editor@sikharchives.org
Bhagat Jai Dev Ji

ਸੱਚ ਅਤੇ ਸਿਮਰਨ ਦੀ ਮੂਰਤ – ਭਗਤ ਜੈ ਦੇਵ ਜੀ

ਵੈਰਾਗ ਉਹ ਨਿਰਮਲ ਵਹਿਣ ਹੈ, ਜਿਸ ਰਾਹੀਂ ਮਨ ਦੀ ਮੈਲ ਧੋਤੀ ਜਾਂਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਭਗਤੀ ਲਹਿਰ ਮੂਲ ਰੂਪ ਵਿਚ ਦੱਖਣ ’ਚੋਂ ਉੱਠੀ ਫਿਰ ਜਿਸ ਨੇ ਉੱਤਰੀ ਭਾਰਤ ਵਿਚ ਭਗਤ ਰਾਮਾਨੰਦ ਜੀ, ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਪੈਦਾ ਕੀਤੇ। ਇਸ ਲਹਿਰ ਦਾ ਪ੍ਰਭਾਵ ਪੂਰਬੀ ਭਾਰਤ ਉੱਤੇ ਵੀ ਪਿਆ। ਇਸ ਲਹਿਰ ਦਾ ਉਦੇਸ਼ ਲੋਕਾਂ ਨੂੰ ਰੀਤਾਂ-ਰਸਮਾਂ, ਸ਼ੰਕਿਆਂ ਅਤੇ ਵਹਿਮਾਂ-ਭਰਮਾਂ ਤੋਂ ਉੱਪਰ ਉਠਾ ਕੇ ਉਨ੍ਹਾਂ ਨੂੰ ਇਕ ਪ੍ਰਭੂ ਦੀ ਯਾਦ ਦ੍ਰਿੜ੍ਹ ਕਰਵਾਉਣਾ ਸੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਜਿਹੜੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਦਰਯੋਗ ਥਾਂ ਦਿੱਤੀ ਸੀ, ਉਨ੍ਹਾਂ ਵਿੱਚੋਂ ਭਗਤ ਜੈ ਦੇਵ ਜੀ ਵੀ ਇਕ ਸਨ। ਹਉਮੈ ਦੀ ਤੰਗ ਵਲਗਣ ਵਿੱਚੋਂ ਉਭਰ ਕੇ ਬ੍ਰਹਿਮੰਡੀ ਹੁਕਮ ਨਾਲ ਇਕਸੁਰ ਹੋਣ ਦਾ ਸੰਦੇਸ਼ ਦੇਣ ਵਾਲੇ, ਪ੍ਰਭੂ-ਭਗਤੀ ਦੇ ਰੰਗ ਵਿਚ ਖੀਵੇ, ਸੁਭਾਉ ਦੇ ਤਿਆਗੀ, ਕਰਣੀ-ਕਥਨੀ ਦੇ ਮਾਲਕ ਭਗਤ ਜੈ ਦੇਵ ਜੀ ਦਾ ਜਨਮ ਪਿੰਡ ਕੇਂਦੂਲੀ ਪਰਗਨਾ ਬੀਰ ਭੂਮ (ਬੰਗਾਲ) ਵਿਖੇ ਮਾਤਾ ਬਾਮ ਦੇਵੀ ਅਤੇ ਪਿਤਾ ਸ੍ਰੀ ਭੋਜ ਦੇਵ ਜੀ ਦੇ ਘਰ ਹੋਇਆ। ਅੱਜ ਜੇ ਇਸ ਪ੍ਰਾਂਤ ਵਿਚ ਭਗਤੀ, ਕਾਵਿ ਰਾਗ, ਪੁਰਾਤਨ ਸੱਭਿਅਤਾ ਦਾ ਕੋਈ ਨਿਸ਼ਾਨ ਜਾਂ ਜੀਵਨ ਦਾ ਰਸ ਪਾਇਆ ਜਾਂਦਾ ਹੈ ਤਾਂ ਉਸ ਵਿਚ ਭਗਤ ਜੈ ਦੇਵ ਜੀ ਜੈਸੇ ਭਗਤਾਂ ਦਾ ਅਸੀਮ ਹਿੱਸਾ ਹੈ। ਐਸੇ ਭਗਤ ਸਾਹਿਬਾਨ ਕਰਕੇ ਹੀ ਬੰਗਾਲ ਨੂੰ ਅੱਜ ‘ਗਾ ਰਹੇ ਪੰਛੀਆਂ ਦਾ ਆਲ੍ਹਣਾ’ ਵੀ ਕਿਹਾ ਜਾਂਦਾ ਹੈ। ਭਗਤ ਜੈ ਦੇਵ ਜੀ ਕਦੋਂ ਪੈਦਾ ਹੋਏ, ਇਸ ਬਾਰੇ ਭਾਵੇਂ ਇਤਿਹਾਸਕਾਰਾਂ ਵਿਚ ਮੱਤਭੇਦ ਹਨ ਪਰ ਫਿਰ ਵੀ ਕੁਝ ਇਤਿਹਾਸਕਾਰਾਂ ਨੇ ਆਪ ਜੀ ਦੇ ਮਾਤਾ-ਪਿਤਾ ਦਾ ਸਮਾਂ 1025 ਈਸਵੀ ਤੋਂ 1050 ਈਸਵੀ ਤਕ ਦਿੱਤਾ ਹੈ।

ਆਪ ਜੀ ਦਾ ਬਚਪਨ ਪਿੰਡ ਵਿਚ ਹੀ ਬੀਤਿਆ। ਆਪ ਨੇ ਛੋਟੀ ਉਮਰੇ ਸੰਸਕ੍ਰਿਤ ਦਾ ਚੋਖਾ ਗਿਆਨ ਹਾਸਲ ਕਰ ਲਿਆ ਸੀ। ਆਪ ਬਹੁਤ ਹੀ ਉੱਚੀ ਬਿਰਤੀ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਆਪ ਦੇ ਸ਼ੁਭ ਗੁਣਾਂ ਦੀ ਮਹਿਕ ਹਰ ਪਾਸੇ ਫੈਲ ਚੁੱਕੀ ਸੀ। ਇਸ ਲਈ ਬੰਗਾਲ ਦੇ ਰਾਜਾ ਲਛਮਣ ਸੈਨ ਨੇ ਆਪ ਨੂੰ ਦਰਬਾਰੀ ਕਵੀਆਂ ਵਿਚ ਸ਼ਾਮਲ ਕਰ ਲਿਆ। ਆਪ ਰਾਜ-ਦਰਬਾਰ ਦੇ ਪੰਜਾਂ ਰਤਨਾਂ ਵਿੱਚੋਂ ਇਕ ਸਨ ਪਰ ਇਸ ਦੇ ਬਾਵਜੂਦ ਵੀ ਫਕੀਰੀ ਸੁਭਾਅ ਦੇ ਮਾਲਕ ਸਨ। ਆਪ ਭਾਵੇਂ ਤਥਾਕਥਿਤ ਉੱਚ ਜਾਤੀ ਦੇ ਬ੍ਰਾਹਮਣ ਸਨ ਪਰ ਫਿਰ ਵੀ ਆਪ ਨੇ ਉੱਚੀ ਜਾਤੀ ਦਾ ਮਾਣ ਛੱਡ ਕੇ ‘ਏਕ ਦ੍ਰਿਸਟਿ ਕਰਿ ਸਮਸਰਿ ਜਾਣੈ’ ਦੀ ਦ੍ਰਿਸ਼ਟੀ ਧਾਰਨ ਕਰਦਿਆਂ ਪ੍ਰਭੂ ਦੀ ਭਗਤੀ ਦ੍ਰਿੜ੍ਹ ਕੀਤੀ ਅਤੇ ਉਨ੍ਹਾਂ ’ਤੇ ਕਿਰਪਾ ਹੋਈ। ਆਪ ਨੇ ਦੇਸਾਂ-ਦੇਸਾਂਤਰਾਂ ਦੀ ਯਾਤਰਾ ਵੀ ਕੀਤੀ। ਤੀਰਥਾਂ ਦੀ ਯਾਤਰਾ ਕਰਦਿਆਂ ਆਪ ਜਗਨਨਾਥ ਪੁਰੀ ਪੁੱਜੇ ਜਿੱਥੇ ਆਪ ਜੀ ਦੀ ਸ਼ਾਦੀ ਇਕ ਬਹੁਤ ਹੀ ਗੁਣਵਾਨ ਤੇ ਸੀਲਵੰਤ ਲੜਕੀ ਪਦਮਾਵਤੀ ਨਾਲ ਹੋਈ। ਦੋਵੇਂ ਜੀਅ ਪ੍ਰੇਮਾ-ਭਗਤੀ ਤੇ ਸਾਧੂ-ਸੇਵਾ ਵਿਚ ਜੀਵਨ ਬਤੀਤ ਕਰਨ ਵਾਲੇ ਸੁਭਾਅ ਦੇ ਮਾਲਕ ਸਨ। ਬਚਪਨ ਤੋਂ ਹੀ ਆਪ ਜੀ ਦੇ ਮਨ ਵਿਚ ਵੈਰਾਗ ਦੀ ਧਾਰਾ ਬੜੇ ਵੇਗ ਨਾਲ ਚੱਲ ਰਹੀ ਸੀ। ਵੈਰਾਗ ਉਹ ਨਿਰਮਲ ਵਹਿਣ ਹੈ, ਜਿਸ ਰਾਹੀਂ ਮਨ ਦੀ ਮੈਲ ਧੋਤੀ ਜਾਂਦੀ ਹੈ। ਆਪ ਜੀ ਦੀ ਪਤਨੀ ਪਦਮਾਵਤੀ ਦੇ ਸੰਜੋਗ ਨੇ ਵੈਰਾਗ ਦੇ ਨਾਲ ਪ੍ਰੇਮ ਵੀ ਪੈਦਾ ਕਰ ਦਿੱਤਾ। ਵੈਰਾਗ ਉੱਚੀ ਲਗਨ ਪੈਦਾ ਕਰਦਾ ਹੈ, ਪ੍ਰੇਮ ਜੀਵਨ ਵਿਚ ਰਸ ਪੈਦਾ ਕਰਦਾ ਹੈ। ਇਸ ਆਤਮ-ਰਸ ਦੀ ਅਵਸਥਾ ਵਿਚ ਹੀ ਆਪ ਜੀ ਨੇ ਸੰਸਕ੍ਰਿਤ ਵਿਚ ਬਹੁਤ ਰਚਨਾਵਾਂ ਰਚੀਆਂ। ਆਪ ਜੀ ਦੀ ਰਚਨਾ ‘ਗੀਤ ਗੋਬਿੰਦ’ ਪ੍ਰਸਿੱਧ ਹੈ।

ਕਿਹਾ ਜਾਂਦਾ ਹੈ ਕਿ ਇਕ ਵਾਰ ਆਪ ਜੀ ਨੂੰ ਰਸਤੇ ਵਿਚ ਇਕ ਠੱਗਾਂ ਦਾ ਟੋਲਾ ਮਿਲ ਗਿਆ। ਉਨ੍ਹਾਂ ਨੇ ਆਪ ਨੂੰ ਲੁੱਟਣਾ ਚਾਹਿਆ। ਆਪ ਨੇ ਸਾਰੀਆਂ ਵਸਤਾਂ ਖੁਸ਼ੀ ਨਾਲ ਹੀ ਦੇ ਦਿੱਤੀਆਂ ਅਤੇ ਕਿਹਾ ‘ਭਲੇ ਲੋਕੋ! ਇਹ ਮਾਇਆ ਦੀ ਪਕੜ ਹੀ ਪਾਪ ਦਾ ਮੂਲ ਹੈ, ਬੇ-ਸੰਜਮੇ ਨੂੰ ਹੀ ਰੋਗ ਗ੍ਰਸਦੇ ਹਨ ਅਤੇ ਸੰਸਾਰਿਕ ਮੋਹ ਹੀ ਦੁੱਖਾਂ ਦਾ ਕਾਰਨ ਹਨ। ਇਨ੍ਹਾਂ ਤਿੰਨਾਂ ਨੂੰ ਤਿਆਗਣ ਨਾਲ ਹੀ ਸੁਖ-ਸ਼ਾਂਤੀ ਪ੍ਰਾਪਤ ਹੋ ਸਕਦੀ ਹੈ।’

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ ਦੋ ਪਾਵਨ ਸ਼ਬਦ (ਇਕ ਰਾਗ ਗੂਜਰੀ ਵਿਚ ਤੇ ਦੂਜਾ ਰਾਗ ਮਾਰੂ ਵਿਚ) ਦਰਜ ਹਨ। ਇਨ੍ਹਾਂ ਦੀ ਬੋਲੀ ਪ੍ਰਾਕ੍ਰਿਤ ਤੇ ਹਿੰਦੀ ਹੈ। ਇਹ ਸ਼ਬਦ ਬੋਲੀ ਤੇ ਭਾਵ ਦੇ ਲਿਹਾਜ਼ ਨਾਲ ਰਤਾ ਕਠਨ ਹਨ। ਅਰਾਧਨਾ, ਸ਼ਰਧਾ, ਸਿਮਰਨ, ਵਾਸ਼ਨਾ ਰਹਿਤ ਸੰਜਮੀ ਜੀਵਨ, ਈਸ਼ਵਰ ਦੀ ਹੋਂਦ ਤੇ ਪ੍ਰੇਮਾ-ਭਗਤੀ ਆਪ ਜੀ ਦੇ ਇਨ੍ਹਾਂ ਪਾਵਨ ਸ਼ਬਦਾਂ ਦੇ ਮੁੱਖ ਸਰੋਕਾਰ ਹਨ। ਆਪ ਮਨੁੱਖੀ ਜੀਵ ਨੂੰ ਕੇਵਲ ਪਰਮਾਤਮਾ ਦਾ ਨਾਮ-ਸਿਮਰਨ ਲਈ ਪ੍ਰੇਰਦੇ ਹਨ ਜੋ ਆਪ ਜੀ ਅਨੁਸਾਰ ਸੁੰਦਰ ਤੇ ਅੰਮ੍ਰਿਤ ਭਰਪੂਰ ਹੈ ਅਤੇ ਜਗਤ ਦਾ ਮੂਲ ਹੈ। ਸਿਮਰਨ ਹੀ ਸਭ ਤਰ੍ਹਾਂ ਦੇ ਦੁੱਖਾਂ ਅਤੇ ਤਕਲੀਫਾਂ ਦਾ ਅਉਖਧ ਹੈ:

ਕੇਵਲ ਰਾਮ ਨਾਮ ਮਨੋਰਮੰ॥
ਬਦਿ ਅੰਮ੍ਰਿਤ ਤਤ ਮਇਅੰ॥
ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ॥ (ਪੰਨਾ 526)

ਆਪ ਜੀ ਅਨੁਸਾਰ ਮਨੁੱਖੀ ਜੀਵ ਨੂੰ ਪਰਮਾਤਮਾ ਦੀ ਭਗਤੀ ਮਨ, ਬਚਨ ਤੇ ਕਰਮ ਨਾਲ ਕਰਨੀ ਚਾਹੀਦੀ ਹੈ। ਯੱਗ, ਤਪ ਤੇ ਦਾਨ ਦਾ ਕੋਈ ਲਾਭ ਨਹੀਂ। ਇਹ ਸਭ ਵਿਖਾਵੇ ਹਨ। ਕੇਵਲ ਤੇ ਕੇਵਲ ਉਸ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ ਜੋ ਅਖੰਡ ਸਤ ਦਾ ਪ੍ਰਤੀਕ ਹੈ, ਜਿਸ ਵਿਚ ਸਭ ਕੁਝ ਸਮਾਇਆ ਹੋਇਆ ਹੈ ਅਤੇ ਸਭ ਕੁਝ ਵਿਚ ਇਕ-ਰਸ ਹੋ ਕੇ ਵਿਆਪਕ ਹੈ। ਉਹ ਹੀ ਸਭ ਪਦਾਰਥਾਂ ਦੀ ਪ੍ਰਾਪਤੀ ਦਾ ਸੋਮਾ ਹੈ।

ਆਪ ਜੀ ਅਨੁਸਾਰ ਨੇਕ ਇਨਸਾਨ ਬਣਨ ਲਈ ਲੋਭ ਨੂੰ ਛੱਡਣਾ ਜ਼ਰੂਰੀ ਹੈ, ਪਰਾਏ ਘਰ ਦੀ ਝਾਕ ਮਨੁੱਖ ਨੂੰ ਇਸ ਹੱਦ ਤਕ ਡੇਗ ਦਿੰਦੀ ਹੈ ਕਿ ਉਸ ਦਾ ਰੂਹਾਨੀ ਵਿਕਾਸ ਨਹੀਂ ਹੋ ਸਕਦਾ। ਦੁਰਮਤਿ ਤਿਆਗ ਕੇ ਪ੍ਰਭੂ ਦੀ ਸ਼ਰਨ ਆਉਣਾ ਜ਼ਰੂਰੀ ਹੈ। ਜੋ ਇੱਕੋ-ਇੱਕ ਤੱਤ-ਸਤ ਸਦੀਵੀ ਹਸਤੀ ਹੈ ਅਤੇ ਸਦਾ ਖਿੜਿਆ ਰਹਿੰਦਾ ਹੈ:

ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ॥
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ॥ (ਪੰਨਾ 526)

ਆਪ ਅਨੁਸਾਰ ਉਸ ਗੁਣੀ-ਨਿਧਾਨ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਉਣ ਤੇ ਉਨ੍ਹਾਂ ਗੁਣਾਂ ਦਾ ਚਿੰਤਨ-ਮੰਥਨ ਕਰਨ ਅਤੇ ਆਤਮਸਾਤ ਕਰਨ ਨਾਲ ਹੀ ਮਨ ਦੀ ਮੈਲ ਧੁਲ ਜਾਂਦੀ ਹੈ, ਦੁਬਿਧਾ ਮਿਟ ਜਾਂਦੀ ਹੈ, ਦ੍ਰਿਸ਼ਟੀ ਇਕ-ਸਮਾਨ ਹੋ ਜਾਂਦੀ ਹੈ। ਜਿਸ ਤਰ੍ਹਾਂ ਪਾਣੀ ਵਿਚ ਪਾਣੀ ਮਿਲ ਜਾਂਦਾ ਹੈ, ਉਸੇ ਤਰ੍ਹਾਂ ਹੀ ਜੀਵ ਵੀ ਉਸ ਹਸਤੀ ਵਿਚ ਲੀਨ ਹੋ ਜਾਂਦਾ ਹੈ। ਉਸ ਪ੍ਰਭੂ ਦੀ ਸਿਫ਼ਤ-ਸਲਾਹ ਦੀ ਬਰਕਤ ਨਾਲ ਹੀ ਕੂੜ ਦੀ ਕੰਧ ਢਹਿੰਦੀ ਹੈ, ਦੂਜ ਦੀ ਭਾਵਨਾ ਮਿਟਦੀ ਹੈ ਤੇ ਖੁਸ਼ੀਆਂ ਦੇ ਖਜ਼ਾਨੇ ਦੇ ਮਾਲਕ ਹੋ ਜਾਈਦਾ ਹੈ:

ਮਨ ਆਦਿ ਗੁਣ ਆਦਿ ਵਖਾਣਿਆ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ॥ (ਪੰਨਾ 1106)

ਆਪ ਅਨੁਸਾਰ ਜਿਨ੍ਹਾਂ ਭਗਤਾਂ ਨੇ ਪ੍ਰਭੂ ਨੂੰ ਪਾ ਲਿਆ ਹੈ, ਉਨ੍ਹਾਂ ਦੇ ਮਨ ਪਾਵਨ, ਬੋਲ ਪਵਿੱਤਰ ਅਤੇ ਕਰਮ ਸ਼ੁਭ ਹੁੰਦੇ ਹਨ। ਐਸੇ ਮਨੁੱਖ ਜੋਗ, ਤਪ, ਜਪ ਤੇ ਦਾਨ ਆਦਿ ਦੇ ਝਗੜਿਆਂ ਵਿਚ ਨਹੀਂ ਪੈਂਦੇ। ਹੋਰ ਸਾਰੇ ਦੁਨਿਆਵੀ ਆਸਰੇ ਛੱਡ ਕੇ ਉਸ ਦੀ ਸ਼ਰਨ ਪਿਆਂ ਸਭ ਨਿਧਾਂ ਮਿਲ ਜਾਂਦੀਆਂ ਹਨ:

ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ॥
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ॥4॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ॥
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ॥5॥1॥ (ਪੰਨਾ 526)

ਆਪ ਜੀ ਨੇ ਬਹੁਤਾ ਜੀਵਨ ਆਪਣੇ ਪਿੰਡ ਕੇਂਦੂਲੀ ਵਿਚ ਹੀ ਗੁਜ਼ਾਰਿਆ। ਆਪ ਬੜੇ ਆਦਰਸ਼ਕ ਗ੍ਰਿਹਸਤੀ, ਉੱਚੇ ਭਗਤ, ਆਏ-ਗਏ ਦੀ ਸੇਵਾ ਕਰਨ ਵਾਲੇ ਅਤੇ ਧਰਮ ਤੇ ਇਖ਼ਲਾਕ ਨੂੰ ਪ੍ਰਚਾਰਨ ਵਾਲੇ ਸਨ। ਆਪ ਪ੍ਰੇਮਾ-ਭਗਤੀ ਵਿਚ ਹੀ ਜੀਵਨ ਬਤੀਤ ਕਰਦੇ ਰਹੇ ਅਤੇ ਅਨੇਕਾਂ ਜੀਵਾਂ ਨੂੰ ਆਪਣੇ ਜੀਵਾਂ ਦੇ ਉਦੇਸ਼ਾਂ ਰਾਹੀਂ ਵਾਹਿਗੁਰੂ ਦੀ ਭਗਤੀ ਦ੍ਰਿੜ੍ਹ ਕਰਵਾਉਂਦੇ ਰਹੇ। ਆਪ ਜੀ ਨੇ ਅੰਤਮ ਸਵਾਸ ਲੈਂਦਿਆਂ ਜੱਦੀ ਪਿੰਡ ਕੇਂਦੂਲੀ ਵਿਖੇ ਹੀ ਸਰੀਰਿਕ ਚੋਲਾ ਤਿਆਗ ਦਿੱਤਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤਾਰਾਗੜ੍ਹ, ਡਾਕ: ਧਰਮਕੋਟ ਬੱਗਾ, ਤਹਿ: ਬਟਾਲਾ (ਗੁਰਦਾਸਪੁਰ)

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)