editor@sikharchives.org
Nagar kirtan

ਗੁਰਮਤਿ ਸਭਿਆਚਾਰ

ਸਭਿਆਚਾਰ ਮਨੁੱਖੀ ਕੌਮੀ ਸੰਸਕਾਰਾਂ ਅਤੇ ਵਿਸ਼ਵਾਸਾਂ ਦਾ ਲੰਮੇ ਸਮੇਂ ਵਿਚ ਘੜਿਆ ਤੇ ਸੰਵਾਰਿਆ ਸਰੂਪ ਹੁੰਦਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਭਿਆਚਾਰ ਮਨੁੱਖੀ ਜ਼ਿੰਦਗੀ ਦਾ ਧੁਰਾ ਹੈ। ਸਭਿਆਚਾਰ ਇਕ ਕੌਮੀ ਪਛਾਣ ਹੈ। ਸਭਿਆਚਾਰ ਜੀਵਨ-ਜੁਗਤ ਹੈ। ਸਭਿਆਚਾਰ ਕਰਮ ਅਤੇ ਧਰਮ ਦਾ ਸੁਮੇਲ ਹੈ। ਸਭਿਆਚਾਰ ਉਨ੍ਹਾਂ ਸਮੂਹ ਸਮਾਜਿਕ, ਆਰਥਿਕ, ਨੈਤਿਕ, ਧਾਰਮਿਕ ਅਤੇ ਰਾਜਨੀਤਿਕ ਕਦਰਾਂ-ਕੀਮਤਾਂ ਦਾ ਵਿਸਥਾਰਪੂਰਵਕ ਵਰਤਾਉ ਹੈ ਜਿਹੜੀਆਂ ਇਕ ਸਭਿਅਕ ਸਮਾਜ ਨੂੰ ਚਲਾਉਣ ਲਈ ਸਹਾਈ ਹੀ ਨਹੀਂ ਹੁੰਦੀਆਂ, ਸਗੋਂ ਪੱਥ- ਪ੍ਰਦਰਸ਼ਨ ਵੀ ਕਰਦੀਆਂ ਹਨ। ਸਭਿਆਚਾਰ ਕਿਸੇ ਵੀ ਸਮਾਜ ਦੇ ਅਚਾਰ-ਵਿਹਾਰ ਰਹਿਣ-ਸਹਿਣ, ਖਾਣ-ਪੀਣ, ਪਹਿਰਾਵੇ, ਸਮਾਜਿਕ ਰਹੁ-ਰੀਤਾਂ, ਧਾਰਮਿਕ ਕਿਰਿਆਵਾਂ, ਰਸਮਾਂ-ਰਿਵਾਜਾਂ, ਵਹਿਮਾਂ-ਭਰਮਾਂ, ਰਾਜਨੀਤਕ ਕਦਰਾਂ-ਕੀਮਤਾਂ ਆਦਿ ਦਾ ਪ੍ਰਗਟਾਵਾ ਕਰਦਾ ਹੈ। ਸਭਿਆਚਾਰ ਮਨੁੱਖੀ ਕੌਮੀ ਸੰਸਕਾਰਾਂ ਅਤੇ ਵਿਸ਼ਵਾਸਾਂ ਦਾ ਲੰਮੇ ਸਮੇਂ ਵਿਚ ਘੜਿਆ ਤੇ ਸੰਵਾਰਿਆ ਸਰੂਪ ਹੁੰਦਾ ਹੈ। ਹਰ ਮੁਲਕ, ਹਰ ਕੌਮ ਦਾ ਸਭਿਆਚਾਰ ਵੱਖਰੇ ਰੰਗ ਦਾ ਹੁੰਦਾ ਹੈ। ਇਸ ਲੇਖ ਵਿਚ ਸਿੱਖ ਸਭਿਆਚਾਰ ਅਰਥਾਤ ਗੁਰਮਤਿ ਸਭਿਆਚਾਰ ਬਾਰੇ ਵਿਚਾਰ ਕਰ ਰਹੇ ਹਾਂ।

ਪੰਜਾਬ ਦੀ ਭੂਗੋਲਿਕ ਸਥਿਤੀ, ਹੱਦਾਂ, ਸਰਹੱਦਾਂ ਅਤੇ ਇਸ ਉੱਤੇ ਹਮਲੇ ਕਰਨ ਵਾਲੇ ਧਾੜਵੀ ਸਮੇਂ-ਸਮੇਂ ਪੰਜਾਬ ਉੱਤੇ ਕਾਬਜ਼ ਰਾਜਨੀਤਿਕ ਸ਼ਕਤੀਆਂ ਬਦਲਦੀਆਂ ਰਹੀਆਂ ਹਨ। ਇਸ ਸਪਤ ਸਿੰਧੂ ਅਤੇ ਫਿਰ ਪੰਜ-ਆਬ ਅਰਥਾਤ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿਚ ਵੱਖ-ਵੱਖ ਧਰਮਾਂ, ਦੇਸ਼ਾਂ, ਭਾਸ਼ਾਵਾਂ, ਰਸਮਾਂ-ਰਿਵਾਜਾਂ ਅਤੇ ਸਭਿਆਚਾਰਾਂ ਦੇ ਲੋਕ ਹਮਲੇ ਕਰਦੇ ਰਹੇ ਅਤੇ ਇਸ ਉੱਤੇ ਰਾਜ ਵੀ ਕਰਦੇ ਰਹੇ ਅਤੇ ਪੰਜਾਬ ਨੂੰ ਧਾਰਮਿਕ ਅਤੇ ਸਭਿਆਚਾਰਕ ਤੌਰ ਉੱਤੇ ਪ੍ਰਭਾਵਤ ਕਰਦੇ ਰਹੇ। ਪੰਜਾਬ ਭਾਰਤ ਦਾ ਅੰਗ ਵੀ ਰਿਹਾ ਅਤੇ ਪੰਜਾਬ ਭਾਰਤ ਤੋਂ ਵੱਖਰਾ ਦੇਸ਼ ਵੀ ਰਿਹਾ। ਇਥੋਂ ਦੀ ਬੋਲੀ, ਭਾਸ਼ਾ, ਰਸਮੋ-ਰਿਵਾਜ, ਸੱਭਿਆਚਾਰ, ਜੀਵਨ ਸ਼ੈਲੀ ਬਾਕੀ ਭਾਰਤੀ ਸਮਾਜ ਤੋਂ ਵੱਖਰੀ ਹੈ। ਸਤਿਗੁਰਾਂ ਵੱਲੋਂ ਬਖ਼ਸ਼ਿਸ਼ ਕੀਤੀ ਸਰਬ-ਸਾਂਝੀ ਗੁਰਬਾਣੀ ਵਾਂਗ ਹੀ ਸਿੱਖ ਸਭਿਆਚਾਰ ਵੀ ਇਕ ਸਾਂਝਾ, ਮੁਕੰਮਲ, ਅੱਡਰਾ ਅਤੇ ਮਨੁੱਖ ਦੀ ਸਰਬਪੱਖੀ ਕਲਿਆਣ ਦਾ ਜ਼ਾਮਨ ਸਭਿਆਚਾਰ ਹੈ।

ਹਜ਼ਰਤ ਮੁਹੰਮਦ ਦੇ ਵਫ਼ਾਤ (ਅਕਾਲ ਚਲਾਣੇ) ਪਾਉਣ ਤੋਂ 80 ਸਾਲ ਬਾਅਦ ਸੰਨ 712 ਵਿਚ ਮੁਹੰਮਦ-ਬਿਨ-ਕਾਸਮ ਨੇ ਭਾਰਤ ਉੱਤੇ ਹਮਲਾ ਕੀਤਾ। ਉਸ ਪਿੱਛੋਂ ਵੱਖ-ਵੱਖ ਇਸਲਾਮੀ ਹਮਲਾਵਰਾਂ ਵੱਲੋਂ 8ਵੀਂ, 9ਵੀਂ, 10ਵੀਂ ਸਦੀ ਈਸਵੀ ਵਿਚ ਹਮਲੇ ਹੁੰਦੇ ਰਹੇ, ਇਹ ਸਾਰੇ ਹਮਲੇ ਪੰਜਾਬ ਦੀ ਧਰਤੀ ਦੀ ਹਿੱਕ ਨੂੰ ਦਰੜ ਕੇ ਕੀਤੇ ਜਾਂਦੇ ਰਹੇ ਅਤੇ 1192 ਈ. ਵਿਚ ਮੁਹੰਮਦ ਗੌਰੀ ਨੇ ਦਿੱਲੀ ਦੇ ਤਖ਼ਤ ਉੱਤੇ ਬੈਠ ਕੇ ਇਸਲਾਮੀ ਰਾਜ ਕਾਇਮ ਕਰ ਲਿਆ। ਇਨ੍ਹਾਂ ਸਾਰੇ ਹੀ ਹਮਲਾਵਰਾਂ ਦਾ ਨਿਸ਼ਾਨਾ ਜਿੱਥੇ ਭਾਰਤ ਦੀ ਲੁੱਟ-ਖਸੁੱਟ ਕਰਨ ਅਤੇ ਇਸ ਉੱਤੇ ਰਾਜ ਕਰਨ ਦਾ ਸੀ ਉਥੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਭਾਰਤ ਦਾ ਇਸਲਾਮੀਕਰਨ ਕਰਨਾ ਸੀ। ਉਹ ਇਸਲਾਮ ਦੇ ਅਲੰਬਰਦਾਰ ਬਣ ਕੇ ਆਉਂਦੇ ਰਹੇ। ਇਸ ਕਾਰਜ ਲਈ ਉਨ੍ਹਾਂ ਨੇ ਪ੍ਰੇਰਨਾ, ਲਾਲਚ, ਕੂੜ ਪ੍ਰਚਾਰ ਦੇ ਨਾਲ-ਨਾਲ ਰਾਜਸੀ ਸ਼ਕਤੀ ਦਾ ਪੂਰੇ ਨਿਰਦਈਪੁਣੇ ਨਾਲ ਦੁਰਉਪਯੋਗ ਕੀਤਾ। ਅੰਤਾਂ ਦੇ ਜ਼ੁਲਮ ਢਾਹੇ। ਸ਼ਰਤ ਸੀ ਇਸਲਾਮੀ ਸ਼ਰ੍ਹਾ ਅਰਥਾਤ ਦੀਨ ਮੁਹੰਮਦੀ ਕਬੂਲ ਕਰਨ ਦੀ। ਇਥੋਂ ਦੀ ਜਨਤਾ, ਰਾਜ ਘਰਾਣੇ ਅਤੇ ਧਾਰਮਿਕ ਆਗੂ, ਬੁੱਧ ਮੱਤ ਅਤੇ ਜੈਨ ਮੱਤ ਵੱਲੋਂ ‘ਅਹਿੰਸਾ ਪਰਮੋ ਧਰਮਾ’ ਦੇ ਦ੍ਰਿੜ੍ਹ ਕਰਾਏ ਉਪਦੇਸ਼, ਰਜਵਾੜਿਆਂ ਅੰਦਰ ਅੱਯਾਸ਼ੀ ਦਾ ਰੁਝਾਨ, ਜਨਤਾ ਅੰਦਰ ਗਰੀਬੀ ਅਤੇ ਅਗਿਆਨਤਾ ਕਾਰਨ ਪੁਜਾਰੀ ਵਰਗ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਕਾਰਨ ਸਾਹਸਤਹੀਣ ਹੋਏ ਹੋਣ ਕਾਰਨ ਸਭ ਕੁਝ ਬਰਦਾਸ਼ਤ ਕਰ ਰਹੇ ਸਨ। ਉਨ੍ਹਾਂ ਨੇ ਆਪਣਾ ਧਰਮ, ਕਰਮ, ਭਾਸ਼ਾ ਆਦਿ ਨੂੰ ਤਜਣਾ ਆਰੰਭ ਦਿੱਤਾ। ਅਜਿਹੇ ਸਮੇਂ ਸੰਨ 1469 ਵਿਚ ਰਾਏ ਭੋਇ ਦੀ ਤਲਵੰਡੀ ਹੁਣ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ। ਉਸ ਸਮੇਂ ਭਾਰਤੀ ਸਮਾਜ ਵਿਚ ਹਰ ਖੇਤਰ ਵਿਚ ਹੀ ਹਨੇਰਾ ਛਾਇਆ ਹੋਇਆ ਸੀ। ਜਨਤਾ ਧਰਮ, ਕਰਮ, ਸਰਮ ਤੋਂ ਥਿੜਕ ਚੁਕੀ ਸੀ। ਫਜ਼ੂਲ ਦੇ ਕਰਮਕਾਂਡ, ਪਾਖੰਡ, ਰਾਜਨੀਤਿਕ ਜ਼ੋਰ ਜ਼ਬਰ, ਲੁੱਟ- ਖਸੁੱਟ ਪੂਰੇ ਜੋਬਨ ਉੱਤੇ ਸੀ। ਸਮਾਜ ਚਾਰ ਵਰਣਾਂ, ਚਾਰ ਆਸ਼ਰਮਾਂ, ਅਨੇਕਾਂ ਜਾਤਾਂ ਵਿਚ ਵੰਡਿਆ ਹੋਇਆ ਸੀ। ਅਜਿਹੇ ਹਾਲਾਤ ਬਾਰੇ ਭਾਈ ਗੁਰਦਾਸ ਜੀ ਨੇ ਇਉਂ ਲਿਖਿਆ ਹੈ:

ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ਗੁਸਾਂਈ।
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਚੇਲੇ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ ਲੈ ਕੇ ਹਕੁ ਗਵਾਈ।
ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊਂ ਜਾਈ।
ਵਰਤਿਆ ਪਾਪੁ ਸਭਸਿ ਜਗਿ ਮਾਂਹੀ॥ (ਵਾਰ 1:30)

ਇਨ੍ਹਾਂ ਹਾਲਾਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਉਂ ਬਿਆਨ ਕੀਤਾ ਹੈ:

ਇਸਤਰੀ ਪੁਰਖੈ ਖਟਿਐ ਭਾਉ॥ ਭਾਵੈ ਆਵਉ ਭਾਵੈ ਜਾਉ॥ (ਪੰਨਾ 951)

ਉਸ ਸਮੇਂ ਕੂੜ-ਕੁਸਤ ਬੋਲ ਕੇ ਲੋਕਾਂ ਦੀ ਹੋ ਰਹੀ ਲੁੱਟ ਅਤੇ ਪਾਖੰਡਵਾਦ ਬਾਰੇ ਗੁਰੂ ਜੀ ਨੇ ਇਉਂ ਫੁਰਮਾਇਆ ਹੈ:

ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ ॥ (ਪੰਨਾ 139)

ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥ (ਪੰਨਾ 663)

ਸ੍ਰੀ ਗੁਰੂ ਨਾਨਕ ਦੇਵ ਜੀ ਭਾਰਤ ਵਾਸੀਆਂ ਨੂੰ ਇਸ ਜ਼ਲਾਲਤ ਅਤੇ ਗਿਲਾਨ ਭਰਪੂਰ ਜ਼ਿੰਦਗੀ ਤੋਂ ਬੰਦ-ਖਾਲਸੀ ਕਰਾਉਣ, ਭਾਰਤੀਆਂ ਅੰਦਰ ਸਵੈਮਾਣ, ਅਣਖ ਅਤੇ ਗ਼ੈਰਤ ਕਾਇਮ ਕਰਨ ਹਿੱਤ ਦੇਸ ਅੰਦਰ ਇਕ ਮੁਕੰਮਲ ਕ੍ਰਾਂਤੀ ਲਿਆਉਣਾ ਚਾਹੁੰਦੇ ਸਨ। ਇਸ ਲਈ ਇਕ ਮੁਕੰਮਲ ਫ਼ਿਲਾਸਫ਼ੀ ਵਿਚਾਰਧਾਰਾ ਦੀ ਲੋੜ ਸੀ ਜਿਸ ਦੁਆਰਾ ਮਨੁੱਖ ਦੀ ਸੰਪੂਰਨ ਉਸਾਰੀ ਕਰਕੇ ਇਕ ‘ਸਚਿਆਰ’ ਮਨੁੱਖ ਹੋਂਦ ਵਿਚ ਲਿਆਂਦਾ ਜਾਵੇ। ਇਹ ਸਚਿਆਰ ਮਨੁੱਖ ਹੱਕ, ਸੱਚ, ਨੈਤਿਕਤਾ, ਉੱਚੀਆਂ ਕਦਰਾਂ-ਕੀਮਤਾਂ ਲਈ ਜੂਝਣ ਵਾਲਾ ਸਿਰੜੀ, ਸਿਦਕੀ ਅਤੇ ਇਨ੍ਹਾਂ ਲਈ ਮਰ ਮਿਟਣ ਵਾਲਾ ਮਨੁੱਖ ਸੀ। ਇਹ ਮਨੁੱਖ ਇੱਕੋ ਸਮੇਂ ਗ੍ਰਿਹਸਤੀ, ਤਿਆਗੀ, ਸੰਤ ਅਤੇ ਸਿਪਾਹੀ ਸੀ। ਦਸ ਗੁਰੂ ਸਾਹਿਬਾਨ ਦੀ ਲੰਮੀ ਘਾਲਣਾ ਉਪਰੰਤ 30 ਮਾਰਚ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਦਸਮੇਸ਼ ਜੀ ਨੇ ਇਸ ‘ਸਚਿਆਰ’ ਮਨੁੱਖ ਨੂੰ ਪ੍ਰਗਟ ਕਰਕੇ ਇਸ ਨੂੰ ‘ਖਾਲਸੇ’ ਦੀ ਸੰਗਿਆ ਦਿੱਤੀ। ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿਧਾਂਤ ‘ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ’ ਉੱਤੇ ਪੂਰਾ ਉਤਰਦਾ ਸੀ। ਇਹ ਖ਼ਾਲਸਾ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ੀ ਜਤ, ਸਤਿ, ਸਹਿਜ, ਗਿਆਨ, ਭੈ, ਭਾਉ ਅਤੇ ਸਾਧਨਾ ਦੀ ਸੱਚੀ ਟਕਸਾਲ ਦੀ ਉਪਜ ਅਤੇ ਇਨ੍ਹਾਂ ਸਦਗੁਣਾਂ ਦਾ ਧਾਰਨੀ ਸੀ। ਗੁਰਵਾਕ ਹੈ:

ਜਤੁ ਪਾਹਾਰਾ ਧੀਰਜੁ ਸੁਨਿਆਰੁ॥
ਅਹਰਣਿ ਮਤਿ ਵੇਦੁ ਹਥੀਆਰੁ॥
ਭਉ ਖਲਾ ਅਗਨਿ ਤਪ ਤਾਉ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥ (ਪੰਨਾ 8)

ਅਜਿਹੇ ਮਨੁੱਖੀ ਸਮਾਜ ਦੀ ਉਸਾਰੀ ਲਈ ਪ੍ਰਚੱਲਤ ਸਭਿਆਚਾਰ ਜੋ ਹਰ ਪੱਖੋਂ ਕਮੀਆਂ-ਕਮਜ਼ੋਰੀਆਂ ਵਾਲਾ, ਊਣਾ, ਕਮਜ਼ੋਰ, ਕਰੂਪ ਅਤੇ ਅਸਥਿਰ ਹੋ ਚੁਕਿਆ ਸੀ, ਸਾਰਥਿਕ ਨਹੀਂ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਿਤਵੀ ਮਨੁੱਖੀ ਸੰਪੂਰਨ ਕ੍ਰਾਂਤੀ ਲਈ ਇਕ ਮੁਕੰਮਲ ਕ੍ਰਾਂਤੀਕਾਰੀ ਸਭਿਆਚਾਰ ਦੀ ਲੋੜ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸਮੇਤ ਦਸ ਗੁਰੂ ਸਾਹਿਬਾਨ ਨੇ ਆਪਣੇ ਅਮਲੀ ਜੀਵਨ ਦੁਆਰਾ ਗੁਰਮਤਿ ਵਿਚਾਰਧਾਰਾ ਉੱਤੇ ਅਧਾਰਤ ਇਸ ਸਭਿਆਚਾਰ ਨੂੰ ਹੋਂਦ ਵਿਚ ਲਿਆਂਦਾ ਜਿਸ ਨੂੰ ਗੁਰਮਤਿ ਸਭਿਆਚਾਰ ਅਰਥਾਤ ਸਿੱਖ ਸਭਿਆਚਾਰ ਕਿਹਾ ਜਾਂਦਾ ਹੈ। ਗੁਰਮਤਿ ਵਿਚਾਰਧਾਰਾ ਰਾਹੀਂ ਸਤਿਗੁਰਾਂ ਨੇ ਮਨੁੱਖ ਨੂੰ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਤੌਰ ਉੱਤੇ ਨਵੀਂ ਸੇਧ ਅਤੇ ਸਿਧਾਂਤ ਦਿੱਤਾ। ਇਸ ਸਿਧਾਂਤ ਦਾ ਧੁਰਾ ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ ਸੀ ਅਤੇ ਇਹ ਸੇਵਾ, ਸਿਮਰਨ ਅਤੇ ਮਨੁੱਖੀ ਬਰਾਬਰੀ ਉੱਤੇ ਅਧਾਰਤ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈਂ ਨਦੀ ਵਿੱਚੋਂ ਬਾਹਰ ਆ ਕੇ ਸੰਸਾਰ ਨੂੰ ਪਹਿਲਾ ਸੰਦੇਸ਼ ਦਿੱਤਾ ਉਹ ਸਾਰੀ ਲੋਕਾਈ ਅਤੇ ਲੀਰੋ-ਲੀਰ ਹੋਏ ਭਾਰਤੀ ਸਮਾਜ ਲਈ ਇਕ ਮਹਾਨ ਕ੍ਰਾਂਤੀਕਾਰੀ ਐਲਾਨਨਾਮਾ ਸੀ। ਉਨ੍ਹਾਂ ਨੇ ਫ਼ੁਰਮਾਇਆ :

ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ

ਅਤੇ ਇਸੇ ਸਿਧਾਂਤ ਨੂੰ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਉਂ ਬਿਆਨ ਕੀਤਾ:

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (ਪੰਨਾ 611)
ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥  (ਪੰਨਾ 1136)

ਪੰਜਾਬ ਦੇ ਪ੍ਰਸਿੱਧ ਕਵੀ ਪ੍ਰੋ. ਪੂਰਨ ਸਿੰਘ ਇਸ ਨੂੰ ਇਉਂ ਬਿਆਨ ਕਰਦੇ ਹਨ:-

ਪੰਜਾਬ ਨਾ ਹਿੰਦੂ ਨਾ ਮੁਸਲਮਾਨ।
ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ ’ਤੇ।

ਗੁਰੂ ਸਾਹਿਬਾਨ ਦਾ ਜੀਵਨ ਅਤੇ ਦ੍ਰਿਸ਼ਟੀਕੋਣ ਇੱਕ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਵਾਲਾ ਮਨੁੱਖਤਾਵਾਦੀ ਅਤੇ ਸਮਾਜਿਕ ਤੌਰ ’ਤੇ ਸਰਬ-ਸਾਂਝੀਵਾਲਤਾ ਵਾਲਾ ਸੀ। ਇਹੋ ਸੰਦੇਸ਼ ਉਨ੍ਹਾਂ ਗੁਰਬਾਣੀ ਦੇ ਚਾਨਣ ਰਾਹੀਂ ਮਨੁੱਖਤਾ ਨੂੰ ਦਿੱਤਾ ਹੈ। ਇਸ ਗਿਆਨ ਨੂੰ ਦ੍ਰਿੜ੍ਹ ਕਰਵਾਉਣ ਲਈ ਉਨ੍ਹਾਂ ਅਮਲੀ ਤੌਰ ’ਤੇ ਦੂਰ-ਦੂਰ ਤਕ ਰਟਨ ਕੀਤਾ। ਸੰਗਰਾਮਾਂ ਨਾਲ ਵੀ ਜੂਝੇ ਅਤੇ ਮਹਾਨ ਅਤੇ ਅਦੁੱਤੀ ਕੁਰਬਾਨੀਆਂ ਵੀ ਦਿੱਤੀਆਂ। ਇਸੇ ਕਰਕੇ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਧਾਰਮਿਕ ਮਤਭੇਦਾਂ, ਕਰਮਕਾਂਡਾਂ, ਸ਼ਰ੍ਹਾ ਦੇ ਨਿਯਮਾਂ, ਪੂਜਾ ਵਿਧੀਆਂ, ਦੇਸਾਂ, ਕੌਮਾਂ, ਰਸਮਾਂ-ਰੀਤਾਂ, ਰਿਵਾਜਾਂ, ਧਾਰਮਿਕ ਚਿੰਨ੍ਹਾਂ, ਭੇਖਾਂ ਤੋਂ ਉੱਪਰ ਉੱਠ ਕੇ ਸਰਬ-ਵਿਆਪੀ ਤੇ ਅਕਾਸ਼ ਰੂਪ ਹੋਈ ਦਿੱਸਦੀ ਹੈ। ਗੁਰੂ ਸਾਹਿਬਾਨ ਦਾ ਜੀਵਨ ਇਤਨਾ ਵਿਲੱਖਣ, ਵਿਸ਼ਾਲ ਅਤੇ ਅਚੰਭਿਤ ਕਰਨ ਵਾਲਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਕਣ-ਕਣ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਪੰਜਾਬ ਦੇ ਸਾਰੇ ਲੋਕਾਂ ਨੇ ਭਾਵੇਂ ਉਹ ਕਿਸੇ ਧਰਮ ਕੌਮ ਜਾਂ ਸਭਿਆਚਾਰ ਨਾਲ ਸਬੰਧਤ ਹੋਣ ਸੁਚੇਤ ਤੌਰ ’ਤੇ ਜਾਂ ਅਚੇਤ ਤੌਰ ’ਤੇ ਗੁਰੂ ਜੀ ਦੇ ਵਿਸ਼ਾਲ ਵਿਅਕਤਿੱਤਵ ਦਾ, ਉਨ੍ਹਾਂ ਦੀ ਵਿਚਾਰਧਾਰਾ ਦਾ, ਉਨ੍ਹਾਂ ਦੀ ਦੈਵੀ ਮਹਾਨਤਾ ਦਾ ਪ੍ਰਭਾਵ ਕਬੂਲਿਆ ਹੈ। ਪ੍ਰੋ. ਪੂਰਨ ਸਿੰਘ ਨੂੰ ਤਾਂ ਪੰਜਾਬ ਦੇ ਦਰਿਆ ਵੀ ਸਤਿਗੁਰਾਂ ਦੇ ਜਾਪੁ ਸਾਹਿਬ ਦਾ ਜਾਪ ਕਰਦੇ ਮਹਿਸੂਸ ਹੁੰਦੇ ਹਨ। ਗੁਰੂ ਸਾਹਿਬਾਨ ਦੇ ਅਸਰ ਕਾਰਨ ਹੀ ਪੰਜਾਬ ਦੇ ਲੋਕਾਂ ਦੀ ਸੋਚਣੀ ਤੇ ਰਹਿਣ-ਸਹਿਣ, ਖੁੱਲ੍ਹਾ-ਡੁੱਲ੍ਹਾ ਸੁਭਾਅ, ਸਹਿਨਸ਼ੀਲਤਾ, ਬਰਾਬਰੀ ਤੇ ਸਾਂਝੀਵਾਲਤਾ ਵਾਲਾ ਹੋਇਆ ਹੈ। ਇਹੋ ਖੁੱਲ੍ਹਦਿਲੀ ਅਤੇ ਸਾਂਝੀਵਾਲਤਾ, ਸਹਿਹੋਂਦ, ਹੱਕ ਤੇ ਸੱਚ ਲਈ ਕੁਰਬਾਨ ਹੋ ਜਾਣ ਦੀ ਭਾਵਨਾ, ਸਹਿਨਸ਼ੀਲਤਾ, ਨਿਆਇਕਤਾ ਪੰਜਾਬੀ ਸਭਿਆਚਾਰ ਦਾ ਆਧਾਰ ਹੈ। ਇਸ ਨਿਰਾਲੇ ਸਭਿਆਚਾਰ ਦਾ ਪ੍ਰੇਰਨਾ-ਸ੍ਰੋਤ ਨਿਸ਼ਚੇ ਹੀ ਗੁਰੂ ਜੀ ਹੀ ਹਨ। ਗੁਰੂ ਜੀ ਨੇ ਪੰਜਾਬ ਦੇ ਸਭਿਆਚਾਰ ਨੂੰ ਅਨੇਕ ਪੱਖਾਂ ਤੋਂ ਘੜਿਆ, ਤਰਾਸ਼ਿਆ ਤੇ ਸੰਵਾਰਿਆ ਹੈ। ਪੰਜਾਬ ਦੇ ਅਧਿਆਤਮਿਕ, ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ, ਸਾਹਿਤਕ ਅਤੇ ਭਾਸ਼ਾਈ ਸਭਿਆਚਾਰ ਵਿਚ ਉਨ੍ਹਾਂ ਦੇ ਯੋਗਦਾਨ ਦੀ ਅਮਿਟ ਮੋਹਰ- ਛਾਪ ਲੱਗੀ ਹੋਈ ਹੈ। ਗੁਰਸਿੱਖ ਇਹ ਸਰਬਪੱਖੀ ਸ਼ਖ਼ਸੀਅਤ ਦਾ ਮਾਲਕ ਹੈ:

ਧੰਨਿ ਜੀਓ ਤਿਹ ਕੋ ਜਗ ਮੈਂ; ਮੁਖ ਤੇ ਹਰਿ ਚਿੱਤ ਮੈ ਜੁੱਧ ਬਿਚਾਰੈ॥

ਗੁਰਮਤਿ ਨੇ ਲੋਕਾਂ ਵਿੱਚੋਂ ਧਾਰਮਿਕ ਕੱਟੜਤਾ ਨੂੰ ਖ਼ਤਮ ਕਰਨ ਦਾ ਉਪਦੇਸ਼ ਦਿੱਤਾ ਹੈ। ਸਿੱਖਾਂ ਨੂੰ ਧਰਮ ਵਿਚ ਸਿਦਕ ਅਤੇ ਦ੍ਰਿੜ੍ਹਤਾ ਰੱਖਣ ’ਤੇ ਤਾਂ ਜ਼ੋਰ ਦਿੱਤਾ ਗਿਆ ਹੈ ਪਰ ਦੂਜੇ ਧਰਮਾਂ ਨਾਲ ਵੈਰ-ਵਿਰੋਧ ਜਾਂ ਦ੍ਵੈਤ ਭਾਵ ਰੱਖਣ ਦਾ ਸਖ਼ਤੀ ਨਾਲ ਖੰਡਨ ਵੀ ਕੀਤਾ ਹੈ। ਕਿਸੇ ਧਰਮ ਨੂੰ ਮੂਲੋਂ ਹੀ ਨਕਾਰਨ ਦੀ ਥਾਂ ਗੁਣਾਂ ਦੀ ਸਾਂਝ ਰੱਖਣ ਦਾ ਮਾਰਗ ਦਰਸਾਇਆ ਗਿਆ ਹੈ। ਧਰਮ ਦੇ ਸਭਿਆਚਾਰ ਵਿਚ ਮਨੁੱਖਤਾ ਦੀ ਸਾਂਝ ਨੂੰ ਪ੍ਰਮੁੱਖ ਰੱਖਿਆ ਗਿਆ ਹੈ। ਗੁਰਬਾਣੀ ਦਾ ਮਹਾਂਵਾਕ ਹੈ:

ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥1॥ ਰਹਾਉ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥  (ਪੰਨਾ 1299)

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥   (ਪੰਨਾ 766)

ਸਤਿਗੁਰਾਂ ਨੇ ਤਾਂ ਹਰ ਪ੍ਰਾਣੀ-ਮਾਤਰ ਨੂੰ ਆਪਣੇ ਧਰਮ ਵਿਚ ਪਰਪੱਕ ਹੋਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਫੋਕਟ ਕਰਮਕਾਂਡਾਂ ਅਤੇ ਵਹਿਮਾਂ- ਭਰਮਾਂ ਦਾ ਤਿਆਗ ਕਰਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਨੇ ਇੱਕੋ ਨਿਰਾਕਾਰ ਪਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ ਦੇ ਬੀਜ ਸਿੱਖਾਂ ਦੇ ਹਿਰਦੇ ਵਿਚ ਖਿਲਾਰ ਦਿੱਤੇ। ਸਿੱਖਾਂ ਨੂੰ ਉਸੇ ਇੱਕੋ ਪਰਮਾਤਮਾ ਨੂੰ ਇਸ਼ਟ ਮੰਨਣ ਅਤੇ ਹਿਰਦੇ ਦੇ ਮੰਦਰ ਵਿਚ ਉਸੇ ਦੀ ਪਛਾਣ ਅਤੇ ਪੂਜਾ ਕਰਨ ਦੀ ਸਿੱਖਿਆ ਦਿੱਤੀ ਅਤੇ ਫ਼ੁਰਮਾਇਆ ਹੈ:

ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥ (ਪੰਨਾ 634)

ਸਮਾਜਿਕ ਸਭਿਆਚਾਰ ਨੂੰ ਗੁਰਮਤਿ ਦਰਸ਼ਨ ਨੇ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਸਦੀਆਂ ਤੋਂ ਚਲੀ ਆਉਂਦੀ ਵਰਣ-ਵੰਡ ’ਤੇ ਆਧਾਰਤ ਜਾਤ-ਪਾਤ ਦੇ ਭੇਦ-ਭਾਵ ਦਾ ਸਖ਼ਤ ਸ਼ਬਦਾਂ ਵਿਚ ਖੰਡਨ ਕੀਤਾ ਅਤੇ ਮਨੁੱਖੀ ਏਕਤਾ ਤੇ ਸਾਂਝੀਵਾਲਤਾ ਦਾ ਪਾਠ ਮਨੁੱਖਤਾ ਨੂੰ ਪੜ੍ਹਾਇਆ ਹੈ। ਜਾਤ-ਪਾਤ ਦੇ ਨਾਲ-ਨਾਲ ਧਾਰਮਿਕ ਭੇਦ-ਭਾਵ ਨੂੰ ਵੀ ਮਿਟਾ ਕੇ ਮਨੁੱਖ ਨੂੰ ਮੁੱਖ ਤੌਰ ’ਤੇ ਸਭ ਤੋਂ ਪਹਿਲਾਂ ਮਨੁੱਖ ਸਮਝਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਇੱਕੋ ਮਾਨਵ ਜਾਤ ਦਾ ਮਹੱਤਵ ਦ੍ਰਿੜ੍ਹ ਕਰਵਾਇਆ ਹੈ। ਗੁਰੂ ਜੀ ਦੇ ਫ਼ੁਰਮਾਨ ਹਨ:

ਫਕੜ ਜਾਤੀ ਫਕੜੁ ਨਾਉ॥
ਸਭਨਾ ਜੀਆ ਇਕਾ ਛਾਉ॥ (ਪੰਨਾ 83)

ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫੀ॥
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ (ਦਸਮ ਗ੍ਰੰਥ)

ਗੁਰੂ ਸਾਹਿਬ ਨੇ ਹੋਲੀ, ਦੁਸਹਿਰਾ ਅਤੇ ਦੀਵਾਲੀ ਆਦਿ ਭਾਰਤੀ ਤਿਉਹਾਰਾਂ ਨੂੰ ਮਨਾਉਣ ਦੀ ਵਿਧੀ ਨੂੰ ਮੁਕੰਮਲ ਰੂਪ ਵਿਚ ਬਦਲ ਦਿੱਤਾ। ਹੋਲੀ ਦੀ ਥਾਂ ਹੋਲਾ- ਮਹੱਲਾ, ਦੁਸਹਿਰਾ ਬਤੌਰ ਵਿਜੈ ਦਿਵਸ ਅਤੇ ਦੀਵਾਲੀ ਨੂੰ ਬੰਦੀ-ਛੋੜ ਦਿਵਸ ਦੇ ਤੌਰ ਉੱਤੇ ਮਨਾਉਣਾ ਆਰੰਭ ਕੀਤਾ। ਇਨ੍ਹਾਂ ਨੂੰ ਧਾਰਮਿਕ ਸ਼ਰਧਾ ਦੇ ਨਾਲ-ਨਾਲ ਖਾਲਸੇ ਨੂੰ ਹਮੇਸ਼ਾ ਹੀ ਜਬਰ, ਜ਼ੁਲਮ ਅਤੇ ਬੇ-ਇਨਸਾਫੀ ਵਿਰੁੱਧ ਜੂਝਣ ਲਈ ਤਿਆਰ- ਬਰ-ਤਿਆਰ ਰਹਿਣ ਹਿਤ ਯੁੱਧ ਵਿੱਦਿਆ ਦਾ ਅਭਿਆਸ ਵੀ ਕਰਾਇਆ ਜਾਂਦਾ ਹੈ। ਮਹਾਨ ਪੰਥਕ ਵਿਦਵਾਨ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਇਉਂ ਬਿਆਨ ਕੀਤਾ ਹੈ:

ਹਿੰਦੁਨਿ ਕੇ ਦਿਨ ਹੋਲੀ ਦੀਵਾਲੀ।
ਇਤਕਾਦਿਕ ਦਿਨ ਚਲਹਿ ਕੁਚਾਲੀ।
ਬਿਨਾਂ ਲਾਜ ਤੇ ਹੋਇ ਨਰ-ਨਾਰੀ।
ਕਰਹਿ ਖਰਾਬਾ ਕਾਢ ਤਿਆਰੀ।
ਸਿਖਹੁ! ਸੁਨਹੁ ਬਾਤ ਇਹ ਸਾਰ।
ਜਿਨਹੁ ਬੰਦਗੀ ਕਿਯ ਕਰਤਾਰ।

ਹੋਲੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਉਂ ਫੁਰਮਾਇਆ ਹੈ:

ਹੋਲੀ ਕੀਨੀ ਸੰਤ ਸੇਵ॥
ਰੰਗੁ ਲਾਗਾ ਅਤਿ ਲਾਲ ਦੇਵ॥ (ਪੰਨਾ 1180)

ਗੁਰੂ ਸਾਹਿਬ ਨੇ ਮੇਲਿਆਂ ਦੀ ਥਾਂ ਸ਼ਹੀਦੀ ਜੋੜ-ਮੇਲੇ ਅਤੇ ਗੁਰਪੁਰਬ ਮਨਾਉਣ ਹਿੱਤ ਜੋੜ-ਮੇਲਿਆਂ ਦੀ ਸ਼ੁਰੂਆਤ ਕੀਤੀ ਜੋ ਅੱਜ ਵੀ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਜਾਂਦੇ ਹਨ।

ਸਤਿਗੁਰਾਂ ਨੇ ਸਮਝਾਇਆ ਕਿ ਪ੍ਰਭੂ ਦਾ ਸਿਮਰਨ ਹਰ ਕੋਈ ਕਰ ਸਕਦਾ ਹੈ ਅਤੇ ਹਰੇਕ ਵਿਅਕਤੀ ਭਾਵੇਂ ਉਹ ਕਿਸੇ ਜਾਤੀ ਨਾਲ ਜਾਂ ਕਿੱਤੇ ਨਾਲ ਸੰਬੰਧ ਰੱਖਦਾ ਹੋਵੇ ਪ੍ਰਭੂ ਸਿਮਰਨ ਦੁਆਰਾ ਮੁਕਤੀ ਪ੍ਰਾਪਤ ਕਰ ਸਕਦਾ ਹੈ। ਗੁਰਵਾਕ ਹੈ:

ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ॥
ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ॥ (ਪੰਨਾ 300)

ਯੁੱਗਾਂ-ਯੁੱਗਾਂ ਤੋਂ ਸਭ ਮੁਲਕਾਂ, ਕੌਮਾਂ, ਧਰਮਾਂ ਅਤੇ ਫ਼ਿਰਕਿਆਂ ਦਾ ਸਮਾਜ ਮਰਦ ਪ੍ਰਧਾਨ ਸਮਾਜ ਹੀ ਰਿਹਾ ਹੈ। ਇਸ ਵਿਚ ਇਸਤਰੀ ਨੂੰ ਮਰਦ ਤੋਂ ਹਮੇਸ਼ਾਂ ਹੀ ਘੱਟ ਮਹੱਤਵ ਦਿੱਤਾ ਜਾਂਦਾ ਰਿਹਾ ਹੈ ਅਤੇ ਉਸ ਨੂੰ ਇਕ ਵਸਤੂ ਦੇ ਤੌਰ ’ਤੇ ਵਰਤਿਆ ਜਾਂਦਾ ਰਿਹਾ ਹੈ। ਇਸਤਰੀ ਨੂੰ ਅਪਵਿੱਤਰ, ਕਲੰਕਿਤ ਅਤੇ ਬੁਰੀ ਸਮਝ ਕੇ ਉਸ ਦੀ ਨਿੰਦਿਆ ਵੀ ਕੀਤੀ ਜਾਂਦੀ ਰਹੀ ਹੈ ਅਤੇ ਉਸ ਉੱਤੇ ਅਣਮਨੁੱਖੀ ਜ਼ੁਲਮ ਵੀ ਢਾਹੇ ਜਾਂਦੇ ਰਹੇ। ਸਮਾਜ ਦਾ ਸਾਰਾ ਭਾਰ ਚੁੱਕਣ ਵਾਲੀ ਲਈ ਹੱਕ ਕੋਈ ਨਹੀਂ ਸੀ। ਬਸ ਫ਼ਰਜ਼ ਹੀ ਫ਼ਰਜ਼ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਹਿਸੂਸ ਕੀਤਾ ਕਿ ਜਿਸ ਸਮਾਜ ਵਿਚ ਔਰਤ ਦੀ ਦਸ਼ਾ ਗ਼ੁਲਾਮਾਂ ਨਾਲੋਂ ਵੀ ਭੈੜੀ ਹੈ ਉਹ ਸਮਾਜ ਬਲਵਾਨ ਕਿਵੇਂ ਹੋ ਸਕਦਾ ਹੈ? ਇਸ ਲਈ ਗੁਰੂ ਜੀ ਨੇ ਸਭ ਤੋਂ ਪਹਿਲਾਂ ਇਸਤਰੀ ਜਾਤੀ ਦੇ ਹੱਕ ਵਿਚ ਜ਼ੋਰਦਾਰ ਅਵਾਜ਼ ਉਠਾਈ ਅਤੇ ਸਮਾਜ ਵਿਚ ਇਸਤਰੀ ਦੇ ਮਹੱਤਵ ਨੂੰ ਪ੍ਰਗਟ ਕੀਤਾ ਹੈ। ਇਹ ਸੰਦੇਸ਼ ਸਾਰੀ ਮਨੁੱਖ ਜਾਤੀ ਲਈ ਇਕ ਵੱਡੀ ਤਬਦੀਲੀ ਲਿਆਉਣ ਵਾਲਾ ਸੀ ਜਿਸ ਨਾਲ ਮਨੁੱਖਤਾ ਦੇ ਅੱਧੇ ਹਿੱਸੇ ਨੂੰ ਪੂਰਾ ਮਾਣ-ਸਨਮਾਨ ਅਤੇ ਨਵੀਂ ਸ਼ਕਤੀ ਤੇ ਉਤਸ਼ਾਹ ਮਿਲਿਆ ਹੈ। ਗੁਰੂ ਜੀ ਦਾ ਉਪਦੇਸ਼ ਹੈ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਸਤੀ ਦੀ ਪ੍ਰਥਾ ਵੀ ਇਸਤਰੀ ਜਾਤੀ ’ਤੇ ਇਕ ਵੱਡਾ ਜ਼ੁਲਮ, ਅਨਿਆਂ ਅਤੇ ਸਮਾਜਿਕ ਲਾਹਨਤ ਸੀ। ਗੁਰੂ ਸਾਹਿਬ ਦੀ ਦ੍ਰਿਸ਼ਟੀ ਤ੍ਰੈਕਾਲੀ ਤੇ ਸੱਚ, ਝੂਠ ਦਾ ਨਿਤਾਰਾ ਕਰਨ ਵਾਲੀ ਸੀ। ਉਨ੍ਹਾਂ ਨੇ ਉਸ ਵੇਲੇ ਸਤੀ ਪ੍ਰਥਾ ਦੀ ਨਿਖੇਧੀ ਕੀਤੀ ਜਦੋਂ ਸਮਾਜ ਵਿਚ ਇਹ ਪ੍ਰਥਾ ਜ਼ੋਰਾਂ ’ਤੇ ਸੀ। ਗੁਰੂ ਸਾਹਿਬ ਨੇ ਸਤੀ ਪ੍ਰਥਾ ਦਾ ਸਪੱਸ਼ਟ ਤੌਰ ’ਤੇ ਦਲੀਲਾਂ ਸਹਿਤ ਖੰਡਨ ਕੀਤਾ ਹੈ। ਗੁਰਬਾਣੀ ਵਿਚ ਅੰਕਤ ਹੈ:

ਦੇਖਾ ਦੇਖੀ ਮਨਹਠਿ ਜਲਿ ਜਾਈਐ॥
ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ॥ (ਪੰਨਾ 129)

ਹਰਿਦੁਆਰ ਦੇ ਸਥਾਨ ਉੱਤੇ ਸਤੀ ਦੇ ਤੱਟ ਉੱਤੇ ਖੜੋ ਕੇ ਸ਼ਬਦ ਉਚਾਰਨ ਕਰ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸਤਰੀ ਨੂੰ ਪਤੀ ਨਾਲ ਸੜ-ਮਰਨ ਤੋਂ ਵਿਵਰਜਿਤ ਕਰਦਿਆਂ ਸਮਝਾਇਆ ਕਿ ਇਹ ਰਸਮ ਗ਼ੈਰ-ਕੁਦਰਤੀ ਅਤੇ ਬੇਲੋੜੀ ਹੈ ਸਗੋਂ ਆਪਣੇ ਅੰਦਰ ਛੁਪੀਆਂ ਬੁਰਾਈਆਂ ਨੂੰ ਤਿਆਗ ਕੇ ਸੀਲ, ਸੰਤੋਖ ਅਤੇ ਸੰਜਮ ਆਦਿ ਸਦਗੁਣਾਂ ਨੂੰ ਪ੍ਰਫੁੱਲਤ ਕਰਨਾ ਹੀ ਸਤੀ ਹੋਣਾ ਹੈ। ਗੁਰਵਾਕ ਹੈ:

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍।।
ਨਾਨਕ ਸਤੀਆ ਜਾਣੀਅਨਿ੍ ਬਿਰਹੇ ਚੋਟ ਮਰੰਨਿ੍।।
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍।।
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾ੍ਲੰਨਿ੍।।  (ਪੰਨਾ 787)

ਆਗ ਮੈ ਜਰੈ ਤੇ ਗਤ ਰਾਂਡ ਕੀ ਪਰਤ ਕਰ॥
ਪਤਾਲ ਕੇ ਬਾਸੀ ਕਿਉ ਭੁਜੰਗ ਨ ਤਰਤ ਹੈ॥  (ਅਕਾਲ ਉਸਤਤ)

ਉਨ੍ਹਾਂ ਨੇ ਸਤੀਆਂ ਦੇ ਪੁਨਰ ਵਿਆਹ ਦੀ ਵੀ ਵਕਾਲਤ ਕੀਤੀ ਅਤੇ ਧੀਆਂ ਨੂੰ ਮਾਰਨ ਦਾ ਡੱਟ ਕੇ ਵਿਰੋਧ ਕੀਤਾ ਅਤੇ ਕੁੜੀਮਾਰ ਨਾਲ ਕਿਸੇ ਤਰ੍ਹਾਂ ਦਾ ਸਮਾਜਿਕ ਵਰਤਾਰਾ ਰੱਖਣ ਦੀ ਸਖ਼ਤ ਮਨਾਹੀ ਕੀਤੀ। ਜਨਮ, ਮਰਨ, ਵਿਆਹ ਆਦਿ ਸੰਸਕਾਰਾਂ ਨੂੰ ਗ੍ਰਿਹਾਂ, ਮਹੂਰਤਾਂ ਤੇ ਗੁੰਝਲਦਾਰ ਰਸਮਾਂ ਵਿੱਚੋਂ ਕੱਢ ਕੇ ਸਾਦਾ ਤੇ ਸੰਖੇਪ ਕੀਤਾ। ਇਹ ਸੰਸਕਾਰ ਭਾਵੇਂ ਅਜੇ ਵੀ ਆਪਣੇ-ਆਪਣੇ ਵਿਸ਼ਵਾਸ ਅਨੁਸਾਰ ਹੀ ਕੀਤੇ ਜਾਂਦੇ ਹਨ ਫੇਰ ਵੀ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਰਸਮਾਂ ਸਮੇਂ ਦੀ ਲੋੜ ਮੁਤਾਬਕ ਢਾਲਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਲੋਕੀਂ ਭਾਵੇਂ ਬਹੁਤ ਸਾਰੀਆਂ ਰਸਮਾਂ ਦੇਖਾ-ਦੇਖੀ ਕਰੀ ਜਾ ਰਹੇ ਹਨ ਪਰ ਉਨ੍ਹਾਂ ਦੇ ਮਨਾਂ ਵਿਚ ਇਨ੍ਹਾਂ ਦਾ ਮਹੱਤਵ ਘੱਟ ਹੋ ਰਿਹਾ ਹੈ। ਇਸ ਕਰਕੇ ਪੁਜਾਰੀ ਵਰਗ ਨੂੰ ਵੀ ਆਪਣੇ ਕਾਰਜ ਕਰਨ ਵਿਚ ਸੁਧਾਰ ਕਰਨਾ ਪੈ ਰਿਹਾ ਹੈ। ਗੁਰੂ ਜੀ ਨੇ ਸਿੱਖਾਂ ਦੇ ਵਿਆਹ ਰਚਾਉਣ ਲਈ ਅਗਨੀ ਦੁਆਲੇ ਫੇਰੇ ਦਿਵਾਉਣ ਲਈ ਵੇਦੀ ਲਾਉਣ ਦੀ ਥਾਂ ਸ਼ਬਦ ਗੁਰੂ ਦੇ ਹਜ਼ੂਰ ਆਨੰਦ ਕਾਰਜ ਦੀ ਰਸਮ ਦਾ ਅਰੰਭ ਕੀਤਾ। ਇਹ ਆਨੰਦ ਕਾਰਜ ਦੀ ਰਸਮ ਚਾਰ ਲਾਵਾਂ ਨਾਲ ਸੰਪੰਨ ਹੋਈ ਸਮਝੀ ਜਾਂਦੀ ਹੈ। ਜਨਮ ਦੇ ਵੇਲੇ ਬੱਚੇ ਨੂੰ ਮੂਲ-ਮੰਤਰ ਦਾ ਪਾਠ ਕਰਕੇ ਗੁੜ੍ਹਤੀ ਦੇਣੀ ਤੇ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਨਾਮਕਰਣ ਸੰਸਕਾਰ ਵਿਚ ਗੁਰ-ਸ਼ਬਦ ਦੇ ਪਹਿਲੇ ਅੱਖਰ ਤੋਂ ਲੈ ਕੇ ਨਾਮ ਰੱਖਿਆ ਜਾਂਦਾ ਹੈ। ਬੱਚੇ-ਬੱਚੀ ਦੀ ਦਾਤ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ। ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ। ਕਿਸੇ ਪ੍ਰਾਣੀ ਦੇ ਮਰਨ ਉਪਰੰਤ ਵੀ ਗੁਰਬਾਣੀ ਦਾ ਪਾਠ ਤੇ ਅਰਦਾਸ ਕਰ ਕੇ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ। ਮਰੇ ਪ੍ਰਾਣੀ ਦੀਆਂ ਅਸਥੀਆਂ ਕਿਤੇ ਭੇਜਣੀਆਂ ਤੇ ਉਸ ਦੇ ਨਮਿੱਤ ਕੋਈ ਵਸਤੂ ਦੇਣ ਦਾ ਨਿਸ਼ੇਧ ਕੀਤਾ ਗਿਆ ਹੈ। ਪਿਤਰਾਂ ਲਈ ਸ਼ਰਾਧ ਆਦਿ ਕਰਵਾਉਣ ਨੂੰ ਗੁਰਮਤਿ ਵਿਚ ਪ੍ਰਵਾਨ ਨਹੀਂ ਕੀਤਾ ਗਿਆ ਜਿਵੇਂ ਗੁਰਬਾਣੀ ਦਾ ਮਹਾਂਵਾਕ ਹੈ-

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥ (ਪੰਨਾ 332)

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ 472)

ਸਤਿਗੁਰਾਂ ਨੇ ਤਾਂ ਜਿਉਂਦੇ-ਜੀਅ ਮਾਤਾ-ਪਿਤਾ ਦੇ ਆਗਿਆਕਾਰ ਹੋਣ ਅਤੇ ਉਨ੍ਹਾਂ ਦੀ ਸੇਵਾ-ਸੰਭਾਲ ਅਤੇ ਸਤਿਕਾਰ ਕਰਨ ਦਾ ਉਪਦੇਸ਼ ਕੀਤਾ ਹੈ। ਗੁਰਮਤਿ ਸਭਿਆਚਾਰ ਸੂਤਕ ਨੂੰ ਨਿਰਾ ਪਾਖੰਡ ਤੇ ਕਰਮਕਾਂਡੀ ਵਿਚਾਰ ਸਮਝਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜ਼ੋਰਦਾਰ ਸ਼ਬਦਾਂ ਵਿਚ ਸੂਤਕ ਦੇ ਨਾਮ ’ਤੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਪਾਂਡੇ ਅਤੇ ਜਨਤਾ ਦੋਹਾਂ ਨੂੰ ਹੀ ਸਮਝਾਇਆ ਹੈ ਕਿ ਪਾਪ ਕਰਨਾ, ਝੂਠ ਬੋਲਣਾ, ਲੋਕਾਂ ਦੀ ਲੁੱਟ ਕਰਨਾ, ਲੋਭ-ਲਾਲਚ ਕਰਨਾ, ਚੁਗਲੀ ਸੁਣਨੀ ਜਾਂ ਕਰਨੀ ਆਦਿ ਬੁਰਾਈਆਂ ਹੀ ਭੈੜੀਆਂ ਹਨ, ਜੋ ਸੁਖਦ ਜੀਵਨ ਲਈ ਹਾਨੀਕਾਰਕ ਹਨ। ਸਤਿਗੁਰੂ ਜੀ ਨੇ ਕਿਹਾ ਕਿ ਜਨਮ ਅਤੇ ਮਰਨ ਨੂੰ ਸੂਤਕ ਨਾਲ ਜੋੜਨਾ ਕੇਵਲ ਭਰਮ-ਭੁਲੇਖਾ ਹੀ ਹੈ। ਗੁਰਵਾਕ ਹੈ:

ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ (ਪੰਨਾ 472)

ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ ਜਿਸ ਵਿਚ ਧਰਮ ਅਤੇ ਸਮਾਜ ਦੇ ਨਾਲ ਜੀਵ ਦੇ ਆਰਥਿਕ ਪੱਖ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਆਰਥਿਕ ਸਮੱਸਿਆਵਾਂ ਮਨੁੱਖੀ ਜੀਵਨ ਵਿਚ ਬਹੁਤ ਮਹੱਤਵ ਰੱਖਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕੀਤੇ ਬਿਨ੍ਹਾਂ ਮਨੁੱਖ ਇਕ ਸੰਤੁਲਿਤ ਜੀਵਨ ਨਹੀਂ ਜੀਅ ਸਕਦਾ। ਇਨ੍ਹਾਂ ਸਮੱਸਿਆਵਾਂ ਦੇ ਹਲ ਲਈ ਕਿਰਤ ਕਰਨਾ ਬਹੁਤ ਜ਼ਰੂਰੀ ਹੈ। ਸਿੱਖ ਧਰਮ ਵਿਚ ਕਿਰਤ ਨੂੰ ਤਿੰਨ ਬੁਨਿਆਦੀ ਨਿਯਮਾਂ ਵਿੱਚੋਂ ਇਕ ਮੰਨਿਆ ਗਿਆ ਹੈ। ਇਹ ਨਿਯਮ ਹਨ ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ। ਇਸੇ ਤਰ੍ਹਾਂ ਨਾਮ-ਦਾਨ ਇਸ ਨਾਲ ਦੇ ਤਿੰਨੇ ਅਸੂਲਾਂ ਵਿਚ ਦਾਨ ਕਿਰਤ ਨਾਲ ਜੁੜਿਆ ਹੈ। ਦਾਨ ਉਹ ਹੀ ਕਰ ਸਕਦਾ ਹੈ ਜਿਸ ਕੋਲ ਕੁਝ ਹੈ। ਪਦਾਰਥਾਂ ਦੀ ਪ੍ਰਾਪਤੀ ਕਿਰਤ ਨਾਲ ਹੀ ਹੋ ਸਕਦੀ ਹੈ। ਲੁੱਟ-ਖਸੁੱਟ ਕਰ ਕੇ ਇਕੱਤਰ ਕੀਤੀ ਦੌਲਤ ਨੂੰ ਸਤਿਗੁਰਾਂ ਨੇ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬ ਮਨੁੱਖ ਦੇ ਵਿਹਲੜਪੁਣੇ ਨੂੰ ਇਕ ਬੁਰਾਈ ਤੇ ਦਲਿੱਦਰ ਸਮਝਦੇ ਸਨ। ਉਨ੍ਹਾਂ ਨੇ ਮਨੁੱਖ ਨੂੰ ਘਾਲ-ਕਮਾਈ ਅਤੇ ਉੱਦਮ ਕਰਨ ਵਿਚ ਲੱਗੇ ਰਹਿੰਦਿਆਂ ਜਿਉਣ ਦਾ ਉਪਦੇਸ਼ ਦਿੱਤਾ ਹੈ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥  (ਪੰਨਾ 522)

ਹਥੀ ਕਾਰ ਕਮਾਵਣੀ ਪੈਰੀ ਚਲਿ ਸਤਸੰਗਿ ਮਿਲੇਹੀ।
ਕਿਰਤਿ ਵਿਰਤਿ ਕਰਿ ਧਰਮ ਦੀ ਖਟਿ ਖਵਾਲਣੁ ਕਾਰਿ ਕਰੇਹੀ। (ਵਾਰ 1:3)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਇਉਂ ਉਪਦੇਸ਼ ਕੀਤਾ:

ਸੱਜਣਾਂ! ਕਿਰਤ ਬਿਰਤ ਕਰ ਧਰਮ ਦੀ।

ਸਤਿਗੁਰਾਂ ਨੇ ਭੇਖੀ ਮਨੁੱਖਾਂ, ਜੋ ਬਾਹਰੋਂ ਦਰਵੇਸ਼ ਦਾਨੀ ਅੰਦਰੋਂ ਮੱਕਾਰ ਲੋਟੂ ਜ਼ਾਲਮ ਧੋਖੇਬਾਜ਼ ਹਨ ਨੂੰ ਨਿੰਦਿਆ ਹੈ। ਗੁਰਵਾਕ ਹੈ:

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥   (ਪੰਨਾ 473)

ਉੱਚੀ ਕੁਲ ਅਤੇ ਧਨਵਾਨ ਹੋਣ ਦੀ ਹਉਮੈ ਪਾਲਣ ਵਾਲੇ, ਗੂੜ੍ਹ ਗਿਆਨ ਦੀਆਂ ਗੱਲਾਂ ਨਾਲ ਲੋਕਾਂ ਨੂੰ ਰੀਝਾਉਣ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ, ਸੁੰਦਰ ਚਿਹਰਿਆਂ ਵਾਲੇ ਲੰਮੇ-ਲੰਮੇ ਦੁੱਧ ਧੋਤੇ ਚੋਲੇ ਪਾ ਕੇ ਬਹੁ ਪਰਪੰਚ ਕਰ ਕੇ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਗੁਰੂ ਸਾਹਿਬ ਨੇ ਸਮਾਜ ਸਾਹਮਣੇ ਨੰਗਿਆਂ ਕਰ ਕੇ ਲੋਕਾਂ ਨੂੰ ਸ਼ੁੱਧ, ਸਾਫ-ਸੁਥਰਾ, ਸੁਕ੍ਰਿਤ ਕਰਨ ਵਾਲਾ, ਪਰਉਪਕਾਰੀ ਜੀਵਨ ਜਿਉਣ ਲਈ ਪ੍ਰੇਰਿਆ। ਗੁਰੂ ਜੀ ਨੇ ਪਾਖੰਡਵਾਦ ਨੂੰ ਇਉਂ ਬਿਆਨ ਕੀਤਾ:

ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ॥
ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥  (ਪੰਨਾ 751)

ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ॥ (ਪੰਨਾ 536)

ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥ (ਪੰਨਾ 253)

ਗੁਰਮਤਿ ਵਿਚਾਰਧਾਰਾ ਵਿਚ ਮਨੁੱਖੀ ਅਚਾਰ, ਵਿਹਾਰ ਅਤੇ ਅਹਾਰ ਨੂੰ ਬਹੁਤ ਮਹੱਤਵ ਦਿੱਤਾ ਹੈ। ਗੁਰਵਾਕ ਹੈ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ 62)

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥

… ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (ਪੰਨਾ 16)

ਗਿਆਨੀ ਬੁੱਧੀਮਾਨੀ, ਵਿਦਵਾਨ ਲੋਕਾਂ ਨੂੰ ਵੀ ਆਪਣਾ ਅਚਾਰ, ਵਿਚਾਰ ਅਤੇ ਵਿਹਾਰ ਸਹੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ। ਗੁਰਵਾਕ ਹੈ:

ਜਗਿ ਗਿਆਨੀ ਵਿਰਲਾ ਆਚਾਰੀ॥
ਜਗਿ ਪੰਡਿਤੁ ਵਿਰਲਾ ਵੀਚਾਰੀ॥
ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ॥  (ਪੰਨਾ 413)

ਗੁਰੂ ਜੀ ਨੇ ਮਨੁੱਖ ਨੂੰ ਮਨਚਿਤ ਕਰਕੇ, ਕਹਿਣੀ ਅਤੇ ਕਰਨੀ ਦਾ ਸੂਰਾ ਹੋਣ ਅਤੇ ਇੱਕ ਅਕਾਲ ਪੁਰਖ ਦਾ ਪੱਕਾ ਵਿਸ਼ਵਾਸੀ ਹੋਣ ਦਾ ਉਪਦੇਸ਼ ਦਿੱਤਾ ਹੈ।

ਗੁਰੂ ਸਾਹਿਬ ਦੀ ਬਾਣੀ ਬਹੁਪੱਖੀ ਹੈ। ਅਧਿਆਤਮਿਕ ਡੂੰਘਾਈ ਦੇ ਨਾਲ- ਨਾਲ ਇਸ ਦਾ ਦੁਨਿਆਵੀ ਮਹੱਤਵ ਵੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਰਾਜਨੀਤਿਕ ਹਾਲਾਤ ਉੱਤੇ ਵੀ ਉਨੇ ਹੀ ਜ਼ੋਰ ਨਾਲ ਟਿੱਪਣੀਆਂ ਕੀਤੀਆਂ ਹਨ ਜਿੰਨੀ ਸ਼ਿੱਦਤ ਨਾਲ ਉਨ੍ਹਾਂ ਅਧਿਆਤਮਿਕਤਾ ਲਈ ਬਾਣੀ ਦੀ ਰਚਨਾ ਕੀਤੀ ਹੈ। ਆਪਣੇ ਸਮੇਂ ਵਿਚ ਹੋਏ ਬਾਬਰ ਦੇ ਜ਼ੁਲਮਾਂ ਨੂੰ ਆਪਣੀ ਇਸ ਦ੍ਰਿਸ਼ਟੀ ਨਾਲ ਦੇਖਦੇ ਹੋਏ ਆਪਣੇ ਸ਼ਬਦ ਰੂਪੀ ਬਾਣਾਂ ਦੁਆਰਾ ਭਾਵਾਤਮਕ ਚਿੱਤਰ ਪੇਸ਼ ਕੀਤਾ ਹੈ। ਉਨ੍ਹਾਂ ਨੇ ਭਾਰਤ ਲਈ ਪਹਿਲੀ ਵਾਰ ‘ਹਿੰਦੁਸਤਾਨ’ ਸ਼ਬਦ ਦੀ ਵਰਤੋਂ ਕੀਤੀ ਹੈ। ਹਿੰਦੁਸਤਾਨ ’ਤੇ ਹੋਏ ਹਮਲੇ ਦਾ ਉਨ੍ਹਾਂ ਨੇ ਬਹੁਤ ਦੁੱਖ ਮਹਿਸੂਸ ਕੀਤਾ ਕਿਉਂਕਿ ਇਹ ਭਾਰਤੀ ਧਾਰਮਿਕ ਆਗੂਆਂ, ਲੋਟੂ ਲੋਕਾਂ ਦੀਆਂ ਕਮੀਆਂ, ਕਮਜ਼ੋਰੀਆਂ, ਫ਼ਰਜ਼ਾਂ ਤੋਂ ਕੁਤਾਹੀ, ਨਿਜ ਪ੍ਰਸਤੀ, ਫੋਕੇ ਜਾਤ ਹੰਕਾਰ ਆਦਿ ਕਰਤੂਤਾਂ ਕਾਰਨ ਭਾਰਤੀ ਜਨਤਾ ਸਾਹਸਤਹੀਣ, ਦਿਸ਼ਾਹੀਣ ਅਤੇ ਸੁਯੋਗ ਆਗੂ ਤੋਂ ਹੀਣ ਹੋਈ ਹੋਈ ਸੀ। ਉਹ ਹਮਲਾਵਰ ਦਾ ਮੁਕਾਬਲਾ ਨਾ ਕਰ ਸਕੇ। ਗੁਰੂ ਜੀ ਨੇ ਤਾਂ ਪਰਮਾਤਮਾ ਨੂੰ ਉਲਾਂਭਾ ਵੀ ਦੇ ਦਿੱਤਾ। ਉਨ੍ਹਾਂ ਨੇ ਲਿਖਿਆ ਹੈ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)

ਉਨ੍ਹਾਂ ਨੇ ਅਜਿਹੇ ਹਾਕਮਾਂ ਲਈ ‘ਕੁੱਤਾ’ ਸ਼ਬਦ ਦੀ ਵਰਤੋਂ ਕੀਤੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਰਤਨ ਵਰਗੇ ਦੇਸ਼ ਦੀ ਦੁਰਦਸ਼ਾ ਕਰਵਾਈ ਹੈ।

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥
ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ (ਪੰਨਾ 360)

ਦੇਸ਼ ਦੇ ਆਪਣੇ ਹਾਕਮਾਂ ਵੱਲੋਂ ਵੀ ਪਰਜਾ ਨਾਲ ਕੋਈ ਚੰਗਾ ਸਲੂਕ ਨਹੀਂ ਕੀਤਾ ਜਾਂਦਾ ਸੀ। ਗੁਰੂ ਜੀ ਦਾ ਉਦੇਸ਼ ਮਨੁੱਖਤਾ ਦਾ ਸਰਬਪੱਖੀ ਕਲਿਆਣ ਕਰਨਾ ਸੀ। ਉਹ ਮਨੁੱਖ ਦੀ ਹਰ ਪ੍ਰਕਾਰ ਦੀ ਅਜ਼ਾਦੀ ਤੇ ਹੱਕਾਂ ਦੀ ਰਾਖੀ ਦੇ ਮੁਦੱਈ ਸਨ। ਉਨ੍ਹਾਂ ਨੂੰ ਇਉਂ ਮਹਿਸੂਸ ਹੁੰਦਾ ਸੀ ਕਿ ਦੇਸ਼ ਦੇ ਹਾਕਮ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ਼ ਅਤੇ ਸੁਰੱਖਿਆ ਦੇਣੀ ਹੁੰਦੀ ਹੈ, ਉਹ ਲੋਕਾਂ ਦਾ ਲਹੂ ਪੀਣ ਵਾਲੇ ਹੋਣ ਤਾਂ ਦੇਸ਼ ਦਾ ਭਲਾ ਕਿਵੇਂ ਹੋ ਸਕਦਾ ਹੈ? ਅਜਿਹੇ ਸਮੇਂ ਤਾਂ ਦੇਸ਼ ਦੀ ਹਾਲਤ ਜੰਗਲ ਵਰਗੀ ਹੀ ਹੋ ਜਾਏਗੀ। ਉਨ੍ਹਾਂ ਨੇ ਇਸ ਦਸ਼ਾ ਨੂੰ ਇਉਂ ਪ੍ਰਗਟ ਕੀਤਾ ਹੈ:

ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ੍ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ੍ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ 1288)

ਅੱਜ ਵੀ ਸਾਡੇ ਦੇਸ਼ ਦੀ ਦਸ਼ਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਕਿਉਂਕਿ ਰਾਜਨੀਤਿਕ ਅਤੇ ਧਾਰਮਿਕ ਨੇਤਾ ਆਪਣਾ ਨੈਤਿਕ ਫਰਜ਼ ਨਿਭਾਉਣ ਦੀ ਥਾਂ ਲੋਕਾਂ ਦਾ ਸ਼ੋਸ਼ਣ ਅਤੇ ਅੰਨ੍ਹੀ ਲੁੱਟ ਵਿਚ ਗ਼ਲਤਾਨ ਹਨ।

ਉਸ ਵੇਲੇ ਦੀ ਨਿਆਂ ਵਿਵਸਥਾ ਵੀ ਵਿਗੜੀ ਹੋਈ ਸੀ। ਰਾਜੇ ਬਦਲਾ-ਖੋਰ ਸਨ। ਨਿਆਂ ਵੀ ਮੁੱਲ ਵਿਕਦਾ ਸੀ, ਸੱਚ ਹੱਕ ਦੀ ਕੋਈ ਕਦਰ ਨਹੀਂ ਸੀ। ਗੁਰੂ ਜੀ ਨੇ ਅਜਿਹੇ ਹਾਲਾਤ ਨੂੰ ਇਉਂ ਬਿਆਨ ਕੀਤਾ ਹੈ:

ਦਰਸਨਿ ਦੇਖਿਐ ਦਇਆ ਨ ਹੋਇ॥
ਲਏ ਦਿਤੇ ਵਿਣੁ ਰਹੈ ਨ ਕੋਇ॥
ਰਾਜਾ ਨਿਆਉ ਕਰੇ ਹਥਿ ਹੋਇ॥
ਕਹੈ ਖੁਦਾਇ ਨ ਮਾਨੈ ਕੋਇ॥ (ਪੰਨਾ 350)

ਇਸ ਤਰ੍ਹਾਂ ਭਾਰਤ ਦੀ ਜਨਤਾ ਬਾਹਰਲੇ ਹਮਲਾਵਰਾਂ ਦੇ ਹੱਥੋਂ ਅਤੇ ਆਪਣੇ ਹਾਕਮਾਂ ਦੇ ਹੱਥੋਂ ਦੋਹਾਂ ਪਾਸਿਆਂ ਤੋਂ ਚੱਕੀ ਦੇ ਦੋਵੇਂ ਪੁੜਾਂ ਵਿਚਕਾਰ ਪੀਸੀ ਜਾਣ ਕਾਰਨ ਅਤਿ ਦੁਖੀ ਹੋ ਰਹੀ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਹੀ ਗੁਰੂ ਜੀ ਨੇ ਮਨੁੱਖ ਨੂੰ ਰਾਜਨੀਤਿਕ ਹੱਕਾਂ ਬਾਰੇ ਚੇਤਨਤਾ ਬਖਸ਼ੀ। ਗੁਰੂ ਸਾਹਿਬ ਨੇ ਇਕ ਠੋਸ ਰਾਜਨੀਤਿਕ ਸਭਿਆਚਾਰ ਸਥਾਪਤ ਕੀਤਾ। ਉਨ੍ਹਾਂ ਨੇ ਦੁਸ਼ਮਣਾਂ ਦਾ ਖ਼ੁਦ ਅਗਰਸਰ ਹੋ ਕੇ ਮੁਕਾਬਲਾ ਕੀਤਾ ਅਤੇ ਰਾਜਨੀਤਿਕ ਲੋਕਾਂ ਨੂੰ ਆਪਣਾ ਰਾਜ ਧਰਮ ਪਾਲਣ ਲਈ ਪ੍ਰੇਰਨਾ ਕੀਤੀ। ਉਨ੍ਹਾਂ ਨੇ ਜ਼ੁਲਮ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਗੁਰਬਾਣੀ ਵਿਚ ਇਕ ਹਲੇਮੀ ਰਾਜ ਦਾ ਸੰਕਲਪ ਪੇਸ਼ ਕੀਤਾ ਗਿਆ ਹੈ ਜਿਸ ਵਿਚ ਸਭ ਦੇ ਹੱਕ ਬਰਾਬਰ ਹੋਣ ਤੇ ਕਿਸੇ ਨਾਲ ਕੋਈ ਵਧੀਕੀ ਤੇ ਬੇਇਨਸਾਫ਼ੀ ਨਾ ਹੋਵੇ। ਇਹ ਸ਼ਕਤੀ ਦੀ ਥਾਂ ਨਿਮਰਤਾ ਅਤੇ ਸੇਵਾ-ਭਾਵਨਾ ਦਾ ਰਾਜ ਹੈ। ਇਸ ਬਾਰੇ ਇਉਂ ਵਰਣਨ ਕੀਤਾ ਹੈ:

ਹੁਣਿ ਹੁਕਮੁ ਹੋਆ ਮਿਹਰਵਾਣ ਦਾ॥
ਪੈ ਕੋਇ ਨ ਕਿਸੈ ਰਞਾਣਦਾ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ (ਪੰਨਾ 74)

ਲੋਕਾਂ ਉੱਤੇ ਰਾਜ ਕਰਨ ਵਾਲਾ ਰਾਜਾ ਕਿਹੋ ਜਿਹਾ ਹੋਵੇ ਗੁਰੂ ਜੀ ਨੇ ਇਸ ਬਾਰੇ ਵੀ ਸਿਧਾਂਤ ਪੇਸ਼ ਕੀਤਾ ਹੈ:

ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ (ਪੰਨਾ 1088)

ਗੁਰੂ ਜੀ ਨੇ ਸਿੱਖਾਂ ਨੂੰ ਭਗਤੀ ਦੇ ਨਾਲ ਸ਼ਕਤੀ ਦਾ ਵੀ ਸੰਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦਾ ਸਖ਼ਤ ਵਿਰੋਧ ਕੀਤਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਧਾਰਨ ਕਰ ਲਈਆਂ ਸਨ ਅਤੇ ਸਿੱਖਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਸਿੱਖੀ ਕਮਾਉਣ ਲਈ ਪਹਿਲੇ ਗੁਰੂ ਜੀ ਨੇ ਹੀ ਸਿਰ ਤਲੀ ’ਤੇ ਧਰ ਕੇ ਆਉਣ ਦਾ ਹੁਕਮ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਦੀ ਮੰਗ ਕਰ ਕੇ ਸੀਸ ਦੇ ਬਦਲੇ ਸਿੱਖੀ ਬਖਸ਼ੀ ਅਤੇ ਇਸ ਤਰ੍ਹਾਂ ਆਪ ਨੇ ਖਾਲਸੇ ਦੀ ਸਾਜਨਾ ਕੀਤੀ ਸੀ। ਉਨ੍ਹਾਂ ਨੇ ਸਿੱਖਾਂ ਨੂੰ ਸੰਘਰਸ਼ੀ ਯੋਧਿਆਂ ਦੇ ਰੂਪ ਵਿਚ ਲਾਮਬੰਦ ਕੀਤਾ ਅਤੇ ਜਬਰ, ਜ਼ਾਲਮ, ਬੇਇਨਸਾਫ਼ੀ ਅਤੇ ਜ਼ੁਲਮ ਦੇ ਖ਼ਿਲਾਫ ਜੂਝਣ ਦੀ ਪ੍ਰੇਰਨਾ ਦਿੱਤੀ ਸੀ। ਉਨ੍ਹਾਂ ਨੇ ਔਰੰਗਜ਼ੇਬ ਨੂੰ ਲਿਖੇ ਪੱਤਰ ਜ਼ਫ਼ਰਨਾਮੇ ਅੰਦਰ ਸਪੱਸ਼ਟ ਰੂਪ ਵਿਚ ਇਹ ਸਿਧਾਂਤ ਪੇਸ਼ ਕੀਤਾ ਸੀ ਕਿ ਜਦੋਂ ਸਭ ਹੀਲੇ ਖ਼ਤਮ ਹੋ ਜਾਣ ਤਾਂ ਤਲਵਾਰ ਚੁੱਕਣੀ ਜਾਇਜ਼ ਹੈ:

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ॥

ਗੁਰੂ ਸਾਹਿਬਾਨ ਨੇ ਆਪਣੇ ਆਦਰਸ਼ਾਂ, ਧਰਮ ਅਤੇ ਹੱਕ-ਸੱਚ ਦੀ ਰਾਖੀ ਖ਼ਾਤਰ ਕੁਰਬਾਨੀਆਂ ਕੀਤੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਵੱਲੋਂ ਲਾਏ ਗਏ ਗ਼ਲਤ ਦੋਸ਼ਾਂ ਦਾ ਵਿਰੋਧ ਕਰਦੇ ਹੋਏ ਹੱਕ ਅਤੇ ਸੱਚ ਉੱਤੇ ਸਥਿਰ ਅਤੇ ਅਡੋਲ ਰਹਿੰਦਿਆਂ ਆਪਣਾ ਮਹਾਨ ਬਲੀਦਾਨ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੀ ਧਾਰਮਿਕ ਕੱਟੜ ਨੀਤੀ ਨੂੰ ਠੱਲ੍ਹ ਪਾਉਣ ਲਈ ਹਿੰਦੂ ਧਰਮ ਉੱਤੇ ਜ਼ੁਲਮਾਂ ਨੂੰ ਬੰਦ ਕਰਵਾਉਣ ਹਿੱਤ ਆਪਣਾ ਸੀਸ ਦਾਅ ਉਤੇ ਲਗਾ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ ਜੋ ਕਿ ਜ਼ਾਲਮ ਹਕੂਮਤ ਦੇ ਦਿੱਲੀ ਦੇ ਤਖ਼ਤ ਦੇ ਮੁਕਾਬਲੇ ਅਕਾਲ ਪੁਰਖ ਦਾ ਧਰਮ ਤੇ ਨਿਆਂ ਦਾ ਅਸਥਾਨ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਵੇਲੇ ਦੀ ਸਰਕਾਰ ਨਾਲ ਕਈ ਯੁੱਧ ਵੀ ਕਰਨੇ ਪਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪੱਕੇ ਤੌਰ ’ਤੇ ਹਥਿਆਰਬੰਦ ਕੀਤਾ। ਉਨ੍ਹਾਂ ਦੇ ਦਰਬਾਰ ਵਿਚ ਜੰਗੀ ਕਿਲ੍ਹਾ ਅਨੰਦਗੜ੍ਹ ਬਣਵਾਇਆ ਤੇ ਮੁਗ਼ਲ ਹਕੂਮਤ ਨਾਲ ਅਨੇਕ ਵਾਰ ਜੰਗ ਕੀਤੇ। ਜ਼ੁਲਮ ਦਾ ਟਾਕਰਾ ਕਰਦੇ ਹੋਏ ਉਨ੍ਹਾਂ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋ ਗਏ। ਅੰਤ ਖ਼ਾਲਸੇ ਦੀ ਜਿੱਤ ਹੋਈ ਤੇ ਦਸਮ ਪਾਤਸ਼ਾਹ ਦੇ ਅਸ਼ੀਰਵਾਦ ਅਤੇ ਆਦੇਸ਼ ਅਨੁਸਾਰ 12 ਮਈ, 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਤਕਰੀਬਨ ਅੱਧਾ ਉੱਤਰੀ ਭਾਰਤ ਫ਼ਤਹਿ ਕਰਕੇ ਅਤੇ ਜ਼ਾਲਮਾਂ ਨੂੰ ਕੀਤੇ ਜ਼ੁਲਮਾਂ ਦੀ ਸਜ਼ਾ ਦਿੰਦਿਆਂ ਧੂਲ ਚਟਾ ਦਿੱਤੀ ਅਤੇ ਸਿੱਖ ਰਾਜ ਸਥਾਪਤ ਕਰ ਦਿੱਤਾ। ਗੁਰੂ ਜੀ ਨੇ ਰਾਜਨੀਤਿਕ ਹੱਕਾਂ ਲਈ ਵੀ ਜੂਝ ਮਰਨ ਦੀ ਭਾਵਨਾ ਸਿੱਖਾਂ ਵਿਚ ਦ੍ਰਿੜ੍ਹ ਕਰ ਦਿੱਤੀ ਸੀ ਤੇ ਉਨ੍ਹਾਂ ਦੇ ਸਾਹਮਣੇ ਇਹ ਆਦਰਸ਼ ਰੱਖਿਆ ਸੀ:

ਦੇਹ ਸ਼ਿਵਾ ਬਰ ਮੁਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ॥
ਨ ਡਰੋਂ ਅਰ ਸੋਂ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ॥
ਅਰ ਸਿੱਖ ਹੋ ਅਪਨੇ ਹੀ ਮਨ ਕਉ ਏਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈਂ ਤਬ ਜੂਝ ਮਰੋਂ॥  (ਚੰਡੀ ਚਰਿਤ੍ਰ)

ਇਨ੍ਹਾਂ ਸਾਰੇ ਪੱਖਾਂ ਤੋਂ ਵਾਚਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਸਿੱਖ ਸਭਿਆਚਾਰ ਦੁਨਿਆਵੀ ਖੇਤਰ ਵਿਚ ਅਤੇ ਅਧਿਆਤਮਿਕ ਤੌਰ ’ਤੇ ਇਕ ਮੁਕੰਮਲ ਸਾਰਥਕ ਤੇ ਸ੍ਰੇਸ਼ਟ ਸਭਿਆਚਾਰ ਹੈ। ਇਹ ਭਗਤੀ ਤੇ ਸ਼ਕਤੀ, ਸੰਤ-ਸਿਪਾਹੀ, ਧਰਮ ਅਤੇ ਸਿਆਸਤ, ਅਮੀਰੀ ਤੇ ਫ਼ਕੀਰੀ, ਲੋਕ-ਪਰਲੋਕ, ਨਿਰੰਕਾਰ ਅਤੇ ਅਕਾਰ ਦਾ ਅਦੁੱਤੀ ਸੰਜੋਗ ਹੈ। ਇਹ ਫ਼ਲਸਫ਼ਾ ਲੌਕਿਕ ਅਤੇ ਅਲੌਕਿਕ ਤੌਰ ਉੱਤੇ ਦੋਵੇਂ ਸਿਖਰਾਂ ਨੂੰ ਛੂੰਹਦਾ ਹੈ। ਦੂਜੇ ਧਰਮਾਂ ਦੇ ਪੁਰਾਤਨ ਸਭਿਆਚਾਰ ਤੇ ਗੁਰਮਤਿ ਸਭਿਆਚਾਰ ਵਿਚ ਵੱਡਾ ਅੰਤਰ ਹੈ। ਉਨ੍ਹਾਂ ਸਭਿਆਚਾਰਾਂ ਵਿਚ ਅਧਿਆਤਮਿਕ ਪੱਖ ਨੂੰ ਤਾਂ ਬਿਲਕੁਲ ਅਣਡਿੱਠ ਕੀਤਾ ਗਿਆ ਹੈ। ਅਧਿਆਤਮਿਕ ਪੱਖ ਤੋਂ ਉਹ ਸਭਿਆਚਾਰ ਪੂਰਨ ਨਹੀਂ ਸਨ ਕਿਉਂਕਿ ਪੁਰਾਤਨ ਕਿਸੇ ਵੀ ਧਰਮ ਵਿਚ ਜੀਵ ਤੇ ਬ੍ਰਹਮ ਵਿਚ ਸਿੱਧਾ ਸੰਪਰਕ ਕਾਇਮ ਕਰਨ ਦਾ ਯਤਨ ਨਹੀਂ ਕੀਤਾ ਗਿਆ। ਗੁਰਮਤਿ ਅਨੁਸਾਰ ਇਹ ਸੰਬੰਧ ਸਿੱਧਾ ਹੀ ਨਹੀਂ ਸਗੋਂ ਉਸ ਦੇ ਅੰਤਰ-ਆਤਮੇ ਵਿਚ ਸਮੋਇਆ ਹੋਇਆ ਹੈ:

ਚਤ੍ਰ ਚਕ੍ਰ ਵਰਤੀ ਚਤ੍ਰ ਚਕ੍ਰ ਭੁਗਤੇ॥
ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ॥
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ॥ (ਜਾਪ ਸਾਹਿਬ)

ਪੁਰਾਤਨ ਸਭਿਆਚਾਰ ਪਰਾਲੌਕਿਕ ਮੁਕਤੀ ਜਾਂ ਨਜ਼ਾਤ ਦੇ ਸੰਕਲਪ ’ਤੇ ਆਧਾਰਤ ਸਨ। ਜਿਸ ਅਨੁਸਾਰ ਮੁਕਤੀ ਜਾਂ ਨਜ਼ਾਤ ਮਨੁੱਖ ਨੂੰ ਮਰਨ ਤੋਂ ਬਾਅਦ ਹੀ ਮਿਲ ਸਕਦੀ ਸੀ ਉਸ ਤੋਂ ਪਹਿਲਾਂ ਬਿਲਕੁਲ ਹੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ।

ਇਸ ਦੇ ਉਲਟ ਗੁਰਮਤਿ ਵਿਚ ਜੀਵਨ ਮੁਕਤੀ ਦਾ ਸੰਕਲਪ ਪੇਸ਼ ਕੀਤਾ ਗਿਆ ਹੈ। ਜਲ ਵਿਚਕਾਰ ਕਮਲ ਜਾਂ ਮੁਰਗਾਬੀ ਵਾਂਗ ਹੀ ਗੁਰਸਿੱਖ ਵੀ ਮਾਇਆ ਵਿਚ ਨਿਰਲੇਪ ਰਹਿ ਸਕਦਾ ਹੈ। ਗੁਰੂ ਸਾਹਿਬ ਨੇ ਜੋ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਭਿਆਚਾਰ ਦਿੱਤਾ ਹੈ, ਉਹ ਜੀਵਨ ਮੁਕਤਿ ਦੇ ਆਦਰਸ਼ ’ਤੇ ਆਧਾਰਤ ਹੈ। ਜੀਵਨ ਮੁਕਤਿ ਵਿਅਕਤੀ ਲਈ ਇਹ ਦੁਨੀਆਂ ਵੀ ਮਹੱਤਵਪੂਰਨ ਹੈ, ਅਗਲੀ ਦੁਨੀਆਂ ਵੀ। ਅਗਲੀ ਦੁਨੀਆਂ ਦੀ ਪ੍ਰਾਪਤੀ ਲਈ ਉਸ ਨੂੰ ਇਸ ਦੁਨੀਆਂ ਦਾ ਤਿਆਗ ਕਰਨ ਜਾਂ ਇਸ ਤੋਂ ਕਿਨਾਰੇ ਹੋਣ ਦੀ ਲੋੜ ਨਹੀਂ। ਉਹ ਇਸ ਦੁਨੀਆਂ ਦਾ ਸੁਖ ਮਾਣਦਿਆਂ ਵੀ ਪਰਲੋਕ ਦੇ ਸੁਖਾਂ ਦਾ ਅਧਿਕਾਰੀ ਹੋ ਸਕਦਾ ਹੈ। ਗੁਰੂ ਜੀ ਨੇ ਫ਼ੁਰਮਾਇਆ ਹੈ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥  (ਪੰਨਾ 938)

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥  (ਪੰਨਾ 522)

ਇਹ ਲੋਕ ਸੁਖੀਏ ਪਰਲੋਕ ਸੁਹੇਲੇ॥
ਨਾਨਕ ਹਰਿ ਪ੍ਰਭਿ ਆਪਹਿ ਮੇਲੇ॥  (ਪੰਨਾ 293)

ਪੁਰਾਤਨ ਸਭਿਆਚਾਰ ਮਨੁੱਖੀ ਸਾਂਝ-ਵਿਹੂਣੇ ਹੋਣ ਕਰਕੇ ਆਪਣੇ ਧਾਰਮਿਕ ਸਿਧਾਂਤਾਂ ਤੇ ਚਿੰਨ੍ਹਾਂ ਨੂੰ ਇਕ ਦੂਜੇ ਉੱਤੇ ਜਬਰੀ ਥੋਪਣ ਦੀ ਕੋਸ਼ਿਸ਼ ਕਰਦੇ ਸਨ। ਇਸ ਨਾਲ ਸਮਾਜ ਵਿਚ ਖਿਚੋਤਾਣ ਤੇ ਵੈਰ-ਵਿਰੋਧ ਪੈਦਾ ਹੁੰਦਾ ਸੀ। ਮਨੁੱਖ ਮਨੁੱਖ ਦਾ ਦੁਸ਼ਮਣ ਬਣ ਜਾਂਦਾ ਸੀ। ਸਭਿਆਚਾਰਾਂ ਦੀ ਇਹ ਭਿੰਨਤਾ ਸਮਾਜ ਨੂੰ ਕੋਈ ਲਾਭ ਪਹੁੰਚਾਉਣ ਦੀ ਥਾਂ ਉਸ ਦੇ ਦੁੱਖਾਂ-ਕਲੇਸ਼ਾਂ ਦਾ ਕਾਰਨ ਬਣਦੀ ਸੀ। ਉਸ ਸਥਿਤੀ ਦਾ ਵਰਣਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਗੁਰਦਾਸ ਜੀ ਨੇ ਇਉਂ ਕੀਤਾ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥  (ਪੰਨਾ 662)

ਭਈ ਗਿਲਾਨਿ ਜਗਤ੍ਰਿ ਵਿਚਿ ਚਾਰਿ ਵਰਨਿ ਆਸ੍ਰਮ ਉਪਾਏ।
ਦਸਿ ਨਾਮਿ ਸੰਨਿਆਸੀਆਂ ਜੋਗੀ ਬਾਰਹ ਪੰਥਿ ਚਲਾਏ।
ਜੰਗਮ ਅਤੇ ਸਰੇਵੜੇ ਦਗੇ ਦਿਗੰਬਰਿ ਵਾਦਿ ਕਰਾਏ।
ਬ੍ਰਾਹਮਣਿ ਬਹੁ ਪਰਕਾਰ ਕਰਿ ਸਾਸਤ੍ਰਿ ਵੇਦ ਪੁਰਾਣਿ ਲੜਾਏ।
ਖਟੁ ਦਰਸਨ ਬਹੁ ਵੈਰਿ ਕਰਿ ਨਾਲਿ ਛਤੀਸਿ ਪਖੰਡ ਰਲਾਏ।
ਤੰਤ ਮੰਤ ਰਾਸਾਇਣਾ ਕਰਾਮਾਤਿ ਕਾਲਖਿ ਲਪਟਾਏ।
ਇਕਸਿ ਤੇ ਬਹੁ ਰੂਪਿ ਕਰਿ ਰੂਪਿ ਕੁਰੂਪੀ ਘਣੇ ਦਿਖਾਏ।
ਕਲਿਜੁਗਿ ਅੰਦਰਿ ਭਰਮਿ ਭੁਲਾਏ॥ (ਵਾਰ 1:19)

ਚਾਰਿ ਵਰਨ ਚਾਰਿ ਮਜਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕਬਰੀ ਖਿੰਚੋਤਾਣਿ ਕਰੇਨਿ ਧਿਙਾਣੇ।
ਗੰਗ ਬਨਾਰਸਿ ਹਿੰਦੂਆਂ ਮੱਕਾ ਕਾਬਾ ਮੁਸਲਮਾਣੇ।
ਸੁੰਨਤਿ ਮੁਸਲਮਾਣ ਦੀ ਤਿਲਕ ਜੰਝੂ ਹਿੰਦੂ ਲੋਭਾਣੇ।
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ।
ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ।
ਸਿਰੋ ਨ ਮਿਟੇ ਆਵਣਿ ਜਾਣੇ॥ (ਵਾਰ 1:21)

ਇਸ ਰੋਲ਼-ਘਚੋਲੇ ਤੇ ਖਹਿਬਾਜ਼ੀ ਨੂੰ ਸਮਾਜ ਵਿੱਚੋਂ ਦੂਰ ਕਰਨ ਅਮਨ-ਸ਼ਾਂਤੀ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਲਈ ਗੁਰੂ ਸਾਹਿਬ ਨੇ ਪੰਜਾਬ ਨੂੰ ਸ਼ਬਦ- ਸਭਿਆਚਾਰ ਦੀ ਵਡਮੁੱਲੀ ਦਾਤ ਬਖਸ਼ੀ। ਅੰਮ੍ਰਿਤ ਬਾਣੀ ਦੇ ਰੂਪ ਵਿਚ ਉਨ੍ਹਾਂ ਨੇ ਇਕ ਅਜਿਹੇ ਅਲੌਕਿਕ ਅਤੇ ਦੈਵੀ ਸਾਹਿਤ ਦੀ ਰਚਨਾ ਕੀਤੀ ਜੋ ਸਭ ਦੇ ਹਿਤ ਨੂੰ ਮੁੱਖ ਰੱਖਦਾ ਹੈ, ਰੱਬੀ ਨੇੜਤਾ ਦਾ ਅਹਿਸਾਸ ਕਰਵਾਉਂਦਾ ਹੈ ਤੇ ਸਰਬ-ਸਾਂਝੀਵਾਲਤਾ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਜੀ ਨੇ ਫ਼ੁਰਮਾਇਆ ਹੈ:

ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥
ਨਉ ਨਿਧਿ ਤੇਰੈ ਅਖੁਟ ਭੰਡਾਰਾ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ॥
ਸਭੁ ਕੋ ਆਸੈ ਤੇਰੀ ਬੈਠਾ॥
ਘਟ ਘਟ ਅੰਤਰਿ ਤੂੰਹੈ ਵੁਠਾ॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)

ਮਨੁੱਖਤਾ ਦੀ ਇਹ ਸਾਂਝ ਗੁਰਬਾਣੀ ਦੇ ਭਾਵ ਰੂਪ ਤਕ ਹੀ ਸੀਮਤ ਨਹੀਂ ਰਹੀ ਸਗੋਂ ਗੁਰਬਾਣੀ ਦੀ ਆਪਣੀ ਸਾਂਝ ਵੀ ਦੂਜੇ ਸੰਤ- ਭਗਤਾਂ ਦੀ ਬਾਣੀ ਨਾਲ ਸਦੀਵੀ ਤੌਰ ’ਤੇ ਸਥਾਪਤ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨ ਅਤੇ ਭਾਰਤ ਵਰਸ਼ ਦੇ ਸੰਤਾਂ, ਭਗਤਾਂ, ਇਕ ਮੁਸਲਮਾਨ ਫ਼ਕੀਰ ਅਤੇ ਸਿੱਖਾਂ ਅਤੇ ਭੱਟਾਂ ਦੀ ਬਾਣੀ ਇਕੱਤਰ ਕਰ ਕੇ ਇਕ ਸਰਬ-ਸਾਂਝੇ ਬਾਣੀ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। ਇਹ ਮਹਾਨ ਗ੍ਰੰਥ ਭਾਰਤ ਦੇ ਭਿੰਨ-ਭਿੰਨ ਸਭਿਆਚਾਰਾਂ ਦਾ ਪਵਿੱਤਰ ਮੁਜੱਸਮਾ ਬਣ ਗਿਆ। ਇਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ, ਜਿਸ ਦੇ ਚਾਰ ਦਰਵਾਜ਼ੇ ਚਾਰੇ ਦਿਸ਼ਾਵਾਂ ਵੱਲ ਖੁੱਲ੍ਹਦੇ ਹਨ। ਇਹ ਅਦੁੱਤੀ ਗ੍ਰੰਥ ਪੰਜਾਬ ਦੇ ਸਭਿਆਚਾਰ ਦਾ ਧੁਰਾ ਹੈ ਜੋ ਅਧਿਆਤਮਿਕ, ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਕ, ਸਦਾਚਾਰਕ, ਸਾਹਿਤਕ ਅਤੇ ਭਾਸ਼ਾਈ ਸਭਿਆਚਾਰਾਂ ਦਾ ਸੋਮਾ ਅਤੇ ਅਣਮੋਲ ਖਜ਼ਾਨਾ ਹੈ। ਪੰਜਾਬ ਦੀ ਜਨਤਾ ਜੇ ਇਸ ਧੁਰੇ ਨਾਲ ਜੁੜੀ ਰਹੇਗੀ ਤਾਂ ਖੁਸ਼ਹਾਲੀ ਵੱਲ ਵਧਦੀ ਜਾਵੇਗੀ ਪਰ ਜੇ ਅਸੀਂ ਇਸ ਧੁਰੇ ਨੂੰ ਛੱਡ ਜਾਵਾਂਗੇ ਤਾਂ ਘੁੰਮਣ-ਘੇਰੀ ਵਿਚ ਫਸ ਜਾਵਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਤੋਂ ਅੱਖਾਂ ਬੰਦ ਕਰ ਕੇ ਚੱਲਣ ਵਾਲਾ ਨਾ ਕੋਈ ਆਗੂ, ਨਾ ਕੋਈ ਸੰਤ- ਮਹਾਤਮਾ, ਨਾ ਕੋਈ ਸਾਹਿਤਕਾਰ, ਨਾ ਕੋਈ ਵਿਦਵਾਨ ਤੇ ਨਾ ਕੋਈ ਕਲਾਕਾਰ ਮਹਾਨ ਹੋ ਸਕਦਾ ਹੈ। ਗੁਰਬਾਣੀ ਦੀ ਮਹੱਤਤਾ ਬਾਰੇ ਗੁਰੂ ਸਾਹਿਬ ਨੇ ਫ਼ੁਰਮਾਇਆ ਹੈ:

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਪੰਨਾ 1064)
 
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ (ਪੰਨਾ 1066)

ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ॥
ਅੰਤਰਿ ਹਰਿ ਨਾਮੁ ਸਬਦਿ ਸੁਹਾਵਾ॥
ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ॥ (ਪੰਨਾ 1065)

ਧੁਰ ਕੀ ਬਾਣੀ ਆਈ॥
ਤਿਨਿ ਸਗਲੀ ਚਿੰਤ ਮਿਟਾਈ॥
ਦਇਆਲ ਪੁਰਖ ਮਿਹਰਵਾਨਾ॥
ਹਰਿ ਨਾਨਕ ਸਾਚੁ ਵਖਾਨਾ॥ (ਪੰਨਾ 628)

ਪੁਰਾਤਨ ਸਭਿਆਚਾਰ ਵਿਚ ਗ੍ਰਿਹਸਤ ਅਤੇ ਅਧਿਆਤਮ ਦੋਵੇਂ ਵੱਖ-ਵੱਖ ਅਤੇ ਇਕ ਦੂਜੇ ਦੇ ਵਿਰੋਧੀ ਸਮਝੇ ਜਾਂਦੇ ਸਨ। ਅਧਿਆਤਮਿਕ ਪ੍ਰਾਪਤੀ ਦੇ ਅਭਿਲਾਸ਼ੀ ਤੇ ਖੋਜੀ ਅਧਿਆਤਮਿਕ ਸਾਧਨਾ ਤੇ ਤਪੱਸਿਆ ਕਰਨ ਲਈ ਘਰ-ਬਾਰ ਦਾ ਤਿਆਗ ਕਰਕੇ ਦੁਨਿਆਵੀ ਤੇ ਪਰਿਵਾਰਕ ਸਬੰਧਾਂ ਤੋਂ ਮੂੰਹ ਮੋੜ ਕੇ ਭਾਵ ਉਦਾਸੀਨ ਹੋ ਕੇ ਕਿਸੇ ਡੇਰੇ, ਮੱਠ, ਨਦੀ ਕਿਨਾਰੇ, ਜੰਗਲਾਂ ਜਾਂ ਤਪੋਵਨ ਵਿਚ ਚਲੇ ਜਾਂਦੇ ਸਨ। ਹਿੰਦੂ ਸ਼ਾਸਤਰਾਂ ਅਨੁਸਾਰ ਤਾਂ ਮਨੁੱਖ ਦਾ ਜੀਵਨ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਸੀ। ਇਨ੍ਹਾਂ ਨੂੰ ਚਾਰ ਆਸ਼ਰਮ ਕਿਹਾ ਜਾਂਦਾ ਹੈ। ਬ੍ਰਹਮ ਚਾਰਜ, ਗ੍ਰਿਹਸਤ, ਬਾਨਪ੍ਰਸਥ ਤੇ ਸੰਨਿਆਸ। ਜਨਮ ਤੋਂ 25 ਸਾਲ ਦੀ ਉਮਰ ਤੀਕ ਬ੍ਰਹਮਚਾਰੀ, ਗ੍ਰਿਹਸਤ ਆਸ਼ਰਮ 25 ਤੋਂ 50 ਸਾਲ ਦੀ ਉਮਰ ਤਕ ਮੰਨਿਆ ਜਾਂਦਾ ਸੀ। ਇਸ ਤੋਂ ਬਾਅਦ 75 ਸਾਲ ਦੀ ਉਮਰ ਵਿਚ ਦੁਨੀਆਂ ਤੋਂ ਪੂਰਾ ਸੰਨਿਆਸ ਲੈਣਾ ਹੁੰਦਾ ਸੀ ਤੇ ਭੀਖ ਮੰਗ ਕੇ ਗੁਜ਼ਾਰਾ ਕਰਨਾ ਹੁੰਦਾ ਸੀ। ਗੁਰੂ ਜੀ ਨੇ ਮਨੁੱਖ ਨੂੰ ਗ੍ਰਿਹਸਤੀ ਜੀਵਨ ਜਿਉਂਦਿਆਂ ਹੀ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਭਗਤ ਨਾਮਦੇਵ ਜੀ ਨੇ ਥੋੜ੍ਹੇ ਸ਼ਬਦਾਂ ਵਿਚ ਹੀ ਇਕ ਮੁਕੰਮਲ ਸਿਧਾਂਤ ਦੁਨੀਆਂ ਅੱਗੇ ਰੱਖਿਆ। ਭਗਤ ਜੀ ਨੇ ਕਿਹਾ:

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਲਿ੍॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ 1375)

ਭਾਰਤੀ ਵੰਡ ਅਨੁਸਾਰ ਗ੍ਰਿਹਸਤ ਸਭ ਤੋਂ ਨੀਵਾਂ ਅਤੇ ਸੰਨਿਆਸ ਸਭ ਤੋਂ ਉੱਚਾ ਆਸ਼ਰਮ ਮੰਨਿਆ ਜਾਂਦਾ ਸੀ। ਗੁਰੂ ਜੀ ਨੇ ਗ੍ਰਿਹਸਤ ਨੂੰ ਸਭ ਤੋਂ ਉੱਤਮ ਮੰਨਿਆ ਤੇ ਬਾਕੀ ਦੋ ਆਸ਼ਰਮਾਂ ਬਾਨਪ੍ਰਸਥ ਅਤੇ ਸੰਨਿਆਸ ਨੂੰ ਕੋਈ ਮਹੱਤਵ ਨਹੀਂ ਦਿੱਤਾ। ਉਨ੍ਹਾਂ ਨੂੰ ਬਿਲਕੁਲ ਬੇਲੋੜੇ ਸਮਝਿਆ ਗਿਆ ਹੈ। ਜੋ ਗੁਰਸਿੱਖ ਘਰ ਵਿਚ ਰਹਿੰਦਿਆਂ ਪਰਵਾਰ ਦੇ ਫਰਜ਼ ਨਿਭਾਉਂਦਾ ਗੁਰੂ ਦੀ ਬਾਣੀ ਵਿਚ ਚਿੱਤ ਲਾਉਂਦਾ ਹੈ, ਉਸ ਨੂੰ ਹੋਰ ਵਿਸ਼ੇਸ਼ ਸਾਧਨਾ ਅਤੇ ਜੰਗਲਾਂ ਵਿਚ ਭਟਕਣ ਦੀ ਸੁਭਾਵਿਕ ਤੌਰ ’ਤੇ ਹੀ ਕੋਈ ਲੋੜ ਨਹੀਂ ਰਹਿ ਜਾਂਦੀ। ਇਸ ਦੇ ਉਲਟ ਸੰਨਿਆਸ ਵਿਚ ਮਨੁੱਖ ਆਪਣੀਆਂ ਵਾਸ਼ਨਾਵਾਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦਾ ਇਸ ਕਰਕੇ ਉਸ ਦਾ ਚਿਤ ਡੋਲਦਾ ਰਹਿੰਦਾ ਹੈ ਅਤੇ ਉਹ ਕਈ ਵਾਰ ਕੁਕਰਮਾਂ ਵੱਲ ਵੀ ਪਰਵਿਰਤ ਹੋ ਜਾਂਦਾ ਹੈ। ਇਸ ਲਈ ਵੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਗ੍ਰਿਹਸਤ ਜੀਵਨ ਦਾ ਤਿਆਗ ਕਰਨ ਤੋਂ ਵਰਜਿਆ ਹੈ। ਗ੍ਰਿਹਸਤ ਵਿਚ ਰਹਿੰਦਿਆਂ ਹੀ ਆਪਣੀਆਂ ਵਾਸ਼ਨਾਵਾਂ, ਇੱਛਾਵਾਂ ਅਤੇ ਤ੍ਰਿਸ਼ਨਾਵਾਂ ਤੋਂ ਉੱਪਰ ਉੱਠਣ ਤੇ ਉਦਾਸ ਰਹਿਣ ਦਾ ਮਾਰਗ ਦਰਸਾਇਆ ਹੈ। ਉਨ੍ਹਾਂ ਨੇ ਫ਼ੁਰਮਾਇਆ ਹੈ:

ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ॥  (ਪੰਨਾ 1070)

ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ॥   (ਪੰਨਾ 140)

ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ॥ (ਪੰਨਾ 587)

ਸਤਿਗੁਰ ਕੀ ਐਸੀ ਵਡਿਆਈ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥ (ਪੰਨਾ 661)

ਗੁਰਸਿੱਖਾਂ ਲਈ ਜਿੱਥੇ ਇਕ ਪਾਸੇ ਗ੍ਰਿਹਸਤੀ ਵਿਚ ਰਹਿਣ ਦਾ ਉਪਦੇਸ਼ ਹੈ ਉਥੇ ਉਨ੍ਹਾਂ ਨੂੰ ਨਾਮ-ਬਾਣੀ ਨਾਲ ਜੁੜੇ ਰਹਿਣ ਦੀ ਵੀ ਤਾਕੀਦ ਹੈ। ਗ੍ਰਿਹਸਤ ਵਿਚ ਰਹਿੰਦਿਆਂ ਅਧਿਆਤਮਿਕ ਸਾਧਨਾ ਕਰਨ ਵਾਲਾ, ਮਨ ਦੇ ਵਿਸ਼ੇ-ਵਿਕਾਰਾਂ ਨੂੰ ਕਾਬੂ ਵਿਚ ਰੱਖਣ ਵਾਲਾ ਅਤੇ ਧਰਮ ਦੀ ਕਿਰਤ-ਕਮਾਈ ਕਰਕੇ ਪਰਵਾਰ ਦੀ ਪਾਲਣਾ ਕਰਨ ਵਾਲਾ ਤੇ ਆਪਣੀ ਕਮਾਈ ਵਿੱਚੋਂ ਲੋੜਵੰਦਾਂ ਨੂੰ ਪੁੰਨ-ਦਾਨ ਕਰਨ ਵਾਲਾ ਗ੍ਰਿਹਸਤੀ ਹੀ ਮਹਾਨ ਮੰਨਿਆ ਗਿਆ ਹੈ। ਗੁਰੂ ਜੀ ਨੇ ਉਸ ਗ੍ਰਿਹਸਤੀ ਨੂੰ ਗੰਗਾ ਜਲ ਵਰਗਾ ਪਵਿੱਤਰ ਮੰਨਿਆ ਹੈ:

ਸੋ ਗਿਰਹੀ ਜੋ ਨਿਗ੍ਰਹੁ ਕਰੈ॥
ਜਪੁ ਤਪੁ ਸੰਜਮੁ ਭੀਖਿਆ ਕਰੈ॥
ਪੁੰਨ ਦਾਨ ਕਾ ਕਰੇ ਸਰੀਰੁ॥
ਸੋ ਗਿਰਹੀ ਗੰਗਾ ਕਾ ਨੀਰੁ॥ (ਪੰਨਾ 952)

ਅਨਦਿਨੁ ਕੀਰਤਨੁ ਕੇਵਲ ਬਖ੍ਹਾਨੁ॥
ਗ੍ਰਿਹਸਤ ਮਹਿ ਸੋਈ ਨਿਰਬਾਨੁ॥ (ਪੰਨਾ 281)

ਗੁਰਮਤਿ ਅਨੁਸਾਰ ਸਿੱਖ ਨੇ ਆਪਣਾ ਚਿਤ ਤਾਂ ਹਰ ਵੇਲੇ ਹੀ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖਣਾ ਹੈ ਪਰ ਵਿਸ਼ੇਸ਼ ਨਾਮ ਅਭਿਆਸ ਕਰਨ ਲਈ, ਧਿਆਨ ਨੂੰ ਇਕਾਗਰ ਕਰਨ ਲਈ ਅਤੇ ਗੁਰਬਾਣੀ ਦਾ ਪਾਠ ਕਰਨ ਲਈ ਅੰਮ੍ਰਿਤ ਵੇਲਾ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਹ ਵੇਲਾ ਹੀ ਇਕ ਅਜਿਹਾ ਵੇਲਾ ਹੁੰਦਾ ਹੈ ਜਦੋਂ ਸਾਰਾ ਵਾਤਾਵਰਨ ਸ਼ਾਂਤ ਹੁੰਦਾ ਹੈ ਤੇ ਮਨ ਦੀਆਂ ਬਿਰਤੀਆਂ ਵੀ ਕੰਮਾਂ-ਕਾਰਾਂ ਵਿਚ ਖਿੰਡੀਆਂ ਨਹੀਂ ਹੁੰਦੀਆਂ। ਆਤਮਿਕ ਅਨੁਭਵ ਅਤਿ ਸੂਖਮ ਪਦਾਰਥ ਹੈ, ਇਸ ਦਾ ਰਸ ਪੂਰਨ ਟਿਕਾਉ ਦੀ ਅਵਸਥਾ ਵਿਚ ਹੀ ਚੱਖਿਆ ਜਾ ਸਕਦਾ ਹੈ। ਗੁਰਬਾਣੀ ਵਿਚ ਅੰਮ੍ਰਿਤ ਵੇਲੇ ਉੱਠਣ ਤੇ ਨਾਮ ਜਪਣ ਦਾ ਤੇ ਬਾਣੀ ਦਾ ਉਚਾਰਨ ਕਰਨ ਦਾ ਉਪਦੇਸ਼ ਕੀਤਾ ਗਿਆ ਹੈ। ਫ਼ੁਰਮਾਨ ਹੈ:

ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ॥
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ॥ (ਪੰਨਾ 146)

ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ॥
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ॥  (ਪੰਨਾ 319)

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥  (ਪੰਨਾ 305)

ਅਜਿਹੇ ਗੁਰਸਿੱਖ ਜਿਉੜਿਆਂ ਤੋਂ ਸਤਿਗੁਰੂ ਬਲਿਹਾਰ ਜਾਂਦੇ ਹਨ। ਸਤਿਗੁਰਾਂ ਦਾ ਫ਼ੁਰਮਾਨ ਹੈ:

ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ॥  (ਪੰਨਾ 590)

ਭਾਈ ਕਾਨ੍ਹ ਸਿੰਘ ਨੇ ‘ਗੁਰਮਤਿ ਮਾਰਤੰਡ’ ਵਿਚ ਤਿੰਨ ਪ੍ਰਕਾਰ ਦੇ ਧਾਰਮਿਕ ਸੰਸਕਾਰ ਮੰਨੇ ਹਨ। ਉਤਮ ਪ੍ਰਕਾਰ ਦੇ ਧਾਰਮਿਕ ਸੰਸਕਾਰ ਉਹ ਹਨ ਜਿਨ੍ਹਾਂ ਵਿਚ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਸਰੀਰ ਤੇ ਸਮਾਜ ਲਈ ਉਪਯੋਗੀ ਹੋਣ ਜਿਵੇਂ ਸਿੱਖਾਂ ਦੇ ਕਕਾਰ ਕੇਸ, ਕਛਾ, ਕੰਘਾ, ਕੜਾ, ਕਿਰਪਾਨ ਆਦਿ। ਮਧਮ ਸੰਸਕਾਰ ਉਹ ਹਨ ਜਿਨ੍ਹਾਂ ਤੋਂ ਸਰੀਰ ਨੂੰ, ਦੇਸ਼ ਨੂੰ ਕੋਈ ਲਾਭ ਨਾ ਹੋਵੇ। ਜਟਾ, ਭਸਮ, ਜਨੇਊ ਤੇ ਕੰਠੀ ਆਦਿ। ਤੀਜੀ ਭਾਂਤ ਦੇ ਨਖਿਧ ਸੰਸਕਾਰ ਉਹ ਹਨ ਜਿਵੇਂ ਕਿ ਕੰਨਾਂ ਨੂੰ ਵਿੰਨਣਾ, ਸੁੰਨਤ ਕਰਨਾ, ਮੁੰਡਨ ਕਰਨਾ ਆਦਿ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰ ਕੇ ਉਨ੍ਹਾਂ ਸਿੱਖਾਂ ਲਈ ਉਤਮ ਕਿਸਮ ਦੇ ਸੰਸਕਾਰ ਸਥਾਪਤ ਕੀਤੇ ਅਤੇ ਆਦਰਸ਼ਕ ਰਹਿਤ ਮਰਯਾਦਾ ਨਿਸ਼ਚਿਤ ਕੀਤੀ। ਇਹ ਰਹਿਤ ਸਿੱਖਾਂ ਦੇ ਜੀਵਨ ਨੂੰ ਪਵਿੱਤਰ, ਹਿਰਦਾ ਸ਼ੁੱਧ ਤੇ ਉਸ ਦੇ ਸਰੂਪ ਨੂੰ ਸੁੰਦਰ ਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ। ਖਾਲਸੇ ਲਈ ਨਾਮ ਜਪਣਾ, ਗੁਰਬਾਣੀ ਦਾ ਨਿਤਨੇਮ ਕਰਨਾ ਅਤੇ ਪੰਜ ਕਕਾਰ ਧਾਰਨ ਕਰਨੇ ਜ਼ਰੂਰੀ ਕਰਾਰ ਦਿੱਤੇ ਗਏ। ਇਸ ਦੇ ਨਾਲ ਹੀ ਸਿੱਖਾਂ ਨੂੰ ਚਾਰ ਕੁਰਹਿਤਾਂ ਦੀ ਸਖ਼ਤ ਮਨਾਹੀ ਕੀਤੀ ਗਈ। ਇਹ ਕੁਰਹਿਤਾਂ ਹਨ, ਕੇਸਾਂ ਦੀ ਬੇਅਦਬੀ ਕਰਨੀ, ਪਰ-ਇਸਤਰੀ ਗਮਨ, ਤਮਾਕੂ ਦੀ ਵਰਤੋਂ ਅਤੇ ਕੁੱਠਾ ਖਾਣਾ। ਇਨ੍ਹਾਂ ਵਿੱਚੋਂ ਕੋਈ ਵੀ ਕੁਰਹਿਤ ਹੋ ਜਾਣ ’ਤੇ ਸਿੱਖ ਦੰਡ ਦਾ ਭਾਗੀ ਹੋ ਜਾਂਦਾ ਹੈ ਤੇ ਗੁਰੂ ਨਾਲ ਉਸ ਦਾ ਆਤਮਿਕ ਰਿਸ਼ਤਾ ਖ਼ਤਮ ਹੋ ਜਾਂਦਾ ਹੈ ਤੇ ਉਹ ਪਤਿਤ ਗਿਣਿਆ ਜਾਂਦਾ ਹੈ। ਉਸ ਨੂੰ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਤਨਖਾਹ ਲਗਵਾਉਣੀ ਪੈਂਦੀ ਹੈ ਤੇ ਉਸ ਨੂੰ ਦੁਬਾਰਾ ਅੰਮ੍ਰਿਤ ਛਕਾਇਆ ਜਾਂਦਾ ਹੈ। ਗੁਰੂ ਸਾਹਿਬ ਵੱਲੋਂ ਧਾਰਨ ਕਰਵਾਏ ਕਿਰਪਾਨ ਦੇ ਸੰਸਕਾਰ ਨੇ ਹਿੰਦੁਸਤਾਨ ਦੇ ਇਤਿਹਾਸ ਵਿਚ ਜੋ ਮਹਾਨ ਯੋਗਦਾਨ ਪਾਇਆ ਹੈ, ਉਹ ਦੁਨੀਆਂ ਵਿਚ ਪ੍ਰਗਟ ਹੈ। ਇਸੇ ਤਰ੍ਹਾਂ ਕਛਹਿਰੇ ਦੇ ਧਾਰਨ ਕਰਨ ਨਾਲ ਮਨੁੱਖ ਦਾ ਨੰਗ ਪੂਰੀ ਤਰ੍ਹਾਂ ਢੱਕਿਆ ਜਾਂਦਾ ਹੈ। ਇਹ ਕਕਾਰ ਸਿੱਖ ਨੂੰ ‘ਏਕਾ ਨਾਰੀ ਸਦਾ ਜਤੀ’ ਦੇ ਸਿਧਾਂਤ ਪ੍ਰਤੀ ਹਮੇਸ਼ਾ ਸੁਚੇਤ ਕਰਦਾ ਹੈ। ਗੁਰਸਿੱਖ ਇਹ ਰਹਿਤ ਧਾਰਨ ਕਰਨ ਕਰਕੇ ਏਡਜ਼ ਵਰਗੀਆਂ ਮਾਰੂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਸਮਾਜਿਕ ਤੇ ਸਦਾਚਾਰਕ ਤੌਰ ’ਤੇ ਇਹ ਕਕਾਰ ਵੀ ਉੱਤਮ ਦਰਜਾ ਰੱਖਦਾ ਹੈ। ਦਾੜ੍ਹੀ ਅਤੇ ਕੇਸ ਮਨੁੱਖ ਨੂੰ ਗਿਆਨਵਾਨ, ਜ਼ਿੰਮੇਵਾਰ, ਸਦਾਚਾਰੀ ਅਤੇ ਚੰਗਾ ਸ਼ਹਿਰੀ ਬਣਨ ਦੀ ਪ੍ਰੇਰਨਾ ਦਿੰਦੇ ਹਨ। ਇਸ ਦੇ ਨਾਲ ਹੀ ਇਹ ਮਨੁੱਖ ਨੂੰ ਸੁੰਦਰਤਾ ਤੇ ਤਾਜ਼ਗੀ ਵੀ ਬਖਸ਼ਦੇ ਹਨ। ਦਾੜ੍ਹੀ ਅਤੇ ਕੇਸ ਮਨੁੱਖ ਦੇ ਮਰਦਾਵੇਂਪਣ ਦੀ ਨਿਸ਼ਾਨੀ ਅਤੇ ਸਵੈਮਾਣ ਦਾ ਪ੍ਰਤੀਕ ਹੈ। ਇਸ ਤਰ੍ਹਾਂ ਰਹਿਤਾਂ ਦਾ ਮਨੁੱਖੀ ਜੀਵਨ ਸਵੱਛ ਬਣਾਉਣ ਵਿਚ ਵੱਡਾ ਯੋਗਦਾਨ ਹੈ। ਸਤਿਗੁਰਾਂ ਦਾ ਫ਼ੁਰਮਾਨ ਹੈ:

ਸਾਬਤ ਸੂਰਤ ਰੱਬ ਦੀ ਭੰਨੈ ਬੇਈਮਾਨ।

ਤਥਾ

…ਸਾਬਤ ਸੂਰਤ ਦਸਤਾਰ ਸਿਰਾ॥

ਕੁੱਠਾ ਮਾਸ ਮਨੁੱਖ ਨੂੰ ਬੇਰਹਿਮ ਤੇ ਨਿਰਦਈ ਬਣਾਉਂਦਾ ਹੈ ਕਿਉਂਕਿ ਇਹ ਮਾਸ ਬੇਰਹਿਮੀ ਨਾਲ ਤਿਆਰ ਕੀਤਾ ਜਾਂਦਾ ਹੈ। ਪਰ-ਇਸਤਰੀ ਗਮਨ ਜਿੱਥੇ ਸਮਾਜਿਕ ਤੌਰ ’ਤੇ ਇਕ ਲਾਹਨਤ ਹੈ ਉਥੇ ਸਰੀਰਿਕ ਤੌਰ ’ਤੇ ਅਤੇ ਆਤਮਿਕ ਤੌਰ ’ਤੇ ਇਕ ਮਾਰੂ ਪ੍ਰਵਿਰਤੀ ਹੈ। ਸਤਿਗੁਰਾਂ ਨੇ ਕਾਮ ਨੂੰ ਮੁੱਢੋਂ ਮਾਰਨ ਦੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਕਾਮ ਨੂੰ ਦੁਨੀਆਂ ਦੇ ਵਿਕਾਸ ਲਈ ਜ਼ਰੂਰੀ ਅਤੇ ਕੁਦਰਤ ਦੀ ਦੇਣ ਮੰਨਿਆ। ਪਰੰਤੂ ਇਸ ਵਿਚ ਸੰਜਮ ਅਤੇ ਨਿਯੰਤਰਣ ਉੱਤੇ ਜ਼ੋਰ ਦਿੱਤਾ ਹੈ। ਗੁਰੂ ਸਾਹਿਬ ਨੇ ਤਾਂ ਪਰ-ਇਸਤਰੀ ਗਮਨ ਤੋਂ ਸਿੱਖਾਂ ਨੂੰ ਪੂਰੀ ਤਰ੍ਹਾਂ ਵਿਵਰਜਿਤ ਕੀਤਾ ਹੈ। ਸੰਨਿਆਸ ਧਾਰਨ ਦਾ ਖੰਡਨ ਅਤੇ ਗ੍ਰਿਹਸਤ ਨੂੰ ਜ਼ਰੂਰੀ ਕਰਾਰ ਦਿੱਤਾ ਹੈ। ਸੰਨਿਆਸੀ, ਉਦਾਸੀ, ਬੈਰਾਗੀ ਭਾਵ ਸੰਸਾਰ ਤਿਆਗਣ ਦੀਆਂ ਬਿਰਤੀਆਂ ਦਾ ਖੰਡਨ ਕੀਤਾ ਹੈ ਅਤੇ ਸੰਸਾਰ ਵਿਚ ਰਹਿੰਦਿਆਂ ਪੂਰਾ ਸੰਜਮੀ ਜੀਵਨ ਜਿਉਣ ਦਾ ਉਪਦੇਸ਼ ਕੀਤਾ ਹੈ। ਪਾਤਸ਼ਾਹ ਦਾ ਫ਼ੁਰਮਾਨ ਹੈ:

ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ॥  (ਪੰਨਾ 1013)

ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ 1164)

ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ॥  (ਪੰਨਾ 949)

ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ॥ (ਪੰਨਾ 26)

ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ॥
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ॥ (ਪੰਨਾ 1377)

ਇਸੇ ਤਰ੍ਹਾਂ ਤਮਾਕੂ ਅਤੇ ਹੋਰ ਨਸ਼ੇ ਮਨੁੱਖ ਲਈ ਕਈ ਤਰ੍ਹਾਂ ਦੀਆਂ ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਸਹੇੜਦੇ ਹਨ। ਮੂੰਹ ਤੋਂ ਮੰਦੀ ਹਵਾੜ ਆਉਂਦੀ ਹੈ।

ਅੱਜ ਸਾਰੇ ਸੰਸਾਰ ਵਿਚ ਤਮਾਕੂ ਅਤੇ ਏਡਜ਼ ਦੀ ਬਿਮਾਰੀ ਦੇ ਖਿਲਾਫ਼ ਬਹੁਤ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਅਜਿਹੀਆਂ ਲਾਹਨਤਾਂ ਤੋਂ ਪਹਿਲਾਂ ਹੀ ਦੂਰ ਕਰ ਦਿੱਤਾ ਸੀ।

ਭੰਗ ਅਫੀਮ ਪੋਸਤ ਮੱਦ, ਉਤਰ ਜਾਏ ਪ੍ਰਭਾਤ।
ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ ਰਾਤ।

ਇਸ ਤਰ੍ਹਾਂ ਜਿਹੜੇ ਵੀ ਸੰਸਕਾਰ ਜਾਂ ਮਨਾਹੀਆਂ ਗੁਰੂ ਸਾਹਿਬ ਨੇ ਸਿੱਖੀ ਲਈ ਨਿਸ਼ਚਿਤ ਕੀਤੀਆਂ ਉਨ੍ਹਾਂ ਦੀ ਸਰੀਰਕ, ਸਮਾਜਿਕ, ਰਾਜਨੀਤਿਕ, ਸਭਿਆਚਾਰਕ, ਆਰਥਿਕ, ਅਧਿਆਤਮਿਕ, ਧਾਰਮਿਕ, ਵਿਗਿਆਨਕ ਅਤੇ ਸਦਾਚਾਰਕ ਮਹੱਤਤਾ ਹੈ। ਉਨ੍ਹਾਂ ਨੂੰ ਦੂਜੇ ਧਰਮਾਂ ਦੇ ਚਿੰਨ੍ਹਾਂ ਵਾਂਗ ਨਹੀਂ ਵੇਖਿਆ ਜਾ ਸਕਦਾ ਅਤੇ ਸਿਰਫ਼ ਚਿੰਨ੍ਹ ਸਮਝ ਕੇ ਨਕਾਰਿਆ ਨਹੀਂ ਜਾ ਸਕਦਾ। ਇਨ੍ਹਾਂ ਦਾ ਬਹੁਪੱਖੀ ਮਹੱਤਵ ਸਦਾ ਹੀ ਕਾਇਮ ਰਹੇਗਾ। ਸਗੋਂ ਅੱਜ ਦੇ ਸਾਇੰਸ ਦੇ ਯੁੱਗ ਵਿਚ ਇਨ੍ਹਾਂ ਦਾ ਮਹੱਤਵ ਹੋਰ ਵਧਿਆ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਸਿੱਖਾਂ ਭਾਈ ਨੰਦ ਲਾਲ, ਭਾਈ ਦਇਆ ਸਿੰਘ, ਭਾਈ ਚੌਪਾ ਸਿੰਘ ਆਦਿ ਨੇ ਸਿੱਖਾਂ ਲਈ ਰਹਿਤਨਾਮੇ ਲਿਖ ਕੇ ਗੁਰਮਤਿ ਸਭਿਆਚਾਰ ਵਿਚ ਵਡਮੁੱਲਾ ਯੋਗਦਾਨ ਪਾਇਆ। ਇਨ੍ਹਾਂ ਰਹਿਤਨਾਮਿਆਂ ਵਿਚ ਅਜਿਹੇ ਅਸੂਲ ਦਰਸਾਏ ਗਏ ਹਨ, ਜਿਨ੍ਹਾਂ ਨਾਲ ਗੁਰਸਿੱਖ ਦਾ ਜੀਵਨ ਸੁਤੇ-ਸਿਧ ਹੀ ਆਦਰਸ਼ਕ ਹੋ ਜਾਂਦਾ ਹੈ। ਭਾਈ ਚੌਪਾ ਸਿੰਘ ਦੇ ਰਹਿਤਨਾਮੇ ਵਿਚ ਲਿਖਿਆ ਹੈ:

1. ਗੁਰੂ ਕਾ ਸਿੱਖ ਸ਼ਰਾਬ ਕਦੀ ਨ ਪੀਵੇ।
2. ਗੁਰੂ ਕਾ ਸਿੱਖ ਕੰਨਿਆ ਨਾ ਮਾਰੇ, ਕੁੜੀਮਾਰ ਨਾਲ ਨਾ ਵਰਤੇ।
3. ਕੰਨਿਆ ਦਾ ਪੈਸਾ ਨਾ ਖਾਵੇ।

ਅੱਜ ਦੇ ਸਮਾਜ ਵਿਚ ਇਨ੍ਹਾਂ ਆਦਰਸ਼ਾਂ ਦਾ ਵੱਡਾ ਮਹੱਤਵ ਹੈ। ਸਾਡੇ ਲੋਕ ਅੱਜ ਕੁੜੀਆਂ ਮਾਰਨ ਵਿਚ ਪਿਛਲੇ ਸਮਿਆਂ ਤੋਂ ਵੀ ਅੱਗੇ ਲੰਘ ਗਏ ਹਨ। ਆਧੁਨਿਕ ਯੰਤਰਾਂ ਦੇ ਆ ਜਾਣ ਨਾਲ ਕੁੜੀਆਂ ਦਾ ਜੰਮਣਾ ਹੀ ਮੁਸ਼ਕਲ ਹੋ ਗਿਆ ਹੈ। ਮਾਦਾ ਭਰੂਣ ਹੱਤਿਆ ਸਮਾਜ ਲਈ ਇਕ ਭਾਰੀ ਸਮੱਸਿਆ ਬਣ ਗਈ ਹੈ। ਸ਼ਰਾਬ ਅਤੇ ਹੋਰ ਕਈ ਅਤਿ ਘਾਤਕ ਤੇ ਮਾਰੂ ਨਸ਼ੇ ਤਾਂ ਸਾਡੇ ਸਮਾਜ ਵਿਚ ਬਹੁਤ ਘਰ ਕਰ ਗਏ ਹਨ। ਖੁਸ਼ਹਾਲੀ ਦੇ ਆ ਜਾਣ ਨਾਲ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਬਹੁਤ ਵਧ ਗਈ ਹੈ। ਸ਼ਰਾਬ ਇਕ ਸਟੇਟਸ ਸਿੰਬਲ ਅਤੇ ਸੁਸਾਇਟੀ ਦਾ ਆਵੱਸ਼ਕ ਅੰਗ ਬਣ ਗਈ ਹੈ। ਮੰਨੇ-ਪ੍ਰਮੰਨੇ ਸਰਦਾਰਾਂ ਅਤੇ ਸਿਆਸੀ ਆਗੂਆਂ ਨੂੰ ਤਾਂ ਇਹ ਬਿਮਾਰੀ ਬਣ ਕੇ ਚੰਬੜ ਗਈ ਹੈ।

ਸਤਿਗੁਰਾਂ ਨੇ ਸ਼ਰਾਬ ਆਦਿ ਨਸ਼ਿਆਂ ਦੀ ਸਖ਼ਤੀ ਨਾਲ ਮਨਾਹੀ ਕੀਤੀ ਹੈ। ਫ਼ੁਰਮਾਨ ਹੈ:

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥   (ਪੰਨਾ 399)

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਪੰਨਾ 554)

ਭਾਈ ਦਯਾ ਸਿੰਘ ਜੀ ਦੇ ਰਹਿਤਨਾਮੇ ਵਿਚ ਸਿੱਖਾਂ ਲਈ ਇਹ ਤਾਕੀਦ ਕੀਤੀ ਗਈ ਹੈ, “ਗੁਰ ਕਾ ਸਿੱਖ ਮਟ, ਬੁਤ, ਤੀਰਥ, ਦੇਵੀ, ਬਰਤ, ਪੂਜਾ, ਅਰਚਨਾ, ਮੰਤ੍ਰ, ਜੰਤ੍ਰ, ਪੀਰ, ਬ੍ਰਾਹਮਣ, ਪੁੱਛਣਾ, ਸੁਖਣਾ, ਤਰਪਨ, ਗਾਯਤਰੀ ਕਿਤੇ ਵਲ ਚਿਤ ਦੇਵੈ ਨਾਹੀਂ।” ਇਨ੍ਹਾਂ ਸਾਰੀਆਂ ਗੱਲਾਂ ਦਾ ਨਿਖੇਧ ਗੁਰਬਾਣੀ ਵਿਚ ਵੀ ਕੀਤਾ ਗਿਆ ਮਿਲਦਾ ਹੈ। ਪੰਡਿਤਾਂ, ਜੋਤਸ਼ੀਆਂ ਤੇ ਬਰਤਾਂ ਆਦਿ ਬਾਰੇ ਗੁਰਬਾਣੀ ਵਿਚ ਇਉਂ ਫ਼ੁਰਮਾਇਆ ਹੈ:

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ॥  (ਪੰਨਾ 56)

ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ॥
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ॥
ਮਨਿ ਸੰਤੋਖੁ ਸਰਬ ਜੀਅ ਦਇਆ॥
ਇਨ ਬਿਧਿ ਬਰਤੁ ਸੰਪੂਰਨ ਭਇਆ॥ (ਪੰਨਾ 294)

ਵਰਤ ਨ ਰਹਉ ਨ ਮਹ ਰਮਦਾਨਾ॥
ਤਿਸੁ ਸੇਵੀ ਜੋ ਰਖੈ ਨਿਦਾਨਾ॥ (ਪੰਨਾ 1136)

ਲਖ ਜਪ ਤਪ ਲਖ ਸੰਜਮਾਂ ਹੋਮ ਜਗ ਲਖ ਵਰਤ ਕਰੰਦੇ।…
ਗੁਰੁ ਸਿਖੀ ਸੁਖੁ ਤਿਲੁ ਨ ਲਹੰਦੇ॥   (ਵਾਰ 28:18)

“ਅੱਖਾਂ ਕਾ, ਜਿਹਬਾ ਕਾ, ਸਰਵਣੋਂ ਕਾ, ਹਥੋਂ ਕਾ, ਪੈਰੋਂ ਕਾ, ਇੰਦਰੀ ਕਾ, ਏਹ ਬਰਤ ਰਖੇ। ਜੋ ਅੱਖੀਆਂ ਕਰ ਪਰ ਤ੍ਰਿਯਾ ਪਰ ਦਰਬ ਨ ਦੇਖੈ। ਜਿਹਬਾ ਕਰ ਮਿਥਿਆ ਨ ਬੋਲੇ। ਨਿੰਦਿਆ ਨਾ ਕਰੇ ਅਰ ਬਹੁਤਾ ਸਵਾਦ ਨ ਚਖੇ ਜੋ ਸਹਜ ਮੈ ਆਵੈ ਸੋ ਅੰਗੀਕਾਰ ਕਰੇ। ਪਰ ਤ੍ਰਿਯਾ ਨੂੰ ਹਥ ਨਾ ਲਾਏ। ਪੈਰਾ ਕਰ ਬੁਰੇ ਕਰਮ ਨੂੰ ਨਾ ਧਾਏ। ਇੰਦਰੀ ਕੋ ਸਿਵਾਇ ਆਪਨੀ ਇਸਤਰੀ ਸਪਰਸੁ ਨ ਦੇਇ।” (ਪ੍ਰੇਮ ਸੁਮਾਰਗ ਗ੍ਰੰਥ)

ਗੁਰਮਤਿ ਅਨੁਸਾਰ ਅੰਨ, ਬਸਤਰ, ਘਰ ਆਦਿ ਦਾ ਤਿਆਗ ਕਰਨ ਦੀ ਲੋੜ ਨਹੀਂ ਹੈ। ਇਹ ਤਿੰਨੇ ਚੀਜ਼ਾਂ ਸਰੀਰ ਨੂੰ ਚਲਾਉਣ ਲਈ ਉਸ ਦੀ ਹਿਫ਼ਾਜ਼ਤ ਲਈ ਜ਼ਰੂਰੀ ਹਨ। ਇਨ੍ਹਾਂ ਨੂੰ ਕੋਈ ਹਠ ਕਰਕੇ ਛੱਡ ਵੀ ਦੇਵੇ ਤਾਂ ਇਨ੍ਹਾਂ ਦੀ ਇੱਛਾ ਤੋਂ ਕਦੇ ਬਚਾਅ ਨਹੀਂ ਹੋ ਸਕਦਾ। ਇਨ੍ਹਾਂ ਜ਼ਰੂਰੀ ਵਸਤਾਂ ਲਈ ਉਸ ਦਾ ਮਨ ਭਟਕਦਾ ਰਹੇਗਾ ਅਤੇ ਦੁੱਖ ਵੀ ਝੱਲੇਗਾ ਅਸਲ ਤਿਆਗ ਤਾਂ ਗੁਰੂ ਜੀ ਅਨੁਸਾਰ ਮਨ ਦੇ ਵਿਕਾਰਾਂ ਦਾ ਤਿਆਗ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ ਤਿਆਗਨਾ॥
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥ (ਪੰਨਾ 1018)

ਅਰਦਾਸ ਕਰਨਾ ਵੀ ਸਿੱਖ ਸਭਿਆਚਾਰ ਦਾ ਮੁੱਖ ਅੰਗ ਹੈ। ਅਰਦਾਸ ਪਰਮਾਤਮਾ ਦੀ ਬਖਸ਼ਿਸ਼ ਲਈ, ਕਾਰਜ ਦੀ ਆਰੰਭਤਾ ਲਈ ਤੇ ਭੁੱਲਾਂ ਬਖਸ਼ਾਉਣ ਲਈ ਕੀਤੀ ਜਾਂਦੀ ਹੈ। ਅਰਦਾਸ ਸੰਗਤੀ ਵੀ ਹੋ ਸਕਦੀ ਹੈ ਤੇ ਨਿੱਜੀ ਵੀ। ਸੰਗਤੀ ਅਰਦਾਸ ਹਮੇਸ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਹੀ ਕੀਤੀ ਜਾਂਦੀ ਹੈ। ਅਰਦਾਸ ਦਾ ਮੁੱਖ ਮਨੋਰਥ ਸਰਬੱਤ ਦਾ ਭਲਾ ਹੁੰਦਾ ਹੈ। ਗੁਰਬਾਣੀ ਵਿਚ ਅਰਦਾਸ ਦੀ ਰੂਪ-ਰੇਖਾ ਅਤੇ ਮਨੋਰਥ ਇਸ ਤਰ੍ਹਾਂ ਵਰਣਨ ਕੀਤੇ ਹਨ:

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥ (ਪੰਨਾ 1093)

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ॥ (ਪੰਨਾ 91)

ਗੁਰਬਾਣੀ ਵਿਚ ਅਨੇਕ ਥਾਂ ਸਰਬੱਤ ਦੇ ਭਲੇ ਲਈ ਅਰਦਾਸ ਰੂਪ ਸ਼ਬਦ ਮਿਲਦੇ ਹਨ ਜਿਵੇਂ ਕਿ:

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ 853)

ਭਾਸ਼ਾ ਅਤੇ ਸੰਗੀਤ ਦੀ ਚੇਤੰਨਤਾ ਦਾ ਰੰਗ ਵੀ ਗੁਰਮਤਿ ਸਭਿਆਚਾਰ ਵਿਚ ਬਹੁਤ ਗੂੜ੍ਹਾ ਹੈ। ਗੁਰੂ ਜੀ ਨੇ ਲੋਕਾਂ ਦੀ ਭਾਸ਼ਾ ਵਿਚ ਗੁਰਬਾਣੀ ਦਾ ਉਚਾਰਨ ਕੀਤਾ। ਇਹ ਬਾਣੀ ਪ੍ਰਚੱਲਤ ਕਾਵਿ ਰੂਪਾਂ ਅਤੇ ਰਾਗਾਂ ਵਿਚ ਉਚਾਰੀ ਗਈ। ਗੁਰਬਾਣੀ ਦਾ ਸੰਪਾਦਨ ਵੀ ਰਾਗਾਂ ਅਨੁਸਾਰ ਕੀਤਾ ਗਿਆ। ਭਾਈ ਮਰਦਾਨਾ ਜੀ ਤੋਂ ਇਸ ਬਾਣੀ ਨੂੰ ਰਾਗਾਂ ਵਿਚ ਗਾਉਣ ਦੀ ਪ੍ਰਥਾ ਆਰੰਭ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ਦੀ ਮਰਯਾਦਾ ਬੰਨ੍ਹੀ। ਇਸ ਤਰ੍ਹਾਂ ਗੁਰੂ ਜੀ ਨੇ ਪੰਜਾਬ ਦੇ ਲੋਕਾਂ ਨੂੰ ਦੈਵੀ ਬਾਣੀ ਅਤੇ ਗੁਰਮਤਿ ਸੰਗੀਤ ਦੀਆਂ ਧੁਨੀਆਂ ਰਾਹੀਂ ਆਪਣੀ ਧਰਤੀ ਦੀ ਭਾਸ਼ਾ ਨਾਲ ਜੋੜਿਆ। ਭਾਸ਼ਾ ਕਿਸੇ ਵੀ ਸਮਾਜ ਦੀ ਸੰਸਕ੍ਰਿਤੀ ਦਾ ਆਧਾਰ ਹੁੰਦੀ ਹੈ। ਪੰਜਾਬੀ ਭਾਸ਼ਾ ਨੂੰ ਗੁਰੂ ਸਾਹਿਬਾਨ ਨੇ ਗੁਰਮਤਿ ਸਭਿਆਚਾਰ ਦੇ ਥੰਮ੍ਹ ਵਜੋਂ ਵਿਕਸਿਤ ਕੀਤਾ। ਪੰਜਾਬੀ ਭਾਸ਼ਾ ਹੀ ਨਹੀਂ ਸਗੋਂ ਇਸ ਭਾਸ਼ਾ ਲਈ ਇਕ ਵੱਖਰੀ ਲਿੱਪੀ ਨੂੰ ਵੀ ਵਿਕਸਿਤ ਕੀਤਾ। ਇਹ ਗੁਰਮੁਖੀ ਲਿੱਪੀ ਅੱਜ ਤਕ ਪੰਜਾਬੀ ਲਿਖਣ ਲਈ ਸਭ ਤੋਂ ਵੱਧ ਢੁੱਕਵੀਂ ਲਿੱਪੀ ਹੈ। ਗੁਰਬਾਣੀ ਵਿਚ ਆਪਣੀ ਭਾਸ਼ਾ ਛੱਡ ਕੇ ਦੂਜੀ ਭਾਸ਼ਾ ਅਪਣਾਉਣ ਵਾਲਿਆਂ ਦੀ ਨਿਖੇਧੀ ਕੀਤੀ ਗਈ ਹੈ। ਗੁਰੂ ਜੀ ਨੇ ਵਰਣਨ ਕੀਤਾ ਹੈ:

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਪੰਨਾ 1191)

ਗੁਰਬਾਣੀ ਵਿਚ ਗੁਰੂ ਸਾਹਿਬ ਨੇ ਮਨੁੱਖ ਨੂੰ ਮਿੱਠੀ ਭਾਸ਼ਾ ਬੋਲਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਮਿੱਠਤ ਨਿਮਰਤਾ ਨੂੰ ਸਭ ਗੁਣਾਂ ਦਾ ਸਾਰ ਕਿਹਾ ਹੈ। ਗੁਰੂ ਜੀ ਅਨੁਸਾਰ ਪਰਮਾਤਮਾ ਦੀ ਭਾਸ਼ਾ ਪ੍ਰੇਮ ਦੀ ਭਾਸ਼ਾ ਹੈ। ਮਿੱਠਾ ਬੋਲਣਾ ਪਰਮਾਤਮਾ ਦਾ ਗੁਣ ਹੈ। ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿਚ ਮਿੱਠਤ ਦੇ ਮਹੱਤਵ ਨੂੰ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਫ਼ੁਰਮਾਇਆ ਹੈ:

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ (ਪੰਨਾ 2)

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥ (ਪੰਨਾ 784)

ਗੰਢੁ ਪਰੀਤੀ ਮਿਠੇ ਬੋਲ॥   (ਪੰਨਾ 143)

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥   (ਪੰਨਾ 470)

ਗੁਰਮਤਿ ਸਭਿਆਚਾਰ ਵਿਚ ਸੰਤ ਕੇ ਨਿੰਦਕ, ਅਕ੍ਰਿਤਘਣ ਅਤੇ ਲੂਣ-ਹਰਾਮੀ ਮਨੁੱਖਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਗੁਰੂ ਜੀ ਨੇ ਫ਼ੁਰਮਾਇਆ ਹੈ:

ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ॥  (ਪੰਨਾ 315)

ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ॥
ਬਧੇ ਕਰਨਿ ਸਲਾਮ ਖਸਮ ਨ ਭਾਣਿਆ॥  (ਪੰਨਾ 143)

ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ॥
ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ॥5॥
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥   (ਪੰਨਾ 755)

ਅਕ੍ਰਿਤਘਣਾਂ ਦੀ ਘ੍ਰਿਣਿਤ ਅਵਸਥਾ ਨੂੰ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ ਕਿ ਧਰਤੀ ਵੀ ਅਕ੍ਰਿਤਘਣ ਦੇ ਭਾਰ ਤੋਂ ਉਪਰਾਮਤਾ ਮੰਨਦੀ ਹੈ:

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ।
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਸੰਦੇ।
ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ।
ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫ਼ਲ ਫਲੰਦੇ।
ਨਾ ਤਿਸੁ ਭਾਰੇ ਜੀਅ ਜੰਤ ਅਣਗਿਣਤ ਫਿਰੰਦੇ।
ਭਾਰੇ ਭੁਈਂ ਅਕ੍ਰਿਤਘਣ ਮੰਦੀ ਹੂ ਮੰਦੇ॥   (ਵਾਰ 35:8)

ਇਸ ਦੇ ਉਲਟ ਮਨ ਦੀ ਗ਼ਰੀਬੀ ਤੇ ਨਿਮਰਤਾ ਤੇ ਹਲੀਮੀ ਨੂੰ ਬਹੁਤ ਉੱਤਮ ਸਮਝਿਆ ਗਿਆ ਹੈ:

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥ (ਪੰਨਾ 278)

ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ॥ (ਪੰਨਾ 614)

ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ (ਪੰਨਾ 728)

ਉਪਰੋਕਤ ਗੁਣਾਂ ਨੂੰ ਵੇਖਦੇ ਹੋਏ ਅਸੀਂ ਇਹ ਨਤੀਜਾ ਭਲੀ ਭਾਂਤ ਕੱਢ ਸਕਦੇ ਹਾਂ ਕਿ ਪੰਜਾਬ ਦੀ ਧਰਤੀ ਵਡਭਾਗੀ ਹੈ ਜਿੱਥੇ ਗੁਰਮਤਿ ਵਰਗੇ ਸਭਿਆਚਾਰ ਦਾ ਚੰਦਨ ਬਿਰਛ ਉੱਗਿਆ ਅਤੇ ਪ੍ਰਫੁੱਲਤ ਹੋਇਆ ਹੈ। ਇਹ ਸਭਿਆਚਾਰ ਇਤਨਾ ਵਿਸ਼ਾਲ, ਵਿਲੱਖਣ ਅਤੇ ਬਹੁਪੱਖੀ ਹੈ ਕਿ ਇਹ ਸਮੁੱਚੀ ਮਨੁੱਖਤਾ ਤੇ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈ ਸਕਦਾ ਹੈ। ਇਹੋ ਗੁਰਮਤਿ ਸਭਿਆਚਾਰ ਹੀ ਹੈ ਜਿਸ ਕਰਕੇ ਪੰਜਾਬ ਦੀ ਸ਼ਾਨ ਦੇਸ਼ ਭਰ ਵਿਚ ਨਿਰਾਲੀ ਹੈ ਤੇ ਸਾਰੀ ਦੁਨੀਆਂ ਵਿਚ ਪੰਜਾਬੀ ਭਾਈਚਾਰਾ ਆਪਣੇ ਸਭਿਆਚਾਰਕ ਗੁਣਾਂ ਕਰਕੇ ਸਨਮਾਨਿਆ ਅਤੇ ਸਤਿਕਾਰਿਆ ਜਾਂਦਾ ਹੈ। ਆਓ! ਆਪਣੇ ਅੰਦਰ ਸਦਗੁਣ ਭਰਪੂਰ ਗੁਰਮਤਿ ਸਭਿਆਚਾਰ ਨੂੰ ਮਜ਼ਬੂਤ ਕਰੀਏ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)