editor@sikharchives.org
Flowers

ਤੁਰਦੇ ਜੋ ਕੰਡਿਆਂ ’ਤੇ ਫੁੱਲਾਂ ਦਾ ਖ਼ਾਬ ਲੈ ਕੇ

ਸਾਡੀ ਬਿਲਕੁਲ ਸਾਫ਼ ਸਮਝ ਹੈ ਕਿ ਜੇਕਰ ਇਕ ਪੜ੍ਹਿਆ-ਲਿਖਿਆ ਨੌਜਵਾਨ ਅਤੇ ਖਿਡਾਰੀ ਵੀ ਨਸ਼ਿਆਂ ਨੂੰ ਅਪਣਾਉਂਦਾ ਹੈ ਤਾਂ ਇਹਦੇ ਵਿਚ ਸਾਡੀਆਂ ਗ਼ੈਰ-ਵਿਗਿਆਨਕ ਸਿੱਖਿਆਵਾਂ ਅਤੇ ਖੇਡ
ਬੁੱਕਮਾਰਕ ਕਰੋ (1)

No account yet? Register

ਪੜਨ ਦਾ ਸਮਾਂ: 1 ਮਿੰਟ

ਮਰਹੂਮ ਸ਼ਾਇਰ ਸ਼ੌਕਤ ਢੰਡਿਆੜਵੀ ਜਿੱਥੇ ਕਮਾਲ ਦੇ ਸ਼ਾਇਰ ਸਨ, ਉਥੇ ਲਤੀਫ਼ੇਬਾਜ਼ ਵੀ ਕਮਾਲ ਦੇ ਹੀ ਸਨ। ਇਸ ਕਾਲਮ ਵਿਚ ਪਾਠਕ ਸ਼ੌਕਤ ਸਾਹਿਬ ਦੀ ਸ਼ਾਇਰੀ ਮਾਣ ਚੁੱਕੇ ਹਨ। ਅੱਜ ਭਾਵੇਂ ਅਸੀਂ ਉਨ੍ਹਾਂ ਦੇ ਲਤੀਫ਼ੇ ਤੋਂ ਗੱਲ ਸ਼ੁਰੂ ਕਰਨੀ ਹੈ ਪਰ ਪਹਿਲਾਂ ਉਨ੍ਹਾਂ ਦਾ ਇਹ ਸ਼ੇਅਰ ਵੀ ਹੋ ਜਾਵੇ:

ਤੁਰਦੇ ਜੋ ਕੰਡਿਆਂ ’ਤੇ ਫੁੱਲਾਂ ਦਾ ਖ਼ਾਬ ਲੈ
ਕੇ, ਮੁੜਦੇ ਨੇ ਦੋਸਤੋ ਉਹ ਸੂਹੇ ਗੁਲਾਬ ਲੈ ਕੇ।

ਸ਼ਾਇਰੀ ਦੇ ਗਗਨ ਵਿਚ ਉੱਡਦਿਆਂ ਕਦੇ ਵੀ ਸ਼ੌਕਤ ਸਾਹਿਬ ਦੇ ਪੈਰ ਆਪਣੀ ਜ਼ਮੀਨ ਤੋਂ ਨਹੀਂ ਸਨ ਉਖੜੇ। ਇਸੇ ਲਈ ਉਨ੍ਹਾਂ ਦੇ ਲਤੀਫ਼ਿਆਂ ਵਿਚ ਵੀ ਤਿੱਖੇ ਵਿਅੰਗ ਦੇ ਨਾਲ-ਨਾਲ ਕੋਈ ਨਾ ਕੋਈ ਸੁਨੇਹਾ ਹੋਇਆ ਕਰਦਾ ਸੀ। ਸ਼ੌਕਤ ਢੰਡਿਆੜਵੀ ਦੇ ਸਦਾ ਲਈ ਤੁਰ ਜਾਣ ਤੋਂ ਦੋ ਕੁ ਮਹੀਨੇ ਪਹਿਲਾਂ ਦੂਰਦਰਸ਼ਨ ਜਲੰਧਰ ਤੋਂ ਕੁਲਵਿੰਦਰ ਬੁੱਟਰ ਦਾ ਕਵੀ ਦਰਬਾਰ ਲਈ ਸੱਦਾ ਆਇਆ ਤਾਂ ਸ਼ੌਕਤ ਵੀ ਸਾਡੇ ਨਾਲ ਸਨ। ਉਹ ਕਾਵਿ-ਮਹਿਫ਼ਲ ਸ਼ੌਕਤ ਢੰਡਿਆੜਵੀ ਦੀ ਆਖ਼ਰੀ ਵਿਜ਼ੂਯਲ ਨਿਸ਼ਾਨੀ ਹੈ। ਉਸੇ ਦਿਨ ਸ਼ੌਕਤ ਨੇ ਲਤੀਫ਼ਾ ਸੁਣਾਇਆ:

ਸਿਗਰਟ ਪੀ ਰਹੇ ਬੰਦੇ ਨੂੰ ਦੇਖ ਤਲਬਗਾਰ ਹੋ ਦੂਸਰੇ ਬੰਦੇ ਨੇ ਬੜੇ ਅਦਬ ਨਾਲ ਕਿਹਾ, ‘ਭਾਈ ਸਾਹਿਬ ਤੁਹਾਡੇ ਕੋਲ ਮਾਚਿਸ ਹੋਏਗੀ?’

‘ਹਾਂ…ਹਾਂ, ਕਿਉਂ ਨਹੀਂ।’ ਸਿਗਰਟ ਪੀ ਰਹੇ ਬੰਦੇ ਨੇ ਜੇਬ ’ਚੋਂ ਮਾਚਿਸ ਕੱਢ ਕੇ ਫੜਾ ਦਿੱਤੀ। ਦੂਸਰੇ ਬੰਦੇ ਨੇ ਮਾਚਿਸ ਫੜੀ ਤੇ ਹੋਰ ਵੀ ਜ਼ਿਆਦਾ ਅਦਬ ਨਾਲ ਕਹਿਣ ਲੱਗਾ, ‘ਭਾਈ ਸਾਹਿਬ ਤੁਹਾਡੇ ਕੋਲ ਸਿਗਰਟ ਵੀ ਹੋਵੇਗੀ?’

ਹੁਣ ਇਸ ਲਤੀਫ਼ੇ ਵਿਚ ਬੇਹੱਦ ਮਹੀਨ ਤਰੀਕੇ ਨਾਲ ਮੰਗਣ ਦੀ ਸ਼ੈਲੀ ਪ੍ਰਸਤੁਤ ਕੀਤੀ ਗਈ ਹੈ। ਲਤੀਫ਼ੇ ਤੋਂ ਬਾਅਦ ਸ਼ੌਕਤ ਢੰਡਿਆੜਵੀ ਨੇ ਹੱਸਦਿਆਂ ਕਿਹਾ ਕਿ ਜੇ ਮੰਗਤਾ ਬਣਨਾ ਹੋਏ ਤਾਂ ਪਹਿਲਾਂ ਬੀੜੀ ਸਿਗਰਟ ਪੀਣੀ ਸ਼ੁਰੂ ਕਰ ਦਿਓ, ਮੰਗਣ ਦੀ ਜਾਚ ਆਪੇ ਆ ਜਾਂਦੀ ਹੈ। ਇਸ ਨਿੱਕੇ ਜਿਹੇ ਲਤੀਫ਼ੇ ਨੇ ਮੈਨੂੰ ਆਪਣੇ ਪਿੰਡ ਦੇ ਕੁਝ ਇਕ ਨੌਜਵਾਨਾਂ ਦੀ ਯਾਦ ਦੁਆ ਦਿੱਤੀ, ਜਿਹੜੇ ਸਾਡੇ ਨਾਲ ਹੀ ਪੜ੍ਹਦੇ, ਖੇਡਦੇ ਰਹੇ ਤੇ ਫਿਰ ਨਸ਼ਿਆਂ ਦੇ ਸੰਸਾਰ ਵਿਚ ਅਜਿਹੇ ਡਿੱਗੇ ਕਿ ਅਖ਼ੀਰ ਨੂੰ ਭਿਖਾਰੀ ਹੋ ਗਏ। ਬਹੁਤ ਤਕਲੀਫ਼ ਹੁੰਦੀ ਹੈ ਇਹ ਦੇਖ ਕੇ ਕਿ ਕਿਵੇਂ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਦੈਂਤ ਨੇ ਆਪਣੇ ਖ਼ੂਨੀ ਜਬਾੜਿਆਂ ਵਿਚ ਦਬੋਚ ਲਿਆ ਹੈ।

ਮੈਨੂੰ ਯਾਦ ਆਉਂਦਾ ਹੈ ਮੇਰੇ ਪਿੰਡ ਦੁਸਾਂਝ ਕਲਾਂ ਦਾ ਬਲਵਿੰਦਰ ਸਿੰਘ ਬਿੱਲਾ ਜਿਹਨੇ ਹਾਕੀ ਦੇ ਸੰਸਾਰ ਵਿਚ ਬੁਲੰਦੀਆਂ ਛੂਹਣੀਆਂ ਸਨ ਅੱਜ ਉਹ ਇਸ ਸੰਸਾਰ ਵਿਚ ਨਹੀਂ। ਮੈਂ ਜਦ ਵੀ ਪਿੰਡ ਜਾਣਾ, ਉਹਨੂੰ ਨਸ਼ੇ ਦੀ ਲੋਰ ਵਿਚ ਬੱਸ ਅੱਡੇ ’ਤੇ ਹੀ ਇਧਰ-ਉਧਰ ਘੁੰਮਦਿਆਂ ਦੇਖਣਾ। ਜਦੋਂ ਕਹਿਣਾ, ‘ਤੈਨੂੰ ਕੀ ਹੋ ਗਿਆ ਬਿੱਲੇ?’ ਉਹਨੇ ਹੱਸ ਛੱਡਣਾ। ਨਸ਼ੇ ਦੀ ਲੱਤ ਨੇ ਉਹਨੂੰ ਇਕ ਸਟਾਰ ਖਿਡਾਰੀ ਤੋਂ ਚੋਰ ਤਕ ਬਣਾ ਧਰਿਆ। ਫਿਰ ਇਕ ਦਿਨ ਪਿੰਡੋਂ ਫ਼ੋਨ ਆਇਆ ਕਿ ਬਿੱਲਾ ਪੂਰਾ ਹੋ ਗਿਐ। ਸਾਡੇ ਪਿੰਡ ਦੇ ਕੁਝ ਹੋਰ ਨੌਜਵਾਨ ਹਨ, ਜਿਨ੍ਹਾਂ ਨੂੰ ਕਦੋਂ ਨਸ਼ਿਆਂ ਦਾ ਦੈਂਤ ਪੂਰੀ ਤਰ੍ਹਾਂ ਨਿਗਲ ਜਾਵੇਗਾ, ਕੁਝ ਪਤਾ ਨਹੀਂ। ਪਰ ਕੀ ਇਹ ਸਿਰਫ਼ ਮੇਰੇ ਪਿੰਡ ਦੀ ਹੀ ਕਹਾਣੀ ਹੈ?

ਰੋਜ਼ ਆਪਣੇ ਆਲੇ-ਦੁਆਲੇ ਵਾਪਰਦੇ ਹਾਦਸਿਆਂ ਦੀ ਜੜ੍ਹ ਵਿਚ ਕਿਤੇ ਨਾ ਕਿਤੇ ਨਸ਼ੇ ਹੀ ਬੈਠੇ ਹੋਏ ਹਨ। ‘ਜਨਰੇਸ਼ਨ ਸੇਵੀਅਰ ਐਸੋਸੀਏਸ਼ਨ’ ਅਤੇ ‘ਬਚਪਨ’ ਵੱਲੋਂ ਆਇਆ ਤਾਜ਼ਾ ਸਰਵੇਖਣ ਤਾਂ ਹੋਰ ਵੀ ਹਿਲਾ ਦੇਣ ਵਾਲਾ ਹੈ। ਸਰਵੇਖਣ ਮੁਤਾਬਿਕ ਤੀਜੀ ਤੋਂ ਅਠਵੀਂ ਜਮਾਤ ਤਕ ਪੜ੍ਹਦੇ ਪੇਂਡੂ ਸਕੂਲਾਂ ਦੇ 44 ਫ਼ੀਸਦੀ ਬੱਚੇ ਬੀੜੀਆਂ, ਸਿਗਰਟਾਂ ਅਤੇ ਜਰਦੇ ਦੇ ਆਦੀ ਹੋ ਚੁੱਕੇ ਹਨ। ਇਹ ਇਕ ਸਰਵੇਖਣ ਹੈ। ਇਹਦੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਰਿਪੋਰਟਾਂ ਆ ਚੁੱਕੀਆਂ ਹਨ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਿਆਂ ਦੀਆਂ ਹਨੇਰੀਆਂ ਗਲੀਆਂ ਵਿਚ ਗੁਆਚਦੀ ਜਾ ਰਹੀ ਹੈ। ਪੇਂਡੂ ਖੇਤਰਾਂ ਵਿਚ ਭਾਵੇਂ ਬਹੁਤ ਹੱਦ ਤਕ ਹਾਲੇ ਵੀ ਰਵਾਇਤੀ ਨਸ਼ੇ ਭੰਗ, ਭੁੱਕੀ, ਪੋਸਤ, ਅਫੀਮ, ਸ਼ਰਾਬ ਆਦਿ ਹੀ ਹਨ ਪਰ ਸ਼ਹਿਰੀ ਖੇਤਰਾਂ ਅਤੇ ਪੰਜਾਬ ਦੇ ਦੁਆਬੇ ਇਲਾਕੇ ਵਿਚ ਨਸ਼ਿਆਂ ਦਾ ਬਿਲਕੁਲ ਆਧੁਨਿਕ ਨੈੱਟਵਰਕ ਪੂਰੀ ਤਰ੍ਹਾਂ ਫੈਲ ਚੁੱਕਾ ਹੈ। ਇਹ ਸਮੈਕ, ਹੈਰੋਇਨ ਅਤੇ ਮੈਡੀਕਲ ਸਟੋਰਾਂ ਤੋਂ ਬਿਨਾਂ ਰੋਕ-ਟੋਕ ਮਿਲਦੀਆਂ ਨਸ਼ੀਲੀਆਂ ਦਵਾਈਆਂ ਦਾ ਸੰਸਾਰ ਹੈ। ਰਵਾਇਤੀ ਨਸ਼ਿਆਂ ਦੇ ਆਦੀ ਤਾਂ ਭਾਵੇਂ ਕੁਝ ਸਾਲ ਕੱਢ ਹੀ ਜਾਂਦੇ ਹਨ ਪਰ ਸਮੈਕ, ਹੈਰੋਇਨ, ਨਸ਼ੀਲੀਆਂ ਦਵਾਈਆਂ ਅਤੇ ਟੀਕਿਆਂ ਵਾਲੇ ਆਧੁਨਿਕ ਅਮਲੀਆਂ ਦੇ ਸਾਹਾਂ ਦਾ ਤਾਂ ਪਤਾ ਹੀ ਨਹੀਂ ਕਦੋਂ ਟੁੱਟ ਜਾਣ!

ਨਸ਼ਿਆਂ ਦੇ ਲਗਾਤਾਰ ਵਧਦੇ ਜਾ ਰਹੇ ਇਸ ਨੈੱਟਵਰਕ ਬਾਰੇ ਪਾਠਕ ਜਾਣੂ ਹੀ ਹਨ, ਇਸ ਲਈ ਇਹਦੇ ਵਿਸਥਾਰ ਵਿਚ ਨਾ ਜਾਂਦਿਆਂ ਕੁਝ ਇਕ ਉਨ੍ਹਾਂ ਕਾਰਨਾਂ ਵੱਲ ਝਾਤ ਮਾਰਦੇ ਹਾਂ ਜਿਹੜੇ ਇਹਦੇ ਮੂਲ ਵਿਚ ਬੈਠੇ ਹੋਏ ਹਨ। ਸਾਡੀ ਬਿਲਕੁਲ ਸਾਫ਼ ਸਮਝ ਹੈ ਕਿ ਜੇਕਰ ਇਕ ਪੜ੍ਹਿਆ-ਲਿਖਿਆ ਨੌਜਵਾਨ ਅਤੇ ਖਿਡਾਰੀ ਵੀ ਨਸ਼ਿਆਂ ਨੂੰ ਅਪਣਾਉਂਦਾ ਹੈ ਤਾਂ ਇਹਦੇ ਵਿਚ ਸਾਡੀਆਂ ਗ਼ੈਰ-ਵਿਗਿਆਨਕ ਸਿੱਖਿਆਵਾਂ ਅਤੇ ਖੇਡ ਨੀਤੀਆਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਦੂਸਰੀ ਅਹਿਮ ਗੱਲ ਇਹ ਹੈ ਕਿ ਨਸ਼ਾਤੰਤਰ ਇਸ ਕਰਕੇ ਆਏ ਦਿਨ ਵਧ-ਫੁਲ ਰਿਹਾ ਹੈ ਕਿਉਂਕਿ ਸਾਡੇ ਹਾਕਮਾਂ ਨੂੰ ਇਹ ਸਾਰਾ ਕੁਝ ਬਹੁਤ ਸੂਤ ਬੈਠਦਾ ਹੈ। ਹਾਕਮ ਜਾਣਦੇ ਹਨ ਕਿ ਜਿਹੜਾ ਬੰਦਾ ਆਪਣੇ ਆਪ ਬਾਰੇ ਸੋਚਣਾ ਹੀ ਬੰਦ ਕਰ ਦੇਵੇਗਾ, ਉਹ ਉਨ੍ਹਾਂ ਨੂੰ ਕੁਝ ਪੁੱਛਣ ਜਾਂ ਕਹਿਣ ਦੀ ਹਿੰਮਤ ਕਿਵੇਂ ਕਰ ਸਕਦਾ ਹੈ? ਪੰਚਾਇਤੀ ਚੋਣਾਂ ਤੋਂ ਲੈ ਕੇ ਉੱਪਰਲੇ ਪੱਧਰ ਤਕ ਦੀਆਂ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਖੁਦ ਸਿਆਸੀ ਪਾਰਟੀਆਂ, ਆਗੂਆਂ ਵੱਲੋਂ ਨਸ਼ਿਆਂ ਦੇ ਵੰਡੇ ਜਾਂਦੇ ਟਰੱਕਾਂ ਦੇ ਟਰੱਕ ਇਸ ਗੱਲ ਦਾ ਪ੍ਰਮਾਣ ਹਨ ਕਿ ਸਾਡੇ ਸਿਆਸੀ ਆਗੂ ਕਿਹੋ ਜਿਹਾ ਭਵਿੱਖ ਸਿਰਜਣਾ ਚਾਹੁੰਦੇ ਹਨ। ਲਗਭਗ ਹਰ ਸਿਆਸੀ ਪਾਰਟੀ ਦੀ ਮਨਸ਼ਾ ਹਰ ਹੀਲੇ ਸੱਤਾ ਹਾਸਲ ਕਰਨਾ ਹੀ ਰਹਿ ਗਈ ਹੈ। ਇਨ੍ਹਾਂ ਦੀ ਇਹ ਮਨਸ਼ਾ ਸਿਰ-ਹੀਣੇ ਲੋਕ ਹੀ ਪੂਰੀ ਕਰ ਸਕਦੇ ਹਨ, ਸਦਾ ਹੀ ਇਨ੍ਹਾਂ ਦੀ ਰਜ਼ਾ ਵਿਚ ਰਹਿਣ ਵਾਲੇ ਲੋਕ। ਸਾਫ਼ ਹੈ ਕਿ ਸਿਰ-ਹੀਣੇ ਲੋਕਾਂ ਦੀ ਜਮਾਤ ਪੈਦਾ ਕਰਨ ਲਈ ਸਭ ਤੋਂ ਸੌਖਾ ਹਥਿਆਰ ਨਸ਼ੇ ਹੀ ਹਨ। ਇਹੀ ਕਾਰਨ ਹੈ ਕਿ ਭ੍ਰਿਸ਼ਟ ਸਿਆਸੀ ਆਗੂਆਂ, ਅਫ਼ਸਰਸ਼ਾਹਾਂ ਅਤੇ ਸਮੱਗਲਰਾਂ ਦਾ ਗਠਜੋੜ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਚੂੰਡ-ਚੂੰਡ ਖਾ ਰਿਹਾ ਹੈ। ਬਾਹਰਲੇ ਬੰਦੇ ਨੂੰ ਦੋਸ਼ ਦੇਣ ਤੋਂ ਪਹਿਲਾਂ ਇਹ ਸੋਚਣਾ ਬਣਦਾ ਹੈ ਕਿ ਜਿਹੜੀਆਂ ਸਰਹੱਦਾਂ ਤੋਂ ‘ਉਧਰਲੀ ਹਵਾ’ ਵੀ ਇਧਰ ਆਉਣ ਵੇਲੇ ਪੁੱਛ ਕੇ ਆਉਂਦੀ ਹੈ, ਉਨ੍ਹਾਂ ਸਰਹੱਦਾਂ ਤੋਂ ਕੁਇੰਟਲਾਂ ਦੀ ਕੁਇੰਟਲ ਹੈਰੋਇਨ, ਅਫ਼ੀਮ ਇਧਰ ਕਿਵੇਂ ਪਹੁੰਚ ਜਾਂਦੀ ਹੈ?

ਬਹੁਤਾ ਵਿਸਥਾਰ ਵਿਚ ਨਹੀਂ ਜਾਇਆ ਜਾ ਸਕਦਾ। ਸਮਾਪਤੀ ਵੀ ਸ਼ੌਕਤ ਢੰਡਿਆੜਵੀ ਦਾ ਇਹ ਲਤੀਫ਼ਾ ਸੁਣਾ ਕੇ ਹੀ ਕਰਨੀ ਹੈ:

ਬੱਸ ’ਚ ਬੈਠੇ ਮੁਸਾਫ਼ਰ ਨੇ ਜੇਬ ’ਚੋਂ ਖੀਰਾ, ਚਾਕੂ ਤੇ ਨਮਕ ਕੱਢਿਆ। ਉਹਨੇ ਖੀਰੇ ਦੇ ਚਾਰ ਪੀਸ ਕੀਤੇ। ਬੜੇ ਪਿਆਰ ਨਾਲ ਉਨ੍ਹਾਂ ’ਤੇ ਨਮਕ ਲਾਇਆ ਤੇ ਫਿਰ ਇਕ-ਇਕ ਕਰਕੇ ਨਾਲ ਬੈਠੇ ਮੁਸਾਫ਼ਰ ਨੂੰ ਧੱਕੇ ਨਾਲ ਖੁਆ ਦਿੱਤੇ। ਖੀਰੇ ਦੇ ਚਾਰੇ ਪੀਸ ਖਾਣ ਤੋਂ ਬਾਅਦ ਜਦੋਂ ਮੁਸਾਫ਼ਰ ਨੇ ਪੁੱਛਿਆ, ‘ਤੁਸੀਂ ਖੀਰਾ ਕਿਉਂ ਨਹੀਂ ਖਾਧਾ?’

‘ਛੱਡੋ ਜੀ, ਇਹ ਕੋਈ ਬੰਦਿਆਂ ਦੇ ਖਾਣ ਵਾਲੀ ਚੀਜ਼ ਐ?’ ਖੀਰੇ ਵਾਲੇ ਦਾ ਜੁਆਬ ਸੀ।

ਇਹ ਲਤੀਫ਼ਾ ਵੀ ਸਾਡੇ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਕੁਝ ਲੋਕ ਧੱਕੇ ਨਾਲ ਹੀ ਉਨ੍ਹਾਂ ਨੂੰ ਨਸ਼ਿਆਂ ਦੇ ਆਦੀ ਬਣਾਉਣ ਵਿਚ ਜੁੱਟੇ ਹੋਏ ਹਨ ਤੇ ਕਿਵੇਂ ਨੌਜਵਾਨਾਂ ਨੇ ਇਨ੍ਹਾਂ ਤੋਂ ਬਚਣਾ ਹੈ। ਆਓ, ਸ਼ੌਕਤ ਢੰਡਿਆੜਵੀ ਦੇ ਸ਼ੇਅਰ ਮੁਤਾਬਿਕ ਹੀ ਜ਼ਿੰਦਗੀ ਨੂੰ ਸੰਵਾਰਨ ਦਾ ਯਤਨ ਕਰੀਏ ਤੇ ਕੰਡਿਆਂ ’ਤੇ ਤੁਰਨ ਦਾ ਹੌਸਲਾ ਰੱਖ ਕੇ ਗੁਲਾਬ ਲੈ ਕੇ ਪਰਤੀਏ।

ਬੁੱਕਮਾਰਕ ਕਰੋ (1)

No account yet? Register

ਲੇਖਕ ਬਾਰੇ

Sushil Dosanjh

# 2531/1, ਡੀ.ਪੀ. ਸੁਸਾਇਟੀ, ਸੈਕਟਰ-67, ਮੁਹਾਲੀ, ਮੋ: 98726-08511

ਬੁੱਕਮਾਰਕ ਕਰੋ (1)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)