editor@sikharchives.org

ਸਾਕਾ ਸਰਹਿੰਦ

ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਮਕਸਦ ਨਾਲ ਸ਼ਹੀਦ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਹਮੇਸ਼ਾ ਲਈ ਬੁਝ ਜਾਵੇਗਾ ਅਤੇ ਭਾਰਤ ਨੂੰ ਮੁਕੰਮਲ ਰੂਪ ਵਿਚ ਇਸਲਾਮੀ ਦੇਸ਼ ਬਣਾਉਣ ਦਾ ਰਸਤਾ ਖੁੱਲ੍ਹ ਜਾਵੇਗਾ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਇਤਿਹਾਸ ਗਵਾਹ ਹੈ ਕਿ ਸੰਸਾਰ ਵਿਚ ਹਰੇਕ ਕ੍ਰਾਂਤੀ ਕੁਰਬਾਨੀ ਦੀ ਮੰਗ ਕਰਦੀ ਹੈ ਤੇ ਸੰਪੂਰਨ ਕ੍ਰਾਂਤੀ ਉਸ ਤੋਂ ਵੀ ਵਡੇਰੀ ਕੁਰਬਾਨੀ ਮੰਗਦੀ ਹੈ। ਤਾਰੀਖ਼ਾਂ ਦੀ ਤਵਾਰੀਖ਼ ਹੈ ਕਿ ਜਿੰਨੀਆਂ ਵੱਡੀਆਂ ਕੁਰਬਾਨੀਆਂ ਤੇ ਸੰਘਰਸ਼ ਰਹੇ ਉਨ੍ਹੀਆਂ ਹੀ ਵੱਡੀਆਂ ਜਿੱਤਾਂ ਦੇ ਤਮਗੇ ਜਿੱਤਣ ਵਾਲੇ ਸੂਰਬੀਰਾਂ ਤੇ ਜੁਝਾਰੂਆਂ ਦੀਆਂ ਹਿੱਕਾਂ ’ਤੇ ਸੱਜਦੇ ਰਹੇ। ਅਜਿਹਾ ਹੀ ਇਕ ਜਾਨਾਂ ਹੂਲ ਕੇ ਲੜਿਆ ਗਿਆ ਸੰਪੂਰਨ ਕ੍ਰਾਂਤੀ ਲਈ ਸਿੱਖ ਸੰਘਰਸ਼ ਸੀ ਜਿਸ ਨੂੰ “ਬਾਬੇ ਕਿਆਂ ਅਤੇ ਬਾਬਰ ਕਿਆਂ” ਵਿਚਕਾਰ ਹੋਏ ਸੰਘਰਸ਼ ਵਜੋਂ ਜਾਣਿਆ ਜਾਂਦਾ ਹੈ। ਇਸ ਸੰਘਰਸ਼ ਵਿਚ ਗੁਰੂ ਸਾਹਿਬਾਨ, ਗੁਰੂ-ਪਰਵਾਰਾਂ ਅਤੇ ਗੁਰੂ ਖਾਲਸਾ ਜੀ ਨੇ “ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥” ਅਤੇ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ।” ਦੇ ਅਦੁੱਤੀ ਅਤੇ ਨਿਵੇਕਲੇ ਸਿਧਾਂਤ ਅਨੁਸਾਰ ਸਰਅੰਜਾਮ ਦਿੱਤਾ। ਇਸ ਲੰਮੇ ਧੁੰਦ-ਰੋਲਵੇਂ ਧਰਮ-ਯੁੱਧ ਵਿਚ ਭਾਵੇਂ ਖਾਲਸਾ ਪੰਥ ਨੂੰ ਆਪਣਾ ਜਾਹੋ-ਜਲਾਲ, ਸਿੱਦਕ ਅਤੇ ਮਹਾਨ ਸਿਧਾਂਤ ਕਾਇਮ ਰੱਖਣ ਲਈ ਬੜੀਆਂ ਭਾਰੀਆਂ ਕੁਰਬਾਨੀਆਂ ਕਰਨੀਆਂ ਪਈਆਂ, ਪਰ ਇਸ ਸੰਘਰਸ਼ ਨੇ ਭਾਰਤੀ ਜਨਸਮੂਹ ਨੂੰ ਜਹਾਲਤ ਤੇ ਜਲਾਲਤ ਭਰਪੂਰ ਅਪਮਾਨਜਨਕ ਜ਼ਿੰਦਗੀ ਵਿੱਚੋਂ ਕੱਢ ਕੇ, ਭਾਰਤ ਵਾਸੀਆਂ ਦੀ ਗ਼ੁਲਾਮ ਜ਼ਮੀਰ ਨੂੰ ਅਜ਼ਾਦ ਕਰਵਾ ਕੇ, ਇਕ ਨਰੋਆ, ਸੰਤੁਲਿਤ, ਮਨੁੱਖੀ ਬਰਾਬਰੀ, ਸਾਂਝੀਵਾਲਤਾ, ਗੈਰਤ, ਗੌਰਵ ਅਤੇ ਅਣਖ ਭਰਪੂਰ ਜੀਵਨ ਬਖਸ਼ ਕੇ ਸਰਬਪੱਖੀ ਕ੍ਰਾਂਤੀ ਦਾ ਮੁੱਢ ਬੰਨ੍ਹਿਆ। ਅਸਲ ਵਿਚ ਇਹ ਸਤਿਆਚਾਰ ਅਤੇ ਅੱਤਿਆਚਾਰ, ਸਬਰ ਅਤੇ ਜਬਰ ਵਿਚਕਾਰ ਲਾਮਿਸਾਲ ਲੰਮਾ ਸੰਘਰਸ਼ ਸੀ।


ਇਸੇ ਲਾਮਿਸਾਲ ਸੰਘਰਸ਼ ਦੇ ਅੰਤਰਗਤ ਇਕ ਸਾਕਾ ਉਹ ਵੀ ਆਉਂਦਾ ਹੈ, ਜਿਸ ਨੇ ਸਮੁੱਚੀ ਮਾਨਵਤਾ ਨੂੰ ਹਲੂਣ ਕੇ ਰੱਖ ਦਿੱਤਾ। ਇਹ ਸਾਕਾ ਸੰਮਤ 1761 ਬਿਕ੍ਰਮੀ ਦਾ ਹੈ ਜੋ 6-7 ਪੋਹ ਦੀ ਰਾਤ ਨੂੰ ਅਰੰਭ ਹੋਇਆ, ਜਦੋਂ ਮਾਤਾ ਗੁਜਰੀ ਜੀ ਆਪਣੇ ਦੋ ਮਸੂਮ ਪੋਤਰਿਆਂ--ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਸਮੇਤ ਸਰਸਾ ਨਦੀ ਲਾਗੇ ਪਏ ਪਰਵਾਰ ਵਿਛੋੜੇ ਵਿਚ ਸਰਬੰਸਦਾਨੀ ਦਸਮ ਪਿਤਾ ਤੋਂ ਵੱਖ ਹੋ ਕੇ ਕਿਸੇ ਓਝੜ ਰਾਹੇ ਪੈ ਗਏ। ਹਕੀਮ ਅਲਹ ਯਾਰ ਖਾਂ ‘ਜੋਗੀ’ ਇਉਂ ਲਿਖਦੇ ਹਨ:

ਜ਼ੋਰਾਵਰ ਔਰ ਫ਼ਤਹ ਜੋ ਦਾਦੀ ਕੇ ਸਾਥ ਥੇ। 
ਦਾਯੇਂ ਕੀ ਜਗਹ ਚਲ ਦਿਏ ਵੁਹ ਬਾਯੇਂ ਹਾਥ ਥੇ।

ਪੋਹ ਦੀ ਠੰਡੀ ਠਾਰ ਰਾਤ ਤੇ ਬਿਖੜੇ ਪੈਂਡੇ ਦੌਰਾਨ ਮਾਤਾ ਜੀ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ। ਉਹ ਮਾਤਾ ਜੀ ਅਤੇ ਦੋਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਜੋ ਕਿ ਉਸ ਸਮੇਂ ਮਾਤਾ ਜੀ ਦੇ ਨਾਲ ਹੀ ਸਨ, ਆਪਣੇ ਪਿੰਡ ਸਹੇੜੀ (ਖੇੜੀ) ਵਿਖੇ ਆਪਣੇ ਘਰ ਲੈ ਗਿਆ ਪਰੰਤੂ ਜਿਵੇਂ ਕਿ ਮਨੁੱਖ ਦੀ ਲਾਲਚੀ ਬਿਰਤੀ ਹੁੰਦੀ ਹੈ, ਉਸੇ ਪ੍ਰਕਾਰ ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮਾਤਾ ਜੀ ਦਾ ਧਨ ਅਤੇ ਹੋਰ ਵਸਤਾਂ ਚੁਰਾ ਲਈਆਂ ਅਤੇ ਸੂਬਾ-ਸਰਹੰਦ ਤੋਂ ਚੰਗਾ-ਚੌਖਾ ਇਨਾਮ ਪ੍ਰਾਪਤ ਕਰਨ ਦੀ ਨੀਅਤ ਨਾਲ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ-ਮਾਨੀ ਖਾਂ ਨੂੰ ਖ਼ਬਰ ਦੇ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ 9 ਪੋਹ, 1761 ਬਿਕ੍ਰਮੀ ਨੂੰ ਸੂਬਾ-ਸਰਹੰਦ ਦੇ ਹਵਾਲੇ ਕਰ ਦਿੱਤਾ। ਇਹ ਉਹ ਗੰਗੂ ਸੀ, ਜੋ ਦਸਮੇਸ਼ ਪਿਤਾ ਜੀ ਦੇ ਗ੍ਰਹਿ ਵਿਖੇ 16 ਸਾਲ ਤੋਂ ਵੱਧ ਸਮਾਂ ਰਸੋਈਏ ਦੀ ਸੇਵਾ ਨਿਭਾਉਂਦਾ ਰਿਹਾ ਸੀ ਅਤੇ ਗੁਰੂ-ਘਰ ਦਾ ਵਿਸ਼ਵਾਸ-ਪਾਤਰ ਮੰਨਿਆ ਜਾਂਦਾ ਸੀ। ਵਕਤ ਦਾ ਹੇਰਫੇਰ ਸੀ ਕਿ ਉਹੀ ਹੁਣ ਵਿਸ਼ਵਾਸਘਾਤੀ ਅਤੇ ਬੇਈਮਾਨ ਹੋ ਨਿੱਬੜਿਆ ਸੀ। ਮੁਹੰਮਦ ਇਕਬਾਲ ਅਜਿਹੀ ਹਵਸੀ ਜ਼ਹਿਨੀਅਤ ਵਾਲੇ ਅਕ੍ਰਿਤਘਣ ਬੰਦਿਆਂ ਬਾਰੇ ਠੀਕ ਹੀ ਬਿਆਨ ਕਰਦੇ ਹਨ:

ਹਵਸ ਮੇਂ ਲੋਗ ਵਫ਼ਾ ਕੋ ਬੇਚ ਦੇਤੇ ਹੈਂ।
ਖ਼ੁਦਾ ਕੇ ਘਰ ਕੋ ਤੋ ਕਿਆ, ਵੇ ਖੁਦਾ ਕੋ ਹੀ ਬੇਚ ਦੇਤੇ ਹੈਂ।”

ਹਕੀਮ ਅਲਹ ਯਾਰ ਖਾਂ ਜੋਗੀ ਰਹਿਮਾਨੀ ਵੀ ਗੰਗੂ ਦੀ ਇਸ ਘਿਨਾਉਣੀ ਕਾਰਵਾਈ ਨੂੰ ਇਉਂ ਨਿੰਦਦਾ ਹੈ:

ਬਦਜ਼ਾਤ ਬਦ-ਸਿਫ਼ਾਤ ਵੁਹ ਗੰਗੂ ਨਮਕ-ਹਰਾਮ, 
ਟੁਕੜੋਂ ਪ: ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ 
ਘਰ ਲੇ ਕੇ ਸ਼ਾਹਜ਼ਾਦੋਂ ਕੋ ਆਯਾ ਜੋ ਬਦਲਗਾਮ 
ਥਾ ਜ਼ਰ ਲੂਟਨੇ ਕੋ ਕਿਯਾ ਸਬ ਯਿਹ ਇੰਤਿਜ਼ਾਮ 
ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।

ਅਤੇ :

ਅਲਕਿੱਸਾ ਲੇ ਕੇ ਸਾਥ ਵੁਹ ਜਾਸੂਸ ਆ ਗਯਾ। 
ਪਕੜਾਨੇ ਸ਼ਾਹਜਾਦੋਂ ਕੋ ਮਨਹੂਸ ਆ ਗਯਾ
(ਇੱਥੇ ਬਦਜ਼ਾਦ ਬਦ-ਸਿਫਾਤ ਦਾ ਅਰਥ ਲੂਣ ਹਰਾਮੀ, ਬੇਈਮਾਨ ਅਤੇ ਮੁਦਾਮ ਦਾ ਅਰਥ ਹਮੇਸ਼ਾ ਹੈ।)

ਜਾਲਮ ਸੂਬਾ-ਸਰਹੰਦ ਦੇ ਹੁਕਮ ਤਹਿਤ ਉਸ ਰਾਤ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਲ੍ਹੇ ਦੇ ਠੰਡੇ ਬੁਰਜ ਵਿਚ ਰੱਖਿਆ ਗਿਆ। ਪੋਹ ਦੀ ਠੰਡੀ ਰਾਤ ਭੁੱਖੇ-ਭਾਣੇ ਦਾਦੀ ਅਤੇ ਨਿੱਕੇ-ਨਿੱਕੇ ਸੋਹਲ ਕਲੀਆਂ ਵਰਗੇ ਪੋਤਰੇ! ਬਹੁਤ ਹੀ ‘ਬਾਲ-ਅਵਸਥਾ’ ਵਿਚ (1700 ਈ.) ਵਿਚ ਜਨਮਦਾਤੀ ਮਾਤਾ ਜੀਤੋ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਕਾਰਨ ਮਾਤਾ ਦੇ ਲਾਡ, ਚਾਅ, ਪਿਆਰ, ਸਦਕੜਿਆਂ ਤੋਂ ਤਾਂ ਵਾਂਝੇ ਹੋ ਗਏ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਅਕਾਲ ਪੁਰਖ ਦੇ ਹੁਕਮ, ਰਜ਼ਾ ਅਤੇ ਸ਼ਕਤੀ ਬਾਰੇ ਇਉਂ ਫੁਰਮਾਉਂਦੇ ਹਨ:

ਹਰਿ ਕੀ ਗਤਿ ਨਹਿ ਕੋਊ ਜਾਨੈ ॥
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥1॥ਰਹਾਉ॥ 
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, 537)

ਦੁਨੀਆ ਦੇ ਇਤਿਹਾਸ ਵੱਲ ਝਾਤੀ ਮਾਰਦਿਆਂ ਸਹਿਜੇ ਹੀ ਕਹਿ ਸਕਦੇ ਹਾਂ ਕਿ ਇਸ ਤੋਂ ਵੱਡਾ ਅਤੇ ਕਠਿਨ ਇਮਤਿਹਾਨ, ਪੂਰੇ ਠਰ੍ਹਮੇ, ਸਹਿਜ ਅਤੇ ਦਿਲਾਵਰੀ ਨਾਲ ਸਹਿਣ ਕਰਨਾ ਸ਼ਾਇਦ ਹੀ ਦੁਨੀਆ ਦੇ ਇਤਿਹਾਸ ਵਿਚ ਕਿਸੇ ਹੋਰ ਨੂੰ ਪਾਸ ਕਰਨਾ ਪਿਆ ਹੋਵੇ। ਨਵਾਬ ਦੇ ਸਹਿਮ ਅਤੇ ਸਖਤੀ ਦੇ ਬਾਵਜੂਦ ਭਾਈ ਮੋਤੀ ਰਾਮ ਮਹਿਰਾ ਨੇ ਭਾਰੀ ਜ਼ੋਖ਼ਮ ਉਠਾ ਕੇ ਇਨ੍ਹਾਂ ਨਿਰਭੈ ਅਤੇ ਨਿਰਵੈਰ ਕੈਦੀਆਂ ਦੀ ਦੁੱਧ-ਪਾਣੀ ਨਾਲ ਸੇਵਾ ਕੀਤੀ। ਇਸ ਦੇ ਨਤੀਜੇ ਵਜੋਂ ਬਾਅਦ ਵਿਚ ਸ਼ਾਹੀ ਹੁਕਮ ਅਨੁਸਾਰ ਭਾਈ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਵਾਰ ਕੋਹਲੂ ਥਾਂਈ ਪੀੜ ਕੇ ਕੀਮਾ-ਕੀਮਾ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਸੱਚਮੁੱਚ ਹੀ ਉਹ ਸੱਚਾ ਮੋਤੀ ਸੀ, ਮਾਣਕ ਸੀ, ਹੀਰਾ ਸੀ ਅਤੇ ਗੁਰੂ ਕਾ ਲਾਲ ਸੀ, ਅਸਲ “ਪੰਥ-ਰਤਨ” ਸੀ। ਅਫ਼ਸੋਸ ਅਸੀਂ ਉਸ ਦੀ ਮਹਾਨ ਸ਼ਹੀਦੀ ਨੂੰ ਅੱਜ ਤਕ ਅਣਗੌਲਿਆ ਹੀ ਕਰ ਰੱਖਿਆ ਹੈ।

ਦੂਜੇ ਦਿਨ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਿਹਰੀ ਵਿਚ ਪੇਸ਼ੀ ਸੀ। ਦਾਦੀ ਮਾਂ, ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਤੋਰਦਿਆਂ ਜੋ ਸਿੱਖਿਆ ਦ੍ਰਿੜ੍ਹ ਕਰਵਾਈ ਉਸ ਨੂੰ ਇਕ ਸ਼ਾਇਰ ਨੇ ਇਉਂ ਬਿਆਨ ਕੀਤਾ ਹੈ:

ਪੁੱਜ ਕੇ ਕਚਹਿਰੀ ਜੈਕਾਰਾ ਗੱਜ ਕੇ “ਸਤਿ ਸ੍ਰੀ ਅਕਾਲ” ਦਾ ਗਜਾਇਓ! 
ਡੋਲ ਜੇ ਹਿਮਾਲਾ ਪਰਬਤ ਭਾਵੇਂ, ਪਰ ਤੁਸੀਂ ਚਿਤ ਨਾ ਡੁਲਾਇਓ!
ਦਾਦੇ ਵਾਂਗੂ ਜਰਿਓ ਅਸਹਿ ਤਸੀਹੇ ਨਿੱਕੀ ਜਾਨ ਉੱਤੇ!
ਧੱਬਾ ਲੱਗ ਨ ਜਾਏ ਸਿੱਖੀ ਸ਼ਾਨ ਤੇ ਈਮਾਨ ਉੱਤੇ!
ਦਾਦੇ ਦੇ ਦਾਦੇ ਨੇ ਜਿਵੇਂ ਬੈਠ ਤੱਤੀ ਤੱਵੀ ਉੱਤੇ ਜਬਰੋ ਜੁਲਮ ਨੂੰ ਸੀ ਹਰਾਇਆ!
ਰੀਤ ਤੁਸਾਂ ਵੀ ਗੁਰੂ ਪੰਥ ਦੀ ਕਾਇਮ ਰੱਖਣੀ,
ਭਾਂਵੇਂ ਕਾਦਰ ਨੇ ਪਰਚਾ ਕਠਿਨ ਹੈ ਪਾਇਆ!

ਸਾਰਾ ਗੁਰ-ਇਤਿਹਾਸ ਵਾਚਣ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਸਾਹਿਬਾਨ, ਗੁਰ-ਪਰਵਾਰਾਂ ਅਤੇ ਗੁਰਸਿੱਖਾਂ ਨੇ ਪੁਰਾਤਨ ਮਾਨਤਾਵਾਂ, ਕਥਾ-ਕਹਾਣੀਆਂ ਵਾਂਗ ਕਿਸੇ ਕਰਾਮਾਤ ਜਾਂ ਗੈਬੀ ਸ਼ਕਤੀ ਆਦਿ ਨਾਲ ਕੁਝ ਨਹੀਂ ਕੀਤਾ, ਸਗੋਂ ਸਾਰਾ ਜੀਵਨ ਅਕਾਲ ਪੁਰਖ ਦੇ ਭਾਣੇ ਵਿਚ ਅਟੁੱਟ ਵਿਸ਼ਵਾਸ ਨਾਲ ਪਰਮਾਤਮਾ ਦੀ ਰਜ਼ਾ ਵਿਚ ਪਰਬਤਾਂ ਵਾਂਗ ਅਹਿੱਲ ਰਹਿ ਕੇ ਸਾਰਿਆਂ ਸਮਿਆਂ ਦੇ ਸਾਰੇ ਵਿਅਕਤੀਆਂ ਲਈ ਉੱਚਤਮ ਅਧਿਆਤਮਕ ਅਤੇ ਸੰਸਾਰਕ ਜੀਵਨ-ਜੁਗਤ ਬਖ਼ਸ਼ਿਸ਼ ਕੀਤੀ ਹੈ। ਮਿਸਾਲ ਦੇ ਤੌਰ ’ਤੇ ਮਾਤਾ ਗੁਜਰੀ ਜੀ ਦਾ ਆਪਣੇ ਪੋਤਿਆਂ ਪ੍ਰਤੀ ਮੋਹ-ਪਿਆਰ ਅਤੇ ਲਾਡ ਵੀ ਹਰ ਤੇ ਸੰਸਾਰੀ ਸੁਜਗ ਦਾਦੀ ਵਾਂਗ ਹੀ ਹੈ, ਪਰੰਤੂ ਉਸ ਨੂੰ ਅਕਾਲ ਪੁਰਖ ਦੇ ਭਾਣੇ ਅਤੇ ਰਜ਼ਾ ਵਿਚ ਪੂਰਾ ਤੇ ਦ੍ਰਿੜ੍ਹ ਵਿਸ਼ਵਾਸ ਹੈ ਇਸੇ ਕਰਕੇ ਉਹ ਦੋਹਾਂ ਨੰਨ੍ਹੇ-ਨੰਨ੍ਹੇ ਪੋਤਰਿਆਂ ਪ੍ਰਤੀ ਆਪਣੀਆਂ ਰੀਝਾਂ ਪੂਰੀਆਂ ਕਰਦਿਆਂ ਦੁਨੀਆ ਦੀ ਸਭ ਤੋਂ ਵੱਡੀ ਕੁਰਬਾਨੀ ਦੇਣ ਲਈ ਗੁਰੂ-ਇਤਿਹਾਸ, ਗੁਰੂ-ਘਰ ਦੀ ਮਹਾਨ ਰੀਤ ਆਪਣੇ ਦਾਦੇ ਅਤੇ ਦਾਦੇ ਦੇ ਦਾਦੇ ਵੱਲੋਂ ਦਿੱਤੀਆਂ ਲਾਸਾਨੀ ਕੁਰਬਾਨੀਆਂ ਦ੍ਰਿੜ੍ਹ ਕਰਾਉਂਦੀ ਹੋਈ ਉਨ੍ਹਾਂ ਅੰਦਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋਣ ਦਾ ਅਹਿਸਾਸ ਵੀ ਦ੍ਰਿੜ੍ਹ ਕਰਵਾਉਂਦੀ ਹੈ। ਹਕੀਮ ਅਲਹ ਯਾਰ ਖਾਂ ਜੋਗੀ ਉਨ੍ਹਾਂ ਲਮ੍ਹਿਆਂ ਨੂੰ ‘ਸ਼ਹੀਦਾਨਿ-ਵਫ਼ਾ’ ਵਿਚ ਇਉਂ ਬਿਆਨ ਕਰਦੇ ਹਨ:

ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ 
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋਂ ਲੂੰ 
ਪ੍‍ਯਾਰੇ ਸਰੋਂ ਪ: ਨਨ੍ਹੀ ਸੀ ਕਲਗੀ ਸਜਾ ਤੋਂ ਲੂੰ 
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋਂ ਲੂੰ
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤ ਕਿਯਾ 
ਤੀਰੋ ਕਮਾਂ ਸੇ, ਤੇਗ ਸੇ ਪੈਰਾਸਤ ਕਿਯਾ
(ਇੱਥੋਂ ਆਰਾਸ਼ਾਤ ਅਤੇ ਪੈਰਾਸ਼ਾਤ ਤੋਂ ਭਾਵ ਹੈ- ਸਜਾਉਣਾ, ਸਜਾਇਆ ਹੋਇਆ)

ਸ਼ਹੀਦੀ ਪਾਉਣ ਲਈ ਜਾਲਮ ਸੂਬੇ ਦੀ ਕਚਿਹਰੀ ਨੂੰ ਜਿਸ ਸ਼ਾਨ-ਓ-ਸ਼ੌਕਤ ਅਤੇ ਦਿਲਾਵਰੀ ਨਾਲ ਗੁਰੂ ਕੇ ਦੁਲਾਰੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗਏ ਉਸ ਅਦੁੱਤੀ ਅਤੇ ਅਜ਼ੀਮ ਸਥਿਤੀ ਬਾਰੇ ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਦਾ ਸ਼ੇਅਰ ਬੜਾ ਢੁਕਵਾਂ ਹੈ:

ਯਹ ਜਾਨ ਤੋਂ ਆਨੀ ਜਾਨੀ ਹੈ, ਇਸ ਕੀ ਤੋ ਕੋਈ ਬਾਤ ਨਹੀਂ।
ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵਹ ਸ਼ਾਨ ਸਲਾਮਤ ਰਹਿਤੀ ਹੈ।
(ਇੱਥੇ ਮਕਤਲ ਦਾ ਅਰਥ ਕਤਲਗਾਹ ਹੈ) 

ਜਦੋਂ ਬੱਚਿਆਂ ਨੂੰ ਸੂਬਾ-ਸਰਹੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ, ਤਾਂ ਕਚਹਿਰੀ ਵਿਚ ਹੀ ਬੱਚਿਆਂ ਨੂੰ ਦੀਨ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ-ਧਮਕਾਉਣ ਦੇ ਯਤਨ ਕੀਤੇ ਗਏ। ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ? ਸਾਹਿਬਜ਼ਾਦਿਆਂ ਨੇ ਸੂਬਾ-ਸਰਹੰਦ ਨੂੰ ਆਪਣਾ ਧਰਮ ਛੱਡਣ ਤੋਂ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਇਨਕਾਰ ਕਰ ਦਿੱਤਾ। ਇਕ ਸ਼ਾਇਰ ਦੀ ਜ਼ਬਾਨੀ ਬੱਚਿਆਂ ਨੇ ਅਜਿਹੇ ਜੁਆਬ ਦਿੱਤੇ:

ਅਸੀਂ ਕਲਗੀਧਰ ਦੇ ਲਾਡਲੇ ਤੇ ਮਾਤਾ ਜੀਤੋ ਜੀ ਦੇ ਲਾਲ। 
ਸਾਡੇ ਸ਼ੇਰਾਂ ਵਰਗੇ ਹੌਂਸਲੇ ਤੇ ਹਾਥੀਆਂ ਵਰਗੀ ਚਾਲ।
ਜੋ ਨਹੀਂ ਵੀ ਕਰਨਾ ਸੂਬਿਆ, ਉਹ ਵੀ ਕਰ ਲੈ ਸਾਡੇ ਨਾਲ।
ਕੋਈ ਬਦਲ ਸਕੇ ਨਾ ਸੂਬਿਆ, ਸਾਡਾ ਸਿੱਖੀ ਸਿੱਦਕ ਵੱਲੋਂ ਖਿਆਲ।

ਵਜ਼ੀਰ ਖਾਨ ਨੇ ਕਾਜ਼ੀ ਕਮਾਲੁਦੀਨ ਅਤੇ ਕਾਜ਼ੀ ਸਲਾਹੁਦੀਨ ਦੀ ਰਾਇ ਲਈ ਕਿ ਇਨਾਂ ਸਾਹਿਬਜ਼ਾਦਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀਆਂ ਨੇ ਕਿਹਾ ਕਿ ਇਸਲਾਮੀ ਸ਼ਰ੍ਹਾ ਵਿਚ ਮਾਸੂਮ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਸੂਬਾ-ਸਰਹੰਦ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਨਾਹਰ ਖਾਂ, ਜੋ ਗੁਰੂ ਜੀ ਹੱਥੋਂ ਚਮਕੌਰ ਦੀ ਜੰਗ ਵਿਚ ਮਾਰਿਆ ਗਿਆ ਸੀ, ਦਾ ਬਦਲਾ ਲੈ ਸਕਦਾ ਹੈ। ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖਾਨ ਨੇ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰਾ ਭਰਾ ਜੰਗ ਵਿਚ ਮਾਰਿਆ ਗਿਆ ਹੈ। ਮੈਂ ਇਨ੍ਹਾਂ ਛੋਟੇ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ, ਸਗੋਂ ਮੈਦਾਨ-ਏ-ਜੰਗ ਵਿਚ ਇਨ੍ਹਾਂ ਦੇ ਪਿਤਾ (ਗੁਰੂ) ਗੋਬਿੰਦ ਸਿੰਘ (ਜੀ) ਪਾਸੋਂ ਹੀ ਬਦਲਾ ਲਵਾਂਗਾ। ਬੜੇ ਖੂਬਸੂਰਤ ਲਫਜਾਂ ਵਿਚ ਇਸ ਦ੍ਰਿਸ਼ ਨੂੰ ਸਾਕਾਰ ਕਰਦਿਆਂ ਅਲਹ ਯਾਰ ਖਾਂ ਜੋਗੀ ਲਿਖਦਾ ਹੈ:

ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ 
ਮਹਫੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ

ਕਾਜ਼ੀਆਂ ਅਤੇ ਸ਼ੇਰ ਖਾਨ ਦੇ ਅਜਿਹੇ ਰਵੱਈਏ ਦੇ ਬਾਵਜੂਦ ਦੀਵਾਨ ਸੁੱਚਾ ਨੰਦ ਨੇ ਗੰਗੂ ਵਰਗਾ ਹੀ ਘਿਨਾਉਣਾ ਰਵੱਈਆ ਅਖਤਿਆਰ ਕੀਤਾ ਹੋਇਆ ਸੀ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਉਹ ਆਪਣੀ ਕੁਰਸੀ ਨੂੰ ਹੋਰ ਪੱਕੀ ਕਰਨ ਹਿੱਤ ਮੁਗਲ ਸ਼ਾਸਨ ਨੂੰ (More Loyal than the king) ਖੁਸ਼ ਕਰਨ ਦਾ ਕੋਝਾ ਕੰਮ ਕਰ ਰਿਹਾ ਸੀ। ਇਤਿਹਾਸਿਕ ਹਵਾਲਿਆਂ ਅਨੁਸਾਰ ਉਸ ਨੇ ਇਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਉਨ੍ਹਾਂ ਨੂੰ ਸਰਕਾਰ ਦੇ ਬਾਗੀ ਸਿੱਧ ਕੀਤਾ ਜਾ ਸਕੇ। ਕਿਸੇ ਲੋਭ- ਲਾਲਚ, ਡਰ-ਭੈਅ, ਦੀਨ ਮੁਹੰਮਦੀ ਨੂੰ ਕਬੂਲਣ ਦੀ ਥਾਂ ਗੁਰੂ-ਪਰਿਵਾਰ ਦੀ ਰੀਤ ਤੇ ਸਿਧਾਂਤ ਅਨੁਸਾਰ ਸਾਹਿਬਜ਼ਾਦਿਆਂ ਨੇ ਠੋਕ ਕੇ ਜਵਾਬ ਦਿੱਤਾ, “ਹਮਰੇ ਵੰਸ ਰੀਤ ਇਮ ਆਈ। ਪ੍ਰਾਣ ਜਾਏਂ ਪਰ ਧਰਮ ਨ ਜਾਈ।” ਦੀਵਾਨ ਸੁੱਚਾ ਨੰਦ ਨੇ ਵਜ਼ੀਰ ਖਾਨ ਨੂੰ ਹੋਰ ਉਕਸਾਇਆ ਕਿ ਇਨ੍ਹਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ, ਕਿਉਂਕਿ ਇਹ ਬਾਗੀ ਪਿਤਾ ਦੇ ਬਾਗੀ ਪੁੱਤਰ ਹਨ ਅਤੇ ਵੱਡੇ ਹੋ ਕੇ ਇਹ ਵੀ ਮੁਗਲੀਆ ਸਲਤਨਤ ਲਈ ਖ਼ਤਰਾ ਹੀ ਬਣਨਗੇ। ਸੱਪ ਦੇ ਬੱਚੇ ਵੀ ਸੱਪ ਹੀ ਬਣਨਗੇ, ਇਨ੍ਹਾਂ ਦਾ ਸਿਰ ਭੰਨਣਾ ਹੀ ਯੋਗ ਹੈ। ਹਕੀਮ ਅਲਹ ਯਾਰ ਖਾਂ ਜੋਗੀ ਆਪਣੀ ਰਚਨਾ “ਸ਼ਹੀਦਾਨਿ-ਵਫ਼ਾ” ਵਿਚ ਸੁੱਚਾ ਨੰਦ ਨੂੰ “ਝੂਠਾ” ਕਹਿੰਦਿਆਂ ਉਸ ਵੱਲੋਂ ਨਿਭਾਏ ਨੀਚ ਕਿਰਦਾਰ ਬਾਰੇ ਇਉਂ ਬਿਆਨ ਕਰਦਾ ਹੈ:

ਮਨਜ਼ੂਰ ਜਬ ਕਿ ਸਾਂਪ ਕਾ ਸਰ ਭੀ ਹੈ ਤੋੜਨਾ 
ਬੇਜਾ ਹੈ ਫਿਰ ਤੋ ਬੱਚ- ਏ-ਅਫ਼ਈ ਕੋ ਛੋੜਨਾ
ਦਸਵੇਂ ਗੁਰੂ ਕਾ ਹੈ ਜੋ ਖ਼ਜ਼ਾਨਾ ਬਟੋਰਨਾ
ਬੱਚੋਂ ਕੀ ਪਹਲੇ ਬਾਪ ਸੇ ਗਰਦਨ ਮਰੋੜਨਾ
(ਇੱਥੇ ਮਨਜ਼ੂਰ ਤੋਂ ਭਾਵ ਹੈ ਮੰਤਵ-ਮਨੋਰਥ ਅਤੇ ਅਫ਼ਈ ਤੋਂ ਭਾਵ ਹੈ ਸੱਪ ਦਾ ਬੱਚਾ)

ਸ. ਦੂਨਾ ਸਿੰਘ ਹੰਢੂਰੀਆ ਵੀ ਵਜ਼ੀਰ ਖਾਨ ਨੂੰ ਉਕਸਾਉਣ ਲਈ ਸੁੱਚਾ ਨੰਦ ਵੱਲੋਂ ਨਿਭਾਏ ਅਜਿਹੇ ਕਿਰਦਾਰ ਬਾਰੇ ਆਪਣੀ ਰਚਨਾ “ਕਥਾ ਗੁਰੂ ਜੀ ਕੇ ਸੂਤਨ ਕੀ” ਵਿਚ ਇਉਂ ਲਿਖਦਾ ਹੈ:

ਸਾਮੇ ਖੂਨ ਹਾਥ ਤੁਮ ਆਏ। ਵੇ ਛਲੀਏ ਛਲ ਗਏ ਸਿਧਾਏ। 
ਉਨਕੇ ਬਦਲੇ ਅਬ ਤੁਮ ਲੀਜਹੁ। ਇਨ ਕੇ ਸੀਸ ਜੁਦੇ ਤੁਮ ਕੀਜਹੁ। 
ਨੀਕੇ ਬਾਲਕ ਤੁਮ ਮਤ ਜਾਨਹੁ। ਨਾਗਹੁੰ ਕੇ ਇਹ ਪੂਤ ਬਖਾਨਓ। 
ਤੁਮਰੇ ਹਾਥ ਆਜ ਯਹ ਆਏ। ਕਰਹੁ ਅਬੈ ਅਪਨੇ ਮਨ ਭਾਏ।

ਸੁੱਚਾ ਨੰਦ ਦੀਆਂ ਉਕਸਾਊ ਤੇ ਭੜਕਾਉ ਦਲੀਲਾਂ ਨੂੰ ਸੁਣ ਕੇ ਵਜ਼ੀਰ ਖਾਨ, ਜੋ ਗੁਰੂ-ਘਰ ਦਾ ਪਹਿਲਾਂ ਹੀ ਕੱਟੜ ਵਿਰੋਧੀ ਸੀ, ਨੇ ਬੱਚਿਆਂ ਨੂੰ ਸਖ਼ਤ ਸਜ਼ਾ ਦੇਣ ਦਾ ਮਨ ਬਣਾ ਲਿਆ। ਸ. ਦੂਨਾ ਸਿੰਘ ਹੰਢੂਰੀਆ, ਜੋ ਸਤਿਗੁਰਾਂ ਦੇ ਕਾਫਲੇ ਦੇ ਨਾਲ ਹੀ ਰਿਹਾ ਅਤੇ ਸਾਰੇ ਹਾਲਾਤ ਦਾ ਚਸ਼ਮਦੀਦ ਗਵਾਹ ਸੀ, ਨਵਾਬ ਮਲੇਰਕੋਟਲਾ ਵੱਲੋਂ ਸੁੱਚਾ ਨੰਦ ਨੂੰ ਪਾਈ ਲਾਹਨਤ ਬਾਰੇ “ਕਥਾ ਗੁਰੂ ਜੀ ਕੇ ਸੂਤਨ ਕੀ” ਵਿਚ ਇਉਂ ਲਿਖਦਾ ਹੈ:

ਸ਼ੀਰਖੋਰ ਯਹਿ ਬਾਲ ਹੈਂ ਇਨ ਕੋ ਮਾਰਹੁ ਨਾਹਿ।     
ਨੰਦ ਸੁ ਝੂਠੋ ਕੋ ਕਹਯੋ, ਜਾਤਿ ਤੁਮਾਰੀ ਆਹਿ।

ਤਥਾ:

ਕਢੀ ਪਠਾਣਹਿ ਹਾਹ, ਜੜਾਂ ਅਬੈ ਤੁਮ ਜਾਹਿੰ ਹੀ। 
ਤਰਸ ਪਇਓ ਨਹੀਂ ਆਇ, ਝੂਠੇ ਕੋ ਐਸੇ ਕਹਯੋ।

ਸੁੱਚਾ ਨੰਦ ਵੱਲੋਂ ਨਵਾਬ ਵਜ਼ੀਰ ਖਾਨ ਨੂੰ ਉਕਸਾਉਣ ਬਾਰੇ ਹਕੀਮ ਅਲਹ ਯਾਰ ਖਾਂ ਜੋਗੀ ਇਉਂ ਬਿਆਨ ਕਰਦਾ ਹੈ:

ਕ੍‍ਯਾ ਖ਼ੂਬ ਹੈ ਨਵਾਬ ਭੀ ਬਾਤੋਂ ਮੇ ਆ ਗਏ।
ਉਸ ਬੁਤ-ਸ਼ਿਕਨ ਕੇ ਬੈਚੋਂ ਕੀ ਘਾਤੋਂ ਮੇ ਆ ਗਏ।

ਉਹ ਉਸ ਬਦਬਖ਼ਤ ਸੁੱਚਾ ਨੰਦ ਵਜ਼ੀਰ ਖਾਂ ਨੂੰ ਘਟੀਆ ਤੇ ਨੀਚ ਲਹਿਜ਼ੇ ਨਾਲ ਕਹਿੰਦਾ ਹੈ:

ਖੇਂਚੋ ਜੁਬਾਨੇਂ ਬਰ-ਸਰੇ-ਦਰਬਾਰ ਐਸੋਂ ਕੀ 
ਮੇਰਾ ਜੋ ਬਸ ਚਲੇ ਹੈ ਸਜ਼ਾ ਦਾਰ ਐਸੋਂ ਕੀ

ਕਾਜ਼ੀਆਂ ਤੋਂ ਫਿਰ ਪੁੱਛਿਆ ਗਿਆ। ਇਸ ਵਾਰ ਕਾਜ਼ੀਆਂ ਨੇ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਨੂੰ ਛਿੱਕੇ ਟੰਗ ਕੇ ਮਾਲਕਾਂ ਦੀ ਮਰਜ਼ੀ ਅਨੁਸਾਰ ਦੋਹਾਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਫਤਵਾ ਦੇ ਦਿੱਤਾ। ਧਰਮਾਂ ਦੇ ਅਜਿਹੇ ਅਖੌਤੀ ਠੇਕੇਦਾਰ - ਪੁਜਾਰੀ ਹਮੇਸ਼ਾਂ ਹੱਕ-ਸੱਚ ਅਤੇ ਮਜ਼ਲੂਮਾਂ ਨਾਲ ਖੜਨ ਦੀ ਥਾਂ ਰਾਜ-ਸ਼ਕਤੀ ਅਤੇ ਜੁਲਮੀ ਜਾਬਰ ਨਾਲ ਖੜੋ ਜਾਂਦੇ ਹਨ, ਆਪਣੀ ਜਾਨ ਦੇ ਖੌਅ ਅਤੇ ਨਿੱਜੀ ਲਾਭਾਂ ਕਾਰਨ। ਧਰਮਾਂ ਦੇ ਇਨ੍ਹਾਂ ਠੇਕੇਦਾਰਾਂ ਨੇ ਹੀ ਹਮੇਸ਼ਾਂ, ਧਰਮ ਨੂੰ ਵੱਟਾ ਲਾਇਆ ਹੈ। ਅਲਹ ਯਾਰ ਖਾਂ ਜੋਗੀ ਠੀਕ ਹੀ ਕਹਿੰਦਾ ਹੈ:

ਸਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ 
ਡਰਤਾ ਨਹੀਂ ਅਕਾਲ ਸ਼ਹਨਸ਼ਹ ਕੀ ਸ਼ਾਨ ਸੇ

ਫਿਰ ਇਨ੍ਹਾਂ ਕੋਮਲ ਤੇ ਮਲੂਕ ਜਿੰਦਾਂ ਨੂੰ ਕੰਧਾਂ ਵਿਚ ਚਿਣਿਆ ਜਾਣ ਲੱਗਾ ਪਰ ਤਵਾਰੀਖ ਆਖਦੀ ਹੈ ਕਿ ਜਦੋਂ ਕੰਧ ਮੋਢਿਆਂ ਤਕ ਆਈ ਤਾਂ ਡਿੱਗ ਪਈ ਤੇ ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ 13 ਪੋਹ, 1761 ਬਿਕ੍ਰਮੀ ਨੂੰ ਬੱਚਿਆਂ ਨੂੰ ਕਚਹਿਰੀ ਵਿਚ ਪੇਸ਼ ਕੀਤਾ ਗਿਆ ਉਨ੍ਹਾਂ ਉੱਪਰ ਫਿਰ ਦੀਨ ਮੁਹੰਮਦੀ ਕਬੂਲਣ ਲਈ ਦਬਾਅ ਪਾਇਆ ਗਿਆ। ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਨੂੰ ਦਾਦੀ ਮਾਂ ਮਾਤਾ ਗੁਜਰੀ ਜੀ ਵੱਲੋਂ ਦ੍ਰਿੜ੍ਹ ਕਰਵਾਇਆ ਉਪਦੇਸ਼ ਜਾਨ ਅਤੇ ਜਹਾਨ ਦੋਹਾਂ ਤੋਂ ਜ਼ਿਆਦਾ ਪਿਆਰਾ ਅਤੇ ਮਹੱਤਵਪੂਰਨ ਸੀ। ਉਨ੍ਹਾਂ ਦੇ ਸਿਰ ’ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਤੇ ਉਹ ਇਸ ਨੂੰ ਹੇਠਾਂ ਨਹੀਂ ਸਨ ਡੇਗਣਾ ਚਾਹੁੰਦੇ। ਉਨ੍ਹਾਂ ਨੂੰ ਦਾਦੀ-ਮਾਂ ਵੱਲੋਂ ਦ੍ਰਿੜ੍ਹ ਕਰਾਇਆ ਸਬਕ “ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਦਕ ਨਾ ਜਾਏ” ਅਤੇ ਭਗਤ ਕਬੀਰ ਜੀ ਵੱਲੋਂ ਧਰਮ ਹੇਤ ਸਾਕਾ ਕਰਨ ਅਤੇ ਸ਼ਹੀਦੀ ਪਾਉਣ ਵਾਲਿਆਂ ਸੂਰਮਿਆਂ ਲਈ ਦਿੱਤਾ ਅਦੁੱਤੀ ਸਿਧਾਂਤ, “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥” ਯਾਦ ਸੀ। ਭਾਈ ਦੁਨਾ ਸਿੰਘ ਹੰਢੂਰੀਆ ਸਾਹਿਬਜ਼ਾਦਿਆਂ ਦੀ ਸਿੱਦਕਦਿਲੀ, ਦ੍ਰਿੜ੍ਹਤਾ ਅਤੇ ਧਰਮ- ਪ੍ਰਸਤੀ ਦੀ ਭਾਵਨਾ ਬਾਰੇ ਇਸ ਤਰ੍ਹਾਂ ਲਿਖਦਾ ਹੈ:

ਜੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ! ਅਬ ਕਿਉਂ ਕਰ ਬਨੈ। 
ਫਤੇ ਸਿੰਘ ਤਬ ਕਹਯੋ ਬਖਾਨ, ‘ਦਸ ਪਾਤਸ਼ਾਹੀ ਹੋਵਹਿ ਹਾਨ’।
(ਕਥਾ ਗੁਰੂ ਜੀ ਕੇ ਸੁਤਨ ਕੀ)

ਇਸੇ ਤਰ੍ਹਾਂ ਇਨ੍ਹਾਂ ਮਹਾਨ ਨਿੱਕੀਆਂ ਜ਼ਿੰਦਾਂ ਦੀ ਜ਼ਿੰਦਾ-ਦਿਲੀ ਅਤੇ ਦੂਰ ਦ੍ਰਿਸ਼ਟੀ ਬਾਰੇ ਜੋਗੀ ਅਲਹ ਯਾਰ ਖਾਂ ਇਉਂ ਬਿਆਨ ਕਰਦਾ ਹੈ:

ਸਦ ਸਾਲ ਔਰ ਜੀ ਕੇ ਭੀ ਮਰਨਾ ਜ਼ਰੂਰ ਥਾ 
ਸਰ ਕੌਮ ਸੇ ਬਚਾਨਾ ਯਿਹ ਗ਼ੈਰਤ ਸੇ ਦੂਰ ਥਾ

ਹੁਣ ਸਾਹਿਬਜ਼ਾਦਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਸਮਾਣੇ ਦੇ ਦੋ ਜਲਾਦਾਂ--ਸੱਯਦ ਸ਼ਾਸਲ ਬੇਗ ਅਤੇ ਸੱਯਦ ਬਾਸ਼ਲ ਬੇਗ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਗੋਡਿਆਂ ਹੇਠ ਲੈ ਕੇ ਪਹਿਲਾਂ ਉਨ੍ਹਾਂ ਦੇ ਸੀਨੇ ਵਿਚ ਖੰਜਰ ਖੋਭੇ ਅਤੇ ਫਿਰ ਉਨ੍ਹਾਂ ਨੂੰ ਆਪਣੇ ਗੋਡਿਆਂ ਹੇਠ ਲੈ ਕੇ ਹੌਲੀ-ਹੌਲੀ ਜ਼ਿਬਹ ਕੀਤਾ ਗਿਆ। ਜਦੋਂ ਮਾਤਾ ਗੁਜਰੀ ਜੀ ਨੂੰ ਬੱਚਿਆਂ ਦੇ ਦਿਲਾਵਰੀ, ਸਿਦਕੀ ਅਤੇ ਸਿਰੜੀ ਕਿਰਦਾਰ ਅਤੇ ਧਰਮ ਵਿਚ ਪਰਪੱਕਤਾ ਨਾਲ ਰਹਿੰਦਿਆਂ ਸ਼ਹੀਦੀ ਪਾ ਜਾਣ ਦੀ ਖ਼ਬਰ ਮਿਲੀ, ਉਸ ਸਮੇਂ ਮਾਤਾ ਜੀ ਵੱਲੋਂ ਪ੍ਰਗਟਾਏ ਵਿਚਾਰ ਸ. ਦੂਨਾ ਸਿੰਘ ਹੰਢੂਰੀਆ ਇਉਂ ਬਿਆਨ ਕਰਦਾ ਹੈ:

ਹੇ ਪੁਤ੍ਰ! ਐਸੀ ਤੁਮ ਕਰੀ। ਹੋ ਜੀਵਤ ਤੁਮ ਸੀਸ। 
ਐਸੇ ਭਾਖਿ ਮੂਰਛਾ ਆਈ। ਘਰੀ ਚਾਰ ਸੁਧ ਫਿਰ ਨਾ।

ਇਸ ਸ਼ਹੀਦੀ ਬਾਰੇ ਭਾਈ ਗੁਲਾਬ ਸਿੰਘ ਆਪਣੀ ਪੁਸਤਕ ‘ਗੁਰੂ ਪ੍ਰਣਾਲੀ’ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਮਾਂ ਤਕਰੀਬਨ ਸਵੇਰੇ 9:45 ਤੋਂ 11 ਵਜੇ ਤਕ ਦਾ ਲਿਖਦਾ ਹੈ। ਆਪ ਅਨੁਸਾਰ “ਸਵਾ ਪਹਰ ਦਿਨ ਚੜ੍ਹੇ ਕਾਮ ਭਯ ਹੈ।” ਭਾਈ ਦੂਨਾ ਸਿੰਘ ਹੰਢੂਰੀਆ “ਕਥਾ ਗੁਰੂ ਜੀ ਕੇ ਸੁਤਨ ਕੀ” ਵਿਚ ਲਿਖਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ ਜਾਲਮਾਂ ਨੇ ਉਨ੍ਹਾਂ ਮਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ ਅਤੇ ਲਹੂ-ਲੁਹਾਨ ਕਰ ਦਿੱਤਾ ਸੀ। ਉਹ ਲਿਖਦਾ ਹੈ:

ਖਮਚੀ ਜੁ ਲਗੈ ਤਬੇ ਦੁਖ ਦੇਵਨੰ।
ਏਹ ਸੁ ਬਾਲਕ ਫੂਲ! ਧੂਪ ਨਹਿ ਖੇਵਨੰ।
ਤਬ ਮਲੇਰੀਏ ਕਹਿਯੋ: ਜੜਾਂ ਤੁਮ ਜਾਂਹਿ ਹੀ। 
ਇਹ ਮਾਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ

ਭਾਈ ਦੂਨਾ ਸਿੰਘ ਹੰਢੂਰੀਆ ਦਰਿੰਦਿਆਂ ਦੀ ਦਰਿੰਦਗੀ ਨੂੰ ਹੋਰ ਬਿਆਨ ਕਰਦਿਆਂ ਲਿਖਦਾ ਹੈ ਕਿ ਫਿਰ ਦੋਹਾਂ ਮਸੂਮਾਂ- ਗੁਰੂ ਕੇ ਲਾਲਾਂ- ਨੂੰ ਰੱਸੇ ਨਾਲ ਪਿੱਪਲ ਦੇ ਦਰਖੱਤ ਨਾਲ ਨੂੜ ਲਿਆ ਅਤੇ ਗੁਲੇਲਿਆਂ ਨਾਲ ਨਿਸ਼ਾਨੇ ਸੇਧੇ ਗਏ ਅਤੇ ਬੱਚਿਆਂ ਨੂੰ ਹੋਰ ਲਹੂ-ਲੁਹਾਨ ਕਰ ਦਿੱਤਾ। ਉਹ ਲਿਖਦਾ ਹੈ:

ਜਬ ਦੁਸਟੀਂ ਐਸੇ ਦੁਖ ਪਾਏ। ਬਹੁਰੋ ਫੇਰ ਸੀਸ ਕਢਵਾਏ। 
ਰਜ਼ ਕੋ ਪਾਇ ਪੀਪਲਹ ਬਾਂਧੇ। ਦੁਸਟ ਗੁਲੇਲੇ ਤੀਰ ਸੁ ਸਾਂਧੇ।
(ਇੱਥੇ ਖਮਚੀ ਦਾ ਅਰਥ ਹੈ ਚਾਬਕ-ਕੋਰੜੇ ਅਤੇ ਰਜ਼ ਦਾ ਅਰਥ ਹੈ ਰੱਸਾ) 

ਭਾਵ ਪਹਿਲਾਂ ਸਾਹਿਬਜ਼ਾਦਿਆਂ ਨੂੰ ਕੋਰੜੇ ਮਾਰੇ ਗਏ। ਫਿਰ ਰੱਸੇ ਨਾਲ ਪਿੱਪਲ ਦੇ ਦਰਖੱਤ ਨਾਲ ਬੰਨ੍ਹ ਕੇ ਗੁਲੇਲਾਂ ਨਾਲ ਨਿਸ਼ਾਨੇ ਲਗਾਏ ਅਤੇ ਉਨ੍ਹਾਂ ਮਸੂਮ ਜਿੰਦਾਂ ਨੂੰ ਬਹੁਤ ਤੜਫਾਇਆ ਗਿਆ। ਸਾਹਿਬਜ਼ਾਦਿਆਂ ਨੂੰ ਤੜਫਦੇ ਦੇਖ ਕੇ ਨਵਾਬ ਮਲੇਰਕੋਟਲੇ ਨੇ ਫਿਰ ਲਾਹਨਤ ਪਾਉਂਦਿਆਂ ਸੂਬਾ-ਸਰਹੰਦ ਨੂੰ ਕਿਹਾ ਕਿ ਇਸ ਜੁਲਮ ਕਾਰਨ ਹੀ ਤੁਹਾਡੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ:

ਬਹੁਰੋ ਫੇਰ ਪਠਾਣ ਨੇ, ਲਾਨ੍ਹਤ ਕਹਯੋ ਸੁਨਾਇ। 
ਜੜਾਂ ਤੁਮਾਰੀ ਜਾਤ ਹੈਂ, ਊਚੇ ਕੂਕਯੋ ਆਇ।
(ਹੱਥ ਲਿਖਤ ਖਰੜਾ ਨੰ:6045, ਸਿੱਖ ਰੈਫਰੈਂਸ ਲਾਇਬ੍ਰੇਰੀ)

ਇਨ੍ਹਾਂ ਸ਼ੀਰਖੋਰ ਬੱਚਿਆਂ ਦੀ ਸ਼ਹੀਦੀ ਨੂੰ ਇਸਲਾਮੀ ਸ਼ਰ੍ਹਾ ਤੋਂ ਉਲਟ ਦੱਸਦਿਆਂ ਅਲਹ ਯਾਰ ਖਾਂ ਜੋਗੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਲਾਹਨਤ ਪਾਉਂਦਾ ਹੋਇਆ ਲਿਖਦਾ ਹੈ:

ਮਜ਼ਹਬ ਕੋ ਪਾਤਸ਼ਾਹ ਨੇ ਬੱਟਾ ਲਗਾ ਦਿਯਾ 
ਹਮ ਨੇ ਅਮਲ ਸੇ ਪੰਥ ਕੋ ਅੱਛਾ ਬਨਾ ਦਿਯਾ
(ਇੱਥੇ ਹਮ ਸਾਹਿਬਜ਼ਾਦਿਆਂ ਲਈ ਵਰਤਿਆ ਗਿਆ ਹੈ)

ਦੁਨੀਆਂ ਦੀ ਇਹ ਅਜ਼ੀਮ ਨਿਵੇਕਲੀ, ਲਾਮਿਸਾਲ, ਦਿਲ-ਕੰਬਾਊ ਹਿਰਦੇਵੇਦਕ ਅਤੇ ਇਤਿਹਾਸਿਕ ਸ਼ਹੀਦੀ ਨਾਨਕਸ਼ਾਹੀ ਕੈਲੰਡਰ ਅਨੁਸਾਰ 13 ਪੋਹ ਸੰਮਤ ਨਾਨਕਸ਼ਾਹੀ 236,1761 ਬਿਕ੍ਰਮੀ ਨੂੰ ਹੋਈ। ਇਸ ਅਲੌਕਿਕ ਅਤੇ ਲਾਮਿਸਾਲ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆ ਨੂੰ ਅਸਚਰਜਤਾ ਵਿਚ ਪਾ ਦਿੱਤਾ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਸਿੱਖ ਕੌਮ ਅਤੇ ਭਾਰਤ ਦੇ ਸੀਸ ਨੂੰ ਉੱਚਾ ਕਰ ਦਿੱਤਾ। ਅਲਹ ਯਾਰ ਖਾਂ ਜੋਗੀ ਵੱਡਾ ਸਾਕਾ ਕਰਨ ਵਾਲੀਆਂ ਮਹਾਨ ਨਿੱਕੀਆਂ ਜਿੰਦਾਂ ਦੇ ਵਿਚਾਰ ਆਪਣੇ ਸ਼ਬਦਾਂ ਵਿਚ ਬੜੀ ਸੱਚਾਈ ਅਤੇ ਖ਼ੂਬਸੂਰਤੀ ਨਾਲ ਇਸ ਤਰ੍ਹਾਂ ਪੇਸ਼ ਕਰਦਾ ਹੈ:

ਹਮ ਜਾਨ ਦੇ ਕਰ ਔਰੋਂ ਕੀ ਜਾਨੇਂ ਬਚਾ ਚਲੇ। 
ਸਿੱਖੀ ਕੀ ਨੀਵ ਹਮ ਹੈਂ ਸਰੋਂ ਪਰ ਉਠਾ ਚਲੇ। 
ਗੁਰਿਆਈ ਕਾ ਹੈ ਕਿੱਸਾ ਜਹਾਂ ਮੇਂ ਬਨਾ ਚਲੇ। 
ਸਿੰਘੋਂ ਕੀ ਸਲਤਨਤ ਕਾ ਹੈ ਪੌਦ: ਲਗਾ ਚਲੇ। 
ਗੱਦੀ ਸੇ ਤਾਜੋ ਤਖਤ ਬਸ ਅਬ ਕੌਮ ਪਾਏਗੀ। 
ਦੁਨੀਆ ਸੇ ਜ਼ਾਲਿਮ ਕਾ ਨਿਸ਼ਾਂ ਤਕ ਮਿਟਾਏਗੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਹੀ ਨਹੀਂ, ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਇਸ ਨੂੰ ਬਿਆਨ ਕਰਦਿਆਂ ਅਤੇ ਉਸ ਘੋਰ ਜੁਲਮੀ ਹਾਲਾਤ ਨੂੰ ਆਪਣੇ ਧੁਰ ਹਿਰਦੇ ਵਿਚ ਅਨੁਭਵ ਕਰਦਿਆਂ ਛਾਤੀ ਪਾਟਦੀ ਹੈ, ਕਲੇਜਾ ਮੂੰਹ ਨੂੰ ਆਉਂਦਾ ਹੈ ਅਤੇ ਆਤਮਾ ਕੰਬ ਉੱਠਦੀ ਹੈ। ਉਨ੍ਹਾਂ ਨੂੰ ਵੱਡੇ-ਵੱਡੇ ਲਾਲਚ ਦੇ ਕੇ ਮਾਨਸਿਕ ਤੌਰ ’ਤੇ ਭਰਮਾਉਣ ਅਤੇ ਡੁਲਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ-ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ੱਦਦ ਅਤੇ ਅਸਹਿ ਤੇ ਅਕਹਿ ਜ਼ਬਰ-ਓ-ਜੁਲਮ ਉਨ੍ਹਾਂ ਨਿੱਕੀਆਂ ਜਿੰਦਾਂ ਨੇ ਅਡੋਲ ਅਤੇ ਅਹਿੱਲ ਰਹਿੰਦਿਆਂ ਪੂਰੇ ਸਿੱਦਕ ਅਤੇ ਦ੍ਰਿੜ੍ਹਤਾ ਨਾਲ ਕਿਵੇਂ ਬਰਦਾਸ਼ਤ ਕੀਤਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਨੇ ਜਬਰ ਅਤੇ ਅੱਤਿਆਚਾਰ ਦਾ ਮੂੰਹ ਸਬਰ ਅਤੇ ਸਤਿਆਚਾਰ ਨਾਲ ਮੋੜ ਕੇ ਦਸਾਂ ਪਾਤਸ਼ਾਹੀਆਂ, ਦੇਸ਼ ਅਤੇ ਕੌਮ ਦੀ ਸ਼ਾਨ ਨੂੰ ਕਾਇਮ ਹੀ ਨਹੀਂ ਰੱਖਿਆ, ਸਗੋਂ ਹੋਰ ਵੀ ਉੱਚਾ ਚੁੱਕਿਆ ਅਤੇ ਖਾਲਸਾ ਪੰਥ ਨੂੰ ਲਾਸਾਨੀ ਅਤੇ ਇਤਿਹਾਸਿਕ ਫਤਿਹ ਦਿਵਾਈ। ਨਿਰਸੰਦੇਹ ਉਨ੍ਹਾਂ ਜਿੰਦਾਂ ਦੀ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਅਤੇ ਸ਼ਹੀਦੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਵਾਕ, “ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥” ਪੂਰਾ-ਪੂਰਾ ਢੁੱਕਦਾ ਹੈ। ਨਿਸ਼ਚੇ ਹੀ ਇਹ ਮਹਾਨ ਸ਼ਹੀਦੀ ਅੱਤਿਆਚਾਰ ਉੱਤੇ ਸਤਿਆਚਾਰ ਦੀ ਲਾਸਾਨੀ ਜਿੱਤ ਸੀ ਅਤੇ “ਬਾਬੇਕਿਆਂ ਅਤੇ ਬਾਬਰਕਿਆਂ” ਵਿਚਕਾਰ ਲੰਮੇ ਖ਼ੂਨੀ ਸੰਘਰਸ਼ ਦਾ ਸ਼ਿਖ਼ਰ ਸੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਵਜ਼ੀਰ ਖਾਨ ਦੀ ਬੇਗਮ ਜੈਨੁਬਨਿਸਾਂ ਅਰਥਾਤ ਜੈਨਾ ਬੇਗਮ, ਜੋ ਸ਼ੁਰੂ ਤੋਂ ਹੀ ਵਜ਼ੀਰ ਖਾਨ ਨੂੰ ਸਾਹਿਬਜ਼ਾਦਿਆਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਸਜ਼ਾ ਦੇਣ ਤੋਂ ਬਾਦਸਤੂਰ ਵਰਜਦੀ ਰਹੀ ਸੀ, ਨੇ ਇਸ ਜੁਲਮ ਦਾ ਸਖਤ ਵਿਰੋਧ ਕਰਦਿਆਂ ਅਤੇ ਇਸ ਉਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਵਜ਼ੀਰ ਖਾਨ ਦਾ ਸ਼ਾਹੀ ਲਿਬਾਸ ਫਾੜ ਦਿੱਤਾ ਅਤੇ ਆਪਣੇ ਸੀਨੇ ਵਿਚ ਖੰਜਰ ਖੋਭ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਸ਼ਹੀਦੀ ਸਬੰਧੀ ਅਲਾਮਾ ਇਕਬਾਲ ਮੁਗ਼ਲ ਤਾਨਾਸ਼ਾਹ ਅਤੇ ਦੀਨ-ਏ-ਮੁਹੰਮਦੀ ਦੇ ਠੇਕੇਦਾਰਾਂ ਨੂੰ ਇਉਂ ਫਿਟਕਾਰ ਪਾਉਂਦਿਆਂ ਲਿਖਦਾ ਹੈ:

ਕਤਲੇ ਮਾਸੂਮ ਕਰਤੇ ਹੋ ਔਰ ਇਨਸਾਫ-ਏ-ਖ਼ੁਦਾ ਕਹਤੇ ਹੋ। 
ਕਿਆ ਇਸੀ ਕੋ ਦੀਨ-ਏ-ਮੁਹੰਮਦ ਕਹਤੇ ਹੋ ?

ਅਲਹ ਯਾਰ ਖਾਂ ਜੋਗੀ ਬਾਦਸ਼ਾਹ ਔਰੰਗਜ਼ੇਬ ਦੇ ਧਰਮ ਦੇ ਮਖੌਟੇ ਹੇਠ ਛੁਪੇ ਅਸਲੀ ਕਿਰਦਾਰ-ਚਿਹਰੇ ਨੂੰ ਬੇਨਕਾਬ ਕਰਦਾ ਹੈ। ਉਹ ਲਿਖਦਾ ਹੈ ਕਿ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕਰ ਕੇ ਆਪਣੇ ਭਰਾਵਾਂ ਦਾਰਾ ਸ਼ਿਕੋਹ ਅਤੇ ਮੁਰਾਦ ਨੂੰ ਧੋਖੇ ਨਾਲ ਮਾਰ ਕੇ ਤਖਤ ਉਤੇ ਜਬਰੀ ਕਬਜ਼ਾ ਕੀਤਾ ਹੈ। ਅਜਿਹਾ ਕੱਟੜਪੰਥੀ ਜਾਲਮ ਅਤੇ ਦੁਸ਼ਟ ਧਰਮੀ ਅਖਵਾਉਣ ਦਾ ਹੱਕਦਾਰ ਨਹੀਂ ਹੋ ਸਕਦਾ:

ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ। 
ਮਰਨਾ ਪਿਤਾ ਕਾ ਜਿਸ ਕੋ ਖੁਸ਼ੀ ਕੀ ਨਵੈਦ ਹੋ। 
ਕਤਲੇ ਬਰਾਦਰਾਂ ਜਿਸੇ ਮਅਮੂਲੀ ਸੈਦ ਹੋ।
ਨੇਕੀ ਕੀ ਇਸ ਸੇ ਖ਼ਲਕ ਕੋ ਫਿਰ ਕਯਾ ਉਮੈਦ ਹੋ।
(ਇੱਥੇ ਨਵੈਦ ਤੋਂ ਭਾਵ ਹੈ ਖੁਸ਼ਖਬਰੀ)

ਡਾ. ਪ੍ਰੋ. ਹਰਬੰਸ ਸਿੰਘ ਅਨੁਸਾਰ, “They (sahibzadas) were slain in the order of their ages by the 5 word of a ghlzzai executioner) ਭਾਵ ਜ਼ੱਲਾਦ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਉਮਰ ਦੇ ਹਿਸਾਬ ਨਾਲ ਸ਼ਹੀਦ ਕਰ ਦਿੱਤਾ। ਸਿੱਖ ਵਿਦਵਾਨ ਡਾ. ਰਤਨ ਸਿੰਘ ਭੰਗੂ “ਪ੍ਰਾਚੀਨ ਪੰਥ ਪ੍ਰਕਾਸ਼” ਵਿਚ ਇਉਂ ਦਰਜ ਕਰਦੇ ਹਨ-- “ਦੇ ਗੋਡੇ ਹੇਠ ਕਰ ਜਿਬਹ ਡਾਰੇ, ਤੜਫ ਤੜਫ ਗਈ ਜਿੰਦ ਉਡਾਇ।” ਇਸੇ ਤਰ੍ਹਾਂ ਇਕ ਹੋਰ ਸ਼ਾਇਰ ਸੂਬਾ-ਸਰਹੰਦ ਵੱਲੋਂ ਕੀਤੇ ਘਿਨਾਉਣੇ ਜੁਰਮ ਅਤੇ ਪਾਪ ਬਾਰੇ ਲਿਖਦੇ ਹਨ, “ਯਹ ਦੌਰ ਭੀ ਦੇਖਾ ਹੈ, ਤਾਰੀਖ ਕੀ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈਂ।”

ਨਿਸ਼ਚੇ ਹੀ ਸੋਹਲ ਕਲੀਆਂ ਵਰਗੇ ਸਾਹਿਬਜ਼ਾਦਿਆਂ ਦੀ ਦਰਦਨਾਕ ਅਤੇ ਰੌਂਗਟੇ ਖੜੇ ਕਰ ਦੇਣ ਵਾਲੀ ਪਰੰਤੂ ਇਤਿਹਾਸਿਕ ਅਤੇ ਅਦੁੱਤੀ ਸ਼ਹੀਦੀ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ। ਉਨ੍ਹਾਂ ਮਸੂਮ ਅਤੇ ਕੋਮਲ ਫੁੱਲਾਂ ਵਰਗੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਮਾਨਸਿਕਤਾ ਉੱਤੇ ਇਤਨੇ ਡੂੰਘੇ ਜ਼ਖ਼ਮ ਕਰ ਦਿੱਤੇ ਜੋ ਸਮਾਂ ਬੀਤਣ ਨਾਲ ਨਸੂਰ ਬਣ ਗਏ। ਉਨ੍ਹਾਂ ਵਿੱਚੋਂ ਹਮੇਸ਼ਾਂ ਹੀ ਕੌਮ ਦੇ “ਧੁਰ ਅੰਤਰ-ਆਤਮੇ” ਤੋਂ ਚੀਸ ਨਿਕਲਦੀ ਰਹਿੰਦੀ ਹੈ। ਬਸ! ਉਸ ਚੀਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਸ਼ਬਦ--“ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ” ਰਾਹੀਂ ਹੀ ਬਿਆਨ ਕੀਤਾ ਜਾ ਸਕਦਾ ਹੈ।

ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਮਕਸਦ ਨਾਲ ਸ਼ਹੀਦ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਹਮੇਸ਼ਾ ਲਈ ਬੁਝ ਜਾਵੇਗਾ ਅਤੇ ਭਾਰਤ ਨੂੰ ਮੁਕੰਮਲ ਰੂਪ ਵਿਚ ਇਸਲਾਮੀ ਦੇਸ਼ ਬਣਾਉਣ ਦਾ ਰਸਤਾ ਖੁੱਲ੍ਹ ਜਾਵੇਗਾ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖਾਲਸੇ ਦੇ ਦਿਲਾਂ ਵਿਚ ਪ੍ਰਵੇਸ਼ ਕਰ ਗਈ ਸੀ। ਗੁਰੂ-ਜੋਤ ਰੂਪ ਵਿਚ ਖਾਲਸੇ ਦੇ ਹਮੇਸ਼ਾਂ ਹੀ ਅੰਗ-ਸੰਗ ਸੀ। ਸ਼ਹੀਦੀ ਉਪਰੰਤ ਪ੍ਰਚੰਡ ਹੋਈ ਇਸ ਜੋਤੀ ਨੇ ਉੱਤਰੀ ਭਾਰਤ ਵਿਚ ਭਾਂਬੜ ਬਾਲ ਦਿੱਤੇ। ਸਿੰਘ ਨਾਦ ਗੂੰਜ ਉੱਠਿਆ। ਜਿਸ ਵਿਚ ਮੁਗ਼ਲੀਆ ਸਲਤਨਤ ਕੰਬ ਉਠੀ ਅਤੇ ਅੰਤ ਨੂੰ ਤਬਾਹ ਹੋ ਗਈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਦੀਨੇ ਕਾਂਗੜ ਦੀ ਧਰਤੀ ਤੋਂ ਲਿਖੇ ਅਤੇ ਭੇਜੇ ਜ਼ਫ਼ਰਨਾਮੇ ਵਿਚ ਲਿਖਿਆ ਸੀ ਕਿ “ਕੀ ਹੋਇਆ ਜੇ ਮੇਰੇ ਤੂੰ ਚਾਰ ਬੱਚੇ ਮਾਰ ਦਿੱਤੇ ਹਨ। ਮੇਰਾ ਪੰਜਵਾਂ ਨਾਦੀ ਪੁੱਤਰ ਖ਼ਾਲਸਾ ਤਾਂ ਅਜੇ ਜ਼ਿੰਦਾ ਹੈ ਜੋ ਕਿ ਫਨੀਅਰ ਨਾਗ ਹੈ। ਉਹ ਤੇਰੀ ਜਾਬਰ ਅਤੇ ਜੁਲਮੀ ਸਲਤਨਤ ਨੂੰ ਨੇਸਤ-ਓ-ਨਾਬੂਦ ਕਰਨ ਦੇ ਸਮਰੱਥ ਹੈ।” ਸ਼ਾਇਦ ਹੀ ਦੁਨੀਆ ਦੇ ਕਿਸੇ ਰਹਿਬਰ ਨੇ ਆਪਣੇ ਪੈਰੋਕਾਰਾਂ ਉੱਤੇ ਇਤਨਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਹੋਵੇ। ਗੁਰੂ ਜੀ ਇਉਂ ਫੁਰਮਾਉਂਦੇ ਹਨ:

ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।
ਕਿ ਬਾਕੀ ਬਿਮਾਂਦਾ ਪੇਚੀਦਹ ਮਾਰ। (ਦਸਮ ਗ੍ਰੰਥ)

ਸਾਹਿਬਜ਼ਾਦਿਆਂ ਨੇ ਗੁਰੂ-ਘਰ ਦੇ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਵਕਤ ਦੀ ਹੈਰਤਅੰਗੇਜ਼ੀ ਅਤੇ ਰਾਜਸੀ ਸ਼ਕਤੀ ਦੀ ਦਰਿੰਦਗੀ ਦੀ ਇੰਨਤਾਹ ਹੈ ਕਿ ਸੂਬਾ-ਸਰਹੰਦ ਨੇ ਇਨ੍ਹਾਂ ਸ਼ਹੀਦਾਂ ਦਾ ਸਸਕਾਰ ਕਰਨ ਲਈ ਜਗ੍ਹਾ ਦੇਣ ਲਈ ਵੀ ਸ਼ਰਤ ਰੱਖ ਦਿੱਤੀ, ਜਿਸ ਅਨੁਸਾਰ ਸੂਬਾ-ਸਰਹਿੰਦ ਦੇ ਅਹਿਲਕਾਰ ਪਰੰਤੂ ਗੁਰੂ-ਘਰ ਦੇ ਅਨਿੰਨ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਆਪਣੀ ਘਰ ਵਾਲੀ ਦੇ ਜੇਵਰਾਤ ਵੇਚ ਕੇ ਧਨ ਇਕੱਠਾ ਕਰ ਕੇ ਖੜੀਆਂ ਅਸ਼ਰਫ਼ੀਆਂ ਰੱਖ ਕੇ ਸਸਕਾਰ ਲਈ ਜ਼ਮੀਨ ਖਰੀਦੀ ਅਤੇ ਤਿੰਨਾਂ ਸ਼ਹੀਦਾਂ ਦਾ ਖਾਲਸਾਈ ਰਵਾਇਤਾਂ ਅਨੁਸਾਰ ਸਸਕਾਰ ਕਰ ਦਿੱਤਾ। ਇੱਥੇ ਅੱਜਕੱਲ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।

ਕੁਝ ਸਮਾਂ ਬਾਅਦ ਬਾਦਸ਼ਾਹ ਫਰਖਸੀਅਰ ਨੂੰ ਜਦੋਂ ਦੀਵਾਨ ਟੋਡਰ ਮੱਲ ਦੀ ਕਾਰਵਾਈ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਕਿਹਾ ਕਿ ਇਹ ਦੀਵਾਨ ਮੁਗ਼ਲ ਰਾਜ ਦਾ ਵਫ਼ਾਦਾਰ ਨਹੀਂ ਬਣ ਸਕਿਆ ਸਗੋਂ “ਗੁਰੂ ਗੋਬਿੰਦ ਸਿੰਘ” ਦਾ ਵਫ਼ਾਦਾਰ ਹੈ ਬਾਦਸ਼ਾਹ ਦੇ ਹੁਕਮ ਅਨੁਸਾਰ ਦੀਵਾਨ ਟੋਡਰ ਮੱਲ ਨੂੰ ਵੀ ਸਮੇਤ ਪਰਵਾਰ ਕੋਹਲੂ ਥਾਈਂ ਪੀੜ ਕੇ ਕੀਮਾਂ-ਕੀਮਾਂ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਬਿਨਾਂ ਸ਼ੱਕ ਦੀਵਾਨ ਟੋਡਰ ਮੱਲ ਪੰਥ ਦਾ ਅਣਮੋਲ ਹੀਰਾ ਸੀ, ਗੁਰੂ-ਘਰ ਦਾ ਅਨਿੰਨ ਸੇਵਕ ਸੀ, ਰੱਬ ਦਾ ਪਿਆਰਾ ਸੀ, ਹੱਕ ਅਤੇ ਸੱਚ ਦਾ ਅਸਲ ਪਹਿਰੇਦਾਰ। ਸਮੁੱਚਾ ਸਿੱਖ ਜਗਤ ਹਰ ਰੋਜ਼ ਦੋਵੇਂ ਸਮੇਂ ਅਰਦਾਸ ਵਿਚ ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀ, ਸਮੇਤ ਪਰਿਵਾਰ ਦਿੱਤੀ ਸ਼ਹੀਦੀ ਨੂੰ “ਜਿਨ੍ਹਾਂ ਨੂੰ ਕੀਮਾਂ-ਕੀਮਾਂ ਕੀਤਾ ਗਿਆ ਕਹਿ ਕੇ ਯਾਦ ਕਰਦਿਆਂ ਖਿਰਾਜੇ ਅਕੀਦਤ ਅਤੇ ਸ਼ਰਧਾ ਸਤਿਕਾਰ ਭੇਂਟ ਕਰਦਾ ਹੈ। ਕਿਸੇ ਸ਼ਾਇਰ ਨੇ ਐਸੀ ਮਹਾਨ ਅਤੇ ਅਦੁੱਤੀ ਕੁਰਬਾਨੀ ਅਤੇ ਨਤੀਜੇ ਵਜੋਂ ਉਸ ਤੋਂ ਨਿਕਲਣ ਵਾਲੇ ਨਤੀਜਿਆਂ ਬਾਰੇ ਠੀਕ ਹੀ ਲਿਖਿਆ ਹੈ:

ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। 
ਰੰਬੀਆਂ ਨਾਲ ਖੋਪਰ ਲਹਿੰਦੇ ਜਦ, ਤਸਵੀਰ ਬਦਲਦੀ ਕੌਮਾਂ ਦੀ। 
ਜਦੋਂ ਚਰਬੀ ਢਲੇ ਸ਼ਹੀਦਾਂ ਦੀ, ਰੂਹਾਂ ਵਿਚ ਚਾਨਣ ਹੋ ਜਾਵੇ। 
ਜਦੋਂ ਉਸਰੇ ਕੰਧ ਮਾਸੂਮਾਂ ਦੀ, ਡਿੱਗੀ ਹੋਈ ਕੌਮ ਖਲੋ ਜਾਵੇ।

ਜਗ ਜਾਣਦਾ ਹੈ ਕਿ 30 ਮਾਰਚ, 1699 ਈ. ਨੂੰ ਦਸਮੇਸ਼ ਪਿਤਾ ਵੱਲੋਂ ਸਾਜੇ, ਨਿਵਾਜੇ, ਸਿਰਜੇ ਅਤੇ ਸੰਵਾਰੇ ਖਾਲਸਾ ਪੰਥ ਨੇ ਬਹੁਤ ਥੋੜੇ ਸਮੇਂ ਵਿਚ ਭਾਰਤ ਅੰਦਰ ਇਕ ਸੰਪੂਰਨ ਇਨਕਲਾਬ (ਧਾਰਮਿਕ, ਆਰਥਿਕ, ਸਮਾਜਿਕ ਅਤੇ ਰਾਜਨੀਤਕ) ਲਿਆਂਦਾ। ਜਿਨ੍ਹਾਂ ਪਾਸ ਧਰਮ ਨਹੀਂ ਸੀ, ਹੱਕ ਨਹੀਂ ਸੀ, ਰਾਜ-ਭਾਗ ਨਹੀਂ ਸੀ, ਮਾਣ-ਸਨਮਾਨ ਤੇ ਸਤਿਕਾਰ ਨਹੀਂ ਸੀ। ਜਿਨ੍ਹਾਂ ਨੂੰ ਹਥਿਆਰ ਚੁੱਕਣ ਅਤੇ ਘੋੜ- ਸਵਾਰੀ ਕਰਨ ਦਾ ਅਧਿਕਾਰ ਨਹੀਂ ਸੀ। ਉਹ ਅਜਿਹੀ ਤਰਸਯੋਗ ਅਤੇ ਦਰਦ ਭਰਪੂਰ ਜ਼ਿੰਦਗੀ ਬਤੀਤ ਕਰਨ ਵਾਲੇ ਹੁਣ ਬਾਦਸ਼ਾਹ, ਸਰਦਾਰ, ਸਿਪਾਹਸਲਾਰ, ਮਾਲਕ ਅਤੇ ਮਹਾਨ ਯੋਧੇ-ਸੂਰਮੇ ਬਣ ਗਏ। ਉਨ੍ਹਾਂ ਉਤੇ ਸਦੀਆਂ ਤੋਂ ਅਸਹਿ ਅਤੇ ਅਕਹਿ ਜਬਰ, ਜੁਲਮ, ਧੱਕਾ, ਬੇਇਨਸਾਫੀ, ਲੁੱਟਣ, ਕੁੱਟਣ ਅਤੇ ਬੇਪਤ ਕਰਨ ਵਾਲੇ ਉਨ੍ਹਾਂ ਦੇ ਸਾਹਮਣੇ ਆਜ਼ਜੀ ਬਣ ਗਏ ਸਨ, ਫਰਿਆਦੀ ਬਣ ਗਏ ਸਨ, ਉਨ੍ਹਾਂ ਦੇ ਸੇਵਾਦਾਰ ਬਣ ਗਏ ਸਨ, “ਭੂਰਿਆਂ ਵਾਲੇ ਰਾਜੇ ਕੀਤੇ ਮੁਗ਼ਲਾਂ ਜ਼ਹਿਰ ਪਿਆਲੇ ਪੀਤੇ” ਵਾਲੇ ਹਾਲਾਤ ਬਣ ਗਏ ਸਨ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 07 ਦਸੰਬਰ, 1704 ਈ. ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 12 ਦਸੰਬਰ 1704 ਈ. ਨੂੰ ਹੋਈ ਅਤੇ ਖਾਲਸਾ ਪੰਥ ਨੇ ਸਤਿਗੁਰਾਂ ਦੇ ਅਸ਼ੀਰਵਾਦ ਅਤੇ ਥਾਪੜੇ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ 12 ਮਈ, 1710 ਈ. ਵਿਚ ਚਪੜਚਿੜੀ ਦੇ ਮੈਦਾਨ ਵਿਚ ਸੂਬਾ-ਸਰਹੰਦ ਅਤੇ ਹੋਰ ਮੁਗ਼ਲ ਸੂਬੇਦਾਰਾਂ ਦੀਆਂ ਫੌਜਾਂ ਨੂੰ ਬੁਰੀ ਤਰ੍ਹਾਂ ਹਰਾ ਕੇ, ਆਪਣੇ ਘੋੜਿਆਂ ਦੇ ਸੁਮਾਂ ਹੇਠ ਲਤਾੜ ਕੇ, ਸੂਬਾ-ਸਰਹੰਦ ਵਜ਼ੀਰ ਖਾਨ ਨੂੰ ਮਾਰ ਦੋਜ਼ਖ ਨੂੰ ਪਹੁੰਚਾ ਕੇ, ਸਰਹੰਦ ਦੀ ਧਰਤੀ ਉਤੇ ਖਾਲਸਾਈ ਪਰਚਮ ਲਹਿਰਾ ਕੇ ਦੁਨੀਆ ਦੇ ਤਖਤੇ ’ਤੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਦੁਨੀਆ ਦੇ ਇਤਿਹਾਸ ਵਿਚ ਜਿਵੇਂ ਇਹ ਕੁਰਬਾਨੀਆਂ ਅਦੁੱਤੀ ਅਤੇ ਲਾਸਾਨੀ ਸਨ ਉਨ੍ਹਾਂ ਕਾਰਨ ਆਇਆ ਸੰਪੂਰਨ ਇਨਕਲਾਬ ਵੀ ਉਸੇ ਤਰ੍ਹਾਂ ਦੁਨੀਆ ਦਾ ਅਨੋਖਾ ਅਤੇ ਅੱਡਰਾ ਇਨਕਲਾਬ ਸੀ।

9 ਜੂਨ, 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਬਾਬਾ ਬਘੇਲ ਸਿੰਘ ਹੁਰਾਂ ਦੀ ਅਗਵਾਈ ਵਿਚ “ਦਲ ਖਾਲਸਾ” ਦੀ ਕਮਾਨ ਹੇਠ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਸਰਹੰਦ ਨੂੰ ਇੱਟਾਂ ਦੇ ਢੇਰ ਵਿਚ ਬਦਲ ਦਿੱਤਾ ਅਤੇ ਇੱਥੇ ਖੋਤਿਆਂ ਨਾਲ ਹੱਲ ਚਲਾਇਆ ਗਿਆ। ਹਕੀਮ ਮਿਰਜ਼ਾ ਅਲਹ ਯਾਰ ਖਾਂ ਜੋਗੀ ਇਸ ਸਬੰਧੀ ਗਵਾਹੀ ਭਰਦੇ ਹਨ:

ਜੋਗੀ ਜੀ ਇਸ ਕੇ ਬਾਅਦ ਹੁਈ ਥੋੜੀ ਸੀ ਦੇਰ ਥੀ। 
ਬਸਤੀ ਸਰਹਿੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ

ਸ਼ਾਇਦ ਹੀ ਦੁਨੀਆ ਦੀ ਕਿਸੇ ਹੋਰ ਕੌਮ ਦਾ ਅਜਿਹਾ ਕੁਰਬਾਨੀ ਅਤੇ ਸ਼ਹੀਦੀਆਂ ਭਰਪੂਰ ਨਿਵੇਕਲਾ, ਸ਼ਾਨਾਂਮੱਤਾ ਗੌਰਵਮਈ ਅਤੇ ਲਹੂ ਭਿੱਜਿਆ ਇਤਿਹਾਸ ਹੋਵੇ। ਅਫਸੋਸ! ਅਸੀਂ ਆਪਣੇ ਗੌਰਵਮਈ ਇਤਿਹਾਸ, ਸ਼ਾਨਾਂਮੱਤੇ ’ਤੇ ਵਿਰਸੇ ਅਤੇ ਲਾਸਾਨੀ ਸ਼ਹੀਦੀਆਂ, ਕੁਰਬਾਨੀਆਂ, ਗੁਰੂ ਕਿਆਂ ਅਤੇ ਸਿੰਘਾਂ-ਸੂਰਮਿਆਂ ਵੱਲੋਂ ਮੈਦਾਨ-ਏ-ਜੰਗ ਵਿਚ ਸੰਸਾਰ ਨੂੰ ਅਚੰਭਿਤ ਕਰ ਦੇਣ ਵਾਲੇ ਕੀਤੇ ਕਾਰਨਾਮਿਆਂ ਨੂੰ ਭੁਲਾ ਰਹੇ ਹਾਂ ਅਤੇ ਨਿੱਜਪ੍ਰਸਤੀ, ਪਰਵਾਰ-ਪ੍ਰਸਤੀ, ਛਿੰਨ ਭੰਗਰ ਦੀ ਸ਼ਾਨ ਅਤੇ ਸ਼ਕਤੀ ਲਈ ਸਭ ਕੁਝ ਦਾਅ ਉੱਤੇ ਵੀ ਲਾ ਰਹੇ ਹਾਂ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ:

ਜਿਨ੍ਹਾਂ ਕੌਮਾਂ ਨੂੰ ਆਪਣੀ ਵਿਰਾਸਤ ਦਾ ਅਹਿਸਾਸ ਨਹੀਂ ਹੁੰਦਾ। 
ਉਨ੍ਹਾਂ ਕੌਮਾਂ ਦਾ ਬਾਕੀ ਕੋਈ ਇਤਿਹਾਸ ਨਹੀਂ ਹੁੰਦਾ।
ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)