editor@sikharchives.org

ਮਾਤਾ ਗੁਜਰੀ ਜੀ

ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜ਼ਿਲ੍ਹਾ ਜਲੰਧਰ ਵਿਚ ਇਤਿਹਾਸਿਕ ਨਗਰ ਹੈ- ਕਰਤਾਰਪੁਰ। ਇਹ ਨਗਰ ਜਲੰਧਰ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਉੱਤਰ-ਪੱਛਮ ਵੱਲ ਸਥਿਤ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1593 ਈ. ਵਿਚ ਵਸਾਇਆ ਸੀ। ਇਕ ਧਾਰਨਾ ਅਨੁਸਾਰ ਮਾਤਾ ਭਾਨੀ ਜੀ ਦੇ ਸਵਰਗਵਾਸ ਹੋ ਜਾਣ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਦੁਆਬੇ ਵੱਲ ਚੱਲ ਪਏ ਅਤੇ ਕਰਤਾਰਪੁਰ ਸਾਹਿਬ ਵਾਲੀ ਥਾਂ ’ਤੇ ਹੱਥ ਵਾਲੀ ਸੋਟੀ ਗੱਡ ਕੇ ਇੱਥੇ ਨਗਰ ਵਸਾਉਣ ਦੀ ਘੋਸ਼ਣਾ ਕੀਤੀ। ਗੁਰੂ ਜੀ ਨੇ ਜਿਸ ਥਾਂ ’ਤੇ ਸੋਟੀ ਗੱਡੀ ਸੀ ਉਸ ਥਾਂ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਥੰਮ ਸਾਹਿਬ ਸੁਸ਼ੋਭਿਤ ਹੈ। ਅਕਬਰ ਨੇ ਆਪਣੇ ਰਾਜਕਾਲ ਸਮੇਂ 1597 ਈ. ਵਿਚ ਸ਼ਹਿਜ਼ਾਦਾ ਸਲੀਮ ਨੇ ਇਸ ਦੇ ਮਾਮਲੇ ਦੀ ਮੁਆਫੀ ਦਾ ਪਟਾ ਦਿੱਤਾ ਸੀ। ਅਕਬਰਨਾਮੇ ਅਨੁਸਾਰ ਅਕਬਰ ਸੰਨ 1598 ਈ. ਵਿਚ ਗੋਇੰਦਵਾਲ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿਚ ਆਇਆ ਅਤੇ ਇਸ ਜ਼ਮੀਨ ਦਾ ਪਟਾ ਦਰਸ਼ਨ ਭੇਟ ਵਜੋਂ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਨਗਰ ਦਾ ਵਿਕਾਸ ਕਰਵਾਇਆ। ਇਸ ਨਗਰ ਵਿਚ ਪਿਤਾ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਦੇ ਘਰ ਗੁਜਰੀ ਜੀ ਦਾ ਜਨਮ ਹੋਇਆ। ਇਨ੍ਹਾਂ ਦੇ ਜਨਮ ਬਾਰੇ ਕੋਈ ਪੱਕੀ ਤਾਰੀਖ ਨਹੀਂ ਮਿਲਦੀ ਜਿਸ ਕਾਰਨ ਵਿਦਵਾਨਾਂ ਵਿਚ ਇਨ੍ਹਾਂ ਦੀ ਜਨਮ ਮਿਤੀ ਬਾਰੇ ਮਤਭੇਦ ਹਨ। ਬਚਪਨ ਤੋਂ ਹੀ ਆਪ ਧਾਰਮਿਕ ਰੁਚੀਆਂ ਦੇ ਮਾਲਕ ਸਨ। ਆਪ ਜੀ ਦੇ ਮਾਤਾ-ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਜਾਇਆ ਕਰਦੇ ਸਨ।

ਮਾਤਾ ਗੁਜਰੀ ਜੀ ਦਾ ਵਿਆਹ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੋਇਆ। ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ ਕਿ ਆਪ ਜੀ ਦਾ ਵਿਆਹ 15 ਅੱਸੂ, 1686 ਬਿਕ੍ਰਮੀ ਨੂੰ ਹੋਇਆ। ਪਰ ਬਹੁਤ ਸਾਰੇ ਹੋਰ ਇਤਿਹਾਸਕਾਰਾਂ ਨੇ ਵਿਆਹ ਦੀ ਤਾਰੀਖ 15 ਅੱਸੂ, 1689 ਬਿਕ੍ਰਮੀ ਮੰਨੀ ਹੈ। ਮਾਤਾ ਗੁਜਰੀ ਜੀ ਨੇ ਆਪਣੇ ਵਿਆਹ ਤੋਂ ਬਾਅਦ ਕੁਝ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਬਿਤਾਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 1701 ਬਿਕ੍ਰਮੀ ਵਿਚ ਕਰਤਾਰਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ। ਉਨ੍ਹਾਂ ਦੇ ਜੋਤੀ-ਜੋਤ ਸਮਾ ਜਾਣ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਦੇ ਆਦੇਸ਼ ਨਾਲ ਨਾਨਕੇ ਪਿੰਡ ਬਾਬਾ ਬਕਾਲਾ ਵਿਖੇ ਰਹਿਣ ਲੱਗ ਪਏ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਈ ਸਾਲ ਅਕਾਲ ਪੁਰਖ ਦਾ ਨਾਮ-ਸਿਮਰਨ ਕਰਦਿਆਂ ਭਗਤੀ ਵਿਚ ਗੁਜ਼ਾਰੇ। ਮਾਤਾ ਗੁਜਰੀ ਜੀ ਨੇ ਆਪ ਜੀ ਦਾ ਹਰ ਤਰ੍ਹਾਂ ਨਾਲ ਖਿਆਲ ਰੱਖ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਗਤੀ ਵਿਚ ਨਵੀਂ ਸਿਖਰ ਤਕ ਪਹੁੰਚਣ ਵਿਚ ਮਦਦ ਕੀਤੀ।

ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ-ਜੋਤ ਸਮਾਉਣ ਵੇਲੇ ਗੁਰਿਆਈ ‘ਬਾਬਾ ਬਕਾਲਾ’ ਕਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੇ ਦਿੱਤੀ। ਗੁਰਗੱਦੀ ਮਿਲਣ ਤੋਂ ਬਾਅਦ ਗੁਰੂ ਜੀ ਕੀਰਤਪੁਰ ਸਾਹਿਬ ਵਿਖੇ ਆ ਗਏ ਅਤੇ ਮਾਤਾ ਨਾਨਕੀ ਜੀ ਦੀ ਆਗਿਆ ਮੰਨ ਕੇ ਧਰਮ ਪ੍ਰਚਾਰ ਲਈ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਅਤੇ ਅਸਾਮ ਦੇ ਪ੍ਰਾਂਤਾਂ ਵੱਲ ਚਲੇ ਗਏ। ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਬਹੁਤ ਸਾਰੇ ਸਿੱਖ ਸੇਵਕ ਗੁਰੂ ਜੀ ਦੇ ਨਾਲ ਸਨ। ਇਨ੍ਹਾਂ ਦਿਨਾਂ ਵਿਚ ਹੀ ਸੈਫਾਬਾਦ ਦੇ ਨਵਾਬ ਸੈਫ਼-ਉਲ-ਦੀਨ ਨੇ ਆਪ ਜੀ ਵਾਸਤੇ ਇਕ ਸੁੰਦਰ ਘੋੜਾ, ਸਾਮਾਨ ਰੱਖਣ ਵਾਲੀ ਇਕ ਸੁੰਦਰ ਗੱਡੀ, ਵੱਡਾ ਤੰਬੂ, ਭਾਰ ਢੋਣ ਲਈ ਕੁਝ ਊਠ, ਗੱਡੀਆਂ ਖਿੱਚਣ ਲਈ ਕੁਝ ਬਲਦ ਭੇਟ ਵਜੋਂ ਦਿੱਤੇ। ਆਪ ਜੀ ਪੂਰਬ ਵੱਲ ਪ੍ਰਚਾਰ-ਫੇਰੀ ਦੌਰਾਨ ਪਹੇਵਾ, ਕੁਰਕਸ਼ੇਤਰ, ਮਥਰਾ, ਬ੍ਰਿੰਦਾਬਨ, ਆਗਰਾ, ਇਟਾਵਾ, ਕਾਨ੍ਹਪੁਰ, ਅਲਾਹਾਬਾਦ, ਮਿਰਜ਼ਾਪੁਰ, ਬਨਾਰਸ, ਸਾਸਾਰਾਮ, ਬਹਾਰਾਖਲ, ਭਵਾਨੀਪੁਰ, ਸਾਦਲਪੁਰ, ਗਯਾ ਆਦਿ ਗਏ। ਗਯਾ ਵਿਚ ਹੀ ਆਪ ਜੀ ਦੀ ਭੇਂਟ ਰਾਜਾ ਰਾਮ ਸਿੰਹੁ ਨਾਲ ਹੋਈ। ਗਯਾ ਤੋਂ ਬਾਅਦ ਆਪ ਪਟਨਾ ਵਿਖੇ ਗਏ।

ਬਿਹਾਰ ਰਾਜ ਦੀ ਰਾਜਧਾਨੀ ਪਟਨਾ ਗੰਗਾ ਦਰਿਆ ਦੇ ਸੱਜੇ ਕੰਢੇ ’ਤੇ ਸਥਿਤ ਹੈ। ਪਹਿਲਾਂ ਇਸ ਨੂੰ ਪਾਟਲਗ੍ਰਾਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਦਾ ਨਾਂ ਪਾਟਲੀਪੁੱਤਰ ਕਰ ਕੇ ਪ੍ਰਸਿੱਧ ਸੀ। ਸੰਸਕ੍ਰਿਤ ਗੰ੍ਰਥਾਂ ਵਿਚ ਇਸ ਸ਼ਹਿਰ ਦਾ ਨਾਂ ਕੁਸੁਮਪੁਰ, ਪਦਮਾਵਤੀ, ਪੁਸ਼ਪਪੁਰ ਆਦਿ ਵੀ ਮਿਲਦਾ ਹੈ। ਗਯਾ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਵਿਖੇ ਠਹਿਰੇ ਹੋਏ ਸਨ। ਸਤਿਗੁਰੂ ਜੀ ਦੇ ਪਿਆਰ ਦਾ ਖਿੱਚਿਆ ਰਾਜਾ ਰਾਮ ਸਿੰਹੁ ਵੀ ਪਟਨੇ ਆ ਗਿਆ। ਬਾਦਸ਼ਾਹ ਔਰੰਗਜ਼ੇਬ ਨੇ ਸ਼ਿਵਾ ਜੀ ਮਰਹੱਟਾ ਅਤੇ ਉਸ ਦੇ ਪੁੱਤਰ ਨੂੰ ਕੈਦ ਕਰ ਕੇ ਰਾਜਾ ਰਾਮ ਸਿੰਹੁ ਦੇ ਸਪੁਰਦ ਕੀਤਾ ਸੀ ਜੋ ਉਸ ਦੀ ਜੇਲ੍ਹ ਵਿੱਚੋਂ ਫਰਾਰ ਹੋ ਗਏ ਸਨ। ਉਨ੍ਹਾਂ ਦੋਹਾਂ ਦੇ ਦੌੜ ਜਾਣ ਕਾਰਨ ਬਾਦਸ਼ਾਹ ਔਰੰਗਜ਼ੇਬ ਰਾਜਾ ਰਾਮ ਸਿੰਹੁ ਤੋਂ ਖਫਾ ਸੀ। ਪਟਨਾ ਉਸ ਸਮੇਂ ਮੁਗਲਾਂ ਦਾ ਗੜ੍ਹ ਸੀ। ਗੁਰੂ ਜੀ ਨੇ ਰਾਜਾ ਰਾਮ ਸਿੰਹੁ ਦੀ ਮਜਬੂਰੀ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਉੱਥੋਂ ਚਲੇ ਜਾਣ ਦੀ ਸਲਾਹ ਦਿੱਤੀ। ਇਨ੍ਹਾਂ ਦਿਨਾਂ ਵਿਚ ਮਾਤਾ ਗੁਜਰੀ ਜੀ ਜਣੇਪੇ ਦੀ ਸੀਮਾ ਦੇ ਨੇੜੇ ਹੋਣ ਕਾਰਨ ਅੱਗੇ ਯਾਤਰਾ ਕਰਨ ਦੇ ਯੋਗ ਨਹੀਂ ਸਨ। ਇਸ ਲਈ ਮਾਤਾ ਗੁਜਰੀ ਜੀ ਦੀ ਰਿਹਾਇਸ਼ ਦਾ ਪ੍ਰਬੰਧ ਪਟਨਾ ਨਗਰ ਵਿਖੇ ਕਰ ਕੇ ਉਨ੍ਹਾਂ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਦੇ ਭਰਾ ਭਾਈ ਕਿਰਪਾਲ ਚੰਦ ਜੀ ਅਤੇ ਭਾਈ ਦਯਾਲ ਦਾਸ ਅਤੇ ਭਾਈ ਗੁਰਦਿੱਤਾ ਜੀ ਨੂੰ ਸੌਂਪ ਕੇ ਆਪਣੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ ਨੂੰ ਲੈ ਕੇ ਰਾਜਾ ਰਾਮ ਸਿੰਹੁ ਨੂੰ ਮੰਘੇਰ ਨਗਰੀ ਵਿਚ ਜਾ ਮਿਲੇ। ਉੱਥੋਂ ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਨੇ ਪਟਨਾ ਦੀ ਸੰਗਤ ਦੇ ਨਾਮ ਇਕ ਹੁਕਮਨਾਮਾ ਵੀ ਭੇਜਿਆ। ਪਟਨਾ ਨਿਵਾਸੀ ਸੰਗਤ ਨੇ ਗੁਰੂ ਜੀ ਦੇ ਪਰਵਾਰ ਲਈ ਇਕ ਨਿਵਾਸ ਸਥਾਨ ਤਿਆਰ ਕੀਤਾ, ਜਿਸ ਦਾ ਨਾਂ ਹਰਿਮੰਦਰ ਰੱਖਿਆ। ਇਨ੍ਹਾਂ ਦਿਨਾਂ ਵਿਚ ਹੀ ਕਰੀਮ ਬਖ਼ਸ਼ ਅਤੇ ਰਹੀਮ ਬਖ਼ਸ਼ ਨਾਮਕ ਸ਼ਰਧਾਲੂਆਂ ਨੇ ਸਤਿਗੁਰੂ ਜੀ ਦੀ ਸੇਵਾ ਵਿਚ ਇਕ ਬਾਗ਼ ਅਤੇ ਇਕ ਪਿੰਡ ਭੇਟ ਕੀਤਾ ਜੋ ਅੱਜ ਤਕ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੀ ਮਲਕੀਅਤ ਹੈ। ਪਟਨਾ ਵਿਖੇ ਮਾਤਾ ਗੁਜਰੀ ਜੀ ਦੇ ਘਰ ਪੋਹ ਸੁਦੀ 7 ਮੁਤਾਬਿਕ 23 ਪੋਹ 1723 ਬਿਕ੍ਰਮੀ ਨੂੰ ਬਾਲ ਸ੍ਰੀ ਗੋਬਿੰਦ ਰਾਇ ਜੀ ਨੇ ਜਨਮ ਲਿਆ। ਉਸ ਸਮੇਂ ਮਾਤਾ ਜੀ ਦੀ ਉਮਰ 42 ਸਾਲ ਦੀ ਸੀ।

ਬੱਚੇ ਦੇ ਜੀਵਨ ਉੱਪਰ ਮਾਂ ਦੀ ਸ਼ਖ਼ਸੀਅਤ ਦਾ ਬਹੁਤ ਅਸਰ ਹੁੰਦਾ ਹੈ। ਮਾਤਾ ਗੁਜਰੀ ਜੀ ਨੇ ਬਾਲ ਗੋਬਿੰਦ ਰਾਇ ਜੀ ਨੂੰ ਸਿੱਖਿਆ ਦੇਣ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਨ੍ਹਾਂ ਦਿਨਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੰਗਾਲ ਦੀ ਰਾਜਧਾਨੀ ਢਾਕਾ ਵਿਖੇ ਠਹਿਰੇ ਹੋਏ ਸਨ। ਬਾਲ ਗੋਬਿੰਦ ਰਾਇ ਜੀ ਦੇ ਜਨਮ ਦੀ ਸੂਚਨਾ ਇਨ੍ਹਾਂ ਨੂੰ ਇੱਥੇ ਹੀ ਮਿਲੀ ਸੀ। ਗੁਰੂ ਜੀ ਨੇ ਅਸਾਮ ਦੇ ਰਾਜਾ ਸੁਕਦੇਊ ਚੱਕਰਧਵਜ ਅਤੇ ਰਾਜਾ ਰਾਮ ਸਿੰਹੁ ਦੀ ਸੁਲਾਹ ਕਰਵਾ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੱਗਭਗ ਤਿੰਨ ਸਾਲ ਰਾਜਾ ਰਾਮ ਸਿੰਹੁ ਦੇ ਨਾਲ ਕਾਮਰੂਪ (ਆਸਾਮ) ਦੇਸ਼ ਵਿਚ ਰਹੇ।

ਅਸਾਮ ਦੀ ਯਾਤਰਾ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਵਿਖੇ ਆ ਗਏ। ਕੁਝ ਸਮਾਂ ਬਾਅਦ ਮਾਤਾ ਗੁਜਰੀ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਗਿਆ ਮਿਲਣ ’ਤੇ ਬਾਲ ਗੋਬਿੰਦ ਰਾਇ ਜੀ ਅਤੇ ਪਰਵਾਰ ਦੇ ਹੋਰ ਮੈਂਬਰਾਂ ਨੂੰ ਨਾਲ ਲੈ ਕੇ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਚੱਲ ਪਏ। ਪਟਨਾ ਸਾਹਿਬ ਦੀ ਸੰਗਤ ਵੀ ਉਨ੍ਹਾਂ ਦੇ ਨਾਲ ਤੁਰ ਪਈ।

ਕਾਫਲੇ ਨੇ ਪਹਿਲਾ ਪੜਾਅ ਪਟਨਾ ਸਾਹਿਬ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਦਾਨਪੁਰ ਵਿਖੇ ਕੀਤਾ। ਇਸ ਤੋਂ ਅੱਗੇ ਲਖਨੌਰ ਨਗਰ ਪਹੁੰਚੇ। ਲਖਨੌਰ ਨਗਰ ਵਿਖੇ ਮਾਤਾ ਗੁਜਰੀ ਜੀ ਦੇ ਵੱਡੇ ਭਰਾ ਭਾਈ ਮਿਹਰ ਚੰਦ ਜੀ ਨਿਵਾਸ ਕਰਦੇ ਸਨ। ਭਾਈ ਜੇਠਾ ਮਸੰਦ ਵੀ ਇਸੇ ਨਗਰ ਦਾ ਵਸਨੀਕ ਸੀ। ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦ ਰਾਇ ਜੀ ਸਾਰੇ ਸਿੱਖਾਂ ਸਮੇਤ ਇੱਥੇ ਲੱਗਭਗ ਛੇ ਮਹੀਨੇ ਠਹਿਰੇ। ਇਸ ਤੋਂ ਬਾਅਦ ਸਾਰੇ ਕੀਰਤਪੁਰ ਸਾਹਿਬ ਥੋੜ੍ਹਾ ਸਮਾਂ ਠਹਿਰ ਕੇ ਅਨੰਦਪੁਰ ਸਾਹਿਬ ਪਹੁੰਚੇ।

ਇਸ ਤੋਂ ਬਾਅਦ ਮਾਤਾ ਗੁਜਰੀ ਜੀ ਲਈ ਧਰਮ ’ਤੇ ਡਟੇ ਰਹਿਣ ਲਈ ਪ੍ਰੀਖਿਆ ਦਾ ਸਮਾਂ ਸੀ। ਮੁਸ਼ਕਲਾਂ ਨਾਲ ਭਰੇ ਸਮੇਂ ਵਿਚ ਵੱਡੇ-ਵੱਡੇ ਮਨੁੱਖ ਡੋਲ ਜਾਂਦੇ ਹਨ। ਪਰੰਤੂ ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ।

ਸੰਨ 1674 ਈ. ਵਿਚ ਜੂਨ ਦੇ ਮਹੀਨੇ ਬਾਦਸ਼ਾਹ ਔਰੰਗਜ਼ੇਬ ਰਾਵਲਪਿੰਡੀ ਦੇ ਨੇੜੇ ਹਸਨ ਅਬਦਾਲ ਦੇ ਸਥਾਨ ’ਤੇ ਆ ਗਿਆ। ਜਦੋਂ ਬਾਦਸ਼ਾਹ ਖੁਦ ਪੰਜਾਬ ਵਿਚ ਆ ਕੇ ਬੈਠ ਗਿਆ ਤਾਂ ਹਾਕਮਾਂ ਨੇ ਬਾਦਸ਼ਾਹ ਨੂੰ ਪ੍ਰਸੰਨ ਕਰਨ ਲਈ ਗੈਰ-ਮੁਸਲਮਾਨਾਂ ਦਾ ਕਤਲ-ਏ-ਆਮ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਲਿਆ ਗਿਆ। ਜੰਮੂ-ਕਸ਼ਮੀਰ ਦੇ ਡਰੇ ਹੋਏ ਪੰਡਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ ਆਏ। ਪੰਡਿਤ ਆੜੂ ਰਾਮ ਦਾ ਪੁੱਤਰ ਪੰਡਿਤ ਕਿਰਪਾ ਰਾਮ ਸਰਸਵਤੀ ਬ੍ਰਾਹਮਣ ਮੱਤਨ ਪਿੰਡ ਦਾ ਰਹਿਣ ਵਾਲਾ ਸੀ। ਇਹ ਪਿੰਡ ਸ੍ਰੀਨਗਰ ਤੋਂ ਪੂਰਬ ਵਾਲੇ ਪਾਸੇ ਲੱਗਭਗ 65 ਕਿਲੋਮੀਟਰ ਦੀ ਦੂਰੀ ’ਤੇ ਹੈ। ਪੰਡਿਤ ਕਿਰਪਾ ਰਾਮ ਅਤੇ ਉਸ ਦੇ ਸਾਥੀਆਂ ਨੇ ਕਸ਼ਮੀਰ ਦੇ ਸੂਬੇਦਾਰ ਅਫਤਖਾਰ ਖਾਂ ਵੱਲੋਂ ਨਿਹੱਥੇ ਗ਼ੈਰ-ਮੁਸਲਮਾਨਾਂ ਤੇ ਕੀਤੇ ਜਾਂਦੇ ਜ਼ੁਲਮ ਦੀ ਸਾਰੀ ਵਿਥਿਆ ਗੁਰੂ ਸਾਹਿਬ ਨੂੰ ਸੁਣਾ ਕੇ ਮਦਦ ਲਈ ਅਰਜ਼ੋਈ ਕੀਤੀ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਵੱਲੋਂ ਕੀਤੇ ਜਾ ਰਹੇ ਜੁਲਮ ਦੇ ਵਿਰੋਧ ਵਿਚ ਅਨੰਦਪੁਰ ਸਾਹਿਬ ਤੋਂ ਬਲਿਦਾਨ ਦੇਣ ਲਈ ਚੱਲੇ। ਉਸ ਸਮੇਂ ਬਾਲ ਗੋਬਿੰਦ ਰਾਇ ਜੀ ਦੀ ਉਮਰ 9 ਸਾਲ ਦੀ ਸੀ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਸੰਸਾਰੀਆਂ ਵਾਂਗ ਰੋਏ-ਕੁਰਲਾਏ ਨਹੀਂ ਸਗੋਂ 9 ਸਾਲਾਂ ਦੇ ਸਪੁੱਤਰ ਗੋਬਿੰਦ ਰਾਇ ਜੀ ਨੂੰ ਉਨ੍ਹਾਂ ਦੇ ਆਪਣੇ ਫਰਜ਼ਾਂ ਪ੍ਰਤੀ ਜਾਗਰਿਤ ਕੀਤਾ। ਸਿੱਖ ਜਗਤ ਦਾ ਸਮੁੱਚਾ ਪ੍ਰਬੰਧ ਮਾਤਾ ਗੁਜਰੀ ਜੀ ਅਤੇ ਉਨ੍ਹਾਂ ਦੇ ਛੋਟੇ ਭਰਾਤਾ ਭਾਈ ਕਿਰਪਾਲ ਚੰਦ ਜੀ ਦੀ ਸਹਾਇਤਾ ਨਾਲ ਗੁਰੂ ਸਾਹਿਬ ਕਰਦੇ ਰਹੇ।

1761 ਬਿਕ੍ਰਮੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸ਼ਾਸਕਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ’ਤੇ ਇਤਬਾਰ ਕਰ ਕੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਜਦੋਂ ਗੁਰੂ ਜੀ ਦਾ ਜਥਾ ਸਰਸਾ ਨਦੀ ਦੇ ਕੰਢੇ ’ਤੇ ਪਹੁੰਚਿਆ ਤਾਂ ਕਾਲੀ ਬੋਲ਼ੀ ਰਾਤ ਵਿਚ ਸਰਸਾ ਨਦੀ ਦਾ ਪਾਣੀ ਮੀਂਹ ਪੈਣ ਕਾਰਨ ਠਾਠਾਂ ਮਾਰ ਰਿਹਾ ਸੀ। ਸ਼ਾਹੀ ਸੈਨਾ ਅਤੇ ਪਹਾੜੀ ਰਾਜਿਆਂ ਨੇ ਜੰਗੀ ਨੁਕਤਾ-ਨਿਗਾਹ ਤੋਂ ਮੌਕਾ ਠੀਕ ਸਮਝਦੇ ਹੋਏ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਜੀ ਦੇ ਜਥੇ ’ਤੇ ਪਿੱਛੋਂ ਹਮਲਾ ਕਰ ਦਿੱਤਾ। ਇੱਥੇ ਗੁਰੂ ਜੀ ਦਾ ਪਰਵਾਰ ਕਾਫਲੇ ਨਾਲੋਂ ਵਿੱਛੜ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕਾਫਲੇ ਨਾਲੋਂ ਅਲੱਗ ਹੋ ਗਏ। ਉਹ ਰਸੋਈਏ ਗੰਗੂ ਨਾਲ ਉਸ ਦੇ ਪਿੰਡ ਸਹੇੜੀ (ਖੇੜੀ) ਪਹੁੰਚ ਗਏ। ਗੰਗੂ ਦੇ ਮਨ ਵਿਚ ਲਾਲਚ ਆ ਗਿਆ ਤਾਂ ਉਸ ਨੇ ਮਾਤਾ ਗੁਜਰੀ ਜੀ ਅਤੇ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਕੋਤਵਾਲ ਕੋਲ ਸ਼ਿਕਾਇਤ ਕਰ ਕੇ ਫੜਾ ਦਿੱਤਾ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ, ਉਨ੍ਹਾਂ ਨਾਲ ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦਾ ਕੋਤਵਾਲ ਵਜ਼ੀਰ ਖਾਂ ਪਾਸ ਸਰਹਿੰਦ ਛੱਡ ਗਿਆ। 'ਗੁਰਬਿਲਾਸ ਪਾਤਸ਼ਾਹੀ ਦਸਵੀਂ' ਵਿਚ ਇਸ ਦਾ ਜ਼ਿਕਰ ਹੈ ਕਿ ਜਦ ਸਾਹਿਬਜ਼ਾਦਿਆਂ ਨੂੰ ਸਰਹਿੰਦ ਲਿਆਂਦਾ ਗਿਆ ਤਾਂ ਉਸ ਸਮੇਂ ਉਨ੍ਹਾਂ ਨੇ ਨੀਲਾ ਬਾਣਾ ਪਾਇਆ ਹੋਇਆ ਸੀ ਅਤੇ ਉਨ੍ਹਾਂ ਦੇ ਖ਼ੂਬਸੂਰਤ ਬਦਨ ਇੰਞ ਲੱਗ ਰਹੇ ਸਨ, ਜਿਵੇਂ ਬੱਦਲਾਂ ਵਿਚ ਬਿਜਲੀ ਚਮਕ ਰਹੀ ਹੋਵੇ। ਹੱਥਾਂ ਵਿਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਪਾਈਆਂ ਹੋਈਆਂ ਸਨ:

ਨੀਲੇ ਝਗੀਆਂ ਤਨ ਮੋ ਕੈਸੇ। ਬਿਜਲੀ ਸਯਾਮ ਅਭ੍ਰ ਮੈ ਜੈਸੇ।
ਕੋਮਲ ਅੰਗ ਹਥੋੜੀ ਹਾਥਾ। ਪਾਦ ਜੰਜੀਰੀ ਤਿਨੁ ਕੋ ਸਾਥਾ।
ਕੇਸਰੀ ਅੰਗ ਪੋਸ਼ਾਕ ਮਹਾਬਰ।

ਕਚਹਿਰੀ ਵਿਚ ਪੇਸ਼ ਹੋਣ ਵੇਲੇ ਉਨ੍ਹਾਂ ਕੇਸਰੀ ਬਾਣਾ ਸਜਾ ਲਿਆ। ਉਨ੍ਹਾਂ ਨੂੰ ਦੇਖ ਸੂਬੇਦਾਰ ਨੇ ਚਿਤਵਿਆ ਕਿ ਇਨ੍ਹਾਂ ਨੂੰ ਦੀਨ ਵਿਚ ਲਿਆਵਣਾ ਚਾਹੀਏ। ਇਨ੍ਹਾਂ ਤਿੰਨਾਂ ਨੂੰ ਸਰਹਿੰਦ ਦੇ ਕਿਲ੍ਹੇ ਦੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ। ਸ਼ਹਿਰ ਸਰਹਿੰਦ ਦੇ ਚਾਰੇ ਪਾਸੇ ਇਕ ਕੰਧ ਸੀ। ਉਸ ਵਿਚ ਅੱਠ ਬੁਰਜ ਸਨ। ਠੰਡਾ ਬੁਰਜ ਉਸ ਨੂੰ ਇਸ ਲਈ ਕਿਹਾ ਜਾਂਦਾ ਸੀ ਕਿ ਇਹ 140 ਫੁੱਟ ਉੱਚਾ ਸੀ ਅਤੇ ਇਸ ਦੇ ਨਾਲ ਠੰਡੇ ਪਾਣੀ ਦਾ ਨਾਲਾ ਵਗਦਾ ਸੀ, ਜਿਸ ਕਾਰਨ ਇਹ ਬਹੁਤ ਠੰਡਾ ਰਹਿੰਦਾ ਸੀ ਅਤੇ ਸੂਬਾ ਗਰਮੀ ਦੇ ਦਿਨਾਂ ਵਿਚ ਇੱਥੇ ਠਹਿਰਿਆ ਕਰਦਾ ਸੀ। ਅੱਤ ਦੀ ਠੰਡ ਦੇ ਦਿਨਾਂ ਵਿਚ ਬਿਰਧ ਮਾਤਾ ਗੁਜਰੀ ਜੀ ਛੋਟੇ-ਛੋਟੇ ਬੱਚਿਆਂ ਨੂੰ ਆਪਣੀ ਬੁੱਕਲ ਵਿਚ ਲੈ ਕੇ ਨਿੱਘ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਧਰਮ ਉੱਤੇ ਡਟੇ ਰਹਿਣ ਦੀ ਸਿੱਖਿਆ ਦੇ ਰਹੇ ਸਨ। ਇੱਥੇ ਭਾਈ ਮੋਤੀ ਨਾਂ ਦਾ ਇਕ ਮਹਿਰਾ ਜੋ ਨਵਾਬ ਵਜ਼ੀਰ ਖਾਂ ਦਾ ਰਸੋਈਆ ਅਤੇ ਗੁਰੂ-ਘਰ ਦਾ ਸ਼ਰਧਾਲੂ ਸੀ, ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਠੰਡੇ ਬੁਰਜ ਵਿਚ ਦੁੱਧ ਪਹੁੰਚਾਉਂਦਾ ਰਿਹਾ, ਜਿਸ ਦਾ ਪਤਾ ਲੱਗਣ ਉੱਤੇ ਨਵਾਬ ਵਜ਼ੀਰ ਖਾਂ ਨੇ ਉਸ ਨੂੰ ਉਸ ਦੇ ਸਾਰੇ ਪਰਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ।

13 ਪੋਹ 1761 ਬਿਕ੍ਰਮੀ ਨੂੰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ। ਹੁਕਮ ਦੀ ਤਾਮੀਲ ਕਰਦਿਆਂ ਦੀਵਾਨ ਸੁੱਚਾ ਨੰਦ ਦੀ ਅਗਵਾਈ ਹੇਠ ਸਿਪਾਹੀ ਠੰਡੇ ਬੁਰਜ ਤੋਂ ਮਾਤਾ ਗੁਜਰੀ ਜੀ ਪਾਸੋਂ ਸਾਹਿਬਜ਼ਾਦਿਆਂ ਨੂੰ ਲੈ ਕੇ ਆਏ। ਅੱਲਾ ਯਾਰ ਖਾਂ ਜੋਗੀ ਨੇ ਇਸ ਘਟਨਾ ਨੂੰ ਕਲਮਬੰਦ ਕਰਦੇ ਹੋਏ ਲਿਖਿਆ ਹੈ:

ਬੱਚੋਂ ਕੋ ਲੇਨੇ ਆਏ ਗਰਜ ਚੰਦ ਬੇ-ਹਯਾ,
ਸਰਦਾਰ ਇਨਕਾ ਕਹਤੇ ਕਿ ਸੁੱਚਾ ਨੰਦ ਥਾ।

ਮਾਤਾ ਗੁਜਰੀ ਜੀ ਪਾਸੋਂ ਸਾਹਿਬਜ਼ਾਦਿਆਂ ਦੀ ਜੁਦਾਈ ਦਾ ਸਮਾਂ ਸਿਰ ਉੱਤੇ ਆਣ ਪਹੁੰਚਾ। ਅੱਲਾ ਯਾਰ ਖਾਂ ਜੋਗੀ ਇਸ ਬਾਰੇ ਮਾਤਾ ਗੁਜਰੀ ਜੀ ਦੇ ਮਨੋਭਾਵ ਕਲਮਬੰਦ ਕਰਦਾ ਲਿਖਦਾ ਹੈ ਕਿ:

ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪਿਆਰੇ ਸੇ ਸਰੋਂ ਪੇ ਨੰਨ੍ਹੀ ਸੀ ਕਲਗੀ ਸਜਾ ਤੋ ਲੂੰ।

ਮਰਨੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਤੋ ਲੂੰ।

ਮਾਤਾ ਗੁਜਰੀ ਜੀ ਪਾਸੋਂ ਸਾਹਿਬਜ਼ਾਦਿਆਂ ਨੂੰ ਲਿਆ ਕੇ ਕਚਹਿਰੀ ਵਿਚ ਪੇਸ਼ ਕਰਨ ਲਈ ਸਿਪਾਹੀ ਪੈਦਲ ਹੀ ਵਜ਼ੀਰ ਖਾਂ ਦੀ ਕਚਹਿਰੀ ਵੱਲ ਤੁਰ ਪਏ। ਜਦ ਉਹ ਕਚਹਿਰੀ ਦੇ ਨੇੜੇ ਪਹੁੰਚੇ ਤਾਂ ਸਾਹਿਬਜ਼ਾਦਿਆਂ ਨੇ ਦੇਖਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ ਤੇ ਨਿੱਕੀ ਬਾਰੀ ਖੁੱਲ੍ਹੀ ਹੈ, ਜਿਸ ਦੇ ਅੰਦਰ ਜਾਣ ਲਈ ਸਿਰ ਝੁਕਾਉਣਾ ਪੈਂਦਾ ਹੈ। ਸੂਝਵਾਨ ਸਾਹਿਬਜ਼ਾਦੇ ਹਾਕਮਾਂ ਦੀ ਚਾਲ ਸਮਝ ਗਏ। ਬੜੀ ਚੁਸਤੀ ਨਾਲ ਉਨ੍ਹਾਂ ਪਹਿਲਾਂ ਪੈਰ ਅੰਦਰ ਕੀਤੇ ਅਤੇ ਬਿਨਾਂ ਸੀਸ ਝੁਕਾਏ ਅੰਦਰ ਦਾਖਲ ਹੋ ਗਏ। ਵਜ਼ੀਰ ਖਾਂ ਦੀ ਕਚਹਿਰੀ ਲੱਗੀ ਹੋਈ ਸੀ। ਸਾਹਿਬਜ਼ਾਦਿਆਂ ਨੇ ਅੰਦਰ ਪਹੁੰਚਦਿਆਂ ਹੀ ਗੱਜ ਕੇ ਫਤਿਹ ਬੁਲਾਈ:

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹ॥

ਉਨ੍ਹਾਂ ਦੇ ਉੱਚੇ ਜੈਕਾਰੇ ਨਾਲ ਕਚਹਿਰੀ ਗੂੰਜ ਉੱਠੀ ਤੇ ਸਭ ਦੀਆਂ ਨਜ਼ਰਾਂ ਬਹਾਦਰ ਤੇ ਨਿਡਰ ਸਾਹਿਬਜ਼ਾਦਿਆਂ ਉੱਤੇ ਟਿਕ ਗਈਆਂ। ਸੂਬੇਦਾਰ ਨੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਅਤੇ ਕਈ ਤਰ੍ਹਾਂ ਦੇ ਤਸੀਹਿਆਂ ਦੇ ਨਾਲ-ਨਾਲ ਲਾਲਚ ਵੀ ਦਿੱਤੇ ਗਏ। ਇਹ ਕਿਹਾ ਕਿ ਔਰੰਗਜ਼ੇਬ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਉਂਦੇ ਹਾਂ, ਰਾਜ ਲੈ ਦਿੰਦੇ ਹਾਂ, ਰੇਸ਼ਮੀ ਕੱਪੜੇ ਪਾਓ, ਸ਼ਹਿਜ਼ਾਦੀਆਂ ਦੇ ਡੋਲੇ ਲੈ ਲਵੋ, ਸਿਰਫ਼ ਇਸਲਾਮ ਕਬੂਲ ਕਰ ਲਵੋ:

ਤੁਮੇ ਸਾਹ ਕੇ ਮੇਲ ਕਰਾਵੈ। ਬਹੁ ਦੇਸਨ ਕੋ ਰਾਜ ਦਿਵਾਵੈ।
ਪਟ ਭੂਖਨ ਤੁਮ ਅਨਮਨ ਦੈ ਹੈ। ਦੁਖਤਰ ਸਹਿਤ ਸੂਬਤਰ ਹ੍ਵੈ ਹੈ।

ਜੋਤੀ ਨਾਰ ਚਾਹ ਜੋ ਦੇ ਹੀ। ਨੀਲ ਪਟੰਬਰ ਧਾਰੋ ਏ ਹੀ।

ਪਰ ਸੂਰਮੇ ਸਾਹਿਬਜ਼ਾਦਿਆਂ ਨੇ ਸਭ ਲਾਲਚ ਠੁਕਰਾ ਕੇ ਕਿਹਾ ਕਿ ਉਹ ਆਪਣੇ ਧਰਮ ਉੱਤੇ ਪੱਕੇ ਰਹਿਣਗੇ ਚਾਹੇ ਉਨ੍ਹਾਂ ਨੂੰ ਇਸ ਲਈ ਆਪਣੀ ਸ਼ਹਾਦਤ ਹੀ ਕਿਉਂ ਨਾ ਦੇਣੀ ਪਵੇ:

ਹਮਰੇ ਬੰਸ ਰੀਤ ਇਮ ਆਈ, ਸੀਸ ਦੇਤ ਪਰ ਧਰਮ ਨ ਜਾਈ।

ਤਾਂ ਸੁੱਚਾ ਨੰਦ ਨੇ ਕਿਹਾ:

ਇਹ ਮੂਏ ਬਿਨ ਨਹਿ ਕਲਯਾਨੀ।

‘ਕਥਾ ਗੁਰੂ ਜੀ ਕੇ ਸੁਤਨ ਕੀ’ ਵਿਚ ਭਾਈ ਦੁੱਨਾ ਸਿੰਘ ਨੇ ਲਿਖਿਆ ਹੈ ਕਿ ਕਿਤਨਾ ਦੁੱਖ ਦਿੱਤਾ ਗਿਆ ਪਰ ਸਾਹਿਬਜ਼ਾਦੇ ਦ੍ਰਿੜ੍ਹ ਰਹੇ:

ਬਾਲ ਬੁਲਾਇ ਲਏ ਜਬ ਹੀ, ਤਬ ਆਨ ਅਦਾਲਤ ਬੀਚ ਪਠਾਏ।
ਦੇਖਤ ਹੈ ਸਭ ਹੀ ਜਗ ਆਇ, ਮਨਹੁ ਫੂਲ ਗੁਲਾਬ ਸੁਹਾਏ।
ਤਹਿ ਮਲੇਛ ਲਗੇ ਦੁਖ ਦੇਵਨ, ਚਾਹਤ ਹੈ, ਖਲ ਦੀਨ ਮਿਲਾਏ।
ਨਾਹਿ ਮੰਨੈ ਦੁਖ ਸੀਸ ਸਹੈ, ਦ੍ਰਿੜਤਾ ਹਰਿ ਆਪ ਦਈ ਤਿਨ ਆਏ ।

ਹਾਰ ਮੰਨ ਕੇ ਸੂਬੇ ਨੇ ਉਨ੍ਹਾਂ ਨੂੰ ਦੂਸਰੇ ਦਿਨ ਪੇਸ਼ ਕਰਨ ਦਾ ਹੁਕਮ ਦੇ ਦਿੱਤਾ। ਫੇਰ ਕਚਹਿਰੀ ਲੱਗ ਗਈ। ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਦਾ ਹੁਕਮ ਹੋਇਆ। ਉਹੀ ਪਿਆਰੇ ਬੱਚੇ ਅੱਗੇ ਨਾਲੋਂ ਵੀ ਚੜ੍ਹਦੀ ਕਲਾ ਵਿਚ ਪੇਸ਼ ਹੋਏ। ਸੂਬੇਦਾਰ ਦਾ ਗੁੱਸਾ ਆਪੇ ਤੋਂ ਬਾਹਰ ਹੁੰਦਾ ਜਾਂਦਾ ਸੀ। ਉਸ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ਕਸੂਰ ਸਮਝਾ ਕੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਕਿਹਾ ਗਿਆ। ਪਰ ਕਾਜ਼ੀ ਨੇ ਕਿਹਾ ਕਿ ਇਸਲਾਮ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਉਸ ਕਚਹਿਰੀ ਵਿਚ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਵੀ ਹਾਜ਼ਰ ਸੀ। ਸ਼ੇਰ ਮੁਹੰਮਦ ਖਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਕਿਹਾ ਗਿਆ ਕਿ ਉਸ ਦੇ ਭਰਾ ਨਾਹਰ ਖਾਂ ਨੂੰ ਅਤੇ ਉਸ ਦੇ ਭਾਣਜੇ ਖਿਜਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੇ ਯੁੱਧ ਵਿਚ ਮਾਰ ਦਿੱਤਾ ਹੈ, ਉਹ ਉਨ੍ਹਾਂ ਦਾ ਬਦਲਾ ਇਨ੍ਹਾਂ ਬੱਚਿਆਂ ਕੋਲੋਂ ਲੈ ਲਵੇ। ਨਵਾਬ ਸ਼ੇਰ ਮੁਹੰਮਦ ਖਾਂ ਨੇ ਇਸ ਦਲੀਲ ਨੂੰ ਰੱਦ ਹੀ ਨਹੀਂ ਕੀਤਾ, ਸਗੋਂ ਹਾਅ ਦਾ ਨਾਅਰਾ ਵੀ ਮਾਰਿਆ ਕਿ ਸ਼ੀਰਖੋਰਾਂ ਉੱਤੇ ਜ਼ੁਲਮ ਢਾਹੁਣਾ ਠੀਕ ਨਹੀਂ:

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਿਫੂਜ਼ ਰੱਖੇ ਹਮ ਕੋ ਖੁਦਾ ਐਸੇ ਪਾਪ ਸੇ।

ਇਸ ਦਾ ਵਰਣਨ 'ਮਹਿਮਾ ਪ੍ਰਕਾਸ਼ ਵਾਰਤਕ' ਵਿਚ ਇਸ ਤਰ੍ਹਾਂ ਕੀਤਾ ਗਿਆ ਹੈ ਕਿ :

“ਇਹ ਸ਼ੀਰਖੋਰ ਲੜਕੇ ਹੈਨਿ, ਇਨ ਕੀ ਬਦੀ ਚਾਹਨਾ ਬੜਾ ਅਜਾਬ ਹੈ।”

ਨਵਾਬ ਮਲੇਰਕੋਟਲੇ ਦਾ ਇਹ ਦਲੇਰੀ ਭਰਿਆ ਜਵਾਬ ਸੁਣ ਕੇ ਸੁੱਚਾ ਨੰਦ ਨੇ ਆਪਣੀ ਮਲੀਨ ਬੁੱਧੀ ਨਾਲ ਭਰਪੂਰ ਇਕ ਵਾਰ ਹੋਰ ਕੀਤਾ:

ਉਨ ਕਹਯੋ ਨਵਾਬ, ਇਹ ਸਰਪ ਬਿਸੂਰੇ। ਛੋਟੇ ਬੜੇ ਏ ਡੱਸਗ ਜ਼ਰੂਰੇ।
ਇਹ ਬਾਤ ਸੁਣ ਕੇ- ਸੂਬੇਦਾਰ ਕੋ ਖ਼ੌਫ਼ ਖੁਦਾ ਕਾ ਹੁਆ।
ਸੁੱਚਾ ਨੰਦ ਨੇ ਕਿਹਾ- ਇਹ ਸ਼ੀਰ ਨਹੀਂ, ਸ਼ੇਰ ਕੇ ਬੱਚੇ ਹੈਂ।
ਜਦ ਸਿਆਣੇ ਹੋਇੰਗੇ ਤਦ ਇਹ ਤੂਫਾਨ ਉਠਾਵੇਂਗੇ।
ਅਰ ਇਨ ਕੋ ਸਲਾਮ ਕਰਨ ਨੂੰ ਕਹਿ, ਇਹ ਨਹੀਂ ਕਰਨਗੇ।
ਵਜ਼ੀਰ ਖਾਂ ਨੇ ਕਿਹਾ- ਇਨ ਕੋ ਕਹੋ ਸਲਾਮ ਕਰੋ।
ਸੁੱਚਾ ਨੰਦ ਨੇ ਕਿਹਾ- ਸੂਬੇ ਕੋ ਸਲਾਮ ਕਰੋ।

ਤਦ ਸਾਹਿਬਜ਼ਾਦਿਆਂ ਬਚਨ ਕੀਆ:

ਜੋ ਹਮ ਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ,
ਅਉਰ ਕੋ ਸਲਾਮ ਨਹੀਂ ਕਰਤੇ।
ਸੁੱਚਾ ਨੰਦ ਨੇ ਮੌਕਾ ਸੰਭਾਲ ਕਿਹਾਜੋ ਮੈਂ ਅਰਜ਼ ਕੀਆ ਸੋ ਆਪ ਨੇ ਦੇਖਾ।

ਇਸ ਬਾਤ ਕੋ ਚਿਤ ਮੋਂ ਦੇਖ ਕੇ,
ਝੂਠਾ ਨੰਦ ਦਾ ਕਹਿਣਾ ਦ੍ਰਿੜ ਭਇਆ,

ਤਦ ਉਸ ਨੇ ਜਲਾਦ ਕਉ ਕਿਹਾ।
ਇਸ ਤਰ੍ਹਾਂ ਇਹ ਕਾਰਾ ਹੂਆ।"

ਅੱਜ ਵੀ ਗੱਲ ਕਿਸੇ ਕੰਢੇ ਨਾ ਲੱਗਦੀ ਦੇਖ ਕੇ ਅਗਲੀ ਪੇਸ਼ੀ 16 ਪੋਹ ਨੂੰ ਰੱਖੀ ਗਈ। ਫਿਰ ਉਹੀ ਪੁਰਾਣੀ ਰੱਟ ਕਿ ਇਸਲਾਮ ਕਬੂਲ ਕਰੋ। ਪਰ ਸਾਹਿਬਜ਼ਾਦੇ ਅਡੋਲ, ਸ਼ਾਂਤ ਤੇ ਬੇਪਰਵਾਹ ਰਹੇ। ਭਲਾ ਜਿਨ੍ਹਾਂ ਬੱਚਿਆਂ ਨੇ ਬਚਪਨ ਵਿਚ ਹੀ ਦਾਦੇ, ਪੜਦਾਦੇ ਦੀਆਂ ਬਹਾਦਰੀਆਂ ਦੇ ਕਿੱਸੇ ਆਪਣੀ ਦਾਦੀ ਤੋਂ ਸੁਣੇ ਹੋਣ, ਅਨੰਦਪੁਰ ਸਾਹਿਬ ਵਿਖੇ ਸੂਰਬੀਰ ਸਿੱਖਾਂ ਨੂੰ ਆਪਣੇ ਧਰਮ ਲਈ ਆਪਣੇ ਅੱਖੀਂ ਸ਼ਹੀਦ ਹੁੰਦਾ ਵੇਖਿਆ ਹੋਵੇ, ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਨੂੰ ਹਾਥੀ ਨਾਲ ਲੜਦਾ ਵੇਖਿਆ ਹੋਵੇ, ਉਨ੍ਹਾਂ ਨੂੰ ਧਰਮ ਬਦਲਣ ਲਈ ਕੋਈ ਲਾਲਚ ਜਾਂ ਡਰ ਕੀ ਕਰ ਸਕਦਾ ਸੀ? ਇਤਿਹਾਸਕਾਰ ਲਤੀਫ 'ਪੰਜਾਬ ਦਾ ਇਤਿਹਾਸ' ਵਿਚ ਲਿਖਦਾ ਹੈ ਕਿ ਜਦੋਂ ਸੂਬੇ ਨੇ ਬੱਚਿਆਂ ਨੂੰ ਪੁੱਛਿਆ ਕਿ ਜੇ ਤੁਹਾਨੂੰ ਅਜ਼ਾਦ ਕਰ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਦਾ ਉੱਤਰ ਸੀ- ਖਿੰਡੇ-ਪੁੰਡੇ ਸਿੱਖਾਂ ਨੂੰ ਜਥੇਬੰਦ ਕਰਾਂਗੇ, ਉਨ੍ਹਾਂ ਨੂੰ ਜੰਗੀ ਹਥਿਆਰ ਜੁਟਾਵਾਂਗੇ, ਤੁਹਾਡੇ ਨਾਲ ਲੜਾਂਗੇ ਤੇ ਤੁਹਾਨੂੰ ਮੌਤ ਦੇ ਘਾਟ ਉਤਾਰਾਂਗੇ। ਨਵਾਬ ਨੇ ਫਿਰ ਪੁੱਛਿਆ, ਜੇ ਤੁਸੀਂ ਜੰਗ ਵਿਚ ਹਾਰ ਗਏ ਤਾਂ ਫਿਰ ਕੀ ਕਰੋਗੇ? ਇਸ 'ਤੇ ਸਾਹਿਬਜ਼ਾਦਿਆਂ ਦਾ ਫਿਰ ਉਹੀ ਉੱਤਰ ਸੀ ਕਿ ਕਰਨਾ ਕੀ ਹੈ? ਫਿਰ ਆਪਣੀਆਂ ਫੌਜਾਂ ਇਕੱਠੀਆਂ ਕਰਾਂਗੇ ਅਤੇ ਤਦ ਤਕ ਲੜਦੇ ਰਹਾਂਗੇ ਜਦ ਤਕ ਤੁਸੀਂ ਮੁੱਕ ਨਹੀਂ ਜਾਂਦੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ।


ਇਸ ਗੱਲ ਦਾ ਵੀ ਜ਼ਿਕਰ ਮਿਲਦਾ ਹੈ ਕਿ ਬੱਚਿਆਂ ਦੀ ਪਰਖ ਕਰਨ ਲਈ ਸੁਹਣੇ-ਸੁਹਣੇ ਕੱਪੜਿਆਂ, ਖਿਡੌਣਿਆਂ, ਮਠਿਆਈਆਂ ਅਤੇ ਜੰਗੀ ਸਾਜ਼ੋ-ਸਾਮਾਨ ਦੀਆਂ ਦੁਕਾਨਾਂ ਸਜਾਈਆਂ ਗਈਆਂ। ਜਦੋਂ ਬੱਚਿਆਂ ਨੂੰ ਉਨ੍ਹਾਂ ਦੁਕਾਨਾਂ ਪਾਸ ਲਿਜਾਇਆ ਗਿਆ ਤਾਂ ਉਹ ਬਾਕੀ ਦੁਕਾਨਾਂ ਛੱਡ ਕੇ ਹਥਿਆਰਾਂ ਵਾਲੀ ਦੁਕਾਨ 'ਤੇ ਜਾ ਖੜ੍ਹੇ ਅਤੇ ਉਨ੍ਹਾਂ ਦੀ ਜਾਂਚ-ਪਰਖ ਕਰਨ ਲੱਗ ਪਏ।

ਦੂਜੇ ਪਾਸੇ ਜਦੋਂ ਸਰਹਿੰਦ ਦੀ ਸੰਗਤ ਨੇ ਮਾਤਾ ਗੁਜਰੀ ਜੀ ਦੇ ਠੰਡੇ ਬੁਰਜ ਵਿਚ ਕੈਦ ਅਤੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੇ ਫ਼ਤਵੇ ਬਾਰੇ ਸੁਣਿਆ ਤਾਂ ਮਤਾ ਪਕਾਇਆ ਕਿ ਇਨ੍ਹਾਂ ਦੇ ਤੋਲ ਦੇ ਬਰਾਬਰ ਸੋਨਾ ਦੇ ਕੇ ਬੱਚਿਆਂ ਨੂੰ ਬਚਾ ਲਈਏ। ਪਰ ਇਕ ਸਿਆਣੇ ਸਿੱਖ ਨੇ ਕਿਹਾ ਕਿ ਮੁਗ਼ਲਾਂ ਨੂੰ ਤੁਸੀਂ ਨਹੀਂ ਜਾਣਦੇ, ਭਾਣਾ ਵਰਤ ਕੇ ਰਹਿਣਾ ਹੈ। ਇਹ ਸੋਨਾ ਵੀ ਰੱਖ ਲੈਣਗੇ ਤੇ ਉਨ੍ਹਾਂ ਨੂੰ ਸ਼ਹੀਦ ਵੀ ਕਰ ਦੇਣਗੇ:

ਸੀਰੰਦ ਕੀ ਸੰਗਤ ਸਬੈ, ਮਨ ਮੈਂ ਕਰਤ ਬੀਚਾਰ।
ਤੋਲ ਸੁਇਨ ਕਰ ਦੀਜੀਐ, ਕਨਕ ਯਾਹਿ ਨਿਰਧਾਰ।
ਏਕ ਸਿੱਖ ਤਬ ਯੋਂ ਕਹੀ ਸਵਰਨ ਲੇਹਿਂਗੇ ਲੂਟ।
ਹੋਵਗ ਸੋ ਗੁਰ ਨੇ ਠਟੀ, ਹਮਰੀ ਕਹਾ ਪਹੂਚ।

ਉਧਰ ਕੋਈ ਵੀ ਜੱਲਾਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲਈ ਨਹੀਂ ਸੀ ਮੰਨ ਰਿਹਾ। ਦਿੱਲੀ ਦੇ ਸ਼ਾਹੀ ਜੱਲਾਦ ਜੋ ਸਮਾਣੇ ਦੇ ਰਹਿਣ ਵਾਲੇ ਸਨ, ਸਾਸ਼ਲ ਬੇਗ ਤੇ ਬਾਸ਼ਲ ਬੇਗ 'ਤੇ ਇਕ ਕਤਲ ਦੇ ਸੰਬੰਧ ਵਿਚ ਸਰਹਿੰਦ ਦੀ ਕਚਹਿਰੀ ਵਿਚ ਮੁਕੱਦਮਾ ਚੱਲ ਰਿਹਾ ਸੀ। ਨਵਾਬ ਵਜ਼ੀਰ ਖਾਂ ਨੇ ਉਨ੍ਹਾਂ ਦਾ ਮੁਕੱਦਮਾ ਬਰਖ਼ਾਸਤ ਕਰਨ ਦੀ ਸ਼ਰਤ ਉੱਤੇ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਨੂੰ ਜਿਬਾਹ ਕਰਨ ਲਈ ਮਨਾ ਲਿਆ। ਇਸ ਤਰ੍ਹਾਂ ਪਹਿਲਾਂ ਮਾਸੂਮ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਹੀ ਕੰਧਾਂ ਵਿਚ ਚਿਣ ਦਿੱਤਾ ਅਤੇ ਬਾਅਦ ਵਿਚ ਜਿਬਾਹ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਦੁਨੀਆ ਭਰ ਦੇ ਅਨੇਕਾਂ ਤਰ੍ਹਾਂ ਦੇ ਲਾਲਚਾਂ ਅਤੇ ਖਿੱਚਾਂ ਦਾ ਸਾਹਿਬਜ਼ਾਦਿਆਂ ਦੇ ਦ੍ਰਿੜ੍ਹ ਇਰਾਦਿਆਂ ਉੱਤੇ ਕੋਈ ਫ਼ਰਕ ਨਹੀਂ ਪਿਆ। ਇਸ ਦਾ ਵੱਡਾ ਕਾਰਨ ਉਹ ਪਿਤਾ-ਪੁਰਖੀ ਪੂੰਜੀ ਸੀ, ਜੋ ਉਨ੍ਹਾਂ ਨੇ ਆਪਣੇ ਵਡੇਰਿਆਂ ਤੋਂ ਪ੍ਰਾਪਤ ਕੀਤੀ ਸੀ। ਨਿਰਸੰਦੇਹ ਹੀ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਆਦਿ ਦੁਆਰਾ ਦਿੱਤੀਆਂ ਸ਼ਹੀਦੀਆਂ ਬੱਚਿਆਂ ਦੇ ਮਨ ਨੂੰ ਅਡੋਲ ਰੱਖਣ ਵਿਚ ਸਹਾਈ ਹੋਈਆਂ। ਹਿੰਦੀ ਦੇ ਰਾਸ਼ਟਰ ਕਵੀ ਮੈਥਲੀ ਸ਼ਰਨ ਗੁਪਤ ਨੇ ਆਪਣੇ ਮਹਾਂ ਕਾਵਯ (ਭਾਰਤ ਭਾਰਤੀ) ਵਿਚ ਇਸ ਦਾ ਵਰਣਨ ਕਰਦੇ ਹੋਏ ਲਿਖਿਆ ਹੈ ਕਿ:

ਜਿਸ ਕੁਲ ਜਾਤਿ ਕੌਮ ਕੇ ਬੱਚੇ, ਦੇ ਸਕਤੇ ਹੋਂ ਯੂੰ ਬਲੀਦਾਨ,
ਉਸ ਕਾ ਵਰਤਮਾਨ ਕੁਛ ਭੀ ਹੋ, ਪਰ ਭਵਿਸ਼ਯ ਹੈ ਮਹਾਂ ਮਹਾਨ।

ਭਾਈ ਰਤਨ ਸਿੰਘ (ਭੰਗੂ) 'ਪ੍ਰਾਚੀਨ ਪੰਥ ਪ੍ਰਕਾਸ਼' ਵਿਚ ਲਿਖਦੇ ਹਨ:

ਹੁਤੋ ਉਹਾਂ ਥੋ ਛੁਰਾ ਇਕ ਵਾਰੋ, ਦੈ ਗੋਡੇ ਹੇਠ, ਕਰ ਜਿਬਾਹ ਡਾਰੋ।
ਤੜਫ ਗਈ ਜਿੰਦ ਉਡਾਇ, ਇਮ ਸ਼ੀਰ ਖੋਰ ਦੁਇ ਦਏ ਕਤਲਾਇ।

'ਸੂਰਜ ਪ੍ਰਕਾਸ਼' ਦੇ ਕਰਤਾ ਭਾਈ ਸੰਤੋਖ ਸਿੰਘ ਜੀ ਅਨੁਸਾਰ:

ਅਧਮ ਤਬੈ ਤਲਵਾਰ ਚਲਾਈ। ਸਿਰ ਜੋਰਾਬਰ ਦਯੋ ਗਿਰਾਈ।
ਬਹੁਰ ਦੂਸਰੇ ਵਾਰ ਪ੍ਰਭਾਰਾ। ਫਤੇ ਸਿੰਘ ਦੇ ਸੀਸ ਉਤਾਰਾ।

ਭਾਈ ਸੁੱਖਾ ਸਿੰਘ, 'ਗੁਰ ਬਿਲਾਸ' ਵਿਚ ਲਿਖਦੇ ਹਨ-

ਦੋਉ ਸੀਸਨ ਕੇ ਸੀਸ ਉਤਾਰੀ, ਦਏ ਕਾਟ ਉਨ ਅਧਮ ਗਵਾਰੀ।

ਬੱਚਿਆਂ ਦੀ ਸ਼ਹੀਦੀ ਦੀ ਖ਼ਬਰ ਮਾਤਾ ਗੁਜਰੀ ਜੀ ਪਾਸ ਪਹੁੰਚਾਉਣ ਲਈ ਦੀਵਾਨ ਟੋਡਰ ਮੱਲ ਨੂੰ ਕਿਹਾ ਗਿਆ ਜੋ ਕਿ ਇਕ ਸਫ਼ਲ ਵਪਾਰੀ ਸੀ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਅਨੁਯਾਈ ਸੀ। ਉਸ ਨੇ ਭਰੇ ਮਨ ਨਾਲ ਮਾਤਾ ਜੀ ਨੂੰ ਇਹ ਕਹਿਰ ਦੀ ਖ਼ਬਰ ਸੁਣਾਈ ਤਾਂ ਉਹ ਠੰਡੇ ਬੁਰਜ ਵਿਚ ਬੰਦ ਕਹਿਰ ਦੀ ਠੰਡ ਅਤੇ ਕੁਝ ਇਸ ਕਹਿਰ ਦੀ ਖ਼ਬਰ ਨੂੰ ਨਾ ਸਹਾਰਦੇ ਹੋਏ ਆਪਣਾ ਪੰਜ ਭੂਤਕ ਬਿਰਧ ਸਰੀਰ ਤਿਆਗ ਕੇ ਰੱਬੀ ਜੋਤ ਵਿਚ ਸਮਾ ਗਏ। ਬੱਚਿਆਂ ਨੂੰ ਸ਼ਹੀਦ ਕਰ ਕੇ ਉਨ੍ਹਾਂ ਦੀਆਂ ਅਤੇ ਮਾਤਾ ਜੀ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਰੱਖ ਦਿੱਤਾ ਗਿਆ। ਦੀਵਾਨ ਟੋਡਰ ਮੱਲ ਨੇ ਜ਼ੋਖਮ ਉਠਾਉਂਦੇ ਹੋਏ ਵਜ਼ੀਰ ਖਾਂ ਪਾਸ ਮਾਸੂਮ ਬੱਚਿਆਂ ਅਤੇ ਮਾਤਾ ਜੀ ਦਾ ਅੰਤਮ ਸਸਕਾਰ ਕਰਨ ਦੀ ਇੱਛਾ ਪ੍ਰਗਟ ਕੀਤੀ। ਵਜ਼ੀਰ ਖਾਂ ਵੱਲੋਂ ਤੁਰੰਤ ਇਕ ਫ਼ੁਰਮਾਨ ਜਾਰੀ ਕਰ ਦਿੱਤਾ ਗਿਆ ਕਿ ਇਨ੍ਹਾਂ ਦਾ ਅੰਤਮ ਸਸਕਾਰ ਸਰਹਿੰਦ ਦੀ ਧਰਤੀ ਉੱਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਾਰੀ ਧਰਤੀ ਮੁਗ਼ਲ ਸਲਤਨਤ ਦੀ ਹੈ। ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਜਗ੍ਹਾ ਖਰੀਦਣ ਦੀ ਪੇਸ਼ਕਸ਼ ਕੀਤੀ ਤਾਂ ਵਜ਼ੀਰ ਖਾਂ ਨੇ ਇਸ ਉੱਤੇ ਇਕ ਬਹੁਤ ਹੀ ਸਖ਼ਤ ਸ਼ਰਤ ਰੱਖ ਦਿੱਤੀ ਕਿ ਜਿੰਨੀ ਧਰਤੀ ਖਰੀਦਣੀ ਹੈ, ਉਤਨੀ ਉੱਤੇ ਖੜ੍ਹੇ ਰੁਖ਼ ਮੋਹਰਾਂ ਚਿਣੀਆਂ ਜਾਣ। ਦੀਵਾਨ ਟੋਡਰ ਮੱਲ ਨੇ ਆਪਣੇ ਸਾਰੇ ਸਾਧਨਾਂ ਤੋਂ ਧਨ ਇਕੱਠਾ ਕਰ ਕੇ ਸਸਕਾਰ ਲਈ ਮੋਹਰਾਂ ਖੜ੍ਹੇ ਰੁਖ਼ ਚਿਣ ਕੇ ਅੱਤਾ ਨਾਂ ਦੇ ਇਕ ਜ਼ਿਮੀਂਦਾਰ ਪਾਸੋਂ ਥੋੜ੍ਹੀ ਜਿਹੀ ਜਗ੍ਹਾ ਖਰੀਦੀ, ਜਿਸ ਉੱਤੇ ਤਿੰਨਾਂ ਦਾ ਸਸਕਾਰ ਕੀਤਾ ਗਿਆ। ਇਸ ਤੋਂ ਬਾਅਦ ਵਜ਼ੀਰ ਖ਼ਾਂ ਦਾ ਗੁੱਸਾ ਦੀਵਾਨ ਟੋਡਰ ਮੱਲ ਉੱਤੇ ਕਹਿਰ ਬਣ ਕੇ ਟੁੱਟਿਆ, ਜਿਸ ਕਾਰਨ ਉਸ ਨੂੰ ਸਖ਼ਤ ਪ੍ਰਸਥਿਤੀਆਂ ’ਚੋਂ ਗੁਜ਼ਰਨਾ ਪਿਆ।

'ਸੂਰਜ ਪ੍ਰਕਾਸ਼' ਦੇ ਕਰਤਾ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਤੋਂ ਮਾਹੀ ਨੂੰ ਸਰਹਿੰਦ ਦਾ ਹਾਲ ਪਤਾ ਕਰਨ ਲਈ ਭੇਜਿਆ ਤਾਂ ਉਸ ਨੇ ਜਾ ਕੇ ਦੱਸਿਆ ਕਿ ਉਸ ਨਿਭਾਗੇ ਦਿਨ ਬਾਬੇ ਫੂਲ ਦਾ ਪੁੱਤਰ ਤਰਲੋਕ ਸਿੰਘ ਸਰਹਿੰਦ ਸਰਕਾਰੀ ਮਾਮਲਾ ਤਾਰਨ ਆਇਆ ਹੋਇਆ ਸੀ। ਉਸ ਨੇ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦੇ ਸਰੀਰਾਂ ਦਾ ਬੜੇ ਸਤਿਕਾਰ ਨਾਲ ਸਸਕਾਰ ਕਰਨ ਵਿਚ ਸਾਥ ਦਿੱਤਾ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)