ਬਾਬੇ ਨਾਨਕ ਨੇ ਕਲਜੁਗ ਵਿਚ ਆ ਕੇ, ਕੀਤੀ ਗੱਲ ਤਾਂ ਸਿਰਫ਼ ਈਮਾਨ ਦੀ ਏ।
ਦੋ ਅੱਖਾਂ ਤਾਂ ਗੁਰੂ ਨੇ ਬਖ਼ਸ਼ੀਆਂ ਨੇ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਏ।
ਵਿੱਦਿਆ ਸਾਰਿਆਂ ਤਾਈਂ ਦਿਖਾਏ ਰਸਤਾ, ਏਸ ਗੱਲ ਵਿਚ ਝੂਠ ਨਹੀਂ ਚੰਨਾ!
ਜੇਕਰ ਇਲਮ ਨੂੰ ਤੂੰ ਰੁਸਵਾਰ ਕਰਦੈਂ, ਨੇਕ ਆਦਮੀ ਕਦੇ ਨਾ ਬਣੇ ਚੰਨਾ!
ਅੱਜ ਫਰਸ਼ ਤੋਂ ਅਰਸ਼ ’ਤੇ ਜਾਣ ਦੇ ਲਈ, ਵਿਗਿਆਨ ਤਾਈਂ ਅਪਣਾਉਣ ਦੀ ਲੋੜ ਚੰਨਾ!
ਜੱਜ ਬਣ ਕੇ ਤੂੰ ਕਰ ਇਨਸਾਫ਼ ਸਕਦੈਂ, ਤੈਨੂੰ ਨਹੀਂ ਘਬਰਾਉਣ ਦੀ ਲੋੜ ਚੰਨਾ!
ਵਿੱਦਿਆ ਵਿਚਾਰੀਏ ਸਦਾ ਉਪਕਾਰ ਕਰਦੀ, ਇਥੇ ਲੋੜ ਸਾਨੂੰ ਦਇਆਵਾਨ ਦੀ ਏ।
ਜੱਗ ਦੇ ਸਾਰੇ ਸੁਜਾਨ ਪਏ ਦੱਸਦੇ ਨੇ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਏ।
ਪੜ੍ਹੇ-ਲਿਖੇ ਨੂੰ ਜੇ ਕੋਈ ਗੱਲ ਪੁੱਛੋ, ਉਹ ਬੜੇ ਮਾਣ-ਸਤਿਕਾਰ ਦੇ ਬੋਲ ਕਹਿੰਦਾ।
ਜਿਹੜਾ ਇੱਲ ਦਾ ਨਾਂ ਨਾ ਜਾਣੇ ਕੋਕੋ, ਉਹ ਬੰਦਾ ਹਰ ਵੇਲੇ ਮਗਰੂਰ ਰਹਿੰਦਾ।
ਅੱਜ ਹਵਾਈ ਜਹਾਜ਼ ਚਲਾਉਣ ਵਾਲਾ, ਕਲਾਬਾਜ਼ੀਆਂ ਵਿਚ ਮਸ਼ਰੂਫ਼ ਰਹਿੰਦਾ।
ਅਨਪੜ੍ਹ ਜਾਹਲ ਗਵਾਰ ਦੀ ਪੁੱਛ ਕੋਈ ਨਾ, ਪੜ੍ਹੇ-ਲਿਖੇ ਨੂੰ ਹਰ ਕੋਈ ਜੀ ਹਜ਼ੂਰ ਕਹਿੰਦਾ।
ਵਿੱਦਿਆ ਝਗੜੇ ਲੜਾਈਆਂ ਨਾ ਹੋਣ ਦਿੰਦੀ ਤਾਰਕ, ਗੱਲ ਸਮਝਾਉਂਦੀ ਅਮਨ ਅਮਾਨ ਦੀ ਏ।
ਬਾਰ ਬਾਰ ਇਹ ਆਖਿਆ ਮਹਾਂਪੁਰਖਾਂ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਏ।
ਬਣ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਪੜ੍ਹਨ ਵਾਲਿਆ ਤੂੰ ਅੱਗੋਂ ਪੜ੍ਹਾ ਸਕਦੈਂ।
ਅਕਲ ਇਲਮ ਦੀ ਸਿੱਖ ਤਾਲੀਮ ਪੂਰੀ, ਫਿਰ ਤੂੰ ਬੰਨ੍ਹ ਦਰਿਆਵਾਂ ਨੂੰ ਲਾ ਸਕਦੈਂ।
ਡੈਮ ਬਣਾ ਕੇ ਕਈ ਤੂੰ ਬਿਜਲੀਆਂ ਦੇ, ਸਾਰੇ ਦੇਸ਼ ਨੂੰ ਤੂੰ ਰੁਸ਼ਨਾ ਸਕਦੈਂ।
ਤੇਰੇ ਹੱਥ ਵਿਚ ਰੱਬ ਸ਼ਫਾ ਬਖ਼ਸ਼ੀ, ਰੋਗੀ ਰੋਗਾਂ ਤੋਂ ਮੁਕਤ ਕਰਾ ਸਕਦੈਂ।
ਨੀਚਹੁ ਊਚ ਵੀ ਕਰੇ ਉਹ ਪਲ ਭਰ ਵਿਚ, ਇਹ ਤਾਂ ਮਰਜ਼ੀ ਵੀ ਓਸ ਭਗਵਾਨ ਦੀ ਏ।
ਇਲਮ ਅਕਲਾਂ ਵਾਲੇ ਬਾਰ ਬਾਰ ਆਖਣ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਏ।
ਜਿਵੇਂ ਦਿਨ ਤੋਂ ਬਾਅਦ ਹੈ ਰਾਤ ਆਉਂਦੀ, ਰਾਤ ਗਈ ਤੋਂ ਸੂਰਜ ਪ੍ਰਕਾਸ਼ ਹੋਵੇ।
ਪੜ੍ਹੇ-ਲਿਖੇ ਨੂੰ ਹਰ ਕੋਈ ਕਰੇ ਸਿਜਦਾ, ਅਨਪੜ੍ਹ ਕਰ ਗਲਤੀ ਸ਼ਰਮਸਾਰ ਹੋਵੇ।
ਤੂੰ ਵੀ ਕਰ ਗ੍ਰਹਿਣ ਲੈ ਉੱਚ ਵਿੱਦਿਆ, ਬੇੜੀ ਤੇਰੀ ਭਵ ਸਾਗਰੋਂ ਪਾਰ ਹੋਵੇ।
ਦੁਨੀਆਂ ਤਾਈਂ ਤੂੰ ਵਿੱਦਿਆ ਦੀ ਦਾਤ ਵੰਡ ਜਾ, ਤੇਰਾ ਦੋਹੀਂ ਜਹਾਨੀਂ ਸਤਿਕਾਰ ਹੋਵੇ।
ਸੱਚੇ ਰਸਤੇ ’ਤੇ ਜੋ ਕੋਈ ਚੱਲਦਾ ਏ, ਫਾਇਦਾ ਆਪਣਾ ਸੋਭਾ ਜਹਾਨ ਦੀ ਏ।
‘ਜਾਚਕ’ ਮੈਂ ਨਹੀਂ ਕੁੱਲ ਲੋਕਾਈ ਆਖੇ, ਵਿੱਦਿਆ ਤੀਸਰੀ ਅੱਖ ਇਨਸਾਨ ਦੀ ਏ।
ਲੇਖਕ ਬਾਰੇ
ਪਿੰਡ ਤੇ ਡਾਕ: ਇੱਬਣ ਕਲਾਂ, ਜ਼ਿਲ੍ਹਾ ਅੰਮ੍ਰਿਤਸਰ
- ਗਿਆਨੀ ਪਿਆਰਾ ਸਿੰਘ ‘ਜਾਚਕ’https://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%aa%e0%a8%bf%e0%a8%86%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%9c%e0%a8%be%e0%a8%9a%e0%a8%95/April 1, 2010