editor@sikharchives.org
Gurmat Sangeet

ਗੁਰਮਤਿ ਸੰਗੀਤ ਦੀ ਸਥਾਪਨਾ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦੇ ਸੰਦਰਭ ਵਿਚ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਸੰਗੀਤ ਵਿਵਹਾਰਕ ਸਥਾਪਤੀ ਪ੍ਰਤੀ ਸੁਚੇਤ ਕਰਦਿਆਂ ਸਰਬ-ਪ੍ਰਥਮ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਨਿਰੰਤਰ ਸੰਚਾਰ ਹਿਤ ਸ਼ਬਦ-ਕੀਰਤਨ ਦੀ ਪਰੰਪਰਾ ਚਲਾਈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰਮਤਿ ਸੰਗੀਤ, ਸਿੱਖ ਧਰਮ ਦੇ ਸ਼ਬਦ-ਕੀਰਤਨ ਦੀ ਸਥਾਪਤ ਸੰਗੀਤ ਪੱਧਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਗੀਤ-ਪੱਧਤੀ ਦਾ ਆਗਾਜ਼ ਭਾਈ ਮਰਦਾਨਾ ਜੀ ਦੇ ਰਬਾਬ ਦੇ ਵਾਦਨ ਸੰਗੀਤ ਦੀ ਵਿਦਮਾਦੀ ਧੁਨ ਸੰਗ ‘ਖਾਲਕ ਕੈ ਆਦੇਸ’ ਰੂਪੀ ‘ਖਸਮੁ ਕੀ ਬਾਣੀ’ ਦੇ ਸੰਚਰਣ ਲਈ ਸ਼ਬਦ ਕੀਰਤਨ ਦੇ ਪ੍ਰਵਾਹ ਦੁਆਰਾ ਕੀਤਾ। ਉਦਾਸੀ ਦੀ ਰੀਤ ਦੁਆਰਾ ਗੁਰਮਤਿ ਸੰਗੀਤ ਦਾ ਇਹ ਸ਼ਬਦ ਕੀਰਤਨ-ਪ੍ਰਵਾਹ ਸਰਬ ਲੋਕਾਈ ਤਕ ਸੰਚਰਿਤ ਹੋਇਆ। ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਤੇ ਸਿੱਖ ਸੰਗਤਾਂ ਨੇ ਪ੍ਰਚਲਤ ਕਰਦਿਆਂ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਅਤੇ ਸਮੁੱਚੀ ਸੰਪੂਰਨ ਸਿੱਖੀ ਜੀਵਨ ਦਾ ਅਨਿੱਖੜ ਅੰਗ ਬਣਾਇਆ। ਸ਼ਬਦ-ਕੀਰਤਨ ਹਿਤ ਗੁਰਮਤਿ ਦੀ ਅਨੁਸਾਰੀ ਇਸ ਸੰਗੀਤ-ਪਰੰਪਰਾ ਦਾ ਮੁੱਢ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬੱਝਾ ਉਥੇ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ, ਕੀਰਤਨ, ਗਾਇਨ-ਸ਼ੈਲੀਆਂ, ਕੀਰਤਨ-ਚੌਕੀਆਂ, ਕੀਰਤਨ-ਸਾਜ਼ਾਂ ਦਾ ਪ੍ਰਯੋਗ ਤੇ ਪ੍ਰਚਲਨ ਆਪਣੀ ਬਾਣੀ ਦੇ ਸ਼ਬਦ ਕੀਰਤਨ ਹਿਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਮਹਾਨ ਪਰੰਪਰਾ ਵਿਰਾਸਤ ਰੂਪ ਵਿਚ ਪ੍ਰਾਪਤ ਹੋਈ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯੁੱਗ ਦੇ ਸੰਗੀਤ ਕੈਨਵਸ ਉੱਤੇ ਝਾਤ ਮਾਰੀਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਾਲ ਤਕ ਭਾਰਤੀ ਸੰਗੀਤ ਦੀਆਂ ਦੋਵੇਂ ਸੰਗੀਤ-ਪੱਧਤੀਆਂ ਹਿੰਦੁਸਤਾਨੀ ਸੰਗੀਤ-ਪੱਧਤੀ (ਉੱਤਰੀ ਭਾਰਤੀ ਸੰਗੀਤ ਪੱਧਤੀ) ਅਤੇ ਕਰਨਾਟਕੀ ਸੰਗੀਤ-ਪੱਧਤੀ (ਦੱਖਣੀ ਭਾਰਤੀ ਸੰਗੀਤ-ਪੱਧਤੀ) ਆਪੋ-ਆਪਣੇ ਸਪੱਸ਼ਟ ਵਖਰੇਵਿਆਂ ਦੀ ਪਛਾਣ-ਸਥਾਪਤੀ ਉਪਰੰਤ ਆਪੋ-ਆਪਣੇ ਵਹਿਣ ਦੀ ਪੂਰਨ ਸਥਾਪਨਾ ਕਰ ਚੁੱਕੀਆਂ ਸਨ। ਭਾਰਤੀ ਸੰਗੀਤ ਦੇ ਗ੍ਰੰਥਕਾਰ ਹੁਣ ਹਿੰਦੁਸਤਾਨੀ ਸੰਗੀਤ ਦੀ ਸੁਤੰਤਰ ਹਸਤੀ ਤਸਲੀਮ ਕਰ, ਇਸ ਦੇ ਸਿਧਾਂਤਕ ਆਧਾਰਾਂ ਦੇ ਵਿਸ਼ਲੇਸ਼ਣ ਵਿਚ ਪੈ ਚੁੱਕੇ ਸਨ। ਭਾਰਤੀ ਸੰਗੀਤ ਦੇ ਸੰਦਰਭ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਾਲ ਦੀ ਪਿੱਠਭੂਮੀ ਉੱਤੇ ਸੰਗੀਤ ਇਤਿਹਾਸ ਦਾ ਸੁਨਹਿਰੀ ਯੁੱਗ ਦ੍ਰਿਸ਼ਟੀਗੋਚਰ ਹੁੰਦਾ ਹੈ ਜਿਸ ਵਿਚ ਅਧਿਆਤਮਕ ਸੰਗੀਤ ਦੇ ਪਾਂਧੀ ਸੰਤ-ਭਗਤ ਕਵੀਆਂ ਦਾ ਭਗਤੀ-ਸੰਗੀਤ, ਤਾਨਸੇਨ, ਬੈਜੂ ਬਾਵਰਾ ਵਰਗੇ ਸੰਗੀਤਕਾਰ ਦਾ ਦਰਬਾਰੀ ਸੰਗੀਤ (ਸ਼ਾਸਤਰੀ ਸੰਗੀਤ), ਸ਼ਾਹ ਹੁਸੈਨ ਵਰਗੇ ਸੂਫ਼ੀ ਦਰਵੇਸ਼ਾਂ ਦਾ ਸੂਫ਼ੀ ਸੰਗੀਤ ਅਤੇ ਪੰਜਾਬੀ ਲੋਕ- ਸੰਗੀਤ ਦੀ ਇਕ ਵਿਸ਼ਾਲ ਪਰੰਪਰਾ ਵਿਦਮਾਨ ਹੈ। ਸੰਗੀਤ ਦੀ ਅਜਿਹੀ ਗੂੰਜਾਰ ਦੇ ਸਮਾਨੰਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪੂਰਬਲੇ ਗੁਰੂ ਸਾਹਿਬਾਨ ਦੁਆਰਾ ਪ੍ਰਚੱਲਤ ਗੁਰਮਤਿ ਸੰਗੀਤ-ਪਰੰਪਰਾ ਨੂੰ ਸਿਧਾਂਤਕ ਤੇ ਵਿਵਹਾਰਕ ਰੂਪ ਵਿਚ ਸਥਾਪਤ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਈ।

ਗੁਰਮਤਿ ਸੰਗੀਤ ਦੀ ਸਿਧਾਂਤਕ ਸਥਾਪਤੀ ਪ੍ਰਤੀ ਯੋਗਦਾਨ

ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਗੇਯ ਰਚਨਾ’ ਦੇ ਤੌਰ ’ਤੇ ਰਾਗਾਤਮਕ ਸੰਗੀਤਕ ਸੰਕਲਨ ਗੁਰਮਤਿ ਸੰਗੀਤ ਦੇ ਸਿਧਾਂਤਕ ਆਧਾਰ ਵਜੋਂ ਦ੍ਰਿਸ਼ਟਮਾਨ ਹੁੰਦਾ ਹੈ। ਬਾਣੀ ਨੂੰ ਵੱਖ-ਵੱਖ ਰਾਗਾਂ, ਕੀਰਤਨ ਗਾਇਨ ਰੂਪਾਂ, ਘਰੁ, ਜਤਿ, ਧੁਨੀ, ਸੁਧੰਗ ਆਦਿ ਵਰਗੇ ਸੰਗੀਤ ਸੰਕੇਤਾਂ, ਸਿਰਲੇਖਾਂ ਅਧੀਨ ਨਿਬੱਧ ਕਰਦਿਆਂ ਵਿਸ਼ਿਸ਼ਟ ਸੰਗੀਤ ਪ੍ਰਬੰਧ ਸਿਰਜਿਆ ਗਿਆ ਹੈ ਜੋ ਗੁਰਮਤਿ ਸੰਗੀਤ ਦਾ ‘ਮਿਊਜ਼ੀਕਾਲੋਜੀ’ ਵਜੋਂ ਪ੍ਰਗਟ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ 30 ਮੁੱਖ ਰਾਗ ਅਤੇ 15 ਰਾਗ ਪ੍ਰਕਾਰ ਵਿਚ ਬਾਣੀ ਦਾ ਉਚਾਰਨ ਕੀਤਾ। ਇਨ੍ਹਾਂ ਰਾਗਾਂ ਵਿੱਚੋਂ ਮਾਝ, ਗਉੜੀ ਮਾਝ, ਦੇਵਗੰਧਾਰੀ, ਬਿਲਾਵਲ ਤੇ ਤੁਖਾਰੀ ਆਦਿ ਰਾਗ ਸਰੂਪ ਪੱਖੋਂ ਵਿਲੱਖਣ ਤੇ ਵਿਸ਼ਿਸ਼ਟ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਸ਼ਟਪਦੀਆਂ, ਪਦੇ, ਪੜਤਾਲ ਵਰਗੇ ਸਨਾਤਨੀ ਬਾਣੀ ਰੂਪਾਂ ਅਤੇ ਵਾਰਾਂ, ਛੰਤ ਆਦਿ ਬਾਣੀ ਲੋਕ-ਬਾਣੀ ਰੂਪਾਂ ਵਜੋਂ ਪ੍ਰਯੋਗ ਕੀਤੇ। ਇਸ ਦੇ ਨਾਲ ਹੀ ਆਸਾ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਭੈਰਵ, ਸਾਰੰਗ, ਪ੍ਰਭਾਤੀ ਤੇ ਮਲਾਰ ਰਾਗਾਂ ਵਿਚ 36 ਪੜਤਾਲਾਂ ਬਾਣੀ ਰਚਨਾਵਾਂ ਕੇਵਲ ਤੇ ਕੇਵਲ ਗੁਰਮਤਿ ਸੰਗਤਿ ਦੀ ਮੌਲਿਕ ਗਾਇਨ-ਸ਼ੈਲੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਵਿਚ ‘ਰਹਾਉ’ ਦੇ ਸੰਕੇਤ ਦਾ ਵਿਵਿਧਤਾ ਨਾਲ ਪ੍ਰਯੋਗ ਹੋਇਆ ਹੈ ਜਿਵੇਂ ਕਿ ‘ਰਹਾਉ’ ਵਿਚ ਸ਼ਬਦ ਦਾ ਕੇਂਦਰੀ ਭਾਵ ਵਿਦਮਾਨ ਹੁੰਦਾ ਹੈ ਜੋ ਸ਼ਬਦ ਕੀਰਤਨ ਦੀ ਸੰਗੀਤ ਰਚਨਾ ਵਿਚ ‘ਸਥਾਈ’ ਵਜੋਂ ਕਾਰਜਸ਼ੀਲ ਰਹਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ‘ਰਹਾਉ’ ਦੇ ਵਿਵਿਧਪੱਖੀ ਪ੍ਰਯੋਗ ਦੀ ਪਰੰਪਰਾ ਨੂੰ ਅਗਾਂਹ ਤੋਰਦਿਆਂ ਚਾਰ ਤਕ ‘ਰਹਾਉ’ ਪ੍ਰਯੋਗ ਕੀਤੇ ਹਨ। ਆਪ ਜੀ ਦੀ ਪ੍ਰਸਿੱਧ ਬਾਣੀ ਰਚਨਾ ਵਿਚ ਇਸ ਦੇ ਦੀਦਾਰ ਕੀਤੇ ਜਾ ਸਕਦੇ ਹਨ।

‘ਰਹਾਉ’ ਤੋਂ ਇਲਾਵਾ ਵਾਰਾਂ ਉੱਪਰ ਸਿਰਲੇਖ ਧੁਨੀਆਂ ਦਾ ਅੰਕਣ ਵੀ ਸੰਗੀਤ ਦੇ ਸਿਧਾਂਤਕ ਪੱਖ ਤੋਂ ਵਿਸ਼ੇਸ਼ ਮਹੱਤਵ ਰੱਖਦਾ ਹੈ ਜਿਸ ਅਨੁਸਾਰ ਰਾਗ, ਸੰਬੰਧਿਤ ਵਾਰ ਅਤੇ ਪਰੰਪਰਾਗਤ ਮੂਲ ਧੁਨੀ ਦਾ ਅੰਤਰੀਵੀ ਸੰਗੀਤਕ ਸੰਬੰਧ ਨੂੰ ਗੁਰਮਤਿ ਸੰਗੀਤ ਤੇ ਹਿੰਦੁਸਤਾਨੀ ਸੰਗੀਤ ਦੇ ਰਾਗਾਂ ਦੇ ਵਿਕਾਸ ਸਬੰਧੀ ਮੂਲ-ਸ੍ਰੋਤ ਵਜੋਂ ਆਧਾਰ ਬਣਾ ਸਕਦੇ ਹਾਂ। ਇਸ ਸੰਦਰਭ ਵਿਚ ਅਸੀਂ ਸਪੱਸ਼ਟ ਤੌਰ ’ਤੇ ਰਾਗ ਆਸਾ, ਟੁੰਡੇ ਅਸਰਾਜੇ ਕੀ ਧੁਨੀ ਅਤੇ ਆਸਾ ਕੀ ਵਾਰ ਦੀ ਪਉੜੀ ਨੂੰ ਅਧਿਐਨ ਦਾ ਵਿਸ਼ਾ ਬਣਾ ਸਕਦੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਗਾਤਮਕ ਸੰਗੀਤਕ ਸੰਕਲਨ ਅਤੇ ਰਾਗ, ਗਾਇਨ ਰੂਪ, ਸੰਗੀਤ ਸੰਕੇਤਾਂ ਦੁਆਰਾ ਸਿਰਜਤ ਸੰਗੀਤ-ਪ੍ਰਬੰਧ ਹੀ ਗੁਰਮਤਿ ਸੰਗੀਤ ਦੀ ਮਿਊਜ਼ੀਕਾਲੋਜੀ ਦੇ ਰੂਪ ਵਿਚ ਪ੍ਰਗਟ ਹੋਇਆ ਜੋ ਵਰਤਮਾਨ ਸਮੇਂ ਗੁਰਮਤਿ ਸੰਗੀਤ ਨੂੰ ਦੂਸਰੀਆਂ ਸੰਗੀਤ-ਪਰੰਪਰਾਵਾਂ ਨਾਲੋਂ ਨਿਖੇੜਨ ਲਈ ਆਧਾਰ ਰੂਪ ਵਿਚ ਸਹਾਈ ਹੋ ਰਹੀ ਹੈ।

ਗੁਰਮਤਿ ਸੰਗੀਤ ਦੀ ਵਿਵਹਾਰਕ ਪੱਧਤੀ ਪ੍ਰਤੀ ਯੋਗਦਾਨ

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਸੰਗੀਤ ਵਿਵਹਾਰਕ ਸਥਾਪਤੀ ਪ੍ਰਤੀ ਸੁਚੇਤ ਕਰਦਿਆਂ ਸਰਬ-ਪ੍ਰਥਮ 1604 ਈ. ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਾਲ ਨਿਰੰਤਰ ਸੰਚਾਰ ਹਿਤ ਸ਼ਬਦ-ਕੀਰਤਨ ਦੀ ਪਰੰਪਰਾ ਚਲਾਈ। ਕੀਰਤਨ ਦੀ ਇਹ ਪਰੰਪਰਾ ਵਰਤਮਾਨ ਸਮੇਂ ਤਕ ਨਿਰੰਤਰ ਪ੍ਰਚੱਲਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਾਲ ਤਕ ਆਸਾ ਕੀ ਵਾਰ ਦੀ ਕੀਰਤਨ-ਚੌਕੀ, ਚਰਨ-ਕਵਲ ਦੀ ਚੌਕੀ, ਸੋਦਰ ਦੀ ਚੌਕੀ, ਕਲਯਾਨ ਦੀ ਚੌਕੀ ਦਾ ਪੂਰਨ ਰੂਪ ਵਿਚ ਪ੍ਰਚਲਨ ਹੋ ਚੁੱਕਾ ਸੀ। ਹਰ ਕੀਰਤਨ-ਚੌਕੀ ਵਿਚ ਸ਼ਾਨ, ਮੰਗਲਾਚਰਨ, ਧਰੁਪਦ ਅੰਗ ਦੇ ਸ਼ਬਦ ਗਾਇਨ, ਸ਼ਬਦ ਰੀਤ ਅਤੇ ਪਉੜੀ ਵਰਗੀਆਂ ਅੰਗ ਦੀਆਂ ਸਥਾਪਤ ਗਾਇਨ-ਸ਼ੈਲੀਆਂ ਇਸ ਪਰੰਪਰਾ ਵਿਚ ਹੀ ਸਮੂਰਤ ਹੋਈਆਂ। ਇਨ੍ਹਾਂ ਕੀਰਤਨ-ਚੌਕੀਆਂ ਦੇ ਅੰਤਰਗਤ ਸਮੇਂ ਅਨੁਸਾਰ ਰਾਗਾਂ ਦੇ ਪ੍ਰਚਲਨ ਨੂੰ ਵੀ ਬਲ ਬਖਸ਼ਿਆ। ਇਸ ਤਰ੍ਹਾਂ ਗੁਰਮਤਿ ਸੰਗੀਤ ਦੀ ਇਕ ਸੰਪੂਰਨ ਕੀਰਤਨ ਪ੍ਰਸਤੁਤੀ ਵਜੋਂ ਕੀਰਤਨ-ਚੌਕੀ ਦਾ ਪ੍ਰਚਲਨ ਤੇ ਸਥਾਪਨਾ ਪੇਸ਼ਕਾਰੀ ਦੇ ਪੱਧਰ ਉੱਤੇ ਗੁਰਮਤਿ ਸੰਗੀਤ-ਪੱਧਤੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸੱਤ ਰਾਗੀਆਂ ਅਤੇ ਅੱਠ ਰਬਾਬੀਆਂ ਦੀਆਂ ਕੀਰਤਨ-ਚੌਕੀਆਂ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਕਸਤ ਤੇ ਪ੍ਰਚੱਲਤ ਇਸ ਪਰੰਪਰਾ ਨੇ ਸ਼ਬਦ-ਕੀਰਤਨ ਦੀ ਵਿਸ਼ਿਸ਼ਟ ਕੀਰਤਨ ਗਾਇਕੀ ਨੂੰ ਮੌਲਿਕ ਤੇ ਵਿਲੱਖਣ ਵਿਵਹਾਰਕਿਤਾ ਪ੍ਰਦਾਨ ਕੀਤੀ। ਕੀਰਤਨ-ਚੌਕੀ ਦੀ ਇਹੋ ਪਰੰਪਰਾ ਹਿੰਦੁਸਤਾਨੀ ਮੌਸੀਕੀ ਦੇ ਰਾਗਾਤਮਕ ਤੇ ਗਾਇਨਾਤਮਕ ਪ੍ਰਚਾਰ ਲਈ ਵਿਸ਼ੇਸ਼ ਸਾਰਥਕ ਆਧਾਰ ਬਣੀ ਜਿਸ ਦੇ ਤੁਲ ਕੋਈ ਹੋਰ ਮਿਸਾਲ ਨਹੀਂ ਮਿਲਦੀ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮਤਿ ਸੰਗੀਤ ਵਿਚ ਸਾਰੰਦਾ ਸਾਜ਼ ਦਾ ਵਿਸ਼ੇਸ਼ ਵਿਵਹਾਰਕ ਪ੍ਰਚਲਨ ਕਰ ਕੇ ਤੰਤੀ ਸਾਜ਼ਾਂ ਦੀ ਵਾਦਨ-ਪਰੰਪਰਾ ਨੂੰ ਉਤਸ਼ਾਹਿਤ ਕੀਤਾ। ਤੰਤੀ ਸਾਜ਼ਾਂ ਦੀ ਇਹ ਪਰੰਪਰਾ ਬਾਅਦ ਵਿਚ ਸਾਰੰਦਾ, ਤਾਊਸ, ਦਿਲਰੁਬਾ, ਇਸਰਾਜ, ਤੰਬੂਰਾ ਵਰਗੇ ਸਾਜ਼ਾਂ ਦੀ ਵਰਤੋਂ ਦੇ ਰੂਪ ਵਿਚ ਵਿਕਸਤ ਹੋਈ।

ਸ੍ਰੀ ਗੁਰੂ ਅਰਜਨ ਦੇਵ ਜੀ ਤਕ ਸਮੂਹ ਗੁਰੂ ਸਾਹਿਬਾਨ ਨੇ ਆਪਣੇ ਗੁਰ- ਦਰਬਾਰ ਵਿਚ ਰਬਾਬੀ ਕੀਰਤਨਕਾਰਾਂ ਨੂੰ ਵਿਸ਼ੇਸ਼ ਸਰਪ੍ਰਸਤੀ ਦਿੱਤੀ ਜਿਸ ਦੁਆਰਾ ਕੀਰਤਨਕਾਰਾਂ ਦੀ ਇਕ ਵਿਸ਼ੇਸ਼ ਸ਼੍ਰੇਣੀ ਹੋਂਦ ਵਿਚ ਆਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਾਲ ਵਿਚ ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕਾਲ ਵਿਚ ਭਾਈ ਸਜਾਦਾ, ਭਾਈ ਸਾਦੂ, ਭਾਈ ਬਾਦੂ, ਭਾਈ ਰਜਾਦਾ, ਭਾਈ ਬਲਵੰਡ, ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਭਾਈ ਸੱਤਾ, ਭਾਈ ਬਲਵੰਡ, ਭਾਈ ਪਾਂਧਾ ਅਤੇ ਬੂਲਾ ਰਬਾਬੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਵਿਚ ਭਾਈ ਸੱਤਾ, ਭਾਈ ਬਲਵੰਡ ਕੀਰਤਨੀਏ ਗੁਰੂ-ਘਰ ਦੀ ਸੇਵਾ ਕਰਦੇ ਰਹੇ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਚ ਰਬਾਬੀ ਭਾਈ ਸੱਤਾ-ਬਲਵੰਡ ਦੇ ਰੁੱਸ ਜਾਣ ਦੀ ਘਟਨਾ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ, ਪ੍ਰਸਾਰ ਨੂੰ ਨਵਾਂ ਮੋੜ ਦਿੱਤਾ ਜਿਸ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਹਿੱਤ ਉਤਸ਼ਾਹਿਤ ਕੀਤਾ। ਇਸ ਸੁਚੇਤ ਯਤਨ ਅਧੀਨ ਸਿੱਖ ਸੰਗਤਾਂ ਵਿਚ ਕੀਰਤਨ ਗਾਇਨ, ਸਾਜ਼ਾਂ ਦੀ ਸਿਖਲਾਈ ਅਤੇ ਕੀਰਤਨ ਗਾਇਨ ਦੇ ਲੋਕ ਸੰਗੀਤਕ ਪ੍ਰਵਾਹ ਦਾ ਪ੍ਰਾਰੰਭ ਹੋਇਆ। ਇਨ੍ਹਾਂ ਨਿਸ਼ਕਾਮ ਕੀਰਤਨੀਆਂ ਵਿੱਚੋਂ ਭਾਈ ਦੀਪਾ, ਭਾਈ ਰੁਲਾ, ਭਾਈ ਨਾਰਾਇਣ ਦਾਸ, ਭਾਈ ਉਗਰਸੈਨ, ਭਾਈ ਝਾਜੂ, ਭਾਈ ਮੁਕੰਦ, ਭਾਈ ਕੇਦਾਰਾ ਆਦਿ ਉਸ ਸਮੇਂ ਦੇ ਇਤਿਹਾਸਕ ਤੌਰ ’ਤੇ ਵਰਣਨਯੋਗ ਕੀਰਤਨੀਏ ਹਨ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰੀ ਕੀਰਤਨੀਏ ਭਾਈ ਸੱਤਾ-ਬਲਵੰਡ ਜੀ ਦੇ ਰੁੱਸ ਜਾਣ ਦੇ ਕੌਤਕ ਨੇ ਗੁਰਮਤਿ ਸੰਗੀਤ ਵਿਵਹਾਰਕ ਵਿਕਾਸ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਘਟਨਾ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਧਾਰਨ ਸਿੱਖ ਸੰਗਤਾਂ ਨੂੰ ਕੀਰਤਨ ਕਰਨ ਤੇ ਕੀਰਤਨ ਸਿੱਖਣ ਦੀ ਪ੍ਰੇਰਨਾ ਕਰਨਾ ਕੀਰਤਨ ਨੂੰ ਪੂਰਨ ਤੌਰ ’ਤੇ ਰਬਾਬੀ ਦੀ ਵਿਵਸਾਇਕ ਪਕੜ ਤੋਂ ਮੁਕਤ ਕਰ ਕੇ ਸਾਧਾਰਨ ਸਿੱਖ ਸੰਗਤਾਂ ਵਿਚ ਪ੍ਰਵੇਸ਼ ਕਰਵਾਇਆ। ਇਸ ਕ੍ਰਾਂਤੀਕਾਰੀ ਯੋਗਦਾਨ ਸਦਕਾ ਹੀ ਰਾਗੀਆਂ ਦੀਆਂ ਸੱਤ ਕੀਰਤਨ-ਚੌਕੀਆਂ ਪ੍ਰਚਾਰ ਅਧੀਨ ਆਈਆਂ ਜਿਸ ਦੇ ਫਲਸਰੂਪ ਵੰਡ ਤੋਂ ਬਾਅਦ ਸਿੱਖ ਕੀਰਤਨਕਾਰ ਆਪਣੀ ਕੀਰਤਨ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿਚ ਕਾਮਯਾਬ ਹੋਏ। ਨਿਰਸੰਦੇਹ ਰਬਾਬੀ ਦੀ ਕੀਰਤਨ ਗਾਇਕੀ ਉੱਪਰ ਸੂਫ਼ੀ ਸੰਗੀਤ ਦਾ ਪ੍ਰਭਾਵ ਰਿਹਾ। ਇਸ ਦੇ ਸਮਾਨੰਤਰ ਰਾਗੀ ਸਿੰਘਾਂ ਦੇ ਕੀਰਤਨ ਵਿਚ ਪ੍ਰਵੇਸ਼ ਦੁਆਰਾ ਨਿਰੋਲ ਗੁਰਮਤਿ ਕੀਰਤਨ ਗਾਇਕੀ ਹੋਂਦ ਵਿਚ ਆਈ ਜਿਸ ਦਾ ਮੂਲ ਰਾਗਾਤਮਕ ਤੇ ਸੰਗੀਤਕ ਆਧਾਰ ਪੰਜਾਬੀ ਮੂਲ ਦੀਆਂ ਸੰਗੀਤ-ਪਰੰਪਰਾਵਾਂ ਸਨ। ਇਸ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਰਤਨ ਸਿਖਲਾਈ ਦੇ ਪ੍ਰਾਰੰਭ ਨਾਲ ਗੁਰਮਤਿ ਸੰਗੀਤ ਪਰੰਪਰਾ ਦੇ ਅਧਿਐਨ ਅਧਿਆਪਨ ਦੀ ਪ੍ਰਥਾ ਆਰੰਭ ਹੋਈ ਜਿਸ ਦੇ ਆਧਾਰ ’ਤੇ ਕੀਰਤਨ ਟਕਸਾਲਾਂ ਹੋਂਦ ਵਿਚ ਆਈਆਂ। ਨਿਰਸੰਦੇਹ ਗੁਰਮਤਿ ਸੰਗੀਤ ਦੀ ਵਰਤਮਾਨ ਅਕਾਦਮਿਕਤਾ ਦਾ ਆਰੰਭ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਹੋਇਆ।

ਉਕਤ ਸੰਖੇਪ ਵਿਚਾਰ ਅਨੁਸਾਰ ਸਪੱਸ਼ਟ ਹੈ ਕਿ ਗੁਰਮਤਿ ਸੰਗੀਤ ਦੀ ਸਿਧਾਂਤਕ ਤੇ ਵਿਵਹਾਰਕ ਸਥਾਪਤੀ ਵਿਚ ਵਡਮੁੱਲਾ ਯੋਗਦਾਨ ਪਾਉਂਦਿਆਂ ਕੀਰਤਨ ਗਾਇਕੀ ਦੀ ਪਰੰਪਰਾ ਨੂੰ ਅੱਗੇ ਤੋਰਿਆ।

ਸਿੱਖ ਧਰਮ ਦੇ ਇਤਿਹਾਸਕ ਵਿਕਾਸ ਦੇ ਸੰਦਰਭ ਵਿਚ ਵੇਖੀਏ ਤਾਂ ਗੁਰਮਤਿ ਸੰਗੀਤ ਦੀ ਸਥਾਪਨਾ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੇਂਦਰੀ ਭੂਮਿਕਾ ਰਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤਕ ਸੰਕਲਨ ਤੋਂ ਗੁਰਮਤਿ ਸੰਗੀਤ ਦੀ ਸੰਗੀਤਕ ਪ੍ਰਾਪਤੀ, ਰਾਗ, ਗਾਇਨ ਸ਼ੈਲੀਆਂ, ਤੰਤੀ ਸਾਜ਼ਾਂ ਦਾ ਵਿਵਿਧਕਾਰੀ ਪ੍ਰਚੱਲਨ, ਸ਼ਬਦ ਕੀਰਤਨ ਗਾਇਕੀ ਦੀ ਨਿਰੰਤਰ ਪ੍ਰਵਾਹ ਸਥਾਪਤੀ ਹਿਤ ਸ਼ਬਦ ਕੀਰਤਨ ਚੌਕੀਆਂ ਦਾ ਸੰਸਥਾਗਤ ਪ੍ਰਚਲਨ ਅਤੇ ਗੁਰਮਤਿ ਸੰਗੀਤ ਦੀ ਅਧਿਐਨ ਅਧਿਆਪਨ ਦੁਆਰਾ ਅਕਾਦਮਿਕ ਪਰਿਪੇਖ ਦਾ ਆਰੰਭ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਹੈ। ਗੁਰਮਤਿ ਸੰਗੀਤ ਦੇ ਸੰਦਰਭ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦਾ ਇਹ ਇਕ ਪਹਿਲੂ ਖੋਜ ਤੇ ਵਿਸ਼ਲੇਸ਼ਣ ਹਿਤ ਸੁਤੰਤਰ ਰੂਪ ਵਿਚ ਵਿਸ਼ਾਲ ਸੰਭਾਵਨਾਵਾਂ ਰੱਖਦਾ ਹੈ। ਇਨ੍ਹਾਂ ਦੀ ਮੌਲਿਕਤਾ ਦੀ ਸੰਭਾਲ ਦੁਆਰਾ ਅਸੀਂ ਗੁਰਮਤਿ ਸੰਗੀਤ ਦੀ ਵਿਸ਼ਾਲ ਸੰਗੀਤ ਪਰੰਪਰਾ ਨੂੰ ਹੋਰ ਸੁਦ੍ਰਿੜ੍ਹ ਕਰ ਸਕਦੇ ਹਾਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dr Gurnam Singh
ਸਾਬਕਾ ਡੀਨ ਅਤੇ ਮੁਖੀ -ਵਿਖੇ: ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਸਾਬਕਾ ਡੀਨ ਅਤੇ ਮੁਖੀ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਸ਼੍ਰੋਮਣੀ ਗੁਰਮਤਿ ਸੰਗੀਤ ਅਵਾਰਡੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਰਾਗੀ ਅਵਾਰਡ, ਸੰਗੀਤ ਜਗਤ ਵਿੱਚ ਉਪਲਬਧੀਆਂ ਦੇ ਲਈ ਪੰਜਾਹ ਸਰਕਾਰ ਵੱਲੋਂ ਸਟੇਟ ਅਵਾਰਡ, ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਰਾਗੀ ਅਵਾਰਡ
Ex Member Syndicate, Punjabi University Patiala, Ex Member, Senate Punjabi University Patiala, Ex. Member Academic Council, Punjabi University Patiala
Founder Gurmat Sangeet Chair, Founder of Gurmat Sangeet Department, Founder Bhai Randhir Singh Online Gurmat Sangeet Library, Founder Sant Sucha Singh Archives of Music.

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)