editor@sikharchives.org

ਸ੍ਰੀ ਗੁਰੂ ਗ੍ਰੰਥ ਸਾਹਿਬ – ਸੱਭਿਆਚਾਰਕ ਪਰਿਪੇਖ

ਗੁਰਬਾਣੀ ਵਿਚ ਵਹਿਮਾਂ-ਭਰਮਾਂ, ਪਾਖੰਡਾਂ, ਕਰਮਕਾਂਡਾਂ ਆਦਿ ਦਾ ਬੜੀ ਦ੍ਰਿੜ੍ਹਤਾ ਨਾਲ ਖੰਡਨ ਕੀਤਾ ਗਿਆ ਹੈ, ਕਿਉਂਕਿ ਇਹ ਮਨੁੱਖਤਾ ਦੇ ਸੁਖਾਵੇਂ ਵਿਕਾਸ ਵਿਚ ਰੁਕਾਵਟ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਸਮਕਾਲੀ ਸਮਾਜ ਤੇ ਸੱਭਿਆਚਾਰ ਦਾ ਅਜਿਹਾ ਦਸਤਾਵੇਜ਼ ਹੈ, ਜਿਸ ਦੇ ਬਾਣੀਕਾਰਾਂ ਨੇ ਜੀਵਨ-ਸ਼ੈਲੀ ਨੂੰ ਨਿਵੇਕਲੀ ਨੁਹਾਰ ਪ੍ਰਦਾਨ ਕੀਤੀ ਅਤੇ ਇਸ ਵਿਚ ਆਏ ਵਿਕਾਰਾਂ, ਕੁਰੀਤੀਆਂ ਅਤੇ ਪੁਰਾਣੀਆਂ ਤੇ ਜਰਜਰਿਤ ਮਾਨਵਤਾਵਾਂ ਵਿਰੁੱਧ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਬੁਲੰਦ ਕੀਤੀ। ਬੇਸ਼ੱਕ ਸਾਰੇ ਬਾਣੀਕਾਰ ਉੱਚ-ਆਤਮਿਕ ਤੇ ਅਧਿਆਤਮਕ ਮੰਡਲਾਂ ਦੇ ਵਾਸੀ ਸਨ ਪਰ ਮਾਨਵ-ਕਲਿਆਣ ਅਤੇ ਮਨੁੱਖੀ ਗੌਰਵ ਦੀ ਬਹਾਲੀ ਉਨ੍ਹਾਂ ਦਾ ਪਰਮ-ਪ੍ਰਥਮ ਲਕਸ਼ ਸੀ। ਇਸੇ ਲਈ ਜੀਵ ਅਤੇ ਜਗਤ ਸੰਬੰਧੀ ਰੂਹਾਨੀ ਅਭਿਵਿਅਕਤੀ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਸੱਭਿਆਚਾਰਕ ਮੁਹਾਂਦਰੇ ਨੂੰ ਵੀ ਨਿਰੂਪਤ ਕੀਤਾ। ਉਨ੍ਹਾਂ ਨੇ ਸੱਭਿਆਚਾਰ ਦੇ ਹਰ ਨਿੱਕੇ-ਵੱਡੇ ਪਹਿਲੂ/ਪੱਖਾਂ ਸੰਬੰਧੀ ਆਪਣੇ ਵਿਚਾਰਾਂ ਦੀ ਨਿਸ਼ਾਨਦੇਹੀ ਕੀਤੀ।

ਸੱਭਿਆਚਾਰ ਵਿਚ ਕਿਸੇ ਮਾਨਵ-ਸਮਾਜ ਦੇ ਜੀਵਨ ਦੇ ਵਿਵਿਧ ਪਹਿਲੂਆਂ ਦੀਆਂ ਉਹ ਸਭ ਕਿਰਿਆਵਾਂ ਅਤੇ ਉਨ੍ਹਾਂ ਨੂੰ ਕਰਨ ਦੀਆਂ ਵਿਧੀਆਂ ਸ਼ਾਮਲ ਹਨ, ਜਿਹੜੀਆਂ ਕਿਸੇ ਇਕ ਸਮਾਜ ਦੇ ਵਿਅਕਤੀਆਂ ਨੂੰ ਕਿਸੇ ਦੂਜੇ ਸਮਾਜ ਦੇ ਮਨੁੱਖਾਂ ਨਾਲੋਂ ਵੱਖਰਿਆਉਂਦੀਆਂ ਹਨ। ਸੱਭਿਆਚਾਰ ਉਹ ਵਰਤਾਰਾ ਹੈ, ਜਿਸ ਦੁਆਰਾ ਅਨਜਾਣੇ ਵਿਚ ਕਿਸੇ ਵਿਸ਼ੇਸ਼ ਖਿੱਤੇ ਦੇ ਲੋਕ ਇਕ ਸੰਗਠਿਤ ਸਮੂਹ ਵਿਚ ਸ਼ਾਮਲ ਹੋ ਜਾਂਦੇ ਹਨ। ਜਿਸ ਦਾ ਵਿਹਾਰ, ਖਾਣ-ਪੀਣ, ਬੋਲਚਾਲ, ਪਹਿਰਾਵਾ, ਸਮਾਜਿਕ ਵਰਤਾਰਾ ਅਤੇ ਭਾਵਵਾਚਕ ਸੰਕਲਪ ਉਸ ਸੱਭਿਆਚਾਰਕ ਜਨ-ਸਮੂਹ ਦੀਆਂ ਇਕਾਈਆਂ ਬਣ ਜਾਂਦੇ ਹਨ। ਜਾਂ ਇਹਨੂੰ ਇਉਂ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਕਿਸੇ ਨਿਸ਼ਚਿਤ ਪ੍ਰਕਿਰਤਕ ਮਾਹੌਲ ਤੋਂ ਪੈਦਾ ਹੁੰਦੀਆਂ ਨਿਸ਼ਚਿਤ ਸਮੱਸਿਆਵਾਂ ਦਾ ਸਮਾਧਾਨ ਰਲਮਿਲ ਕੇ ਮਨੁੱਖੀ ਸੱਭਿਆਚਾਰ ਬਣਦਾ ਹੈ, ਜਿਸ ਵਿਚ ਮਨੁੱਖ ਆਪਣੇ ਮਨ ਅਤੇ ਬੁੱਧੀ ਨੂੰ ਸਾਧ ਕੇ ਚੰਗੀਆਂ ਆਦਤਾਂ ਗ੍ਰਹਿਣ ਕਰ ਕੇ ਆਪਣੇ ਵਿਅਕਤਿੱਤਵ ਨੂੰ ਰੁਸ਼ਨਾ ਕੇ, ਜੀਵਨ ਨੂੰ ਸੁੰਦਰ ਬਣਾ ਕੇ ਅਤੇ ਉਸ ਲਈ ਵਿਕਸਿਤ ਸਾਧਨ ਜੁਟਾ ਕੇ ਪ੍ਰਕਿਰਤਕ ਜੀਵ ਤੋਂ ਇਕ ਸੱਭਿਆਚਾਰਕ ਜੀਵ ਬਣਨ ਲਈ ਪੁਲਾਂਘ ਪੁੱਟਦਾ ਹੈ।

ਸਾਡੇ ਕਈ ਬਾਣੀਕਾਰ ਮੱਧਕਾਲੀਨ ਪੰਜਾਬੀ ਸੱਭਿਆਚਾਰ ਵਿਚ ਜਨਮੇ ਅਤੇ ਵਿਚਰੇ, ਜਿਸ ਦੇ ਸਕਾਰਾਤਮਕ ਅਤੇ ਨਕਾਰਾਤਮਕ ਪੱਖਾਂ ਨੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੇ ਹਿਰਦੇ ਨੂੰ ਪ੍ਰਭਾਵਿਤ ਕੀਤਾ। ਪੰਜਾਬੀ ਸੱਭਿਆਚਾਰ ਵਿਲੱਖਣ, ਵਚਿੱਤਰ,  ਵਿਵਿਧ,  ਵੰਨ-ਸੁਵੰਨਾ  ਅਤੇ  ਵਿਸ਼ਾਲ  ਹੈ। ਇਹਦੀ ਵਿਲੱਖਣਤਾ ਅਤੇ ਨਿਵੇਕਲੇਪਣ ਲਈ ਇਹਦੀ ਭੂਗੋਲਿਕ ਅਤੇ ਇਤਿਹਾਸਕ ਸਥਿਤੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਸ ਨੇ ਇਸ ਨੂੰ ਕਈ ਮਹੱਤਵਪੂਰਨ ਪਛਾਣ-ਚਿੰਨ੍ਹ ਪ੍ਰਦਾਨ ਕੀਤੇ ਹਨ। ਪੰਜਾਬ, ਭਾਰਤੀ ਸੱਭਿਆਚਾਰ ਦੀ ਉਸਾਰੀ ਵਿਚ ਮੁੱਢ-ਕਦੀਮ ਤੋਂ ਹੀ ਇਕ ਉਲੇਖਯੋਗ ਰੋਲ ਨਿਭਾ ਰਿਹਾ ਹੈ। ਭਾਰਤ ਦਾ ਪ੍ਰਵੇਸ਼-ਦੁਆਰ ਹੋਣ ਕਰਕੇ ਪੰਜਾਬ ਨੂੰ ਆਪਣੇ ਸੁਤੰਤਰ ਸੱਭਿਆਚਾਰ ਦੀ ਸਥਾਪਨਾ ਲਈ ਬਹੁਤ ਘੱਟ ਇਤਿਹਾਸਕ ਦੌਰ ਪ੍ਰਾਪਤ ਹੋਇਆ ਹੈ। ਨਿਰੰਤਰ ਹਮਲਾਵਰਾਂ ਦੀ ਆਮਦ ਕਾਰਨ ਹਮਲਾਵਰ ਕੌਮਾਂ ਦੇ ਵਿਭਿੰਨ ਸੱਭਿਆਚਾਰਾਂ ਨਾਲ ਇਸ ਦਾ ਸੰਪਰਕ ਹੁੰਦਾ ਰਿਹਾ ਹੈ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਅਤੇ ‘ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ’ ਅਨੁਸਾਰ ਸੂਰਬੀਰਤਾ, ਬਹਾਦਰੀ, ਨਿਰਭੈਤਾ, ਹੱਲਾਸ਼ੇਰੀ, ਦਲੇਰੀ, ਜ਼ਿੰਦਾਦਿਲੀ ਅਤੇ ਫ਼ਰਾਖ਼ਦਿਲੀ ਜਿੱਥੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਦੀ ਚਲੀ ਗਈ, ਉਥੇ ਇਥੋਂ ਦੇ ਲੋਕਾਂ ਦਾ ਸਮਾਜਿਕ ਤੇ ਮਾਨਸਿਕ ਵਰਤਾਰਾ, ਆਚਰਨ ਅਤੇ ਜੀਵਨ-ਦ੍ਰਿਸ਼ਟੀਕੋਣ ਵੀ ਵਿਲੱਖਣਤਾ ਦਾ ਧਾਰਨੀ ਬਣਦਾ ਗਿਆ। ਇਸ ਦੀ ਤਹਿ ਹੇਠ ਹੋਰ ਕਈ ਧਰਮਾਂ, ਜਮਾਤਾਂ, ਜਾਤਾਂ, ਕਬੀਲਿਆਂ ਅਤੇ ਸੱਭਿਆਚਾਰਾਂ ਦੀਆਂ ਜੀਵਨ-ਰੂੜ੍ਹੀਆਂ ਦੇ ਸਮਨਵੈ ਕਾਰਨ ਇਸ ਵਿਚ ਇਕਸਾਰਤਾ ਰਹਿਣੀ ਮੁਸ਼ਕਿਲ ਸੀ। ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਕਾਰਨ ਪੰਜਾਬੀ ਸੱਭਿਆਚਾਰ ਇਕ ਨਿਵੇਕਲੀ ਪਹਿਚਾਣ ਬਣਾਉਂਦਾ ਗਿਆ। ਡਾ. ਸੁਹਿੰਦਰ ਸਿੰਘ ਵਣਜਾਰਾ ਬੇਦੀ ਦਾ ਇਹ ਕਥਨ ਕਾਫ਼ੀ ਉਚਿਤ ਜਾਪਦਾ ਹੈ- “ਪੰਜਾਬੀ ਸੱਭਿਆਚਾਰ ਦੀ ਆਪਣੀ ਹੀ ਗੌਰਵਮਈ ਵਿਲੱਖਣਤਾ ਹੈ, ਜੋ ਸਦੀਆਂ ਦੇ ਲੰਮੇ ਇਤਿਹਾਸਕ ਪੈਂਡੇ ਵਿੱਚੋਂ ਸਹਿਜ ਰੂਪ ਵਿਚ ਵਿਗਸੀ ਹੈ। ਇਸ ਸੱਭਿਆਚਾਰ ਦੇ ਨਿਰਮਾਣ ਵਿਚ ਉਨ੍ਹਾਂ ਅਨੇਕ ਆਰਿਆਈ, ਗ਼ੈਰ-ਆਰਿਆਈ ਤੇ ਵਿਦੇਸ਼ੀ ਜਾਤੀਆਂ ਦੇ ਸੰਸਕ੍ਰਿਤਕ ਤੱਤਾਂ, ਜੀਵਨ-ਜੁਗਤਾਂ ਤੇ ਪਰੰਪਰਾਵਾਂ ਨੇ ਬੜਾ ਅਹਿਮ ਹਿੱਸਾ ਪਾਇਆ ਹੈ, ਜੋ ਇਥੋਂ ਦੀ ਵੱਸੋਂ ਵਿਚ ਰਲ਼ ਕੇ ਇਸ ਮੂਲ ਪ੍ਰਵਾਹ ਵਿਚ ਲੀਨ ਹੁੰਦੀਆਂ ਰਹੀਆਂ। ਇਸ ਲਈ ਨਸਲੀ ਸੰਜੋਗ ਦੇ ਫਲਸਰੂਪ ਪੰਜਾਬੀ ਸੱਭਿਆਚਾਰ ਵਿਚ ਬਹੁਬਿਧ ਮਿੱਸਾ ਤੇ ਲਚਕਦਾਰ ਸਰੂਪ ਗ੍ਰਹਿ ਕਰ ਗਿਆ।”

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਸਤੁਤ ਧਰਮ ਆਪਣੇ ਆਪ ਵਿਚ ਇਕ ਸੱਭਿਆਚਾਰਕ ਸੰਸਥਾ ਹੈ, ਜੋ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਰਜਸ਼ੀਲ ਹੈ। ਜਿਸ ਸੱਭਿਆਚਾਰ ਵਿਸ਼ੇਸ਼ ਵਿਚ ਕੋਈ ਸੰਵੇਦਨਸ਼ੀਲ ਕਵੀ, ਲੇਖਕ, ਬਾਣੀਕਾਰ ਜਾਂ ਭਗਤ ਪ੍ਰਵੇਸ਼ ਕਰਦਾ ਹੈ, ਉਹ ਸੱਭਿਆਚਾਰ ਉਹਦੇ ਰੋਮ-ਰੋਮ ਵਿਚ ਵੱਸਿਆ ਹੁੰਦਾ ਹੈ। ਸੱਭਿਆਚਾਰ ਬਣਦਾ ਹੀ ਉਦੋਂ ਹੈ, ਜਦੋਂ ਉਹ ਇਕ ਮਾਨਵ-ਸਮੂਹ ਦੀ ਚੇਤਨਾ ਅਤੇ ਵਿਅਕਤਿੱਤਵ ਦਾ ਅਨਿੱਖੜ ਹਿੱਸਾ ਬਣ ਚੁੱਕਾ ਹੋਵੇ ਅਤੇ ਕਿਸੇ ਵਿਸ਼ੇਸ਼ ਜਨ-ਸਮੂਹ ਦੇ ਜੀਵਨ ਵਿਚ ਰਚਮਿਚ ਕੇ ਉਨ੍ਹਾਂ ਦੀ ਜੀਵਨ-ਧੜਕਣ ਬਣ ਚੁੱਕਾ ਹੋਵੇ।

ਭਾਰਤ ਦੇ ਇਤਿਹਾਸ ਵਿਚ ਮੱਧਕਾਲ ਦਾ ਮਹੱਤਵ ਇਸ ਵਿਚ ਚੱਲੇ ਭਗਤੀ ਅੰਦੋਲਨ ਕਰਕੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦੁਸਤਾਨ ਦੇ 500 ਸਾਲਾਂ (12ਵੀਂ ਸਦੀ ਤੋਂ 17ਵੀਂ ਸਦੀ ਤਕ) ਦਾ ਸੱਭਿਆਚਾਰਕ ਇਤਿਹਾਸ ਹੈ। ਇਹ ਉਹ ਸਮਾਂ ਸੀ ਜਦੋਂ ਭਾਰਤੀ ਚਿੰਤਨ ਅਤੇ ਸੰਸਕ੍ਰਿਤੀ ਇਕ ਪਰਿਵਰਤਨ ਕਾਲ ਦੇ ਸਨਮੁੱਖ ਆ ਜਾਂਦੀ ਹੈ। ਇਸ ਪਰਿਵਰਤਨ ਕਾਲ ਵਿਚ ਭਾਰਤੀ ਸੰਸਕ੍ਰਿਤੀ ਦਾ ਸਰੂਪ ਨਸ਼ਟ ਹੋਣ ਲੱਗਦਾ ਹੈ। ਇਸ ਵਿਨਾਸ਼ ਦੇ ਕਾਰਨ ਰਾਜਸੀ ਅਤੇ ਸ਼੍ਰੇਣੀਗਤ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਈ ਆਲੋਚਕਾਂ ਨੇ ਭਗਤੀ ਲਹਿਰ ਦਾ ਹੀ ਅੰਗ ਮੰਨਿਆ ਹੈ, ਪਰ ਇਸ ਉਕਤੀ ਵਿਚ ਦਾਰਸ਼ਨਿਕ ਵਿਰੋਧ ਹੈ। ਰਾਮਾਨੁਜ ਸ਼ੰਕਰ ਦੇ ਅਦ੍ਵੈਤਵਾਦ ਵਿਰੁੱਧ ਸਰਬ-ਈਸ਼ਵਰਵਾਦ ਦਾ ਸੰਕਲਪ ਪੇਸ਼ ਕਰਦਾ ਹੈ ਅਤੇ ਇਹ ਤੱਥ ਭਗਤੀ ਕਾਵਿਧਾਰਾ ਦਾ ਵਿਸ਼ੇਸ਼ ਲੱਛਣ ਹੈ, ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਈਸ਼ਵਰ ਦੀ ਉਪਾਸਨਾ ਕੀਤੀ ਗਈ ਹੈ। ਗੁਰਮਤਿ ਸਾਹਿਤ ਦੇ ਪਰਵਰਤਕ ਬਾਣੀਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ ਦੇ ਮੂਲਭੂਤ ਤੱਤਾਂ ਸੰਬੰਧੀ ਇਕ ਵਿਸ਼ੇਸ਼ ਅਤੇ ਆਧੁਨਿਕ ਦ੍ਰਿਸ਼ਟੀਕੋਣ ਰੱਖਦੇ ਸਨ। ਉਨ੍ਹਾਂ ਨੇ ਆਪਣੇ ਸਾਰੇ ਦਰਸ਼ਨ ਨੂੰ ਇਕ ਵਿਗਿਆਨਕ, ਸੱਭਿਆਚਾਰਕ ਅਤੇ ਯੁੱਗ ਅਨੁਕੂਲ ਸੇਧ ਦਿੱਤੀ ਅਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਲੇਸ਼ਣ ਪਿੱਛੋਂ ਇਕ ਵੱਖਰੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ। ਸਮਕਾਲੀਨ ਧਾਰਮਿਕ ਪਰੰਪਰਾਵਾਂ ਦੇ ਉਲਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਰਮ ਦਾ ਇਕ ਨਵੀਨ ਸੰਕਲਪ ਉਜਾਗਰ ਹੁੰਦਾ ਹੈ, ਜਿਸ ਵਿਚ ਵਿਅਕਤੀਵਾਦੀ ਰੁਚੀਆਂ ਦਾ ਤਿਆਗ ਕਰ ਕੇ ਸਮੂਹਿਕ ਭਗਤੀ ਦੁਆਰਾ ਮੋਖ ਜਾਂ ਮੁਕਤੀ ਦੀ ਪ੍ਰਾਪਤੀ ਦੱਸੀ ਗਈ ਹੈ। ਸਾਧਸੰਗਤਿ, ਗੁਰਮਤਿ, ਬ੍ਰਹਮਗਿਆਨੀ, ਗੁਰੂ, ਜੀਵਨ-ਮੁਕਤਿ ਆਦਿ ਵਿਸ਼ੇਸ਼ਣ ਇਸੇ ਸਮੂਹਿਕ ਭਗਤੀ ਵੱਲ ਉਲੇਖ ਕਰਦੇ ਹਨ। ਗੁਰਮਤਿ ਵਿਚ ਭਾਂਜਵਾਦੀ ਰੁਚੀਆਂ ਨੂੰ ਵੰਗਾਰਿਆ ਗਿਆ ਹੈ ਅਤੇ ਜੀਵਨ ਵਿਚ ਰਹਿ ਕੇ ਹੀ ਇਸ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੱਤਾ ਗਿਆ ਹੈ ਜਦਕਿ ਗੁਰਮਤਿ ਦੇ ਉਦੈ ਤੋਂ ਪੂਰਬਲੇ ਮੱਧਕਾਲੀਨ ਪੰਜਾਬੀ ਸੱਭਿਆਚਾਰ ਵਿਚ ਇਸਤਰੀ, ਸਤੀ ਪ੍ਰਥਾ, ਹਾਰ, ਸ਼ਿੰਗਾਰ, ਵੇਸ, ਭੇਖ, ਪਹਿਰਾਵਾ, ਵਰਨ-ਵੰਡ, ਮੂਰਤੀ ਪੂਜਾ, ਪੁੰਨ-ਦਾਨ, ਨਿਮਾਜ਼, ਕਲਮਾ, ਸੁੰਨਤ, ਤੀਰਥ-ਇਸ਼ਨਾਨ ਅਤੇ ਸੰਸਕਾਰ ਆਦਿ ਨੂੰ ਮਹੱਤਵ ਦਿੱਤਾ ਗਿਆ ਹੈ। ਵੈਦਿਕ ਕਾਲ ਵਿਚ ਬੇਸ਼ੱਕ ਇਸਤਰੀ ਨੂੰ ਸਨਮਾਨਯੋਗ ਸਥਾਨ ਹਾਸਲ ਸੀ ਪਰ ਜੋਗੀ ਕਾਲ ਤਕ ਇਹਦਾ ਦਰਜਾ ਘਟਦਾ ਗਿਆ ਅਤੇ ਭਗਤੀ ਕਾਲ ਵਿਚ ਇਸਤਰੀ ਨੂੰ ਤ੍ਰਿਸਕਾਰ ਵਜੋਂ ਵੇਖਿਆ ਗਿਆ। ਸਤੀ ਪ੍ਰਥਾ, ਕੁੜੀ ਨੂੰ ਜੰਮਦਿਆਂ ਹੀ ਮਾਰ ਦੇਣਾ ਆਦਿ ਰੀਤੀਆਂ ਉਸ ਸੱਭਿਆਚਾਰ ਦੇ ਅਟੁੱਟ ਅੰਗ ਸਨ। ਇਥੋਂ ਤਕ ਕਿ ਸੰਤਾਂ-ਮਹਾਤਮਾ ਅਤੇ ਨਾਥਾਂ-ਜੋਗੀਆਂ ਨੇ ਇਸਤਰੀ ਲਈ ਨਾਗਣ, ਬਾਘਣ, ਪਾਪਣ, ਨਾਰਕੀ, ਸੱਪਣੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ। ਸਮਕਾਲੀ ਸੱਭਿਆਚਾਰ ਵਿਚ ਇਸਤਰੀ ਦੀ ਤਰਸ ਯੋਗ ਹਾਲਤ ਨੂੰ ਵੇਖਦਿਆਂ ਅਤੇ ਸੱਭਿਅ ਸਮਾਜ ਵਿਚ ਇਸਤਰੀ ਦੇ ਮਹੱਤਵ ਨੂੰ ਸਵੀਕਾਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਹੱਕ ਵਿਚ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੇ ਵਿਰੋਧ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ:

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍॥
ਨਾਨਕ ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍॥1॥
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿ੍॥
ਸੇਵਨਿ ਸਾਈ ਆਪਣਾ ਨਿਤ ਉਠਿ ਸੰਮਾ੍ਲੰਨਿ੍ ।।2।। (ਪੰਨਾ 787)

ਗੁਰੂ-ਕਾਲ ਤੋਂ ਪਹਿਲਾਂ ਸਮਕਾਲੀ ਸਮਾਜ ਵਿਚ ਸਰਬਪੱਖੀ ਅਰਾਜਕਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਵਿਸ਼ੇਸ਼ ਯੋਗਦਾਨ ਇਹ ਹੈ ਕਿ ਇਸ ਨੇ ਇਕ ਨਵੀਨ ਸਦਾਚਾਰ-ਸ਼ਾਸਤਰ ਨੂੰ ਜਨਮ ਦਿੱਤਾ, ਜੋ ਉਸ ਯੁੱਗ ਦੇ ਅਨੁਕੂਲ ਵੀ ਸੀ ਅਤੇ ਨਵਾਂ ਵੀ। ਮਾਨਵੀ-ਕੀਮਤਾਂ ਦੇ ਵਿਸ਼ੇਸ਼ ਢੰਗ ਦੁਆਰਾ ਹੀ ਸੱਭਿਅਤਾ ਦਾ ਵਿਕਾਸ ਹੁੰਦਾ ਹੈ। ਪਰੰਤੂ ਕਈ ਵਾਰ ਪੁਰਾਣੀਆਂ ਤੇ ਜਰਜਰਿਤ ਪਰੰਪਰਾਵਾਂ ਦਾ ਤਿਆਗ ਵੀ ਕਰਨਾ ਪੈਂਦਾ ਹੈ:

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ 141)

ਲੱਗਭਗ ਹਰ ਸੱਭਿਆਚਾਰ ਪਹਿਰਾਵਾ, ਹਾਰ-ਸ਼ਿੰਗਾਰ ਤੇ ਗਹਿਣਿਆਂ ਆਦਿ ਨੂੰ ਵਿਸ਼ੇਸ਼ ਮਹੱਤਤਾ ਦਿੰਦਾ ਹੈ। ਰੁੱਤ, ਮੌਸਮ, ਪਦਵੀ, ਹੈਸੀਅਤ ਅਤੇ ਸੱਭਿਆਚਾਰਕ ਵਿਧਾਨ ਅਨੁਸਾਰ ਲੋਕ ਤਰ੍ਹਾਂ-ਤਰ੍ਹਾਂ ਦਾ ਪਹਿਰਾਵਾ ਧਾਰਨ ਕਰਦੇ ਹਨ। ਪਹਿਰਾਵਾ ਸੱਭਿਆਚਾਰਕ ਚਿਹਨ ਹੈ। ਸਰੀਰ ਨੂੰ ਸੁਸੱਜਿਤ ਕਰਨ ਲਈ ਹਾਰ-ਸ਼ਿੰਗਾਰ ਤੇ ਗਹਿਣੇ ਵੀ ਮਨੁੱਖ ਦੀ ਲੋੜ ਬਣ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲੋਕ-ਕਾਵਿ ਰੂਪਾਂ, ਲੌਕਿਕ ਬਿੰਬਾਂ, ਉਪਮਾਵਾਂ ਰਾਹੀਂ ਲੌਕਿਕ ਸੱਭਿਆਚਾਰ ਦਾ ਵਾਤਾਵਰਨ ਸਿਰਜਿਆ ਗਿਆ ਹੈ। ਆਪਣੇ ਸੱਭਿਆਚਾਰ ਨੂੰ ਤਿਆਗ ਕੇ ਵਿਦੇਸ਼ੀ ਸੱਭਿਆਚਾਰ ਅਪਣਾਉਣ ਵਾਲਿਆਂ ਪ੍ਰਤੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕੇਤ ਮਿਲਦੇ ਹਨ:

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨੀ੍ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥ (ਪੰਨਾ 1383)

ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ (ਪੰਨਾ 472)

ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ॥ (ਪੰਨਾ 1421)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦੁਨੀਆਂ ਵਿਚ ਹਰ ਪਾਸੇ ਅਨਾਚਾਰ ਫੈਲਿਆ ਹੋਇਆ ਸੀ। ਇਸ ਪ੍ਰਕਾਰ ਦੀ ਦੁਰਾਚਾਰੀ ਸੱਭਿਆਚਾਰਕ ਅਵਸਥਾ ਬਾਰੇ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਕਈ ਥਾਈਂ ਉਲੇਖ ਕੀਤਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਅਜਿਹੇ ਸੱਭਿਆਚਾਰ ਦੇ ਚਿਹਨ ਦ੍ਰਿਸ਼ਟੀਗੋਚਰ ਹੁੰਦੇ ਹਨ। ਉਦਾਹਰਣ ਵਜੋਂ:

ਕਲਿ ਆਈ ਕੁਤੇ ਮੁਹੀ ਖਾਜੁ ਹੋਆ ਮੁਰਦਾਰ ਗੁਸਾਈ।
ਰਾਜੇ ਪਾਪੁ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਆਲਾਈ।
ਚੇਲੇ ਸਾਜ ਵਜਾਇੰਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ।
ਸੇਵਕ ਬੈਠਨਿ ਘਰਾਂ ਵਿਚਿ ਗੁਰਿ ਉਠਿ ਘਰੀਂ ਤਿਨਾੜੇ ਜਾਈ।
ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ।
ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊਂ ਜਾਈ।
ਵਰਤਿਆ ਪਾਪੁ ਸਭਸਿ ਜਗਿ ਮਾਂਹੀ॥ (ਵਾਰ 1/30)

ਅਜਿਹੀਆਂ ਇਤਿਹਾਸਕ ਪ੍ਰਸਥਿਤੀਆਂ ਦੀ ਭਿਆਨਕਤਾ ਨੂੰ ਨਸ਼ਟ ਕਰਨ ਹਿੱਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੀੜਤ ਅਤੇ ਵਿਆਕੁਲ ਲੋਕਾਈ ਨੂੰ ਆਪਣੀ ਨਿਰਮਲ ਸ਼ਬਦ ਬਾਣੀ ਨਾਲ ਸ਼ਾਂਤ ਕਰਨ ਦਾ ਉਪਰਾਲਾ ਕੀਤਾ। ਉਨ੍ਹਾਂ ਨੇ ਉਸ ਸਮੇਂ ਦੀਆਂ ਪ੍ਰਚੱਲਤ ਪਰੰਪਰਾਵਾਂ ਦੇ ਆਗੂਆਂ ਨਾਲ ਵਾਰਤਾਲਾਪ ਸ਼ੁਰੂ ਕੀਤਾ। ਦੇਸ਼- ਵਿਦੇਸ਼ ਜਾ ਕੇ ਉਨ੍ਹਾਂ ਨੇ ਵਿਚਾਰਧਾਰਕ ਸੰਵਾਦ ਰਾਹੀਂ ਸੱਭਿਆਚਾਰਕ ਪ੍ਰਸੰਗ ਦਾ ਆਪਣੀ ਬਾਣੀ ਰਾਹੀਂ ਪ੍ਰਗਟਾਵਾ ਕੀਤਾ।

ਸਮਕਾਲੀ ਸ਼ਾਸਕ ਕਈ ਤਰ੍ਹਾਂ ਦੇ ਢੰਗ ਨਾਲ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੇ ਰਹੇ। ਦੁਨਿਆਵੀ ਰਾਜਿਆਂ/ਰਾਜਨੀਤੀ ਨਾਲ ਬਾਣੀਕਾਰਾਂ ਦਾ ਕੋਈ ਵਿਅਕਤੀਗਤ ਹਿੱਤ ਨਾ ਹੋਣ ਦੇ ਬਾਵਜੂਦ ਸਮਕਾਲੀ ਸੱਭਿਆਚਾਰ ਵਿਚ ਪ੍ਰਚੱਲਤ ਉਨ੍ਹਾਂ ਦੇ ਬਹੁਤ ਸਾਰੇ ਅਜਿਹੇ ਲੱਛਣਾਂ ਅਤੇ ਕਮਜ਼ੋਰੀਆਂ ਪ੍ਰਤੀ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦਾ ਧਿਆਨ ਜਾਣਾ ਸੁਭਾਵਕ ਸੀ। ਰਾਜਨੀਤਕ ਸਥਿਤੀਆਂ ਦਾ ਕ੍ਰਾਂਤੀਕਾਰੀ ਪ੍ਰਗਟਾਵਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਖਿਆ ਜਾ ਸਕਦਾ ਹੈ। ਚਾਰਲਸ ਬਾਦਲੇਅਰ ਅਨੁਸਾਰ ਤਾਂ ਸਾਹਿਤ ਜ਼ੁਲਮ ਤੋਂ ਇਨਕਾਰ ਹੈ। ਡਾ. ਜਗਬੀਰ ਸਿੰਘ ਅਨੁਸਾਰ- “ਇਹ ਮੁਗ਼ਲ ਸਾਮੰਤਵਾਦ ਅਤੇ ਜਾਗੀਰਦਾਰੀ ਅਰਥ-ਵਿਵਸਥਾ ਦੀ ਹਿੰਸਾ ਨੂੰ ਹੀ ਨੰਗਿਆਂ ਨਹੀਂ ਕਰਦਾ, ਸਗੋਂ ਪੀੜਤ ਲੋਕਾਈ ਦੇ ਮਨ ਵਿਚ ਇਸ ਅੱਤਿਆਚਾਰੀ ਸ਼ਾਸਨ ਦੀ ਅਸਥਿਰਤਾ ਦਾ ਅਹਿਸਾਸ ਜਗਾ ਕੇ ਨੈਤਿਕ ਮਨੋਬਲ ਧਾਰਨ ਕਰਨ ਲਈ ਪ੍ਰੇਰਦਾ ਹੈ।” ਤਤਕਾਲੀਨ ਰਾਜਿਆਂ ਦੇ ਤਾਨਾਸ਼ਾਹੀ ਕਿਰਦਾਰ, ਪਰਜਾ ਦੇ ਹਿੱਤ ਨੂੰ ਅਣਗੌਲਿਆਂ ਕਰ ਕੇ ਉਨ੍ਹਾਂ ’ਤੇ ਤਸ਼ੱਦਦ ਕਰਨਾ, ਧਨ-ਦੌਲਤ ਤੇ ਲਾਮ-ਲਸ਼ਕਰ ਨੂੰ ਹੀ ਸਦੀਵੀ ਸਮਝਣਾ ਰਾਜਸੀ ਸੱਭਿਆਚਾਰ ਦੇ ਚਿਹਨ ਹਨ, ਜਿਨ੍ਹਾਂ ਨੂੰ ਬਾਣੀਕਾਰਾਂ ਨੇ ਉਲੇਖਯੋਗ ਰੂਪ ਵਿਚ ਪ੍ਰਸਤੁਤ ਕੀਤਾ ਹੈ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥ (ਪੰਨਾ 360)

ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ॥
ਹਟ ਪਟਣ ਬਾਜਾਰ ਹੁਕਮੀ ਢਹਸੀਓ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ॥
ਤਾਜੀ ਰਥ ਤੁਖਾਰ ਹਾਥੀ ਪਾਖਰੇ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ॥ (ਪੰਨਾ 141)

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ॥
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ॥ (ਪੰਨਾ 417)

ਧਰਮ ਅਤੇ ਸਮਾਜ ਅੰਤਰ-ਸੰਬੰਧਿਤ ਹੋਣ ਕਰਕੇ ਇਕ-ਦੂਜੇ ’ਤੇ ਆਧਾਰਿਤ ਹਨ। ਧਰਮ ਵਿਚ ਗਿਰਾਵਟ ਆਉਣ ਕਰਕੇ ਸਮਾਜ ਵਿਚ ਵੀ ਵਿਕਾਰ ਪੈਦਾ ਹੋ ਜਾਂਦੇ ਹਨ। ਭਾਰਤੀ ਸਮਾਜ-ਪ੍ਰਬੰਧ ਦਾ ਮੂਲਾਧਾਰ ਵਰਨ-ਆਸ਼ਰਮ ਵਿਧਾਨ ਹੈ। ਪਰ ਮੱਧਕਾਲ ਵਿਚ ਵਰਨ-ਆਸ਼ਰਮ ਦਾ ਮਹੱਤਵ ਨਾ-ਮਾਤਰ ਹੀ ਰਹਿ ਗਿਆ ਸੀ। ਮੱਧਕਾਲ ਦੇ ਕਰੀਬ ਸਾਰੇ ਨਿਰਗੁਣਵਾਦੀ ਸਾਧਕਾਂ ਨੇ ਭਗਤੀ ਦੇ ਖੇਤਰ ਵਿਚ ਜਾਤ-ਪਾਤ ਨੂੰ ਗ਼ੈਰ-ਜ਼ਰੂਰੀ ਸਮਝਿਆ। ਗੁਰੂ ਸਾਹਿਬਾਨ ਨੇ ਉੱਚ ਕਹਾਉਣ ਵਾਲੀ ਕੁਲ ਵਿੱਚੋਂ ਹੋਣ ਦੇ ਬਾਵਜੂਦ ਵਰਨ-ਧਰਮ ਦਾ ਵਿਰੋਧ ਕੀਤਾ। ਉਨ੍ਹਾਂ ਨੇ ਖ਼ੁਦ ਨੂੰ ਸਭ ਤੋਂ ਨੀਵਾਂ ਮੰਨ ਕੇ ਤਥਾਕਥਿਤ ਨੀਚਾਂ ਦੀ ਸੰਗਤ ਵਿਚ ਰਹਿਣਾ ਉਚਿਤ ਮੰਨਿਆ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)

ਜਾਤੀ ਦੈ ਕਿਆ ਹਥਿ ਸਚੁ ਪਰਖੀਐ
ਮਹੁਰਾ ਹੋਵੈ ਹਥਿ ਮਰੀਐ ਚਖੀਐ॥ (ਪੰਨਾ 142
)

ਅਨੇਕ ਪ੍ਰਕਾਰ ਦੇ ਸਾਧੂਆਂ, ਜੋਗੀਆਂ, ਸੰਨਿਆਸੀਆਂ ਆਦਿ ਨਾਲ ਸੰਵਾਦ ਰਚਾ ਕੇ ਗੁਰੂ ਸਾਹਿਬਾਨ ਨੇ ਗ੍ਰਿਹਸਤ ਮਾਰਗ ਨੂੰ ਸਭ ਤੋਂ ਉੱਤਮ ਸਿੱਧ ਕੀਤਾ। ਗੁਰੂ ਸਾਹਿਬਾਨ ਖ਼ੁਦ ਅਤੇ ਉਨ੍ਹਾਂ ਦੇ ਅਨੁਯਾਈ ਵੀ ਇਸ ਅਨੁਸ਼ਾਸਨ ਦੇ ਪਾਬੰਦ ਸਨ। ਗੁਰਮਤਿ ਅਨੁਸਾਰ ਜੋ ਮਨਮੁਖ ਵਿਅਕਤੀ ਬੈਰਾਗ ਵਿਚ ਆ ਕੇ ਆਪਣਾ ਘਰ-ਬਾਰ ਤਿਆਗ ਕੇ ਗ੍ਰਿਹਸਤ ਜੀਵਨ ਛੱਡ ਦਿੰਦਾ ਹੈ, ਉਹ ਫਿਰ ਢਿੱਡ ਭਰਨ ਲਈ ਦੂਜਿਆਂ ਦੇ ਘਰਾਂ ਵੱਲ ਤੱਕਦਾ ਹੈ। ਗ੍ਰਿਹਸਤ ਧਰਮ ਦੀ ਪਾਲਣਾ ਲਈ ਉੱਦਮ ਕਰਨਾ ਬਹੁਤ ਜ਼ਰੂਰੀ ਹੈ। ਗੁਰਮਤਿ ਦੇ ਤਿੰਨ ਸ੍ਰੇਸ਼ਟ ਸਿਧਾਂਤਾਂ (ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ) ਵਿੱਚੋਂ ਕਿਰਤ ਨੂੰ ਸਰਬਉੱਤਮ ਮੰਨਿਆ ਗਿਆ ਹੈ। ਗੁਰਮਤਿ ਅਨੁਸਾਰ ਧਰਮ ਸਾਧਨਾ ਜੀਵਨ-ਵਿਹੂਣੀ ਨਹੀਂ; ਜੀਵਨਮਈ ਹੈ। ਇਹ ਭਾਵਨਾ ਸੱਭਿਆਚਾਰਕ ਗੌਰਵ ਦਾ ਮੂਲ ਤੱਤ ਹੈ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)

ਗੁਰਬਾਣੀ ਵਿਚ ਵਹਿਮਾਂ-ਭਰਮਾਂ, ਪਾਖੰਡਾਂ, ਕਰਮਕਾਂਡਾਂ ਆਦਿ ਦਾ ਬੜੀ ਦ੍ਰਿੜ੍ਹਤਾ ਨਾਲ ਖੰਡਨ ਕੀਤਾ ਗਿਆ ਹੈ, ਕਿਉਂਕਿ ਇਹ ਮਨੁੱਖਤਾ ਦੇ ਸੁਖਾਵੇਂ ਵਿਕਾਸ ਵਿਚ ਰੁਕਾਵਟ ਹਨ। ਇਸੇ ਪ੍ਰਕਾਰ ਫੋਕੇ ਕਰਮ ਕਾਂਡ, ਜੰਤਰ-ਮੰਤਰ, ਜਾਦੂ-ਟੂਣੇ, ਨਰਕ-ਸੁਰਗ, ਰਿਧੀਆਂ-ਸਿਧੀਆਂ ਆਦਿ ਨੂੰ ਵਿਅਰਥ ਦੱਸਿਆ ਗਿਆ ਹੈ। ਮੱਧਕਾਲੀਨ ਪੰਜਾਬੀ ਸੱਭਿਆਚਾਰ ਵਿਚ ਇਨ੍ਹਾਂ ਗੱਲਾਂ ਦਾ ਭਰਪੂਰ ਬੋਲਬਾਲਾ ਸੀ। ਭੇਖੀ ਲੋਕ ਆਮ ਜਨਤਾ ਨੂੰ ਇਨ੍ਹਾਂ ਦਾ ਡਰਾਵਾ ਦੇ ਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਦੇ ਸਨ ਅਤੇ ਭੇਟਾਵਾਂ ਲੈ ਕੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਮੁਕਤ ਕਰਨ ਦਾ ਦਾਅਵਾ ਕਰਦੇ ਸਨ। ਬਾਣੀਕਾਰਾਂ ਨੇ ਫੋਕੇ/ਅੰਧਵਿਸ਼ਵਾਸਾਂ, ਰੀਤਾਂ ਅਤੇ ਲੋਕ-ਵਿਖਾਵਿਆਂ ਦਾ ਵਿਰੋਧ ਕੀਤਾ ਹੈ:

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ (ਪੰਨਾ 747)

ਪੜਿ੍ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠੁ ਬਿਭੂਖਨ ਸਾਰੰ॥
ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕ ਲਿਲਾਟੰ॥
ਦੁਇ ਧੋਤੀ ਬਸਤ੍ਰ ਕਪਾਟੰ॥
ਜੋ ਜਾਨਸਿ ਬ੍ਰਹਮੰ ਕਰਮੰ॥
ਸਭ ਫੋਕਟ ਨਿਸਚੈ ਕਰਮੰ॥ (ਪੰਨਾ 1353)

ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀਕਾਰਾਂ ਨੇ ਪੰਜਾਬ ਦੇ ਸੱਭਿਆਚਾਰਕ ਜੀਵਨ ਦੇ ਵਿਕਾਸ-ਵਿਗਾਸ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਪੰਜਾਬੀ ਆਚਰਨ ਵਿਚ ਉਨ੍ਹਾਂ ਸੱਭਿਅ-ਕੀਮਤਾਂ ਨੂੰ ਪਰਿਪੱਕ ਕੀਤਾ, ਜੋ ਜੀਵਨ ਨੂੰ ਮਿੱਠਾ, ਪਿਆਰਾ ਤੇ ਰੌਸ਼ਨ ਬਣਾਉਂਦੀਆਂ ਹਨ। ਗੁਰਬਾਣੀ-ਦਰਸ਼ਨ ਨੇ ਪੰਜਾਬੀ ਸੱਭਿਆਚਾਰ ਤੇ ਅਮਿਟ ਪ੍ਰਭਾਵ ਪਾਇਆ ਹੈ। ਸਰਬੱਤ ਦੇ ਭਲੇ ਦੀ ਮੰਗਲ-ਕਾਮਨਾ ਗੁਰਬਾਣੀ ਸੱਭਿਆਚਾਰ ਦਾ ਖਾਸ ਲੱਛਣ ਹੈ:

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਬਾਣੀ ਦੇਸ਼ ਅਤੇ ਕਾਲ ਤੋਂ ਉੱਪਰ ਉੱਠ ਕੇ ਉਸ ਵਲਦਾਰ ਰੂਪ ਦੀ ਸਿਰਜਣਾ ਕਰਦੀ ਹੈ, ਜਿਸ ਲਈ ਹਰ ਸਾਹਿਤ ਸਦੀਆਂ ਤੋਂ ਤਾਂਘਦਾ ਰਿਹਾ ਹੈ। ਵਿਅਕਤੀ ਨੂੰ ਉਸ ਦੀ ਹੋਂਦ ਅਤੇ ਉਸ ਦੀਆਂ ਸੰਭਾਵਨਾਵਾਂ ਦਰਸਾਉਣ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਵਿਚ ਇਕ ਸ਼੍ਰੋਮਣੀ ਦਰਜਾ ਹੈ। ਇਸ ਬਾਰੇ ਤਾਂ ਇਹੋ ਕਿਹਾ ਜਾ ਸਕਦਾ ਹੈ:

ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥(ਪੰਨਾ 795)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Navsangeet Singh

ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ-151302, ਬਠਿੰਡਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)