editor@sikharchives.org
Guru Gobind Singh

ਗੁਰਬਾਣੀ ਵਿਚਾਰ – ਵਾਹ ਵਾਹ ਗੋਬਿੰਦ ਸਿੰਘ

ਦਸਮੇਸ਼ ਜੀ ਦੁਆਰਾ ਸਾਜੇ-ਨਿਵਾਜੇ ਖਾਲਸਾ ਪੰਥ ਨੇ ਦੈਂਤਾਂ ਜਿਹੇ ਵੈਰੀਆਂ ਨੂੰ ਘੇਰ-ਘੇਰ ਕੇ ਉਨ੍ਹਾਂ ’ਤੇ ਹਮਲੇ ਕੀਤੇ ਹਨ ਭਾਵ ਮੈਦਾਨੇ-ਏ-ਜੰਗ ’ਚ ਉਨ੍ਹਾਂ ਨੂੰ ਆਪਣੀ ਸੂਰਮਗਤੀ ਦੁਆਰਾ ਚਿੱਤ ਕੀਤਾ ਹੈ ਅਤੇ ਐਸਾ ਹੋਣ ਨਾਲ ਸਹਿਜ ਸੁਭਾਵਕ ਹੀ ਸਾਰੀ ਦੁਨੀਆਂ ਵਿਚ ਸਤਿਗੁਰੂ ਜੀ ਦੀ ਕੀਰਤੀ, ਉਨ੍ਹਾਂ ਦਾ ਅਸੀਮ ਜੱਸ ਫੈਲਿਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਉਹੁ ਗੁਰੁ ਗੋਬਿੰਦ ਹੋਇ ਪ੍ਰਗਟਿਓ ਦਸਵਾਂ ਅਵਤਾਰਾ।
ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ।
ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ।
ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ।
ਸੀਲ ਜਤ ਕੀ ਕਛ ਪਹਰਿ ਪਕੜੋ ਹਥਿਆਰਾ।
ਸਚ ਫਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ।
ਸਭ ਦੈਤ ਅਰਿਨਿ ਕੋ ਘੇਰ ਕਰਿ ਕੀਚੈ ਪ੍ਰਹਾਰਾ।
ਤਬ ਸਹਿਜੇ ਪ੍ਰਗਟਿਓ ਜਗਤ ਮੈ ਗੁਰੁ ਜਾਪ ਅਪਾਰਾ।
ਇਉਂ ਉਪਜੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ।
ਤੁਰਕ ਦੁਸਟ ਸਭਿ ਛੈ ਕੀਏ ਹਰਿ ਨਾਮ ਉਚਾਰਾ।
ਤਿਨ ਆਗੈ ਕੋਇ ਨ ਠਹਿਰਿਓ ਭਾਗੇ ਸਿਰਦਾਰਾ।
ਜਹ ਰਾਜੇ ਸਾਹ ਅਮੀਰੜੇ ਹੋਏ ਸਭ ਛਾਰਾ।
ਫਿਰ ਸੁਨ ਕਰਿ ਐਸੀ ਧਮਕ ਕਉ ਕਾਂਪੈ ਗਿਰਿ ਭਾਰਾ।
ਤਬ ਸਭ ਧਰਤੀ ਹਲਚਲ ਭਈ ਛਾਡੇ ਘਰ ਬਾਰਾ।
ਇਉਂ ਐਸੇ ਦੁੰਦ ਕਲੇਸ ਮਹਿ ਖਪਿਓ ਸੰਸਾਰਾ।
ਤਿਹਿ ਬਿਨੁ ਸਤਿਗੁਰ ਕੋਈ ਹੈ ਨਹੀ ਭੈ ਕਾਟਨਹਾਰਾ।
ਗਹਿ ਐਸੇ ਖੜਗ ਦਿਖਾਈਐ ਕੋ ਸਕੈ ਨ ਝੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥15॥   (ਵਾਰ 41:15)

ਇਕਤਾਲਵੀਂ ਵਾਰ ਦੀ ਇਸ ਪੰਦਰ੍ਹਵੀਂ ਪਉੜੀ ਅੰਦਰ ਭਾਈ ਗੁਰਦਾਸ ਸਿੰਘ ਜੀ ਸਾਹਿਬ-ਏ-ਕਮਾਲ ਖਾਲਸਾ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼, ਗੁਰੂ ਜੀ ਅਤੇ ਖਾਲਸਾ ਪੰਥ ਦੇ ਤਪ-ਤੇਜ਼ ਅਤੇ ਉਨ੍ਹਾਂ ਦੀਆਂ ਗੌਰਵਸ਼ਾਲੀ ਜਿੱਤਾਂ ਤੇ ਪ੍ਰਾਪਤੀਆਂ ਦਾ ਸੰਕੇਤਕ ਵਰਣਨ ਕਰਦੇ ਹਨ।

ਭਾਈ ਸਾਹਿਬ ਕਥਨ ਕਰਦੇ ਹਨ ਕਿ ਉਹ ਦੇਖੋ! ਗੁਰੂ ਗੋਬਿੰਦ ਸਿੰਘ ਜੀ ਦਸਮ ਅਵਤਾਰ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਏ ਹਨ ਜਿਨ੍ਹਾਂ ਨੇ ਨਾ ਲਖੇ ਜਾ ਸਕਣ ਵਾਲੇ, ਅਪਾਰ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਨੂੰ ਜਪਿਆ। ਗੁਰੂ ਜੀ ਨੇ ਆਪਣਾ ਅਕਾਲ ਪੁਰਖ ਤੋਂ ਪ੍ਰਾਪਤ ਤੇਜ-ਪ੍ਰਤਾਪ ਪ੍ਰਚੰਡ ਕਰਕੇ ਆਪਣੇ ਵਿਸ਼ੇਸ਼ ਯਤਨ ਨਾਲ ਖਾਲਸਾ ਪੰਥ ਨੂੰ ਸਥਾਪਤ ਕਰ ਦਿੱਤਾ ਹੈ ਅਤੇ ਖਾਲਸਾ ਪੰਥ ਗੁਰੂ ਜੀ ਦੀ ਅਗਵਾਈ ’ਚ ਕੇਸਾਂ ਨੂੰ ਧਾਰਨ ਕਰਨ ’ਚ ਪ੍ਰਪੱਕ ਹੋਇਆ ਅਤੇ ਕਿਰਪਾਨ ਨੂੰ ਫੜ ਕੇ ਹਮਲਾਵਰ ਨੂੰ ਹਾਰ ਦਿੱਤੀ ਹੈ। ਗੁਰੂ ਜੀ ਦੁਆਰਾ ਸਾਜੇ-ਨਿਵਾਜੇ ਖਾਲਸਾ ਪੰਥ ਨੇ ਸੁਸ਼ੀਲਤਾ ਅਤੇ ਜਤ-ਸਤ ਦੀ ਪ੍ਰਤੀਕ ਕੱਛ (ਕਛਹਿਰਾ) ਪਹਿਨ ਕੇ ਸ਼ਸਤਰਾਂ ਨੂੰ ਫੜਿਆ ਹੈ ਭਾਵ ਸ਼ਸਤਰਾਂ ਦੀ ਸਦਵਰਤੋਂ ਯਕੀਨੀ ਬਣਾਈ ਹੈ। ਸੱਚੇ ਗੁਰੂ ਦੀ ਸੱਚੀ ਫਤਹ ਬੁਲਾ ਕੇ ਖਾਲਸੇ ਨੇ ਵੱਡੇ-ਵੱਡੇ ਯੁੱਧਾਂ ’ਚ ਜਿੱਤ ਹਾਸਲ ਕੀਤੀ ਹੈ।

ਭਾਈ ਸਾਹਿਬ ਅੱਗੇ ਕਥਨ ਕਰਦੇ ਹਨ ਕਿ ਦਸਮੇਸ਼ ਜੀ ਦੁਆਰਾ ਸਾਜੇ-ਨਿਵਾਜੇ ਖਾਲਸਾ ਪੰਥ ਨੇ ਦੈਂਤਾਂ ਜਿਹੇ ਵੈਰੀਆਂ ਨੂੰ ਘੇਰ-ਘੇਰ ਕੇ ਉਨ੍ਹਾਂ ’ਤੇ ਹਮਲੇ ਕੀਤੇ ਹਨ ਭਾਵ ਮੈਦਾਨੇ-ਏ-ਜੰਗ ’ਚ ਉਨ੍ਹਾਂ ਨੂੰ ਆਪਣੀ ਸੂਰਮਗਤੀ ਦੁਆਰਾ ਚਿੱਤ ਕੀਤਾ ਹੈ ਅਤੇ ਐਸਾ ਹੋਣ ਨਾਲ ਸਹਿਜ ਸੁਭਾਵਕ ਹੀ ਸਾਰੀ ਦੁਨੀਆਂ ਵਿਚ ਸਤਿਗੁਰੂ ਜੀ ਦੀ ਕੀਰਤੀ, ਉਨ੍ਹਾਂ ਦਾ ਅਸੀਮ ਜੱਸ ਫੈਲਿਆ ਹੈ। ਨੀਲੇ ਬਸਤਰ ਪਹਿਨ ਕੇ ਸੂਰਮੇ ਸਿੰਘ ਪ੍ਰਗਟ ਹੋਏ ਹਨ ਅਤੇ ਉਨ੍ਹਾਂ ਨੇ ਸਾਰੇ ਵਿਦੇਸ਼ੀ ਮੂਲ ਦੇ ਬਾਹਰੋਂ ਧਾਈ ਕਰ ਕੇ ਆਏ ਹਮਲਾਵਰਾਂ ਨੂੰ ਪਛਾੜ ਦਿੱਤਾ ਹੈ। ਕਹਿਣ ਤੋਂ ਭਾਵ ਮੁਗ਼ਲਾਂ ਦਾ ਅਜਿੱਤ ਹੋਣ ਦਾ ਭਰਮ ਖਾਲਸਾ ਪੰਥ ਸਾਜ ਕੇ ਗੁਰੂ ਜੀ ਨੇ ਤੋੜ ਦਿੱਤਾ ਹੈ। ਭਾਈ ਸਾਹਿਬ ਗੁਰੂ ਜੀ ਦੀ ਅਗਵਾਈ ’ਚ ਖਾਲਸਾ ਪੰਥ ਦੀਆਂ ਪ੍ਰਾਪਤੀਆਂ ਦਾ ਹਕੀਕੀ ਗੁਣ ਗਾਇਨ ਕਰਦਿਆਂ ਕਥਨ ਕਰਦੇ ਹਨ ਕਿ ਗੁਰੂ ਕੇ ਸਾਜੇ-ਨਿਵਾਜੇ ਇਨ੍ਹਾਂ ਖਾਲਸਿਆਂ ਅੱਗੇ ਕੋਈ ਖਲੋਂਦਾ ਹੀ ਨਹੀਂ, ਮੁਗ਼ਲ ਸਰਦਾਰ ਅੱਗੇ ਲੱਗ ਕੇ ਭੱਜ ਪਏ ਹਨ। ਜ਼ੁਲਮੀ ਰਾਜੇ, ਅਮੀਰ-ਵਜ਼ੀਰ ਅਹਿਲਕਾਰ ਸਭ ਖ਼ਾਕ ਹੋ ਗਏ ਹਨ।

ਖਾਲਸੇ ਦੀ ਅਜਿਹੀ ਧਮਕ ਸੁਣੀ ਗਈ ਜਿਸ ਨੂੰ ਸੁਣਨ ਕਰਕੇ ਵੱਡੇ ਭਾਰੇ ਪਹਾੜ ਅਰਥਾਤ ਪਹਾੜੀ ਰਾਜੇ ਕੰਬਣ ਲੱਗੇ। ਹਿੰਦੁਸਤਾਨ ਦੀ ਧਰਤੀ ’ਤੇ ਇਹ ਵੱਡੀ ਤਬਦੀਲੀ ਵਾਪਰੀ ਹੈ। ਉਹ ਰਾਜੇ ਆਪਣਾ ਘਰ-ਬਾਰ ਛੱਡ ਕੇ ਉੱਠ ਦੌੜੇ ਹਨ। ਉਨ੍ਹਾਂ ਸੰਸਾਰੀਆਂ ਨੂੰ ਇਸ ਦਾ ਵੱਡਾ ਦੁੱਖ ਲੱਗਾ ਹੈ। ਸੱਚੇ ਸਤਿਗੁਰਾਂ ਤੋਂ ਬਿਨਾਂ ਹੋਰ ਕੋਈ ਡਰ ਨੂੰ ਖ਼ਤਮ ਕਰਨ ਵਾਲਾ ਇਸ ਸੰਸਾਰ ’ਚ ਨਹੀਂ, ਕਹਿਣ ਤੋਂ ਭਾਵ ਸਤਿਗੁਰਾਂ ਤੋਂ ਬਿਨਾਂ ਕਿਸੇ ਵੀ ਮਨੁੱਖ-ਮਾਤਰ ਦਾ ਡਰ ’ਚ ਵਿਚਰਨਾ ਸੁਭਾਵਕ ਹੈ।
ਭਾਈ ਸਾਹਿਬ ਅੰਤ ਵਿਚ ਕਥਨ ਕਰਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾਨ ਪਕੜ ਕੇ ਅਜਿਹੇ ਕਾਰਨਾਮੇ ਕਰ ਵਿਖਾਏ ਹਨ ਜਿਨ੍ਹਾਂ ਨੂੰ ਕੋਈ ਸਹਿ ਨਹੀਂ ਸਕਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹਨ ਜੋ ਕਿ ਆਪ ਹੀ ਗੁਰੂ ਵੀ ਹਨ ਅਤੇ ਚੇਲੇ ਵੀ। ਰੂਹਾਨੀ ਸੰਬੰਧਾਂ ਦੇ ਇਤਿਹਾਸ ਵਿਚ ਇਹ ਇਕ ਨਿਵੇਕਲੀ ਮਿਸਾਲ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)