ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਾਨਵ ਸਮਾਜ ਦੇ ਸਰਬਪੱਖੀ ਵਿਕਾਸ ਲਈ ਪਵਿੱਤਰ ਵਿਚਾਰਾਂ ਦਾ ਉੱਤਮ ਭੰਡਾਰ ਹੈ। ਸੁੱਚੇ ਇਖ਼ਲਾਕੀ ਵਿਚਾਰਾਂ ਦੇ ਅਥਾਹ ਖ਼ਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 6 ਸਿੱਖ ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ ਹੋਰ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਸ਼ਾਮਿਲ ਹੈ। ਗੁਰੂ ਸਾਹਿਬਾਨ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਲਈ ਸ਼ਬਦ ਦੇ ਸ਼ੁਰੂ ਵਿਚ ਕ੍ਰਮਵਾਰ ਮਹਲਾ 1, ਮਹਲਾ 2, ਮਹਲਾ 3, ਮਹਲਾ 4, ਮਹਲਾ 5 ਅਤੇ ਮਹਲਾ 9 ਦੀ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਵੱਖ-ਵੱਖ ਮਤਾਂ ਦੇ ਭਗਤਾਂ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਰਾਬਰ ਦਾ ਸਥਾਨ ਪ੍ਰਾਪਤ ਹੈ। ਇਨ੍ਹਾਂ ਭਗਤ ਜਨਾਂ ਦੇ ਨਾਮ ਇਸ ਪ੍ਰਕਾਰ ਹਨ:
ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਬਾਬਾ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਬੇਣੀ ਜੀ, ਭਗਤ ਧੰਨਾ ਜੀ, ਭਗਤ ਜੈ ਦੇਵ ਜੀ, ਭਗਤ ਭੀਖਣ ਜੀ, ਭਗਤ ਸੂਰਦਾਸ ਜੀ, ਭਗਤ ਪਰਮਾਨੰਦ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ, ਭਗਤ ਸਧਨਾ ਜੀ ਅਤੇ ਭਗਤ ਰਾਮਾਨੰਦ ਜੀ।
ਭਗਤ ਸਾਹਿਬਾਨ ਤੋਂ ਇਲਾਵਾ ਜਿਹੜੇ 11 ਭੱਟ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ੋਭਨੀਕ ਹੈ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਕਲਸਹਾਰ ਜੀ, ਜਾਲਪ ਜੀ, ਕੀਰਤ ਜੀ, ਭਿਖਾ ਜੀ, ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਬਲ੍ਹ ਜੀ, ਗਯੰਦ ਜੀ, ਮਥੁਰਾ ਜੀ ਅਤੇ ਭੱਟ ਹਰਿਬੰਸ ਜੀ।
ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਦੀ ਬਾਣੀ ਦੇ ਨਾਲ ਗੁਰੂ ਘਰ ਦੇ ਨਿਕਟਵਰਤੀਆਂ ਬਾਬਾ ਸੁੰਦਰ ਜੀ, ਰਾਇ ਬਲਵੰਡ ਜੀ ਅਤੇ ਭਾਈ ਸੱਤਾ ਡੂਮ ਜੀ ਦੀ ਰਚੀ ਹੋਈ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਹੈ।
ਸਮੁੱਚੀ ਬਾਣੀ ਨੂੰ ਜਿਹੜੇ 31 ਰਾਗਾਂ ਵਿੱਚ ਵਿਦਮਾਨ ਕੀਤਾ ਗਿਆ ਹੈ, ਦੇ ਨਾਮ ਇਸ ਤਰ੍ਹਾਂ ਹਨ: ਸਿਰੀਰਾਗੁ, ਰਾਗੁ ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲੁ, ਗੋਂਡ, ਰਾਮਕਲੀ, ਨਟ ਨਾਰਾਇਨ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤੁ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਰਾਗੁ ਜੈਜਾਵੰਤੀ। ਆਖ਼ਰੀ ਰਾਗੁ ਜੈਜਾਵੰਤੀ ਦੀ ਵਰਤੋਂ ਸਿਰਫ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਹੀ ਕੀਤੀ ਗਈ ਹੈ।
ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲਾ ਸੰਦੇਸ਼ ਸਮੁੱਚੀ ਮਨੁੱਖਤਾ ਲਈ ਪਰਸਪਰ ਪ੍ਰੇਮ-ਪਿਆਰ, ਦਇਆ, ਪਰਉਪਕਾਰ ਅਤੇ ਮਨੁੱਖੀ ਸਮਾਨਤਾ ਆਦਿ ਦੈਵੀ-ਗੁਣਾਂ ਨਾਲ ਭਰਪੂਰ ਹੈ। ਇਨ੍ਹਾਂ ਗੁਣਾਂ ਨਾਲ ਭਰਪੂਰ ਲੱਗਭਗ ਸਾਰੀ ਬਾਣੀ ਸਰਲ ਪੰਜਾਬੀ ਅਤੇ ਸੰਤ-ਭਾਸ਼ਾ ਵਿਚ ਹੋਣ ਕਾਰਨ ਸਾਧਾਰਨ ਮਨੁੱਖ ਦੀ ਸਮਝ ਵਿਚ ਵੀ ਆਸਾਨੀ ਨਾਲ ਆ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲਾਂ ਇਹ ਧਾਰਨਾ ਸੀ ਕਿ ਆਤਮਿਕ ਵਿਕਾਸ ਦੇ ਪ੍ਰਵਚਨ ਸਿਰਫ਼ ਸੰਸਕ੍ਰਿਤ ਭਾਸ਼ਾ, ਜਿਸ ਨੂੰ ‘ਦੇਵ-ਭਾਸ਼ਾ’ ਆਖਿਆ ਜਾਂਦਾ ਸੀ, ਵਿਚ ਹੀ ਹੋਣੇ ਚਾਹੀਦੇ ਹਨ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਧਾਰਨਾ ਨੂੰ ਨਕਾਰਦਿਆਂ ਰੱਬੀ ਗਿਆਨ ਨੂੰ ਆਮ ਮਨੁੱਖ ਦੀ ਭਾਸ਼ਾ ਵਿਚ ਸਮਝਾਉਣ ਦਾ ਸਫਲ ਯਤਨ ਕੀਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ-ਵਿਆਪਕ ਹੈ। ਇਹ ਬਾਣੀ ਵਿਸ਼ਵ ਦੇ ਸਭ ਸਥਾਨਾਂ ’ਤੇ ਇਕੋ ਜਿਹੀ ਲਾਗੂ ਹੁੰਦੀ ਹੈ। ਇਹ ਕਿਸੇ ਇਕ ਸਥਾਨ ਜਾਂ ਫ਼ਿਰਕੇ ਲਈ ਨਹੀਂ, ਸਗੋਂ ਸਮੁੱਚੀ ਮਾਨਵਤਾ ਅਤੇ ਸਾਰੇ ਸਥਾਨਾਂ ਲਈ ਇਕੋ ਜਿਹੀ ਕਲਿਆਣਕਾਰੀ ਹੈ। ਸਮੁੱਚੀ ਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਕਿਸੇ ਨੂੰ ਵੀ ਜਾਤ, ਧਰਮ, ਕੌਮ ਜਾਂ ਲਿੰਗ ਦੇ ਆਧਾਰ ’ਤੇ ਵੱਡਾ ਜਾਂ ਛੋਟਾ ਨਹੀਂ ਕਿਹਾ ਗਿਆ, ਸਗੋਂ ਪਰਮਾਤਮਾ ਨੂੰ ਸਰਬ-ਵਿਆਪਕ ਮੰਨਦਿਆਂ ਮਨੁੱਖਤਾ ਨੂੰ ਇਸ ਗੱਲ ਦੀ ਸੋਝੀ ਕਰਵਾ ਦਿੱਤੀ ਹੈ ਕਿ ਪਰਮਾਤਮਾ ਘਟ-ਘਟ ਵਿਚ ਵੱਸ ਰਿਹਾ ਹੈ। ਸਾਰੇ ਹੀ ਜੀਵ ਉਸ ਦੀ ਬਖਸ਼ਿਸ਼ ਦੀ ਆਸ ਵਿਚ ਜੀਅ ਰਹੇ ਹਨ। ਇਸ ਸੰਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੁਰਮਾਨ ਹੈ:
ਸਭੁ ਕੋ ਆਸੈ ਤੇਰੀ ਬੈਠਾ॥
ਘਟ ਘਟ ਅੰਤਰਿ ਤੂੰਹੈ ਵੁਠਾ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)
ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਕਿਸੇ ਵੀ ਵਿਅਕਤੀ ਨੂੰ ਜਾਤ, ਧਰਮ, ਕੌਮ ਦੇ ਆਧਾਰ ’ਤੇ ਵੱਡਾ ਜਾਂ ਛੋਟਾ ਨਹੀਂ ਮੰਨਿਆ ਗਿਆ, ਸਗੋਂ ਸਮੁੱਚੀ ਮਨੁੱਖਤਾ ਨੂੰ ਬਰਾਬਰ ਮੰਨਦਿਆਂ ਹਰ ਤਰ੍ਹਾਂ ਦੇ ਵਿਤਕਰੇ, ਵਹਿਮ-ਭਰਮ, ਊਚ-ਨੀਚ ਤੇ ਪਾਖੰਡਾਂ ਆਦਿ ਦੀ ਨਿਖੇਧੀ ਕੀਤੀ ਗਈ ਹੈ। ਅਧਿਆਤਮਕ ਪ੍ਰਾਪਤੀ ਲਈ ਕੀਤੇ ਜਾਂਦੇ ਕਰਮ-ਕਾਂਡਾਂ ਅਤੇ ਕਾਰਜਹੀਣ ਭੇਖਾਂ ਨੂੰ ਨਕਾਰਦਿਆਂ ਇਸ ਵਿਚ ਸੱਚ ਉਪਰ ਜ਼ੋਰ ਦਿੱਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਬਾਣੀ ਵਿਚ ਸਭ ਨੂੰ ਬਰਾਬਰ ਮੰਨਿਆ ਗਿਆ ਹੈ, ਇੱਥੋਂ ਤਕ ਕਿ ਮਨੁੱਖ ਨੂੰ ਸਰਬੱਤ ਦਾ ਭਲਾ ਮੰਗਣ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰਬਾਣੀ ਅਨੁਸਾਰ ਸਾਰੇ ਹੀ ਜੀਵ ਇਕ ਅਕਾਲ ਪੁਰਖ ਦੇ ਸਾਜੇ ਹੋਏ ਹਨ, ਇਨ੍ਹਾਂ ਵਿਚ ਭੇਦ-ਭਾਵ ਰੱਖਣਾ ਆਪਣੇ ਮਨ ਦੀ ਸੰਕੀਰਣਤਾ ਦਿਖਾਉਣਾ ਹੈ। ਗੁਰਬਾਣੀ ਵਿਚ ਸਾਰੇ ਜੀਵਾਂ ਅਤੇ ਸਮੁੱਚੀ ਮਨੁੱਖਤਾ ਨੂੰ ਉਸ ਅਕਾਲ ਪੁਰਖ ਦੀ ਸੰਤਾਨ ਮੰਨਦਿਆਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਮਨੁੱਖ ਉਸ ਪਰਮਾਤਮਾ ਦੀ ਸੰਤਾਨ ਹੋਣ ਕਾਰਨ ਚੰਗਾ ਜਾਂ ਮਾੜਾ ਨਹੀਂ ਹੋ ਸਕਦਾ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)
ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਗਈ ਹੈ। ਅਸਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਵੱਖ-ਵੱਖ ਮਹਾਂਪੁਰਸ਼ਾਂ ਦੀ ਬਾਣੀ ਨੂੰ ਇਕੱਤਰ ਕਰ ਕੇ ਸਮੁੱਚੀ ਮਾਨਵਤਾ ਨੂੰ ‘ਸ਼ਬਦ-ਗੁਰੂ’ ਦੇ ਰੂਪ ਵਿਚ ਇਕ ਸਰਬ-ਸਾਂਝਾ ਗ੍ਰੰਥ ਪ੍ਰਦਾਨ ਕਰਨਾ ਇੱਕ ਅਦੁੱਤੀ ਸੋਚ ਸੀ। ਇਸ ਅਦੁੱਤੀ ਸੋਚ ਤਹਿਤ ਇਨਸਾਨੀ ਨਸਲ ਨੂੰ ਰਹਿਬਰ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਸੀ, ਤਾਂ ਕਿ ਮਾਨਵਤਾ ਸ਼ਬਦ-ਗੁਰੂ ਦੇ ਲੜ ਲੱਗ ਕੇ ਭੂਗੋਲਿਕ, ਸਮਾਜਿਕ, ਆਤਮਿਕ ਅਤੇ ਕੌਮੀਅਤ ਦੇ ਹੱਦ-ਬੰਨਿਆਂ ਤੋਂ ਉੱਪਰ ਉਠ ਕੇ ਆਪਸੀ ਪਿਆਰ, ਮੇਲ-ਮਿਲਾਪ ਅਤੇ ਸਹਿਚਾਰ ਵਧਾਉਂਦੀ ਹੋਈ ਨਫ਼ਰਤ ਤੇ ਕੱਟੜਤਾ ਦਾ ਨਾਸ਼ ਕਰ ਸਕੇ। ਗੁਰੂ-ਬਾਣੀ ਵਿਚ ਹਰ ਮਨੁੱਖ ਨੂੰ ਦਵੈਤ ਭਾਵਨਾ ਤੋਂ ਮੁਕਤ ਰਹਿਣ ਦਾ ਉਪਦੇਸ਼ ਕੀਤਾ ਗਿਆ ਹੈ। ਜਿਸ ਅਨੁਸਾਰ ਕੋਈ ਵੀ ਮਨੁੱਖ ਬੇਗਾਨਾ ਜਾਂ ਪਰਾਇਆ ਨਹੀਂ ਸਗੋਂ ਸਾਰੇ ਹੀ ਆਪਣੇ ਹਨ ਅਤੇ ਸਭ ਨੂੰ ਆਪਸ ਵਿਚ ਮਨੁੱਖਤਾ ਵਾਲੀ ਸਾਂਝ ਪੈਦਾ ਕਰਨੀ ਚਾਹੀਦੀ ਹੈ। ਗੁਰਬਾਣੀ ਦਾ ਇਸ ਸਬੰਧ ਵਿਚ ਸਪੱਸ਼ਟ ਫ਼ੁਰਮਾਨ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਅਧਿਆਤਮਕ ਸਤਿ ਦੀ ਹੀ ਪੇਸ਼ਕਾਰੀ ਨਹੀਂ ਕੀਤੀ ਗਈ ਸਗੋਂ ਭੌਤਿਕ ਸੰਸਾਰ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਹੱਲ ਵੀ ਦੱਸਿਆ ਗਿਆ ਹੈ, ਤਾਂ ਕਿ ਹਰ ਮਨੁੱਖ ਚੰਗਾ ਇਨਸਾਨ ਬਣਦਾ ਹੋਇਆ ਅਤੇ ਮਨੁੱਖਤਾ ਪ੍ਰਤੀ ਆਪਣੇ ਫ਼ਰਜ਼ ਨਿਭਾਉਂਦਾ ਹੋਇਆ ਨਵੇਂ-ਨਿਰੋਏ ਸਮਾਜ ਦੀ ਸਿਰਜਣਾ ਕਰ ਸਕੇ। ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮੁੱਚੀ ਜੀਵਨ-ਜਾਚ ਪ੍ਰਦਾਨ ਕਰਦੀ ਹੈ। ਡਾ. ਗੁਰਨਾਮ ਕੌਰ ‘ਨਾਨਕ ਪ੍ਰਕਾਸ਼ ਪੱਤ੍ਰਿਕਾ’ ਦੇ ਦਸੰਬਰ 2002 ਦੇ ਅੰਕ ਵਿਚ ਇਸ ਗੱਲ ਦੀ ਪੁਸ਼ਟੀ ਕਰਦਿਆਂ ਲਿਖਦੇ ਹਨ : “ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹਾ ਗ੍ਰੰਥ ਹੈ, ਜਿਸ ਤੋਂ ਸਾਰਾ ਸੰਸਾਰ ਅਗਵਾਈ ਲੈ ਸਕਦਾ ਹੈ, ਕਿਉਂਕਿ ਇਹ ਪ੍ਰਾਣੀ-ਮਾਤਰ ਨੂੰ ਸਿਖਾਉਂਦਾ ਹੈ ਕਿ ਸੰਸਾਰ ਵਿਚ ਰਹਿੰਦਿਆਂ ਹੋਇਆਂ ਉਸ ਨੂੰ ਕਿਸ ਕਿਸਮ ਦਾ ਜੀਵਨ ਜਿਊਣਾ ਚਾਹੀਦਾ ਹੈ, ਉਸ ਨੂੰ ਕਿਹੋ ਜਿਹਾ ਮਨੁੱਖ ਬਣਨਾ ਚਾਹੀਦਾ ਹੈ, ਉਸ ਦੇ ਧਾਰਮਿਕ ਸਰੋਕਾਰ ਕੀ ਹੋਣੇ ਚਾਹੀਦੇ ਹਨ। ਭਾਵੇਂ ਉਹ ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਦਾ ਹੋਵੇ, ਸੰਸਾਰ ਵਿਚ ਵਿਚਰਦਿਆਂ ਹੋਇਆਂ ਇਕ ਮਾਨਵ ਦੇ ਤੌਰ ’ਤੇ ਉਸ ਦਾ ਮਨੁੱਖਤਾ ਪ੍ਰਤੀ ਕੀ ਫ਼ਰਜ਼ ਬਣਦਾ ਹੈ ਅਤੇ ਉਸ ਦਾ ਦੂਸਰੇ ਮਨੁੱਖਾਂ ਨਾਲ ਅਤੇ ਸਮਾਜ ਨਾਲ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ।”
ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਦੇ ਭਲੇ ਲਈ ਧਾਰਮਿਕ, ਨੈਤਿਕ ਅਤੇ ਦਾਰਸ਼ਨਿਕ ਕੀਮਤਾਂ ਦਾ ਸੋਮਾ ਹੈ। ਇਸ ਵਿਚਲਾ ਉਪਦੇਸ਼ ਸਮੁੱਚੀ ਮਾਨਵਤਾ ਲਈ ਹੈ ਜਿਸ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬੇਸ਼ੱਕ ਕੋਈ ਰਾਮ ਦਾ ਉਚਾਰਨ ਕਰਦਾ ਹੈ, ਭਾਵੇਂ ਉਹ ਖ਼ੁਦਾ ਨੂੰ ਸਿਜਦਾ ਕਰਦਾ ਹੈ, ਪਰ ਮੂਲ ਰੂਪ ਵਿਚ ਉਹ ਸਭ ਤੋਂ ਪਹਿਲਾਂ ਇਨਸਾਨ ਹੈ। ਹਰ ਪ੍ਰਾਣੀ-ਮਾਤਰ ਦਾ ਇਹ ਮੁੱਢਲਾ ਫ਼ਰਜ਼ ਹੈ ਕਿ ਉਹ ਹਰ ਇਨਸਾਨ ਦੀਆਂ ਭਾਵਨਾਵਾਂ ਦੀ ਕਦਰ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ ਸਹਿਣ ਕਰਨ ਦੀ ਇਹ ਸ਼ਕਤੀ (tolerance), ਵਿਸ਼ਵ ਭਾਈਚਾਰੇ ਅਤੇ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੇ ਧਰਮਾਂ ਨੂੰ ਬਰਾਬਰ ਮੰਨਦਿਆਂ ਹਰ ਇਕ ਨੂੰ ਆਪਣੇ-ਆਪਣੇ ਧਰਮ ਦਾ ਪਾਲਣ ਕਰਨ ਦਾ ਸੁਚੱਜਾ ਉਪਦੇਸ਼ ਦਿੱਤਾ ਗਿਆ ਹੈ, ਪਰੰਤੂ ਧਰਮ ਦੀ ਆੜ ਹੇਠ ਕੀਤੇ ਜਾਂਦੇ ਹਰ ਤਰ੍ਹਾਂ ਦੇ ਕਰਮ-ਕਾਂਡਾਂ ਅਤੇ ਸੰਸਾਰ ਤੋਂ ਭਾਂਜਵਾਦੀ ਰਵੱਈਏ ਨੂੰ ਇਸ ਵਿਚ ਸਖ਼ਤੀ ਨਾਲ ਨਕਾਰਿਆ ਗਿਆ ਹੈ। ਕੰਵਲ ਦੇ ਫੁੱਲ ਦੀ ਉਦਾਹਰਣ ਦੇ ਕੇ ਮਨੁੱਖਤਾ ਨੂੰ ਇਹ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਸੰਸਾਰ ਤਿਆਗ ਦੀ ਥਾਂ ਦੁਨਿਆਵੀ ਕੰਮ ਧੰਦੇ ਕਰਦਿਆਂ ਅਤੇ ਗ੍ਰਹਿਸਥੀ ਜੀਵਨ ਜਿਉਂਦਿਆਂ ਦੁਨਿਆਵੀ ਲੋੜਾਂ ਨੂੰ ਸੀਮਤ ਰੱਖ ਕੇ ਦੁਨੀਆਂ ਵਿਚ ਕੰਵਲ ਦੇ ਫੁੱਲ ਵਾਂਗ ਨਿਰਲੇਪ ਰਹਿਣਾ ਹੀ ਅਸਲ ਤਿਆਗੀ ਹੋਣਾ ਹੈ। ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਦਾਚਾਰਕ ਗੁਣਾਂ ਉੱਪਰ ਪੂਰਾ-ਪੂਰਾ ਬਲ ਦਿੱਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸੱਚ ਦੀ ਹੀ ਵਿਆਖਿਆ ਹੈ, ਕਿਉਂਕਿ ਗੁਰਬਾਣੀ ਦਾ ਮੁਖ ਵਿਸ਼ਾ ਹੀ ਸੱਚ ਹੈ। ਇਸ ਦੀ ਪ੍ਰਾਪਤੀ ਲਈ ਸੰਸਾਰ ਦਾ ਤਿਆਗ ਕਰ ਕੇ ਜੰਗਲਾਂ ਵਿਚ ਵਿਚਰਨ ਦੀ ਲੋੜ ਨਹੀਂ ਸਗੋਂ ਗ੍ਰਹਿਸਥ ਨੂੰ ਸਭ ਧਰਮਾਂ ਨਾਲੋਂ ਉੱਤਮ ਮੰਨ ਕੇ ਮਾਇਕ ਪਦਾਰਥਾਂ ਵਿਚ ਕੰਵਲ ਦੇ ਫੁੱਲ ਵਾਂਗ ਨਿਰਲੇਪ ਰਹਿਣ ਲਈ ਕਿਹਾ ਗਿਆ ਹੈ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਰਹਿਬਰ ਹਨ। ਸਮੁੱਚੀ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਰਬ-ਵਿਆਪੀ ਤੇ ਸਰਬ-ਸਾਂਝਾ ਹੈ, ਜੋ ਸਮੁੱਚੀ ਮਾਨਵਤਾ ਨੂੰ ਸੁਖ-ਸਾਂਤੀ ਅਤੇ ਪ੍ਰੇਮ-ਭਾਵ ਰੱਖਣ ਦਾ ਉਪਦੇਸ਼ ਦਿੰਦਾ ਹੈ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ