ਸਾਰਾਗੜ੍ਹੀ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਸਿੱਖਾਂ ਦੀ ਅਦੁੱਤੀ ਬੀਰਤਾ ਦੀ ਮਿਸਾਲ ਹੈ। ਭਾਰਤ ਦੀ ਪੱਛਮੀ ਸਰਹੱਦ ਸਦੀਆਂ ਤੋਂ ਭਾਰਤ ਲਈ ਦੁੱਖ ਤੇ ਮੁਸੀਬਤਾਂ ਲਿਆਉਂਦੀ ਰਹੀ ਹੈ। ਉੱਨ੍ਹੀਵੀਂ ਸਦੀ ਵਿਚ ਸਿੱਖ ਯੋਧਿਆਂ ਨੇ ਇਸ ਸਰਹੱਦ ਤੋਂ ਆਉਣ ਵਾਲੇ ਹਮਲਾਵਰਾਂ ਨੂੰ ਡੱਕਾ ਲਾਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਹੱਦ ਵਧਾ ਕੇ ਦੱਰਾ ਖੈਬਰ ਤਕ ਕਰ ਲਈ ਸੀ। ਇਸੇ ਸਰਹੱਦ ’ਤੇ ਸਾਰਾਗੜ੍ਹੀ ਦੇ ਮੁਕਾਮ ’ਤੇ 1897 ਵਿਚ ਸਿੱਖ ਫ਼ੌਜੀਆਂ ਤੇ ਕਬਾਇਲੀਆਂ ਵਿਚਕਾਰ ਲੜਾਈ ਹੋਈ। ਇਸ ਲੜਾਈ ਵਿਚ 21 ਸਿੱਖਾਂ ਨੇ 10 ਹਜ਼ਾਰ ਕਬਾਇਲੀਆਂ ਦੇ ਘੇਰੇ ਵਿਚ ਜੰਗ ਕਰਦਿਆਂ ਸ਼ਹੀਦੀ ਪਾਈ ਸੀ।
ਸਿੱਖਾਂ ਤੋਂ ਬਿਨਾਂ ਸੰਸਾਰ ਵਿਚ ਅਜਿਹੀ ਕੋਈ ਕੌਮ ਨਹੀਂ ਹੋਵੇਗੀ ਜਿਸ ਦੇ ਯੋਧਿਆਂ ਦੀ ਪ੍ਰਸੰਸਾ ਕਿਸੇ ਹੋਰ ਕੌਮ ਨੇ ਕੀਤੀ ਹੋਵੇ। ਇਹ ਮਾਣ ਜੇ ਹਾਸਲ ਹੈ ਤਾਂ ਸਿਰਫ਼ ਸਿੱਖਾਂ ਨੂੰ ਹੀ ਹਾਸਲ ਹੈ। ਸਾਰਾਗੜ੍ਹੀ ਦੀ ਲੜਾਈ ਸਿੱਖਾਂ ਦੀ ਇਕ ਅਜਿਹੀ ਸੂਰਮਗਤੀ ਦੀ ਮਿਸਾਲ ਹੈ ਜਿਸ ਦੀ ਸ਼ਲਾਘਾ ਇੰਗਲੈਂਡ ਦੀ ਪਾਰਲੀਮੈਂਟ ਵਿਚ ਕੀਤੀ ਗਈ। ਇਸ ਨੂੰ ਅੰਗਰੇਜ਼ਾਂ ਦੀ ਖ਼ੁਦਗ਼ਰਜ਼ੀ ਵੀ ਸਮਝਿਆ ਜਾਂਦਾ ਹੈ ਪਰ ਇਹ ਖ਼ਿਆਲ ਠੀਕ ਨਹੀਂ ਹੈ। ਇਕ ਅੰਗਰੇਜ਼ ਅਫ਼ਸਰ ਕਰਨਲ ਕਨਿੰਘਮ ਨੇ ਸਿੱਖਾਂ ਦੀ ਸੂਰਬੀਰਤਾ ਨੂੰ ਉਦੋਂ ਵੀ ਸਲਾਹਿਆ ਸੀ ਜਦੋਂ ਸਿੱਖ ਅੰਗਰੇਜ਼ਾਂ ਦੇ ਵਿਰੁੱਧ ਲੜੇ ਸੀ। ਇਸੇ ਲੜਾਈ ਦਾ ਜੱਸ ਇਕ ਮੁਸਲਮਾਨ ਕਵੀ ਸ਼ਾਹ ਮੁਹੰਮਦ ਨੇ ਵੀ ਬਿਨਾਂ ਕਿਸੇ ਲੋਭ-ਲਾਲਚ ਦੇ ਆਪਣੀ ਵਾਰ ਵਿਚ ਗਾਇਆ ਹੈ। ਇਸ ਤੋਂ ਪਹਿਲਾਂ ਵੀ ਨਾਦਰ ਸ਼ਾਹ ਵਰਗੇ ਹਮਲਾਵਰ ਤੇ ਸਿੱਖਾਂ ਦੇ ਜਾਨੀ ਦੁਸ਼ਮਨ ਵੀ ਸਿੱਖਾਂ ਦੀ ਬਹਾਦਰੀ ਤੇ ਕੁਰਬਾਨੀ ਤੋਂ ਪ੍ਰਭਾਵਿਤ ਹੁੰਦੇ ਰਹੇ ਹਨ।
ਸਾਰਾਗੜ੍ਹੀ ਭਾਰਤ ਦੀ ਉੱਤਰ-ਪੱਛਮੀ ਸਰਹੱਦ ’ਤੇ ਕੋਹਾਟ ਜ਼ਿਲ੍ਹੇ ਦਾ ਇਕ ਪਿੰਡ ਹੈ। ਇਥੇ 36 ਸਿੱਖ ਰਜਮੈਂਟ ਦੀ ਚੌਕੀ ਸੀ। ਇਹ ਚੌਕੀ ਕਿਲ੍ਹਾ ਲਾਕਹਾਰਟ ਤੋਂ ਕਾਫ਼ੀ ਦੂਰ ਸੀ। ਸਤੰਬਰ 1897 ਨੂੰ ਹਜ਼ਾਰਾਂ ਕਬਾਇਲੀਆਂ ਨੇ ਗੜ੍ਹੀ ਵਿਚ ਬਣੀ ਇਸ ਚੌਕੀ ਨੂੰ ਘੇਰਾ ਪਾ ਲਿਆ। ਉਹ ਇਸ ਚੌਕੀ ਨੂੰ ਤਬਾਹ ਕਰ ਦੇਣਾ ਚਾਹੁੰਦੇ ਸਨ। ਕਿਲ੍ਹਾ ਲਾਕਹਾਰਟ ਵਿਚ ਲੈਫ਼ਟੀਨੈਂਟ ਕਰਨਲ ਹਾਟਨ ਤਾਇਨਾਤ ਸੀ। ਇਸ ਨੇ ਸਿੱਖਾਂ ਨੂੰ ਬਹਾਦਰੀ ਨਾਲ ਮੁਕਾਬਲਾ ਕਰਨ ਲਈ ਕਿਹਾ। ਇਸ ਕਮਾਂਡਿੰਗ ਅਫ਼ਸਰ ਨਾਲ ਸਾਰਾਗੜ੍ਹੀ ਦਾ ਸੰਪਰਕ ਵਾਇਰਲੈੱਸ ਰਾਹੀਂ ਕਾਇਮ ਸੀ। ਕਬਾਇਲੀਆਂ ਨੇ ਗੜ੍ਹੀ ’ਤੇ ਧਾਵਾ ਬੋਲ ਦਿੱਤਾ। ਅੱਗੋਂ ਸਿੱਖਾਂ ਨੇ ਗੋਲੀਆਂ ਦੀ ਵਰਖਾ ਕਰ ਦਿੱਤੀ। 6 ਘੰਟੇ ਦੇ ਯੁੱਧ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਹਮਲਾਵਰ ਕਬਾਇਲੀ ਮਾਰੇ ਗਏ ਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। 13 ਸਿੱਖ ਫ਼ੌਜੀ ਵੀ ਜ਼ਖ਼ਮੀ ਹੋ ਗਏ। ਕੁਝ ਕਬਾਇਲੀ ਗੜ੍ਹੀ ਦੇ ਨੇੜੇ ਆ ਕੇ ਪਾੜ ਪਾਉਣ ਵਿਚ ਸਫਲ ਹੋ ਗਏ। ਫਿਰ ਵੀ ਸਿੱਖ ਫ਼ੌਜੀਆਂ ਨੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ। ਆਖ਼ਿਰ ਕਬਾਇਲੀਆਂ ਨੇ ਗੜ੍ਹੀ ਨੂੰ ਅੱਗ ਲਾ ਦਿੱਤੀ। ਇਸ ’ਤੇ ਸਿੱਖ ਫ਼ੌਜੀਆਂ ਨੂੰ ਗੜ੍ਹੀ ਤੋਂ ਬਾਹਰ ਆਉਣਾ ਪਿਆ। ਉਨ੍ਹਾਂ ਨੇ ਰਾਈਫ਼ਲਾਂ ’ਤੇ ਬੈਨਟਾਂ ਚਾੜ੍ਹ ਲਈਆਂ ਤੇ ਅਨੇਕਾਂ ਨੂੰ ਮਾਰ ਕੇ ਸ਼ਹੀਦ ਹੋ ਗਏ।
ਸਿੱਖਾਂ ਦੀ ਇਸ ਬਹਾਦਰੀ ਤੋਂ ਅੰਗਰੇਜ਼ ਸਰਕਾਰ ਬਹੁਤ ਪ੍ਰਭਾਵਿਤ ਹੋਈ। ਇਨ੍ਹਾਂ ਸ਼ਹੀਦਾਂ ਦੇ ਪਰਵਾਰਾਂ ਨੂੰ ਸਰਕਾਰ ਵੱਲੋਂ ‘ਇੰਡੀਅਨ ਆਰਡਰ ਆਫ਼ ਮੈਰਿਟ’ ਨਾਲ ਸਨਮਾਨਿਆ ਗਿਆ। 500 ਰੁਪਏ ਨਕਦ ਅਤੇ ਦੋ-ਦੋ ਮੁਰੱਬੇ ਜ਼ਮੀਨ ਦਿੱਤੀ ਗਈ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸਰਕਾਰੀ ਪੱਧਰ ’ਤੇ ਤਿੰਨ ਥਾਵਾਂ ’ਤੇ ਯਾਦਗਾਰਾਂ ਬਣਵਾਈਆਂ ਗਈਆਂ। ਇਕ ਵਜ਼ੀਰਾਬਾਦ ਜਿੱਥੇ ਲੜਾਈ ਹੋਈ ਸੀ, ਦੂਜੀ ਫ਼ਿਰੋਜ਼ਪੁਰ ਤੇ ਤੀਸਰੀ ਅੰਮ੍ਰਿਤਸਰ ਵਿਚ ਬਣਾਈ ਗਈ। ਇੰਗਲੈਂਡ ਦੀ ਪਾਰਲੀਮੈਂਟ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਸਕੂਲਾਂ ਨੂੰ ਤਿੰਨ ਦਿਨ ਦੀ ਛੁੱਟੀ ਕੀਤੀ ਗਈ। ਇਸ ਸੰਬੰਧ ਵਿਚ ਹਰ ਸਾਲ 12 ਸਤੰਬਰ ਨੂੰ ਇੰਗਲੈਂਡ, ਇਟਲੀ, ਫ਼ਰਾਂਸ, ਜਪਾਨ ਤੇ ਭਾਰਤ ਦੇ ਸਕੂਲਾਂ ਦੇ ਬੱਚਿਆਂ ਨੂੰ ਇਸ ਸ਼ਹੀਦੀ ਸਾਕੇ ਦੀ ਗਾਥਾ ਸੁਣਾਈ ਜਾਂਦੀ ਤੇ ਬੱਚਿਆਂ ਨੂੰ ਛੁੱਟੀ ਕੀਤੀ ਜਾਂਦੀ ਸੀ।
ਸਾਰਾਗੜ੍ਹੀ ਦਾ ਸਾਕਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸਿੱਖ ਕੌਮ ਨੇ ਦੂਰ-ਦੂਰ ਤਕ ਦੇਸ਼ ਦੀਆਂ ਸਰਹੱਦਾਂ ਦੀ ਕਿਵੇਂ ਰਾਖੀ ਕੀਤੀ ਹੈ। ਇਸ ਤੋਂ ਠੀਕ 60 ਸਾਲ ਪਹਿਲਾਂ ਇਸੇ ਸਰਹੱਦ ਉੱਤੇ ਜਮਰੌਦ ਦੇ ਕਿਲ੍ਹੇ ਦੀ ਰਾਖੀ ਕਰਦਿਆਂ ਹੋਇਆਂ ਸ: ਹਰੀ ਸਿੰਘ ਨਲੂਆ ਸ਼ਹੀਦ ਹੋਏ ਸੀ। ਇਸ ਇਲਾਕੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਹਜ਼ਾਰਾਂ ਸਾਲਾਂ ਬਾਅਦ ਭਾਰਤ ਦਾ ਅੰਗ ਬਣਾਇਆ ਸੀ। ਸ. ਹਰੀ ਸਿੰਘ ਨਲੂਏ ਵਰਗੇ ਸ਼ੇਰ-ਦਿਲ ਜਰਨੈਲਾਂ ਨੇ ਇਸ ਇਲਾਕੇ ’ਤੇ ਆਪਣਾ ਦਬਦਬਾ ਬਣਾਇਆ ਸੀ ਜਿਨ੍ਹਾਂ ਦੇ ਨਾਂ ਦਾ ਹਊਆ ਅੱਜ ਵੀ ਪਿਸ਼ਾਵਰ ਦੀਆਂ ਇਸਤਰੀਆਂ ਆਪਣੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਵਰਤਦੀਆਂ ਹਨ।
ਮਹਾਰਾਜਾ ਰਣਜੀਤ ਸਿੰਘ ਤੋਂ ਪਿੱਛੋਂ ਅੰਗਰੇਜ਼ ਸਰਕਾਰ ਵੀ ਜੇ ਇਸ ਇਲਾਕੇ ਨੂੰ ਆਪਣੇ ਰਾਜ ਵਿਚ ਰੱਖ ਸਕੀ ਹੈ ਤਾਂ ਉਹ ਸਿੱਖ ਫ਼ੌਜਾਂ ਦੀ ਮਦਦ ਨਾਲ ਹੀ ਰੱਖ ਸਕੀ ਹੈ। ਇਸ ਲਈ ਭਾਵੇਂ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਪਰ ਸਿੱਖਾਂ ਦਾ ਸਰਹੱਦ ’ਤੇ ਲੜ ਕੇ ਮਰਨਾ ਉਨ੍ਹਾਂ ਦੀ ਦੇਸ਼-ਭਗਤੀ ਨੂੰ ਹੀ ਪ੍ਰਗਟ ਕਰਦਾ ਹੈ। ਅੱਜ ਵੀ ਭਾਰਤ ਦੀਆਂ ਪੱਛਮੀ ਸਰਹੱਦਾਂ ਦੀ ਰਾਖੀ ਸਿੱਖ ਫ਼ੌਜੀ ਹੀ ਅੱਗੇ ਹੋ ਕੇ ਕਰਦੇ ਹਨ। ਕਿਸੇ ਦੇਸ਼ ਦੀ ਹੋਂਦ ਉਦੋਂ ਤਕ ਹੀ ਕਾਇਮ ਰਹਿੰਦੀ ਹੈ ਜਦੋਂ ਤਕ ਉਸ ਦੀਆਂ ਸਰਹੱਦਾਂ ਸੁਰੱਖਿਅਤ ਹੋਣ।
ਸਿੱਖਾਂ ਦੀ ਬਹਾਦਰੀ ਦਾ ਸੋਮਾ ਗੁਰਮਤਿ ਦੇ ਮਹਾਨ ਆਦਰਸ਼, ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਤੇ ਸ਼ਾਨਦਾਰ ਸਿੱਖ ਇਤਿਹਾਸ ਹੈ। ਇਹ ਅਮੀਰ ਵਿਰਸਾ ਸਿਰਫ਼ ਸਿੱਖ ਕੌਮ ਨੂੰ ਹੀ ਪ੍ਰਾਪਤ ਹੈ। ਗੁਰੂ ਸਾਹਿਬਾਨ ਨੇ ਅਜਿਹੇ ਸਮਾਜ ਦੀ ਸਥਾਪਨਾ ਕੀਤੀ ਸੀ ਜਿਸ ਦੇ ਕਿਰਦਾਰ ਦੀ ਬੁਨਿਆਦ ਹੀ ਸੂਰਮਗਤੀ ’ਤੇ ਟਿਕੀ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਬਾਬਰ ਵਰਗੇ ਜਰਵਾਣੇ ਹਮਲਾਵਰ ਦਾ ਵਿਰੋਧ ਕੀਤਾ। ਉਨ੍ਹਾਂ ਨੇ ਗੁਰਮਤਿ ਦੇ ਮਾਰਗ ’ਤੇ ਚੱਲਣ ਲਈ ਸ਼ਰਤ ਹੀ ਆਪਣਾ ਸਿਰ ਤਲੀ ’ਤੇ ਰੱਖਣ ਦੀ ਲਾਈ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਸ੍ਰੀ ਗੁਰੂ ਅਰਜਨ ਦੇਵ ਜੀ ਭਾਰਤ ਦੇ ਪਹਿਲੇ ਸ਼ਹੀਦ ਹੋਏ ਹਨ ਇਸ ਲਈ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਉਨ੍ਹਾਂ ਨੇ ਵੀ ਜੀਵ ਨੂੰ ਮਰਨ ਦਾ ਡਰ ਲਾਹ ਕੇ ਗੁਰੂ ਦੀ ਸ਼ਰਨ ਆਉਣ ਲਈ ਕਿਹਾ ਹੈ:
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥ (ਪੰਨਾ 1102)
ਇਸ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਵੀ ਪੁਰਜ਼ਾ-ਪੁਰਜ਼ਾ ਕਟਵਾ ਕੇ ਸ਼ਹੀਦ ਹੋ ਜਾਣ ਦਾ ਉਪਦੇਸ਼ ਦਿੱਤਾ ਸੀ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਖਾਲਸੇ ਦਾ ਆਦਰਸ਼ ਹੀ ਇਹੀ ਰੱਖਿਆ ਗਿਆ ਸੀ:
ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥233॥ (ਚੰਡੀ ਚਰਿਤ੍ਰ)
ਇਸ ਲਈ ਸਿੱਖਾਂ ਦੀ ਬੀਰਤਾ ਦੁਨੀਆਂ ਦੇ ਇਤਿਹਾਸ ਵਿਚ ਬੇਮਿਸਾਲ ਹੈ। ਇਸ ਵਿਚ ‘ਸਵਾ ਲਾਖ ਸੇ ਏਕ ਲੜਾਊਂ’ ਦੀ ਭਾਵਨਾ ਹੈ। ਗੁਰੂ ਸਾਹਿਬਾਨ ਦੇ ਮਹਾਨ ਉਪਦੇਸ਼ ਸਦਕਾ ਚਮਕੌਰ ਸਾਹਿਬ ਅਤੇ ਖਿਦਰਾਣੇ ਦੀ ਢਾਬ ਉੱਤੇ ਹੋਈਆਂ ਜੰਗਾਂ ਵਿਚ ਮੁੱਠੀ-ਭਰ ਸਿੱਖਾਂ ਨੇ ਲੱਖਾਂ ਦੀ ਗਿਣਤੀ ਵਿਚ ਹਜੂਮ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪਾਈਆਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਸਾਹਿਬਾਨ ਦੇ ਪ੍ਰਤਾਪ ਸਦਕਾ ਸਿੱਖਾਂ ਨੇ ਪੰਜਾਬ ਵਿਚ ਆਪਣਾ ਰਾਜ ਸਥਾਪਤ ਕਰ ਲਿਆ ਸੀ। ਉਨ੍ਹਾਂ ਨੇ ਪੱਛਮ ਤੋਂ ਆਉਣ ਵਾਲੇ ਜਰਵਾਣਿਆਂ ਦਾ ਤਾਂ ਮੂੰਹ ਮੋੜ ਦਿੱਤਾ ਸੀ ਪਰ ਦੂਜੇ ਪਾਸੇ ਬਾਕੀ ਹਿੰਦੁਸਤਾਨ ਸੱਤ ਸਮੁੰਦਰੋਂ ਪਾਰ ਇਕ ਛੋਟੇ ਜਿਹੇ ਮੁਲਕ ਇੰਗਲੈਂਡ ਦਾ ਗ਼ੁਲਾਮ ਹੋ ਗਿਆ ਸੀ। ਅੱਜ ਦੇ ਸਮੇਂ ਵਿਚ ਵੀ ਸਿੱਖਾਂ ਦੀ ਇਸ ਬੀਰਤਾ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਜਨਰਲ ਜਗਜੀਤ ਸਿੰਘ (ਅਰੋੜਾ) ਨੇ ਪਾਕਿਸਤਾਨੀ ਫ਼ੌਜ ਤੋਂ ਹਥਿਆਰ ਸੁਟਵਾ ਕੇ ਇਕ ਲਾਸਾਨੀ ਕਾਰਨਾਮਾ ਕਰ ਵਿਖਾਇਆ ਸੀ। ਇਸ ਤੋਂ ਸਪਸ਼ਟ ਹੈ ਕਿ ਸਿੱਖਾਂ ਦੀ ਬੀਰਤਾ ਦੀ ਵਡਿਆਈ ਕੋਈ ਫੋਕੀਆਂ ਡੀਂਗਾਂ ਜਾਂ ਅੰਗਰੇਜ਼ਾਂ ਦੀ ਸਾਜ਼ਿਸ਼ੀ ਨੀਤੀ ਦੀ ਉਪਜ ਨਹੀਂ ਹੈ ਜਿਵੇਂ ਕਿ ਕੁਝ ਲੋਕਾਂ ਵੱਲੋਂ ਇਸ ਨੂੰ ਸਮਝਿਆ ਜਾਂਦਾ ਹੈ ਤੇ ਪੇਸ਼ ਕੀਤਾ ਜਾਂਦਾ ਹੈ।
ਭਾਰਤ ਦੇ ਕਈ ਮਹਾਨ ਨੇਤਾਵਾਂ ਨੇ ਸਿੱਖਾਂ ਦੀ ਵੱਖਰੀ ਪਛਾਣ ਅਤੇ ਉਨ੍ਹਾਂ ਦੇ ਬੀਰਤਾ ਦੇ ਜਜ਼ਬੇ, ਮਹੱਤਤਾ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ। ਇਸ ਦਾ ਨਤੀਜਾ ਹੈ ਕਿ ਸਿੱਖਾਂ ਦੇ ਪੁਰਾਤਨ ਇਤਿਹਾਸ ਨੂੰ ਉਜਾਗਰ ਕਰਨ ਦੀ ਥਾਂ ਇਸ ਨੂੰ ਜਾਣ-ਬੁਝ ਕੇ ਅਣਗੌਲਿਆਂ ਕੀਤਾ ਜਾਂਦਾ ਹੈ। ਇਸ ਗੱਲ ’ਤੇ ਬਹੁਤ ਹੈਰਾਨੀ ਹੁੰਦੀ ਹੈ ਕਿ ਰਾਸ਼ਟਰ ਪੱਧਰ ’ਤੇ ਜਿੰਨੀਆਂ ਵੀ ਆਮ ਜਾਣਕਾਰੀ ਦੀਆਂ ਪੁਸਤਕਾਂ ਛਪਦੀਆਂ ਹਨ, ਉਨ੍ਹਾਂ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ, ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸ. ਸ਼ਾਮ ਸਿੰਘ ਅਟਾਰੀ ਵਰਗੇ ਮਹਾਨ ਜਰਨੈਲਾਂ ਅਤੇ ਸਾਰਾਗੜ੍ਹੀ ਵਰਗੀਆਂ ਸੰਸਾਰ ਪ੍ਰਸਿੱਧ ਅਤੇ ਮਹੱਤਵਪੂਰਨ ਜੰਗਾਂ ਦਾ ਸੰਕੇਤ ਤਕ ਨਹੀਂ ਦਿੱਤਾ ਜਾਂਦਾ। ਇਸ ਤੋਂ ਬਿਨਾਂ ਫ਼ਿਲਮਾਂ ਰਾਹੀਂ, ਟੀ.ਵੀ. ਸੀਰੀਅਲਾਂ ਰਾਹੀਂ ਸਿੱਖ ਕਿਰਦਾਰ ਨੂੰ ਅਪਮਾਨਿਤ ਜਿਹੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਨੂੰ ਵਿਗਾੜਿਆ ਜਾਂਦਾ ਹੈ।
ਸਭ ਤੋਂ ਵੱਧ ਖ਼ਤਰਨਾਕ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੇ ਇਤਿਹਾਸ ਤੋਂ ਦੂਰ ਜਾ ਰਹੀ ਹੈ। ਇਸ ਲਈ ਜ਼ਿੰਮੇਵਾਰ ਧਿਰਾਂ ਦੀ ਪਛਾਣ ਅਤੇ ਸਮੱਸਿਆ ਦੇ ਹੱਲ ਵਾਸਤੇ ਬਹੁ-ਦਿਸ਼ਾਵੀ ਤੇ ਭਰਪੂਰ ਉੱਦਮ ਤੇ ਸੁਦ੍ਰਿੜ੍ਹ ਯਤਨ ਕਰਨੇ ਬਣਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਸ਼ਾਨਦਾਰ ਪ੍ਰਾਪਤੀਆਂ ਨੂੰ ਆਪਣੇ ਬੱਚਿਆਂ ਤਕ ਪਹੁੰਚਾਈਏ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜੀਏ ਅਤੇ ਉਨ੍ਹਾਂ ’ਤੇ ਮਾਣ ਕਰਨਾ ਸਿੱਖੀਏ ਤੇ ਸਿਖਾਈਏ। ਸਾਡੇ ਪੁਰਾਤਨ ਯੋਧੇ ਸ਼ਹੀਦਾਂ ਨੂੰ ਸਾਡੀ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।
ਲੇਖਕ ਬਾਰੇ
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/June 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/August 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/September 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/October 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/December 1, 2007
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/January 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/March 1, 2008
- ਪ੍ਰੋ ਕਿਰਪਾਲ ਸਿੰਘ ਬਡੂੰਗਰhttps://sikharchives.org/kosh/author/%e0%a8%aa%e0%a9%8d%e0%a8%b0%e0%a9%8b-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ac%e0%a8%a1%e0%a9%82%e0%a9%b0%e0%a8%97%e0%a8%b0/May 1, 2008