ਅੱਧੀ ਸਦੀ ਤੋਂ ਵੱਧ ਸਮਾਂ ਢਾਡੀ ਕਲਾ ਦੇ ਅੰਬਰ ’ਤੇ ਧਰੂ ਤਾਰੇ ਵਾਂਗ ਚਮਕਣ ਵਾਲਾ ਗਿਆਨੀ ਦਇਆ ਸਿੰਘ ਦਿਲਬਰ 16 ਮਾਘ ਸੰਮਤ ਨਾਨਕਸ਼ਾਹੀ 537 (28 ਜਨਵਰੀ 2006) ਦੀਆਂ ਅਖਬਾਰਾਂ ਦੀਆਂ ਸੁਰਖੀਆਂ ‘ਢਾਡੀ ਦਿਲਬਰ ਨਹੀਂ ਰਹੇ’ ਵਿਚ ਸਿਮਟ ਗਿਆ। ਜਿਨ੍ਹਾਂ ਪੜ੍ਹਿਆ, ਜਿਨ੍ਹਾਂ ਸੁਣਿਆ ਉਹ ‘ਹੈਂ’ ਦੀ ਹੈਰਾਨੀ ਅਤੇ ਉਦਾਸੀ ਵਿਚ ਪਥਰਾ ਗਏ। ਗਿਆਨੀ ਸੋਹਣ ਸਿੰਘ ਸੀਤਲ, ਗਿਆਨੀ ਗੁਰਚਰਨ ਸਿੰਘ ਗੋਹਲਵੜ, ਭਾਈ ਰਾਮ ਸਿੰਘ ਝਾਬੇਵਾਲ ਤੋਂ ਬਾਅਦ ਪੰਜਾਬ ਦੀ ਅਮੀਰ ਢਾਡੀ ਪਰੰਪਰਾ ਲਈ ਦਿਲਬਰ ਦਾ ਸਦੀਵੀ ਵਿਛੋੜਾ ਦੁਖਦਾਈ ਤੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਬੀਰਮਪੁਰੀਆਂ ਦੇ ਜਥੇ ਦੇ ਨਾਲ-ਨਾਲ ਇਕ ਕਵੀਸ਼ਰ ਵਜੋਂ ਪੰਥਕ ਸਫਾਂ ਵਿਚ ਪ੍ਰਵੇਸ਼ ਕਰਨ ਵਾਲਾ ਅਤੇ ਇਸ ਤੋਂ ਉਪਰੰਤ ਆਪਣੇ ਆਪ ਨੂੰ ਸਿਰਮੌਰ ਢਾਡੀ ਵਜੋਂ ਸਥਾਪਿਤ ਕਰਨ ਵਾਲਾ ਦਿਲਬਰ ਪੰਜਾਬ ਦੀ ਢਾਡੀ ਵਿਰਾਸਤ ਉੱਪਰ ਆਪਣੀ ਅਮਿਟ ਛਾਪ ਛੱਡ ਗਿਆ। ਢਾਡੀ ਕਲਾ ਦੇ ਖੇਤਰ ਵਿਚ ਉਸ ਨੇ ਗਿਆਨੀ ਪਾਖਰ ਸਿੰਘ, ਗਿਆਨੀ ਨਿਰੰਜਨ ਸਿੰਘ ਅਤੇ ਗਿਆਨੀ ਚੈਨ ਸਿੰਘ ਦੇ ਜਥੇ ਨਾਲ ਪ੍ਰਵੇਸ਼ ਕੀਤਾ। ਗਿਆਨੀ ਕਰਤਾਰ ਸਿੰਘ ਬੀਰਮਪੁਰ ਵਾਲਿਆਂ ਦੀ ਸੁਯੋਗ ਅਗਵਾਈ ਨੇ ਦਿਲਬਰ ਦੀ ਅੰਦਰਲੀ ਛੁਪੀ ਹੋਈ ਸਮਰੱਥਾ ਨੂੰ ਪੂਰੀ ਤਰ੍ਹਾਂ ਜਗਾ ਦਿੱਤਾ, ਜਿਸ ਦੇ ਸਦਕਾ ਜਿੱਥੇ ਉਸ ਨੇ ਗਾਉਣ ਅਤੇ ਲਿਖਣ ਵਿਚ ਅਥਾਹ ਸਮਰੱਥਾ ਗ੍ਰਹਿਣ ਕੀਤੀ, ਉਥੇ ਵਕਤਾ ਵਜੋਂ ਬੇਮਿਸਾਲ ਯੋਗਤਾ ਵੀ ਹਾਸਲ ਕਰ ਲਈ। ਲੱਖਾਂ ਦੀ ਗਿਣਤੀ ਵਿਚ ਬੈਠੇ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਦੇਣ ਦੀ ਲਾਜਵਾਬ ਕਲਾ ਦਿਲਬਰ ਦੇ ਹਿੱਸੇ ਹੀ ਆਈ। ਗੁਰ- ਇਤਿਹਾਸ ਅਤੇ ਸਿੱਖ ਇਤਿਹਾਸ ਦਾ ਵਰਣਨ ਉਸ ਦੇ ਬੋਲਾਂ ਵਿੱਚੋਂ ਝਰਨੇ ਦੇ ਪਾਣੀਆਂ ਵਾਂਗ ਫੁਟ ਤੁਰਦਾ। ਗਜ਼ਬ ਦੀ ਪੇਸ਼ਕਾਰੀ, ਇਤਿਹਾਸਕ ਵੇਰਵਿਆਂ, ਅੰਕੜਿਆਂ, ਨਾਵਾਂ-ਥਾਵਾਂ ਦਾ ਯਥਾਰਥਕ ਜ਼ਿਕਰ ਬਿਨਾਂ ਰੁਕਿਆਂ, ਬਿਨਾਂ ਉੱਕਿਆਂ, ਬਿਨਾਂ ਟਪਲਾ ਖਾਧਿਆਂ, ਬੇਰੋਕ ਇੱਕੋ ਸਾਹੇ ਬੋਲ ਜਾਣਾ ਦਿਲਬਰ ਦੇ ਹੀ ਹਿੱਸੇ ਆਇਆ। ਇਹੀ ਉਨ੍ਹਾਂ ਦੀ ਢਾਡੀ ਕਲਾ ਦਾ ਮੀਰੀ ਗੁਣ ਸੀ। ਇਹ ਸਭ ਕੁਝ ਉਸ ਦੀ ਲਾਸਾਨੀ ਯਾਦ ਸ਼ਕਤੀ ਦਾ ਸਿੱਟਾ ਸੀ। ਆਪਣੇ ਸੰਪਰਕ ਵਿਚ ਆਉਣ ਵਾਲਿਆਂ ਦਾ ਵੇਰਵਾ ਬਿਨਾਂ ਕੁਝ ਲਿਖਿਆਂ, ਬਿਨਾਂ ਉਚੇਚ ਉਸ ਦੇ ਹਿਰਦੇ ’ਤੇ ਉਕਰਿਆ ਜਾਂਦਾ। ਇਹੀ ਕਾਰਨ ਸੀ ਕਿ ਵੱਡੇ ਦੀਵਾਨਾਂ ਤੇ ਕਾਨਫਰੰਸਾਂ ਵਿਚ ਉਸ ਨੂੰ ਮੂੰਹੋਂ ਬੋਲ ਵੀ ਕੱਢਣਾ ਨਾ ਮਿਲਦਾ ਕਿਉਂਕਿ ਉਸ ਦੀ ਕਲਾ ਨੂੰ ਨਿਵਾਜਣ ਅਤੇ ਉਸ ਨੂੰ ਪਿਆਰ ਕਰਨ ਵਾਲਿਆਂ ਦਾ ਸਟੇਜ ਸਾਹਮਣੇ ਸਤਿਕਾਰ ਭੇਟ ਕਰਨ ਲਈ ਤਾਂਤਾ ਹੀ ਲੱਗ ਜਾਂਦਾ।
ਗਿਆਨੀ ਸੋਹਣ ਸਿੰਘ ਸੀਤਲ, ਗਿਆਨੀ ਪਾਲ ਸਿੰਘ ਪੰਛੀ, ਗਿਆਨੀ ਗੁਰਚਰਨ ਸਿੰਘ ਗੋਹਲਵੜ, ਭਾਈ ਰਾਮ ਸਿੰਘ ਝਾਬੇਵਾਲ, ਭਾਈ ਬਿੱਕਰ ਸਿੰਘ ਪਰਦੇਸੀ, ਗਿਆਨੀ ਮੂਲਾ ਸਿੰਘ ਪਾਖਰਪੁਰੀ, ਪੰਡਤ ਸੁੱਚਾ ਸਿੰਘ, ਗਿਆਨੀ ਨਰਾਇਣ ਸਿੰਘ ਚੰਦਨ, ਗਿਆਨੀ ਸੌਦਾਗਰ ਸਿੰਘ ਬੇਪਰਵਾਹ, ਗਿਆਨੀ ਸੁਬੇਗ ਸਿੰਘ, ਗਿਆਨੀ ਹਜ਼ਾਰਾ ਸਿੰਘ ਚੀਮਾ, ਗਿਆਨੀ ਸਰਵਣ ਸਿੰਘ ਖੈਰੜ ਅੱਛਰਵਾਲ, ਗਿਆਨੀ ਨਿਰਵੈਰ ਸਿੰਘ ਪੰਡੋਰੀ ਨਿੱਝਰਾਂ, ਗਿਆਨੀ ਅਜੀਤ ਸਿੰਘ ਸੰਧਵਾਂ ਆਦਿ ਦਿਲਬਰ ਦੇ ਸਮਕਾਲੀ ਢਾਡੀ ਸਨ। ਆਪ ਪ੍ਰਸੰਗ ਲਿਖ ਕੇ ਗਾਉਣ ਵਾਲਿਆਂ ਤੇ ਪੇਸ਼ ਕਰਨ ਵਾਲਿਆਂ ਵਿਚ ਗਿਆਨੀ ਬਿੱਕਰ ਸਿੰਘ ਪਰਦੇਸੀ ਦੇ ਭਰਾ ਗਿਆਨੀ ਕੇਵਲ ਸਿੰਘ ਕੰਵਲ, ਗਿਆਨੀ ਸੋਹਣ ਸਿੰਘ ਸੀਤਲ ਅਤੇ ਗਿਆਨੀ ਦਇਆ ਸਿੰਘ ਦਿਲਬਰ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੋਈ। ਪ੍ਰਸੰਗ ਨੂੰ ਪੇਸ਼ ਕਰਨ ਵਿਚ ਗਿਆਨੀ ਸੋਹਣ ਸਿੰਘ ਸੀਤਲ, ਗਿਆਨੀ ਸੁਬੇਗ ਸਿੰਘ, ਪੰਡਤ ਸੁੱਚਾ ਸਿੰਘ, ਭਾਈ ਰਾਮ ਸਿੰਘ ਝਾਬੇਵਾਲ ਅਤੇ ਦਿਲਬਰ ਨੇ ਵੱਖਰੀ ਪਛਾਣ ਸਥਾਪਤ ਕੀਤੀ।
ਇਤਿਹਾਸਕ ਵੇਰਵਿਆਂ ਦੀ ਪੇਸ਼ਕਾਰੀ ਦੀ ਵਿਆਖਿਆ ਦੀ ਸ਼ੈਲੀ ਨੂੰ ਦਿਲਬਰ-ਸ਼ੈਲੀ ਦੇ ਰੂਪ ਵਿਚ ਜਾਣਿਆ ਜਾਣ ਲੱਗਾ। ਦਿਲਬਰ ਦੁਆਰਾ ਲਿਖੀ, ਗਾਈ ਅਤੇ ਪੇਸ਼ ਕੀਤੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਵਾਰ ਨੂੰ ਢਾਡੀ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ। ਜਿਸ ਅੰਦਾਜ਼ ਵਿਚ ਉਸ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਚਮਕੌਰ ਸਾਹਿਬ ਦੀ ਜੰਗ ਵਿਚ ਜੂਝਣ ਤੋਂ ਪਹਿਲਾਂ ਦੇ ਦ੍ਰਿਸ਼ ਨੂੰ ਪੇਸ਼ ਕੀਤਾ ਉਸ ਦਾ ਕੋਈ ਮੁਕਾਬਲਾ ਨਹੀਂ ਅਤੇ ਜਦੋਂ ਵੀ ਦਿਲਬਰ ਇਸ ਪ੍ਰਸੰਗ ਨੂੰ ਪੇਸ਼ ਕਰਦਾ ਸਰੋਤੇ ਬਿਨਾਂ ਅੱਖ ਝਪਕੇ ਟਿਕ-ਟਿਕੀ ਲਗਾ ਕੇ ਉਸ ਦੇ ਚਿਹਰੇ ਵੱਲ ਨਿਗ੍ਹਾ ਟਿਕਾਈ ਉਸ ਦੇ ਹੋਠਾਂ ਵਿੱਚੋਂ ਪੈਂਦੀ ਸ਼ਬਦਾਂ ਦੀ ਫੁਹਾਰ ਨੂੰ ਤੱਕਦੇ ਰਹਿ ਜਾਂਦੇ। ਜਾਪਦਾ ਕਿ ਕਿਸੇ ਨੇ ਸਮੇਂ ਦੇ ਪੈਰੀਂ ਪਹਾੜ ਬੰਨ੍ਹ ਦਿੱਤਾ ਹੋਵੇ। ਸਰੋਤੇ ਚਮਕੌਰ ਸਾਹਿਬ ਦੀ ਜੰਗ ਦਾ ਹਾਲ ਹੀ ਨਹੀਂ ਸੀ ਸੁਣਦੇ ਸਗੋਂ ਜੰਗ ਦਾ ਸਮੁੱਚਾ ਨਕਸ਼ਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲਟਕ ਜਾਂਦਾ।
ਦਿਲਬਰ ਉਡਾਰੀਆਂ, ਗਾਉਂਦਾ ਦਿਲਬਰ, ਦਿਲਬਰ ਰੀਝਾਂ, ਦਿਲਬਰ ਦੇ ਗੀਤ, ਦਿਲਬਰ ਦੀ ਦੁਨੀਆਂ ਆਦਿ ਅਨੇਕਾਂ ਪੁਸਤਕਾਂ ਦੇ ਰਚੇਤਾ ਦਿਲਬਰ ਨੇ ਢਾਡੀ ਕਲਾ ਨੂੰ ਭਰਪੂਰ ਖਜ਼ਾਨਾ ਬਖਸ਼ਿਆ। ਉਸ ਨੇ ਆਪਣੇ ਸਾਕਿਆਂ ਅਤੇ ਪ੍ਰਸੰਗਾਂ ਵਿਚ ਬੈਂਤ, ਕਬਿੱਤ, ਅਲਗੋਜ਼ੇ, ਗੱਡੀ, ਕਲੀ, ਆਦਿ ਛੰਦਾਂ ਨੂੰ ਬਾਖ਼ੂਬੀ ਨਿਭਾਉਂਦਿਆਂ- “ਦਸਵੇਂ ਪਿਤਾ ਦੀ ਜੱਗ ਤੋਂ ਸ਼ਾਨ ਵੱਖਰੀ, ਰੰਗ ਨਵਾਂ ਹੈ ਉਹਦੇ ਨਗਾਰਿਆਂ ’ਤੇ” -“ਤੇਗ ਵਿੱਚੋਂ ਪੈਦਾ ਹੋਇਆ, ਗਾਤਰੇ ’ਚ ਤੇਗ ਰੱਖੇ, ਬਾਟੇ ਵਿਚ ਰਗੜ ਪੀਤਾ ਖੰਡਾ ਤੇਰੇ ਖਾਲਸੇ”-“ਉਹ ਕੋਈ ਰਾਹੀ ਤੁਰਿਆ ਜਾਂਦਾ ਬੜਾ ਅਨੋਖਾ ਏ, ਬਿਖੜੇ ਰਾਹੇ ਪੈ ਗਿਆ ਰਾਹੋਂ ਭੁੱਲ ਭੁਲਾ ਕੇ” ਵਰਗੀਆਂ ਅਨੇਕਾਂ ਸਦੀਵੀ ਢਾਡੀ ਰਚਨਾਵਾਂ ਦੀ ਸਿਰਜਣਾ ਕੀਤੀ। ਕੁਝ ਵੀ ਸਿਰਜਣ ਤੋਂ ਪਹਿਲਾਂ ਡੂੰਘੇ ਅਧਿਐਨ ਤੋਂ ਪ੍ਰਾਪਤ ਅਨੁਭਵ ਦੀ ਪੇਸ਼ਕਾਰੀ ਦਿਲਬਰ ਦੇ ਵਿਅਕਤਿਤਵ ਦਾ ਅਨੂਠਾ ਤੇ ਸ਼ਾਨਾਂਮੱਤਾ ਪੱਖ ਰਿਹਾ, ਉਸ ਨੇ ਢਾਡੀ ਜੀਵਨ ਵਿਚ ਕਦੇ ਵੀ ਕੋਈ ਅਜਿਹਾ ਪ੍ਰਸੰਗ ਨਾ ਛੋਹਿਆ ਜਿਸ ਉੱਪਰ ਪੂਰੀ ਪਕੜ ਜਾਂ ਤਿਆਰੀ ਨਾ ਹੋਵੇ, ਕੁਝ ਵੀ ਅਜਿਹਾ ਨਾ ਕਿਹਾ ਜਿਸ ਸਬੰਧੀ ਇਤਿਹਾਸਕ ਵਿਵਾਦ ਹੋਵੇ। ਸਬੱਬ ਕਿਸੇ ਗ਼ਮੀ ਦਾ ਹੋਵੇ ਜਾਂ ਖੁਸ਼ੀ ਦਾ ਧਾਰਮਿਕ ਦੀਵਾਨ ਜਾਂ ਰਾਜਨੀਤਿਕ ਕਾਨਫਰੰਸਾਂ ਆਪਣੀ ਢਾਡੀ ਕਲਾ ਦਾ ਅਮਿਟ ਪ੍ਰਭਾਵ ਪਾਉਣਾ ਦਿਲਬਰ ਦੀ ਵਿਲੱਖਣ ਪ੍ਰਾਪਤੀ ਰਹੀ।
ਸਮੇਂ ਦੀ ਤੋਰ ਨਾਲ ਅਨੇਕਾਂ ਢਾਡੀ ਉਸ ਦੇ ਜਥੇ ਵਿਚ ਸ਼ਾਮਲ ਹੁੰਦੇ ਰਹੇ ਅਤੇ ਉਸ ਤੋਂ ਵੱਖਰੇ ਵੀ ਹੁੰਦੇ ਰਹੇ। ਨਵੇਂ ਆਇਆਂ ਨੂੰ ਉਸ ਨੇ ਗਲੇ ਨਾਲ ਲਾਇਆ ਪ੍ਰੰਤੂ ਜਿਹੜਾ ਵੀ ਤੁਰ ਗਿਆ, ਉਸ ਦਾ ਪਿੱਛਾ ਨਾ ਕੀਤਾ। ਬਹੁਤਾ ਸਮਾਂ ਦਿਲਬਰ ਦੇ ਜਥੇ ਵਿਚ ਗਿਆਨੀ ਪਿਆਰਾ ਸਿੰਘ, ਗਿਆਨੀ ਦੀਦਾਰ ਸਿੰਘ, ਗਿਆਨੀ ਪ੍ਰੀਤਮ ਸਿੰਘ, ਗਿਆਨੀ ਕਿਸ਼ਨ ਸਿੰਘ, ਗਿਆਨੀ ਕਰਮ ਸਿੰਘ, ਗਿਆਨੀ ਕੁਲਦੀਪ ਸਿੰਘ ਭੁਲੇਵਾਲ, ਗਿਆਨੀ ਹਰਦੀਪ ਸਿੰਘ, ਗਿਆਨੀ ਕੰਧਾਰਾ ਸਿੰਘ, ਗਿਆਨੀ ਪਾਲ ਸਿੰਘ, ਗਿਆਨੀ ਸੇਵਾ ਸਿੰਘ ਬੈਨਾਪੁਰੀ, ਗਿਆਨੀ ਜਸਵੰਤ ਸਿੰਘ ਆਦਿ ਸ਼ਾਮਲ ਰਹੇ। ਦਿਲਬਰ ਨੇ ਇਨ੍ਹਾਂ ਸਾਥੀਆਂ ਨਾਲ ਅਨੇਕਾਂ ਪ੍ਰਸੰਗ ਕੈਸਟਾਂ ਦੇ ਰੂਪ ਵਿਚ ਸਰੋਤਿਆਂ ਨੂੰ ਭੇਟ ਕੀਤੇ, ਜਿਹੜੇ ਇਕ ਦੂਜੇ ਨਾਲੋਂ ਵੱਧ ਮਕਬੂਲ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੱਤਸਾਰ ਦੀ ਪੇਸ਼ਕਾਰੀ ਗੁਰਮਤਿ ਦੀ ਡੂੰਘੀ ਜਾਣਕਾਰੀ ਰੱਖਣ ਵਾਲਿਆਂ ਨੂੰ ਵੀ ਸੋਚਾਂ ਵਿਚ ਪਾ ਦਿੰਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਸੰਗ ਦੇ ਸਬੰਧ ਵਿਚ ਗੁਰੂ ਸਾਹਿਬ ਅਤੇ ਸਾਈਂ ਮੀਆਂ ਮੀਰ ਦੇ ਸੁਆਲ-ਜੁਆਬ ਦੀ ਵਾਰਤਾ ਦਾ ਬਦਲ ਸਮੁੱਚੀ ਢਾਡੀ ਕਲਾ ਵਿੱਚੋਂ ਲੱਭਣਾ ਅਤਿਅੰਤ ਮੁਸ਼ਕਲ ਹੈ। ਢਾਡੀ ਕਲਾ ਦੀ ਦਿਲਬਰ ਸ਼ੈਲੀ ਨੂੰ ਅਪਣਾਉਣ ਲਈ ਉਸ ਦੇ ਸਪੁੱਤਰ ਗਿਆਨੀ ਕੁਲਜੀਤ ਸਿੰਘ ਦਿਲਬਰ, ਗਿਆਨੀ ਸੁਖਵਿੰਦਰ ਸਿੰਘ, ਗਿਆਨੀ ਜਗਜੀਵਨ ਸਿੰਘ ਅਰਜਨਵਾਲ ਆਦਿ ਨੇ ਯਥਾ ਯੋਗ ਅਭਿਆਸ ਕੀਤਾ ਹੈ। ਸਮੇਂ ਦੀ ਬਦਲਦੀ ਤੋਰ ਦੇ ਅਧੀਨ ਢਾਡੀ ਜਥਿਆਂ ਵੱਲੋਂ ਢਾਡੀ ਕਲਾ ਵਿਚ ਅਨੇਕਾਂ ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ। ਨਵੇਂ ਸੰਕਲਪ ਅਤੇ ਵਿਸ਼ੇ ਛੋਹੇ ਜਾ ਰਹੇ ਹਨ। ਇਹ ਸਾਰੇ ਕਿੰਨਾ ਕੁਝ ਵੀ ਨਵਾਂ ਕਿਉਂ ਨਾ ਸਿਰਜ ਲੈਣ ਉਹ ਪੰਜਾਬ ਦੀ ਢਾਡੀ ਕਲਾ ਵਿੱਚੋਂ ਦਰਸ਼ਨ ਸਿੰਘ ਕੋਮਲ ਦਾ ਕਬਿੱਤ “ਇਹੋ ਜਿਹੀ ਹਵਾ ਛੱਡ ਆਪਣੀ ਸਮਾਧੀ ਵਿੱਚੋਂ, ਬੰਦੇ ਨੂੰ ਜਹਾਨ ਵਿਚ ਬੰਦਾ ਠੁਕਰਾਵੇ ਨਾ” ਅਤੇ ਗਿਆਨੀ ਦਇਆ ਸਿੰਘ ਦਿਲਬਰ ਦੁਆਰਾ ਰਚਿਤ ਅਤੇ ਪੇਸ਼ ਕੀਤੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਵਾਰ ਨੂੰ ਕਦੇ ਵੀ ਮਨਫੀ ਨਹੀਂ ਕਰ ਸਕਦੇ।
ਗਿਆਨੀ ਦਇਆ ਸਿੰਘ ਦਿਲਬਰ, ਸਾਦ-ਮੁਰਾਦਾ, ਮਿੱਠਬੋਲੜਾ, ਇਕਰਾਰ ਦਾ ਪੱਕਾ ਅਤੇ ਸਹਿਜ ਵਿਚ ਵਿਚਰਨ ਵਾਲਾ ਸੀ। ਉਸ ਨੂੰ ਨੀਲੀ ਦਸਤਾਰ ਨਾਲ ਅੰਤਾਂ ਦਾ ਮੋਹ ਸੀ। ਇਹ ਦਿਲਬਰ ਦੀ ਪੰਥਪ੍ਰਸਤੀ ਦਾ ਜਿਊਂਦਾ-ਜਾਗਦਾ ਪ੍ਰਮਾਣ ਸੀ। ਉਹ ਕਿਸੇ ਪੰਥਕ ਆਗੂ ਤੋਂ ਘੱਟ ਵੀ ਨਹੀਂ ਸੀ। ਪੰਥ ਪ੍ਰਤੀ ਪਿਆਰ ਦਾ ਜਜ਼ਬਾ ਉਸ ਦੇ ਰੋਮ-ਰੋਮ ਵਿਚ ਸਮਾਇਆ ਹੋਇਆ ਸੀ। ਵੱਡੇ ਪੰਥਕ ਦੀਵਾਨ, ਜੋੜ-ਮੇਲੇ, ਕਾਨਫਰੰਸਾਂ, ਦਿਲਬਰ ਤੋਂ ਬਿਨਾਂ ਅਧੂਰੇ ਜਾਪਦੇ। ਦਿਲਬਰ ਦੇ ਬੋਲ ਸ੍ਰੋਤਿਆਂ ਦੇ ਦਿਲਾਂ ਦੇ ਧੁਰ ਅੰਦਰ ਲਹਿ ਜਾਂਦੇ। ਨਵਾਂ ਜੋਸ਼ ਅੰਗੜਾਈਆਂ ਲੈਣ ਲੱਗ ਪੈਂਦਾ। ਕਈ ਵਾਰ ਜੋ ਪ੍ਰਭਾਵ ਸਾਰੇ ਪੰਥਕ ਆਗੂ ਸਿਰਜਣ ਦਾ ਯਤਨ ਕਰਦੇ, ਉਹ ਇਕੱਲਾ ਦਿਲਬਰ ਹੀ ਸਿਰਜ ਦਿੰਦਾ। ਸੱਚ ਕਹਿਣ ਦੀ ਦਲੇਰੀ ਦੀ ਕੀਮਤ ਉਸ ਨੂੰ ਸਾਕਾ ਨੀਲਾ ਤਾਰਾ ਤੋਂ ਬਾਅਦ 2 ਸਾਲ 8 ਮਹੀਨੇ 27 ਦਿਨ ਜੇਲ੍ਹ ਵਿਚ ਰਹਿ ਕੇ ਤਾਰਨੀ ਪਈ। ਪੰਜਾਬੀ ਸੂਬਾ ਮੋਰਚਾ ਅਤੇ ਐਮਰਜੈਂਸੀ ਦੌਰਾਨ ਦਿਲਬਰ ਦੀ ਜੇਲ੍ਹ ਯਾਤਰਾ ਉਸ ਦੀ ਪੰਥਪ੍ਰਸਤੀ ਅਤੇ ਪੰਜਾਬ ਦੀ ਧਰਤੀ ਦੇ ਮੋਹ ਦਾ ਹੀ ਪ੍ਰਮਾਣ ਸੀ। ਉਸ ਨੇ ਢਾਡੀ ਕਲਾ ਨੂੰ ਸਿਰਫ ਉਪਜੀਵਕਾ ਤਕ ਹੀ ਸੀਮਤ ਨਹੀਂ ਰਹਿਣ ਦਿੱਤਾ। 56 ਸਾਲ ਢਾਡੀ ਦੇ ਰੂਪ ਵਿਚ ਉਸ ਨੇ ਦੇਸ਼-ਵਿਦੇਸ਼ ਵਿਚ ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਉਸ ਨੂੰ ਅਨੇਕਾਂ ਸਭਾ, ਸੋਸਾਇਟੀਆਂ, ਸੰਪਰਦਾਵਾਂ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ‘ਸ਼੍ਰੋਮਣੀ ਢਾਡੀ’ ਦਾ ਪੁਰਸਕਾਰ ਦਿੱਤਾ। ਉਸ ਲਈ ਸਭ ਤੋਂ ਵੱਡਾ ਸਤਿਕਾਰ, ਲੱਖਾਂ ਲੋਕਾਂ ਦਾ ਸਪਸ਼ਟ ਅਤੇ ਮੂਕ ਪਿਆਰ ਤੇ ਅਪਣੱਤ ਸੀ। ਦਿਲਬਰ ਨੇ ਆਪਣੀ ਟੇਕ ਸੰਗਤ ਅਤੇ ਸਰੋਤੇ ਉੱਪਰ ਹੀ ਰੱਖੀ। ਸਰਕਾਰ ਕੀ ਸੋਚ ਰਹੀ ਹੈ, ਕੀ ਕਰ ਰਹੀ ਹੈ, ਇਸ ਬਾਰੇ ਵਧੇਰੇ ਫਿਕਰ ਨਹੀਂ ਕੀਤਾ। ਸਰਕਾਰ ਦੀ ਢਾਡੀ ਕਲਾ ਪ੍ਰਤੀ ਅਣਗਹਿਲੀ ਦੀ ਇਕ ਹੀ ਉਦਾਹਰਣ ਨੇ ਦਿਲਬਰ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਸੀ, ਜਦੋਂ ਸਵਰਗੀ ਸੌਦਾਗਰ ਸਿੰਘ ਬੇਪਰਵਾਹ ਢਾਡੀ ਨੂੰ ਸਰਕਾਰ ਨੇ ਜਿਊਂਦਾ ਜਾਣ ਕੇ ਇਨਾਮ ਦੇਣ ਲਈ ਅਵਾਜ਼ ਦਿੱਤੀ।
ਦਿਲਬਰ, ਦਿਲਬਰ ਹੀ ਸੀ। ਦਇਆ ਸਿੰਘ ਪੈਦਾ ਹੋ ਸਕਦੇ ਹਨ ਪਰ ਦਇਆ ਸਿੰਘ ਦਿਲਬਰ ਦਾ ਬਦਲ ਲੱਭਣਾ ਕੋਈ ਸੌਖਾ ਅਮਲ ਨਹੀਂ ਹੋਵੇਗਾ। ਉਸ ਨੇ ਸਿੱਖ ਇਤਿਹਾਸ ਅਤੇ ਗੁਰਮਤਿ ਚਿੰਤਨ ਨੂੰ ਇਕਸੁਰ ਕਰ ਕੇ ਪੂਰੀ ਵਚਨਬੱਧਤਾ ਨਾਲ ਕਾਰਜਸ਼ੀਲ ਰਹਿੰਦਿਆਂ ਮਹਾਨ ਕਲਾਤਮਿਕ ਪ੍ਰਾਪਤੀਆਂ ਕੀਤੀਆਂ। ਤਿੰਨ ਪੀੜ੍ਹੀਆਂ ਤਕ ਦੇ ਲੋਕਾਂ ਦੇ ਦਿਲਾਂ ਦੇ ਤਖਤ ’ਤੇ ਰਾਜ ਕਰਨਾ ਇਸ ਕਰਮਯੋਗੀ ਦੀ ਪ੍ਰਾਪਤੀ ਸੀ। 9 ਨਵੰਬਰ 1930 ਈ. ਨੂੰ ਪਿਤਾ ਸ. ਈਸ਼ਰ ਸਿੰਘ ਅਤੇ ਮਾਤਾ ਗੁਲਾਬ ਕੌਰ ਦੀ ਕੁੱਖੋਂ ਜਨਮ ਲੈ ਕੇ ਜੀਵਨ ਦੇ 76 ਸਾਲਾਂ ਵਿੱਚੋਂ 56 ਸਾਲ ਢਾਡੀ ਕਲਾ ਨੂੰ ਅਰਪਣ ਕਰ ਕੇ ਲੋਕ ਦਿਲਾਂ ’ਚ ਰਾਜ ਕਰਨ ਵਾਲਾ ਪੰਥਕ ਸਟੇਜਾਂ ਦਾ ਸ਼ਿੰਗਾਰ, ਸ਼ਬਦਾਂ ਦਾ ਚਿਤੇਰਾ, ਗੁਰੂ ਇਤਿਹਾਸ ਦਾ ਖੋਜੀ, ਸਿੱਖ ਇਤਿਹਾਸ ਦਾ ਪਾਰਖੂ, ਬੋਲਾਂ ਦਾ ਜਾਦੂਗਰ, ਗਰਜਵੇਂ ਬੋਲਾਂ ਵਾਲਾ, ਸਾਦ-ਮੁਰਾਦੀ ਜੀਵਨ-ਜਾਚ ਵਾਲਾ ਦਰਵੇਸ਼, ਗੁਰੂ ਦਾ ਸੱਚਾ-ਸੁੱਚਾ ਸਿੱਖ, ਸਿਦਕਵਾਨ, ਅਣਖੀਲਾ, ਬਚਨਾਂ ਦਾ ਬਲੀ, ਨਿਵ ਕੇ ਚੱਲਣ ਵਾਲਾ, ਆਪਾ-ਮਾਰੂ ਇਨਸਾਨ ਲਗਾਤਾਰ 56 ਸਾਲ ਸਟੇਜਾਂ ਤੋਂ ਮਿਲੇ ਹੋਏ ਨਿਰਧਾਰਤ ਸਮੇਂ ਦੇ ਆਖਰੀ ਛਿਣਾਂ ਵਿਚ “ਹੁਣ ਸਾਡੇ ਸਮੇਂ ਦੀ ਸਮਾਪਤੀ ਹੈ” ਵਾਲਾ ਵਾਕ ਬੋਲਣ ਵਾਲਾ ਦਿਲਬਰ 14 ਮਾਘ ਸੰਮਤ ਨਾਨਕਸ਼ਾਹੀ 537 (26 ਜਨਵਰੀ 2006) ਦੀ ਸਵੇਰ ਨੂੰ ਇਹ ਵਾਕ ਦੁਹਰਾ ਕੇ ਸਦਾ ਲਈ ਖਾਮੋਸ਼ ਹੋ ਗਿਆ।
ਲੇਖਕ ਬਾਰੇ
ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ, ਜਲੰਧਰ
- ਹੋਰ ਲੇਖ ਉਪਲੱਭਧ ਨਹੀਂ ਹਨ