editor@sikharchives.org

ਵਿਸ਼ਵ-ਸ਼ਾਂਤੀ ਤੇ ਧਾਰਮਿਕ ਚੇਤਨਾ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ

ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਸਾਥੀ ਭਾਈ ਬਾਲਾ ਜੀ ਅਤੇ ਰਬਾਬੀ ਭਾਈ ਮਰਦਾਨਾ ਜੀ ਨੂੰ ਸਾਥੀ ਬਣਾ ਪੰਜ ਮਹਾਨ ਪ੍ਰਚਾਰ-ਯਾਤਰਾਵਾਂ ਕੀਤੀਆਂ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ 1469 ਈਸਵੀ ਨੂੰ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ-ਪਾਕਿਸਤਾਨ) ਵਿਖੇ ਪਿਤਾ ਸ੍ਰੀ ਕਲਿਆਣ ਚੰਦ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਹੋਇਆ ਸੀ। ਉਨ੍ਹਾਂ ਦੇ ਆਗਮਨ ਸਮੇਂ ਹਿੰਦੁਸਤਾਨ ਵਿਚ ਅਧਰਮ ਅਤੇ ਕੂੜ ਦਾ ਬੋਲਬਾਲਾ ਸੀ। ਲੋਕ ਫੋਕੇ ਕਰਮਕਾਂਡਾਂ, ਜਾਦੂ-ਟੂਣਿਆਂ ਅਤੇ ਜੰਤਰਾਂ-ਮੰਤਰਾਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਸਨ ਅਤੇ ਉਨ੍ਹਾਂ ਦਾ ਪਰਮਾਤਮਾ ਵਿੱਚੋਂ ਵਿਸ਼ਵਾਸ ਟੁੱਟ ਰਿਹਾ ਸੀ।

ਹਿੰਦੂ ਧਰਮ, ਜਿਸ ਨੂੰ ਉਸ ਦੀ ਹੀ ਬਣਾਈ ਵਰਣ-ਵੰਡ ਨੇ ਕਮਜ਼ੋਰ ਕਰ ਦਿੱਤਾ ਸੀ, ਢਹਿੰਦੀਆਂ-ਕਲਾਂ ਵੱਲ ਜਾ ਰਿਹਾ ਸੀ। ਬ੍ਰਾਹਮਣ ਸ਼੍ਰੇਣੀ ਪਰਮਾਤਮਾ ਦੇ ਗਿਆਨ ਦੀ ਗੱਲ ਛੱਡ ਕੇ, ਮਾਇਆ ਦੇ ਲਾਲਚ ਵਿਚ ਲੋਕਾਂ ਨੂੰ ਕਰਮ-ਕਾਂਡਾਂ ਦੇ ਭਰਮ-ਜਾਲ ਵਿਚ ਉਲਝਾ ਰਹੀ ਸੀ। ਖੱਤਰੀ ਆਪਣਾ ਜੁਝਾਰੂਪਣ ਭੁੱਲ ਚੁੱਕੇ ਸਨ। ਸਮਾਜ ਦੇ ਇਸ ਨਿਘਾਰ ਤੋਂ ਮੁਸਲਿਮ ਸਮਾਜ ਵੀ ਨਹੀਂ ਸੀ ਬਚਿਆ। ਮੁਗ਼ਲ ਹਕੂਮਤ ਦੇ ਕਰਿੰਦੇ, ਮੁੱਲਾਂ ਤੇ ਕਾਜ਼ੀ-ਸਭ ਜੋਕਾਂ ਵਾਂਗ ਲੋਕਾਂ ਦਾ ਖ਼ੂਨ ਚੂਸ ਰਹੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਵਿਚ ਉਸ ਸਮੇਂ ਦੀ ਦਸ਼ਾ ਇਸ ਪ੍ਰਕਾਰ ਸੀ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥ (ਪੰਨਾ 145)

ਭਾਈ ਗੁਰਦਾਸ ਜੀ ਅਨੁਸਾਰ :

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਤੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ। (ਵਾਰ 1:24)

ਗੁਰੂ ਸਾਹਿਬ ਨੇ ਆਪਣੇ ਬਚਪਨ ਦੇ ਸਾਥੀ ਭਾਈ ਬਾਲਾ ਜੀ ਅਤੇ ਰਬਾਬੀ ਭਾਈ ਮਰਦਾਨਾ ਜੀ ਨੂੰ ਸਾਥੀ ਬਣਾ ਪੰਜ ਮਹਾਨ ਪ੍ਰਚਾਰ-ਯਾਤਰਾਵਾਂ ਕੀਤੀਆਂ। ਇਨ੍ਹਾਂ ਯਾਤਰਾਵਾਂ, ਜਿਨ੍ਹਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ, ਦੌਰਾਨ ਆਪ ਸੰਸਾਰ ਦੇ ਵੱਖ- ਵੱਖ ਭਾਗਾਂ, ਖ਼ਾਸ ਕਰਕੇ ਵਿਭਿੰਨ ਧਰਮਾਂ ਦੇ ਕੇਂਦਰੀ ਅਸਥਾਨਾਂ ਵਿਖੇ ਪੁੱਜੇ ਅਤੇ ਫੋਕੇ ਕਰਮਕਾਂਡਾਂ, ਧਾਰਮਿਕ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦਾ ਤਰਕਸੰਗਤ ਖੰਡਨ ਕਰਦਿਆਂ ਲੋਕਾਂ ਨੂੰ ਇੱਕੋ-ਇੱਕ ਪਰਮਾਤਮਾ ਦੇ ਲੜ ਲੱਗਣ ਲਈ ਪ੍ਰੇਰਿਆ ਅਤੇ ਧਾਰਮਿਕ ਤੇ ਸਮਾਜਿਕ ਚੇਤਨਾ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਜਰਵਾਣਿਆਂ ਦੇ ਜ਼ੁਲਮਾਂ ਦੀ ਵੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਹਮਲਾਵਰ ਬਾਬਰ ਵੱਲੋਂ ਕੀਤੀ ਲੁੱਟ-ਖਸੁੱਟ ਦਾ ਜ਼ਿਕਰ ਕਰਦੇ ਹੋਏ ਆਪ ਫ਼ੁਰਮਾਉਂਦੇ ਹਨ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਥਾਹ ਬਾਣੀ ਰਚੀ, ਜੋ ਸਿੱਖ ਧਰਮ ਦਾ ਮੂਲ ਆਧਾਰ ਮੰਨੀ ਜਾਂਦੀ ਹੈ। ਗੁਰੂ ਸਾਹਿਬ ਦੇ ਪਾਵਨ ਉਪਦੇਸ਼ਾਂ ਅਤੇ ਸਿਧਾਂਤਾਂ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਅਤੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਸਿੱਖ ਧਰਮ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਧਰਮ ਬਣਾਇਆ। ਉਨ੍ਹਾਂ ਨੇ ਮਨੁੱਖ ਨੂੰ ਸੱਚਾਈ, ਨਿਮਰਤਾ, ਦਇਆ, ਸੇਵਾ, ਸਬਰ, ਸੰਤੋਖ, ਪਰਉਪਕਾਰ ਆਦਿ ਗੁਣਾਂ ਦੇ ਧਾਰਨੀ ਹੋ ਆਤਮ-ਨਿਰਭਰ ਤੇ ਸਵੈਮਾਣ ਵਾਲਾ ਜੀਵਨ ਜਿਉਣ ਦੇ ਯੋਗ ਬਣਾਇਆ। ਗੁਰੂ ਸਾਹਿਬ ਨੇ ਸਮਕਾਲੀ ਸਮਾਜ ਵਿਚ ਆਰਥਿਕ ਅਸਮਾਨਤਾ ਅਤੇ ਲੁੱਟ-ਖਸੁੱਟ ਨੂੰ ਵੇਖਦਿਆਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦੇ ਬੁਨਿਆਦੀ ਸਿਧਾਂਤਾਂ ਨੂੰ ਪ੍ਰਚਾਰਿਆ।

ਗੁਰੂ ਸਾਹਿਬ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਜਿੱਥੇ ਛੂਤ-ਛਾਤ ਦਾ ਬੋਲ-ਬਾਲਾ ਸੀ, ਉੱਥੇ ਇਸਤਰੀ ਜਾਤੀ ਨਾਲ ਵੀ ਸਨਮਾਨ-ਜਨਕ ਵਿਉਹਾਰ ਨਹੀਂ ਸੀ ਕੀਤਾ ਜਾਂਦਾ। ਉਸ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਔਰਤ ਨੂੰ ਪੁਰਸ਼ ਦੇ ਬਰਾਬਰ ਸਨਮਾਨਜਨਕ ਰੁਤਬਾ ਪ੍ਰਦਾਨ ਕਰਨ ਦੀ ਵਡਿਆਈ ਵੀ ਗੁਰੂ ਜੀ ਦੇ ਹਿੱਸੇ ਹੀ ਆਈ। ਆਪ ਜੀ ਦਾ ਪਾਵਨ ਫ਼ੁਰਮਾਨ ਹੈ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਇਸੇ ਤਰ੍ਹਾਂ ਆਪ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਹੀ ਨਹੀਂ ਕੀਤੀ ਬਲਕਿ ਅਮਲੀ ਰੂਪ ਵਿਚ ਇਸ ‘ਤੇ ਪਹਿਰਾ ਦਿੱਤਾ। ਆਪ ਫ਼ੁਰਮਾਉਂਦੇ ਹਨ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ 15)

ਕਿਉਂਕਿ ਸਮਕਾਲੀ ਸਮਾਜ ਵਿਚ ਯੋਗ ਮੱਤ ਦੇ ਪ੍ਰਭਾਵ ਸਦਕਾ ਲੋਕਾਂ ਵਿਚ ਸੰਸਾਰ ਨੂੰ ਤਿਆਗਣ ਦੀ ਬਿਰਤੀ ਪ੍ਰਧਾਨ ਹੋ ਚੁੱਕੀ ਸੀ, ਲੋਕਾਂ ਨੇ ਸੰਸਾਰਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਜੰਗਲਾਂ ਤੇ ਪਹਾੜਾਂ ਵਿਚ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਸੰਨਿਆਸੀ ਘਰ-ਬਾਰ ਤਿਆਗ ਕੇ, ਵਿਹਲੇ ਰਹਿ ਕੇ, ਭਿਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਸਨ। ਸੋ ਇਕ ਤਰ੍ਹਾਂ ਇਨ੍ਹਾਂ ਵਿਹਲੜ ਲੋਕਾਂ ਦੀ ਕਰਮਹੀਣਤਾ ਨੇ ਹੀ ਇਸ ਦੇਸ਼ ਨੂੰ ਗ਼ੁਲਾਮ ਬਣਾ ਦਿੱਤਾ ਸੀ। ਸਮੇਂ ਦੀ ਨਬਜ਼ ਨੂੰ ਪਹਿਚਾਣਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਨੂੰ ਧਰਮ ਦੇ ਬੁਨਿਆਦੀ ਸਿਧਾਂਤ ਦੇ ਤੌਰ ‘ਤੇ ਲੋਕਾਂ ‘ਚ ਪ੍ਰਚਾਰਿਆ। ਗੁਰੂ ਸਾਹਿਬ ਨੇ ਸੰਸਾਰ ਨੂੰ ਤਿਆਗਣ ਅਤੇ ਤ੍ਰਿਸਕਾਰਣ ਦੀ ਵਿਚਾਰਧਾਰਾ ਦਾ ਵਿਰੋਧ ਕੀਤਾ। ਉਨ੍ਹਾਂ ਗ੍ਰਿਹਸਤ ਨੂੰ ਪ੍ਰਮੁੱਖਤਾ ਦੇ ਕੇ, ਦਸਾਂ-ਨਹੁੰਆਂ ਦੀ ਕਿਰਤ- ਕਮਾਈ ਕਰਕੇ ਸਮਾਜਿਕ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਜੀਵਨ-ਮੁਕਤੀ ਦੀ ਪ੍ਰਾਪਤੀ ਲਈ ਜੰਗਲਾਂ ਤੇ ਪਹਾੜਾਂ ਆਦਿ ‘ਚ ਇਕਾਂਤ-ਵਾਸ ਕਰਨ ਨੂੰ ਨਿੰਦਿਆ ਅਤੇ ਗ੍ਰਿਹਸਤ ਵਿਚ ਰਹਿ ਕੇ, ਸੇਵਾ-ਸਿਮਰਨ ਰਾਹੀਂ ਮੁਕਤੀ ਦਾ ਮਾਰਗ ਦਰਸਾਇਆ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਫ਼ਰਮਾਨ ਹੈ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥(ਪੰਨਾ 522)

ਗੁਰੂ ਜੀ ਅਨੁਸਾਰ ਪਵਿੱਤਰ ਕਮਾਈ ਉਹੀ ਹੈ ਜਿਹੜੀ ਹੱਥੀਂ ਕਿਰਤ ਕਰਦਿਆਂ ਕੀਤੀ ਗਈ ਹੋਵੇ। ਉਨ੍ਹਾਂ ਕਰਤਾਰਪੁਰ ਸਾਹਿਬ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਮਨੁੱਖਤਾ ਨੂੰ ਕਿਰਤ ਕਰਨ ਦਾ ਸੰਦੇਸ਼ ਦਿੰਦਿਆਂ ਫ਼ੁਰਮਾਇਆ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)

ਉਨ੍ਹਾਂ ਦੇ ਦਰਸਾਏ ਉਪਰੋਕਤ ਸਿਧਾਂਤ ਵਿੱਚੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਉਜਾਗਰ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਾਰੀ ਮਨੁੱਖ-ਜਾਤੀ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਜਨਤਾ ਦਾ ਸਹੀ ਮਾਰਗ-ਦਰਸ਼ਨ ਕਰਕੇ, ਉਸ ਨੂੰ ਪਰਮਾਰਥ ਦੇ ਰਾਹ ਤੋਰਿਆ। ਉਨ੍ਹਾਂ ਇਸ ਮੰਤਵ ਦੀ ਪੂਰਤੀ ਲਈ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜਿਹੜੇ ਅਜੋਕੇ ਯੁੱਗ ਵਿਚ ਵੀ ਸਦੀਵੀ ਸੇਧ ਦੇਣ ਵਾਲੇ ਹਨ। ਆਓ! ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਉੱਤੇ ਗੁਰੂ ਸਾਹਿਬ ਦੀ ਸਰਬ-ਸਾਂਝੀ ਸਿੱਖਿਆ ਨੂੰ ਮਨ-ਬਚਨ ਅਤੇ ਕਰਮ ਕਰਕੇ ਧਾਰਨ ਕਰਦੇ ਹੋਏ ‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’ ਬਣੀਏ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪ੍ਰਧਾਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)