editor@sikharchives.org
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ-ਭਾਈਚਾਰਕ ਚੇਤਨਾ ਦੇ ਪ੍ਰਮੁੱਖ ਸਰੋਕਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਾਵਨ ਪਵਿੱਤਰ ਸਾਹਿਬ ਪ੍ਰਤੱਖ ਗੁਰੂ, ਹਾਜ਼ਰਾ-ਹਜ਼ੂਰ, ਜ਼ਾਹਿਰਾ-ਜ਼ਹੂਰ, ਸਰਬ-ਕਲਾ ਭਰਪੂਰ, ਜੁਗੋ-ਜੁਗ-ਅਟੱਲ, ਦਸਾਂ ਪਾਤਿਸ਼ਾਹੀਆਂ ਦੀ ਜੋਤ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਾਵਨ ਪਵਿੱਤਰ ਸਾਹਿਬ ਪ੍ਰਤੱਖ ਗੁਰੂ, ਹਾਜ਼ਰਾ-ਹਜ਼ੂਰ, ਜ਼ਾਹਿਰਾ-ਜ਼ਹੂਰ, ਸਰਬ-ਕਲਾ ਭਰਪੂਰ, ਜੁਗੋ-ਜੁਗ-ਅਟੱਲ, ਦਸਾਂ ਪਾਤਿਸ਼ਾਹੀਆਂ ਦੀ ਜੋਤ ਹੈ। ਟਾਇਨਬੀ ਨੇ ਇਸ ਨੂੰ ‘ਮਾਨਵ ਜਾਤੀ ਦਾ ਸਾਂਝਾ ਰੂਹਾਨੀ ਖ਼ਜ਼ਾਨਾ’ ਮੰਨਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮੁੱਢਲਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ (1563-1606 ਈ.) ਨੇ ਰਾਮਸਰ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ ਅਤੇ ਇਸ ਦਾ ਪਹਿਲਾ ਪ੍ਰਕਾਸ਼ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਵਜੋਂ ਥਾਪਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਜੋ ਪਹਿਲਾ ਹੁਕਮਨਾਮਾ ਆਇਆ, ਉਹ ਇਹ ਸੀ:

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥ (ਪੰਨਾ 783)

ਪਿੱਛੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 1706 ਈ. ਵਿਚ ਕਰੀਬ ਤਿੰਨ ਮਹੀਨੇ ਲਿਖਣਸਰ ਦੇ ਸਥਾਨ ’ਤੇ ਭਾਈ ਮਨੀ ਸਿੰਘ ਪਾਸੋਂ ਤਿਆਰ ਕਰਵਾਇਆ, ਜਿਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਬੀੜ ਨੂੰ ‘ਦਮਦਮੀ ਬੀੜ’ ਵਜੋਂ ਜਾਣਿਆ ਜਾਂਦਾ ਹੈ। ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਾ-ਪ੍ਰਕਰਣ ਨੂੰ ਇਉਂ ਅੰਕਿਤ ਕੀਤਾ ਹੈ:

ਅਬ ਦਰਬਾਰ ਦਮਦਮਾ ਜਹਾਂ।
ਤੰਬੂ ਲਗਵਾ ਕੈ ਗੁਰ ਤਹਾਂ।
ਮਨੀ ਸਿੰਘ ਕੋ ਲਿਖਨ ਬਠੈ ਕੈ।
ਗੁਰ ਨਾਨਕ ਕਾ ਧਿਆਨ ਧਰੈ ਕੈ।
ਨਿਤਪ੍ਰਤੀ ਗੁਰੂ ਉਚਾਰੀ ਜੈਸੇ।
ਬਾਣੀ ਲਿਖੀ ਮਨੀ ਸਿੰਘ ਤੈਸੇ।
ਬੀੜ ਆਦਿ ਗੁਰ ਗ੍ਰੰਥੈ ਜੇਹੀ।
ਕਰੀ ਦਸਮ ਗੁਰ ਤਿਆਰ ਉਜੇਹੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ. ਵਿਚ ਨਾਂਦੇੜ ਵਿਖੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਗ੍ਰੰਥ ਸਾਹਿਬ ਨੂੰ ਗੁਰਗੱਦੀ ਪ੍ਰਦਾਨ ਕੀਤੀ ਅਤੇ ਵਿਅਕਤੀਗਤ ਗੁਰਤਾ ਦਾ ਸਿਲਸਿਲਾ ਬੰਦ ਕਰ ਦਿੱਤਾ। ਗੁਰਗੱਦੀ ਸਮੇਂ ਆਇਆ ਹੁਕਮਨਾਮਾ ਇਸ ਪ੍ਰਕਾਰ ਹੈ:

ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ॥
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ॥1॥
ਅਬ ਮੋਹਿ ਜੀਵਨ ਪਦਵੀ ਪਾਈ॥
ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ॥1॥ ਰਹਾਉ॥
ਕਾਮੁ ਕ੍ਰੋਧੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ॥
ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ॥2॥
ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ॥
ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ॥3॥
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ॥
ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ॥4॥6॥ (ਪੰਨਾ 1000)

ਕੁੱਲ 1430 ਪੰਨਿਆਂ ਵਿਚ ਸੰਕਲਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵਿਚ 6 ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ), 15 ਭਗਤ ਸਾਹਿਬਾਨ (ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ, ਭਗਤ ਧੰਨਾ ਜੀ, ਭਗਤ ਸੈਣ ਜੀ, ਭਗਤ ਜੈਦੇਵ ਜੀ, ਭਗਤ ਪੀਪਾ ਜੀ, ਭਗਤ ਸੂਰਦਾਸ ਜੀ, ਭਗਤ ਸ਼ੇਖ ਫਰੀਦ ਜੀ, ਭਗਤ ਪਰਮਾਨੰਦ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ ਅਤੇ ਭਗਤ ਭੀਖਣ ਜੀ), 11 ਭੱਟਾਂ (ਕਲਸਹਾਰ ਜੀ, ਜਾਲਪ ਜੀ, ਕੀਰਤ ਜੀ, ਭਿਖਾ ਜੀ, ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਬਲ੍ਹ ਜੀ, ਗਯੰਦ ਜੀ, ਮਥਰਾ ਜੀ ਅਤੇ ਹਰਿਬੰਸ ਜੀ) ਅਤੇ 4 ਗੁਰਸਿੱਖਾਂ (ਬਾਬਾ ਸੁੰਦਰ ਜੀ, ਭਾਈ ਮਰਦਾਨਾ ਜੀ, ਰਾਇ ਬਲਵੰਡ ਜੀ ਅਤੇ ਰਬਾਬੀ ਸੱਤਾ ਜੀ) ਸਮੇਤ ਕੁੱਲ 36 ਬਾਣੀਕਾਰ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ਵ-ਭਾਈਚਾਰਾ, ਸਮਾਨਤਾ, ਅਨੇਕਤਾ ਵਿਚ ਏਕਤਾ, ਸ਼ਾਂਤੀ, ਸੇਵਾ ਤੇ ਖ਼ਿਮਾ ਆਦਿ ਅਨੇਕ ਸਦਗੁਣਾਂ ਦਾ ਸੰਚਾਰ ਹੋਇਆ ਹੈ। ਗੁਰਬਾਣੀ ਦੇ ਪ੍ਰਸੰਗ ਵਿਚ ਹੀ ਮਨੁੱਖੀ ਭਾਈਚਾਰੇ ਦੇ ਸੰਦੇਸ਼ ਅਤੇ ਧਾਰਮਿਕ ਸਦਭਾਵਨਾ ਨੂੰ ਪ੍ਰਸਾਰਿਤ ਕਰਨ ਵਾਲੀਆਂ ਕੁਝ ਇਕ ਪ੍ਰਤੀਨਿਧ ਇਕਾਈਆਂ ਦਾ ਇਥੇ ਜ਼ਿਕਰ ਕੀਤਾ ਜਾ ਰਿਹਾ ਹੈ:

1. ਵਿਸ਼ਵ ਭਾਈਚਾਰਾ ਅਤੇ ਮਨੁੱਖੀ ਸਮਾਨਤਾ : ਅਸੀਂ ਸਾਰੇ ਇਕ ਪਰਮਾਤਮਾ ਦੀ ਸੰਤਾਨ ਹਾਂ ਅਤੇ ਸਾਡਾ ਸਭਨਾਂ ਦਾ ਪਿਤਾ ਵੀ ਇੱਕੋ ਪਰਮਾਤਮਾ ਹੈ। ਊਚ- ਨੀਚ, ਜਾਤ-ਪਾਤ ਅਤੇ ਵੰਡ-ਵੰਡੇਵੇਂ ਮਨੁੱਖ ਦੇ ਆਪਣੇ ਬਣਾਏ ਹੋਏ ਹਨ। ਸਾਰੀ ਮਾਨਵ-ਜਾਤੀ ਇੱਕੋ ਹੈ। ਸਾਡਾ ਪਿਤਾ ਸਾਨੂੰ ਇੱਕੋ ਜਿਹੀ ਭਾਵਨਾ ਨਾਲ ਵੇਖਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ॥ (ਪੰਨਾ 611-12)

ਨਾ ਹਮ ਹਿੰਦੂ ਨ ਮੁਸਲਮਾਨ॥
ਅਲਹ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ 1349)

2. ਅਨੇਕਤਾ ਵਿਚ ਏਕਤਾ ਅਤੇ ਸਹਿਹੋਂਦ : ਕਈ ਵਾਰ ਵਿਭਿੰਨ ਧਰਮਾਂ ਦੀ ਬਾਹਰੀ ਅਨੇਕਤਾ ਸਾਡੀ ਦ੍ਰਿਸ਼ਟੀ ਵਿਚ ਦਵੈਤ ਅਤੇ ਦੂਰੀ ਦਾ ਕਾਰਨ ਬਣ ਜਾਂਦੀ ਹੈ। ਅਸੀਂ ਅਨੇਕਤਾ ਦੀ ਸੁੰਦਰਤਾ ਅਤੇ ਵਿਸ਼ੇਸ਼ਤਾ ਨੂੰ ਜਾਣਨ ਦੀ ਥਾਂ ਇਸ ਨੂੰ ਵੰਡੀਆਂ ਦਾ ਆਧਾਰ ਮੰਨ ਬਹਿੰਦੇ ਹਾਂ। ਮੇਰ-ਤੇਰ ਦਾ ਖ਼ਿਆਲ ਇਥੋਂ ਹੀ ਪੈਦਾ ਹੁੰਦਾ ਹੈ ਪਰ ਸਾਨੂੰ ਅਨੇਕਤਾ ਵਿਚ ਵੀ ਏਕਤਾ ਦੇ ਦਰਸ਼ਨ ਹੋ ਸਕਦੇ ਹਨ। ਅਨੇਕਤਾ ਦੇ ਹੁੰਦਿਆਂ ਵੀ ਅਸੀਂ ਇਕ-ਦੂਜੇ ਨਾਲ ਰਲ਼ਮਿਲ ਕੇ ਰਹਿ ਸਕਦੇ ਹਾਂ। ਇਹ ਅਨੇਕਤਾ ਇੱਕੋ ਮੰਜ਼ਿਲ ਦੇ ਹੀ ਅੱਡ-ਅੱਡ ਰਸਤੇ ਹਨ। ਸਾਨੂੰ ਜਾਤ-ਪਾਤ ਆਦਿ ਦੇ ਵਖਰੇਵਿਆਂ ਨੂੰ ਤਿਆਗ ਕੇ ਸਭ ਮਨੁੱਖਾਂ ਵਿਚ ਪ੍ਰਭੂ ਦੀ ਜੋਤਿ ਨੂੰ ਪਛਾਣਨਾ ਚਾਹੀਦਾ ਹੈ:

ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ 663)

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ 97)

ਬਿਸਰਿ ਗਈ ਸਭ ਤਾਤਿ ਪਰਾਈ॥
ਜਬ ਤੇ ਸਾਧਸੰਗਤਿ ਮੋਹਿ ਪਾਈ॥1॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ 1299)

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥ (ਪੰਨਾ 1384)

3. ਸ਼ਾਂਤੀ, ਖ਼ਿਮਾ ਤੇ ਮੇਲ-ਮਿਲਾਪ : ਜਦੋਂ ਅਸੀਂ ਵਿਸ਼ਵ-ਪੱਧਰ ਉੱਤੇ ਮਨੁੱਖੀ ਭਾਈਚਾਰੇ ਦੀ ਸਮਾਨਤਾ ਅਤੇ ਅਨੇਕਤਾ ਵਿਚ ਏਕਤਾ ਦੇ ਵਿਚਾਰਾਂ ਨੂੰ ਗ੍ਰਹਿਣ ਕਰ ਲਵਾਂਗੇ ਤਾਂ ਸਾਨੂੰ ਉਨ੍ਹਾਂ ਬੁਨਿਆਦੀ ਗੁਣਾਂ ਵੱਲ ਧਿਆਨ ਦੇਣ ਦੀ ਲੋੜ ਪਵੇਗੀ, ਜੋ ਇਸ ਤਰ੍ਹਾਂ ਦੇ ਮਨੁੱਖੀ ਭਾਈਚਾਰੇ ਦੀ ਸਥਾਪਨਾ ਲਈ ਜ਼ਰੂਰੀ ਹਨ। ਇਨ੍ਹਾਂ ਸ਼ੁਭ ਗੁਣਾਂ ਅਤੇ ਸਾਧਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਕਤੀਸ਼ਾਲੀ ਢੰਗ ਨਾਲ ਪ੍ਰਗਟਾਇਆ ਗਿਆ ਹੈ। ਸਭ ਮਨੁੱਖ ਸ਼ਾਂਤੀ ਚਾਹੁੰਦੇ ਹਨ ਪਰ ਇਹ ਤਾਂ ਹੀ ਆ ਸਕਦੀ ਹੈ, ਜੇ ਦਿਲਾਂ ਵਿਚ ਮੇਲ-ਮਿਲਾਪ ਦੀ ਭਾਵਨਾ ਆਵੇ। ਵੈਰ ਕਦੇ ਵੈਰ ਨੂੰ ਸ਼ਾਂਤ ਨਹੀਂ ਕਰ ਸਕਦਾ। ਅੱਗ ਕਦੇ ਅੱਗ ਨੂੰ ਨਹੀਂ ਬੁਝਾ ਸਕਦੀ। ਵੈਰ-ਵਿਰੋਧ ਉੱਤੇ ਪੱਕੀ ਅਤੇ ਯਕੀਨੀ ਜਿੱਤ ਖ਼ਿਮਾ ਦੁਆਰਾ ਹੀ ਸੰਭਵ ਹੈ। ਖ਼ਿਮਾ ਅਤੇ ਸਹਿਨਸ਼ੀਲਤਾ ਦੇ ਗੁਣਾਂ ਬਿਨਾਂ ਮੇਲ-ਮਿਲਾਪ ਅਤੇ ਆਪਸੀ ਪ੍ਰੇਮ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ:

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ 1382)

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ੍ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ੍ ਦੇ ਚੁੰਮਿ॥ (ਪੰਨਾ 1378)

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ (ਪੰਨਾ 1185)

ਪਰ ਕਾ ਬੁਰਾ ਨ ਰਾਖਹੁ ਚੀਤ॥
ਤੁਮ ਕਉ ਦੁਖੁ ਨਹੀ ਭਾਈ ਮੀਤ॥ (ਪੰਨਾ 386)

4. ਦੂਜਿਆਂ ਵਿਚ ਭਲਾਈ ਵੇਖਣਾ : ਇਕ ਖ਼ਿਮਾ ਹੈ- ਕਿਸੇ ਦੀ ਵਧੀਕੀ ਨੂੰ ਸਹਿਨ ਕਰਕੇ ਉਹਨੂੰ ਮੁਆਫ਼ ਕਰ ਦੇਣਾ; ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਥੇ ਹੀ ਬਸ ਨਹੀਂ ਕਰਦੀ। ਖ਼ਿਮਾ ਦਾ ਇਸ ਤੋਂ ਵੀ ਡੂੰਘਾ ਆਧਾਰ ਹੈ- ਸਭ ਵਿਚ ਭਲਾਈ ਵੇਖਣੀ। ਕੋਈ ਵੀ ਵਿਅਕਤੀ ਪੂਰਨ ਰੂਪ ਵਿਚ ਬੁਰਾ ਨਹੀਂ ਹੁੰਦਾ, ਨਾ ਹੀ ਸਾਰੇ ਚੰਗੇ ਗੁਣ ਸਿਰਫ਼ ਸਾਡੇ ਵਿਚ ਹਨ:

ਬੁਰਾ ਭਲਾ ਕਹੁ ਕਿਸ ਨੋ ਕਹੀਐ॥
ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ॥ (ਪੰਨਾ 353)

ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥ (ਪੰਨਾ 1381)

ਹਮ ਨਹੀ ਚੰਗੇ ਬੁਰਾ ਨਹੀ ਕੋਇ॥
ਪ੍ਰਣਵਤਿ ਨਾਨਕੁ ਤਾਰੇ ਸੋਇ॥ (ਪੰਨਾ 728)

5. ਮਨੁੱਖ-ਮਾਤਰ ਦੀ ਸੇਵਾ : ਵਿਸ਼ਵ-ਪੱਧਰ ਉੱਤੇ ਮਨੁੱਖੀ ਭਾਈਚਾਰੇ ਦੀ ਮੰਜ਼ਿਲ ਰਲ਼ਮਿਲ ਕੇ ਇਕ-ਦੂਜੇ ਲਈ ਜੀਣ ਦੀ ਮੰਜ਼ਿਲ ਹੈ। ਇਹ ਤਾਂ ਹੀ ਸੰਭਵ ਹੈ, ਜੇਕਰ ਅਸੀਂ ਸਾਰੇ ਭੇਦ-ਭਾਵ ਅਤੇ ਵਖਰੇਵਿਆਂ ਦਾ ਅਤੇ ਨਿੱਜੀ ਸੁਆਰਥ ਦਾ ਤਿਆਗ ਕਰ ਕੇ ਇਕ-ਦੂਜੇ ਲਈ ਨਿਸ਼ਕਾਮ ਸੇਵਾ ਵਿਚ ਜੁੱਟ ਜਾਈਏ। ਅਜਿਹੀ ਸੇਵਾ ਦੀ ਪ੍ਰੇਰਨਾ ਕਿਸੇ ਡਰ, ਭੈਅ ਜਾਂ ਕਾਨੂੰਨੀ ਕਾਰਵਾਈ ਰਾਹੀਂ ਨਹੀਂ, ਸਗੋਂ ਆਪਸੀ ਪ੍ਰੇਮ ਤੋਂ ਪ੍ਰੇਰਿਤ ਹੁੰਦੀ ਹੈ। ਇਹ ਪ੍ਰਾਪਤੀ ਸਾਨੂੰ ਸਾਡੇ ਧਰਮ-ਵਿਸ਼ੇਸ਼ ਦੇ ਉਪਦੇਸ਼ਾਂ ਤੋਂ ਹੀ ਹੋ ਸਕਦੀ ਹੈ। ਸਾਡਾ ਆਪਣਾ ਧਰਮ ਸਾਨੂੰ ਉਹ ਸੇਧ ਦੇ ਸਕਦਾ ਹੈ, ਜਿਸ ਬਾਰੇ ਸੰਸਾਰ ਦੇ ਸਾਰੇ ਧਰਮ ਇਕਮੱਤ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਪੰਜਾਬ ਦੇ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਮੁਹਾਂਦਰੇ ਨੂੰ ਨਿਖਾਰਨ ਲਈ ਮਹੱਤਵਪੂਰਨ ਯੋਗਦਾਨ ਦਿੱਤਾ। ਇਨ੍ਹਾਂ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਨੇ ਪੰਜਾਬੀ ਆਚਰਨ ਵਿਚ ਉਨ੍ਹਾਂ ਕਦਰਾਂ-ਕੀਮਤਾਂ ਨੂੰ ਪਰਿਪੱਕ ਕੀਤਾ, ਜੋ ਜੀਵਨ ਨੂੰ ਮਿੱਠਾ, ਪਿਆਰਾ ਤੇ ਰੌਸ਼ਨ ਬਣਾਉਂਦੀਆਂ ਹਨ। ਗੁਰਬਾਣੀ-ਦਰਸ਼ਨ ਨੇ ਧਾਰਮਿਕ ਸਦਭਾਵਨਾ ਅਤੇ ਵਿਸ਼ਵ- ਭਾਈਚਾਰੇ ਦੇ ਸੰਦੇਸ਼ ਨੂੰ ਪ੍ਰਫੁੱਲਤ ਕਰਨ ਵਿਚ ਅਮਿਟ ਯੋਗਦਾਨ ਪਾਇਆ ਹੈ। ਸਾਂਝੀਵਾਲਤਾ, ਸਦਭਾਵਨਾ ਅਤੇ ਭਾਈਚਾਰੇ ਦੀ ਇਸ ਤੋਂ ਉਚੇਰੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਸਿੱਖ ਧਰਮ ਦੀ ਰੋਜ਼ਾਨਾ ਅਰਦਾਸ ਵਿਚ ਸਰਬੱਤ ਦੇ ਭਲੇ ਦੀ ਮੰਗਲ-ਕਾਮਨਾ ਕੀਤੀ ਜਾਂਦੀ ਹੈ:-

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Navsangeet Singh

ਪ੍ਰੋਫੈਸਰ ਤੇ ਮੁਖੀ ਪੰਜਾਬੀ ਵਿਭਾਗ, ਗੁਰੂ ਕਾਸ਼ੀ ਕਾਲਜ, ਦਮਦਮਾ ਸਾਹਿਬ-151302, ਬਠਿੰਡਾ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)