editor@sikharchives.org
Sri Guru Granth Sahib Ji Da Chand-Parband Ate Sahitak Mahatav

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ ਅਤੇ ਸਾਹਿਤਕ ਮਹੱਤਵ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਸਰੋਦੀ-ਕਾਵਿ ਦਾ ਮੁੱਖ ਰੂਪ ਪਦ-ਕਾਵਿ ਹੈ ਜਿਸ ਦਾ ਵਿਸ਼ੇਸ਼ ਗੁਣ ਇਹ ਹੈ ਕਿ ਇਸ ਵਿਚ ਰਾਗ ਤੇ ਛੰਦ ਦਾ ਸੁੰਦਰ ਸੁਮੇਲ ਹੋਇਆ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਾਹਿਤਕ ਦ੍ਰਿਸ਼ਟੀਕੋਣ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ ਅਦੁੱਤੀ ਹੈ ਅਤੇ ਇਸ ਵਿਚ ਸੰਕਲਿਤ ਬਾਣੀ ਨਾ ਕੇਵਲ ਧਾਰਮਿਕ ਪੱਖ ਤੋਂ ਸਗੋਂ ਸਾਹਿਤਕ ਪੱਖ ਤੋਂ ਵੀ ਮਹਾਨ ਰਚਨਾ ਹੈ। ਉੱਚ ਦੈਵੀ-ਮੰਡਲਾਂ ਤੋਂ ‘ਧੁਰ ਕੀ ਬਾਣੀ’ ਦੇ ਰੂਪ ਵਿਚ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਸੰਤ-ਮਹਾਂਪੁਰਸ਼ਾਂ ਦੁਆਰਾ ਉਚਾਰਨ ਕੀਤੀ ਬਾਣੀ (ਜੋ ਇਸ ਵਿਚ ਅੰਕਿਤ ਹੈ) ਭਾਰਤੀ ਸਾਹਿਤ ਅਤੇ ਵਿਸ਼ੇਸ਼ ਤੌਰ ’ਤੇ ਪੰਜਾਬੀ ਸਾਹਿਤ ਦਾ ਅਮੋਲਕ ਖ਼ਜ਼ਾਨਾ ਹੈ। ਇਸ ਨੂੰ ਵਿਸ਼ਵ ਦੀਆਂ ਅਧਿਆਤਮਿਕ ਮਹਾਂਕਾਵਿ-ਰਚਨਾਂਵਾਂ ਵਿਚ ਸਰਵ-ਉੱਚ ਸਥਾਨ ਪ੍ਰਾਪਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੰਕਲਿਤ ਸਰੋਦੀ-ਕਾਵਿ ਦਾ ਮੁੱਖ ਰੂਪ ਪਦ-ਕਾਵਿ ਹੈ ਜਿਸ ਦਾ ਵਿਸ਼ੇਸ਼ ਗੁਣ ਇਹ ਹੈ ਕਿ ਇਸ ਵਿਚ ਰਾਗ ਤੇ ਛੰਦ ਦਾ ਸੁੰਦਰ ਸੁਮੇਲ ਹੋਇਆ ਹੈ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗੀਤ-ਪ੍ਰਬੰਧ ਤੇ ਛੰਦ-ਪ੍ਰਬੰਧ ਬਹੁਤ ਮਹੱਤਵ ਰੱਖਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੰਦ-ਪ੍ਰਬੰਧ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੰਦ-ਪ੍ਰਬੰਧ ਅਧੀਨ ਇਸ ਦੀ ਛੰਦ-ਯੋਜਨਾ, ਛੰਦਾਂ ਦਾ ਵਰਗੀਕਰਨ, ਪਦ-ਸੰਗਿਆਵਾਂ ਅਤੇ ਛੰਦਾਂ ਦੇ ਪ੍ਰਚੱਲਤ ਲੋਕ-ਕਾਵਿ-ਰੂਪਾਂ ਸੰਬੰਧੀ ਵਿਚਾਰ ਕਰਨੀ ਹੈ ਪਰ ਇਸ ਤੋਂ ਪਹਿਲਾਂ ਵਿਸ਼ੇ ਨਾਲ ਸੰਬੰਧਿਤ ਸ਼ਬਦਾਵਲੀ (Terminolog)- ‘ਕਾਵਿ’, ‘ਛੰਦ’ (ਛੰਤ) ਤੇ ‘ਪਿੰਗਲ’ ਨੂੰ ਪਰਿਭਾਸ਼ਿਤ ਕਰਦੇ ਹਾਂ।

‘ਕਾਵਿ’, ‘ਛੰਦ’ (ਛੰਤ) ਤੇ ‘ਪਿੰਗਲ’: ‘ਮਹਾਨ ਕੋਸ਼’ ਦੇ ਕਰਤਾ (ਭਾਈ ਕਾਨ੍ਹ ਸਿੰਘ ਨਾਭਾ) ਨੇ ਲਿਖਿਆ ਹੈ- “ਕਵਿਤਾ ਜੋ ਰਸਭਰੀ ਹੋਵੇ, ਰਸਾਤਮਕ ਕਾਵ੍ਯ। ਵਿਦਵਾਨਾਂ ਨੇ ਕਾਵ੍ਯ ਦੇ ਦੋ ਰੂਪ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ ਅਥਵਾ ਨਸ਼ਰ ਅਤੇ ਨਜ਼ਮ, ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦ ਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ ਕਾਵ੍ਯ ਨਹੀਂ।”1 “ਉਹ ਕਾਵ੍ਯ, ਜਿਸ ਵਿੱਚ ਮਾਤਰਾਂ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜ਼ਮ…ਉਹ ਵਿਦ੍ਯਾ ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗਿਆਨ ਹੋਵੇ, ਪਿੰਗਲ ਹੈ।” ਪਦ-ਕਾਵ੍ਯ ਦਾ ਨਾਮ ‘ਛੰਦ’ ਹੈ, ਇਸ ਸਿਰਲੇਖ ਹੇਠ ਅਨੇਕ ਜਾਤੀਆਂ ਦੇ ਛੰਦ ਗੁਰਬਾਣੀ ਵਿਚ ਪਾਏ ਜਾਂਦੇ ਹਨ, ਪਰ ਸਿਰਲੇਖ ਕੇਵਲ ਇਕ ਹੋਇਆ ਕਰਦਾ ਹੈ।2 ਸਾਹਿਤਕ ਖੇਤਰ ਵਿਚ ਆਮ ਤੌਰ ’ਤੇ ਚਰਚਾ ਕੀਤੀ ਜਾਂਦੀ ਹੈ ਕਿ ਕਾਵਿ-ਰਚਨਾ ਛੰਦਬੱਧ ਭਾਵ ਪਿੰਗਲ ਦੇ ਨਿਯਮਾਂ ਦੀ ਪਾਬੰਦ ਹੋਣੀ ਜ਼ਰੂਰੀ ਹੈ ਜਾਂ ਨਹੀਂ ਅਤੇ ਇਸ ਵਿਸ਼ੇ ਨੂੰ ਲੈ ਕੇ ਸਾਹਿਤ ਦੇ ਪੜਚੋਲਕ ਦੋ ਵਰਗਾਂ ਵਿਚ ਵੰਡੇ ਹੋਏ ਹਨ।

ਭਾਵੇਂ ਸਿਆਣਿਆਂ ਦੇ ਕਥਨ ਅਨੁਸਾਰ ਬੇਵਜ਼ਨ ਤੇ ਬੇਬਹਿਰ ਕਵਿਤਾ ਵੀ ਹੋ ਸਕਦੀ ਹੈ, ਪਰ ਵਜ਼ਨ ਕਵਿਤਾ ਦਾ ਸ਼ਿੰਗਾਰ ਹੈ ਅਤੇ ਸ਼ਿਅਰ ਇਸ ਦੀ ਵਰਤੋਂ ਨਾਲ ਵਧੇਰੇ ਅਸਰਦਾਰ ਹੋ ਜਾਂਦਾ ਹੈ। ਕੰਨਾਂ ਨੂੰ ਇਸ ਦੀ ਧੁਨਕਾਰ ਚੰਗੀ ਲੱਗਦੀ ਹੈ ਅਤੇ ਸੁਣਨ ਵਾਲੇ ਦੇ ਮਨ ਨੂੰ ਵਧੇਰੇ ਖਿੱਚ ਪੈਂਦੀ ਹੈ। ਇਸ ਲਈ ਅੱਜਕਲ੍ਹ ਅਕਸਰ ਪੜਚੋਲੀਏ (ਜੋ ਦੂਜੇ ਵਰਗ ਨਾਲ ਸੰਬੰਧਿਤ ਹਨ) ਇਸ ਗੱਲ ’ਤੇ ਸਹਿਮਤ ਹਨ ਕਿ “ਛੰਦ ਤੇ ਛੰਦ-ਭੇਦ ਤੋਂ ਬਗ਼ੈਰ ਕੋਈ ਕਵਿਤਾ ਨਹੀਂ ਹੋ ਸਕਦੀ।” ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਅਨੁਸਾਰ, “ਕਵਿਤਾ ਮਨੁੱਖੀ ਮਨ ਦਾ ਜਜ਼ਬਾਤੀ ਤੇ ਤਾਲਮਈ ਬੋਲੀ ਵਿਚ ਨਿੱਗਰ ਅਤੇ ਕਲਾਮਈ ਪ੍ਰਗਟਾਉ ਹੈ। ਇਹ ਗੱਲ ਤਾਂ ਪ੍ਰਮਾਣਿਤ ਹੈ ਕਿ ਕੋਈ ਸਾਹਿਤਕ ਨਿਰੂਪਣ, ਜਿਸ ਦਾ ਵਿਸ਼ਾ ਭਾਵੇਂ ਕੋਈ ਵੀ ਹੋਵੇ, ਉਦੋਂ ਤਕ ਕਵਿਤਾ ਨਹੀਂ ਕਿਹਾ ਜਾ ਸਕਦਾ, ਜਦੋਂ ਤਕ ਕਿ ਉਹ ਜਜ਼ਬਾਤੀ ਨਹੀਂ, ਤੇ ਜਿਸ ਦੀ ਸ਼ੈਲੀ, ਬਿਆਨ-ਢੰਗ ਨਿੱਗਰ ਅਤੇ ਜਿਸ ਦੀ ਚਾਲ ਤਾਲਮਈ ਤੇ ਬਣਤਰ ਕਲਾਮਈ ਨਾ ਹੋਵੇ।” ਕਵੀ ਵਰਡਜ਼ਵਰਥ ਨੇ ਵੀ ਕਿਹਾ ਹੈ, “ਜੇ ਮੀਟਰ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਪਦ ਨਾ ਹੋਇਆ, ਗਦ ਹੀ ਹੋਇਆ।” ਪ੍ਰੋ. ਸੰਤ ਸਿੰਘ ਸੇਖੋਂ ਨੇ ਵੀ ਛੰਦ ਨੂੰ ਹੀ ਕਵਿਤਾ ਦਾ ਨਿਖੇੜਵਾਂ ਗੁਣ ਮੰਨਿਆ ਹੈ3 ਕਿਉਂਕਿ ਛੰਦ-ਰਹਿਤ ਰਚਨਾ ਹੋਰ ਕੁਝ ਵੀ ਹੋਵੇ, ਕਵਿਤਾ ਨਹੀਂ ਅਖਵਾ ਸਕਦੀ।

ਛੇ ਗੁਰੂ ਸਾਹਿਬਾਨ ਤੇ ਹੋਰ ਬਾਣੀਕਾਰਾਂ ਦੀ ਸਮੁੱਚੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (ਪੰਨਾ 1 ਤੋਂ 1430 ਤਕ) ਅੰਕਿਤ ਹੈ, ਛੰਦ-ਬੱਧ ਹੈ।4

ਛੰਦ-ਯੋਜਨਾ:

ਕੁਝ ਛੰਦ-ਸ਼ਾਸਤਰੀਆਂ ਤੇ ਆਲੋਚਕਾਂ ਦਾ ਕਹਿਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਕਿਸੇ ਸੋਚੀ-ਸਮਝੀ (planned) ਛੰਦਾਬੰਦੀ ਦੀ ਵਿਉਂਤ ਅਨੁਸਾਰ ਨਹੀਂ ਹੈ। ਪਰ ਆਲੋਚਕਾਂ ਨੂੰ ਛੰਦ-ਸ਼ਾਸਤਰ ਅਨੁਸਾਰ ਜੋ ਕਮੀਆਂ ਗੁਰਬਾਣੀ ਦੇ ਛੰਦ–ਪ੍ਰਬੰਧ ਵਿਚ ਜਾਪਦੀਆਂ ਹਨ ਉਹ ਠੀਕ ਨਹੀਂ ਹਨ ਕਿਉਂਕਿ ਗੁਰਬਾਣੀ ਛੰਦ ਦੇ ਆਪਣੇ ਵਿਸ਼ੇਸ਼ ਨਿਯਮ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਵਿ-ਰੂਪਾਂ ਦੀ ਵਿਲੱਖਣਤਾ ਸੰਬੰਧੀ ਸ. ਮਹਿੰਦਰ ਸਿੰਘ ਨੇ ਆਪਣੇ ਪੇਪਰ (Poetics of Guru Granth Sahib) ਵਿਚ ਲਿਖਿਆ ਹੈ ਕਿ ਗੁਰੂਆਂ ਤੇ ਭਗਤਾਂ ਨੇ ਪਰੰਪਰਾਗਤ ਕਾਵਿ-ਰੂਪਾਂ ਨੂੰ ਉਸੇ ਤਰ੍ਹਾਂ ਨਹੀਂ ਅਪਣਾਇਆ।5

ਛੰਦਾਂ ਦਾ ਵਰਗੀਕਰਣ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੇਸ਼ੱਕ ਸਾਰੀ ਬਾਣੀ ਦਾ ਛੰਦਾਂ ਅਨੁਸਾਰ ਵਰਗੀਕਰਣ ਨਹੀਂ ਕੀਤਾ ਪਰ ਕੁਝ ਪਦਾਂ ਦੇ ਅਰੰਭ ਵਿਚ ਛੰਦ-ਵਿਸ਼ੇਸ਼ ਦਾ ਸੰਕੇਤ ਦਿੱਤਾ ਹੈ ਜਿਵੇਂ- ਸਲੋਕ (ਜੋ ਵਾਰਾਂ ਦੀਆਂ ਪਉੜੀਆਂ ਦੇ ਨਾਲ ਆਏ ਹਨ), ਡਖਣੇ, ਸਲੋਕ ਸਹਸਕ੍ਰਿਤੀ ਮਹਲਾ 1, ਮਹਲਾ 5 ਗਾਥਾ, ਫੁਨਹੇ ਮਹਲਾ 5, ਚਉਬੋਲੇ ਮਹਲਾ 5, ਸਲੋਕ ਭਗਤ ਕਬੀਰ ਜੀਉ ਕੇ, ਸਲੋਕ ਸੇਖ ਫਰੀਦ ਕੇ, ਸਵਯੇ ਸ੍ਰੀ ਮੁਖਬਾਕ੍ਹ, ਭੱਟਾਂ ਦੇ ਸਵਈਏ, ਸਲੋਕ ਵਾਰਾਂ ਤੇ ਵਧੀਕ, ਸਲੋਕ ਮਹਲਾ 9, ਆਦਿ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕਰਦਿਆਂ ਵੰਨ-ਸੁਵੰਨੇ ਕਾਵਿ-ਛੰਦ-ਰੂਪਾਂ, ਜਿਵੇਂ, ਦੋਹਰਾ, ਪਉੜੀ, ਸਵਈਆ, ਦਵਈਆ, ਸੋਰਠਾ, ਸਿਰਖੰਡੀ, ਆਦਿਕ ਨੂੰ ਵਰਤਿਆ ਹੈ। ਇਨ੍ਹਾਂ ਵਿੱਚੋਂ ਪਹਿਲੇ ਤਿੰਨ ਕਾਵਿ-ਛੰਦ-ਰੂਪਾਂ ਦੀਆਂ ਉਦਾਹਰਣਾਂ ਵੇਖਦੇ ਹਾਂ:

ਦੋਹਰਾ:

ਸਾਹਿਤਕ ਰਚਨਾਂਵਾਂ ਵਿਚ ਇਸ ਨੂੰ ਦੋਹਾ ਵੀ ਆਖਿਆ ਗਿਆ ਹੈ। ਇਸ ਦਾ ਲੱਛਣ ਦੋ ਤੁਕਾਂ ਜਾਂ ਚਰਣ ਹਨ ਜਿਵੇਂ:

ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ॥
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ॥ (ਪੰਨਾ 261)

ਪਉੜੀ:

ਪਉੜੀ ਛੰਦ ਵਿਚ ਵਿਸ਼ੇਸ਼ ਤੌਰ ’ਤੇ ਯੁੱਧਾਂ ਦੀਆਂ ਵਾਰਾਂ ਰਚੀਆਂ ਜਾਂਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ 22 ਵਾਰਾਂ ਪਉੜੀਆਂ ਵਿਚ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪਦ ਵੀ ਪਉੜੀ ਨਾਂ ਨਾਲ ਜਾਣੇ ਜਾਂਦੇ ਹਨ। ਜਪੁਜੀ ਸਾਹਿਬ, ਆਸਾ ਕੀ ਵਾਰ ਤੇ ਬਸੰਤ ਕੀ ਵਾਰ ਵਿਚੋਂ ਪਉੜੀ ਛੰਦਾਂ ਦੀਆਂ ਉਦਾਹਰਣਾਂ ਵੇਖਦੇ ਹਾਂ:

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ (ਪੰਨਾ 5)

ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ॥
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨਾ੍ ਦੀ ਪਾਈਐ॥
ਮਤਿ ਥੋੜੀ ਸੇਵ ਗਵਾਈਐ॥ (ਪੰਨਾ 468)

ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ॥
ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ॥
ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ॥
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ॥ (ਪੰਨਾ 1193)

ਸਵਈਆ ਜਾਂ ਸਵੈਯਾ:

ਸਵੈਯਾ ਛੰਦ ਲੈਅ ਅਤੇ ਰਵਾਨੀ ਦੇ ਪੱਖ ਤੋਂ ਵਿਸ਼ੇਸ਼ ਗੁਣਾਂ ਦਾ ਧਾਰਨੀ ਮੰਨਿਆ ਜਾਂਦਾ ਹੈ। ‘ਸ੍ਰੀ ਮੁਖਬਾਕ੍ਹ ਮਹਲਾ 5’ ਦੇ 10 ਸਵੱਈਏ ਅਤੇ ਭੱਟ ਸਾਹਿਬਾਨ ਦੇ 123 ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (ਪੰਨਾ 1385 ਤੋਂ 1409 ਤਕ) ਦਰਜ ਹਨ। ਦੋਹਾਂ ਵਿੱਚੋਂ ਇਕ-ਇਕ ਉਦਾਹਰਣ ਵੇਖਦੇ ਹਾਂ:

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ॥
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ॥
ਬ੍ਹਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ
ਸਰਬ ਕੀ ਰਖ੍ਹਾ ਕਰੈ ਆਪੇ ਹਰਿ ਪਤਿ॥
ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ॥
ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ॥
ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ
ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ॥
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ
ਸਮਸਰਿ ਏਕ ਜੀਹ ਕਿਆ ਬਖਾਨੈ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥ (ਪੰਨਾ 1385)

ਇਕ ਮਨਿ ਪੁਰਖੁ ਧਿਆਇ ਬਰਦਾਤਾ॥
ਸੰਤ ਸਹਾਰੁ ਸਦਾ ਬਿਖਿਆਤਾ॥
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥  (ਪੰਨਾ 1389)

ਪਦ-ਸੰਗਿਆਵਾਂ:

ਛੰਦਾਂ ਨੂੰ ਦੁਪਦੇ, ਤਿਪਦੇ, ਚੌਪਦੇ ਜਾਂ ਚਉਪਦੇ, ਪੰਚਪਦੇ, ਛੇ ਪਦੇ, ਅਸਟਪਦੀਆਂ, ਸੋਲਹੇ ਆਦਿ ਪਦ-ਸੰਗਿਆਵਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਹਰ ਇਕ ਪਦ ਦੇ ਇਕ-ਇਕ ਖੰਡ ਦੀਆਂ ਤੁਕਾਂ ਦੀ ਗਿਣਤੀ ਵੱਖ-ਵੱਖ ਹੈ। ਇਸ ਰੂਪ ਵਿਚ ਇਕ-ਤੁਕੇ, ਦੋਤੁਕੇ, ਤ੍ਰਿਤੁਕੇ, ਚੌਤੁਕੇ, ਪੰਜ-ਤੁਕੇ ਆਦਿ ਖੰਡਾਂ ਵਾਲੇ ਪਦ ਮਿਲਦੇ ਹਨ। ਆਮ ਤੌਰ ’ਤੇ ਅਸਟਪਦੀਆਂ ਵਿਚ (ਨਾਂ ਅਨੁਸਾਰ) ਅੱਠ ਹੀ ਖੰਡ ਹਨ, ਫਿਰ ਵੀ ਕਈਆਂ ਵਿਚ ਨੌਂ, ਦਸ ਅਤੇ ਇਨ੍ਹਾਂ ਤੋਂ ਵੀ ਵੱਧ ਖੰਡ ਮਿਲ ਜਾਂਦੇ ਹਨ। ਰਾਗ ਮਾਰੂ ਵਿਚ ਸੋਲ੍ਹਾਂ-ਸੋਲ੍ਹਾਂ ਖੰਡਾਂ ਦੇ ਪਦ (ਸੋਲਹੇ) ਵੀ ਹਨ। ਇਹ ਪ੍ਰਤੱਖ ਹੈ ਕਿ ਗੁਰਬਾਣੀ ਸਾਹਿਤਕ ਨਿਯਮਾਂ ਦੀ ਕੈਦ ਤੋਂ ਮੁਕਤ ਹੈ। ਇਕ-ਤੁਕੇ, ਦੋ-ਤੁਕੇ, ਅਸਟਪਦੀ ਤੇ ਸੋਲਹੇ ਦੀ ਇਕ-ਇਕ ਉਦਾਹਰਣ ਵੇਖਦੇ ਹਾਂ: ਇਕ-ਤੁਕਾ:

ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ॥
ਰਾਰਿ ਕਰਤ ਝੂਠੀ ਲਗਿ ਗਾਥਾ॥ (ਪੰਨਾ 376)

ਦੋ-ਤੁਕਾ:

ਆਠ ਪਹਰ ਉਦਕ ਇਸਨਾਨੀ॥
ਸਦ ਹੀ ਭੋਗੁ ਲਗਾਇ ਸੁਗਿਆਨੀ॥
ਬਿਰਥਾ ਕਾਹੂ ਛੋਡੈ ਨਾਹੀ॥
ਬਹੁਰਿ ਬਹੁਰਿ ਤਿਸੁ ਲਾਗਹ ਪਾਈ॥ (ਪੰਨਾ 393)

ਅਸਟਪਦੀ:

ਸੁਖਮਨੀ ਸਾਹਿਬ ਦੀ ਹਰ ਇਕ ਅਸਟਪਦੀ ਵਿਚ ਦਸ-ਦਸ ਖੰਡ ਦਿੱਤੇ ਹੋਏ ਹਨ:

ਬ੍ਰਹਮ ਗਿਆਨੀ ਸਦਾ ਨਿਰਲੇਪ॥
ਜੈਸੇ ਜਲ ਮਹਿ ਕਮਲ ਅਲੇਪ॥
ਬ੍ਰਹਮ ਗਿਆਨੀ ਸਦਾ ਨਿਰਦੋਖ॥
ਜੈਸੇ ਸੂਰੁ ਸਰਬ ਕਉ ਸੋਖ॥
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ॥
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ॥
ਬ੍ਰਹਮ ਗਿਆਨੀ ਕੈ ਧੀਰਜੁ ਏਕ॥
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ॥
ਬ੍ਰਹਮ ਗਿਆਨੀ ਕਾ ਇਹੈ ਗੁਨਾਉ॥
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ॥ (ਪੰਨਾ 272)

ਮਾਰੂ ਸੋਲਹੇ:

16 ਪਦਿਆਂ ਦਾ ਵਿਸ਼ੇਸ਼ ਛੰਦ ਰੂਪ ਹੈ ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਰੂ ਰਾਗ ਵਿਚ ਸੋਲਹੇ ਸ਼ਾਮਲ ਹਨ। ਸ੍ਰਿਸ਼ਟੀ ਰਚਨਾ ਤੋਂ ਪੂਰਬਲੀ ਅਵਸਥਾ ਦਾ ਬਿਆਨ ਕਰਦਾ ਸੋਲਹਾ ਹੈ:

ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥1॥
ਖਾਣੀ ਨ ਬਾਣੀ ਪਉਣ ਨ ਪਾਣੀ॥
ਓਪਤਿ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀ ਸਾਗਰ ਨਦੀ ਨ ਨੀਰੁ ਵਹਾਇਦਾ॥2॥…
ਤਾ ਕਾ ਅੰਤੁ ਨ ਜਾਣੈ ਕੋਈ॥
ਪੂਰੇ ਗੁਰ ਤੇ ਸੋਝੀ ਹੋਈ॥
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ॥16॥ (ਪੰਨਾ 1035-36)

ਛੰਦਾਂ ਦੇ ਪ੍ਰਚੱਲਤ ਲੋਕ-ਕਾਵਿ-ਰੂਪ:

ਲੋਕ-ਕਾਵਿ ਦਾ ਲੋਕਾਂ ਦੇ ਜੀਵਨ ਨਾਲ ਡੂੰਘਾ ਸੰਬੰਧ ਹੁੰਦਾ ਹੈ। ਗੁਰੂ ਸਾਹਿਬਾਨ ਨੇ ਲੋਕ-ਜੀਵਨ ਵਿਚ ਪ੍ਰਚੱਲਤ ਲੋਕ-ਕਾਵਿ ਛੰਦ-ਰੂਪਾਂ ਦੀ ਵਰਤੋਂ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਬਾਣੀ ਸਾਧਾਰਨ ਲੋਕਾਂ ਦੀ ਸਮਝ ਵਿਚ ਆ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲੋਕ-ਕਾਵਿ ਦੇ ਅਨੇਕਾਂ ਕਾਵਿ- ਰੂਪ ਅਪਣਾਏ ਗਏ ਹਨ ਜਿਨ੍ਹਾਂ ਵਿੱਚੋਂ ਛੰਤ, ਘੋੜੀਆਂ, ਲਾਵਾਂ, ਆਰਤੀ, ਅੰਜੁਲੀ, ਸਦੁ, ਅਲਾਹਣੀਆਂ, ਸੋਹਿਲਾ, ਪਟੀ, ਬਾਵਨ ਅਖਰੀ, ਬਾਰਹਮਾਹ, ਰੁਤੀ, ਥਿਤੀ, ਵਾਰ ਸਤ, ਦਿਨ ਰੈਣਿ, ਪਹਰੇ,  ਬਿਰਹੜੇ,  ਡਖਣੇ, ਵਾਰ, ਕਾਫੀ, ਚਉਬੋਲੇ, ਕਰਹਲੇ, ਵਣਜਾਰਾ, ਆਦਿਕ ਮੁੱਖ ਹਨ। ਇਨ੍ਹਾਂ ਸੰਬੰਧੀ ਸੰਖੇਪ ਵਿਚਾਰ ਕਰਦੇ ਹਾਂ:

ਛੰਤ:

ਇਸਤਰੀਆਂ ਦੇ ਵਿਸ਼ੇਸ਼ ਪ੍ਰੇਮ-ਗੀਤ, ਛੰਤ ਕਹਾਉਂਦੇ ਹਨ। ਇਸ ਵਿਚ ਚਾਰ ਬੰਦ ਹੁੰਦੇ ਹਨ, ਪਹਿਲੇ ਵਿਛੋੜੇ ਦੀ ਦਰਦਨਾਕ ਅਵਸਥਾ ਦਰਸਾ ਕੇ ਫਿਰ ਚੌਥੇ ਵਿਚ ਸੰਜੋਗ ਦਾ ਅਨੰਦ ਗਾਇਆ ਹੁੰਦਾ ਹੈ। ਇਹ ਛੰਤ ਅਨੇਕਾਂ ਰਾਗਾਂ ਵਿਚ ਪ੍ਰਾਪਤ ਹਨ। ਦੋ ਉਦਾਹਰਣਾਂ ਵੇਖਦੇ ਹਾਂ :

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ॥
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ॥
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ॥
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ॥ (ਪੰਨਾ 448)

ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ॥
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ॥
ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ॥
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ॥ (ਪੰਨਾ 449)

ਛੰਤਾਂ ਵਿਚ ਆਮ ਤੌਰ ’ਤੇ ਚਾਰ ਚਾਰ ਪਦ ਮਿਲਦੇ ਹਨ। ਹਰ ਇਕ ਪਦ ਵਿਚ ਚਾਰ ਜਾਂ ਛੇ ਤੁਕਾਂ ਹੁੰਦੀਆਂ ਹਨ। ਛੇ ਤੁਕਾਂ ਵਾਲੇ ਛੰਤ ਦੀ ਉਦਾਹਰਣ ਹੈ:

ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ॥
ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ॥
ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ॥
ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ॥
ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ॥
ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ॥ (ਪੰਨਾ 766)

ਘੋੜੀਆਂ:

ਲੋਕ-ਸਾਹਿਤ ਵਿਚ ‘ਘੋੜੀਆਂ’ ਤੋਂ ਭਾਵ ਉਹ ਖੁਸ਼ੀ ਦੇ ਗੀਤ ਹਨ, ਜੋ ਲਾੜੇ ਦੀਆਂ ਚਾਚੀਆਂ, ਤਾਈਆਂ, ਭੈਣਾਂ, ਭਾਬੀਆਂ, ਮਾਮੀਆਂ, ਆਦਿ ਔਰਤਾਂ ਮਿਲ ਕੇ ਵਿਆਹ ਤੋਂ ਪਹਿਲਾਂ ਗਾਉਂਦੀਆਂ ਹਨ। ਸ੍ਰੀ ਗੁਰੂ ਰਾਮਦਾਸ ਜੀ ਨੇ ਲੋਕ-ਸੰਗੀਤ ਦੀ ਇਸ ਧੁਨ ਨੂੰ ਵਡਹੰਸ ਰਾਗ ਵਿਚ ਦੋ ਛੰਤਾਂ ਲਈ ਵਰਤਿਆ ਹੈ ਤੇ ਇਨ੍ਹਾਂ ਦਾ ਸਿਰਲੇਖ ਵੀ ‘ਘੋੜੀਆਂ’ ਅੰਕਤ ਕੀਤਾ ਹੈ। ਮਨੁੱਖ ਦੀ ਇਹ ਕਾਇਆ (ਮਾਨੋ) ਘੋੜੀ ਹੈ ਜਿਸ ਨੂੰ ਨਾਮ-ਸਿਮਰਨ ਵਾਸਤੇ ਹੀ ਪਰਮਾਤਮਾ ਨੇ ਪੈਦਾ ਕੀਤਾ ਹੈ:

ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ॥… (ਪੰਨਾ 575)

ਲਾਵਾਂ:

ਰਾਗ ਸੂਹੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ‘ਲਾਵਾਂ’ ਸਿਰਲੇਖ ਅਧੀਨ ਬਾਣੀ ਦਰਜ ਹੈ ਜਿਸ ਵਿਚ ਵਿਆਹ ਨੂੰ ‘ਪਰਵਿਰਤੀ ਕਰਮ’ ਦਾ ਨਾਂ ਦਿੱਤਾ ਹੈ। ਚਾਰ ਲਾਵਾਂ ਜ਼ਿੰਦਗੀ ਦੇ ਚਾਰ ਪੜਾਅ ਭਾਵ ਅਵਸਥਾਵਾਂ ਹਨ। ਇਸ ਕਾਵਿ-ਰੂਪ ਵਿਚ ਜੀਵ ਰੂਪੀ ਇਸਤਰੀ ਦਾ ਪਰਮਾਤਮਾ ਰੂਪ ਪਤੀ ਨਾਲ ਮੇਲ ਕਰਵਾਇਆ ਹੈ:

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥… (ਪੰਨਾ 773)

ਆਰਤੀ:

ਇਸ ਦਾ ਵਿਸ਼ਾ ਦੇਵਤੇ, ਇਸ਼ਟ ਜਾਂ ਪਰਮਾਤਮਾ ਦੀ ਅਰਾਧਨਾ ਹੁੰਦਾ ਹੈ। ਇਸ ਦੀ ਇਕ ਖਾਸ ਲੈਅ ਜਾਂ ਧਾਰਨਾ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਇਸ ਸਬੰਧੀ ਸੁਪ੍ਰਸਿੱਧ ਪਾਵਨ ਸ਼ਬਦ ਦੀ ਅਰੰਭਲੀ ਪਾਵਨ ਪੰਕਤੀ ਹੈ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ (ਪੰਨਾ 13)

ਸ਼ਬਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਖੰਡਨ ਕਰ ਕੇ ਅਕਾਲ ਪੁਰਖ ਦੀ ਹਰ ਸਮੇਂ ਬ੍ਰਹਿਮੰਡ ਵਿਚ ਨਿਰੰਤਰ ਹੋ ਰਹੀ ‘ਆਰਤੀ’ ਬਾਰੇ ਦੱਸਿਆ ਹੈ। ਧਨਾਸਰੀ ਰਾਗ ਵਿਚ ਹੋਰ ਭਗਤਾਂ ਨੇ ਵੀ ਆਰਤੀ ਇਨ੍ਹਾਂ ਸੁਰਾਂ ਵਿਚ ਉਚਾਰੀ ਹੈ।

ਅੰਜੁਲੀ:

ਪਿਤਰ ਜਾਂ ਦੇਵਤੇ ਨੂੰ ਚੁਲੀ ਅਰਪਣ ਕਰਨ ਦੀ ਰਸਮ (ਡੂਨੇ ਦੀ ਸ਼ਕਲ ਬਣਾਏ ਹੱਥਾਂ ਦੁਆਰਾ) ਨੂੰ ਤਿਲਾਂਜਲੀ ਦੇਣ ਦੇ ਉਦੇਸ਼ ਨਾਲ ਗੁਰਬਾਣੀ ਵਿਚ ਪੰਚਮ ਪਾਤਸ਼ਾਹ ਨੇ ਅੰਜੁਲੀ (ਬੇਨਤੀ ਦਾ ਗੀਤ) ਸਿਰਲੇਖ ਅਧੀਨ (ਮਾਰੂ ਰਾਗ ਵਿਚ) ਸ਼ਬਦ ਰਚਿਆ ਹੈ।‘ਸੰਜੋਗੁ ਵਿਜੋਗੁ ਧੁਰਹੁ ਹੀ ਹੂਆ’ (ਪੰਨਾ 1007) ਦੱਸ ਕੇ ਜੀਵ ਨੂੰ ਭਾਣਾ ਮੰਨਣ ਦੀ ਸਿੱਖਿਆ ਦਿੱਤੀ ਗਈ ਹੈ।

ਸਦੁ:

ਪੰਜਾਬੀ ਦੇ ਪੇਂਡੂਆਂ ਦਾ ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਗੀਤ ਹੈ। ਬਾਬਾ ਸੁੰਦਰ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ ਗੁਰੂ ਜੀ ਦੀ ਅੰਤਿਮ ਸਿਖਿਆ ਨੂੰ ਰਾਮਕਲੀ ਰਾਗ ਵਿਚ ਕਲਮਬੰਦ ਕੀਤਾ ਹੈ:

ਜਗਿ ਦਾਤਾ ਸੋਇ ਭਗਤਿ…ਪਾਵਹੇ॥ (ਪੰਨਾ 923)

ਅਲਾਹਣੀ:

ਵਿੱਛੜੇ ਸਨੇਹੀ ਦੀ ਯਾਦ ਵਿਚ ਉਸ ਦੇ ਗੁਣ ਕਰਮ ਕਹਿ ਕੇ ਜੋ ਸ਼ੋਕ-ਗੀਤ ਗਾਇਆ ਜਾਂਦਾ ਹੈ, ਉਸ ਨੂੰ ‘ਅਲਾਹਣੀ’ ਆਖਿਆ ਗਿਆ ਹੈ। ਗੁਰੂ ਸਾਹਿਬ ਨੇ ਵਡਹੰਸ ਰਾਗ ਵਿਚ ਇਸ ਲੋਕ ਧਾਰਨਾ ਨੂੰ ਅਧਾਰ ਬਣਾ ਕੇ ਸੰਸਾਰ ਦੀ ਨਾਸ਼ਮਾਨਤਾ ਦਰਸਾਈ ਹੈ। ਇਸ ਦੀ ਪਹਿਲੀ ਤੁਕ ਹੈ:

ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ॥ (ਪੰਨਾ 578)

ਸੋਹਿਲਾ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਭਾਗ ਵਿਚ ‘ਸੋਹਿਲਾ’ ਸਿਰਲੇਖ ਹੇਠ ਵਿਸ਼ੇਸ਼ ਬਾਣੀ ਦਰਜ ਹੈ। ਇਸ ਵਿਚ ਪੰਜ ਸ਼ਬਦ ਹਨ ਜਿਨ੍ਹਾਂ ਨੂੰ ਸਿੱਖ-ਪਰੰਪਰਾ ਅਨੁਸਾਰ ਸੌਣ ਸਮੇਂ ਪੜ੍ਹਨ ਦੀ ਮਰਯਾਦਾ ਹੈ ਤੇ ਪ੍ਰਾਣੀ ਦੇ ਸਸਕਾਰ ਸਮੇਂ ਵੀ ਪੜ੍ਹੀ ਜਾਂਦੀ ਹੈ। ਆਰੰਭ ਦੇ ਸ਼ਬਦ ਦੀ ਪਹਿਲੀ ਤੁਕ ਹੈ:

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥ (ਪੰਨਾ 157)

ਬਾਰਹਮਾਹ:

ਬਾਰ੍ਹਾਂ ਮਹੀਨਿਆਂ ਦੇ ਆਧਾਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿਚ ਬਾਰਹਮਾਹ ਦਾ ਉਚਾਰਨ ਕੀਤਾ ਹੈ। ਅਰੰਭਕ ਤੁਕਾਂ ਹਨ:

ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ॥…     (ਪੰਨਾ 1107)

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥… (ਪੰਨਾ 133)

ਰੁਤੀ:

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਛੇ ਰੁੱਤਾਂ ਦੇ ਆਧਾਰ ’ਤੇ ਰਾਮਕਲੀ ਰਾਗ ਵਿਚ ‘ਰੁਤੀ’ ਨਾਂ ਦੀ ਪਾਵਨ ਬਾਣੀ ਦੀ ਰਚਨਾ ਕੀਤੀ ਹੈ ਜਿਸ ਵਿਚ ਛੇ ਮੌਸਮਾਂ ਦਾ (ਚੇਤ ਤੋਂ ਫਗਣ-12 ਮਹੀਨਿਆਂ ਵਿਚ ਵੰਡ ਕੇ) ਵਰਣਨ ਕੀਤਾ ਹੈ:

ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ॥…
ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ॥…
ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ॥…
ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ॥…
ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ॥…
ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ॥… (ਪੰਨੇ 927-29)

ਥਿਤੀ:

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਲਾਵਲ ਰਾਗ ਵਿਚ ਤੇ ਭਗਤ ਕਬੀਰ ਜੀ ਨੇ ਗਉੜੀ ਰਾਗ ਵਿਚ ਪੰਦਰ੍ਹਾਂ ਥਿਤਾਂ (ਤਿਥਾਂ) ਦੇ ਆਧਾਰ ’ਤੇ ‘ਥਿਤੀ’ ਸਿਰਲੇਖ ਅਧੀਨ ਰਚਨਾ ਕੀਤੀ ਹੈ। ‘ਥਿਤੀ ਗਉੜੀ ਮਹਲਾ 5’ ਵਿਚ ਗੁਰੂ ਜੀ ਨੇ ਜੀਵ ਨੂੰ ਥਿਤਾਂ ਦੇ ਸ਼ੁਭ-ਅਸ਼ੁਭ ਹੋਣ ਦੇ ਚੱਕਰ ਵਿੱਚੋਂ ਕੱਢ ਕੇ ਪ੍ਰਭੂ-ਭਗਤੀ ਵੱਲ ਮੋੜਿਆ ਹੈ:

ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ॥ (ਪੰਨਾ 296)

ਦਸਮੀ ਦਸ ਦੁਆਰ ਬਸਿ ਕੀਨੇ॥ (ਪੰਨਾ 298)

ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ॥ (ਪੰਨਾ 299)

ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ॥ (ਪੰਨਾ 300)

ਵਾਰ ਸਤ:

ਬਿਲਾਵਲ ਰਾਗ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੀ ‘ਵਾਰ ਸਤ’ ਬਾਣੀ ਦਰਜ ਹੈ ਜਿਸ ਵਿਚ ਹਫਤੇ ਦੇ ਵਾਰਾਂ ਦਾ ਨਾਂ ਲੈ ਕੇ ਸੱਤਾਂ ਦਿਨਾਂ ਲਈ ਜੀਵ ਨੂੰ ਸਿੱਖਿਆ ਦਿੱਤੀ ਗਈ ਹੈ:

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ…॥ (ਪੰਨਾ 841)

ਅਤੇ ਵਾਰਾਂ ਦੇ ਚੰਗੇ ਮੰਦੇ ਹੋਣ ਦੇ ਵਹਿਮ ਨਾ ਕਰਨ ਦੀ ਹਦਾਇਤ ਕੀਤੀ ਹੈ ਇਹ ਦੱਸ ਕੇ ਕਿ:

ਥਿਤੀ ਵਾਰ ਸੇਵਹਿ ਮੁਗਧ ਗਵਾਰ॥ (ਪੰਨਾ 843)

ਦਿਨ ਰੈਣਿ:

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿਚ ਇਸ ਸਿਰਲੇਖ ਹੇਠ ਪਾਵਨ ਬਾਣੀ ਦੀ ਰਚਨਾ ਕੀਤੀ ਹੈ ਜਿਸ ਵਿਚ ਦਿਨ-ਰਾਤ ਦੇ ਕਰਨ ਯੋਗ ਕਰਮ ਦੱਸੇ ਹਨ:

ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ॥ (ਪੰਨਾ 136)

ਪਹਰੇ:

ਚਾਰ ਪਹਿਰਾਂ ਦੇ ਆਧਾਰ ’ਤੇ ਸਿਰੀਰਾਗੁ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਰੇ ਲਿਖੇ ਹਨ। ਇਸ ਵਿਚ ਜੀਵਨ ਦੀਆਂ ਚਾਰ ਅਵਸਥਾਵਾਂ ਦੱਸ ਕੇ ਜੀਵ ਨੂੰ ਸਿੱਖਿਆ ਦਿੱਤੀ ਗਈ ਹੈ। ਪਹਿਲੇ ਪਾਤਸ਼ਾਹ ਅਰੰਭ ਕਰਦੇ ਹਨ:

ਸਿਰੀਰਾਗੁ ਮਹਲਾ 1 ਪਹਰੇ ਘਰੁ 1

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥ (ਪੰਨਾ 74)

ਬਿਰਹੜੇ: ਬਿਰਹੜੇ ਲੋਕ-ਕਾਵਿ ਵਿਚ ਵਿਯੋਗ ਦਾ ਬਿਆਨ ਹੁੰਦਾ ਹੈ। ਆਸਾ ਰਾਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਿੰਨ ਛੰਦ ਰਚੇ ਹਨ ਤੇ ਇਨ੍ਹਾਂ ਨੂੰ ‘ਬਿਰਹੜੇ ਘਰੁ 4 ਛੰਤਾ ਕੀ ਜਤਿ’ ਸਿਰਲੇਖ ਦਿੱਤਾ ਹੈ। ਫ਼ਰਮਾਨ ਹੈ:

ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ॥ (ਪੰਨਾ 431)

ਗੁਰਵਾਕ ਦੁਆਰਾ

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ॥ (ਪੰਨਾ 432)

ਸਾਨੂੰ ਹਰਿ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ।

ਡਖਣੇ:

ਲਹਿੰਦੀ ਵਿਚ ਲਿਖਿਆ ਸਲੋਕ ਆਮ ਤੌਰ ’ਤੇ ‘ਡਖਣਾ’ ਕਿਹਾ ਜਾਂਦਾ ਹੈ। ਸਿੰਧੀ ਵਿਚ ਡਖਣਾ ਢੋਲ ਨੂੰ ਵੀ ਕਹਿੰਦੇ ਹਨ, ਚੂੰਕਿ ਇਹ ਸਲੋਕ ਪਹਿਲੇ ਪਹਿਲ ਢੋਲ ਦੀ ਧੁਨ ’ਤੇ ਗਾਉਣ ਦਾ ਰਿਵਾਜ ਸੀ, ਇਸ ਕਰਕੇ ਇਹ ਨਾਂ ਪ੍ਰਸਿੱਧ ਹੋਇਆ। ਸਿਰੀਰਾਗੁ ਦੇ ਛੰਤਾਂ ਨਾਲ ਪੰਜ ਡਖਣੇ ਲਿਖੇ ਮਿਲਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਰੂ ਰਾਗ ਦੀ ਵਾਰ ਵਿਚ ਡਖਣੇ ਸ਼ਾਮਲ ਕੀਤੇ ਹਨ ਜਿਨ੍ਹਾਂ ਵਿਚ (ਦੱਖਣ ਵੱਲ) ਸਿੰਧੀ ਭਾਸ਼ਾ ਤੋਂ ਪ੍ਰਭਾਵਿਤ ਬੋਲੀ ਹੈ। ਉਦਾਹਰਣ ਵੇਖਦੇ ਹਾਂ:

ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ॥
ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥ (ਪੰਨਾ 1095)

ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥ (ਪੰਨਾ 1102)

ਵਾਰ:

‘ਵਾਰ’ ਇਕ ਲੋਕ-ਕਾਵਿ ਹੈ ਜਿਸ ਦੇ ਦੋ ਰੂਪ ਹਨ- ਬੀਰ ਰਸੀ ਤੇ ਅਧਿਆਤਮਿਕ। ਵਾਰ ਪਉੜੀਆਂ ਵਿਚ ਰਚੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚਾਰ ਗੁਰੂ ਸਾਹਿਬਾਨ ਦੀਆਂ 21 (ਅਧਿਆਤਮਿਕ) ਵਾਰਾਂ (ਤਿੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ, ਚਾਰ ਸ੍ਰੀ ਗੁਰੂ ਅਮਰਦਾਸ ਜੀ, ਅੱਠ ਸ੍ਰੀ ਗੁਰੂ ਰਾਮਦਾਸ ਜੀ ਤੇ ਛੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ) ਵੱਖ-ਵੱਖ ਰਾਗਾਂ ਵਿਚ ਦਰਜ ਹਨ ਜਿਨ੍ਹਾਂ ਵਿਚ ਅਕਾਲ ਪੁਰਖ (ਨਾਇਕ) ਦੀ ਮਹਿਮਾ ਗਾਈ ਗਈ ਹੈ। 22ਵੀਂ ਵਾਰ ਭਾਈ ਸਤਾ ਜੀ ਅਤੇ ਰਾਏ ਬਲਵੰਡ ਜੀ ਦੀ ਰਾਗ ਰਾਮਕਲੀ ਵਿਚ ਹੈ। ਇਨ੍ਹਾਂ ਵਿੱਚੋਂ 9 ਵਾਰਾਂ ਨੂੰ ਪ੍ਰਸਿੱਧ ਪ੍ਰਾਚੀਨ ਲੋਕ-ਵਾਰਾਂ ਦੀ ਧੁਨੀ ’ਤੇ ਗਾਉਣ ਦਾ ਸੰਕੇਤ ਦਿੱਤਾ ਗਿਆ ਹੈ।

ਕਾਫੀ:

ਮੁਸਲਮਾਨ ਫ਼ਕੀਰਾਂ/ ਸੂਫ਼ੀਆਂ ਦੇ ਪ੍ਰੇਮ-ਰਸ ਭਰੇ ਪਦ ਕਾਫੀਆਂ ਦੇ ਨਾਂ ਨਾਲ ਪੁਕਾਰੇ ਜਾਂਦੇ ਹਨ। ‘ਕਾਫੀ’ ਗੀਤ ਦੀ ਇਕ ਧਾਰਨਾ ਹੈ ਜੋ ਮੁਖੀ ਦੇ ਪਿੱਛੇ-ਪਿੱਛੇ ਬਾਰ-ਬਾਰ ਗਾਈ ਜਾਂਦੀ ਹੈ। ਗੁਰਬਾਣੀ ਵਿਚ ਇਸ ਨੂੰ ਆਸਾ, ਤਿਲੰਗ, ਸੂਹੀ ਤੇ ਮਾਰੂ ਰਾਗ ਨਾਲ ਮਿਲਾ ਕੇ ਲਿਖਿਆ ਹੈ। ਤਿਲੰਗ ਮਹਲਾ 9 ਕਾਫੀ ਦਾ ਅਰੰਭ ਇਸ ਤਰ੍ਹਾਂ ਹੋਇਆ ਹੈ:

ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ॥
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ॥ (ਪੰਨਾ 726)

ਚਉਬੋਲੇ:

ਇਹ ਲੋਕ-ਗੀਤ ਹੈ ਜਿਸ ਵਿਚ ਪ੍ਰੇਮ-ਭਾਵਨਾ ਦੀ ਪ੍ਰਬਲਤਾ ਹੁੰਦੀ ਹੈ। ਕੁਝ ਵਿਦਵਾਨਾਂ ਦਾ ਖ਼ਿਆਲ ਹੈ ਕਿ ਇਸ ਵਿਚ ਚਾਰ ਭਾਸ਼ਾਵਾਂ ਦਾ ਮੇਲ ਹੈ ਜਾਂ ਚਾਰ ਪ੍ਰੇਮੀਆਂ ਦੇ ਪਰਥਾਇ ਵਚਨ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ 11 ਸਲੋਕ ‘ਚਉਬੋਲੇ ਮਹਲਾ 5’ ਸਿਰਲੇਖ ਹੇਠ ਦਰਜ ਹਨ:

ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਹਿਹੁ ਹੋਤੀ ਸਾਟ॥…
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ॥… (ਪੰਨਾ 1363-64)

ਕਰਹਲੇ:

ਸਿੰਧੀ ਵਿਚ ਕਰਹਾ ਜਾਂ ਕਰਹਲ, ਊਠ, ਸ਼ੁਤਰ ਦਾ ਵਾਚਕ ਹੈ। ਇਸ ਲਈ ਸ਼ੁਤਰਵਾਨਾਂ ਦੀ ਲੋਕ-ਧਾਰਨਾ ‘ਕਰਹਲਾ’ ਅਖਵਾਉਂਦੀ ਹੈ। ਪੁਰਾਣੇ ਜ਼ਮਾਨੇ ਦੇਸ਼ਾਂਤਰਾਂ ਵਿਚ ਵਪਾਰ ਦੀ ਸਾਮਗ੍ਰੀ ਊਠਾਂ ’ਤੇ ਲੱਦ ਕੇ ਲੈ ਜਾਈਦੀ ਸੀ, ਅਤੇ ਊਠ ਸਦਾ ਪਰਦੇਸਾਂ ਵਿਚ ਫਿਰਦੇ ਰਹਿੰਦੇ ਸਨ, ਇਸੇ ਭਾਵ ਨੂੰ ਲੈ ਕੇ ਚੌਰਾਸੀ ਭ੍ਰਮਣ ਵਾਲੇ ਜੀਵ ਨੂੰ ਗੁਰਬਾਣੀ ਵਿਚ ਊਠ ਆਖਿਆ ਹੈ। ‘ਕਰਹਲੇ’ ਸਿਰਲੇਖ ਹੇਠ ਇਸ ਧਾਰਨਾ ’ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗਉੜੀ ਰਾਗ ਵਿਚ ਦੋ ਸ਼ਬਦ ਦਰਜ ਹਨ। ਗੁਰਵਾਕ ਹੈ:

ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ॥… (ਪੰਨਾ 234)

ਵਣਜਾਰਾ:

ਪੁਰਾਣੇ ਜ਼ਮਾਨੇ ਚਕ੍ਰਵਰਤੀ ਵਾਪਾਰੀ, ਸੌਦਾ ਲੱਦ ਕੇ ਇਕ ਥਾਂ ਤੋਂ ਦੂਜੀ ਥਾਂ ਜਾਂਦੇ, ਲੰਮੀ ਹੇਕ ਨਾਲ ਗੀਤ ਗਾਉਂਦੇ ਪੈਂਡਾ ਮੁਕਾਉਂਦੇ ਸਨ। ਇਸੇ ਅਧਾਰ ਨੂੰ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਨੇ ਸਿਰੀਰਾਗੁ ਵਿਚ ਬਾਣੀ ਉਚਾਰੀ ਹੈ :

ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ॥ (ਪੰਨਾ 82)

ਪਟੀ:

ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਸਾ ਰਾਗ ਵਿਚ, ਉਸ ਸਮੇਂ ਦੀ ਗੁਰਮੁਖੀ ਵਰਣਮਾਲਾ ਦੇ ਕ੍ਰਮ ਅਨੁਸਾਰ ‘ਪਟੀ ’ ਕਾਵਿ-ਰੂਪ ਦੀ ਰਚਨਾ ਕਰ ਕੇ ਜਗਿਆਸੂਆਂ ਨੂੰ ਉਪਦੇਸ਼ ਦਿੱਤਾ ਹੈ:

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ॥ (ਪੰਨਾ 432)

ਬਾਵਨ ਅਖਰੀ:

ਬਵੰਜਾ ਅੱਖਰਾਂ ਦੇ ਅਧਾਰ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਹੈ ‘ਗਉੜੀ ਬਾਵਨ ਅਖਰੀ ਮਹਲਾ 5’ ਜਿਸ ਦਾ ਅਰੰਭ ‘ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ’ (ਪੰਨਾ 250) ਸਲੋਕ ਨਾਲ ਹੋਇਆ ਹੈ ਅਤੇ ‘ਬਾਵਨ ਅਖਰੀ ਕਬੀਰ ਜੀਉ ਕੀ’ ਸਿਰਲੇਖ ਅਧੀਨ ਰਚਨਾ ਇਸ ਤਰ੍ਹਾਂ ਸ਼ੁਰੂ ਹੋਈ ਹੈ:

ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥ (ਪੰਨਾ 340)

ਉਪਰੋਕਤ ਵਿਚਾਰ ਕਰਨ ਉਪਰੰਤ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਗੁਰਬਾਣੀ ਵਿਚ ਛੰਦਾਂ ਤੇ ਕਾਵਿ-ਰੂਪਾਂ ਦੀ ਵਰਤੋਂ ਕੇਵਲ ਆਤਮਿਕ ਉੱਨਤੀ ਦਾ ਸੁਨੇਹਾ ਆਮ ਲੋਕਾਂ ਤਕ ਪਹੁੰਚਾਉਣ ਲਈ ਸਾਧਨ ਵਜੋਂ ਕੀਤੀ ਗਈ ਹੈ।6 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਤਕ ਮਹੱਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਤਕ ਮਹੱਤਵ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਸਾਹਿਤ (literature) ਸ਼ਬਦ ਦੀ ਪਰਿਭਾਸ਼ਾ, ਇਸ ਦਾ ਖੇਤਰ ਤੇ ਮਨੁੱਖੀ ਜੀਵਨ ਨਾਲ ਸੰਬੰਧ ਅਤੇ ਸਾਹਿਤ ਦਾ ਉਦੇਸ਼, ਆਦਿ ਪੱਖਾਂ ਬਾਰੇ ਸੰਖੇਪ ਵਿਚ ਜਾਣਨਾ ਉਚਿਤ ਰਹੇਗਾ। ਬੇਸ਼ਕ ਸਾਨੂੰ ਨਿਸਚਾ ਹੈ ਕਿ ਗੁਰਬਾਣੀ ਕੋਈ ਸਾਧਾਰਨ ਸਾਹਿਤਕ ਕਿਰਤ ਨਹੀਂ ਹੈ ਸਗੋਂ ਬਾਣੀਕਾਰਾਂ ਦੇ ਅਗੰਮੀ ਆਵੇਸ਼ ਵਿੱਚੋਂ ਪ੍ਰਗਟੀ ‘ਧੁਰ ਕੀ ਬਾਣੀ’ ਹੈ ਜਿਸ ਦਾ ਸਾਹਿਤਕ ਮੁਲਾਂਕਣ ਕਰਨਾ ਅਸੰਭਵ ਹੈ। ਇਉਂ ਅਣਗਿਣਤ ਗੁਣਾਂ ’ਚੋਂ ਕੁਝ ਇਕ ਗੁਣਾਂ ਸੰਬੰਧੀ ਸੰਕੇਤਕ ਗੱਲ ਹੀ ਕੀਤੀ ਜਾ ਸਕਦੀ ਹੈ।

ਵਿਦਵਾਨਾਂ ਦੀ ਰਾਇ ਹੈ ਕਿ ਸਾਹਿਤ ਜੀਵਨ ਦਾ ਦਰਪਣ ਅਰਥਾਤ ਪ੍ਰਤੀਬਿੰਬ ਹੈ। ਮੈਥੀਓ ਆਰਨੋਲਡ ਨੇ ਸਾਹਿਤ ਨੂੰ ‘ਜੀਵਨ ਦੀ ਪੜਚੋਲ’ ਆਖਿਆ ਹੈ ਕਿਉਂਕਿ ਹਰ ਇਕ ਸਾਹਿਤ-ਸਿਰਜਣਾ ਸਿਰਜਣਹਾਰ ਦੇ ਨਿੱਜੀ ਜੀਵਨ ਦਾ ਦਰਪਣ ਹੁੰਦਾ ਹੈ ਜਿਸ ਵਿਚ ਉਸ ਨੇ ਆਪਣੇ ਮਨੋ-ਭਾਵਾਂ, ਖ਼ਿਆਲਾਂ ਅਤੇ ਜਜ਼ਬਿਆਂ ਨੂੰ ਕਲਮ ਦੁਆਰਾ ਕਾਗਜ਼ ’ਤੇ ਉਕਰਿਆ ਹੁੰਦਾ ਹੈ। ਸਾਹਿਤ ਸ਼ਬਦ ਦੀ ਉਤਪਤੀ ਸਾਹਿਤ+ਯਤ ਪ੍ਰਤਿਅ ਤੋਂ ਹੋਈ ਹੈ। ਸ਼ਬਦ ਅਤੇ ਅਰਥ ਦਾ ਸਹਿਭਾਵ ਸਾਹਿਤ ਕਹਾਉਂਦਾ ਹੈ। ਇਸ ਦ੍ਰਿਸ਼ਟੀ ਤੋਂ ਹਰ ਇਕ ਉਹ ਸਾਰਥਕ ਸ਼ਬਦ ਜਿਸ ਦਾ ਪ੍ਰਗਟਾਉ ਕੀਤਾ ਜਾਂਦਾ ਹੈ, ਸਾਹਿਤ ਦਾ ਅੰਗ ਹੁੰਦਾ ਹੈ।… ਜਿੱਥੇ ਭਾਰਤੀ ਆਚਾਰੀਆਂ ਨੇ ਸ਼ਬਦ ਅਰਥ ਦੇ ਮੇਲ ਵਿਚ ਰਮਣੀਕਤਾ ਅਤੇ ਰਸ (ਅਨੰਦ) ਆਦਿ ਨੂੰ ਸਾਹਿਤ ਦਾ ਮੂਲ ਮੰਨਿਆ ਹੈ, ਉੱਥੇ ਪੱਛਮੀ ਵਿਚਾਰਕਾਂ ਨੇ ਜੀਵਨ ਦੀਆਂ ਯਥਾਰਥਕ ਅਨੁਭੂਤੀਆਂ, ਕਲਪਨਾ ਤੱਤ ਅਤੇ ਅਨੰਦਮਈ ਤੱਤ ’ਤੇ ਜ਼ੋਰ ਦਿੱਤਾ ਹੈ।7 ‘ਸਾਹਿਤ ਸਿੱਧਾ ਮਨੁੱਖੀ ਜੀਵਨ ਤੋਂ ਉਗਮ ਕੇ ਸਿੱਧਾ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਜੀਵਨ ਦਾ ਜਿੱਥੋਂ ਤਕ ਪਸਾਰ ਹੈ ਉੱਥੋਂ ਤੱਕ ਸਾਹਿਤ ਦਾ ਖੇਤਰ ਹੈ। ਜੀਵਨ ਤੋਂ ਦੂਰ ਹਟਿਆ ਹੋਇਆ ਸਾਹਿਤ ਆਪਣਾ ਮਹੱਤਵ ਗੁਆ ਬਹਿੰਦਾ ਹੈ।’ (ਹਜ਼ਾਰੀ ਪ੍ਰਸਾਦ ਦਿਵੇਦੀ)… ‘ਸਾਹਿਤ ਸਿੱਧਾ ਮਨੁੱਖੀ ਹਿਰਦੇ ਨੂੰ ਟੁੰਬਦਾ ਹੈ ਅਤੇ ਸਰੋਤਾ ਆਪ ਮੁਹਾਰੇ ਕਹਿ ਉੱਠਦਾ ਹੈ ਕਿ ਉਸ ਨੂੰ ਬੜਾ ਆਨੰਦ ਆਇਆ। ਇਹੀ ਰਸ ਹੈ ਜਿਸ ਦਾ ਦੂਜਾ ਗੁਣ ਜੀਵਨ ਦੀ ਨੇੜਤਾ ਹੈ। ਇਸ ਦਿਸ਼ਾ ਵੱਲ ਸਾਹਿਤ ਸਿੱਧਾ ਆਪਣੇ ਰਾਗ-ਆਤਮਕ ਖੇਤਰ (ਕਾਵਿ) ਵਿਚ ਜੀਵਨ ਦੀਆਂ ਅਨੁਭੂਤੀਆਂ ਨੂੰ ਕਲਪਨਾ ਅਤੇ ਹਮਦਰਦੀ ਦੀ ਪੁੱਠ ਦੇ ਕੇ ਪ੍ਰਗਟਾਉਂਦਾ ਹੈ। ਅਜਿਹਾ ਕਰਨ ਨਾਲ ਉਸ ਵਿਚ ਯਥਾਰਥ ਅਤੇ ਸੁੰਦਰਤਾ ਦਾ ਮੇਲ ਹੁੰਦਾ ਹੈ ਅਤੇ ਉਹ ਸੁੰਦਰ ਸਾਹਿਤ ਬਣ ਜਾਂਦਾ ਹੈ। ਸਾਹਿਤ ਦਾ ਉਦੇਸ਼ ਜੀਵਨ ਦੀ ਪੂਰਨਤਾ ਅਰਥਾਤ ਜੀਵਨ ਦੀਆਂ ਚਾਰਾਂ ਕੀਮਤਾਂ- ਧਰਮ, ਅਰਥ, ਕਾਮ, ਮੋਖ ਦੀ ਪ੍ਰਾਪਤੀ ਅਤੇ ਸਮਾਜ ਦੀ ਪ੍ਰਤੀਨਿਧਤਾ ਕਰਨਾ ਹੈ।’8 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਤਕ ਮਹਾਨਤਾ ਬਾਰੇ ਡੰਕਨ ਗਰੀਨਲੀਜ਼  (ਤੁਲਨਾਤਮਕ ਧਰਮਾਂ ਦੇ ਵਿਦਵਾਨ, ਜਿਸ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਗ੍ਰੰਥਾਂ ’ਤੇ “Apart from its great religious importance, certainly one of the world’s masterpieces of poetry…Among the world’s Scriptures few, if any, attain so high a literary level or so constant a height of inspira- tion.”9 ਅਰਥਾਤ “ਧਾਰਮਿਕ ਮਹੱਤਤਾ ਤੋਂ ਇਲਾਵਾ ਵਿਸ਼ਵ ਕਾਵਿ-ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ-ਸ੍ਰੇਸ਼ਟ ਸ਼ਾਹਕਾਰ ਹਨ। ਦੁਨੀਆਂ ਦੇ ਧਰਮ ਗ੍ਰੰਥਾਂ ਵਿੱਚੋਂ ਸ਼ਾਇਦ ਹੀ ਕਿਸੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਸਾਹਿਤਕ ਪੱਧਰ ਹੋਵੇ ਜਾਂ ਕਿਸੇ ਨੂੰ ਅਨੁਭਵੀ ਗਿਆਨ ਦੀ ਅਜਿਹੀ ਨਿਰੰਤਰ ਉੱਚਤਾ ਪ੍ਰਾਪਤ ਹੋ ਸਕੀ ਹੋਵੇ।”

ਵਾਸਤਵ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਸੁਹਜਮਈ ਹੈ ਤੇ ਉੱਚੇ ਕਾਵਿਕ-ਗੁਣਾਂ ਨਾਲ ਭਰਪੂਰ ਹੈ, ਜੋ ਪੜ੍ਹਨ ਤੇ ਸੁਣਨ ਵਾਲੇ ਦੇ ਮਨ ਨੂੰ ਕੀਲ ਲੈਣ ਦੀ ਸਮਰੱਥਾ ਰੱਖਦੀ ਹੈ। ਸਾਹਿਤ ਦੇ ਕਲਾ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ੈਲੀ, ਭਾਸ਼ਾ ਜਾਂ ਬੋਲੀ ਤੇ ਸ਼ਬਦਾਵਲੀ, ਪ੍ਰਤੀਕ-ਯੋਜਨਾ, ਰਸ-ਅਨੁਭੂਤੀ, ਬਿੰਬ-ਵਿਧਾਨ, ਅਲੰਕਾਰ, ਅਨੁਪ੍ਰਾਂਸ, ਕੁਦਰਤ-ਚਿਤਰਨ, ਕਾਵਾਤਮਕ ਕਲਪਨਾ- ਦ੍ਰਿਸ਼ਟੀ, ਮੁਹਾਵਰੇ-ਅਖੌਤਾਂ, ਸੁੰਦਰ ਕਥਨ (ਸੂਕਤੀਆਂ), ਅਟੱਲ ਸਚਾਈਆਂ ਆਦਿ ਦੀ ਵਰਤੋਂ ਬਹੁਤ ਕਲਾਤਮਕ ਹੈ। ਇੱਥੇ ਅਸੀਂ ਇਨ੍ਹਾਂ ਸਾਹਿਤਕ ਪੱਖਾਂ ਸੰਬੰਧੀ ਸੰਖੇਪ ਵਿਚਾਰ ਕਰਦੇ ਹਾਂ।

ਸ਼ੈਲੀ:

ਹਰ ਸਾਹਿਤਕਾਰ ਦਾ ਲਿਖਣ-ਢੰਗ (style) ਦੂਜਿਆਂ ਨਾਲੋਂ ਨਿਵੇਕਲਾ ਹੁੰਦਾ ਹੈ ਜਿਸ ਵਿੱਚੋਂ ਉਸ ਦਾ ਆਪਾ ਝਲਕਦਾ ਹੈ। “ਕਾਵ੍ਯ ਰਚਨਾ ਦੀ ਰੀਤਿ, ਖਾਸ ਢੰਗ ਨਾਲ ਸ਼ਬਦ ਅਤੇ ਵਚਨਾਂ ਦੀ ਵਰਤੋਂ ਕਰਨੀ ਸ਼ੈਲੀ ਅਖਵਾਉਂਦਾ ਹੈ।”10 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸਮੁੱਚੀ ਬਾਣੀ ਦਾ ਆਸ਼ਾ ਇਕ ਹੈ ਪਰ ਵਿਚਾਰਾਂ ਨੂੰ ਪ੍ਰਗਟਾਉਣ ਦਾ ਢੰਗ 36 ਬਾਣੀਕਾਰਾਂ ਦਾ ਆਪੋ-ਆਪਣਾ ਹੈ। “ਜਿਸ ਤਰ੍ਹਾਂ ਹਰ ਮਨੁੱਖ ਦੇ ਪੈਰ ਤਾਂ ਇਕ ਹੀ ਤਰ੍ਹਾਂ ਦੇ ਹੁੰਦੇ ਹਨ, ਪ੍ਰੰਤੂ ਪੈੜ ਸਦਾ ਵੱਖਰੀ-ਵੱਖਰੀ ਹੁੰਦੀ ਹੈ। ਬਿਲਕੁਲ ਇਹੋ ਹੀ ਹਾਲ ਸਾਹਿਤਕਾਰਾਂ ਦੀ ਸ਼ੈਲੀ ਦਾ ਹੁੰਦਾ ਹੈ, ਜੋ ਕਿ ਵਿਚਾਰਾਂ ਤੇ ਭਾਵਾਂ ਦੇ ਇੱਕ ਹੋਣ ’ਤੇ ਵੀ ਭਿੰਨ ਹੁੰਦੀ ਹੈ। ਰਚਨਾ ਵਿਚਲੀ ਭਿੰਨਤਾ ਤੇ ਵਿਲੱਖਣਤਾ ਹੀ ਸਾਨੂੰ ਰਚਨਾਕਾਰ ਬਾਰੇ ਸੰਕੇਤ ਦੇ  ਦਿੰਦੀ ਹੈ।”11

ਸ਼ੈਲੀ ਦੇ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਤਕ ਵਿਸ਼ਲੇਸ਼ਣ ਕੀਤਿਆਂ ਇਸ ਵਿਚ ਅਨੇਕਤਾ ਵਿਖਾਈ ਦਿੰਦੀ ਹੈ ਅਤੇ ਹਰ ਬਾਣੀਕਾਰ ਦੀ ਬੋਲੀ, ਸ਼ਬਦ-ਚੋਣ, ਬਿਆਨ-ਢੰਗ, ਆਦਿ ਵਿਚ ਨਿਆਰਾਪਣ ਹੈ। ਬਾਣੀਕਾਰਾਂ ਦੀ ਸ਼ੈਲੀ ਦਾ ਅਧਿਐਨ ਕਰਨਾ ਇੱਥੇ ਸੰਭਵ ਨਹੀਂ ਹੈ ਪਰ ਇਹ ਤਾਂ ਨਿਸਚੇ ਨਾਲ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਸ਼ੈਲੀਆਂ ਦੇ ਅਧਿਐਨ ਕਰਨ ਵਾਲਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡਾ ਸ੍ਰੋਤ ਹਨ।12

ਲਿਪੀ, ਭਾਸ਼ਾ ਜਾਂ ਬੋਲੀ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਚਨਾ ਗੁਰਮੁਖੀ ਲਿਪੀ ਵਿਚ ਹੈ। ਅਕਾਰ ਦੇ ਲਿਹਾਜ਼ ਨਾਲ ਗੁਰਮੁਖੀ ਅੱਖਰਾਂ ਵਿਚ ਲਿਖਿਆ ਹੋਇਆ ਅਦੁੱਤੀ ਗ੍ਰੰਥ ਹੈ।

ਭਾਸ਼ਾ ਵਿਗਿਆਨੀ ਡਾ. ਹਰਕੀਰਤ ਸਿੰਘ ਲਿਖਦੇ ਹਨ, “ਗੁਰਬਾਣੀ ਉਸ ਸਮੇਂ ਦੀ ਭਾਸ਼ਾ ਹੈ ਜਦੋਂ ਸਾਡੀਆਂ ਭਾਸ਼ਾਵਾਂ ਆਪਣੇ ਪੁਰਾਣੇ ਲੱਛਣ ਤਿਆਗ ਕੇ ਨਵੀਆਂ ਵਿਸ਼ੇਸ਼ਤਾਵਾਂ ਗ੍ਰਹਿਣ ਕਰ ਰਹੀਆਂ ਸਨ; ਇਸ ਲਈ ਗੁਰਬਾਣੀ ਦੀ ਭਾਸ਼ਾ ਵਿਚ, ਜਿੱਥੇ ਵੱਖ-ਵੱਖ ਬੋਲੀਆਂ ਦੇ ਲੱਛਣ ਨਾਲੋ-ਨਾਲ ਵਰਤੇ ਮਿਲਦੇ ਹਨ; ਉੱਤੇ ਪੁਰਾਣੀਆਂ ਭਾਸ਼ਾਵਾਂ ਤੇ ਨਵੀਆਂ ਭਾਸ਼ਾਵਾਂ ਦੀਆਂ ਖਾਸੀਅਤਾਂ ਵੀ ਨਾਲੋ-ਨਾਲ ਦਿੱਸਦੀਆਂ ਹਨ।…ਗੁਰਬਾਣੀ ਸਾਧਾਰਨ ਰਚਨਾ ਨਹੀਂ, ਇਹ ਰੱਬੀ ਕਲਾਮ ਹੈ, ਇਹ ਅਕਾਲ ਪੁਰਖ ਵਲੋਂ ਪ੍ਰਾਪਤ ਹੋਇਆ ਸੰਦੇਸ਼ ਹੈ। ਇਹ ਖਸਮ ਕੀ ਬਾਣੀ ਜਿਵੇਂ ਗੁਰੂ ਸਾਹਿਬਾਨ ਨੂੰ ਪ੍ਰਾਪਤ ਹੋਈ ਉਵੇਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਤਿਆਰ ਬੀੜ ਵਿਚ ਕਲਮਬੰਦ ਕੀਤੀ। ਉਹ ਬੀੜ ਅੱਜ ਵੀ ਸੁਰੱਖਿਅਤ ਹੈ।”13 ਇਸ ਵਿਚ ਨਾ ਕੇਵਲ ਪੰਜਾਬ ਸਗੋਂ ਭਾਰਤ ਦੇ ਅੱਡ-ਅੱਡ ਪ੍ਰਾਂਤਾਂ ਦੀਆਂ ਬੋਲੀਆਂ ਦਾ ਮਹਾਨ ਸਾਹਿਤ ਪਿਆ ਹੈ।

ਭਾਸ਼ਾ ਦੇ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸੇ ਇਕ ਭਾਸ਼ਾ ਵਿਚ ਨਹੀਂ ਲਿਖੀ ਗਈ ਸਗੋਂ ਅਨੇਕਾਂ ਭਾਸ਼ਾਵਾਂ ਵਿਚ ਹੈ। ਸ਼ਾਇਦ ਇਸੇ ਲਈ ਡਾ. ਟਰੰਪ ਨੇ ਇਸ ਨੂੰ ਪ੍ਰਾਚੀਨ ਬੋਲੀਆਂ ਦਾ ਕੋਸ਼ ਮੰਨਿਆ ਹੈ- “The Chief importance of the Sikh Granth lies in the linguistic line, as being the treasury of the old Hindu dialects.”14

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ (ਕ੍ਰਮਵਾਰ) ਸ਼ੁੱਧ ਪੰਜਾਬੀ, ਲਹਿੰਦੀ, ਸੰਸਕ੍ਰਿਤ- ਅਪਭ੍ਰੰਸ਼, ਹਿੰਦੀ ਪ੍ਰਧਾਨ ਸੰਤ-ਭਾਸ਼ਾ, ਆਦਿ ਰੂਪਾਂ ਦੀਆਂ ਦੋ ਦੋ ਉਦਾਹਰਣਾਂ ਵੇਖਦੇ ਹਾਂ:

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ (ਪੰਨਾ 305)

ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ॥
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ॥ (ਪੰਨਾ 923)

ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ॥
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ॥ (ਪੰਨਾ 755)

ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ॥
ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥ (ਪੰਨਾ 1095)

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ॥
ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ॥
ਕੇਵਲ ਰਾਮ ਨਾਮ ਮਨੋਰਮੰ॥ (ਪੰਨਾ 526)

ਪੜਿ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠੁ ਬਿਭੂਖਨ ਸਾਰੰ॥
ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕ ਲਿਲਾਟੰ॥
ਦੁਇ ਧੋਤੀ ਬਸਤ੍ਰ ਕਪਾਟੰ॥ (ਪੰਨਾ 1353)

ਸਾਧੋ ਮਨ ਕਾ ਮਾਨੁ ਤਿਆਗਉ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥ (ਪੰਨਾ 219)

ਵਿਚਹੁ ਗਰਭੈ ਨਿਕਲਿ ਆਇਆ॥
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ॥
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ॥(ਪੰਨਾ 1007)

ਸ਼ਬਦ ਭੰਡਾਰ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਠੇਠ ਪੰਜਾਬੀ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਬੋਲੀਆਂ ਜਾਣ ਵਾਲੀਆਂ ਉਪ-ਬੋਲੀਆਂ: ਲਹਿੰਦੀ, ਪੋਠੋਹਾਰੀ, ਮੁਲਤਾਨੀ, ਮਾਝੀ, ਡੋਗਰੀ, ਮਲਵਈ, ਆਦਿ ਦੇ ਸ਼ਬਦ ਵੀ ਬਹੁਤ ਮਿਲਦੇ ਹਨ। ਪੰਜਾਬੀ ਤੋਂ ਇਲਾਵਾ ਬ੍ਰਿਜ, ਫ਼ਾਰਸੀ, ਅਰਬੀ, ਸੰਸਕ੍ਰਿਤ, ਹਿੰਦਵੀ ਜਾਂ ਸੰਤ-ਭਾਸ਼ਾ (ਸਾਧੂਕੜੀ ਜਾਂ ਸਾਧੂ-ਭਾਸ਼ਾ), ਭੱਟ, ਰੇਖਤਾ, ਸਹਸਕ੍ਰਿਤੀ, ਅਪਭ੍ਰੰਸ਼ ਆਦਿ ਬੋਲੀਆਂ ਦੇ ਰਲੇ ਵਾਲੇ ਅਨੇਕਾਂ ਸ਼ਬਦਾਂ ਦਾ ਭੰਡਾਰ ਵੀ ਸੁਰੱਖਿਅਤ ਪਿਆ ਹੈ। ਵਿਦਵਾਨ ਪੰਡਿਤ ਤਾਰਾ ਸਿੰਘ ਨਰੋਤਮ ਨੇ ਸਹੀ ਲਿਖਿਆ ਹੈ,

ਗੁਰੂ ਗ੍ਰੰਥ ਮੈਂ ਗੁਰ ਕਹੀ, ਭਾਖਾ ਦੇਸ ਅਨੇਕ।
ਸੰਸਕ੍ਰਿਤ ਪੁਨ ਪਾਰਸੀ, ਤਿਨ ਕੋ ਕੋਸ਼ ਬਿਬੇਕ।15

ਪ੍ਰਤੀਕ (ਸੇਮਬੋਲ):

ਪ੍ਰਤੀਕ ਸੂਖਮ ਅਨੁਭਵਾਂ ਨੂੰ ਸਹਿਜੇ ਸਮਝਣ ਯੋਗ ਬਣਾਉਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਸ਼ੇਸ਼ ਕਿਸਮ ਦੇ ਪ੍ਰਤੀਕ ਵਰਤੇ ਗਏ ਹਨ। ਹੇਠ ਲਿਖੇ ਸ਼ਬਦ ਵਿਚ ਗਗਨ, ਰਵਿ ਚੰਦੁ, ਤਾਰਿਕਾ ਮੰਡਲ, ਮਲਆਨਲੋ, ਪਵਣੁ ਤੇ ਬਨਰਾਇ, ਕ੍ਰਮਵਾਰ ਥਾਲੁ, ਦੀਪਕ (ਦੀਵਾ), ਮੋਤੀ, ਧੂਪੁ, ਚਵਰੋ (ਚੌਰ) ਤੇ ਫੂਲੰਤ (ਫੁੱਲਾਂ) ਦੇ ਪ੍ਰਤੀਕ ਲਏ ਹਨ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ (ਪੰਨਾ 663)

ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ॥ (ਪੰਨਾ 1069)

ਗੁਰਬਾਣੀ ਵਿਚ ਵਰਤੇ ਗਏ ਪ੍ਰਤੀਕ ਜਿਵੇਂ, ਮਾਇਆ ਲਈ ਸੱਪਣੀ, ਪੰਜ ਇੰਦਰਿਆਂ ਲਈ ਪੰਜ ਚੋਰ, ਅਗਿਆਨ ਲਈ ਹਨੇਰੀ ਰਾਤ, ਸੁਆਸ ਲਈ ਰੱਸੀ, ਕਾਲ ਲਈ ਚੂਹਾ, ਇੜਾ-ਪਿੰਗਲਾ ਲਈ ਜਮਨਾ-ਗੰਗਾ, ਹਿਰਦੇ ਲਈ ਊਧ-ਕਵਲ ਤੇ ਭਾਂਡਾ ਆਦਿ ਹਨ। ਆਤਮਾ ਲਈ ‘ਹੰਸ’ ਤੇ ‘ਕਾਮਿਨੀ’, ਪਰਮਾਤਮਾ ਦੇ ਨਾਂ ਲਈ ‘ਅੰਮ੍ਰਿਤ’ ਅਤੇ ‘ਰਸਾਇਣ’, ਲੋਕ-ਪਰਲੋਕ ਲਈ ਪੇਕੇ-ਸਹੁਰੇ, ਆਦਿ ਆਏ ਹਨ। ਹੇਠ ਲਿਖੀਆਂ ਉਦਾਹਰਣਾਂ ਤੋਂ ਪੁਸ਼ਟੀ ਹੋ ਜਾਂਦੀ ਹੈ:

ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ॥ (ਪੰਨਾ 156)

ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ॥ (ਪੰਨਾ 155)

ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ॥ (ਪੰਨਾ 156)

ਉਲਟੀ ਗੰਗਾ ਜਮੁਨ ਮਿਲਾਵਉ॥ (ਪੰਨਾ 327)

ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ॥ (ਪੰਨਾ 254)

ਨਾਮਿ ਸਮਾਵੈ ਜੋ ਭਾਡਾ ਹੋਇ॥
ਊਂਧੈ ਭਾਂਡੈ ਟਿਕੈ ਨ ਕੋਇ॥
ਗੁਰ ਸਬਦੀ ਮਨਿ ਨਾਮਿ ਨਿਵਾਸੁ॥
ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ॥ (ਪੰਨਾ 158)

ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ॥
ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ॥ (ਪੰਨਾ 163)

ਹੰਸਾ ਸਰਵਰੁ ਕਾਲੁ ਸਰੀਰ॥
ਰਾਮ ਰਸਾਇਨ ਪੀਉ ਰੇ ਕਬੀਰ॥ (ਪੰਨਾ 325)

ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ॥ (ਪੰਨਾ 162)

ਪ੍ਰਤੀਕਾਂ ਰਾਹੀਂ ਮਨ ਰੂਪੀ ਘੋੜੇ ਨੂੰ ਗਿਆਨ ਦੀ ਲਗਾਮ ਲਾ ਕੇ ਮਾਇਆ ਸੰਬੰਧੀ ਇੱਛਾਵਾਂ ਨੂੰ ਕਾਠੀ ਹੇਠਾਂ ਦਬਾਉਣ ਅਤੇ ਸਹਿਜ ਦੀ ਰਕਾਬ ’ਤੇ ਪੈਰ ਰੱਖਣ ਦੀ ਸਲਾਹ ਦਿੱਤੀ ਹੈ:

ਦੇਇ ਮੁਹਾਰ ਲਗਾਮੁ ਪਹਿਰਾਵਉ॥
ਸਗਲ ਤ ਜੀਨੁ ਗਗਨ ਦਉਰਾਵਉ॥
ਅਪਨੈ ਬੀਚਾਰਿ ਅਸਵਾਰੀ ਕੀਜੈ॥
ਸਹਜ ਕੈ ਪਾਵੜੈ ਪਗੁ ਧਰਿ ਲੀਜੈ॥  (ਪੰਨਾ 329)

ਰਸ:

“ਕਾਵ੍ਯ ਅਨੁਸਾਰ ਮਨ ਵਿਚ ਉਤਪੰਨ ਹੋਣ ਵਾਲਾ ਉਹ ਭਾਵ, ਜੋ ਕਾਵ੍ਯ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ।”16 ਇਹ ਰਸ- ਅਨੁਭੂਤੀ ਦਾ ਸੂਚਕ ਹੈ। ਸਥਾਈ ਭਾਵਾਂ (permanent moods) ਦੇ ਅਧਾਰ ’ਤੇ ਰਸਾਂ ਦੀ ਗਿਣਤੀ ਪਹਿਲਾਂ ਨੌਂ ਮੰਨੀ ਜਾਂਦੀ ਸੀ ਪਰ ਹੁਣ (ਵਾਤਸਲਯ ਤੇ ਭਗਤੀ ਰਸ ਸ਼ਾਮਲ ਹੋਣ ਨਾਲ) ਵਧ ਕੇ ਗਿਆਰ੍ਹਾਂ ਹੋ ਗਈ ਹੈ। ਗੁਰਬਾਣੀ ਵਿੱਚੋਂ ਸਾਰੇ ਰਸਾਂ ਦੇ ਭਾਵ ਨੂੰ ਪ੍ਰਗਟਾਉਂਦੀਆਂ ਤੁਕਾਂ ਮਿਲ ਜਾਂਦੀਆਂ ਹਨ।

ਸ਼ਿੰਗਾਰ ਰਸ ਨੂੰ ਸ਼੍ਰੋਮਣੀ ਰਸ ਮੰਨਿਆ ਜਾਂਦਾ ਹੈ। ਇਸਤਰੀ ਤੇ ਪੁਰਖ ਦਾ ਪਿਆਰ ਇਸ ਦਾ ਸਥਾਈ ਭਾਵ ਹੈ:

ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ॥
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ॥ (ਪੰਨਾ 94)

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ॥
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ॥
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ॥
ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ॥  (ਪੰਨਾ 1361)

ਕਰੁਣਾ ਰਸ ਦਾ ਸਥਾਈ ਭਾਵ ਸ਼ੋਕ ਹੈ:

ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ॥
ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ॥ (ਪੰਨਾ 478)

ਬੀਰ ਰਸ ਦਾ ਸਥਾਈ ਭਾਵ ਉਤਸ਼ਾਹ ਹੈ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)

ਰੌਦਰ ਰਸ ਦਾ ਸਥਾਈ ਭਾਵ ਕ੍ਰੋਧ ਹੈ:

ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ॥ (ਪੰਨਾ 145)

ਬੀਭਤਸ ਰਸ ਦਾ ਸਥਾਈ ਭਾਵ ਹੈ ਘ੍ਰਿਣਾ:

ਬਿਸਟਾ ਅਸਤ ਰਕਤੁ ਪਰੇਟੇ ਚਾਮ॥
ਇਸੁ ਊਪਰਿ ਲੇ ਰਾਖਿਓ ਗੁਮਾਨ॥ (ਪੰਨਾ 374)

ਅਦਭੁਤ ਰਸ ਦਾ ਸਥਾਈ ਭਾਵ ਹੈਰਾਨੀ ਜਾਂ ਵਿਸਮਾਦ ਹੈ। ਪਰਮਾਤਮਾ ਦੀ ਕੁਦਰਤ ਅਤੇ ਜੀਵਨ ਦੇ ਅਨੇਕਾਂ ਭੇਦ ਜੀਵਾਂ ਨੂੰ ਅਚੰਭਤ ਕਰਨ ਵਾਲੇ ਹਨ:

ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ॥ (ਪੰਨਾ 219)

ਸ਼ਾਂਤ ਰਸ ਮਨ ਨੂੰ ਸ਼ਾਂਤੀ ਦੇਣ ਵਾਲਾ ਹੈ ਕਿਉਂਕਿ ਇਸ ਦਾ ਸਥਾਈ ਭਾਵ ਵੈਰਾਗ ਹੈ:

ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ॥
ਸੁਖ ਉਪਜੇ ਬਾਜੇ ਅਨਹਦ ਤੂਰੇ॥
ਤਾਪ ਪਾਪ ਸੰਤਾਪ ਬਿਨਾਸੇ॥
ਹਰਿ ਸਿਮਰਤ ਕਿਲਵਿਖ ਸਭਿ ਨਾਸੇ॥
ਅਨਦੁ ਕਰਹੁ ਮਿਲਿ ਸੁੰਦਰ ਨਾਰੀ॥
ਗੁਰਿ ਨਾਨਕਿ ਮੇਰੀ ਪੈਜ ਸਵਾਰੀ॥ (ਪੰਨਾ 806)

ਹਾਸ ਰਸ ਦਾ ਸਥਾਈ ਭਾਵ ਖੁਸ਼ੀ ਹੈ:

ਵਾਇਨਿ ਚੇਲੇ ਨਚਨਿ ਗੁਰ॥
ਪੈਰ ਹਲਾਇਨਿ ਫੇਰਨਿ੍ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥
ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥
ਆਪੁ ਪਛਾੜਹਿ ਧਰਤੀ ਨਾਲਿ॥ (ਪੰਨਾ 465)

ਵਾਤਸਲਯ ਰਸ ਦਾ ਸਥਾਈ ਭਾਵ ਮਾਤਾ-ਪਿਤਾ ਦਾ ਬੱਚੇ ਲਈ ਪਿਆਰ ਹੈ:

ਮਾਤਾ ਪ੍ਰੀਤਿ ਕਰੇ ਪੁਤੁ ਖਾਇ॥ (ਪੰਨਾ 164)

ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ॥ (ਪੰਨਾ 165)

ਭਗਤੀ ਰਸ ਦਾ ਸਥਾਈ ਭਾਵ ਪ੍ਰਭੂ-ਪ੍ਰੇਮ ਹੈ:

ਹਉ ਮਨੁ ਤਨੁ ਖੋਜੀ ਭਾਲਿ ਭਾਲਾਈ॥
ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ॥
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ॥(ਪੰਨਾ 94)

ਬਿੰਬ:

ਕਵਿਤਾ ਰੂਪ ਵਿਚ ਕਾਵਿ-ਬਿੰਬ ਕਵੀ ਦੇ ਖ਼ਿਆਲਾਂ ਨੂੰ ਨਿਖਾਰ-ਸੰਵਾਰ ਕੇ ਸਮਝਣ ਯੋਗ ਬਣਾਉਂਦੇ ਹਨ। ਗੁਰਬਾਣੀ ਵਿਚ ਬਿੰਬ-ਵਿਧਾਨ ਦੀ ਵੰਨ-ਸੁਵੰਨਤਾ ਵੀ ਵੇਖਣ ਨੂੰ ਮਿਲਦੀ ਹੈ:

ਜਿਉ ਪਸਰੀ ਸੂਰਜ ਕਿਰਣਿ ਜੋਤਿ॥
ਤਉ ਘਟਿ ਘਟਿ ਰਮਈਆ ਓਤਿ ਪੋਤਿ॥ (ਪੰਨਾ 1177)

ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ॥
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ॥ (ਪੰਨਾ 166)

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਪੰਨਾ 134)

ਅਲੰਕਾਰ:

ਅਲੰਕਾਰਾਂ ਨੂੰ ਕਾਵਿ ਦੀ ਆਤਮਾ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਵਰਤੋਂ ਕਵਿਤਾ ਵਿਚ ਸੁੰਦਰਤਾ, ਸਜੀਵਤਾ ਤੇ ਸੁਹਜ ਪੈਦਾ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਸਮਕਾਲੀ ਸਭਿਆਚਾਰ ਨੂੰ ਦਰਸਾਉਣ ਲਈ ਅਲੰਕਾਰਾਂ ਦੀ ਵਰਤੋਂ ਬਹੁਤ ਕਲਾਤਮਕ ਢੰਗ ਨਾਲ ਕੀਤੀ ਗਈ ਹੈ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ (ਪੰਨਾ 13)

ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ॥ (ਪੰਨਾ 607)

ਅਨੁਪ੍ਰਾਂਸ:

ਇਕ ਅੱਖਰ ਜਾਂ ਸ਼ਬਦ ਵਾਕ ਵਿਚ ਕਈ ਵਾਰ ਆਉਂਦਾ ਹੈ ਜਿਵੇਂ:

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ॥
ਗਾਵੈ ਕੋ ਦਾਤਿ ਜਾਣੈ ਨੀਸਾਣੁ॥
ਗਾਵੈ ਕੋ ਗੁਣ ਵਡਿਆਈਆ ਚਾਰ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥…(ਪੰਨਾ 1)

ਕੁਦਰਤ ਦਾ ਚਿਤਰਨ:

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ  ਜੰਗਲ, ਪਹਾੜ, ਨਦੀਆਂ, ਬਨਸਪਤੀ, ਫੁੱਲ, ਬੂਟੇ, ਫਸਲਾਂ, ਪੰਛੀ, ਪਸ਼ੂ, ਆਦਿ ਦੇ ਕੁਦਰਤੀ ਦ੍ਰਿਸ਼ਾਂ ਦੀ ਭਰਮਾਰ ਹੈ। ਬਾਰਹਮਾਹ ਕਾਵਿ-ਰੂਪ ਦੇ ਮਾਧਿਅਮ ਦੁਆਰਾ ਜੀਵ ਦੀ ਮਾਨਸਿਕ ਦਸ਼ਾ ਨੂੰ ਰੁੱਤਾਂ ਦੀ ਤਬਦੀਲੀ ਨਾਲ ਜੋੜਿਆ ਹੈ ਤੇ ਕੁਦਰਤ ਨੂੰ ਮਾਨਵੀ ਖੁਸ਼ੀਆਂ ਵਿਚ ਵਿਗਸਦੀ ਵਿਖਾਇਆ ਹੈ। ਉਦਾਹਰਣਾਂ :

ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥…
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥…
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥ (ਪੰਨਾ 1108)

ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ॥
ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ॥ (ਪੰਨਾ 928)

ਕਾਵਾਤਮਿਕ ਕਲਪਨਾ-ਦ੍ਰਿਸ਼ਟੀ:

ਕਾਵਾਤਮਿਕ ਕਲਪਨਾ-ਦ੍ਰਿਸ਼ਟੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਸ਼ੇਸ਼ ਸਥਾਨ ਰੱਖਦੀ ਹੈ ਕਿਉਂਕਿ ਬਾਣੀਕਾਰਾਂ ਨੇ ਸਮਾਜਿਕ ਤੇ ਧਾਰਮਿਕ ਜੀਵਨ ਨਾਲ ਸੰਬੰਧਿਤ ਕਲਪਨਾਮਈ  ਚਿੱਤਰ ਅਲੌਕਿਕ ਢੰਗ ਨਾਲ ਉਲੀਕੇ ਹਨ। ਬਾਣੀਕਾਰਾਂ ਦਾ ਵਿਆਪਕ ਅਨੁਭਵ ਹੋਣ ਕਾਰਨ ਉਨ੍ਹਾਂ ਨੇ ਕੀੜੀ ਤੋਂ ਲੈ ਕੇ ਹਾਥੀ ਤਕ, ਰਾਜੇ ਤੋਂ ਲੈ ਕੇ ਭਿਖਾਰੀ ਤਕ, ਪਤਾਲ ਤੋਂ ਲੈ ਕੇ ਅਕਾਸ਼ ਤਕ (ਗੱਲ ਕੀ) ਸਮੁੱਚੇ ਬ੍ਰਹਿਮੰਡ ਤੇ ਮਨੁੱਖੀ ਜੀਵਨ ਨੂੰ ਕਲਪਨਾ ਉਡਾਰੀ ਦਾ ਅਧਾਰ ਬਣਾ ਕੇ ਅਧਿਆਤਮਿਕ ਉਪਦੇਸ਼ ਦਿੱਤਾ ਹੈ। ਕੁਝ ਉਦਾਹਰਣਾਂ ਵੇਖਦੇ ਹਾਂ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਪੰਨਾ 145)

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥ (ਪੰਨਾ 728)

ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ॥
ਜਲਿ ਗਇਓ ਘਾਸੁ ਰਲਿ ਗਇਓ ਮਾਟੀ॥
ਭਾਈ ਬੰਧ ਕੁਟੰਬ ਸਹੇਰਾ॥ ਓਇ ਭੀ ਲਾਗੇ ਕਾਢੁ ਸਵੇਰਾ॥
ਘਰ ਕੀ ਨਾਰਿ ਉਰਹਿ ਤਨ ਲਾਗੀ॥…
ਕਹਿ ਰਵਿਦਾਸ ਸਭੈ ਜਗੁ ਲੂਟਿਆ॥
ਹਮ ਤਉ ਏਕ ਰਾਮੁ ਕਹਿ ਛੂਟਿਆ॥ (ਪੰਨਾ 794)

ਮੁਹਾਵਰੇ ਤੇ ਅਖੌਤਾਂ ਜਾਂ ਅਖਾਣ:

ਸਾਰੇ ਬਾਣੀਕਾਰ, ਜਿਨ੍ਹਾਂ ਦੀ ਰਚਨਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਬਦਾਂ ਦਾ ਜਾਲ ਨਹੀਂ ਬੁਣਦੇ ਸਗੋਂ ਸਰਲ, ਸੁਭਾਵਕ ਤੇ ਸਪਸ਼ਟ ਭਾਸ਼ਾ ਰਾਹੀਂ ਲੋਕਾਂ ਨੂੰ ਜੀਵਨ ਦੀਆਂ ਸਚਾਈਆਂ ਤੇ ਅਧਿਆਤਮਿਕ ਗੁੱਝੀਆਂ ਗੱਲਾਂ ਤੋਂ ਜਾਣੂ ਕਰਵਾਉਂਦੇ ਹਨ। ਉਹ ਆਪ ਵੀ ਲੋਕ-ਜੀਵਨ ਦੇ ਨੇੜੇ ਸਨ ਇਸ ਲਈ ਉਨ੍ਹਾਂ ਨੇ ਲੋਕਾਂ ਵਿਚ ਵਰਤੇ ਜਾਣ ਵਾਲੇ ਮੁਹਾਵਰਿਆਂ ਤੇ ਅਖੌਤਾਂ ਦੀ ਵਰਤੋਂ ਕੀਤੀ ਹੈ। ਕੁਝ ਵੰਨਗੀਆਂ ਵੇਖਦੇ ਹਾਂ:

ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ॥ (ਪੰਨਾ 64)

ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ॥
ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ॥ (ਪੰਨਾ 123)

ਕਹੁ ਨਾਨਕ ਹਮ ਲੂਣ ਹਰਾਮੀ॥
ਬਖਸਿ ਲੇਹੁ ਪ੍ਰਭ ਅੰਤਰਜਾਮੀ॥ (ਪੰਨਾ 195)

ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ॥ (ਪੰਨਾ 169)

ਸੁੰਦਰ ਕਥਨ (ਸੂਕਤੀਆਂ):

ਕਿਆ ਥੋੜੜੀ ਬਾਤ ਗੁਮਾਨੁ॥
ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ॥
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ॥
ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ॥
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ॥
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ॥ (ਪੰਨਾ 50)

ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ॥
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ॥ (ਪੰਨਾ 337)

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ (ਪੰਨਾ 474)

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ॥ (ਪੰਨਾ 918)

ਅਟੱਲ ਸਚਾਈਆਂ:

ਗੁਰਬਾਣੀ ਵਿਚ ਮੁਹਾਵਰੇਦਾਰ ਸ਼ੈਲੀ ਵਿਚ ਅਟੱਲ ਸਚਾਈਆਂ ਦਾ ਬਿਆਨ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਅਨੇਕਾਂ ਤੁਕਾਂ ਪੰਜਾਬੀ ਜੀਵਨ ਦਾ ਅੰਗ ਬਣ ਗਈਆਂ ਹਨ ਜਿਵੇਂ,

ਮਨਿ ਜੀਤੈ ਜਗੁ ਜੀਤੁ॥ (ਪੰਨਾ 6)

ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (ਪੰਨਾ 356)

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਪੰਨਾ 441)

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ॥ (ਪੰਨਾ 787)

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ (ਪੰਨਾ 955)

…ਜੇਹਾ ਕੋ ਬੀਜੇ ਤੇਹਾ ਫਲੁ ਖਾਏ॥ (ਪੰਨਾ 302)

ਨਾਨਕ ਦੁਖੀਆ ਸਭੁ ਸੰਸਾਰੁ॥ (ਪੰਨਾ 954)

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਪੰਨਾ 417)

ਚੋਰ ਕੀ ਹਾਮਾ ਭਰੇ ਨ ਕੋਇ॥ (ਪੰਨਾ 662)

ਵਿਸ਼ਾ-ਪੱਖ:

ਗੁਰਬਾਣੀ ਦੀ ਸਰਵ-ਸ੍ਰੇਸ਼ਟ ਵਿਸ਼ੇਸ਼ਤਾ ਇਸ ਦਾ ਵਿਸ਼ਾ-ਪੱਖ ਹੀ ਹੈ ਜੋ ਸਦੀਵੀ ਤੇ ਜੀਉਂਦੇ-ਜਾਗਦੇ ਜੀਵਨ ਦਾ ਸੰਦੇਸ਼ ਦਿੰਦਾ ਹੈ। ਇਸ ਵਿੱਚੋਂ ਜਿੱਥੇ ਦਾਰਸ਼ਨਿਕ ਤੇ ਅਧਿਆਤਮਿਕ ਸਿਧਾਂਤਾਂ (ਅਕਾਲ ਪੁਰਖ, ਸ੍ਰਿਸ਼ਟੀ, ਜੀਵ, ਮੁਕਤੀ, ਨਦਰਿ, ਸਤਿਸੰਗਤ, ਗੁਰੂ, ਗਿਆਨ, ਭਗਤੀ, ਕਰਮ, ਪ੍ਰੇਮ, ਆਦਿ) ਬਾਰੇ ਗੁਹਝ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉੱਥੇ ਧਾਰਮਿਕ, ਸਦਾਚਾਰਕ, ਸਮਾਜਿਕ, ਸਭਿਆਚਾਰਿਕ, ਆਰਥਿਕ, ਰਾਜਨੀਤਿਕ, ਆਦਿ ਪੱਖਾਂ ਸੰਬੰਧੀ ਵੀ ਭਰਪੂਰ ਜਾਣਕਾਰੀ ਮਿਲਦੀ ਹੈ। ਇਤਿਹਾਸਿਕ (ਜਿਵੇਂ ਬਾਬਰ ਦਾ ਹਮਲਾ), ਪੌਰਾਣਿਕ ਤੇ ਮਿਥਿਹਾਸਿਕ (ਵਿਸ਼ਨੂੰ, ਬ੍ਰਹਮਾ, ਮਹੇਸ਼, ਆਦਿ ਦੇਵਤੇ, ਨਾਰਦ, ਵਿਆਸ, ਬਲੀ, ਪ੍ਰਹਿਲਾਦ, ਚਿਤ੍ਰ-ਗੁਪਤ, ਆਦਿ) ਹਵਾਲਿਆਂ ਦੇ ਸੰਕੇਤਾਂ ਦੁਆਰਾ ਇਸ ਰਚਨਾ ਦੀ ਜਾਣਕਾਰੀ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਡੂੰਘਾ ਅਧਿਐਨ ਕੀਤਿਆਂ ਇਹ ਤੱਥ ਉੱਘੜ ਕੇ ਸਾਹਮਣੇ ਆਉਂਦਾ ਹੈ ਕਿ ਇਹ ਪੰਜਾਬੀ ਸਾਹਿਤ ਦੀ ਸਿਰਮੌਰ ਰਚਨਾ ਹੈ ਜਿਸ ਵਿਚ (ਅਧਿਆਤਮਿਕ ਅਨੁਭਵੀ) ਗਿਆਨ ਦਾ ਅਸੀਮ ਤੇ ਅਥਾਹ ਭੰਡਾਰ ਮੌਜੂਦ ਹੈ।

ਉਪਰੋਕਤ ਵਿਚਾਰ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਸਾਹਿਤਕ ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦੁੱਤੀ (unique) ਅਤੇ ਲਾਜਵਾਬ (unpar-alleled) ਗ੍ਰੰਥ ਪ੍ਰਵਾਨ ਕੀਤਾ ਗਿਆ ਹੈ। ਆਓ! ਆਪਣੇ ਸਮਰੱਥ ਗੁਰੂ ਦੇ ਲੜ ਲੱਗੀਏ, ਸੁਰਤਿ ਨੂੰ ਸ਼ਬਦ ਨਾਲ ਜੋੜ ਕੇ ਗੁਰਬਾਣੀ ਪੜ੍ਹੀਏ, ਸੁਣੀਏ, ਅਧਿਐਨ ਕਰੀਏ ਅਤੇ ਸਰੋਦੀ ਕਾਵਿ-ਰਚਨਾ ਗੁਰਬਾਣੀ ਦਾ ਅੰਤਰ-ਆਤਮੇ ਅਨੰਦ ਮਾਣੀਏ। ਪ੍ਰਸਿੱਧ ਪੰਥਕ ਕਵੀ ਭਾਈ ਨਿਹਾਲ ਸਿੰਘ ਨੇ ਗੁਰਬਾਣੀ ਦਾ ਆਨੰਦ ਮਾਣਿਆ ਤੇ ਆਪਣੇ ਅਨੂਠੇ ਅਨੁਭਵ ਨੂੰ  ਇਹਨਾਂ ਸ਼ਬਦਾਂ ਵਿਚ ਪ੍ਰਗਟਾਇਆ ਹੈ:

ਆਨੰਦ ਕੋ ਘਰ ਹੈ ਕਿ ਅੰਮ੍ਰਿਤ ਕੋ ਸਰ ਹੈ,
ਕਿ ਦੇਵਨ ਕੋ ਤਰ ਹੈ ਕਿ ਗਯਾਨ ਕੋ ਸਮਾਜ ਹੈ।
ਕਾਲ ਹੂੰ ਕੋ ਕਾਲ ਹੈ ਕਿ ਰੀਤਿ ਹੀ ਕੀ ਪਾਲ ਹੈ,
ਕਿ ਭਾਰਤੀ ਕੋ ਮਾਲ ਹੈ ਕਿ ਭਵ ਕੋ ਜਹਾਜ਼ ਹੈ।
ਵੇਦ ਕੋ ਸਿਧਾਂਤ ਹੈ ਕਿ ਧਾਰਯੋ ਰੂਪ ਸ਼ਾਂਤਿ ਹੈ,
ਕਿ ਮੋਖ ਹੂੰ ਕੋ ਕਾਂਤਿ ਹੈ ਕਿ ਬ੍ਰਹਮ ਕੀ ਵਿਰਾਜ ਹੈ।
ਰਾਗਨ ਕੋ ਬਾਗ਼ ਹੈ ਕਿ ਜੀਵਨ ਕੋ ਭਾਗ ਹੈ,
ਕਿ ਧਰਾ ਕੋ ਸੁਹਾਗ ਹੈ ਕਿ ਗ੍ਰੰਥ ਮਹਾਰਾਜ ਹੈ।17

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਸੂਲਰ, ਜ਼ਿਲ੍ਹਾ ਪਟਿਆਲਾ-147001

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)