editor@sikharchives.org

2011-02 – ਗੁਰਬਾਣੀ ਵਿਚਾਰ – ਕਰਿ ਕਿਰਪਾ ਘਰਿ ਆਓ

ਸਤਿਗੁਰੂ ਜੀ ਜੀਵ-ਇਸਤਰੀ ਦੀ ਪ੍ਰਤੀਨਿਧਤਾ ਕਰਦਿਆਂ ਫ਼ਰਮਾਨ ਕਰਦੇ ਹਨ ਕਿ ਫੱਗਣ ਦੇ ਮਹੀਨੇ ਵਿਚ ਮਨ ਅੰਦਰ ਕੁਦਰਤੀ ਖੁਸ਼ੀ ਉਪਜਦੀ ਹੈ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ॥
ਅਨਦਿਨੁ ਰਹਸੁ ਭਇਆ ਆਪੁ ਗਵਾਇਆ॥
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ॥
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ॥
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ॥
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ॥16॥ (ਪੰਨਾ 1109)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਬਾਰਹਮਾਹ ਤੁਖਾਰੀ ਦੀ ਇਸ ਪਾਵਨ ਪਉੜੀ ਅੰਦਰ ਫੱਗਣ ਮਹੀਨੇ ਦੀ, ਸਖ਼ਤ ਸਰਦ ਰੁੱਤ ਤੋਂ ਬਾਅਦ ਦੀ ਬਦਲੀ ਹੋਈ ਬਹਾਰ ਦੇ ਜੀਵ-ਜਗਤ, ਮਨੁੱਖ-ਮਾਤਰ ’ਤੇ ਪੈਣ ਵਾਲੇ ਪ੍ਰਭਾਵ, ਸੁਖ ਤੇ ਰਾਹਤ ਮਹਿਸੂਸ ਕਰਨ ਦੇ ਮਨੋਭਾਵ ਦੇ ਸੰਕੇਤਕ ਵਰਣਨ ਦੁਆਰਾ ਮਨੁੱਖ-ਮਾਤਰ ਨੂੰ ਜੀਵ-ਇਸਤਰੀ ਦੇ ਰੂਪ ਵਿਚ ਪਰਮਾਤਮਾ ਰੂਪੀ ਪਤੀ ਦੇ ਪਵਿੱਤਰ ਨਾਮ ਨਾਲ ਜੁੜ ਕੇ ਦੁਰਲੱਭ ਮਨੁੱਖਾ ਜਨਮ ਸਫਲਾ ਕਰਨ ਦਾ ਗੁਰਮਤਿ ਸ਼ਾਹ ਮਾਰਗ ਬਖਸ਼ਿਸ਼ ਕਰਦੇ ਹਨ।

ਸਤਿਗੁਰੂ ਜੀ ਜੀਵ-ਇਸਤਰੀ ਦੀ ਪ੍ਰਤੀਨਿਧਤਾ ਕਰਦਿਆਂ ਫ਼ਰਮਾਨ ਕਰਦੇ ਹਨ ਕਿ ਫੱਗਣ ਦੇ ਮਹੀਨੇ ਵਿਚ ਮਨ ਅੰਦਰ ਕੁਦਰਤੀ ਖੁਸ਼ੀ ਉਪਜਦੀ ਹੈ। ਇਸ ਅਨੁਕੂਲ ਸੁਹਾਵਣੇ ਸਮੇਂ ਦਾ ਲਾਹਾ ਲੈਂਦਿਆਂ ਜਿਸ ਜੀਵ-ਇਸਤਰੀ ਨੂੰ ਮਾਲਕ ਪਰਮਾਤਮਾ ਦਾ ਪਿਆਰ ਚੰਗਾ ਲੱਗ ਗਿਆ ਉਸ ਦੇ ਮਨ ਵਿਚ ਅਨੰਦ ਉਪਜ ਪਿਆ ਹੈ ਕਿਉਂ ਜੋ ਉਸ ਨੇ ਆਪਾ-ਭਾਵ ਜਾਂ ਅਹੰਕਾਰ ਨੂੰ ਗੁਆ ਲਿਆ ਹੈ।

ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਇਆ ਦਾ ਲਗਾਉ ਮਨ ਤੋਂ ਤਦ ਹੀ ਹਟਦਾ ਹੈ ਜਦੋਂ ਉਹ ਮਾਲਕ ਆਪ ਜੀਵ-ਇਸਤਰੀ ’ਤੇ ਮਿਹਰ ਕਰਕੇ ਉਹਦੇ ਹਿਰਦੇ, ਉਸ ਦੀ ਅੰਤਰ-ਆਤਮਾ ਵਿਚ ਆ ਵੱਸਦਾ ਹੈ। ਲੇਕਿਨ ਮੈਂ ਜੀਵ-ਇਸਤਰੀ ਅਗਿਆਨਤਾ ਵੱਸ ਪਿਆਰੇ ਪਤੀ ਨੂੰ ਤਾਂ ਪਛਾਣ ਹੀ ਨਹੀਂ ਸਕੀ ਇਸ ਲਈ ਭਾਵੇਂ ਮੈਂ ਕਿੰਨੇ ਵੀ ਸੁਹਣੇ ਬਾਹਰੀ ਪਹਿਰਾਵੇ ਧਾਰਨ ਕੀਤੇ ਹਨ ਮੈਂ ਮਾਲਕ ਦੇ ਮਹਿਲ ਵਿਚ ਆਪਣਾ ਥਾਂ-ਟਿਕਾਣਾ ਨਹੀਂ ਬਣਾ ਸਕਦੀ। ਇਹ ਮੇਰੀ ਵੱਡੀ ਗਲਤੀ ਹੈ ਕਿ ਮੈਂ ਬਾਹਰੀ ਹਾਰ-ਸ਼ਿੰਗਾਰ ਤੇ ਰੇਸ਼ਮੀ ਬਸਤਰਾਂ ਨੂੰ ਹੀ ਪਹਿਨਿਆ ਅਤੇ ਇਹ ਮੇਰੀ ਬਦਕਿਸਮਤੀ ਹੈ ਕਿ ਇਨ੍ਹਾਂ ਬਸਤਰਾਂ ਨੂੰ ਪਹਿਨ ਕੇ ਮੈਂ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕੀ। ਪਰੰਤੂ ਜਿਸ ਜੀਵ-ਇਸਤਰੀ ’ਤੇ ਮਾਲਕ ਰੀਝ ਪਿਆ ਉਹ ਸਮਝੋ ਬਾਹਰੀ ਹਾਰ-ਸ਼ਿੰਗਾਰ ਤੇ ਰੇਸ਼ਮੀ ਬਸਤਰਾਂ ਤੋਂ ਬਿਨਾਂ ਹੀ ਸ਼ਿੰਗਾਰੀ ਗਈ ਅਰਥਾਤ ਮਾਲਕ ਪਰਮਾਤਮਾ ਨੂੰ ਬਾਹਰੀ ਕਰਮਕਾਂਡ ਤੇ ਪੂਜਾ ਉਪਾਸਨਾ ਨਾਲ ਨਹੀਂ ਖੁਸ਼ ਕੀਤਾ ਜਾ ਸਕਦਾ। ਮਾਲਕ ਜੀਵ ਦੇ ਆਤਮਿਕ ਨੈਤਿਕ ਗੁਣਾਂ ਨੂੰ ਹੀ ਮਨਜ਼ੂਰ ਕਰਦਾ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਜੀਵ-ਇਸਤਰੀ ਨੂੰ ਸੱਚਾ ਰਾਹ-ਦਿਸੇਰਾ ਮਿਲ ਜਾਂਦਾ ਹੈ ਤਾਂ ਉਹ ਸਹਿਜ ਸੁਭਾਅ ਹੀ ਮਾਲਕ ਪਰਮਾਤਮਾ ਨੂੰ ਹਾਸਲ ਕਰ ਲੈਂਦੀ ਹੈ।

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ॥
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥
ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ॥17॥1॥ (ਪੰਨਾ 1109)

ਸਤਿਗੁਰੂ ਜੀ ਬਾਰਹਮਾਹ ਤੁਖਾਰੀ ਦੀ ਇਸ ਅੰਤਮ ਪਉੜੀ ਦੁਆਰਾ ਮਨੁੱਖ-ਮਾਤਰ ਨੂੰ ਸਾਲ ਦੇ ਸਾਰੇ ਹੀ ਮਹੀਨਿਆਂ ਤੇ ਰੁੱਤਾਂ ਆਦਿ ਨੂੰ ਮਾਲਕ ਪਰਮਾਤਮਾ ਨਾਲ ਜੁੜਨ ਦੇ ਅਨੁਕੂਲ ਦਰਸਾਉਂਦਿਆਂ ਸਮੁੱਚਾ ਮਨੁੱਖਾ ਜਨਮ ਉਸ ਦੇ ਪਵਿੱਤਰ ਨਾਮ ਨੂੰ ਮਨ-ਆਤਮਾ ਵਿਚ ਵਸਾਉਣ ਤੇ ਸ਼ੁਭ ਕਰਮ ਕਰਨ ਦਾ ਨਿਰਮਲ ਮਾਰਗ ਦਰਸਾਉਂਦੇ ਹਨ।

ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਦੋ ਅਤੇ ਦਸ ਭਾਵ ਸਾਰੇ ਦੇ ਸਾਰੇ ਬਾਰਾਂ ਮਹੀਨੇ ਚੰਗੇ ਹਨ। ਇਨ੍ਹਾਂ ਵਿਚ ਆਉਣ ਵਾਲੀਆਂ ਸਾਰੀਆਂ ਹੀ ਬਹਾਰਾਂ ਭਲੀਆਂ ਹਨ। ਸਭ ਮਿਤੀਆਂ/ਤਿਥੀਆਂ ਅਤੇ ਸਭ ਵਾਰ ਚੰਗੇ ਹਨ। ਘੜੀਆਂ, ਮਹੂਰਤ ਪਲ ਵੀ ਸਾਰੇ ਭਲੇ ਹਨ। ਕਸੌਟੀ ਕੇਵਲ ਇੱਕੋ ਹੈ ਕਿ ਇਨ੍ਹਾਂ ਵਿਚ ਜੀਵ-ਇਸਤਰੀ ਸਹਿਜ ਸੁਭਾਵਿਕ ਹੀ ਪਿਆਰੇ ਪਤੀ ਨੂੰ ਮਿਲ ਪਵੇ। ਜਦੋਂ ਪਿਆਰਾ ਮਾਲਕ ਮਿਲ ਪਵੇ ਤਾਂ ਜੀਵ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ। ਮਾਲਕ ਦਾ ਆਸਰਾ ਲੈਣ ਨਾਲ ਉਹ ਮਾਲਕ ਸਾਰੇ ਸਬੱਬ ਖੁਦ ਹੀ ਮਿਲਾਉਂਦਾ ਹੈ ਕਿਉਂਕਿ ਉਹ ਸੱਭੋ ਕੁਝ ਜਾਣਦਾ ਹੁੰਦਾ ਹੈ।

ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਹੜੀ ਜੀਵ-ਇਸਤਰੀ ਨੇ ਖੁਦ ਨੂੰ ਆਤਮਿਕ ਗੁਣਾਂ ਨਾਲ ਸ਼ਿੰਗਾਰ ਲਿਆ ਉਹ ਉਸ ਮਾਲਕ ਨੂੰ ਪਿਆਰੀ ਲੱਗਦੀ ਹੈ। ਉਸ ਨੂੰ ਮਾਲਕ ਦਾ ਮਿਲਾਪ ਹਾਸਲ ਹੁੰਦਾ ਹੈ ਅਤੇ ਉਹ ਅਨੰਦ-ਪ੍ਰਸੰਨ ਹੁੰਦੀ ਹੈ। ਜਦੋਂ ਉਹ ਉਹਦਾ ਪਵਿੱਤਰ ਨਾਮ ਜਪਦੀ ਹੈ ਤਾਂ ਉਸ ਦੀ ਹਿਰਦੇ ਰੂਪੀ ਸੇਜ ਸੁਹਣੀ ਸਜ ਜਾਂਦੀ ਹੈ। ਗੁਰੂ ਦੇ ਸਨਮੁਖ ਹੋਣ ਨਾਲ ਉਹਦੇ ਮੱਥੇ ਦੀ ਕਿਸਮਤ ਜਾਗ ਪੈਂਦੀ ਹੈ। ਉਹ ਦਿਨ-ਰਾਤ ਪਿਆਰੇ ਨੂੰ ਹੀ ਚਿਤਵਦੀ ਹੈ ਅਤੇ ਮਾਲਕ ਰੂਪੀ ਵਰ ਪਾ ਕੇ ਉਹ ਸਦੀਵੀ ਸੁਹਾਗ ਦੀ ਪਾਤਰ ਬਣ ਜਾਂਦੀ ਹੈ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)