editor@sikharchives.org

2009-09 – ਗੁਰਬਾਣੀ ਵੀਚਾਰ – ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਸ਼ਬਦ-ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਜਾਈਏ ਤਾਂ ਹਉਮੈ ਰੂਪੀ ਅੱਗ ਦੂਰ ਹੋ ਜਾਂਦੀ ਹੈ ਭਾਵ ਸਾਡੇ ਰੂਹਾਨੀ ਤੇ ਸਦਾਚਾਰਕ ਗੁਣਾਂ ਦਾ ਨਿਰੰਤਰ ਸੰਚਾਰ ਹੁੰਦਾ ਰਹਿੰਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥
ਅਕਥ ਕਥਾ ਲੇ ਰਹਉ ਨਿਰਾਲਾ॥
ਨਾਨਕ ਜੁਗਿ ਜੁਗਿ ਗੁਰ ਗੋਪਾਲਾ॥
ਏਕੁ ਸਬਦੁ ਜਿਤੁ ਕਥਾ ਵੀਚਾਰੀ॥
ਗੁਰਮੁਖਿ ਹਉਮੈ ਅਗਨਿ ਨਿਵਾਰੀ॥44॥ (ਪੰਨਾ 943)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਰਾਮਕਲੀ ਰਾਗ ’ਚ ਦਰਜ ਪਾਵਨ ਬਾਣੀ ‘ਸਿਧ ਗੋਸਟਿ’ ਦੀ ਇਸ ਪਉੜੀ ਰਾਹੀਂ ਸਿੱਧਾਂ ਨਾਲ ਵਿਚਾਰ-ਚਰਚਾ ਦੇ ਵਿਸ਼ੇਸ਼ ਪ੍ਰਕਰਣ ’ਚ ਉਨ੍ਹਾਂ ਵੱਲੋਂ ‘ਸ੍ਰਿਸ਼ਟੀ ਦੇ ਅਰੰਭ, ਆਪਦਾ ਗੁਰੂ ਕੌਣ ਹੈ, ਆਪ ਨਿਰਾਲੇ ਕਿਵੇਂ ਰਹਿੰਦੇ ਹੋ ਅਤੇ ਸ਼ਬਦ-ਗੁਰੂ ਜੀਵ ਨੂੰ ਕਿਸ ਤਰ੍ਹਾਂ ਪਾਰ ਲੰਘਾ ਸਕਦਾ ਹੈ?’ ਆਦਿ ਪ੍ਰਸ਼ਨਾਂ/ਸ਼ੰਕਿਆਂ ਦੇ ਉੱਤਰ ਦਿੰਦੇ ਹੋਏ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਗੁਰਮਤਿ ਗਾਡੀ ਰਾਹ ਦਰਸਾਉਂਦੇ ਹਨ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਹੇ ਸਿੱਧੋ, ਜੋਗੀਓ! ਪ੍ਰਾਣ ਅਥਵਾ ਸਾਹ ਹੀ ਸ੍ਰਿਸ਼ਟੀ ਅਥਵਾ ਮਨੁੱਖੀ ਜੀਵਨ ਦਾ ਮੁੱਢ ਹਨ ਅਤੇ ਇਹ ਮਨੁੱਖਾ ਜਨਮ ਸੱਚੇ ਸਤਿਗੁਰੂ ਦੀ ਨਿਰਮਲ ਸਿੱਖਿਆ, ਉਸ ਦੇ ਨਿਰਮਲ ਉਪਦੇਸ਼ ਨੂੰ ਲੈਣ, ਸੁਣਨ, ਪੜ੍ਹਨ, ਵਿਚਾਰਨ, ਸਮਝਣ ਤੇ ਅਪਣਾਉਣ ਜਾਂ ਲਾਗੂ ਕਰਨ ਦਾ ਅਮੋਲਕ ਅਵਸਰ ਹੈ। ਕਹਿਣ ਤੋਂ ਭਾਵ ਸਾਨੂੰ ਪ੍ਰਾਣ ਇਸ ਕਰਕੇ ਮਿਲੇ ਹਨ ਕਿ ਅਸੀਂ ਸਤਿਗੁਰੂ ਦੇ ਨਿਰਮਲ ਉਪਦੇਸ਼ਾਂ ਨੂੰ ਸੁਣ, ਸਮਝ ਤੇ ਅਪਣਾ ਕੇ ਆਪਣਾ ਆਤਮਕ ਕਲਿਆਣ ਕਰ ਸਕੀਏ ਕਿਉਂ ਜੋ ਜੀਵ ਦਾ ਆਤਮਕ ਕਲਿਆਣ ਕੇਵਲ ਮਨੁੱਖਾ ਜਨਮ ’ਚ ਹੀ ਸੰਭਵ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੇਰਾ ਗੁਰੂ ਸ਼ਬਦ ਹੈ ਜਾਂ ਸ਼ਬਦ ਹੀ ਗੁਰੂ ਹੈ, ਮੇਰੀ ਸੁਰਤ ਅਥਵਾ ਮੇਰੇ ਮਨ ਦੀ ਇਕਾਗਰਤਾ ਚੇਲਾ ਹੈ। ਕਹਿਣ ਤੋਂ ਭਾਵ ਸੱਚਾ ਸਿੱਖ ਉਹ ਹੈ ਜੋ ਸ਼ਬਦ-ਗੁਰੂ ਦੇ ਨਿਰਮਲ ਉਪਦੇਸ਼ ਨੂੰ ਪੂਰਨ ਇਕਾਗਰਤਾ ਸਹਿਤ ਸੁਣਦਾ-ਸਮਝਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਹੇ ਸਿੱਧੋ, ਜੋਗੀਓ! ਮੈਂ ਕਥੇ ਨਾ ਜਾ ਸਕਣ ਵਾਲੇ ਪਰਮਾਤਮਾ ਦੀ ਕਥਾ ਲੈ ਕਰ ਕੇ ਅਰਥਾਤ ਉਸ ਦੀਆਂ ਗੱਲਾਂ ਕਰ-ਕਰ ਕੇ ਤੇ ਗੁਣ ਗਾਇਨ ਕਰ-ਕਰ ਕੇ ਸੰਸਾਰਕ ਮਾਇਆ ਦੇ ਬੁਰੇ ਅਸਰ ਤੋਂ ਨਿਰਲੇਪ ਰਹਿੰਦਾ ਹਾਂ ਕਿਉਂਕਿ ਉਹ ਨਿਰਧਨਾਂ ਦਾ ਪਾਲਕ ਗੁਰੂ ਹਰੇਕ ਜੁਗ ਵਿਚ ਮੌਜੂਦ ਹੈ। ਕੇਵਲ ਇਕ ਗੁਰ-ਸ਼ਬਦ ਹੀ ਹੈ ਜਿਸ ਰਾਹੀਂ ਉਹ ਨਾ ਕਥੇ ਜਾਣ ਵਾਲੇ ਪਰਮਾਤਮਾ ਦੇ ਗੁਣਾਂ ਦੀ ਵੀਚਾਰ ਕੀਤੀ ਜਾ ਸਕਦੀ ਹੈ। ਸ਼ਬਦ-ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਬਣ ਜਾਈਏ ਤਾਂ ਹਉਮੈ ਰੂਪੀ ਅੱਗ ਦੂਰ ਹੋ ਜਾਂਦੀ ਹੈ ਭਾਵ ਸਾਡੇ ਰੂਹਾਨੀ ਤੇ ਸਦਾਚਾਰਕ ਗੁਣਾਂ ਦਾ ਨਿਰੰਤਰ ਸੰਚਾਰ ਹੁੰਦਾ ਰਹਿੰਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)