editor@sikharchives.org

ਉਸਤਤਿ, ਨਿੰਦਾ ਤੇ ਖੁਸ਼ਾਮਦ

ਉਸਤਤਿ ‘ਫੁੱਲ’ ਸਮਾਨ ਹੈ ਅਤੇ ਨਿੰਦਾ ‘ਕੰਡੇ’ ਸਮਾਨ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਕਿਸੇ ਦੇ ਅੰਦਰਲੇ ਜਾਂ ਬਾਹਰਲੇ ਸ਼ੁਭ ਗੁਣਾਂ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਸਾਹਮਣੇ ਜਾਂ ਕਿਸੇ ਹੋਰ ਦੇ ਸਾਹਮਣੇ ਉਸ ਗੁਣਵਾਣ ਦੇ ਗੁਣਾਂ ਦੀ ਚਰਚਾ ਭਾਵ ਸਿਫ਼ਤ ਕਰਨ ਨੂੰ ‘ਉਸਤਤਿ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਦਿਲੀ-ਰੰਜਸ਼ ਜਾਂ ਈਰਖਾ, ਦਵੈਸ਼ ਤੇ ਸਾੜੇ ਆਦਿ ਦੀ ਅੱਗ ਵਿਚ ਸੜ-ਬਲ ਰਹੇ ਮਨ ਦੇ ਸੁਭਾਉ ਕਾਰਨ ਕਿਸੇ ਗੁਣਵਾਨ ਤੇ ਉੱਚੇ-ਸੁੱਚੇ ਆਚਰਣ ਵਾਲੇ ਵਿਅਕਤੀ ਅਤੇ ਕਿਸੇ ਧਰਮ, ਮਜ਼ਹਬ, ਅੰਦਰਲੇ ਚੰਗੇ ਅਸੂਲਾਂ ਨੂੰ ਜਾਣਦਿਆਂ-ਬੁੱਝਦਿਆਂ ਹੋਇਆਂ ਵੀ ਉਸ ਬਾਰੇ ਬੁਰਾ-ਭਲਾ ਕਹਿਣ ਭਾਵ ਉਸ ਦੀ ਬਖਤੋਈ ਕਰਨ ਨੂੰ ‘ਨਿੰਦਾ’ ਕਿਹਾ ਜਾਂਦਾ ਹੈ। ਜੇ (ਕਈ ਵਾਰ) ਮਨੁੱਖ ਕਿਸੇ ਆਪਣੇ-ਬੇਗਾਨੇ ਜਾਂ ਕਿਸੇ ਵੈਰੀ, ਮਿੱਤਰ ਦੇ ਔਗੁਣ ਜਾਂ ਉਸ ਦੇ ਚਰਿੱਤਰ ਹੀਣ ਹੋਣ ਬਾਰੇ ਚੰਗੀ ਤਰ੍ਹਾਂ ਜਾਣਦਿਆਂ ਹੋਇਆਂ ਵੀ (ਡਰਦਿਆਂ ਜਾਂ ਨਿੱਜ-ਸੁਆਰਥ ਦੀ ਪ੍ਰਾਪਤੀ ਵਾਸਤੇ) ਉਸ ਦੇ ਸੋਹਿਲੇ ਗਾਈ ਜਾਵੇ (ਤਾਂ ਉਸ) ਨੂੰ ‘ਚਾਪਲੂਸੀ’ ਜਾਂ ‘ਖੁਸ਼ਾਮਦ’ ਕਿਹਾ ਜਾਂਦਾ ਹੈ।

ਜੇਕਰ ਕੋਈ ਮਨੁੱਖ ਕਿਸੇ ਨਾਲ ਪ੍ਰੇਮ-ਲਗਾਓ ਹੋਣ ਕਰਕੇ ਜਾਂ ਕਿਸੇ ਪਾਸੋਂ ਲੋੜਾਂ ਪੂਰੀਆਂ ਹੋਈਆਂ ਹੋਣ ਕਰਕੇ ਜਾਂ ਲੋੜਾਂ ਪੂਰੀਆਂ ਹੋਣ ਦੀ ਆਸ ਕਰਕੇ ਆਪਣੀ ਬੁਧਿ ਅਨੁਸਾਰ ਕਰ ਤਾਂ ਉਸ ਦੀ ਉਸਤਤਿ ਰਿਹਾ ਹੋਵੇ, ਲੇਕਿਨ ਉਸ ਉਸਤਤਿ ਵਿੱਚੋਂ ਪ੍ਰਗਟਾਵਾ ਨਿੰਦਿਆ ਦਾ ਹੋ ਰਿਹਾ ਹੋਵੇ ਤਾਂ ਐਸਾ ਵਿਅਕਤੀ ਆਪਣੀ ਸਿਆਣਪ ਨਹੀਂ ਬਲਕਿ ਮੂਰਖਤਾ ਦਰਸਾ ਰਿਹਾ ਹੁੰਦਾ ਹੈ। ਗੁਰੂ-ਘਰ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਸਮਝਾਉਂਦੇ ਹਨ:

ਜੈਸੇ ਅਨਿਕ ਫਨੰਗ ਫਨਗ੍ਰ ਭਾਰ ਧਰਨ ਧਾਰੀ,
ਤਾਹੀ ਗਿਰਵਰਧਰ ਕਹੈ ਕਉਨ ਬਡਾਈ ਹੈ ।
ਜਾਕੋ ਏਕ ਬਾਵਰੋ ਬਿਸੁ ਨਾਮੁ ਨਾਥੁ ਕਹਾਵੈ,
ਤਾਹਿ ਬ੍ਰਿਜਨਾਥ ਕਹੇ ਕਉਨ ਅਧਿਕਾਈ ਹੈ ।
ਅਨਿਕ ਅਕਾਰ ਓਅੰਕਾਰ ਕੇ ਬ੍ਰਿਥਾਰੇ,
ਤਾਹਿ ਨੰਦ ਨੰਦਨ ਕਹੇ ਕਉਨ ਬਡਾਈ ਹੈ ।
ਜਾਨਤ ਉਸਤਤਿ ਕਰਤ ਨਿੰਦਿਆ ਅੰਧ ਮੂੜ,
ਐਸੇ ਅਰਾਧਬੇ ਤੇ ਮੋਨਿ ਸੁਖਦਾਈ ਹੈ॥556॥ (ਕਬਿੱਤ)

ਉਸਤਤਿ ‘ਫੁੱਲ’ ਸਮਾਨ ਹੈ ਅਤੇ ਨਿੰਦਾ ‘ਕੰਡੇ’ ਸਮਾਨ ਹੈ। ਫੁੱਲ ਖੁਸ਼ਬੋ ਵੰਡਦਾ ਹੈ ਤੇ ਕੰਡਾ ‘ਦੁੱਖ-ਪੀੜ’। ਇਸ ਵਾਸਤੇ ਹਰ ਮਨੁੱਖ ਚਾਹੁੰਦਾ ਹੈ ਕਿ ਉਸਤਤਿ (ਫੁੱਲ) ਮੇਰੇ ਕੋਲ ਹੋਵੇ ਤੇ ਨਿੰਦਾ (ਕੰਡਾ) ਕਿਸੇ ਹੋਰ ਕੋਲ ਭਾਵ ਹਰ ਪਾਸੇ, ਹਰ ਸਮੇਂ ਉਸਤਤਿ ਮੇਰੀ ਹੋਵੇ ਤੇ ਨਿੰਦਾ ਕਿਸੇ ਹੋਰ ਦੀ ਹੋਵੇ। ਆਪਣੀ ਉਸਤਤਿ ਤੇ ਨਿੰਦਾ ਦੂਸਰੇ ਦੀ ਸੁਣ-ਸੁਣ ਕੇ ਕਦੇ ਕੰਨ ਨਹੀਂ ਰੱਜਦੇ। ਜੇਕਰ ਨਿੰਦਾ (ਕੰਡੇ) ਦੀ ਚੋਭ ਨਾਲ ਕਿਸੇ ਭਲੇ ਪੁਰਖ ਨੂੰ ਆਪਣੇ ਹਾਸੇ-ਖੁਸ਼ੀ ਵਾਸਤੇ ਰੁਆਇਆ ਹੋਵੇ ਤਾਂ ਉਸ ਦੇ ਰੋਣ ’ਤੇ ਆਪਣੇ ਹਾਸੇ ਦੀ ਆਵਾਜ਼ ਸੁਣ ਕੇ ਵੀ ਮਨੁੱਖ ਨੂੰ ਤ੍ਰਿਪਤੀ ਨਹੀਂ ਹੁੰਦੀ:

ਅੱਖੀਂ ਵੇਖਿ ਨ ਰਜੀਆ ਬਹੁ ਰੰਗ ਤਮਾਸੇ।
ਉਸਤਤਿ ਨਿੰਦਾ ਕੰਨਿ ਸੁਣਿ ਰੋਵਣਿ ਤੈ ਹਾਸੇ। (ਵਾਰ 27:9)

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਹਨ:

ਅਸੰਖ ਨਿੰਦਕ ਸਿਰਿ ਕਰਹਿ ਭਾਰੁ॥ (ਪੰਨਾ 4)

ਬੇਗਿਣਤ ਨਿੰਦਕ ਆਪਣੇ ਸਿਰ ਉੱਪਰ ਦੂਜਿਆਂ ਦੇ ਪਾਪਾਂ ਦਾ ਬੋਝ ਬਗੈਰ ਕਿਸੇ ਮਜ਼ੂਰੀ ਦੇ ਚੁੱਕ ਕੇ (ਢੋਂਦੇ) ਹਨ। ਗਿਆਨ ਰੂਪੀ ਨੇਤਰਾਂ ਤੋਂ ਹੀਣੇ ਮਨਮੁਖ ਹਰ ਵੇਲੇ ਆਪਣੇ ਮਨ ਵਿਚ ਨਿੰਦਾ ਵਰਗੇ ਖੋਟੇ ਸੰਕਲਪ ਉਠਾ ਕੇ ਆਤਮਘਾਤ ਕਰਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਮਝਾ ਰਹੇ ਹਨ:

ਮਨਮੁਖਿ ਅੰਧੇ ਸੁਧਿ ਨ ਕਾਈ॥
ਆਤਮ ਘਾਤੀ ਹੈ ਜਗਤ ਕਸਾਈ॥
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ॥ (ਪੰਨਾ 118)

ਜੇਕਰ ਕੋਈ ਨਿੰਦਕ ਆਪਣੇ ਸੁਭਾਉ ਮੁਤਾਬਕ ਸਾਡੇ ਸਾਹਮਣੇ ਕਿਸੇ ਦੀ ਨਿੰਦਿਆ ਕਰਦਾ ਹੈ ਤਾਂ ਸਾਨੂੰ ਉਸ ਨੂੰ ਵਰਜਣਾ ਚਾਹੀਦਾ ਹੈ, ਅਗਰ ਕੋਈ ਨਿੰਦਕ ਕਿਸੇ ਦੀ ਨਿੰਦਿਆ ਕਰਨ ਵਾਸਤੇ ਖੋਤੇ ਵਾਂਗ ਅੜੀ ਕਰ ਬੈਠੇ ਤਾਂ ਜਿੱਥੇ ਨਿੰਦਕ ਦਾ ਸਾਥ ਛੱਡ ਦੇਣਾ ਚਾਹੀਦਾ ਹੈ, ਉਥੇ ਉਸ ਨੂੰ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸ਼ਬਦ ਤੋਂ ਜਾਣੂ ਕਰਵਾਉਣਾ ਵੀ ਜ਼ਰੂਰੀ ਬਣਦਾ ਹੈ:

ਅਰੜਾਵੈ ਬਿਲਲਾਵੈ ਨਿੰਦਕੁ॥
ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ॥
ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ॥
ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ॥ (ਪੰਨਾ 373)

ਨਿੰਦਕ ਕਿਸੇ ਮਨੁੱਖ ਦੇ ਔਗੁਣ ਨੂੰ ਵੇਖ ਕੇ ਖੁਸ਼ ਹੁੰਦਾ ਹੈ ਅਤੇ ਕਿਸੇ ਦੇ ਗੁਣ ਨੂੰ ਵੇਖ-ਸੁਣ ਕੇ ਦੁਖੀ ਹੁੰਦਾ ਹੈ। ਕਿਸੇ ਦੀ ਬੁਰਾਈ ਕਰਨ ਦੀ ਵਿਉਂਤ ਸੋਚਦਿਆਂ- ਸੋਚਦਿਆਂ ਇਕ ਦਿਨ ਨਿੰਦਕ ਆਤਮਿਕ ਮੌਤੇ ਮਰ ਜਾਂਦਾ ਹੈ। ਜਿਵੇਂ ਕੱਲਰ ਦੀ ਕੰਧ ਕਿਰ-ਕਿਰ ਕੇ ਡਿੱਗ ਪੈਂਦੀ ਹੈ:

ਨਿੰਦਕੁ ਐਸੇ ਹੀ ਝਰਿ ਪਰੀਐ॥
ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ॥ (ਪੰਨਾ 823)

ਸਤਿਗੁਰੂ ਪਾਤਸ਼ਾਹ ਦੇ ਬਚਨ ਹਨ:

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥ (ਪੰਨਾ 755)

ਭਾਵ ਕਿਸੇ ਦੀ ਨਿੰਦਾ ਕਰਨੀ ਚੰਗੀ ਗੱਲ ਨਹੀਂ ਪਰ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ (ਮਨੁੱਖ) ਨਿੰਦਿਆ ਕਰਕੇ ਹਰ ਪਾਸੇ (ਹਰ ਥਾਂ) ਬਦਨਾਮੀ ਖੱਟਦੇ ਹਨ ਅਤੇ ਭਿਆਨਕ ਕਸ਼ਟ (ਨਰਕ) ਵਿਚ ਪੈਂਦੇ ਹਨ:

ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ॥
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ॥ (ਪੰਨਾ 1244)

ਨਿੰਦਕ ਮਨੁੱਖ ਨਿੰਦਾ ਕਰ ਕਰ ਕੇ:

ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ॥
ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ॥1॥
ਨਿੰਦਕਿ ਅਹਿਲਾ ਜਨਮੁ ਗਵਾਇਆ॥
ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ॥ (ਪੰਨਾ 380)

ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਨ ਕਿ ਨਿੰਦਕ ਦੂਸਰਿਆਂ ਦੀ ਨਿੰਦਿਆ ਕਰ-ਕਰ ਕੇ ਉਨ੍ਹਾਂ ਦੇ ਮੰਦ-ਕਰਮਾਂ ਦੀ ਮੈਲ ਤਾਂ ਧੋਂਦਾ ਹੀ ਹੈ, ਸਗੋਂ ਉਹ ਮਾਇਆ ਵੇੜਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਵੀ ਬਣ ਜਾਂਦਾ ਹੈ:

ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ॥
ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ॥ (ਪੰਨਾ 507)

ਨਿੰਦਿਆ ਕਿਸੇ ਦੀ ਵੀ ਕਰਨੀ ਚੰਗੀ ਨਹੀਂ ਹੁੰਦੀ, ਪਰ ਗੁਰੂ ਜੀ ਦੀ ਨਿੰਦਿਆ ਕਰਨੀ ਬਹੁਤ ਭੈੜਾ (ਖੋਟਾ) ਕਰਮ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਉਸ (ਮਨੁੱਖ) ’ਤੇ ਘੋਲੀ ਤੇ ਵਾਰਨੇ ਜਾਂਦਾ ਹਾਂ ਜੋ ਕਿਸੇ ਦੀ ਨਿੰਦਾ ਹੁੰਦੀ ਨਾ ਸੁਣੇ ਅਤੇ ਦੂਸਰਿਆਂ ਨੂੰ ਵੀ ਨਿੰਦਾ ਸੁਣਨ ਤੋਂ ਹਟਾਵੇ:

ਹਉ ਤਿਸੁ ਘੋਲਿ ਘੁਮਾਇਆ ਪਰ ਨਿੰਦਾ ਸੁਣਿ ਆਪੁ ਹਟਾਵੈ।
ਹਉ ਤਿਸੁ ਘੋਲਿ ਘੁਮਾਇਆ ਸਤਿਗੁਰ ਦਾ ਉਪਦੇਸੁ ਕਮਾਵੈ। (ਵਾਰ 12:4)

ਹਾਂ, ਇਥੇ ਇਕ ਗੱਲ ਜ਼ਰੂਰ ਯਾਦ ਰੱਖਣੀ ਬਣਦੀ ਹੈ ਕਿ ਜੇ ਕੋਈ ਮਨੁੱਖ ਸੰਤ, ਗੁਰੂ, ਪਰਉਪਕਾਰੀ ਜਾਂ ਇਕ ਚੰਗਾ ਬੰਦਾ ਹੋਣ ਦਾ ਢੌਂਗ ਰਚ ਰਿਹਾ ਹੋਵੇ ਤਾਂ ਉਸ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਕੀਤੀ ਜਾ ਰਹੀ ਹੇਰਾਫੇਰੀ, ਛਲ-ਕਪਟ, ਮਾਰ-ਕੁਟਾਈ ਜਾਂ ਉਸ ਦੇ ਨਸ਼ਈ ਤੇ ਵਿਭਚਾਰੀ ਹੋਣ ਬਾਰੇ ਪੱਕੇ (ਸਬੂਤਾਂ ਦੇ) ਤੌਰ ’ਤੇ ਪਤਾ ਲੱਗ ਜਾਵੇ ਤਾਂ ਉਸ ਮਨੁੱਖ ਦੀ ਅਸਲੀਅਤ ਦੁਨੀਆਂ ਦੇ ਸਾਹਮਣੇ ਲਿਆਉਣੀ ਨਿੰਦਾ ਨਹੀਂ ਸਗੋਂ ਸੂਰਮਤਾਈ ਹੋਵੇਗੀ। ਆਪਣੇ ਆਪ ਨੂੰ ਸੰਤ, ਗੁਰੂ ਕਹੇ-ਕਹਾ ਰਹੇ ਦੇ ਅੰਦਰਲੇ-ਬਾਹਰਲੇ ਗੁਣ ਗੁਰਮਤਿ ਦੀ ਕਸਵੱਟੀ ’ਤੇ ਪਰਖਣੇ ਵੀ ਅਤੀ ਜ਼ਰੂਰੀ ਹਨ:

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍‍ਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨ੍‍ਾ ਦੇ ਚੁੰਮਿ॥ (ਪੰਨਾ 1378)

ਗੁਰ-ਪਰਮੇਸ਼ਰ ਦੇ ਰੰਗ ਵਿਚ ਰੰਗੀਆਂ ਆਤਮਾਵਾਂ ਨਿੰਦਕ ਵੱਲੋਂ ਕੀਤੀ ਨਿੰਦਾ ਦਾ ਜਵਾਬ ਨਿੰਦਾ ਵਿਚ ਨਹੀਂ ਦੇਂਦੀਆਂ, ਸਗੋਂ ਉਨ੍ਹਾਂ ਨੂੰ ਆਪਣੀ ਨਿੰਦਿਆ ਹੁੰਦੀ ਬਹੁਤ ਪਿਆਰੀ ਲੱਗਦੀ ਹੈ। ਪ੍ਰਭੂ ਦੇ ਪਿਆਰੇ ਤਾਂ ਉੱਚੀ ਆਵਾਜ਼ ਵਿਚ ਕਹਿੰਦੇ ਹਨ:

ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥
ਨਿੰਦਾ ਜਨ ਕਉ ਖਰੀ ਪਿਆਰੀ॥
ਨਿੰਦਾ ਬਾਪੁ ਨਿੰਦਾ ਮਹਤਾਰੀ॥1॥ ਰਹਾਉ॥
ਨਿੰਦਾ ਹੋਇ ਤ ਬੈਕੁੰਠਿ ਜਾਈਐ॥
ਨਾਮੁ ਪਦਾਰਥੁ ਮਨਹਿ ਬਸਾਈਐ॥
ਰਿਦੈ ਸੁਧ ਜਉ ਨਿੰਦਾ ਹੋਇ॥
ਹਮਰੇ ਕਪਰੇ ਨਿੰਦਕੁ ਧੋਇ॥1॥
ਨਿੰਦਾ ਕਰੈ ਸੁ ਹਮਰਾ ਮੀਤੁ॥
ਨਿੰਦਕ ਮਾਹਿ ਹਮਾਰਾ ਚੀਤੁ॥
ਨਿੰਦਕੁ ਸੋ ਜੋ ਨਿੰਦਾ ਹੋਰੈ॥
ਹਮਰਾ ਜੀਵਨੁ ਨਿੰਦਕੁ ਲੋਰੈ॥2॥
ਨਿੰਦਾ ਹਮਰੀ ਪ੍ਰੇਮ ਪਿਆਰੁ॥
ਨਿੰਦਾ ਹਮਰਾ ਕਰੈ ਉਧਾਰੁ॥
ਜਨ ਕਬੀਰ ਕਉ ਨਿੰਦਾ ਸਾਰੁ॥
ਨਿੰਦਕੁ ਡੂਬਾ ਹਮ ਉਤਰੇ ਪਾਰਿ॥3॥ (ਪੰਨਾ 339)

ਜਿੰਨਾ ਕਿਸੇ ਦੀ ਨਿੰਦਾ ਕਰਨੀ ਮੰਦ-ਕਰਮ ਹੈ, ਓਨਾ ਹੀ ਕਿਸੇ ਦੀ ਖੁਸ਼ਾਮਦ ਕਰਨਾ ਵੀ ਮੰਦ-ਕਰਮ ਹੈ, ਪਰ ਵੇਖਿਆ ਜਾਵੇ ਤਾਂ ਜਿੰਨਾ ਅੱਜ ਦਾ ਮਨੁੱਖ ਕਿਸੇ ਦੀ ਨਿੰਦਾ ਕਰਨ ਵਿਚ ਗ੍ਰਸਿਆ ਹੋਇਆ ਹੈ ਓਨਾ ਹੀ ਆਪਣੇ ਸੁਆਰਥ ਹਿਤ ਕਿਸੇ ਦੀ ਖੁਸ਼ਾਮਦ ਕਰਨ ਵਿਚ ਰੁੱਝਾ ਰਹਿੰਦਾ ਹੈ।

‘ਐਡਮੰਡ ਬਰਕ’ ਦਾ ਕਥਨ ਹੈ ਕਿ ‘ਖੁਸ਼ਾਮਦ ਕਰਨ ਤੇ ਕਰਵਾਉਣ ਵਾਲਾ ਦੋਨੋਂ ਹੀ ਭ੍ਰਿਸ਼ਟ ਹੁੰਦੇ ਹਨ।’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਹਨ ਕਿ ਮਨੁੱਖ:

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ (ਪੰਨਾ 219)

ਭਾਵ ਜਿਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ ਉਹ ਨਾ ਕਿਸੇ ਮਨੁੱਖ ਦੀ ਉਸਤਤਿ (ਖੁਸ਼ਾਮਦ) ਕਰਦਾ ਹੈ ਨਾ ਹੀ ਕਿਸੇ ਦੀ ਨਿੰਦਾ (ਬਖਤੋਈ), ਸਗੋਂ ਉਹ ਐਸੀ ਆਤਮਿਕ ਅਵਸਥਾ ਲੱਭਦਾ ਹੈ ਜਿਥੇ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਪੋਹ ਨਹੀਂ ਸਕਦੀ। ਪਰ ਐਸੀ ਔਖੀ ਖੇਡ ਖੇਡਣ ਦੀ ਸਮਝ ਕਿਸੇ ਵਿਰਲੇ ਮਨੁੱਖ ਨੂੰ ਹੀ ਗੁਰੂ ਦੀ ਸ਼ਰਣ ਪੈ ਕੇ ਨਸੀਬ ਹੁੰਦੀ ਹੈ।

ਬਹੁਤੇ ਬੇਸਮਝ ਲੋਕ ਦੂਸਰਿਆਂ ਪਾਸੋਂ ਆਪਣੀ ਉਸਤਤਿ (ਖੁਸ਼ਾਮਦ) ਕਰਵਾ/ ਸੁਣ ਕੇ ਅਨੰਦ ਲੈਂਦੇ ਹਨ, ਪਰ ਸਚਿਆਰ ਪੁਰਖ ਤਾਂ ਚਾਹੁੰਦਾ ਹੈ ਕਿ ਜਿਹੜੇ ਮੇਰੇ ਕੰਡਿਆਂ (ਔਗੁਣਾਂ) ਨੂੰ ਫੁੱਲ (ਗੁਣ) ਆਖ ਕੇ ਮੇਰੀ ਆਤਮਾ ਨੂੰ ਦੁੱਖ ਦੇਂਦੇ ਹਨ ਕਿੰਨਾ ਚੰਗਾ ਹੋਵੇ ਉਹ ਮੇਰੀਆਂ ਕਮੀਆਂ/ਕਮਜ਼ੋਰੀਆਂ ਨੂੰ ਬੇਝਿੱਜਕ ਹੋ ਕੇ ਮੈਨੂੰ ਦੱਸਣ ਤਾਂ ਜੋ ਮੈਨੂੰ ਆਪਣੀਆਂ ਭੁੱਲਾਂ/ਕਮਜ਼ੋਰੀਆਂ ਦਾ ਪਤਾ ਚੱਲ ਸਕੇ। ਇਕ ਅਦੀਬ ਦੇ ਬੜੇ ਸੁੰਦਰ ਬੋਲ ਹਨ-

ਅਜ਼ ਸੋਹਬਤੇ ਦੋਸਤੋ ਰੰਜਮ,
ਕਿ ਇਖ਼ਲਾਕ ਬ ਦਮ ਹੁਸਨ ਨੁਮਾਇਦ।
ਐਬਮ ਹੁਨਰੋ ਕਮਾਲ ਬੀਨਦ,
ਖਾਰਮ ਗੁਲ ਯਾਸਮੀ ਨੁਮਾਇਦ।
ਕੋ ਦੁਸ਼ਮਨ ਸੌਖ਼ੇ ਚਸ਼ਮ ਬੇਬਾਕ,
ਤਾ ਐਬੇ ਮਰਾ ਬ ਮਨ ਨੁਮਾਇਦ।

ਖੁਸ਼ਾਮਦੀ ਤੇ ਬੇਪਰਵਾਹ ਸੱਜਣਾਂ-ਮਿੱਤਰਾਂ ਬਾਰੇ ਹਾਸ਼ਮ ਜੀ ਦੱਸਦੇ ਹਨ-

ਇਕ ਬਹਿ ਕੋਲ ਖੁਸ਼ਾਮਦ ਕਰਦੇ,
ਪਰ ਗਰਜ਼ਾ ਹੋਣ ਕਮੀਨੇ।
ਇਕ ਬੇਪਰਵਾਹ ਨਾ ਪਾਸ ਖਲੋਵਣ,
ਪਰ ਹੋਵਣ ਯਾਰ ਨਗੀਨੇ।

ਕਿਸੇ ਔਗਣਹਾਰ ਪੁਰਖ ਤੋਂ ਡਰਦਿਆਂ ਜਾਂ ਕਿਸੇ ਲਾਲਚ ਵੱਸ ਹੋ ਕੇ ਉਸ ਦੀ ਖੁਸ਼ਾਮਦ ਕਰਨੀ ਸਿਆਣੇ ਬੰਦਿਆਂ ਦਾ ਕੰਮ ਨਹੀਂ ਹੈ। ਜਿੱਥੇ ਸਚਿਆਰ ਪੁਰਖ ਚੰਗੇ ਨੂੰ ਮੰਦਾ ਨਹੀਂ ਕਹਿੰਦੇ, ਉਥੇ ਉਹ ਮੰਦੇ ਨੂੰ ਮੰਦਾ ਕਹਿਣ ਤੋਂ ਵੀ ਨਹੀਂ ਝਿਜਕਦਾ। ਜਦੋਂ ਸਿੱਖ ਗੁਰੂ ਦੇ ਸਨਮੁਖ ਹੋ ਕੇ ਜੀਵਨ-ਜੁਗਤ ਨੂੰ ਸਮਝ ਲੈਂਦਾ ਹੈ ਤਾਂ ਉਹ ਫਿਰ ਨਾ ਕਿਸੇ ਦੀ ਨਿੰਦਾ ਤੇ ਖੁਸ਼ਾਮਦ ਕਰਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਹਨ:

ਗੁਰਮੁਖਿ ਬੂਝੈ ਸਬਦਿ ਪਤੀਜੈ॥
ਉਸਤਤਿ ਨਿੰਦਾ ਕਿਸ ਕੀ ਕੀਜੈ॥
ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ॥ (ਪੰਨਾ 1041)

ਪ੍ਰਭੂ ਦਾ ਪਿਆਰਾ (ਸਿੱਖ) ਸਤਿਗੁਰੂ ਪਾਤਸ਼ਾਹ ਦੀ ਸ਼ਰਣ ਪੈ ਕੇ ਜਾਣ ਗਿਆ ਹੈ ਕਿ ਕਿਸੇ ਦੀ ਨਿੰਦਿਆ ਕਰਨਾ ਮੂਰਖਾਂ ਦਾ ਕੰਮ ਹੈ। ਜਿਵੇਂ ਚਿੱਕੜ ਨਾਲ ਚਿੱਕੜ ਸਾਫ਼ ਨਹੀਂ ਹੁੰਦਾ ਤਿਵੇਂ ਹੀ ਆਪਣੇ ਨਿੰਦਕ ਦੀ ਨਿੰਦਾ ਕਰਨ ਨਾਲ ਹਿਰਦਾ ਸਵੱਛ ਨਹੀਂ ਰਹਿੰਦਾ। ਗੁਰਮਤਿ ਅਨੁਸਾਰੀ ਸੁਭਾਅ ਮੁਤਾਬਕ:

ਹਰਿ ਜਨੁ ਰਾਮ ਨਾਮ ਗੁਨ ਗਾਵੈ॥
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ॥ (ਪੰਨਾ 719)

ਰੱਬ ਦੇ ਪਿਆਰਿਆ! ਕਿਸੇ ਮਨੁੱਖ ਦੀ ਥਾਂ ਪ੍ਰਭੂ ਪਿਆਰੇ ਦੀ ਉਸਤਤਿ ਕਰਦਿਆਂ ਇੱਕ ਚਿਤ ਹੋ ਕੇ ਜਪਿਆ ਕਰ:

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥… (ਪੰਨਾ 6)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)