editor@sikharchives.org

2010-03 – ਗੁਰਬਾਣੀ ਵਿਚਾਰ – ਬਾਰਹ ਮਾਹਾ ਤੁਖਾਰੀ

ਪਹਿਲੇ ਪਾਤਸ਼ਾਹ ਬਾਰਹ ਮਾਹਾ ਤੁਖਾਰੀ ਦੀ ਇਸ ਆਰੰਭਕ ਪਾਵਨ ਪਉੜੀ ’ਚ ਮਾਇਆ-ਮੋਹ ’ਚੋਂ ਨਿਕਲਣ ਤੇ ਆਤਮਕ ਜੀਵਨ-ਮਾਰਗ ਨੂੰ ਪ੍ਰਾਪਤ ਕਰਨ ਦੀ, ਆਤਮਾ ਦੀ ਉੱਚੀ-ਸੁੱਚੀ ਨਿਰਮਲ ਉਮੰਗ ਬਾਰੇ ਵਰਣਨ ਕਰਦੇ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਤੁਖਾਰੀ ਛੰਤ ਮਹਲਾ 1 ਬਾਰਹ ਮਾਹਾ
ੴ ਸਤਿਗੁਰ ਪ੍ਰਸਾਦਿ॥
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ॥
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ॥
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ॥
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ॥
ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ॥1॥

ਪਹਿਲੇ ਪਾਤਸ਼ਾਹ ਬਾਰਹ ਮਾਹਾ ਤੁਖਾਰੀ ਦੀ ਇਸ ਆਰੰਭਕ ਪਾਵਨ ਪਉੜੀ ’ਚ ਮਾਇਆ-ਮੋਹ ’ਚੋਂ ਨਿਕਲਣ ਤੇ ਆਤਮਕ ਜੀਵਨ-ਮਾਰਗ ਨੂੰ ਪ੍ਰਾਪਤ ਕਰਨ ਦੀ, ਆਤਮਾ ਦੀ ਉੱਚੀ-ਸੁੱਚੀ ਨਿਰਮਲ ਉਮੰਗ ਬਾਰੇ ਵਰਣਨ ਕਰਦੇ ਹਨ। ਗੁਰੂ ਜੀ ਆਤਮਾ ਦੀ ਹੂਕ ਦਰਸਾਉਂਦਿਆਂ ਫ਼ਰਮਾਨ ਕਰਦੇ ਹਨ ਕਿ ਹੇ ਪਰਮਾਤਮਾ! ਮੇਰੀ ਬੇਨਤੀ ਨੂੰ ਸੁਣਨਾ! ਪੂਰਬਲੇ ਕੀਤੇ ਕਰਮਾਂ ਅਨੁਸਾਰ ਹੀ ਹਰੇਕ ਜੀਵ ਸੁਖ ਜਾਂ ਦੁੱਖ ਪਾਉਂਦਾ ਹੈ। ਤੇਰੇ ਨਾਮ ਤੋਂ ਬਿਨਾਂ ਮੇਰੀ ਹਾਲਤ ਕੀ ਹੈ ਅਰਥਾਤ ਮੈਂ ਦੁੱਖ ਪਾਉਂਦੀ ਹਾਂ। ਪਿਆਰੇ ਪਰਮਾਤਮਾ ਬਿਨਾਂ ਆਤਮਾ ਵਾਸਤੇ ਡਾਹਢੀ ਕਠਿਨਾਈ ਹੈ, ਸੰਸਾਰ ’ਚ ਉਹਦਾ ਕੋਈ ਸੱਚਾ ਸਾਥੀ ਨਹੀਂ ਪਰੰਤੂ ਜੇਕਰ ਗੁਰੂ ਵੱਲ ਮੁਖ ਹੋ ਜਾਵੇ ਤਾਂ ਮੈਂ ਆਤਮਕ ਜਲ ਰੂਪ ਪ੍ਰਭੂ-ਨਾਮ ਨੂੰ ਪੀ ਲਵਾਂ। ਅਸੀਂ ਨਿਮਾਣੇ ਜੀਵ ਨਿਰੰਕਾਰ ਦੀ ਰਚੀ ਮਾਇਆ ’ਚ ਹੀ ਰਚੇ ਹੋਏ ਹਾਂ। ਸੰਸਾਰ ’ਚ ਵਿਚਰਦਿਆਂ ਪ੍ਰਭੂ-ਨਾਮ ਨੂੰ ਮਨ ’ਚ ਵਸਾ ਲੈਣਾ ਸਭ ਤੋਂ ਚੰਗਾ ਕਰਮ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਜੀਵ- ਇਸਤਰੀ ਤਾਂ ਆਪ ਜੀ ਦਾ ਰਾਹ ਤੱਕ ਰਹੀ ਹੈ, ਆਪ ਆਤਮਾ ’ਚ ਕਦੋਂ ਆ ਕੇ ਵਾਸਾ ਕਰੋਗੇ?

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ॥
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ॥
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ॥
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ॥
ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ॥
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ॥2॥

ਇਸ ਪਾਵਨ ਪਉੜੀ ’ਚ ਗੁਰੂ ਜੀ ਪ੍ਰਭੂ-ਯਾਦ ਦੁਆਰਾ ਮਨੁੱਖੀ ਆਤਮਾ ਦੇ ਦੁਆਰਾ ਪ੍ਰਭੂ-ਪਿਆਰ ’ਚ ਤ੍ਰਿਪਤੀ ਹਾਸਲ ਕਰਨ ਦਾ ਸੁਮਾਰਗ ਬਖਸ਼ਿਸ਼ ਕਰਦੇ ਹਨ। ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਜਿਵੇਂ ਪਪੀਹਾ ‘ਪ੍ਰਿਉ ਪ੍ਰਿਉ’ ਬੋਲਦਾ ਹੈ, ਜਿਵੇਂ ਕੋਇਲ ਕੂਕਦੀ ਹੈ, ਉਵੇਂ ਹੀ ਪ੍ਰਭੂ-ਨਾਮ ਨਾਲ ਜੁੜ ਕੇ ਜੀਵ-ਇਸਤਰੀ ਸਾਰੇ ਰਸ ਮਾਣਦੀ ਹੈ ਤੇ ਪ੍ਰਭੂ-ਪਤੀ ਨਾਲ ਪਰਚ ਜਾਂਦੀ ਹੈ। ਉਹ ਮਾਲਕ ਨੂੰ ਚੰਗੀ ਲੱਗਦੀ ਹੈ ਤੇ ਸੁਹਾਗਣ ਦੇ ਰੂਪ ’ਚ ਵਿਚਰਦੀ ਹੈ। ਨੌਂ ਇੰਦਰੀਆਂ ਵਾਲੇ ਸਰੀਰ ਨੂੰ ਉੱਚੇ ਪ੍ਰਭੂ-ਨਾਮ ਨਾਲ ਟਿਕਾ ਕੇ ਉਹ ਆਪਣਾ ਅਸਲ ਘਰ ਲੱਭ ਲੈਂਦੀ ਹੈ। ਉਹ ਮਾਲਕ ਦੇ ਪਿਆਰ ’ਚ ਆਪਣਾ ਸਮੁੱਚਾ ਆਪਾ ਸਮਰਪਿਤ ਕਰ ਕੇ ਦਿਨ-ਰਾਤ ਸੁਖ ਅਨੰਦ ’ਚ ਨਾਮ ਨੂੰ ਹੀ ਚਿਤਵਦੀ ਹੈ। ਪਪੀਹੇ ਤੇ ਕੋਇਲ ਰੂਪ ਜੀਵ-ਇਸਤਰੀ ਨੂੰ ਮਾਲਕ ਦੀ ਵਡਿਆਈ ਦਾ ਸ਼ਬਦ ਸੁਹਣਾ ਲੱਗਦਾ ਹੈ।

ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ॥
ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ॥
ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ॥
ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ॥
ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ॥
ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ॥3॥

ਇਸ ਪਾਵਨ ਪਉੜੀ ਵਿਚ ਸਤਿਗੁਰੂ ਜੀ ਆਤਮਾ ਦੁਆਰਾ ਸ਼ਬਦ ’ਚ ਸੁਰਤੀ ਨੂੰ ਟਿਕਾਈ ਰੱਖਣ ਕਰਕੇ ਜੀਵਨ ’ਚ ਵਿਆਪਕ ਸੁਖ ਅਨੰਦ ਉਤਪੰਨ ਹੋਣ ਦਾ ਨਿਰਮਲ ਸਿੱਟਾ ਦਰਸਾਉਂਦੇ ਹਨ। ਗੁਰੂ ਜੀ ਆਤਮਾ ਵੱਲੋਂ ਕਥਨ ਕਰਦੇ ਹਨ ਕਿ ‘ਹੇ ਰਸ ਨਾਲ ਭਿੱਜੇ ਮਾਲਕ! ਤੂੰ ਮੇਰਾ ਆਪਣਾ ਹੈਂ। ਤੂੰ ਮੇਰੇ ਮਨ-ਤਨ ’ਚ ਰਚਿਆ ਹੋਇਆ ਹੈਂ। ਹੁਣ ਤਾਂ ਮੈਂ ਤੈਨੂੰ ਇਕ ਪਲ ਲਈ ਵੀ ਨਹੀਂ ਭੁਲਾਉਂਦੀ। ਭੁਲਾਵਾਂ ਵੀ ਕਿਉਂ? ਮੈਂ ਤਾਂ ਬਲਿਹਾਰ ਜਾਂਦੀ ਹਾਂ, ਮੈਂ ਤਾਂ ਤੇਰੇ ਗੁਣ ਗਾ ਕੇ ਹੀ ਜੀਂਦੀ ਰਹਿੰਦੀ ਹਾਂ। ਤੇਰੇ ਬਿਨਾਂ ਮੇਰਾ ਹੋਰ ਕੋਈ ਹੈ ਹੀ ਨਹੀਂ। ਪਰਮਾਤਮਾ ਬਿਨਾਂ ਤਾਂ ਰਿਹਾ ਹੀ ਨਹੀਂ ਜਾ ਸਕਦਾ। ਜਦੋਂ ਮੈਂ ਤੇਰਾ ਆਸਰਾ ਲੈ ਲਿਆ, ਪਰਮਾਤਮਾ ਦੀ ਯਾਦ ਰੂਪੀ ਚਰਨ ਹਿਰਦੇ ’ਚ ਵੱਸ ਗਏ ਤਾਂ ਇਸ ਨਾਲ ਮੇਰਾ ਸਰੀਰ ਵੀ ਸਮਝੋ ਪਵਿੱਤਰ ਹੋ ਗਿਆ! ਗੁਰੂ ਜੀ ਕਥਨ ਕਰਦੇ ਹਨ ਕਿ ਮਾਲਕ ਦੀ ਮਿਹਰ ਦੀ ਨਜ਼ਰ ਹੋ ਜਾਣ ਨਾਲ ਵੱਡਾ ਸੁਖ ਪਾ ਲਿਆ ਜਾਂਦਾ ਹੈ। ਗੁਰੂ ਦੁਆਰਾ ਬਖਸ਼ੇ ਸ਼ਬਦ ਨਾਲ ਮਨ ਨੂੰ ਹੌਂਸਲਾ ਮਿਲ ਜਾਂਦਾ ਹੈ।

ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ॥
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ॥4॥

ਗੁਰੂ ਜੀ ਇਸ ਪਾਵਨ ਪਉੜੀ ਦੁਆਰਾ ਪ੍ਰਭੂ-ਵਡਿਆਈ ਦਾ ਸ਼ਬਦ ਪ੍ਰਾਪਤ ਹੋ ਜਾਣ ’ਤੇ ਮਨੁੱਖੀ ਮਨ ’ਚ ਪੈਦਾ ਹੋਈ ਅਡੋਲ ਅਵਸਥਾ ਦਾ ਵਰਣਨ ਕਰਦੇ ਹਨ। ਜਿਸ ਵੀ ਜੀਵ-ਇਸਤਰੀ ਦੇ ਹਿਰਦੇ ਵਿਚ ਮਾਲਕ ਦੇ ਨਾਮ ਰੂਪੀ ਅੰਮ੍ਰਿਤ ਦੀ ਧਾਰਾ ਸੁਹਣੀ ਤਰ੍ਹਾਂ ਵਹਿੰਦੀ ਹੈ ਉਹ ਪ੍ਰੀਤਮ ਪਿਆਰੇ ਨੂੰ ਸਹਿਜ-ਸੁਭਾਅ ਮਿਲੀ ਰਹਿੰਦੀ ਹੈ। ਉਹਦਾ ਮਾਲਕ ਨਾਲ ਪਿਆਰ ਬਣਿਆ ਰਹਿੰਦਾ ਹੈ। ਉਹ ਪ੍ਰਭੂ ਮਾਲਕ ਨਾਲ ਇਕਮਿਕ ਹੋਰਨਾਂ ਵਡਭਾਗੀ ਆਤਮਾਵਾਂ ਦਾ ਖਿਆਲ ਕਰਦਿਆਂ ਇਹ ਮਨੋਭਾਵ ਰੱਖਦੀ ਹੈ ਕਿ ਮੈਂ ਵੀ ਮਾਲਕ ਦੇ ਹੁਕਮ ’ਚ ਰੂਹਾਨੀ ਗੁਣ ਪਾ ਕੇ ਉੱਚੀ ਹੋਵਾਂ। ਜੇਕਰ ਹੋਰ ਜੀਵ-ਇਸਤਰੀਆਂ ਪਤੀ ਪਿਆਰੇ ਨੂੰ ਚਿਤਵਦੀਆਂ ਹਨ ਤਾਂ ਮੈਂ ਉਸ ਨੂੰ ਕਿਉਂ ਭੁਲਾਵਾਂ? ਘਟਾ ਬੰਨ੍ਹ ਕੇ ਆਏ ਬੱਦਲੋ! ਮੇਰੇ ’ਤੇ ਰਹਿਮ ਕਰੋ। ਮੇਰੇ ਹਿਰਦੇ ਅੰਦਰ ਵੀ ਮਾਲਕ ਦੀ ਸਿਫਤ-ਸਲਾਹ ਦੀ ਵਰਖਾ ਕਰੋ ਤੇ ਹੇ ਮਾਲਕ! ਮੇਰੇ ਹਿਰਦੇ ਵਿਚ ਟਿਕ ਜਾਵੋ।

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥
ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ॥5॥ (ਪੰਨਾ 1108-09)

ਇਸ ਪਾਵਨ ਪਉੜੀ ਵਿਚ ਗੁਰੂ ਜੀ ਚੇਤ ਮਹੀਨੇ ਦੀ ਰੁੱਤ ਦੇ ਪ੍ਰਥਾਏ ਮੰਝ ਬਾਰ ਦੀ ਬਨਸਪਤੀ ਦੇ ਸੁੰਦਰ ਦ੍ਰਿਸ਼ ਦਾ ਵਰਣਨ ਕਰਦਿਆਂ ਪ੍ਰਭੂ-ਨਾਮ ਤੋਂ ਵਿਛੁੰਨੀ ਆਤਮਾ ਦੀ ਉਸ ਨਾਲ ਮਿਲਾਪ ਦੀ ਪੁਕਾਰ ਪ੍ਰਗਟ ਕਰਦੇ ਹਨ। ਚੇਤ ਮਹੀਨਾ ਬਸੰਤ ਬਹਾਰ ਦਾ ਹੈ, ਇਹ ਚੰਗਾ ਮਹੀਨਾ ਹੈ। ਇਸ ਸਮੇਂ ਫੁੱਲਾਂ ’ਤੇ ਭੌਰੇ ਮੰਡਰਾਉਂਦੇ ਸੁਹਣੇ ਲੱਗਦੇ ਹਨ। ਮੰਝ ਦੀ ਬਾਰ ਦੀ ਬਨਸਪਤੀ ਖਿੜੀ ਪਈ ਹੈ, ਇਸ ਵੇਲੇ ਕਿਤੇ ਮੇਰੇ ਹਿਰਦੇ-ਘਰ ’ਚ ਵੀ ਪਿਆਰਾ ਮਾਲਕ ਆ ਪਹੁੰਚੇ! ਜੇਕਰ ਪਿਆਰਾ ਘਰ ਨਾ ਹੋਵੇ ਤਾਂ ਜੀਵ-ਇਸਤਰੀ ਕਿਵੇਂ ਸੁਖ ਪਾਏਗੀ? ਵਿਛੋੜੇ ’ਚ ਉਹਦਾ ਵਜੂਦ ਟੁੱਟਦਾ ਤੇ ਦੁਖੀ ਹੁੰਦਾ ਹੈ। ਅੰਬ ਦੇ ਦਰਖ਼ਤ ’ਤੇ ਬੈਠੀ ਕੋਇਲ ਤਾਂ ਸੁਹਣੀ ਬੋਲੀ ਬੋਲਦੀ ਹੈ, ਮੈਂ ਜੀਵ-ਇਸਤਰੀ ਹੇ ਮੇਰੀ ਮਾਂ, ਪਿਆਰੇ ਮਾਲਕ ਪਤੀ ਤੋਂ ਵਿੱਛੜ ਕੇ ਕਾਹਨੂੰ ਜੀਣਾ ਹੈ? ਮੇਰੀ ਤਾਂ ਇਹ ਆਤਮਕ ਮੌਤ ਦੀ ਹਾਲਤ ਹੈ। ਪਰੰਤੂ ਜੇਕਰ ਜੀਵਨ ਰੂਪੀ ਚੇਤ ਮਹੀਨੇ ’ਚ ਪਰਮਾਤਮਾ ਰੂਪੀ ਪਤੀ ਨੂੰ ਮੈਂ ਜੀਵ-ਇਸਤਰੀ ਪਾ ਲਵਾਂ ਤਾਂ ਮੈਂ ਅਛੋਪਲੇ ਹੀ ਸੱਚਾ ਸੁਖ ਪ੍ਰਾਪਤ ਕਰ ਲਵਾਂਗੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)