ਸੰਗੀਤ ਇਕ ਪਰਿਵਰਤਨਸ਼ੀਲ ਕਲਾ ਹੈ। ਸਮੇਂ ਦੀ ਪ੍ਰਵਿਰਤੀ ਅਨੁਸਾਰ ਇਸ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ, ਪਰ ਇਸ ਦੇ ਮੁੱਢਲੇ ਇਤਿਹਾਸ ਬਾਰੇ ਸਾਨੂੰ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਕਿਉਂਕਿ ਪ੍ਰਾਚੀਨ ਕਾਲ ਦੇ ਗ੍ਰੰਥਕਾਰਾਂ ਨੇ ਸੰਗੀਤ ਬਾਰੇ ਜ਼ਿਆਦਾ ਵਿਸਤਾਰ ਨਾਲ ਕੁਝ ਨਹੀਂ ਦੱਸਿਆ। ਉਸ ਸਮੇਂ ਦੇ ਪ੍ਰਚਲਿਤ ਸੰਗੀਤ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਸਿਰਫ਼ ਕਲਪਨਾ ਦੇ ਆਧਾਰ ’ਤੇ ਸੰਗੀਤ ਦੇ ਵਿਕਾਸ ਬਾਰੇ ਵਰਣਨ ਹੁੰਦਾ ਹੈ। ਮੱਧਕਾਲ ਵਿਚ ਬਹੁਤ ਸਾਰੇ ਸੰਗੀਤ-ਆਚਾਰਯ ਹੋਏ ਹਨ, ਜਿਨ੍ਹਾਂ ਨੇ ਸੰਗੀਤ ਰਾਹੀਂ ਬਹੁਤ ਕੁਝ ਦੱਸਿਆ ਹੈ ਅਤੇ ਉਸ ਤੋਂ ਸਾਨੂੰ ਅੱਜ ਦੇ ਸੰਗੀਤ ਦੇ ਅਧਿਐਨ ਵਿਚ ਕਾਫ਼ੀ ਸਹਾਇਤਾ ਮਿਲਦੀ ਹੈ। ਸ਼ਾਸਤਰੀ ਸੰਗੀਤ ਦੇ ਬਾਰੇ ਜ਼ਿਆਦਾ ਵਰਣਨ ਅਤੇ ਕ੍ਰਿਆਤਮਕ ਬਾਰੇ ਬਹੁਤ ਘੱਟ ਬਲਕਿ ਉਸ ਬਾਰੇ ਬਿਲਕੁਲ ਹੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਡਾ. ਬੀ.ਵੀ. ਕੇਸਕਰ ਨੇ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਉਸ ਸਮੇਂ ਗਾਇਕ ਅਤੇ ਵਾਦਕ ਆਪਣੇ ਚੇਲਿਆਂ ਨੂੰ ਸੰਗੀਤ ਦੀ ਸਿੱਖਿਆ ਸਾਹਮਣੇ ਬਿਠਾ ਕੇ ਦਿੰਦੇ ਸਨ ਅਤੇ ਚੇਲੇ ਉਸੇ ਸਿੱਖਿਆ ਦਾ ਅਭਿਆਸ ਕਰਦੇ ਸਨ ਅਤੇ ਸ਼ਾਸਤਰ ਦੇ ਸਿਧਾਂਤਾਂ ਵੱਲ ਘੱਟ ਧਿਆਨ ਦਿੰਦੇ ਸਨ। ਲਿਖਤ ਰੂਪ ਵਿਚ ਸੰਗੀਤ ਦੀਆਂ ਗ੍ਰਹਿਣ ਕੀਤੀਆਂ ਬੰਦਿਸ਼ਾਂ ਨੂੰ ਸਵਰ-ਲਿੱਪੀਬੱਧ ਨਹੀਂ ਸਨ ਕਰਦੇ। ਇਸ ਲਈ ਗਾਇਕ ਜਾਂ ਵਾਦਕ ਸ਼ਾਸਤਰ ਦੇ ਸਿਧਾਂਤਾਂ ਨੂੰ ਭੁੱਲਦੇ ਗਏ ਅਤੇ ਉਸ ਵੇਲੇ ਦੇ ਸੰਗੀਤ ਦੀ ਰੱਖਿਆ ਨਹੀਂ ਹੋ ਸਕੀ। ਵਿਲੀਅਮ ਜੋਨਜ਼ ਵੀ ਇਕ ਜਗ੍ਹਾ ਕਿਹਾ ਹੈ ਕਿ ਭਗਤ ਜੈ ਦੇਵ ਜੀ ਦੇ 12ਵੀਂ ਸਦੀ ਵਿਚ ਲਿਖੇ ਗਏ ‘ਗੀਤ ਗੋਬਿੰਦ’ ਗ੍ਰੰਥ ਦੇ ਸੰਗੀਤ ਨੂੰ ਸਮਝ ਨਹੀਂ ਸਕੇ। ਇਹੀ ਕਾਰਨ ਹੈ ਕਿ ਅਸੀਂ ਕਿਸੇ ਸੰਗੀਤ ਦੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ ਫਿਰ ਵੀ ਪ੍ਰਾਚੀਨ ਸੰਗੀਤ ਦੀ ਰੂਪ-ਰੇਖਾ ਮਿੱਥੀ ਜਾ ਸਕਦੀ ਹੈ।
ਸੰਗੀਤ ਦਾ ਇਤਿਹਾਸ ਅਸਲ ਵਿਚ ਵੈਦਿਕ ਕਾਲ ਤੋਂ ਅਰੰਭ ਹੁੰਦਾ ਹੈ ਜੋ ਕਿ ਈਸਾ ਤੋਂ ਢਾਈ ਹਜ਼ਾਰ ਦੇ ਪਹਿਲਾਂ ਦਾ ਸਮਾਂ ਲਿਖਿਆ ਗਿਆ ਹੈ। ਇਸ ਕਾਲ ਦਾ ‘ਸਾਮਵੇਦ’ ਸੰਗੀਤ ਨਾਲ ਬਹੁਤ ਡੂੰਘਾ ਸੰਬੰਧ ਦੱਸਿਆ ਜਾਂਦਾ ਹੈ। ਇਸ ਵਿਚ ਸਭ ਤੋਂ ਪਹਿਲਾਂ ਨਾਦ ਦੇ ਤਿੰਨ ਉਤਰਾਵ ਅਤੇ ਤਿੰਨ ਚੜ੍ਹਾਵ ਜਿਵੇਂ ਉਦਾਤ, ਅਨੁਦਾਤ ਅਤੇ ਸਵਰਿਤ ਦੇ ਰੂਪ ਵਿਚ ਮਿਲਦੇ ਹਨ। ਇਨ੍ਹਾਂ ਸ੍ਵਰਾਂ ਦਾ ਵਰਣਨ ਸ੍ਰੀ ਏ. ਕੁਮਾਰ ਸ਼ਾਸਤਰੀ ਅਤੇ ਸਵਾਮੀ ਸ਼ੰਕਰਾਨੰਦ ਨੇ ‘ਚਿਕਤੰਤਰਮ’ ਅਤੇ ‘ਦੀ ਪ੍ਰੀ-ਹਿਸਟੋਰਿਕ ਇੰਡਸਵੇਲੀ ਸਿਵਲਾਈਜੇਸ਼ਨ’ ਕਿਤਾਬ ਵਿਚ ਕੀਤਾ ਹੈ। ਇਨ੍ਹਾਂ ਤਿੰਨਾਂ ਸ੍ਵਰਾਂ ਵਿਚ ਸਾਮਗਾਨ ਹੁੰਦਾ ਸੀ। ਤਿੰਨ ਸ੍ਵਰਾਂ ਤੋਂ ਅੱਜ ਦੇ ਸੱਤ ਸ੍ਵਰਾਂ ਦੀ ਉਤਪਤੀ ਮੰਨੀ ਜਾਂਦੀ ਹੈ ਜਿਸਦਾ ਵਰਣਨ ‘ਪਾਨਣੀ ਸਿੱਖਿਆ’ ਅਤੇ ‘ਨਾਰਦੀ ਸਿਖਸ਼ਾ’ ਗ੍ਰੰਥਾਂ ਵਿਚ ਮਿਲਦਾ ਹੈ। ਪਾਨਣੀ (350 ਬੀ. ਸੀ.) ਜਾਂ 500 ਬੀ. ਸੀ. ਦੇ ਸਮੇਂ ਤੋਂ ਪਹਿਲਾਂ ਸੱਤ ਸ੍ਵਰ ਪ੍ਰਚਾਰ ਵਿਚ ਆ ਚੁੱਕੇ ਸਨ। ਇਸ ਦਾ ਹਵਾਲਾ ਸਰ ਵਿਲਿਅਮ ਵਿਲਸਨ ਹੰਟਰ ਦੀ ਪੁਸਤਕ ‘ਦੀ ਇੰਡੀਅਨ ਅੰਮਪਾਇਰ, ਇਟਸ ਪਿਊਪਿਲ, ਹਿਸਟਰੀ ਐਂਡ ਪਰੋਡਕਟਸ’ ਵਿਚ ਮਿਲਦਾ ਹੈ। ਇਸ ਸਮੇਂ ਰਾਗ ਪ੍ਰਚਲਤ ਨਹੀਂ ਹੋਇਆ ਸੀ। ਪਰ ਕੁਝ ਸਾਜ਼ਾਂ ਦਾ ਵਰਣਨ ਜ਼ਰੂਰ ਮਿਲਦਾ ਹੈ, ਜਿਵੇਂ ਵਾਨ, ਕੰਨੜ ਵੀਨਾ, ਦੁਨਦਬੀ, ਭੂਨੀ ਦੁੰਧੰਬੀ, ਅਗਾਤੀ, ਤੂਨਵ ਆਦਿ ਜਿਸ ਦਾ ਵਰਣਨ ਡਾਕਟਰ ਰਾਧਾ ਕੁਮਦ ਮੁਕਰਜੀ ਨੇ ਆਪਣੀ ਪੁਸਤਕ ‘ਹਿੰਦ ਸਿਵਿਲਾਈਜੇਸ਼ਨ’ ਵਿਚ ਕੀਤਾ ਹੈ।
ਤੀਜੀ ਜਾਂ ਚੌਥੀ ਸਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਪ੍ਰਬੰਧ, ਵਸਤੂ, ਰੂਪਕ ਅਤੇ ਭਾਰਤ ਦੀਆਂ 18 ਪ੍ਰਕਾਰ ਦੀਆਂ ਜਾਤੀਆਂ ਪ੍ਰਚਲਿਤ ਹੋਣ ਉਪਰੰਤ ਰਾਗ ਦਾ ਵਰਣਨ ਸਭ ਤੋਂ ਪਹਿਲਾਂ ਮਤੰਗਮੁਨੀ ਦੇ ਆਪਣੇ ਗ੍ਰੰਥ ‘ਬ੍ਰਹਦੇਸ਼ੀ’ ਜੋ ਕਿ 7ਵੀਂ ਸਦੀ ਵਿਚ ਲਿਖਿਆ, ਵਿਚ ਕੀਤਾ ਹੈ। ਸਵਾਮੀ ਪਰਜਾਨੰਦ ਨੇ ਆਪਣੀ ਪੁਸਤਕ ‘ਦੀ ਹਿਸਟੋਰੀਕਲ ਡਿਵੈਲੋਪਮੈਂਟ ਆਫ ਇੰਡੀਅਨ ਮਿਊਜ਼ਿਕ’ ਵਿਚ ਰਾਗ ਦਾ ਮੁੱਢ ਸ਼ਿਵ ਅਤੇ ਪਾਰਵਤੀ ਤੋਂ ਦੱਸਿਆ ਹੈ। ਬਾਅਦ ਵਿਚ ਰਾਗ ਰਾਗਨੀ ਵਰਗੀਕਰਨ ਦਾ ਨਿਯਮ ਵੀ ਇਸੇ ਆਧਾਰ ’ਤੇ ਪ੍ਰਚਾਰ ਵਿਚ ਆਇਆ ਹੈ। ਸਾਰੰਗਦੇਵ ਨੇ ਹੇਠ ਲਿਖੇ ਸਲੋਕ ਦੁਆਰਾ ਰਾਗ ਦੀ ਪਰਿਭਾਸ਼ਾ ਦਿੱਤੀ ਹੈ:
‘ਰੰਜਕੋ ਜਨਚਿਤਾਨਾਂ ਸ ਰਾਗ ਕਥਿਤੋਬੁਧੈ’ (ਸੰਗੀਤ ਰਤਨਾਕਾਰ) ਅਰਥਾਤ ਉਹ ਜੋ ਮਨ ਨੂੰ ਟੁੰਬਦਾ ਹੈ ਅਤੇ ਅਨੰਦਿਤ ਕਰਦਾ ਹੈ, ਰਾਗ ਕਹਾਉਂਦਾ ਹੈ। ਇਸ ਵੇਲੇ ਰਾਗਾਂ ਦੇ ਉਹੀ ਦਸ ਲੱਛਣ ਮੰਨੇ ਗਏ ਜੋ ਭਰਤ ਨੇ ਜਾਤੀ ਲੱਛਣ ਸਵੀਕਾਰ ਕੀਤੇ ਹਨ। ਭਰਤ ਦੇ ਜਾਤੀ ਰਾਗਾਂ ਦੇ ਆਧਾਰ ’ਤੇ ਰਾਗਾਂ ਦਾ ਪ੍ਰਚਾਰ ਮਤੰਗ ਮੁਨੀ ਨੇ ਕੀਤਾ। ਇਸ ਤਰ੍ਹਾਂ ਸਮੇਂ-ਸਮੇਂ ਦੇ ਪ੍ਰਚਲਿਤ ਰਾਗਾਂ ਦਾ ਵੇਰਵਾ ਤਾਂ ਮਿਲਦਾ ਹੈ ਪਰ ਸੰਗੀਤ ਦੀ ਪੂਰਨ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।
ਗੁਰੂ ਸਾਹਿਬਾਨ ਨੇ ਆਪਣੀ ਰੱਬੀ ਬਾਣੀ ਦਾ ਗਾਇਨ ਰਾਗਾਂ ਵਿਚ ਕੀਤਾ ਅਤੇ ਹਰ ਸ਼ਬਦ ਦੇ ਰਾਗ ਦਾ ਨਾਂ ਦੱਸਿਆ, ਪਰ ਇਨ੍ਹਾਂ ਰਾਗਾਂ ਦਾ ਵਰਣਨ ਅਤੇ ਪੂਰੀ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਨਹੀਂ ਹੁੰਦੀ। ਜਿਵੇਂ ਕਿਸ ਰਾਗ ਵਿਚ ਕਿਹੜੇ ਸ੍ਵਰ ਲੱਗਦੇ ਹਨ, ਆਰੋਹੀ ਅਵਰੋਹੀ ਕੀ ਹੁੰਦੀ ਸੀ, ਰਾਗ ਦੇ ਵਿਸ਼ੇਸ਼ ਸ੍ਵਰ ਅਤੇ ਰੂਪ ਕੀ ਹੁੰਦਾ ਸੀ ਆਦਿ। ਇਹ ਨਿਸ਼ਚਿਤ ਰੂਪ ਨਾਲ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦਾ ਰਾਗਾਂ ਦੇ ਸਮੇਂ ਮੰਡਲ ਅਤੇ ਇਸ ਦੇ ਰਸ ਅਨੁਸਾਰ ਉਚਾਰਨ ਕੀਤਾ ਸੀ। ਇਸ ਗੱਲ ਦਾ ਸਮਰਥਨ ਡਾਕਟਰ ਤਾਰਨ ਸਿੰਘ ਨੇ ਆਪਣੀ ਪੁਸਤਕ ‘ਗੁਰੂ ਨਾਨਕ ਚਿੰਤਨ ਅਤੇ ਕਲਾ’ ਵਿਚ ਕੀਤਾ ਹੈ। ਪਰ ਕਲਾ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਜਾਣਕਾਰੀ ਉਸ ਸਮੇਂ ਦੇ ਪ੍ਰਚਲਿਤ ਸੰਗੀਤ ਦੇ ਅਧਿਐਨ ਤੋਂ ਬਾਅਦ ਹੀ ਪ੍ਰਾਪਤ ਕਰ ਸਕਦੇ ਹਾਂ, ਜਿਸ ਦੀ ਅਹਿਮੀਅਤ ਸੰਗੀਤ ਦੀ ਦ੍ਰਿਸ਼ਟੀ ਤੋਂ ਕੁਝ ਵਧੇਰੇ ਹੈ, ਕਿਉਂਕਿ ਰਾਗ ਦੇ ਰਸ ਅਤੇ ਵਾਯੂਮੰਡਲ ਆਦਿ ਦਾ ਨਿਰਣਾ ਰਾਗ ਦੇ ਸ੍ਵਰਾਂ ਦੀ ਜਾਣਕਾਰੀ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਰਾਗ ਵਿਚ ਕਿਹੜੇ ਸ੍ਵਰ ਲੱਗਦੇ ਹਨ, ਕਿਹੜੇ ਨਹੀਂ ਆਦਿ ਦੀ ਜਾਣਕਾਰੀ ਸਭ ਤੋਂ ਪਹਿਲਾਂ ਜ਼ਰੂਰੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਮੁੱਖ 31 ਰਾਗਾਂ ਦੇ ਅੱਗੋਂ ਉਪ-ਰਾਗ ਮਿਲਾ ਕੇ ਕੁੱਲ 61 ਰਾਗਾਂ ਵਿਚ ਗੁਰਬਾਣੀ ਸ਼ਬਦ ਉਪਲਬਧ ਹਨ ਜਿਵੇਂ ਸਿਰੀਰਾਗੁ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈਜਾਵੰਤੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ, ਗਉੜੀ ਭੀ ਸੋਰਠਿ ਭੀ, ਆਸਾਵਰੀ, ਆਸਾਵਰੀ ਸੁਧੰਗ, ਆਸਾ ਕਾਫ਼ੀ, ਦੇਵ ਗੰਧਾਰ, ਵਡਹੰਸ ਦੱਖਣੀ, ਤਿਲੰਗ ਕਾਫ਼ੀ, ਸੂਹੀ ਕਾਫ਼ੀ, ਸੂਹੀ ਲਲਿਤ, ਬਿਲਾਵਲ, ਦੱਖਣੀ, ਬਿਲਾਵਲ ਗੋਂਡ, ਰਾਮਕਲੀ ਦੱਖਣੀ, ਨਟ, ਮਾਰੂ ਕਾਫੀ, ਮਾਰੂ ਦੱਖਣੀ, ਬਸੰਤ ਹਿੰਡੋਲ, ਕਲਿਆਣ ਭੋਪਾਲੀ, ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ, ਪ੍ਰਭਾਤੀ ਦੱਖਣੀ। ਇਹੀ ਸਹੀ ਹੈ ਕਿ ਉਪਰੋਕਤ ਬਹੁਤ ਸਾਰੇ ਰਾਗਾਂ ਦਾ ਵਰਣਨ ਉਸ ਦੇ ਸਮਕਾਲੀਨ ਸੰਗੀਤ ਵਿਚ ਪ੍ਰਚਲਿਤ ਰਾਗਾਂ ਦੇ ਅਨੁਸਾਰ ਕੀਤਾ ਜਾ ਸਕਦਾ ਹੈ। ਇਨ੍ਹਾਂ ਰਾਗਾਂ ਦਾ ਵਰਣਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਅਤੇ ਬਾਅਦ ਵਿਚ ਜਿਨ੍ਹਾਂ ਭਾਰਤੀ ਸੰਗੀਤ ਦੇ ਗ੍ਰੰਥਾਂ ਵਿਚ ਮਿਲ ਸਕਦਾ ਹੈ, ਉਨ੍ਹਾਂ ਗ੍ਰੰਥਾਂ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ ਹੈ:
1. ਰਾਗ ਤਰੰਗਿਣੀ (14ਵੀਂ ਸਦੀ) ਲੇਖਕ ਕਵੀਲੋਚਨ।
2. ਰਾਗ ਚੰਦਰੋਦਯ, ਰਾਗ ਮਾਲਾ, ਰਾਗ ਮੰਜਰੀ (16ਵੀਂ ਸਦੀ) ਲੇਖਕ ਪੁੰਡਰੀਕ ਬਿਠਲ।
3. ਸ੍ਵਰ ਮੇਲ ਕਲਾਨਿਧੀ (16ਵੀਂ ਸਦੀ) ਲੇਖਕ ਰਾਮਾਮਾਤਯ।
4. ਹਿਰਦੈ ਕੌਤਕ ਹਿਰਦੈ ਪ੍ਰਕਾਸ਼ (17ਵੀਂ ਸਦੀ) ਲੇਖਕ ਹਿਰਦੈ ਨਰਾਇਣ।
5. ਸੰਗੀਤ ਪਾਰੀਜਾਤ (17ਵੀਂ ਸਦੀ) ਲੇਖਕ ਆਹੋਬਲ।
6. ਅਨੂਪ ਸੰਗੀਤ ਵਿਲਾਸ (17ਵੀਂ ਸਦੀ) ਲੇਖਕ ਭਾਵ ਭੱਟ।
7. ਰਾਗ ਵਿਬੋਧ (17ਵੀਂ ਸਦੀ) ਲੇਖਕ ਪੰਡਤ ਸੋਮਨਾਥ।
8. ਚਤੁਰਦੰਡੀ ਪ੍ਰਕਾਸ਼ਿਕਾ (17ਵੀਂ ਸਦੀ) ਲੇਖਕ ਪੰਡਤ ਵਿਅੰਕਟਮੁਖੀ।
9. ਰਾਗ ਤੱਤਵ ਵਿਬੋਧ (18ਵੀਂ ਸਦੀ) ਲੇਖਕ ਸ੍ਰੀ ਨਿਵਾਸ।
10. ਸੰਗੀਤ ਸਾਰ ਅੰਮ੍ਰਿਤ (18ਵੀਂ ਸਦੀ) ਲੇਖਕ ਮਹਾਰਾਜਾ ਤੁਲਾ ਜੀ ਰਾਓ।
11. ਕ੍ਰਮਿਕ ਪੁਸਤਕ ਮਲਿਕਾ (10ਵੀਂ ਸਦੀ) ਲੇਖਕ ਭਾਤਖੰਡ।
12. ਮਹਾਨ ਕੋਸ਼- ਲੇਖਕ ਭਾਈ ਕਾਨ੍ਹ ਸਿੰਘ ਨਾਭਾ।
13. ਰਾਗ ਵਿਆਕਰਣ- ਲੇਖਕ ਬਿਮਲਕਾਂਤ ਰਾਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 61 ਰਾਗਾਂ ਦਾ ਵਰਣਨ ਤਾਂ ਮਿਲਦਾ ਹੈ ਪਰ ਉਨ੍ਹਾਂ ਦੀ ਰੂਪ-ਰੇਖਾ ਸੰਬੰਧੀ ਭਾਵ ਆਰੋਹ, ਅਵਰੋਹ, ਪਕੜ, ਵਾਦੀ, ਸੰਵਾਦੀ ਆਦਿ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਮਸਲੇ ਨੂੰ ਹੱਲ ਕਰਨ ਲਈ ਕਿਸੇ ਵੀ ਸੰਸਥਾ ਨੇ ਧਿਆਨ ਨਹੀਂ ਦਿੱਤਾ। ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਸਭ ਤੋਂ ਪਹਿਲਾਂ 61 ਰਾਗਾਂ ਦੀ ਰੂਪ-ਰੇਖਾ ਅਤੇ ਪੂਰਣ ਜਾਣਕਾਰੀ ਉਪਲੱਬਧ ਕਰਾਈ ਜਾਣੀ ਆਵੱਸ਼ਕ ਹੈ। ਇਸ ਲਈ ਬਾਬਾ ਸੁੱਚਾ ਸਿੰਘ ਨੇ ਕੁਝ ਪ੍ਰਸਿੱਧ ਸੰਗੀਤਕਾਰਾਂ ਦੀ ਕਮੇਟੀ ਬਣਾ ਕੇ ਉਪਰੋਕਤ 61 ਰਾਗਾਂ ਦੀ ਰੂਪ-ਰੇਖਾ ਤਿਆਰ ਕਰਵਾਈ। 1991 ਵਿਚ ਕਮੇਟੀ ਦੇ ਸਰਪ੍ਰਸਤ ਭਾਰਤ ਦੇ ਉੱਘੇ ਪੰਜਾਬੀ ਗਾਇਕ ਪੰਡਿਤ ਦਲੀਪ ਚੰਦਰ ਬੇਦੀ ਸਨ। ਜਵੱਦੀ ਕਲਾਂ ਅਤੇ ਭਾਰਤ ਦੇ ਹੋਰ ਕਈ ਪ੍ਰਮੁੱਖ ਸਥਾਨਾਂ ’ਤੇ ਤਿਆਰ ਕੀਤੀ ਇਸ ਰੂਪ-ਰੇਖਾ ਅਨੁਸਾਰ 1991 ਤੋਂ 2002 ਤਕ ਗੁਰਬਾਣੀ ਕੀਰਤਨ ਕਰਵਾਏ ਗਏ ਹਨ।
ਉਪਰੋਕਤ 61 ਰਾਗਾਂ ਵਿੱਚੋਂ ਬਹੁਤ ਸਾਰੇ ਭਾਰਤੀ ਰਾਗ ਸ਼ਾਸਤਰੀ ਸੰਗੀਤ ਵਿਚ ਪ੍ਰਚਲਿਤ ਹੀ ਹਨ। ਪਰ ਇਨ੍ਹਾਂ ਵਿੱਚੋਂ 22 ਰਾਗ ਅਜਿਹੇ ਹਨ ਜਿਨ੍ਹਾਂ ਦਾ ਵਰਣਨ ਕਿਸੇ ਵੀ ਸੰਗੀਤ ਗ੍ਰੰਥ ਵਿਚ ਨਹੀਂ ਮਿਲਦਾ ਅਤੇ ਇਹ ਨਿਸ਼ਚਿਤ ਰੂਪ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਰਤੀ ਸ਼ਾਸਤਰੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ। ਇਨ੍ਹਾਂ ਰਾਗਾਂ ਦੇ ਨਾਮ ਇਸ ਪ੍ਰਕਾਰ ਹਨ:
ਮਾਝ, ਗਉੜੀ ਬੈਰਾਗਣਿ, ਗਉੜੀ ਪੂਰਬੀ ਦੀਪਕੀ, ਗਉੜੀ ਮਾਲਵਾ, ਗਉੜੀ ਮਾਲਾ, ਗਉੜੀ ਗੁਆਰੇਰੀ, ਗਉੜੀ ਸੋਰਠਿ, ਗਉੜੀ ਦੀਪਕੀ, ਗਉੜੀ ਮਾਝ, ਆਸਾ ਕਾਫ਼ੀ, ਆਸਾ, ਤਿਲੰਗ ਕਾਫ਼ੀ, ਸੂਹੀ ਕਾਫ਼ੀ, ਵਡਹੰਸ, ਸੂਹੀ ਲਲਿਤ, ਮਾਰੂ ਕਾਫ਼ੀ, ਮਾਰੂ, ਬਿਲਾਵਲ ਗੋਂਡ, ਤੁਖਾਰੀ, ਬਸੰਤ ਹਿੰਡੋਲ, ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ।
ਇਨ੍ਹਾਂ ਰਾਗਾਂ ਸਬੰਧੀ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਭਾਰਤੀ ਸੰਗੀਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦਾ ਸਥਾਨ ਇਸ ਆਧਾਰ ’ਤੇ ਨਿਰਧਾਰਤ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਦੇ ਕੁਝ ਰਾਗ ਲੋਕ-ਧੁਨ ’ਤੇ ਆਧਾਰਤ ਹਨ ਜਿਵੇਂ : ਤੁਖਾਰੀ, ਆਸਾ, ਵਡਹੰਸ ਅਤੇ ਮਾਝ। ਇਸ ਤੋਂ ਬਿਨਾਂ ਦੱਖਣੀ ਭਾਰਤੀ ਸੰਗੀਤ ਪੱਧਤੀ ਦੇ ਕੁਝ ਰਾਗ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਯੋਗ ਕੀਤੇ ਗਏ ਜਿਵੇਂ: ਵਡਹੰਸ ਦੱਖਣੀ, ਬਿਲਾਵਲ ਦੱਖਣੀ, ਰਾਮਕਲੀ ਦੱਖਣੀ, ਗਉੜੀ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ।
ਜਿਸ ਪ੍ਰਕਾਰ ਗੁਰੂ ਸਾਹਿਬਾਨ ਨੇ ਅਨੇਕ ਪ੍ਰਕਾਰ ਦੇ ਪ੍ਰਚਲਿਤ ਅਤੇ ਮੌਲਿਕ ਰਾਗਾਂ ਦਾ ਆਦਿ ਗ੍ਰੰਥ ਵਿਚ ਉਪਯੋਗ ਕੀਤਾ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਨਾ ਕੇਵਲ ਸੰਗੀਤ ਦੇ ਪੁਰਾਤਨ ਵਿਰਸੇ ਨੂੰ ਸੰਭਾਲਿਆ ਸਗੋਂ ਆਪਣੇ ਮੌਲਿਕ ਰਾਗਾਂ ਦੁਆਰਾ ਇਨ੍ਹਾਂ ਰਾਗਾਂ ਨੂੰ ਰੂਹਾਨੀ ਦਰਜਾ ਦਿੱਤਾ। ਦੁਨੀਆਂ ਦੀ ਕਿਸੇ ਵੀ ਰੂਹਾਨੀ ਸ਼ਖ਼ਸੀਅਤ ਨੇ ਅਜਿਹਾ ਬੇਮਿਸਾਲ ਕੰਮ ਨਹੀਂ ਕੀਤਾ।
ਗੁਰਮਤਿ ਸੰਗੀਤ ਦੇ ਰਾਗਾਂ ਦੀ ਇਕ ਹੋਰ ਵਿਸ਼ੇਸ਼ਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਾਰੇ ਰਾਗ ਪੰਜ ਸਦੀਆਂ ਤੋਂ ਗੁਰਬਾਣੀ ਕੀਰਤਨ ਵਿਚ ਪ੍ਰਯੋਗ ਕੀਤੇ ਜਾ ਰਹੇ ਹਨ। ਪਰ ਭਾਰਤੀ ਸੰਗੀਤ ਵਿਚ ਲੱਗਭਗ 500 ਰਾਗਾਂ ਵਿੱਚੋਂ 250 ਰਾਗ ਪ੍ਰਚਾਰ ਵਿਚ ਹਨ ਅਤੇ ਕੇਵਲ 100 ਰਾਗ ਹੀ ਗਾਏ ਅਤੇ ਵਜਾਏ ਜਾਂਦੇ ਹਨ। ਸਾਡਾ ਸਾਰਿਆਂ ਦਾ ਆਮ ਕਰਕੇ ਅਤੇ ਗੁਰਮਤਿ ਸੰਗੀਤ ਨਾਲ ਸੰਬੰਧ ਰੱਖਣ ਵਾਲਿਆਂ ਦਾ ਖਾਸ ਕਰਕੇ ਯਤਨ ਹੋਣਾ ਚਾਹੀਦਾ ਹੈ ਕਿ ਗੁਰਮਤਿ ਸੰਗੀਤ ਦੇ ਸਾਰੇ ਰਾਗਾਂ ਦਾ ਪ੍ਰਚਾਰ ਨਾ ਕੇਵਲ ਭਾਰਤ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਕੀਤਾ ਜਾਵੇ।
ਲੇਖਕ ਬਾਰੇ
ਸਤਿਕਾਰਤ ਸ਼ਮਸੇਰ ਸਿੰਘ 'ਕਰੀਰ' ਪੰਜਾਬ ਦੀ ਸੰਗੀਤ ਪਰੰਪਰਾ ਦੇ ਅਜਿਹੇ ਮਹਾਨ ਵਿਅਕਤੀ ਸਨ ਜਿਹਨਾ ਨੇ ਨਾ ਕੇਵਲ ਸ਼ਾਸਤਰੀ ਵਾਦਨ ਵਿੱਚ ਮੁਹਾਰਤ ਹਾਸਿਲ ਕੀਤੀ ਸਗੋ ਗਾਇਨ ਅਤੇ ਗੁਰਬਾਣੀ ਸੰਗੀਤ ਦੇ ਖੇਤਰ ਵਿੱਚ ਵੀ ਨਿਪੁੰਨਤਾ ਹਾਸਿਲ ਕੀਤੀ। ਆਪ ਉਚਕੋਟੀ ਦੇ ਸੰਗੀਤ ਵਿਦਵਾਨ ਅਤੇ ਗੁਰਮਤਿ ਕੀਰਤਨ ਦੀ ਸਤਿਕਾਰਯੋਗ ਹਸਤੀ ਸਨ। ਸਾਧਾਰਣ ਪਰਿਵਾਰ ਵਿੱਚੋਂ ਜਨਮ ਲੈ ਕੇ ਕਲਾ ਦੀਆਂ ਬੁਲੰਦੀਆਂ ਉਤੇ ਪਹੁੰਚਕੇ ਵੀ ਆਪ ਅਤਿ ਨਿਮਰ ਸੁਭਾ ਦੇ ਵਿਅਕਤੀ ਸਨ। ਪ੍ਰਿੰਸੀ. ਸ਼ਮਸੇਰ ਸਿੰਘ 'ਕਰੀਰ' ਦਾ ਜਨਮ 1-3-1934 ਨੂੰ ਪਿਤਾ ਸ੍ਰ: ਕਰਤਾਰ ਸਿੰਘ ਦੇ ਘਰ ਮਾਤਾ ਈਸ਼ਰ ਕੌਰ ਦੀ ਕੁਖੋਂ ਹੋਇਆ। ਆਪ ਜੀ ਜਲੰਧਰ ਜਿਲ੍ਹੇ ਦੇ ਵਸਨੀਕ ਸਨ।
ਅਧਿਆਪਨ ਕਾਰਜ:-
1955-1967 ਤੱਕ ਰਿਪੂਦਮਨ ਕਾਲਜ ਨਾਭਾ ਵਿਖੇ ਸੰਗੀਤ ਵਿਸ਼ੇ ਦੇ ਅਧਿਆਪਕ ਰਹੇ। 1967-1990 ਤੱਕ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿੱਚ ਸੰਗੀਤ ਵਿਭਾਗ ਵਿੱਚ ਸੇਵਾ ਕੀਤੀ।
1990-1992 ਤੱਕ ਸਰਕਾਰੀ ਕਾਲਜ ਸਿੱਧਸਰ ਲੁਧਿਆਣਾ ਵਿਖੇ ਪ੍ਰਿੰਸੀਪਲ ਦੇ ਅਹੁੱਦੇ ਉਪਰ ਕੰਮ ਕੀਤਾ ਅਤੇ ਇੱਥੋ ਹੀ 1992 ਵਿੱਚ ਸੇਵਾ ਮੁਕਤ ਹੋਏ।
ਪ੍ਰਿੰਸੀਪਲ ਸਾਹਿਬ ਸੰਗੀਤ ਦੇ ਸ਼ਾਸ਼ਤਰ ਅਤੇ ਕਿਰਿਆਤਮਕ ਦੋਹਾਂ ਪੱਖਾਂ ਦੇ ਪਾਰਖੂ ਸਨ ਜਿਸ ਦਾ ਉਦਾਹਰਨ ਉਹਨਾਂ ਵੱਲੋਂ ਰਚਿਤ ਪੁਸਤਕਾਂ ਹਨ। ਆਪ ਨੇ ਵਾਦਨ ਪਰਬੀਨ (ਲੇਖਕ), ਵਾਦਨ ਪ੍ਰਕਾਸ਼ (ਲੇਖਕ), ਪੰਜਾਬ ਦੇ ਲੋਕ ਸਾਜ਼ ਅਤੇ ਉਸ ਦਾ ਵਿਕਾਸ, ਵਾਦਨ ਰਚਨਾ ਸਾਗਰ (ਲੇਖਕ), ਗੁਰੂ ਨਾਨਕ ਸੰਗੀਤ ਪੱਧਤੀ (ਇਸ ਵਿੱਚ ਲੇਖ ਸ਼ਾਮਿਲ ਹਨ), ਵਾਦਨ ਕਲਾ (ਲੇਖਕ), ਸੰਗੀਤ ਸ਼ਾਸ਼ਤਰ (ਸੋਧਕ), ਸੰਗੀਤ ਸ਼ਾਸ਼ਤਰ ਦਰਪਣ (ਸੋਧਕ), ਸੰਗੀਤ ਨਿਬੰਧਾਵਲੀ (ਸੋਧਕ), ਭਾਰਤੀ ਸੰਗੀਤ ਸਰੂਪ ਅਤੇ ਸੁਹਜ ਪੁਸਤਕਾਂ ਦੀ ਰਚਨਾ ਵਿੱਚ ਲੇਖਕ ਅਤੇ ਸੋਧਕ ਵਜੋਂ ਕਾਰਜ ਕੀਤਾ ਅਤੇ ਸੰਗੀਤ ਕੌਮੁਦੀ ਭਾਗ ਪਹਿਲਾ ਅਤੇ ਦੂਜਾ ਦਾ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨਾ ਲੇਖਕ ਦੇ ਅਣਥੱਕ ਯਤਨਾਂ ਦਾ ਨਤੀਜਾ ਹੈ।
ਸਨਮਾਨ ਅਤੇ ਪ੍ਰਾਪਤੀਆਂ:
1973 ਵਿੱਚ ਅਭਿਨੰਦਨ ਪੱਤਰ ਨਾਲ ਨਵਰੰਗ ਕਲਾ ਸੰਗਮ ਪਟਿਆਲਾ ਨੇ ਸਨਮਾਨਿਤ ਕੀਤਾ।
1999 ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵੱਲੋਂ ਫੈਲੋਸ਼ਿਪ ਦੇ ਕੇ ਸਨਮਾਨਿਆ
ਗਿਆ।
2005 ਵਿੱਚ ਸਾਂਈਂ ਮੋਹਨ ਸੰਗੀਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅਕਤੂਬਰ 2008 ਨੂੰ ਆਪ ਸੰਗੀਤ ਜਗਤ ਨੂੰ ਅਲਵਿਦਾ ਕਹਿ ਗਏ।
- ਹੋਰ ਲੇਖ ਉਪਲੱਭਧ ਨਹੀਂ ਹਨ