editor@sikharchives.org

ਜ਼ਫ਼ਰਨਾਮਾ-ਇਕ ਕ੍ਰਿਸ਼ਮਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, “ਔਰੰਗਜ਼ੇਬ! ਉਹ ਖ਼ੁਦਾ ਸੂਝ-ਬੂਝ ਦਾ ਮਾਲਕ ਹੈ, ਖ਼ੁਦਾ ਨਿਆਸਰਿਆਂ ਦਾ ਆਸਰਾ ਬਣਦਾ ਹੈ, ਜਿਸ ਦਾ ਕੋਈ ਨਹੀਂ ਹੁੰਦਾ, ਉਸ ਦਾ ਰੱਬ ਹੁੰਦਾ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਬਾਦਸ਼ਾਹ ਔਰੰਗਜ਼ੇਬ ਕੱਟੜ ਤੇ ਜ਼ਾਲਮ ਹੋਣ ’ਤੇ ਵੀ ਆਪਣੇ ਆਪ ਨੂੰ ਧਰਮ ਦਾ ਰਖਵਾਲਾ ਤੇ ਅੱਲ੍ਹਾ ਦਾ ਬੰਦਾ ਕਹਾਉਣ ਵਾਲਾ ਮਈਨੂਦੀਨ ਤੋਂ ਔਰੰਗਜ਼ੇਬ ਬਣਿਆ। ਔਰੰਗ+ਜ਼ੇਬ, ਔਰੰਗ ਦਾ ਮਤਲਬ ‘ਤਖ਼ਤ ਦੀ ਸ਼ਾਨ-ਏ-ਸ਼ੌਕਤ’, ਜ਼ੇਬ ਦਾ ਮਤਲਬ ‘ਕੁੱਲ ਦੁਨੀਆਂ ਦਾ ਵਾਲ਼ੀ’। ਰਾਜ ਹੰਕਾਰ ਉਸ ਲਈ ਜਹੰਨਮ (ਨਰਕ) ਦਾ ਟਿਕਟ ਬਣਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਪੱਤਰ ‘ਜ਼ਫ਼ਰਨਾਮਾ’ ਪਿੰਡ ਦੀਨਾ ਕਾਂਗੜ ਤੋਂ ਲਿਖਿਆ। ਇਹ ਪੱਤਰ ਭਾਈ ਦਇਆ ਸਿੰਘ ਜੀ ਹੋਰ ਸਿੰਘਾਂ ਸਮੇਤ ਦੱਖਣ ਵਿਚ ਔਰੰਗਾਬਾਦ ਔਰੰਗਜ਼ੇਬ ਦੀ ਲੜਕੀ ਜੇਬਉਲਨਿਸਾ ਨੂੰ ਫੜਾ ਆਏ, ਇਹ ਸਿੰਘਾਂ ਦਾ ਦੂਸਰੀ ਵਾਰ ਆਉਣਾ ਸੀ। ਔਰੰਗਜ਼ੇਬ ਇਸ ਵਾਰ ਵੀ ਨਾ ਮਿਲਿਆ। ਜਦੋਂ ਔਰੰਗਜ਼ੇਬ ਆਪਣੇ ਟਿਕਾਣੇ ’ਤੇ ਵਾਪਸ ਆਇਆ ਤਾਂ ਲੜਕੀ ਜੇਬਉਲਨਿਸਾ ਨੇ ਪੱਤਰ ਬਾਰੇ ਦੱਸਿਆ ਤੇ ਪੜ੍ਹ ਕੇ ਸੁਣਾਇਆ। ਜਿਸ ਨੂੰ ਸੁਣ ਕੇ ਔਰੰਗਜ਼ੇਬ ਦਾ ਜੁਰਮ ਪਛਤਾਵਾ ਬਣ ਕੇ ਦਿਮਾਗ਼ ’ਤੇ ਬੋਝ ਬਣ ਗਿਆ। ਇਸ ਪੱਤਰ ਵਿਚ ਔਰੰਗਜ਼ੇਬ ਦੀ ਫੋਕੀ ਇਮਾਨਦਾਰੀ ਨੂੰ ਜ਼ਾਹਰ ਕੀਤਾ ਤੇ ਗੁਰੂ ਜੀ ਦੀ ਜਿੱਤ, ਚੜ੍ਹਦੀ ਕਲਾ, ਸੱਚਾਈ ਤੇ ਭਲਾਈ ਲਈ ਜੱਦੋ-ਜਹਿਦ ਹੈ, ਇਤਿਹਾਸਕ ਸੋਚ ਤੇ ਰਾਜਨੀਤਿਕ ਵੰਗਾਰ ਅਤੇ ਔਰੰਗਜ਼ੇਬ ਨੂੰ ਖ਼ੁਦਾ ਦੀ ਅਸਲੀਅਤ ਤੋਂ ਜਾਣੂ ਕਰਵਾਉਣਾ ਹੈ। ਗੁਰੂ ਜੀ ਦੀ ਇਹ ਰਚਨਾ ਫ਼ਾਰਸੀ ਭਾਸ਼ਾ ਵਿਚ ਹੈ। ‘ਜ਼ਫ਼ਰਨਾਮਾ’ ਪੱਤਰ ਵਿਚ ਔਰੰਗਜ਼ੇਬ ਨੂੰ ਖ਼ੁਦਾ ਯਾਦ ਕਰਵਾਉਂਦਿਆਂ ਕਿਹਾ ਗਿਆ ਹੈ, “ਔਰੰਗਜ਼ੇਬ! ਅੁਹ ਖ਼ੁਦਾ ਵਿਲੱਖਣ ਸ਼ਕਤੀਆਂ ਦਾ ਮਾਲਕ ਹੈ। ਜੋ ਉਸ ਨੂੰ ਦਿਲੋਂ ਮੰਨਦਾ ਹੈ, ਉਸ ਨੂੰ ਤਸੱਲੀ ਦਿੰਦਾ ਹੈ, ਰਿਜ਼ਕ ਦਿੰਦਾ ਹੈ, ਤੰਗੀਆਂ ਦੂਰ ਕਰਦਾ ਹੈ, ਰਹਿਮ ਕਰਨ ਵਾਲਾ ਹੈ, ਉਹ ਖ਼ੁਦ ਮਨਮੋਹਣਾ ਹੈ, ਹਰ ਇਕ ਦੇ ਪਸੰਦ ਆਉਣ ਵਾਲਾ ਹੈ, ਉਸ ਜਿਹਾ ਹੋਰ ਕੋਈ ਨਹੀਂ। ਉਸ ਕੋਲ ਕੋਈ ਸਾਜ਼ ਨਹੀਂ, ਸ਼ਸਤਰ ਨਹੀਂ, ਸਾਮਾਨ ਨਹੀਂ, ਨਾ ਹੀ ਕੋਈ ਫੌਜ ਹੈ, ਨਾ ਹੀ ਕੋਈ ਵਿਖਾਵੇ ਲਈ ਸ਼ਾਨ-ਓ-ਸ਼ੌਕਤ ਹੈ, ਨਾ ਹੀ ਕੋਈ ਵੇਖਣ ਲਈ ਐਸ਼-ਆਰਾਮ ਹੈ। ਕੁਝ ਵੀ ਹੈ, ਉਸ ਦੀ ਸ਼ਾਨ ਵੱਖਰੀ ਹੈ, ਉਹ ਸੁਖ ਦਿੰਦਾ ਹੈ, ਜੰਨਤ (ਸਵਰਗ) ਦੇ ਸੁਖ। ਉਸ ਵਰਗਾ ਕੋਈ ਨਹੀਂ, ਉਹ ਬਹੁਤ ਤਾਕਤਵਰ ਹੈ, ਹਰ ਸਮੇਂ ਜੱਗ ਜ਼ਾਹਰ ਹੈ, ਹਰ ਥਾਂ ’ਤੇ ਹੈ। ਉਹ ਆਪਣੀ ਹੀ ਕਿਸਮ ਦੇ ਇਨਾਮਾਂ ਦੀ ਬਖਸ਼ਿਸ਼ ਕਰਦਾ ਹੈ, ਉਹ ਪਾਕਿ ਸਾਫ਼ ਹੈ, ਉਹ ਅਤਿ ਸੁੰਦਰ ਹੈ।”

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, “ਔਰੰਗਜ਼ੇਬ! ਉਹ ਖ਼ੁਦਾ ਸੂਝ-ਬੂਝ ਦਾ ਮਾਲਕ ਹੈ, ਖ਼ੁਦਾ ਨਿਆਸਰਿਆਂ ਦਾ ਆਸਰਾ ਬਣਦਾ ਹੈ, ਜਿਸ ਦਾ ਕੋਈ ਨਹੀਂ ਹੁੰਦਾ, ਉਸ ਦਾ ਰੱਬ ਹੁੰਦਾ ਹੈ। ਦੁਸ਼ਮਣ ਦੇ ਮਨ ਨੂੰ ਪਿਘਲਾ ਦਿੰਦਾ ਹੈ, ਉਹ ਖ਼ੁਦਾ ਕੌਮ ਦੀ ਪਾਲਣਾ ਕਰਦਾ ਹੈ। ਕੁਰਾਨ ਮਜੀਦ ਦੀ ਸਾਰੀ ਜਾਣਕਾਰੀ ਤੇ ਕੁਰਾਨ ਬਖਸ਼ਿਸ਼ ਕਰਨ ਵਾਲਾ ਆਲਮ ਹੈ। ਉਹ ਗਿਆਨ ਦਾ ਭੰਡਾਰ ਹੈ। ਸੂਝ-ਬੂਝ ਦਾ ਮਾਲਕ ਹੈ, ਕੁੱਲ ਦੁਨੀਆਂ ਦੇ ਧਾਰਮਿਕ ਤੱਥਾਂ ਨੂੰ ਪਹਿਚਾਣਦਾ ਹੈ। ਦੁਨਿਆਵੀ ਕੰਮਾਂ-ਕਾਰਾਂ ਦੀ ਗੁੰਝਲ ਖੋਲ੍ਹਦਾ ਹੈ, ਜੋ ਉਸ ਦੇ ਭਾਣੇ ਵਿਚ ਰਹਿ ਕੇ ਕੰਮ ਕਰਦਾ ਹੈ, ਉਸ ਦੇ ਕੰਮ ਉਹ ਖ਼ੁਦਾ ਆਪ ਕਰਦਾ ਹੈ। ਉਹ ਇਸ ਦੁਨੀਆਂ ਦੇ ਕਣ-ਕਣ ਵਿਚ ਮੌਜੂਦ ਹੈ।”

ਔਰੰਗਜ਼ੇਬ ਨੂੰ ਵੰਗਾਰ :

ਇਸ ਮਹਾਨ ਪੱਤਰ ‘ਜ਼ਫ਼ਰਨਾਮਾ’ ਵਿਚ ਔਰੰਗਜ਼ੇਬ ਨੂੰ ਵੰਗਾਰਿਆ ਹੈ। ਔਰੰਗਜ਼ੇਬ! ਮੈਨੂੰ ਤੇਰੀ ਇਸ ਕਸਮ ’ਤੇ ਕੋਈ ਭਰੋਸਾ ਨਹੀਂ। ਮੈਨੂੰ ਤੇਰੇ ਅਤੇ ਤੇਰੇ ਝੂਠੇ ਅਹੁਦੇਦਾਰਾਂ ’ਤੇ ਕੋਈ ਇਤਬਾਰ ਨਹੀਂ। ਤੁਸੀਂ ਸਭ ਝੂਠੇ ਹੋ। ਔਰੰਗਜ਼ੇਬ! ਜੋ ਤੇਰੀ ਸਹੁੰ ’ਤੇ ਭਰੋਸਾ ਕਰੇਗਾ ਉਹ ਹਸ਼ਰ ਦੇ ਦਿਨ ਖੱਜਲ ਖਵਾਰ ਹੋਵੇਗਾ। ਜੋ ਆਦਮੀ ਸ਼ੇਰ ਦੀ ਪਨਾਹ ਵਿਚ ਆ ਜਾਵੇ, ਉਸ ਨੂੰ ਭੇਡਾਂ-ਬੱਕਰੀਆਂ ਦਾ ਕੋਈ ਡਰ ਨਹੀਂ ਰਹਿੰਦਾ। ਤੂੰ ਕੁਰਾਨ ਦੀ ਕਸਮ ਖਾ ਕੇ ਵੀ, ਕਸਮ ਤੋੜ ਗਿਆਂ, ਤੈਨੂੰ ਖ਼ੁਦਾ ਨਾਲ ਪਿਆਰ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ:

ਬ ਮੁਸਹਫ਼ ਕਸਮ ਖੁਫ਼ੀਆ ਗਰ ਖੁਰਦਮੇਂ॥
ਨਾ ਯਕ ਗਾਮਹਮ ਪੇਸ ਅਜਾਂ ਬੁਰਦ ਮੇ॥18॥ (ਜ਼ਫ਼ਰਨਾਮਾ)

ਔਰੰਗਜ਼ੇਬ! ਜੇ ਮੈਂ ਕੁਰਾਨ ਦੀ ਕਸਮ ਪਰਦੇ ਅੰਦਰ (ਚੋਰੀ ਛੁਪੇ) ਵੀ ਖਾ ਲੈਂਦਾ ਤਾਂ ਕਿਸੇ ਹਾਲਤ ਵੀ ਨਾ ਤੋੜਦਾ। ਤੇਰੇ ਸਿਰ ’ਤੇ ਕੁਰਾਨ ਦੀ ਕਸਮ ਦਾ ਭਾਰ ਹੈ।

ਚਮਕੌਰ ਸਾਹਿਬ ਦੀ ਜੰਗ ਦਾ ਅੱਖੀਂ ਡਿੱਠਾ ਹਾਲ :

ਔਰੰਗਜ਼ੇਬ! ਤੇਰੀ ਫੌਜ ਦੇ ਸੂਬੇਦਾਰ ਤੇ ਅਹੁਦੇਦਾਰ ਇਕਦਮ ਤਲਵਾਰਾਂ ਤੇ ਬੰਦੂਕਾਂ ਲੈ ਕੇ ਆ ਗਏ ਤਾਂ ਮੈਨੂੰ ਮਜਬੂਰ ਹੋ ਕੇ ਤੀਰ ਕਮਾਨ ਸੰਭਾਲ ਕੇ ਤਦਬੀਰ ਨਾਲ ਮੈਦਾਨ ਵੱਲ ਵੇਖਣਾ ਪਿਆ,। ਜਿਸ ਸਮੇਂ ਸਭ ਕੋਸ਼ਿਸ਼ਾਂ ਖ਼ਤਮ ਹੋ ਜਾਣ ਉਸ ਵੇਲੇ ਤਲਵਾਰ ਹੱਥ ਵਿਚ ਚੁੱਕਣੀ ਜਾਇਜ਼ ਹੈ। ਔਰੰਗਜ਼ੇਬ! ਤੇਰੇ ਸੂਬੇਦਾਰਾਂ ਤੇ ਅਹੁਦੇਦਾਰਾਂ ਨੇ ਆਪਣੇ ਮੱਖੀ ਰੰਗੀ ਕਾਲੀ ਸਿਆਹ ਵਰਦੀ ਵਾਲੇ ਸਿਪਾਹੀਆਂ ਨਾਲ ਕੱਚੀ ਹਵੇਲੀ ਨੂੰ ਤਿੰਨ ਪਾਸਿਆਂ ਤੋਂ ਘੇਰ ਲਿਆ। ਘੇਰਾ ਦੂਰੋਂ ਹੀ ਸੀ। ਪਰ ਜੇ ਕੋਈ ਯੋਧਾ ਮੈਦਾਨ ’ਚ ਆਉਂਦਾ ਤਾਂ ਇਕ ਤੀਰ ਖਾਂਦੇ ਹੀ ਖੂਨ ’ਚ ਗਰਕ ਹੋ ਜਾਂਦਾ ਸੀ ਤੇ ਮਰ ਜਾਂਦਾ ਸੀ। ਜੋ ਤੇਰੇ ਸੂਰਮੇ ਬਾਹਰ ਖੜ੍ਹੇ ਸ਼ੇਖੀਆਂ ਮਾਰਦੇ ਸੀ ਉਹ ਸਾਹਮਣੇ ਨਹੀਂ ਆਏ। ਹਾਂ ਔਰੰਗਜ਼ੇਬ! ਇਕ ਪਠਾਣ ਯੋਧਾ ਬਹੁਤ ਤੇਜ਼ ਰਫ਼ਤਾਰ ਨਾਲ ਆਇਆ ਜਿਸ ਨੇ ਕੁਝ ਹਮਲੇ ਬਹਾਦਰੀ ਨਾਲ ਕੀਤੇ। ਅਖ਼ੀਰ ਦੋ ਆਦਮੀਆਂ ਨਾਲ ਬਹਾਦਰੀ ਨਾਲ ਲੜਦਾ ਹੋਇਆ ਦੋ ਆਦਮੀ ਵੀ ਮਾਰ ਗਿਆ ਤੇ ਆਪ ਵੀ ਮਰ ਗਿਆ। ਇਕ ਤੇਰਾ ਸ਼ੇਖੀਆਂ ਮਾਰਨ ਵਾਲਾ ਯੋਧਾ ਜਫ਼ਰਬੇਗ ਜੰਗ ਦੇ ਮੈਦਾਨ ’ਚ ਨਹੀਂ ਆਇਆ। ਜੇ ਆ ਜਾਂਦਾ ਤਾਂ ਉਸ ਨੂੰ ਵੀ ਇਕ ਤੀਰ ਬਖਸ਼ ਦਿੰਦੇ। ਦੋਨਾਂ ਪਾਸਿਆਂ ਤੋਂ ਤੀਰਾਂ ਤੇ ਗੋਲੀਆਂ ਦੀ ਵਾਛੜ ਹੋ ਰਹੀ ਸੀ। ਜਿਸ ਨਾਲ ਕਾਫ਼ੀ ਜਵਾਨ ਜ਼ਖ਼ਮੀ ਹੋ ਗਏ ਤੇ ਬਹੁਤ ਸਾਰੇ ਮੌਤ ਦੇ ਘਾਟ ਉਤਰ ਗਏ। ਧਰਤੀ ਦਾ ਰੰਗ ਲਾਲ ਸੂਹਾ ਹੋ ਗਿਆ ਸੀ। ਸਿਰ, ਪੈਰ, ਬਾਹਵਾਂ, ਲੱਤਾਂ ਖਿੱਦੋ ਖੁੰਡੀਆਂ ਵਾਂਗ ਪਏ ਸੀ। ਤੀਰਾਂ ਦੀ ਸਰ ਸਰ ਦੀ ਆਵਾਜ਼ ਨਾਲ ਮੈਦਾਨ ’ਚ ਸਨਾਟਾ ਛਾ ਗਿਆ। ਚੀਖ ਚਿਹਾੜਾ ਪੈ ਗਿਆ। ਫੇਰ ਈਰਖਾ ਕਰਨ ਵਾਲੇ ਦੁਸ਼ਮਣਾਂ ਵਿਚ ਹਾਹਾਕਾਰ ਮੱਚ ਗਈ। ਵੱਡੇ ਬਹਾਦਰਾਂ ਦੇ ਹੋਸ਼ ਗੁੰਮ ਹੋ ਗਏ, ਡਰ ਗਏ। ਪਰ ਔਰੰਗਜ਼ੇਬ! ਤੂੰ ਸੋਚ, ਚਾਲ੍ਹੀ ਆਦਮੀਆਂ ਦੀ ਇਕੱਲੀ ਬਹਾਦਰੀ ਵੀ ਕੀ ਕਰ ਸਕਦੀ ਹੈ? ਜੇ ਉਨ੍ਹਾਂ ਉੱਪਰ ਅਣਗਿਣਤ, ਲੱਖਾਂ ਦੀ ਗਿਣਤੀ ’ਚ ਪੈ ਜਾਣ। ਪਰ ਫਿਰ ਵੀ ਮੇਰੇ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ। ਸੁਣ! ਮੈਂ ਸਭ ਨੂੰ ਲਲਕਾਰ ਕੇ ਹਵੇਲੀ ਵਿੱਚੋਂ ਬਾਹਰ ਆਇਆ ਹਾਂ ਤਾਂ ਮੇਰਾ ਵਾਲ ਵੀ ਵਿੰਗਾ ਨਹੀਂ ਹੋਇਆ। ਉਸ ਖ਼ੁਦਾ ਨੇ ਮੈਨੂੰ ਆਪ ਬਾਹਰ ਕੱਢ ਲਿਆ। ਮੈਨੂੰ ਇਹ ਨਹੀਂ ਪਤਾ ਸੀ ਕਿ ਤੂੰ ਤੇ ਤੇਰੇ ਆਦਮੀ ਈਮਾਨ ਤੋੜਨ ਵਾਲੇ ਹੋ। ਕੁਰਾਨ ਦੀਆਂ ਝੂਠੀਆਂ ਕਸਮਾਂ ਖਾਣ ਵਾਲੇ ਹੋ, ਅਧਰਮੀ ਹੋ। ਤੂੰ ਔਰੰਗਜ਼ੇਬ! ਅੰਗਿਆਰਿਆਂ ਨੂੰ ਬੁਝਾ ਕੇ ਕੀ ਬਹਾਦਰੀ ਕੀਤੀ ਹੈ, ਇਸ ਨਾਲ ਤਾਂ ਹੋਰ ਅੱਗ ਭੜਕ ਗਈ। ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਵਾ ਕੇ ਸ਼ੇਖੀਆਂ ਮਾਰਦਾ ਹੈਂ, ਮੇਰਾ ਪੇਚੀਦਾ ਖਾਲਸਾ ਅਜੇ ਬਾਕੀ ਹੈ, ਜੋ ਤੇਰੇ ਘੋੜੇ ਦੇ ਨਲਾਂ ਥੱਲੇ ਅੱਗ ਬਾਲ ਦੇਵੇਗਾ। ਤੂੰ ਆਪਣਾ ਗਵਾਹ ਆਪ ਹੀ ਹੋਵੇਂਗਾ। ਓ ਔਰੰਗਜ਼ੇਬ! ਹੁਣ ਤੂੰ ਲੱਕ ਬੰਨ੍ਹ ਕੇ ਕਾਂਗੜ ਪਿੰਡ ਨੂੰ ਆ। ਜਿਸ ਦਿਨ ਤੂੰ ਮੇਰੇ ਕੋਲ ਆਵੇਂਗਾ, ਤੈਨੂੰ ਕੋਈ ਖ਼ਤਰਾ ਨਹੀਂ। ਮੇਰੇ ਸਿੱਖ ਤੈਨੂੰ ਕੁਝ ਨਹੀਂ ਕਹਿਣਗੇ। ਇਸ ਕੰਮ ਵਿਚ ਖ਼ੁਦਾ ਤੇਰੀ ਮਦਦ ਕਰੇਗਾ। ਧਰਮ ਦੇ ਕੰਮ ਕਰਨੇ, ਖ਼ੁਦਾ ’ਤੇ ਯਕੀਨ ਰੱਖਣਾ ਚੰਗੇ ਕੰਮ ਹਨ, ਤੂੰ ਰੱਬ ਨੂੰ ਪਛਾਨਣ ਵਾਲਾ ਨਹੀਂ, ਤੈਂ ਦਿਲ ਦੁਖਾਉਣ ਵਾਲੇ ਕੰਮ ਕੀਤੇ ਹਨ। ਮੈਂ ਤੇਰੇ ਕੋਲ ਨਹੀਂ ਆਵਾਂਗਾ। ਤੂੰ ਆਪਣੇ ਆਪ ਨੂੰ ਵੱਡਾ ਦੌਲਤ ਵਾਲਾ ਤੇ ਰਾਜ-ਭਾਗ ਵਾਲਾ ਸਮਝਦਾ ਹੈਂ। ਪਰ ਧਰਮ ਵਿਚ ਇਨ੍ਹਾਂ ਚੀਜ਼ਾਂ ਨੂੰ ਕੋਈ ਥਾਂ ਨਹੀਂ। ਤੂੰ ਖ਼ੁਦਾ ਦਾ ਸ਼ੁਕਰ ਅਦਾ ਕਰ। ਤੂੰ ਫੁਰਤੀਲੇ ਹੱਥਾਂ ਵਾਲਾ ਤੇ ਹੁਸਨ ਦਾ ਮਾਲਕ ਹੈਂ, ਦੁਨਿਆਵੀ ਜ਼ਮੀਰ ਤੇਰੀ ਰੌਸ਼ਨ ਹੈ। ਜਗੀਰਾਂ ਵੰਡਣ ਵਾਲਾ ਤੇ ਬਨਾਉਟੀ ਸ਼ਾਨੋ-ਸ਼ੌਕਤ ਦਾ ਮਾਲਕ ਹੈਂ ਪਰ ਔਰੰਗਜ਼ੇਬ! ਤੂੰ ਸ਼ੈਤਾਨ ਬਹੁਤ ਹੈਂ। ਖ਼ੁਦਾ ਪਾਕ ਦਾ ਨੇਕ ਅਸੂਲ ਹੈ ਕਿ ਉਹ ਇਕ ਕੋਲੋਂ ਲੱਖਾਂ ਨੂੰ ਮਰਵਾ ਦਿੰਦਾ ਹੈ। ਸੋਚ ਔਰੰਗਜ਼ੇਬ! ਸੋਚ, ਦੁਸ਼ਮਣ ਕੀ ਕਰ ਸਕਦਾ ਹੈ? ਜਦੋਂ ਦੋਸਤ ਖ਼ੁਦਾ ਹੋਵੇ, ਉਹ ਸਭ ਨੂੰ ਬਖਸ਼ਿਸ਼ਾਂ ਕਰਦਾ ਹੈ, ਰਿਹਾਈ ਦਿੰਦਾ, ਸੱਚਾ-ਸੁੱਚਾ ਰਾਹ ਵਿਖਾਉਂਦਾ ਹੈ, ਚੰਗਾ ਰਾਹ। ਜੰਗ ਦੇ ਮੈਦਾਨ ਅੰਦਰ ਦੁਸ਼ਮਣ ਨੂੰ ਬੇ-ਅਕਲ ਤੇ ਅੰਨ੍ਹਾ ਕਰ ਦਿੰਦਾ ਹੈ, ਹੱਥ ਦੇ ਕੇ ਬਚਾ ਲੈਂਦਾ ਹੈ। ਜੋ ਦਿਲ-ਜਾਨ ਨਾਲ ਖ਼ੁਦਾ ਦੀ ਸੇਵਾ ਵਿਚ ਆਉਂਦਾ ਹੈ, ਖ਼ੁਦਾਵੰਦ ਕਰੀਮ-ਏ-ਪਾਕ ਉਸ ਦੀ ਰੱਖਿਆ ਕਰਦਾ ਹੈ। ਜਦੋਂ ਦੁਸ਼ਮਣ ਬਹਾਨੇਬਾਜ਼ੀ ਕਰਦਾ ਹੈ ਤਾਂ ਖ਼ੁਦਾ ਭਲੇ ਲੋਕਾਂ ਦੀ ਰੱਖਿਆ ਕਰਦਾ ਹੈ। ਤੂੰ ਗਾਫ਼ਲ ਨਾ ਹੋ, ਦੁਨੀਆਂ ਇਕ ਸ਼ਤਰੰਜ ਦੀ ਤਰ੍ਹਾਂ ਹੈ, ਇਧਰ ਉਧਰ ਜਾਣ ਵਾਲੀ ਹੈ। ਤੂੰ ਦੱਸ, ਬਾਦਸ਼ਾਹ ਖੁਸਰੋ ਕਿੱਥੇ ਹੈ? ਬਾਬਰ ਬਾਦਸ਼ਾਹ ਕਿੱਥੇ ਹੈ? ਹਮਾਯੂੰ ਕਿੱਥੇ ਹੈ? ਤੇ ਹੋਰ ਜੋ ਆਪਣੇ ਆਪ ਨੂੰ ਕੁਝ ਖਾਸ ਸਮਝਦੇ ਸੀ ਉਹ ਕਿੱਥੇ ਹਨ? ਔਰੰਗਜ਼ੇਬ! ਤੂੰ ਜ਼ਮਾਨੇ ਦਾ ਚੱਕਰ ਵੇਖ, ਆਦਮੀ ਸਦਾ ਨਹੀਂ ਰਹਿੰਦਾ। ਜੋ ਬਣਿਆ ਸਭ ਕੁਝ ਖ਼ਤਮ ਹੋਣ ਵਾਲਾ ਹੈ। ਕਮਜ਼ੋਰਾਂ ਨੂੰ ਜ਼ਖ਼ਮ ਪਹੁੰਚਾਇਆ ਹੈ, ਕਸਮ ’ਤੇ ਕੁਹਾੜੀ ਚਲਾਈ ਤੇ ਤੇਸੇ ਨਾਲ ਤਰਾਸ਼ਿਆ ਹੈ। ਔਰੰਗਜ਼ੇਬ! ਸੁਣ, ਜੇ ਖ਼ੁਦਾ ਦੋਸਤ ਹੋਵੇ ਤਾਂ ਦੁਸ਼ਮਣ ਕੀ ਕਰ ਸਕਦਾ ਹੈ? ਦੁਸ਼ਮਣ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਕੀ ਕਰ ਸਕਦਾ ਹੈ? ਦੁਸ਼ਮਣ ਹਜ਼ਾਰਾਂ ਦੁਸ਼ਮਣੀਆਂ ਕਰ ਕੇ ਵੀ ਤਕਲੀਫ਼ ਨਹੀਂ ਕਰ ਸਕਦਾ।

ਇਸ ਪੱਤਰ ਨੂੰ ਜਦੋਂ ਔਰੰਗਜ਼ੇਬ ਨੇ ਆਪਣੀ ਪਿਆਰੀ ਧੀ ਜੇਬਉਲਨਿਸਾ ਤੋਂ ਸੁਣਿਆ ਤਾਂ ਔਰੰਗਜ਼ੇਬ ਦੀ ਆਤਮਾ ਧੁਰ ਅੰਦਰ ਤਕ ਹਿੱਲ ਗਈ। ਔਰੰਗਜ਼ੇਬ ਨੂੰ ਅਸਲੀਅਤ ਦਾ ਪਤਾ ਲੱਗ ਗਿਆ। ਮੈਂ ਅੱਲ੍ਹਾ ਦੇ ਦਰਵੇਸ਼ ਭਗਤ ਨੂੰ ਦੁੱਖ ਹੀ ਦੁੱਖ ਦਿੱਤੇ ਹਨ, ਝੂਠੀਆਂ ਕਸਮਾਂ ਖਾਧੀਆਂ ਹਨ, ਧੋਖਾ ਕੀਤਾ ਹੈ, ਪਛਤਾਉਂਦਾ ਰਿਹਾ। ਕੁਝ ਸਮੇਂ ਬਾਅਦ ਹੀ ਇਸ ਸੱਚ ਦੇ ਪਛਤਾਵੇ ਨਾਲ ਔਰੰਗਜ਼ੇਬ ਦੀ ਮੌਤ ਹੋ ਗਈ, ਜੋ ਰਹਿੰਦੀ ਦੁਨੀਆਂ ਤਕ ਆਪਣੇ ਨਾਂ ਨੂੰ ਕਲੰਕ ਲਾ ਗਿਆ ਤੇ ਸਿੱਖ ਧਰਮ ਦੇ ਵਧਣ- ਫੁੱਲਣ ਵਿਚ ਅੜਿੱਕਾ ਬਣਿਆ। ਨਾ ਦੀਨ ਰੱਖ ਸਕਿਆ ਨਾ ਦੁਨੀਆਂ। ‘ਜ਼ਫ਼ਰਨਾਮੇ’ ਦਾ ਜ਼ਬਰਦਸਤ ਸੱਚ ਔਰੰਗਜ਼ੇਬ ਸਹਾਰ ਨਾ ਸਕਿਆ। ਪਛਤਾਵੇ ਤੇ ਜਬਰ-ਜ਼ੁਲਮ ਦੀਆਂ ਝੋਲੀਆਂ ਭਰ ਕੇ ਇਸ ਫਾਨੀ ਦੁਨੀਆਂ ਤੋਂ ਤੁਰ ਗਿਆ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਝਨੇਰ, ਤਹਿ. ਮਲੇਰਕੋਟਲਾ (ਸੰਗਰੂਰ)

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)