭਜਨ-ਪਾਠ ਵਿਚ ਲਾਉਂਦੇ ਹਨ ਤਾਂ ਉਹ ਆਪਣਾ ਅੱਗਾ ਸੁਆਰਨ ਦੇ ਨਾਲ-ਨਾਲ ਆਪਣੇ ਘਰ-ਪਰਵਾਰ ਦੀ ਸੁੱਖ ਵੀ ਮੰਗਦੇ ਹਨ। ਬੰਦਗੀ ਨਾਲ ਸ਼ੁੱਧ ਹੋਈ ਫਿਜ਼ਾ ਤੇ ਸ਼ੁੱਧ ਹਿਰਦੇ ਨਾਲ ਧੀਆਂ, ਪੁੱਤਰਾਂ, ਪੋਤੇ-ਪੋਤੀਆਂ ਦੀ ਖ਼ੈਰ ਮੰਗਦੇ, ਅਸੀਸਾਂ ਦਿੰਦੇ ਬਜ਼ੁਰਗ, ਸਿਰਫ ਰੋਟੀ-ਕੱਪੜੇ ਅਤੇ ਦੋ ਮਿੱਠੇ ਬੋਲਾਂ ਦੇ ਬਦਲੇ, ਮਹਿੰਗਾ ਨਹੀਂ ਇਹ ਸੌਦਾ।
ਆਮ ਕਰਕੇ ਘਰ ਦੀ ਮਾਲਕਣ ਨੂੰ ਸ਼ਿਕਾਇਤ ਹੁੰਦੀ ਹੈ ਕਿ ਬੁੜ੍ਹਾ-ਬੁੜ੍ਹੀ ਆਪਣੀਆਂ ਧੀਆਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਬੜਾ ਕੁਝ ਦਿੰਦੇ ਰਹਿੰਦੇ ਨੇ। ਬੱਚਿਆਂ ਲਈ ਲਿਆਂਦੇ ਫਲ, ਫਰੂਟਾਂ ਵੱਲ ਝਾਕਦੇ ਰਹਿੰਦੇ ਨੇ। ਉਹ ਘਰ ਦੀਆਂ ਗੱਲਾਂ ਵਿਚ ਬੇਲੋੜਾ ਦਖਲ ਦਿੰਦੇ ਰਹਿੰਦੇ ਨੇ। ਪਰ ਕਿੱਡੀਆਂ ਕੁ ਵੱਡੀਆਂ ਨੇ ਇਹ ਗੱਲਾਂ? ਸਿਆਣੇ ਆਖਦੇ ਨੇ ਤੱਤੇ ਪਾਣੀਆਂ ਨਾਲ ਘਰ ਨਹੀਂ ਸੜਦੇ ਹੁੰਦੇ।
ਇਹ ਨਿੱਕੀਆਂ-ਨਿੱਕੀਆਂ ਕਿਫਾਇਤਾਂ, ਨਿੱਕੇ-ਨਿੱਕੇ ਸਰਫੇ, ਨਿੱਕੀਆਂ-ਨਿੱਕੀਆਂ ਕਮੀਨਗੀਆਂ ਜੋ ਅਸੀਂ ਆਪਣੀਆਂ ਸਿਆਣਪਾਂ ਸਮਝ ਕੇ ਕਰਦੇ ਹਾਂ, ਮੋਹ ਦੀਆਂ ਅਜਿਹੀਆਂ ਤੰਦਾਂ ਤੋੜ ਜਾਂਦੇ ਨੇ ਕਿ ਫਿਰ ਦੁੱਖ-ਸੁੱਖ ਵਿਚ ਵੀ ਕਿਸੇ ਦੀ ਕਿਸੇ ਨੂੰ ਹਾਕ ਨਹੀਂ ਪਹੁੰਚਦੀ। ਫੇਰ ਇਹ ਘਾਟੇ ਪੁਸ਼ਤਾਂ ਤਕ ਦੇ ਵਿਗੋਚੇ ਬਣ ਜਾਂਦੇ ਹਨ। ਆਮ ਆਖਿਆ ਜਾਂਦਾ ਹੈ ਕਿ ਦਾਦਾ-ਦਾਦੀ, ਨਾਨਾ-ਨਾਨੀ ਬਹੁਤੇ ਲਾਡ-ਪਿਆਰ ਨਾਲ ਬੱਚਿਆਂ ਨੂੰ ਵਿਗਾੜ ਦਿੰਦੇ ਹਨ ਪਰ ਅਸੀਂ ਇਹ ਕਦੇ ਨਹੀਂ ਸੋਚਿਆ ਕਿ ਦਾਦਾ-ਦਾਦੀ, ਨਾਨਾ-ਨਾਨੀ ਇਨ੍ਹਾਂ ਜ਼ਾਲਮ ਸਮਿਆਂ ਵਿਚ ਬੱਚਿਆਂ ਦੀ ਪਨਾਹ ਵੀ ਤਾਂ ਹੁੰਦੇ ਹਨ! ਬੱਚਿਆਂ ਵਿਚ ਉਨ੍ਹਾਂ ਨੂੰ ਆਪਣਾ ਆਪਾ ਰਲ ਗਿਆ ਦਿੱਸਦੈ। ਬੱਚੇ ਜਿਨ੍ਹਾਂ ਨੇ ਉਨ੍ਹਾਂ ਦੇ ਮਰਨ ਮਗਰੋਂ ਵੀ ਉਨ੍ਹਾਂ ਦਾ ਨਾਂ ਜਿਊਂਦਾ ਰੱਖਣਾ ਹੈ, ਆਪਣੇ ਸਾਹਮਣੇ ਝਿੜਕੇ ਜਾਂਦੇ, ਮਾਰੇ ਜਾਂਦੇ ਉਹ ਕਿਵੇਂ ਜਰ ਲੈਣ? ਦਿਓ ਦੀ ਜਿਵੇਂ ਤੋਤੇ ਵਿਚ ਜਾਨ ਹੁੰਦੀ ਐ, ਉਨ੍ਹਾਂ ਦੀ ਜਾਨ ਵੀ ਤਾਂ ਇਨ੍ਹਾਂ ਨਿੱਕੀਆਂ-ਨਿੱਕੀਆਂ ਜਿੰਦਾਂ ਵਿਚ ਹੀ ਹੁੰਦੀ ਐ। ਉਨ੍ਹਾਂ ਦਾ ਲਾਡ-ਪਿਆਰ ਬੱਚਿਆਂ ਨੂੰ ਵਿਗਾੜਨ ਲਈ ਨਹੀਂ, ਉਨ੍ਹਾਂ ਨੂੰ ਤਕੜਿਆਂ ਕਰਨ ਲਈ ਹੁੰਦਾ ਹੈ। ਨਾਨੀਆਂ-ਦਾਦੀਆਂ ਤੋਂ ਸੁਣੀਆਂ ਕਥਾ-ਕਹਾਣੀਆਂ ਹੀ ਉਨ੍ਹਾਂ ਦਾ ਕੀਮਤੀ ਨੈਤਿਕ ਸਰਮਾਇਆ ਹੁੰਦਾ ਹੈ।
ਜੇ ਬਜ਼ੁਰਗ ਬੱਚੇ ਨੂੰ ਝਿੜਕਾਂ ਤੋਂ, ਮਾਰ ਤੋਂ ਬਚਾ ਲੈਂਦੇ ਨੇ ਤਾਂ ਇਹ ਘਰ ਦੀ ਮਾਲਕਣ ਦੀ ਹੱਤਕ ਨਹੀਂ। ਇਹ ਮਾਲਕਣ ਦੀ ਅਥਾਰਟੀ ਦੀ ਤੌਹੀਨ ਨਹੀਂ ਸਗੋਂ ਬੱਚੇ ਦੇ ਮਨ ਵਿਚ ਕਿਸੇ ਪਨਾਹ ਦਾ ਅਹਿਸਾਸ ਪੈਦਾ ਹੁੰਦਾ ਹੈ। ਦਿਓ ਦੇ ਪੰਜਿਆਂ ਵਿੱਚੋਂ ਕੋਈ ਪਰੀ ਮਾਂ ਬਚਾਉਂਦੀ ਦਿੱਸਦੀ ਹੈ। ਇਸ ਕਿਸਮ ਦੀ ਅਚੇਤ ਪਨਾਹ ਦੀ ਲੋੜ ਬੱਚਿਆਂ ਨੂੰ ਜ਼ਿੰਦਗੀ ਵਿਚ ਪਤਾ ਨਹੀਂ ਕਿੱਥੇ-ਕਿੱਥੇ ਪੈ ਜਾਵੇ! ਅੱਜਕਲ੍ਹ ਏਨੇ ਨੌਜਵਾਨ ਮੁੰਡੇ-ਕੁੜੀਆਂ ਆਤਮ-ਹੱਤਿਆ ਵੱਲ ਜੋ ਤੁਰ ਪਏ ਹਨ, ਇਸ ਦਾ ਇਹੀ ਕਾਰਨ ਹੈ ਕਿ ਔਖੀ ਘੜੀ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਲੱਭਦੀ। ਅੱਜ ਰੱਬ ਤੋਂ ਵੀ ਇਸ ਕਰਕੇ ਪਨਾਹ ਨਹੀਂ ਲੱਭਦੀ ਕਿਉਂਕਿ ਪਰਵਰਿਸ਼ ਵੇਲੇ ਅਸੀਂ ਰੱਬ ਨੂੰ ਲਾਂਭੇ ਰੱਖ ਦਿੱਤਾ ਹੈ। ਨਾ ਮਾਂ-ਬਾਪ ਪਨਾਹ ਦੇਣ ਜੋਗੇ ਹਨ, ਉਨ੍ਹਾਂ ਦੀਆਂ ਤਾਂ ਆਪਣੀਆਂ ਹੀ ਸਮੱਸਿਆਵਾਂ ਬਹੁਤ ਹੁੰਦੀਆਂ ਹਨ। ਸ਼ੁਕਰ ਕਰੋ ਜੇ ਘਰ ਵਿਚ ਬਜ਼ੁਰਗ ਮੌਜੂਦ ਨੇ!
ਨਾਨੀਆਂ, ਦਾਦੀਆਂ ਦੀਆਂ ਬਚਪਨ ਵਿਚ ਸੁਣਾਈਆਂ ਕਹਾਣੀਆਂ, ਯੁੱਧ ਦੀਆਂ, ਸਾਹਸ ਦੀਆਂ, ਚੰਗਿਆਈ ਦੀ ਬੁਰਿਆਈ ਉੱਪਰ ਜਿੱਤ ਦੀਆਂ, ਅੰਤ ਭਲੇ ਦੇ ਭਲੇ ਦੀਆਂ, ਪਤਾ ਨਹੀਂ ਅਚੇਤ ਵਿਚ ਕਿੱਥੇ ਸਾਂਭੀਆਂ ਰਹਿ ਜਾਂਦੀਆਂ ਨੇ ਤੇ ਉਹ ਸੰਕਟ ਦੀ ਘੜੀ ਆ ਬਾਂਹ ਫੜਦੀਆਂ ਨੇ। ਇਉਂ ਸੰਕਟ ਦੀ ਘੜੀ ਟਲ ਜਾਂਦੀ ਹੈ। ਪਰ ਅੱਜ ਬਜ਼ੁਰਗਾਂ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਨਹੀਂ ਸਮਝਦੇ। ਇਉਂ ਕਰ ਕੇ ਅਸੀਂ ਆਪਣੇ ਘਰ ਦਾ, ਆਪਣੀ ਆਸ ਉਲਾਦ ਦਾ ਨਾ-ਪੂਰਾ ਹੋ ਸਕਣ ਵਾਲਾ ਨੁਕਸਾਨ ਕਰਦੇ ਹਾਂ।
ਮੇਰੀ ਦਾਦੀ ਮੈਨੂੰ ਏਨਾ ਪਿਆਰ ਕਰਦੀ ਸੀ ਕਿ ਪੱਚੀ ਸਾਲਾਂ ਮਗਰੋਂ ਉਸ ਦੇ ਦੁੱਧ ਉਤਰ ਆਇਆ ਸੀ ਤੇ ਉਹ ਮੈਨੂੰ ਆਪਣਾ ਦੁੱਧ ਪਿਲਾ ਦਿੰਦੀ ਸੀ। ਇਹੋ ਜਿਹੀ ਮਮਤਾ ਦਾ ਬਦਲ ਕਿੱਥੋਂ ਲੱਭੋਗੇ?
ਜਿਵੇਂ ਦਰਖ਼ਤ ਨੂੰ ਕੱਟ ਕੇ ਅਸੀਂ ਨੁਕਸਾਨ ਦਰਖ਼ਤ ਦਾ ਹੀ ਨਹੀਂ ਕਰ ਰਹੇ ਹੁੰਦੇ ਸਗੋਂ ਦਰਖ਼ਤ ਦੀ ਅਣਹੋਂਦ ਕਾਰਨ ਆਪਣਾ ਉਸ ਨਾਲੋਂ ਕਿਤੇ ਵੱਧ ਨੁਕਸਾਨ ਕਰ ਰਹੇ ਹੁੰਦੇ ਹਾਂ। ਇਹੀ ਗੱਲ ਮਾਪਿਆਂ ਬਜ਼ੁਰਗਾਂ ਬਾਰੇ ਵੀ ਠੀਕ ਹੈ।
ਸਭ ਤੋਂ ਵੱਡੀ ਗੱਲ, ਉਨ੍ਹਾਂ ਦੇ ਬਹੁਤ ਥੋੜ੍ਹੇ ਵਰ੍ਹੇ ਹੀ ਤਾਂ ਬਚੇ ਹੁੰਦੇ ਨੇ, ਉਨ੍ਹਾਂ ਤੋਂ ਕੋਈ ਦੁਰਸੀਸ ਨਾ ਲਈਏ। ਉਨ੍ਹਾਂ ਦਾ ਆਖਰੀ ਸਮਾਂ ਉਦਾਸ ਨਾ ਕਰੀਏ।
ਕੋਈ ਕਿਧਰੇ ਏਡਾ ਘਾਟਾ ਨਹੀਂ ਪੈ ਚੱਲਿਆ! ਇਹ ਤਾਂ ਨਦੀ ਕਿਨਾਰੇ ਰੁੱਖੜੇ ਨੇ, ਪਤਾ ਨਹੀਂ ਕਿਸ ਛੱਲ ਨੇ, ਕਿਸ ਨੂੰ, ਕਦੋਂ ਰੋੜ੍ਹ ਕੇ ਲੈ ਜਾਣਾ ਹੈ!
ਕਈ ਲੋਕ ਆਖਦੇ ਨੇ, ਬੁੱਢੇ ਹੋ ਕੇ ਲੋਕ ਖਬਤੀ ਹੋ ਜਾਂਦੇ ਨੇ ਤੇ ਚਿੜਚਿੜੇ ਵੀ। ਚੰਗਾ-ਚੋਖਾ ਖਾਣ-ਪਹਿਨਣ ਲਈ ਚਾਹੁੰਦੇ ਨੇ ਤੇ ਉੱਪਰੋਂ ਗਾਲ੍ਹਾਂ ਦੇਈ ਜਾਣਗੇ। ਸਾਰਾ ਦਿਨ ਕੰਮ-ਧੰਦਾ ਕੋਈ ਕਰਨਾ ਨਹੀਂ ਤੇ ਨਿਗ੍ਹਾ ਹਰੇਕ ਗੱਲ ਕੰਨੀ ਰੱਖਣਗੇ। ਇਹ ਠੀਕ ਹੋ ਸਕਦਾ ਹੈ ਪਰ ਬੱਚਿਆਂ ਵਾਂਗ ਉਨ੍ਹਾਂ ਦਾ ਖਾਣ-ਪੀਣ ਦੀਆਂ ਚੀਜ਼ਾਂ ਲਈ ਮਨ ਕਰਦਾ ਹੈ। ਉਹ ਮਰਨਾ ਨਹੀਂ ਚਾਹੁੰਦੇ। ਉਨ੍ਹਾਂ ਦੀ ਹਰ ਗੱਲ ’ਤੇ ਸਲਾਹ ਜਦੋਂ ਦਖਲਅੰਦਾਜ਼ੀ ਸਮਝੀ ਜਾਂਦੀ ਹੈ ਤਾਂ ਉਹ ਤਰਲੋਮੱਛੀ ਹੁੰਦੇ ਹਨ। ਹਰ ਚੀਜ਼ ਬੱਚਿਆਂ ਲਈ ਆਖ ਕੇ ਜਦੋਂ ਅਸੀਂ ਉਨ੍ਹਾਂ ਨੂੰ ਵਿਸਾਰਦੇ ਹਾਂ ਤਾਂ ਉਹ ਬੇਵੱਸ ਹੋ ਜਾਂਦੇ ਹਨ। ਉਹ ਖਿਝਦੇ ਹਨ ਤੇ ਅਸੀਂ ਉਨ੍ਹਾਂ ਦੇ ਖਿਝਣ ਉੱਪਰ ਖਿਝਦੇ ਹਾਂ। ਇਉਂ ਇਹ ਚੱਕਰ ਉਨ੍ਹਾਂ ਨੂੰ ਹੋਰ ਤੋੜਦਾ ਹੈ ਤੇ ਨਿਰਾਸ਼ਾ ਵੱਲ ਧੱਕਦਾ ਹੈ। ਪਹਿਲਾਂ ਉਹ ਗ਼ਿਲਾ ਕਰਦੇ ਨੇ, ਫਿਰ ਖਿਝਦੇ ਨੇ, ਅਗਾਂਹ ਜਾ ਕੇ ਲੁਕ-ਛਿਪ ਕੇ ਰੋਂਦੇ ਨੇ ਤੇ ਅਖੀਰ ਬਿਮਾਰ ਪੈ ਜਾਂਦੇ ਨੇ। ਅਸੀਂ ਸੋਚਦੇ ਹਾਂ, ਆਖਰ ਇਨ੍ਹਾਂ ਨੂੰ ਔਖ ਹੀ ਕੀ ਹੈ? ਅੱਖਾਂ ਮਨ ਦੀਆਂ ਹੁੰਦੀਆਂ ਹਨ, ਤਨ ਲਈ ਤਾਂ ਉਨ੍ਹਾਂ ਨੂੰ ਚਾਹੀਦਾ ਹੀ ਬਹੁਤ ਥੋੜ੍ਹਾ ਹੁੰਦਾ ਹੈ। ਅਸਲ ਵਿਚ ਉਨ੍ਹਾਂ ਨੂੰ ਮਾਣ-ਸਤਿਕਾਰ ਤੇ ਆਪਣੇ ਬੱਚਿਆਂ ਦਾ ਪਿਆਰ ਚਾਹੀਦਾ ਹੁੰਦੈ। ਉਹ ਖੁਸ਼ੀ-ਖੁਸ਼ੀ ਮਰਨਾ ਚਾਹੁੰਦੇ ਹੁੰਦੇ ਨੇ ਅਤੇ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਵੀ ਸੁਖੀ ਦੇਖਣਾ ਚਾਹੁੰਦੇ ਹੁੰਦੇ ਨੇ। ਬਹੁਤ ਵੱਡੀਆਂ ਤਾਂ ਨਹੀਂ ਇਹ ਮੰਗਾਂ, ਜੋ ਪੂਰੀਆਂ ਨਾ ਕਰ ਸਕੀਏ।
ਪਰ ਯਾਦ ਰਹੇ, ਜਦੋਂ ਮੁੜ ਕਦੇ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਨੂੰ ਪੂਰੀਆਂ ਕਰਨ ਬਾਰੇ ਸੋਚਾਂਗੇ, ਉਹ ਜਾ ਚੁੱਕੇ ਹੋਣਗੇ। ਮੁੜ ਕੇ ਨਹੀਂ ਲੱਭਣੇ। ਉਨ੍ਹਾਂ ਦੀ ਕਰਮਗਤੀ ਤੇ ਕੁਦਰਤ ਦਾ ਹਿਸਾਬ-ਕਿਤਾਬ ਉਨ੍ਹਾਂ ਨੂੰ ਨਾ ਜਾਣੇ ਕਿਸ ਯੁੱਗ, ਕਿਸ ਧਰਤੀ ’ਤੇ ਜਾਂ ਕਿਸ ਜਗਤ ਵਿਚ ਲੈ ਜਾਣ! ਇਸੇ ਲਈ ਸਾਡਾ ਲੋਕ-ਗੀਤ ਆਖਦਾ ਹੈ, ‘ਤਿੰਨ ਰੰਗ ਨਹੀਂ ਲੱਭਣੇ, ਹੁਸਨ, ਜਵਾਨੀ, ਮਾਪੇ।’
ਇਸ ਤੋਂ ਪਹਿਲਾਂ ਕਿ ਅਸੀਂ ਖੁੰਝ ਜਾਈਏ, ਇਸ ਤੋਂ ਪਹਿਲਾਂ ਕਿ ਉਹ ਤੁਰ ਜਾਣ, ਇਸ ਤੋਂ ਪਹਿਲਾਂ ਕਿ ਉਹ ਗੁੰਮ-ਗੁਆਚ ਜਾਣ, ਇਸ ਤੋਂ ਪਹਿਲਾਂ ਕਿ ਪਛਤਾਵੇ ਤੋਂ ਬਿਨਾਂ ਸਾਡੇ ਪੱਲੇ ਕੁਝ ਨਾ ਰਹਿ ਜਾਵੇ, ਵਾਅਦਾ ਕਰੋ ਕਿ ਉਨ੍ਹਾਂ ਦੇ ਕੰਬਦੇ ਕਮਜ਼ੋਰ ਹੱਥ ਫੜ ਕੇ ਆਖੋਗੇ, “ਨਹੀਂ ਸਾਨੂੰ ਤੁਹਾਡੀ ਲੋੜ ਹੈ। ਤੁਹਾਡੀਆਂ ਨਸੀਹਤਾਂ ਦੀ ਵੀ ਤੇ ਤੁਹਾਡੀਆਂ ਝਿੜਕਾਂ ਦੀ ਵੀ। ਤੁਸੀਂ ਸਾਨੂੰ ਛੱਡ ਕੇ ਕਿਧਰੇ ਨਹੀਂ ਜਾ ਸਕਦੇ। ਰੱਬ ਕੋਲ ਵੀ ਨਹੀਂ। ਜੇ ਤੁਸੀਂ ਮੁੜ ਕੇ ਲੱਭਣੇ ਨਹੀਂ ਫਿਰ ਗੁਆਚਣ ਹੀ ਕਿਉਂ ਦੇਈਏ?”
ਲੇਖਕ ਬਾਰੇ
ਮਰਹੂਮ ਦਲੀਪ ਕੌਰ ਟਿਵਾਣਾ (4 ਮਈ 1935- 31 ਜਨਵਰੀ 2020) ਦਾ ਜਨਮ ਪਿੰਡ ਰੱਬੋਂ, ਲੁਧਿਆਣਾ ਵਿੱਚ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਗ੍ਰਹਿ ਵਿਖੇ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪੰਜਾਬੀ ਵਿੱਚ ਐਮ. ਏ. ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ. ਐਚ. ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਨ੍ਹਾਂ ਨੂੰ ਮਿਲੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਹਾਣੀ ਸੰਗ੍ਰਹਿ: ਕਿਸੇ ਦੀ ਧੀ, ਸਾਧਨਾ, ਯਾਤਰਾ, ਪ੍ਰਬਲ ਵਹਿਣ, ਵੈਰਾਗੇ ਨੈਣ, ਡਾਟਾਂ, ਤੂੰ ਭਰੀਂ ਹੁੰਗਾਰਾ, ਇੱਕ ਕੁੜੀ, ਤੇਰਾ ਕਮਰਾ ਮੇਰਾ ਕਮਰਾ; ਨਾਵਲ: ਅਗਨੀ-ਪ੍ਰੀਖਿਆ, ਏਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਵਿਦ-ਇਨ ਵਿਦ-ਆਊਟ, ਸਰਕੰਡਿਆਂ ਦੇ ਦੇਸ਼, ਧੁੱਪ ਛਾਂ ਤੇ ਰੁੱਖ, ਸਭੁ ਦੇਸੁ ਪਰਾਇਆ, ਹੇ ਰਾਮ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜ-ਚਾਲ, ਰਿਣ ਪਿਤਰਾਂ ਦਾ, ਐਰ-ਵੈਰ ਮਿਲਦਿਆਂ, ਲੰਘ ਗਏ ਦਰਿਆ, ਜਿਮੀ ਪੁਛੈ ਅਸਮਾਨ, ਕਥਾ ਕੁਕਨੂਸ ਦੀ, ਦੁਨੀ ਸੁਹਾਵਾ ਬਾਗੁ, ਕਥਾ ਕਹੋ ਉਰਵਸ਼ੀ; ਬੱਚਿਆਂ ਲਈ: ਪੰਜਾਂ ਵਿੱਚ ਪ੍ਰਮੇਸ਼ਰ, ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਹਨ ਅਤੇ ਆਪਣੀ ਸਵੈ-ਜੀਵਨੀ ਅਤੇ ਹੋਰ ਜੀਵਨੀਆਂ ਵੀ ਲਿਖੀਆਂ ਹਨ ।
- ਹੋਰ ਲੇਖ ਉਪਲੱਭਧ ਨਹੀਂ ਹਨ