ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪ੍ਰਚਾਰ-ਸਫ਼ਰਾਂ (ਉਦਾਸੀਆਂ) ਦੌਰਾਨ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚੋਂ ਸ਼ੇਖ ਫਰੀਦ ਜੀ ਅਤੇ ਹੋਰ ਭਗਤ ਸਾਹਿਬਾਨ ਦੀ ਬਾਣੀ ਇਕੱਠੀ ਕੀਤੀ ਸੀ। ਆਪ ਜੀ ਆਪਣੇ ਪ੍ਰਚਾਰ-ਸਫ਼ਰਾਂ ਦੌਰਾਨ ਸ਼ੇਖ ਫਰੀਦ ਜੀ ਦੇ ਬਾਰ੍ਹਵੇਂ ਗੱਦੀਨਸ਼ੀਨ ਸ਼ੇਖ ਬ੍ਰਹਮ ਨੂੰ ਪਾਕਪਟਨ ਵਿਚ ਮਿਲੇ ਸਨ ਅਤੇ ਉਸ ਤੋਂ ਸ਼ੇਖ ਫਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ ਸੀ। ਉਸ ਸਮੇਂ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਜੀ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦਾ ਇਹ ਇਕ ਨਿਰਾਲਾ ਫ਼ੈਸਲਾ ਸੀ। ਉਨ੍ਹਾਂ ਨੇ ਸ਼ੇਖ ਫਰੀਦ ਜੀ ਦੇ ਖ਼ਿਆਲਾਂ ਦੀ ਸੋਧ ਕਰਨ ਲਈ, ਉਸ ਦੇ ਖ਼ਿਆਲਾਂ ਨੂੰ ਹੋਰ ਵਧੇਰੇ ਸਪੱਸ਼ਟ ਕਰਨ ਲਈ ਜਿੱਥੇ ਜ਼ਰੂਰਤ ਸਮਝੀ ਸੀ ਉਥੇ ਆਪਣੇ ਸਲੋਕ ਉਚਾਰ ਕੇ ਉਨ੍ਹਾਂ ਦੇ ਸਲੋਕਾਂ ਮਗਰ ਢੁਕਵੀਂ ਥਾਂ ’ਤੇ ਦਰਜ ਕਰ ਦਿੱਤੇ ਸਨ। ਉਨ੍ਹਾਂ ਨੇ ਸ਼ੇਖ ਫਰੀਦ ਜੀ ਦੇ ਸਲੋਕਾਂ ਬਾਰੇ ਆਪਣੀਆਂ ਟਿੱਪਣੀਆਂ ਦੇ ਕੇ ਪੰਜਾਬੀ ਸਾਹਿਤ ਵਿਚ ਆਲੋਚਨਾ ਦਾ ਮੁੱਢ ਬੰਨ੍ਹਿਆ ਸੀ। ਉਨ੍ਹਾਂ ਨੇ ਸ਼ੇਖ ਫਰੀਦ ਜੀ ਦੇ 4 ਸਲੋਕਾਂ ਪ੍ਰਥਾਇ ਆਪਣੇ ਚਾਰ ਸਲੋਕ ਉਚਾਰ ਕੇ ਉਨ੍ਹਾਂ ਦੀ ਸੋਚ ਨੂੰ ਹੋਰ ਵਧੇਰੇ ਨਿਖਾਰ ਕੇ ਸਪੱਸ਼ਟ ਕੀਤਾ ਸੀ। ਸ਼ੇਖ ਫਰੀਦ ਜੀ ਦੇ ਸਲੋਕਾਂ ਦੇ ਸਿਰਲੇਖ ਹੇਠ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਇਨ੍ਹਾਂ 130 ਸਲੋਕਾਂ ਵਿੱਚੋਂ 18 ਸਲੋਕ ਗੁਰੂ ਸਾਹਿਬਾਨ ਜੀ ਦੇ ਹਨ। 4 ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ, 5 ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ, 1 ਸਲੋਕ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ ਅਤੇ 8 ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ।
ਭਗਤ ਕਬੀਰ ਜੀ ਦੇ ਸਲੋਕਾਂ ਵਿਚ 6 ਸਲੋਕ ਗੁਰੂ ਸਾਹਿਬਾਨ ਜੀ ਦੇ ਹਨ ਜੋ ਢੁਕਵੇਂ ਥਾਵਾਂ ਉੱਤੇ ਦਰਜ ਕੀਤੇ ਗਏ ਸਨ। ਇਹ ਸਲੋਕ ਗੁਰੂ ਸਾਹਿਬਾਨ ਜੀ ਨੇ ਭਗਤ ਕਬੀਰ ਜੀ ਦੀ ਸੋਚ ਨੂੰ ਹੋਰ ਵਧੇਰੇ ਨਿਖਾਰਨ ਲਈ, ਉਨ੍ਹਾਂ ਦੀ ਸੋਚ ਨੂੰ, ਉਨ੍ਹਾਂ ਦੇ ਖ਼ਿਆਲਾਂ ਨੂੰ ਸਪੱਸ਼ਟ ਕਰਨ ਲਈ ਉਚਾਰੇ ਸਨ। ਭਗਤ ਕਬੀਰ ਜੀ ਦੇ ਸਲੋਕ ਨੰ: 209, 210, 211 ਉੱਪਰ ਹਰ ਇਕ ਸਲੋਕ ਦੇ ਸ਼ੁਰੂ ਵਿਚ ਮਹਲਾ 5 ਅੰਕਿਤ ਹੈ। ਇਹ ਸਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰੇ ਹੋਏ ਹਨ। ਇਨ੍ਹਾਂ ਸਲੋਕਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਕੋਲ ਭਗਤਾਂ ਦੀ ਬਾਣੀ ਮੌਜੂਦ ਸੀ ਅਤੇ ਭਗਤਾਂ ਦੀ ਬਾਣੀ ਉੱਤੇ ਆਲੋਚਨਾ ਦੀਆਂ ਸੋਧੀਆਂ ਹੋਈਆਂ ਟਿੱਪਣੀਆਂ ਭੀ ਪਹਿਲਾਂ ਹੀ ਮੌਜੂਦ ਸਨ। ਗੁਰੂ ਸਾਹਿਬਾਨ ਜੀ ਨੇ ਜਿੱਥੇ ਜ਼ਰੂਰਤ ਸਮਝੀ ਸੀ ਉਥੇ ਉਨ੍ਹਾਂ ਨੇ ਭਗਤਾਂ ਦੇ ਖ਼ਿਆਲਾਂ ਨੂੰ ਹੋਰ ਵਧੇਰੇ ਸਪੱਸ਼ਟ ਕਰਨ ਲਈ ਆਪਣੇ ਖ਼ਿਆਲਾਂ ਦੀਆਂ ਸੋਧੀਆਂ ਹੋਈਆਂ ਟਿੱਪਣੀਆਂ ਦਿੱਤੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਪਹਿਲੇ ਭਗਤਾਂ ਦੀ ਬਾਣੀ ਗੁਰੂ ਸਾਹਿਬਾਨ ਕੋਲ ਮੌਜੂਦ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੀ ਧੁਰ ਦਰਗਾਹ ਤੋਂ ਥਾਪੇ ਹੋਏ ਸੱਚੇ ਜਗਤ-ਗੁਰੂ ਸਨ। ਆਪ ਜੀ ਪੂਰੇ ਗੁਰੂ ਸਨ। ਆਪ ਜੀ ਜਨਮ ਤੋਂ ਹੀ ਪਾਰਬ੍ਰਹਮ ਨਾਲ ਅਭੇਦ ਅਤੇ ਇਕਮਿਕ ਸਨ। ਆਪ ਜੀ ਭਗਤੀ ਕਾਲ ਦੇ ਭਗਤਾਂ ਵਾਂਗ ਅਵਤਾਰਵਾਦ, ਦੇਵੀ-ਦੇਵਤਿਆਂ ਦੀ ਪੂਜਾ, ਮੂਰਤੀ ਪੂਜਾ ਰਾਹੀਂ, ਸਰਗੁਣ ਪੂਜਾ ਦੀ ਮੰਜ਼ਲ ਤਹਿ ਕਰ ਕੇ ਨਿਰਗੁਣ ਬ੍ਰਹਮ ਦੀ ਪੂਜਾ ਵੱਲ ਨਹੀਂ ਆਏ ਸਨ। ਭਗਤ ਦੇਵੀ-ਦੇਵਤਿਆਂ ਦੀ ਪੂਜਾ ਤੋਂ ਨਿਰਗੁਣ ਦੀ ਪੂਜਾ ਵੱਲ ਆਏ ਸਨ। ਸਿੱਖ ਗੁਰੂ ਸਾਹਿਬਾਨ ਨੂੰ ਸਿੱਧਾ ਅਗੰਮੀ ਅਨੁਭਵ ਪ੍ਰਾਪਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਨੂੰ ਅਗੰਮੀ ਅਨੁਭਵ ਵਿੱਚੋਂ ਆਈ ਹੋਈ ਕਿਹਾ ਸੀ:
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥ (ਪੰਨਾ 566)
ਸ੍ਰੀ ਗੁਰੂ ਨਾਨਕ ਦੇਵ ਜੀ ਬਹੁਪੱਖੀ ਜੀਵਨ ਵਾਲੇ ਮਹਾਂਪੁਰਸ਼ ਸਨ। ਗੁਰੂ ਸਾਹਿਬ ਮਹਾਨ ਜੁਗ ਪੁਰਸ਼, ਸਿੱਖ ਧਰਮ ਦੇ ਸੰਚਾਲਕ, ਨਿਰਭੈ ਸਮਾਜ ਸੁਧਾਰਕ, ਮਹਾਨ ਸੰਗੀਤਕਾਰ, ਬਾਣੀ ਦੇ ਰਚੇਤਾ ਤੇ ਮਹਾਨ ਦੇਸ਼ ਭਗਤ ਸਨ। ਉਨ੍ਹਾਂ ਨੇ ਆਪਣੀ ਬੋਲੀ ਛੱਡ ਕੇ ਬਾਹਰਲੇ ਬਦੇਸ਼ੀ ਲੋਕਾਂ ਦੀ ਬੋਲੀ ਨੂੰ ਅਪਣਾਉਣ ਵਾਲੇ ਲੋਕਾਂ ਦੀ ਭਰਪੂਰ ਆਲੋਚਨਾ ਕੀਤੀ ਸੀ:
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥ (ਪੰਨਾ 1191)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਭਾਂਪ ਲਈ ਸੀ ਕਿ ਜਦੋਂ ਤਕ ਆਪਣੀ ਬੋਲੀ ਦਾ ਲੋਕਾਂ ਦੇ ਵਿਚ ਪ੍ਰਚਾਰ ਨਹੀਂ ਹੁੰਦਾ ਉਨਾ ਚਿਰ ਉਨ੍ਹਾਂ ਦੇ ਧਰਮ ਦੇ ਉਪਦੇਸ਼ ਲੋਕਾਂ ਦੇ ਦਿਲਾਂ ਵਿਚ ਟਿਕ ਨਹੀਂ ਸਕਦੇ। ਸੰਸਕ੍ਰਿਤ ਉੱਤੇ ਬ੍ਰਾਹਮਣਾਂ ਦਾ ਅਧਿਕਾਰ ਸੀ। ਅਖੌਤੀ ਉੱਚੀਆਂ ਜਾਤਾਂ ਦੇ ਬ੍ਰਾਹਮਣ ਲੋਕ ਅਖੌਤੀ ਨੀਵੀਆਂ ਜਾਤਾਂ ਦੇ ਸ਼ੂਦਰਾਂ ਨੂੰ ਸੰਸਕ੍ਰਿਤ ਨਹੀਂ ਪੜ੍ਹਨ ਦਿੰਦੇ ਸਨ। ਹਿੰਦੂ ਧਰਮ ਦੇ ਗ੍ਰੰਥ, ਵੇਦ ਸ਼ਾਸਤਰ, ਸਿਮਰਤੀਆਂ, ਪੁਰਾਣ ਆਦਿ ਸੰਸਕ੍ਰਿਤ ਵਿਚ ਲਿਖੇ ਗਏ ਸਨ। ਸੰਸਕ੍ਰਿਤ ਔਖੀ ਬੋਲੀ ਸੀ। ਇਸ ਨੂੰ ਹਰ ਕੋਈ ਸਮਝ ਨਹੀਂ ਸਕਦਾ ਸੀ। ਮੁਸਲਮਾਨਾਂ ਦੇ ਧਰਮ-ਗ੍ਰੰਥ ਅਰਬੀ ਵਿਚ ਲਿਖੇ ਹੋਏ ਸੀ। ਅਰਬੀ ਔਖੀ ਬੋਲੀ ਸੀ, ਜਿਸ ਨੂੰ ਹਰ ਕੋਈ ਸਮਝ ਨਹੀਂ ਸਕਦਾ ਸੀ। ਸਿੱਖ ਗੁਰੂ ਸਾਹਿਬਾਨ ਨੇ ਸੰਸਕ੍ਰਿਤ ਅਤੇ ਅਰਬੀ ਨੂੰ ਛੱਡ ਕੇ ਆਪਣੀ ਬਾਣੀ ਲੋਕਾਂ ਦੀ ਬੋਲੀ ਵਿਚ ਉਚਾਰੀ ਸੀ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਈ ਬੋਲੀਆਂ ਮਰਹਟੀ, ਬ੍ਰਿਜੀ, ਹਿੰਦੀ, ਮਾਰਵਾੜੀ, ਸੰਸਕ੍ਰਿਤ, ਗਾਥਾ, ਸਹਸਕ੍ਰਿਤ, ਫਾਰਸੀ, ਪੰਜਾਬੀ ਆਦਿ ਦੀ ਵਰਤੋਂ ਕੀਤੀ ਗਈ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਮੁੱਖ ਤੌਰ ’ਤੇ ਪੰਜਾਬੀ ਹੈ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦਾ ਪ੍ਰਚਾਰ ਆਮ ਲੋਕਾਂ ਦੀ ਸੌਖੀ ਬੋਲੀ ਪੰਜਾਬੀ ਵਿਚ ਕੀਤਾ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ (ਪ੍ਰਚਾਰ-ਸਫ਼ਰਾਂ) ਸਮੇਂ ਹਿੰਦੁਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸ਼ੇਖ ਫ਼ਰੀਦ ਜੀ ਅਤੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ। ਗੁਰੂ ਸਾਹਿਬ ਜੀ ਨੇ 19 ਰਾਗਾਂ ਵਿਚ ਆਪਣੀ ਬਾਣੀ ਵੀ ਉਚਾਰੀ ਸੀ। ਜਿੱਥੇ ਆਪ ਜੀ ਬਾਣੀ ਉਚਾਰਦੇ ਸਨ ਉਥੇ ਨਾਲ-ਨਾਲ ਉਚਾਰੀ ਹੋਈ ਬਾਣੀ ਨੂੰ ਇਕ ਪੋਥੀ ਵਿਚ ਲਿਖਦੇ ਵੀ ਰਹਿੰਦੇ ਸਨ। ਉਨ੍ਹਾਂ ਦੀ ਬਾਣੀ ‘ਪਟੀ ਲਿਖੀ’ ਤੋਂ ਸਿੱਧ ਹੁੰਦਾ ਹੈ ਕਿ ਉਹ ਆਪਣੀ ਬਾਣੀ ਆਪ ਲਿਖਦੇ ਸਨ। ਉਨ੍ਹਾਂ ਦੀ ਬਾਣੀ ‘ਪਟੀ ਲਿਖੀ’ ਵਿਚ ਗੁਰਮੁਖੀ ਅੱਖਰਾਂ ਦਾ ਉਚਾਰਨ ਹੈ। ਉਨ੍ਹਾਂ ਦੇ ਸਮੇਂ ਤੋਂ ਹੀ ਪੋਥੀ ਸ਼ਬਦ ਵਰਤਿਆ ਗਿਆ ਸੀ। ਪੋਥੀ ਤੋਂ ਭਾਵ ਗੁਰਬਾਣੀ ਦਾ ਸੰਗ੍ਰਹਿ ਹੈ। ਉਨ੍ਹਾਂ ਨੇ ਆਪਣੀ ਬਾਣੀ ਇਕ ਪੋਥੀ ਵਿਚ ਲਿਖੀ ਸੀ। ਬਾਣੀ ਦੀ ਇਸ ਸੈਂਚੀ ਨੂੰ ਪੋਥੀ ਸਾਹਿਬ ਕਿਹਾ ਜਾਂਦਾ ਸੀ। ਗੁਰੂ ਸਾਹਿਬ ਦੀ ਬਾਣੀ ਦਾ ਫ਼ਰਮਾਨ ਹੈ:
ਪੋਥੀ ਪੁਰਾਣ ਕਮਾਈਐ॥
ਭਉ ਵਟੀ ਇਤੁ ਤਨਿ ਪਾਈਐ॥ (ਪੰਨਾ 25)
ਉਨ੍ਹਾਂ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬਾਣੀ ਦੀ ਇਹ ਪੋਥੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਸਮੇਂ ਸੌਂਪ ਦਿੱਤੀ ਸੀ। ਬਾਣੀ ਦੀ ਇਸ ਪੋਥੀ ਵਿਚ ਉਨ੍ਹਾਂ ਦੀ ਉਚਾਰੀ ਹੋਈ ਬਾਣੀ, ਭਗਤਾਂ ਅਤੇ ਸ਼ੇਖ ਫਰੀਦ ਜੀ ਦੀ ਬਾਣੀ ਸ਼ਾਮਲ ਸੀ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ ਨੂੰ ਮਿਲਾ ਕੇ ਬਾਣੀ ਦੇ ਸਾਰੇ ਸੰਗ੍ਰਹਿ ਨੂੰ ਆਪਣੇ ਉੱਤਰ-ਅਧਿਕਾਰੀ ਤੀਜੇ ਗੁਰੂ, ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤਾ ਸੀ। ਇਸ ਤਰ੍ਹਾਂ ਤੀਜੇ ਗੁਰੂ ਜੀ ਤੋਂ ਚੌਥੇ ਗੁਰੂ ਜੀ ਤਕ ਅਤੇ ਫਿਰ ਬਾਣੀ ਦੀ ਇਹ ਪੋਥੀ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪੁੱਜੀ ਸੀ। ਸਿੱਖ ਗੁਰੂ ਸਾਹਿਬਾਨ ਆਪਣੇ ਅਗਲੇ ਗੁਰੂ ਸਾਹਿਬ ਨੂੰ ਗੁਰਗੱਦੀ ਦੇਣ ਸਮੇਂ ਬਾਣੀ ਦੀ ਪੋਥੀ ਸੌਂਪ ਦਿੰਦੇ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪ੍ਰਚਾਰ-ਸਫ਼ਰ ਦੌਰਾਨ ਉੱਤਰਾਖੰਡ ਦੇ ਇਲਾਕੇ ਵਿਚ ਗਏ ਸਨ। ਉਨ੍ਹਾਂ ਦੇ ਨਾਲ ਇਸ ਸਫ਼ਰ ਵਿਚ ਹਸੂ (ਲੋਹਾਰ) ਅਤੇ ਸੀਂਹਾ (ਛੀਂਬਾ) ਗਏ ਸਨ। ਗੁਰੂ ਸਾਹਿਬ ਜੀ ਨੇ ਪੰਡਤ ਬ੍ਰਹਮ ਦਾਸ ਨਾਲ ਚਰਚਾ ਕੀਤੀ ਸੀ ਅਤੇ ਜੋ ਉਪਦੇਸ਼ ਉਨ੍ਹਾਂ ਨੇ ਪੰਡਤ ਬ੍ਰਹਮ ਦਾਸ ਨੂੰ ਦਿੱਤਾ ਸੀ ਉਹ ਉਪਦੇਸ਼ ‘ਮਲਾਰ ਕੀ ਵਾਰ’ ਵਿਚ ਮਿਲਦਾ ਹੈ। ਪੰਡਤ ਬ੍ਰਹਮ ਦਾਸ ਨੂੰ ਉਪਦੇਸ਼ ਦੇਣ ਵਾਲੀ ਉਨ੍ਹਾਂ ਦੀ ਬਾਣੀ ‘ਮਲਾਰ ਕੀ ਵਾਰ’ ਹਸੂ ਲੋਹਾਰ ਨੇ ਲਿਖੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਸਿੱਖ ਵੀ ਬਾਣੀ ਲਿਖਦੇ ਸਨ। ਲਿਖੀ ਹੋਈ ਬਾਣੀ ਦੇ ਉਤਾਰੇ ਵੀ ਕੀਤੇ ਜਾਂਦੇ ਸਨ। ਉਸ ਸਮੇਂ ਛਾਪਾਖਾਨਾ ਨਹੀਂ ਸੀ। ਪੋਥੀਆਂ ਹੱਥਾਂ ਨਾਲ ਲਿਖੀਆਂ ਜਾਂਦੀਆਂ ਸਨ। ਲਿਖਣ ਵੇਲੇ ਕਈ ਪਾਠਾਂ ਦੇ ਮਤਭੇਦ ਵੀ ਹੋ ਜਾਂਦੇ ਸਨ। ਪੁਰਾਤਨ ਜਨਮ ਸਾਖੀ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਉਦਾਸੀ ਸਮੇਂ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਨ। ਭਾਈ ਮਰਦਾਨਾ ਜੀ ਨੂੰ ਬਹੁਤ ਬਾਣੀ ਜ਼ਬਾਨੀ ਯਾਦ ਸੀ। ਉਨ੍ਹਾਂ ਨੂੰ ਬਹੁਤ ਬਾਣੀ ਕੰਠ ਸੀ। ਉਨ੍ਹਾਂ ਨੇ ਬਾਣੀ ਦੀਆਂ ਪੋਥੀਆਂ ਲਿਖਣ ਵਿਚ ਕਈ ਸਿੱਖਾਂ ਦੀ ਮਦਦ ਕੀਤੀ ਸੀ।
ਸ਼ੁਰੂ-ਸ਼ੁਰੂ ਵਿਚ ‘ਆਦਿ ਬੀੜ’ ਨੂੰ ‘ਪੋਥੀ ਸਾਹਿਬ’ ਕਿਹਾ ਜਾਂਦਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਦੇ ਵਿਚ ਬੜੇ ਸਤਿਕਾਰ ਨਾਲ ‘ਪੋਥੀ’ ਸ਼ਬਦ ਦੀ ਵਰਤੋਂ ਕੀਤੀ ਸੀ। ਉਨ੍ਹਾਂ ਨੇ ਬਾਣੀ ਦੀ ਪੋਥੀ ਨੂੰ ਪਰਮੇਸ਼ਰ ਦੇ ਤੁਲ ਦੱਸਿਆ ਸੀ:
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ (ਪੰਨਾ 1226)
ਗੁਰੂ ਸਾਹਿਬ ਜੀ ਦਾ ਪੋਥੀ ਤੋਂ ਭਾਵ ਬਾਣੀ ਦੀ ਉਸ ਪੋਥੀ ਤੋਂ ਹੈ ਜਿਹੜੀ ਪੋਥੀ ਗੁਰੂ ਸਾਹਿਬਾਨ ਆਪਣੇ ਉੱਤਰ-ਅਧਿਕਾਰੀ ਗੁਰੂ ਨੂੰ ਗੁਰਗੱਦੀ ਦੇਣ ਸਮੇਂ ਸੌਂਪਦੇ ਸਨ। ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਇਸ ਪੋਥੀ ਸਾਹਿਬ ਨੂੰ ਗ੍ਰੰਥ ਸਾਹਿਬ ਕਿਹਾ ਜਾਣ ਲੱਗ ਪਿਆ ਸੀ। ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1708 ਵਿਚ ਦੇਹਧਾਰੀ ਗੁਰੂ-ਪਦ ਸਮਾਪਤ ਕਰ ਕੇ ਆਦਿ ਬੀੜ ਨੂੰ ‘ਗੁਰੂ’ ਪਦ ਬਖ਼ਸ਼ ਕੇ ਗੁਰਗੱਦੀ ਸੌਂਪ ਦਿੱਤੀ ਸੀ, ਉਸ ਸਮੇਂ ਤੋਂ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਣ ਲੱਗ ਪਿਆ ਸੀ। ਜਿੱਥੇ ਕੱਚੀ ਬਾਣੀ ਤੋਂ ਧੁਰ ਕੀ ਬਾਣੀ ਨੂੰ ਵੱਖ ਕਰ ਕੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਬੀੜ ਤਿਆਰ ਕਰਵਾਈ ਸੀ, ਉਥੇ ਉਨ੍ਹਾਂ ਨੇ ਸਿੱਖਾਂ ਵਿਚ ਖ਼ਿਆਲਾਂ ਦੀ ਸਾਂਝ ਪੈਦਾ ਕਰਨ ਲਈ ਸਿੱਖਾਂ ਨੂੰ ਉਨ੍ਹਾਂ ਦੀ ਬੋਲੀ ਵਿਚ ਉਨ੍ਹਾਂ ਦਾ ਧਰਮ-ਗ੍ਰੰਥ ਦਿੱਤਾ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਦੀ ਮੌਲਿਕਤਾ, ਪਵਿੱਤਰਤਾ ਅਤੇ ਅਖੰਡਤਾ ਨੂੰ ਕਾਇਮ ਕਰਨਾ ਚਾਹੁੰਦੇ ਸਨ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਕੱਚੀ ਬਾਣੀ ਰਚੀ ਜਾਣ ਲੱਗ ਪਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਭਰਾ ਪ੍ਰਿਥੀ ਚੰਦ ਅਤੇ ਉਸ ਦਾ ਪੁੱਤਰ ਸੋਢੀ ਮਿਹਰਬਾਨ ‘ਨਾਨਕ’ ਨਾਮ ਹੇਠ ਆਪਣੀ ਕੱਚੀ ਬਾਣੀ ਰਚ ਕੇ ਮੋਲਿਕ ਬਾਣੀ ਵਿਚ ਰਲਾ ਪਾ ਰਹੇ ਸਨ। ਇਸ ਤਰ੍ਹਾਂ ਇਹ ਗੁਰੂ-ਘਰ ਦੇ ਵਿਰੋਧੀ ਲੋਕ ਗੁਰਬਾਣੀ ਨੂੰ ਮਿਲਗੋਭਾ ਬਣਾ ਕੇ ਸਿੱਖਾਂ ਦੇ ਵਿਚ ‘ਧੁਰ ਕੀ ਬਾਣੀ’ ਬਾਰੇ ਭੁਲੇਖੇ ਪਾ ਰਹੇ ਸਨ। ਇਹ ਲੋਕ ਸਿੱਖਾਂ ਵਿਚ ਅਸਲ ਬਾਣੀ ਬਾਰੇ ਭਰਮ ਪੈਦਾ ਕਰ ਰਹੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ ਇਨ੍ਹਾਂ ਕੱਚੀ ਬਾਣੀ ਉਚਾਰਨ ਵਾਲੇ ਲੋਕਾਂ ਤੋਂ ਸਿੱਖਾਂ ਨੂੰ ਸੁਚੇਤ ਕਰਨ ਲਈ ਆਪਣੀ ਬਾਣੀ ‘ਅਨੰਦ ਸਾਹਿਬ’ ਵਿਚ ਸੰਕੇਤ ਦਿੱਤਾ ਸੀ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ॥ (ਪੰਨਾ 920)
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਇਨ੍ਹਾਂ ਕੱਚੀ ਬਾਣੀ ਰਚਣ ਵਾਲੇ ਲੋਕਾਂ ਤੋਂ ਸਿੱਖਾਂ ਨੂੰ ਸਾਵਧਾਨ ਕੀਤਾ ਸੀ। ਉਨ੍ਹਾਂ ਨੇ ਫ਼ੁਰਮਾਇਆ ਸੀ:
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ (ਪੰਨਾ 304)
ਸੋਢੀ ਮਿਹਰਬਾਨ ਦਾ ਪੁੱਤਰ ਬਾਬਾ ਹਰਿ ਜੀ ਵੀ ‘ਹਿੰਦਾਲੀਆਂ’ ਨਾਲ ਰਲ ਕੇ ‘ਨਾਨਕ’ ਛਾਪ ਹੇਠ ਆਪਣੀ ਕੱਚੀ ਬਾਣੀ ਰਚ ਕੇ ਸਿੱਖਾਂ ਨੂੰ ਟਪਲੇ ਲਾ ਰਿਹਾ ਸੀ। ਪ੍ਰਿਥੀ ਚੰਦ ਅਤੇ ਉਸ ਦੇ ਪੁੱਤਰ ਸੋਢੀ ਮਿਹਰਬਾਨ ਨੇ ਸਿੱਖ ਗੁਰੂ ਸਾਹਿਬਾਨ ਦੀ ਰੀਸ ਕਰਦੇ ਹੋਏ ‘ਨਾਨਕ’ ਛਾਪ ਹੇਠ ਬਹੁਤ ਸਾਰੀ ਨਕਲੀ ਕੱਚੀ ਬਾਣੀ ਰਚ ਦਿੱਤੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਬਹੁਤ ਸਾਰੀ ਕੱਚੀ ਬਾਣੀ ਰਚੀ ਜਾ ਚੁਕੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਅਸਲ ਮੂਲ ਸੱਚੀ ਮੌਲਿਕ ਬਾਣੀ ਤੋਂ ਨਕਲੀ ਕੱਚੀ ਬਾਣੀ ਨੂੰ ਵੱਖ ਕਰਨਾ ਚਾਹੁੰਦੇ ਸਨ ਤਾਂ ਕਿ ਸਿੱਖਾਂ ਨੂੰ ਸੱਚੀ ਬਾਣੀ ਬਾਰੇ ਭੁਲੇਖਾ ਨਾ ਲੱਗੇ। ਭਾਈ ਗੁਰਦਾਸ ਜੀ ਨੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਅਸਲ ਮੂਲ ਸੱਚੀ ਬਾਣੀ ਨੂੰ ਇਕ ਸੈਂਚੀ ਵਿਚ ਲਿਖਿਆ ਜਾਵੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਪਰਖ ਅਤੇ ਘੋਖ ਕਰ ਕੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਨ ਸਿਰਮੌਰ ਸਫਲ ਸੰਪਾਦਕ ਸਨ। ਉਨ੍ਹਾਂ ਦੀ ਸੰਪਾਦਨਾ ਕਮਾਲ ਦਰਜੇ ਦੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬਾਣੀ ਦੀਆਂ ਪੋਥੀਆਂ ਇਕੱਠੀਆਂ ਕੀਤੀਆਂ ਸਨ। ਫਿਰ ਉਨ੍ਹਾਂ ਨੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਇਕ ਥਾਂ ਇਕੱਠੀ ਕਰ ਕੇ ਸਾਰੀ ਬਾਣੀ ਨੂੰ ਗੁਰਮਤਿ ਦੀ ਕਸਵੱਟੀ ਉੱਤੇ ਪਰਖ ਕੇ ਰਾਗਾਂ ਦੇ ਅਨੁਸਾਰ ਤਰਤੀਬ ਦਿੱਤੀ ਸੀ। ਸਾਰੀ ਬਾਣੀ ਇਕੱਠੀ ਕਰਨ ਅਤੇ ਗੁਰਬਾਣੀ ਦੀ ਸੋਧ ਪਰਖ ਕਰ ਕੇ ਲਿਖਵਾਉਣ ਦਾ ਕੰਮ ਤਿੰਨ ਸਾਲ ਵਿਚ ਪੂਰਾ ਹੋਇਆ ਸੀ। ਆਦਿ ਬੀੜ ਦੀ ਸੰਪਾਦਨਾ ਦਾ ਕੰਮ ਸੰਨ 1601 ਵਿਚ ਸ਼ੁਰੂ ਹੋਇਆ ਸੀ ਅਤੇ ਸੰਨ 1604 ਵਿਚ ਪੂਰਾ ਹੋਇਆ ਸੀ। ਆਦਿ ਬੀੜ ਨੂੰ ਲਿਖਣ ਦਾ ਕੰਮ ਭਾਦੋਂ ਵਦੀ ਪਹਿਲੀ ਸੰਮਤ 1661 ਨੂੰ ਹੋਇਆ ਸੀ ਅਤੇ ਇਸ ਦਾ ਪਹਿਲਾ ਪ੍ਰਕਾਸ਼ ਇਸੇ ਸਾਲ ਸੰਮਤ 1661 ਭਾਦੋਂ ਸੁਦੀ 1 ਨੂੰ ਸਿੱਖਾਂ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਮ੍ਰਿਤਸਰ ਵਿਖੇ ਰਾਮਸਰ ਸਾਹਿਬ ਜੀ ਦੇ ਇਕਾਂਤ ਅਸਥਾਨ ’ਤੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਕਰਨ ਉਪਰੰਤ ਗੁਰੂ-ਘਰ ਦੇ ਪ੍ਰੇਮੀ ਸਿੱਖ ਬਾਬਾ ਬੁੱਢਾ ਜੀ ਨੂੰ ਇਸ ਦੀ ਸੇਵਾ ਲਈ ਗ੍ਰੰਥੀ ਥਾਪਿਆ ਗਿਆ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਵਾਉਣ ਵੇਲੇ ਸਭ ਤੋਂ ਪਹਿਲਾਂ ਅਰੰਭ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਨੂੰ ਲਿਖਵਾਇਆ ਸੀ। ਇਸ ਬਾਣੀ ਦਾ ਨਾਂ ‘ਜਪੁ’ ਹੈ, ‘ਜੀ’ ਸ਼ਬਦ ਸਤਿਕਾਰ ਵਜੋਂ ਲਾਇਆ ਜਾਂਦਾ ਹੈ। ‘ਜਪੁ’ ਦਾ ਅਰਥ ਸਿਮਰਨ ਹੈ। ਸਿਮਰਨ ਸਿੱਖ ਧਰਮ ਦਾ ਧੁਰਾ ਹੈ। ‘ਜਪੁ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰ ਨੂੰ ਇਸ ਮਹਾਨ ਗ੍ਰੰਥ ਵਿਚ ਸਭ ਤੋਂ ਪਹਿਲੇ ਰੱਖਿਆ ਗਿਆ ਹੈ।
ਪੁਰਾਤਨ ਹੱਥ ਲਿਖਤ ਬੀੜਾਂ ਦੇ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸ਼ੁੱਧ ਬਾਣੀ ਲਿਖਣ ਵਿਚ ਬਹੁਤ ਮਾਹਰ ਸਨ। ਉਨ੍ਹਾਂ ਦੀ ਲਿਖਾਈ ਬਹੁਤ ਸੁੰਦਰ ਸੀ। ਉਨ੍ਹਾਂ ਨੇ ਗੁਰਗੱਦੀ ਉੱਤੇ ਬੈਠਣ ਤੋਂ ਪਹਿਲੇ ਬਾਣੀ ਦੀਆਂ ਕਈ ਪੋਥੀਆਂ ਲਿਖੀਆਂ ਸਨ। ਪੁਰਾਤਨ ਹੱਥ-ਲਿਖਤ ਬੀੜਾਂ ਦੇ ਤਤਕਰੇ ਦੇ ਸ਼ੁਰੂ ਵਿਚ ਇਕ ਥਾਂ ਸੂਚਨਾ ਦਰਜ ਹੈ-
‘ਜਪੁ ਸ੍ਰੀ ਗੁਰੂ ਰਾਮਦਾਸ ਜੀਉ ਕਿਆ ਦਸਤਖਤਾਂ ਕੀ ਨਕਲ।’
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਪੁਜੀ ਸਾਹਿਬ ਤੋਂ ਬਾਅਦ ‘ਸੋ ਦਰੁ’ ਦੀ ਬਾਣੀ ਦੇ 5 ਸ਼ਬਦ, ‘ਸੋ ਪੁਰਖੁ’ ਦੇ 4 ਸ਼ਬਦ ਅਤੇ ‘ਸੋਹਿਲਾ’ ਦੇ 5 ਸ਼ਬਦ ਆਦਿ ਬੀੜ ਵਿਚ ਦਰਜ ਕਰਵਾਏ ਸਨ। ਇਸ ਤਰ੍ਹਾਂ ਆਦਿ ਬੀੜ ਦੇ ਅਰੰਭ ਵਿਚ ਜਪੁਜੀ ਤੋਂ ਲੈ ਕੇ ਸੋਹਿਲਾ ਤਕ ਨਿਤਨੇਮ ਦੀਆਂ ਬਾਣੀਆਂ ਦਰਜ ਕਰਵਾਈਆਂ ਸਨ। ਜਪੁਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ, ਸੋ ਦਰੁ ਦਾ ਪਾਠ ਸ਼ਾਮ ਵੇਲੇ ਅਤੇ ਸੋਹਿਲੇ ਦਾ ਪਾਠ ਸੌਣ ਵੇਲੇ ਕਰਨ ਦੀ ਮਰਯਾਦਾ ਹੈ। ਸੋ ਦਰੁ ਦੇ ਸਿਰਲੇਖ ਹੇਠ 9 ਸ਼ਬਦ ਦਰਜ ਹਨ।
ਨਿਤਨੇਮ ਦੀਆਂ ਬਾਣੀਆਂ ਨੂੰ ਦਰਜ ਕਰਨ ਉਪਰੰਤ ਗੁਰੂ ਸਾਹਿਬ ਜੀ ਨੇ ਰਾਗਾਂ ਦੀ ਤਰਤੀਬ ਇਸ ਤਰ੍ਹਾਂ ਬਣਾਈ ਸੀ ਕਿ ਹਰ ਰਾਗ ਵਿਚ ਪਹਿਲਾਂ ਸ਼ਬਦ, ਫਿਰ ਅਸਟਪਦੀਆਂ, ਫਿਰ ਛੰਤ, ਫਿਰ ਸੋਲਹੇ, ਫਿਰ ਵਾਰਾਂ। ਹਰ ਰਾਗ ਵਿਚ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ, ਫਿਰ ਭਗਤ ਸਾਹਿਬਾਨ ਦੀ ਬਾਣੀ ਅੰਕਿਤ ਕੀਤੀ। ਪਹਿਲਾਂ ਸ਼ਬਦ ਮਹਲੇ ਵਾਰ ਲਿਖੇ ਗਏ ਸਨ, ਫਿਰ ਅਸਟਪਦੀਆਂ ਤੇ ਛੰਤ ਲਿਖੇ ਗਏ ਸਨ। ਫਿਰ ਸੋਲਹੇ ਤੇ ਵਾਰਾਂ ਲਿਖੀਆਂ ਗਈਆਂ ਸਨ। ਇਨ੍ਹਾਂ ਦੇ ਪਿੱਛੋਂ ਖਾਸ ਸਿਰਲੇਖ ਵਾਲੀਆਂ ਲੰਬੀਆਂ ਬਾਣੀਆਂ ਦਰਜ ਕੀਤੀਆਂ ਗਈਆਂ ਸਨ, ਉਹ ਬਾਣੀਆਂ ਇਹ ਸਨ-ਗਉੜੀ ਸੁਖਮਨੀ ਮਹਲਾ 5, ਗਉੜੀ ਬਾਵਨ ਅਖਰੀ ਮਹਲਾ 5, ਗਉੜੀ ਬਾਵਨ ਅਖਰੀ ਕਬੀਰ ਜੀ, ਸਿਧ ਗੋਸਟਿ, ਦਖਣੀ ਓਅੰਕਾਰ, ਅਨੰਦ ਸਾਹਿਬ, ਪਟੀ, ਬਾਰਹਮਾਹ ਮਾਝ, ਬਾਰਹਮਾਹ ਤੁਖਾਰੀ। ਫਿਰ ਵਾਰਾਂ ਲਿਖੀਆਂ ਗਈਆਂ। ਵਾਰਾਂ ਪਿੱਛੋਂ ਭਗਤ ਸਾਹਿਬਾਨ ਦੇ ਚੋਣਵੇਂ ਸ਼ਬਦਾਂ ਨੂੰ ਲਿਖਿਆ ਗਿਆ। ਫਿਰ ਰਾਗਾਂ ਪਿੱਛੋਂ ਉਨ੍ਹਾਂ ਬਾਣੀਆਂ ਨੂੰ ਦਰਜ ਕਰਵਾਇਆ ਗਿਆ ਜੋ ਰਾਗ-ਰਹਿਤ ਸਨ। ਉਨ੍ਹਾਂ ਰਾਗ-ਰਹਿਤ ਬਾਣੀਆਂ ਦੀ ਤਰਤੀਬ ਇਸ ਤਰ੍ਹਾਂ ਬਣਾਈ ਗਈ ਸੀ; ਪਹਿਲੇ ਸਹਸਕ੍ਰਿਤੀ ਸਲੋਕ, ਫਿਰ ਗਾਥਾ, ਫਿਰ ਫੁਨਹੇ, ਚਉਬੋਲੇ ਤੇ ਸਵਈਏ। ਇਨ੍ਹਾਂ ਸਵਈਆਂ ਵਿਚ ਭੱਟਾਂ ਦੇ ਸਵਈਏ ਵੀ ਸ਼ਾਮਲ ਕੀਤੇ ਗਏ। ਉਨ੍ਹਾਂ ਨੇ ਫਿਰ ਭਗਤ ਕਬੀਰ ਜੀ ਅਤੇ ਸ਼ੇਖ ਫਰੀਦ ਜੀ ਦੇ ਸਲੋਕ ਲਿਖਵਾਏ। ਇਨ੍ਹਾਂ ਦੇ ਸਲੋਕ ਰਾਗਾਂ ਤੋਂ ਬਾਅਦ ਲਿਖੇ ਗਏ। ਇਨ੍ਹਾਂ ਸਾਰੀਆਂ ਬਾਣੀਆਂ ਨੂੰ ਲਿਖਵਾਉਣ ਉਪਰੰਤ ਸਲੋਕ ਵਾਰਾਂ ਤੋਂ ਵਧੀਕ ਦਰਜ ਕੀਤੇ ਗਏ। ਸਲੋਕ ਵਾਰਾਂ ਤੋਂ ਵਧੀਕ ਉਹ ਸਲੋਕ ਸਨ ਜੋ ਵਾਰਾਂ ਦੇ ਨਾਲ ਦਰਜ ਹੋਣ ਤੋਂ ਬਾਅਦ ਬਚ ਗਏ ਸਨ। ਅਖੀਰ ਵਿਚ ਮੁੰਦਾਵਣੀ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਕੀਤੀ ਗਈ ਸੀ। ਉਨ੍ਹਾਂ ਨੇ ਸਾਰੀ ਬਾਣੀ ਲਗਾਂ-ਮਾਤਰਾਂ ਦੇ ਖਾਸ ਨੇਮਾਂ ਅਨੁਸਾਰ ਲਿਖਵਾਈ ਸੀ। ਆਪ ਜੀ ਪੋਥੀਆਂ ਉੱਤੋਂ ਬਾਣੀ ਬੋਲਦੇ ਸਨ ਅਤੇ ਭਾਈ ਗੁਰਦਾਸ ਜੀ ਲਿਖੀ ਜਾਂਦੇ ਸਨ। ਆਪ ਜੀ ਭਾਈ ਗੁਰਦਾਸ ਜੀ ਨੂੰ ਲਿਖੀ ਜਾ ਚੁਕੀ ਬਾਣੀ ਦੀ ਨਾਲ-ਨਾਲ ਸੋਧ ਕਰਨ ਲਈ ਵੀ ਕਹਿੰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਸੁਧ ਕੀਚੇ’ ਤੇ ‘ਸੁਧ’ ਦੇ ਸੰਕੇਤ ਲਿਖੇ ਮਿਲਦੇ ਹਨ। ਇਨ੍ਹਾਂ ਸੰਕੇਤਾਂ ਤੋਂ ਪਤਾ ਲੱਗਦਾ ਹੈ ਕਿ ਬਾਣੀ ਦੇ ਲਿਖਣ ਪਿੱਛੋਂ ਬਾਣੀ ਦੀ ਸੋਧ ਵੀ ਕੀਤੀ ਜਾਂਦੀ ਸੀ। ਗੁਰੂ ਸਾਹਿਬ ਜੀ ‘ਸੁਧ ਕੀਚੇ’ ਦੇ ਸੰਕੇਤ ਲਿਖਦੇ ਸਨ ਅਤੇ ਭਾਈ ਗੁਰਦਾਸ ਜੀ ਬਾਣੀ ਦੀ ਸੋਧ ਕਰਨ ਉਪਰੰਤ ‘ਸੁਧ’ ਸ਼ਬਦ ਦਾ ਸੰਕੇਤ ਲਿਖ ਦਿੰਦੇ ਸਨ।
ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵੇਲੇ ਸ਼ਬਦ, ਸਲੋਕਾਂ ਅਤੇ ਪਉੜੀਆਂ ਦੇ ਅੰਤ ਵਿਚ ਉਨ੍ਹਾਂ ਦੇ ਜੋੜ ਅੰਕ ਲਿਖੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਸਮੇਂ ਸਾਨੂੰ ਕਈ ਥਾਵਾਂ ’ਤੇ ਅੰਕ (ਹਿੰਦਸੇ) ਲਿਖੇ ਮਿਲਦੇ ਹਨ। ਇਨ੍ਹਾਂ ਅੰਕਾਂ ਦੀ ਬਹੁਤ ਮਹੱਤਤਾ ਹੈ। ਇਹ ਅੰਕ ਕਿਉਂ ਲਿਖੇ ਗਏ ਸਨ? ਗੁਰੂ ਸਾਹਿਬ ਜੀ ਨੇ ਹਰ ਸ਼ਬਦ ਤੋਂ ਪਹਿਲੇ ਅੰਕ ਦਾ ਸੰਕੇਤ ਦਿੱਤਾ ਸੀ ਤਾਂ ਕਿ ਪਤਾ ਲੱਗ ਸਕੇ ਕਿ ਇਸ ਸ਼ਬਦ ਦਾ ਰਚਨਹਾਰਾ ਕੌਣ ਹੈ? ਉਨ੍ਹਾਂ ਨੇ ਗੁਰੂ ਸਾਹਿਬਾਨ ਦੇ ਸ਼ਬਦਾਂ ਅਤੇ ਸਲੋਕਾਂ ਉੱਤੇ ਮਹਲੇ ਦੇ ਸੰਕੇਤ ਲਿਖੇ। ਭਗਤ ਸਾਹਿਬਾਨ ਦੇ ਸ਼ਬਦਾਂ ਅਤੇ ਸਲੋਕਾਂ ਉੱਤੇ ਪਹਿਲੇ ਉਸ ਭਗਤ ਦਾ ਨਾਂ ਲਿਖਿਆ ਜਿਸ ਨੇ ਉਹ ਸ਼ਬਦ ਜਾਂ ਸਲੋਕ ਉਚਾਰਿਆ ਸੀ। ਹਰ ਸ਼ਬਦ ਅਤੇ ਸਲੋਕ ਦੇ ਅਖ਼ੀਰ ਵਿਚ ਅੰਕ ਲਿਖੇ। ਇਨ੍ਹਾਂ ਅੰਕਾਂ ਵਿਚ ਹਰ ਸ਼ਬਦ ਅਤੇ ਸਲੋਕ ਦੀ ਗਿਣਤੀ ਅਤੇ ਸ਼ਬਦਾਂ ਅਤੇ ਸਲੋਕਾਂ ਵਿਚ ਆਏ ਬੰਦਾਂ ਦੀ ਗਿਣਤੀ ਲਿਖੀ ਗਈ ਸੀ। ਇਸ ਤਰ੍ਹਾਂ ਜੋੜ ਅੰਕ ਲਿਖੇ ਜਾਣ ਦਾ ਮੰਤਵ ਸੀ ਕਿ ਕੋਈ ਪੁਰਖ ਅੱਗੋਂ ਲਈ ਗੁਰਬਾਣੀ ਵਿਚ ਰਲਾ ਨਾ ਪਾ ਸਕੇ। ਗੁਰੂ ਸਾਹਿਬ ਜੀ ਗੁਰਬਾਣੀ ਦੀ ਸ਼ੁੱਧਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਚਾਹੁੰਦੇ ਸਨ।
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸਰੂਪ ਸੰਨ 1604 ਵਿਚ ਅੰਮ੍ਰਿਤਸਰ ਵਿਖੇ ਤਿਆਰ ਕਰਵਾਇਆ, ਉਸ ਨੂੰ ‘ਕਰਤਾਰਪੁਰ ਵਾਲੀ ਬੀੜ’ ਕਿਹਾ ਜਾਂਦਾ ਹੈ। ਇਸ ਬੀੜ ਵਿਚ 34 ਮਹਾਂਪੁਰਸ਼ਾਂ ਦੀ ਬਾਣੀ ਦਰਜ ਸੀ। ਪਹਿਲੇ ਪੰਜ ਗੁਰੂ ਸਾਹਿਬਾਨ, ਗਿਆਰ੍ਹਾਂ ਭੱਟ ਸਾਹਿਬਾਨ, ਪੰਦਰਾਂ ਭਗਤ ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਅੰਕਿਤ ਕੀਤੀ ਗਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਮੂਲ ਆਦਿ ਬੀੜ ਵਿਚ ਗੁਰੂ ਸਾਹਿਬਾਨ ਦੇ ਸ਼ਬਦ-ਸਲੋਕ 4839 ਅੰਕਿਤ ਕੀਤੇ ਸਨ ਅਤੇ ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁਰਸਿੱਖਾਂ ਦੇ 924 ਸ਼ਬਦ- ਸਲੋਕ ਅੰਕਿਤ ਕੀਤੇ ਸਨ। ਇਨ੍ਹਾਂ ਸਾਰੇ ਸ਼ਬਦਾਂ-ਸਲੋਕਾਂ ਦਾ ਜੋੜ 4763 ਹੋ ਗਿਆ ਸੀ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਜ਼ੂਰੀ ਸਿੱਖ ਭਾਈ ਮਨੀ ਸਿੰਘ ਜੀ ਤੋਂ ਸੰਨ 1706 ਵਿਚ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੂਲ ਆਦਿ ਬੀੜ ਨੂੰ ਦੁਬਾਰਾ ਲਿਖਵਾਇਆ ਸੀ। ਉਨ੍ਹਾਂ ਦੀ ਲਿਖਵਾਈ ਇਸ ਬੀੜ ਨੂੰ ‘ਦਮਦਮੀ ਬੀੜ’ ਕਿਹਾ ਜਾਂਦਾ ਹੈ। ਉਨ੍ਹਾਂ ਨੇ ਦਮਦਮੀ ਬੀੜ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਅਤੇ 57 ਸਲੋਕ ਦਰਜ ਕਰਵਾਏ ਸਨ। ਇਸ ਤਰ੍ਹਾਂ ਉਨ੍ਹਾਂ ਦੀ ਲਿਖਵਾਈ ਹੋਈ ਦਮਦਮੀ ਬੀੜ ਵਿਚ ਪਹਿਲੀ ਆਦਿ ਬੀੜ ਨਾਲੋਂ 116 ਸ਼ਬਦ ਸਲੋਕ ਹੋਰ ਵਧ ਗਏ ਸਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਿਖਵਾਈ ਹੋਈ ਕਰਤਾਰਪੁਰ ਵਾਲੀ ਆਦਿ ਬੀੜ ਕਰਤਾਰਪੁਰ ਵਿਖੇ ਸੋਢੀ ਧੀਰਮੱਲ ਕੋਲ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਬੀੜ ਵਿਚ ਯੋਗ ਥਾਵਾਂ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਨੂੰ ਕਰਤਾਰਪੁਰ ਵਿਖੇ ਧੀਰਮੱਲ ਕੋਲ ਭੇਜਿਆ ਸੀ ਤਾਂ ਜੋ ਉਸ ਤੋਂ ਬੀੜ ਪ੍ਰਾਪਤ ਕੀਤੀ ਜਾ ਸਕੇ। ਧੀਰਮੱਲ ਨੇ ਭਾਈ ਮਨੀ ਸਿੰਘ ਜੀ ਨੂੰ ਬੀੜ ਨਹੀਂ ਦਿੱਤੀ ਸੀ। ਗੁਰੂ ਜੀ ਨੇ ਆਪਣੇ ਜਤਨਾਂ ਨਾਲ ਭਾਈ ਮਨੀ ਸਿੰਘ ਜੀ ਤੋਂ ਇਹ ਬੀੜ ਤਿਆਰ ਕਰਵਾਈ ਸੀ। ਉਨ੍ਹਾਂ ਨੇ ਆਪਣੀ ਤਿਆਰ ਕਰਵਾਈ ਬੀੜ ਵਿਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਰਾਗਾਂ ਵਿਚ ਯੋਗ ਥਾਵਾਂ ’ਤੇ ਦਰਜ ਕਰਵਾਈ ਸੀ। ਉਨ੍ਹਾਂ ਨੇ ਆਪਣੀ ਬੀੜ ਨੂੰ ਲਿਖਵਾਉਣ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਮੂਲ ਬੀੜ ਦੀ ਕਾਇਮ ਕੀਤੀ ਤਰਤੀਬ ਨੂੰ ਉਵੇਂ ਹੀ ਕਾਇਮ ਰੱਖਿਆ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕਰ ਕੇ ਖ਼ਾਲਸੇ ਦਾ ਨਿਰਾਲਾ ਸਰੂਪ ਸਾਕਾਰ ਕੀਤਾ ਸੀ। ਉਨ੍ਹਾਂ ਨੇ ਆਪਣੇ ਖ਼ਾਲਸੇ ਨੂੰ ਸ਼ਬਦ-ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਸ਼ਰਧਾ ਲਿਆਉਣ ਲਈ ਕਿਹਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲੇ 1765 ਬਿਕ੍ਰਮੀ, 6 ਕੱਤਕ ਨਾ. ਸੰ. 240 (1708 ਈ.) ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਪੰਥ ਨੂੰ ਸਦਾ ਵਾਸਤੇ ਇਸ ਦੇ ਤਾਬੇ ਕਰ ਦਿੱਤਾ ਸੀ। ਉਨ੍ਹਾਂ ਨੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਖ਼ਤਮ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਂਦੇੜ ਦੱਖਣ ਵਿਖੇ ਸਿੱਖਾਂ ਦੇ ਭਾਰੀ ਇਕੱਠ ਵਿਚ ਗੁਰਗੱਦੀ ਦਿੱਤੀ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨੋਰਥ ਅਜਿਹੇ ਗ੍ਰੰਥ ਦੀ ਸਿਰਜਨਾ ਕਰਨਾ ਸੀ ਜਿਸ ਤੋਂ ਗੁਰਮਤਿ ਦੀ ਸੇਧ ਮਿਲ ਸਕੇ। ਉਨ੍ਹਾਂ ਦਾ ਮਨੋਰਥ ਅਜਿਹੇ ਗ੍ਰੰਥ ਦੀ ਸੰਪਾਦਨਾ ਕਰਨਾ ਸੀ ਜਿਸ ਰਾਹੀਂ ਗੁਰਮਤਿ ਦੇ ਸਿਧਾਂਤ ਪ੍ਰਗਟਾਏ ਜਾਣ। ਉਨ੍ਹਾਂ ਨੇ ਹਰ ਇਕ ਤੁਕ ਤੇ ਸ਼ਬਦ, ਹਰ ਇਕ ਵਾਕ ਪੂਰੀ ਤਰ੍ਹਾਂ ਘੋਖ-ਪੜਤਾਲ ਕਰ ਕੇ ਠੀਕ ਥਾਂ ’ਤੇ ਦਰਜ ਕੀਤਾ ਸੀ। ਉਨ੍ਹਾਂ ਨੇ ਸਿਰਫ਼ ਉਨ੍ਹਾਂ ਭਗਤ ਸਾਹਿਬਾਨ, ਭੱਟ ਸਾਹਿਬਾਨ, ਗੁਰਸਿੱਖਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਕੀਤੀ ਸੀ ਜਿਨ੍ਹਾਂ ਦੇ ਸਿਧਾਂਤ ਸਿੱਖ ਗੁਰੂ ਸਾਹਿਬਾਨ ਨਾਲ ਮੇਲ ਖਾਂਦੇ ਸਨ। ਪੀਲੂ, ਕਾਹਨਾ, ਛੱਜੂ ਭਗਤ ਤੇ ਸ਼ਾਹ ਹੁਸੈਨ ਜੋ ਗੁਰਮਤਿ ਤੋਂ ਵੱਖਰੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ, ਉਨ੍ਹਾਂ ਦੀਆਂ ਰਚਨਾਵਾਂ ਉਨ੍ਹਾਂ ਨੇ ਸ੍ਰੀ ਗੁਰੂ ਗੰਥ ਸਾਹਿਬ ਜੀ ਵਿਚ ਸ਼ਾਮਲ ਨਹੀਂ ਕੀਤੀਆਂ ਸਨ। ਭਗਤ ਸਾਹਿਬਾਨ ਦੀਆਂ ਕੇਵਲ ਉਹੀ ਰਚਨਾਵਾਂ ਚੁਣੀਆਂ ਸਨ ਜੋ ਸਿੱਖ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨਾਲ ਮੇਲ ਖਾਂਦੀਆਂ ਸਨ। ਭਗਤ ਸਾਹਿਬਾਨ ਦੀ ਬਾਣੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਦਾ ਆਸ਼ਾ ਇੱਕੋ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਜੋ ਸ਼ਬਦ-ਜੋੜ ਅਤੇ ਲਗਾਂ-ਮਾਤਰਾਂ ਦੇ ਖਾਸ ਨੇਮ ਮਿਥੇ ਸਨ ਉਹੋ ਨੇਮ ਉਨ੍ਹਾਂ ਨੇ ਭਗਤ ਸਾਹਿਬਾਨ ਦੀ ਬਾਣੀ ਲਈ ਵੀ ਵਰਤੇ ਸਨ।
ਲੇਖਕ ਬਾਰੇ
ਮਕਾਨ ਨੰ: 67, ਸੈਕਟਰ 9, ਖਰੜ ਪੰਜਾਬ
- ਗਿਆਨੀ ਜਸਮੇਰ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%9c%e0%a8%b8%e0%a8%ae%e0%a9%87%e0%a8%b0-%e0%a8%b8%e0%a8%bf%e0%a9%b0%e0%a8%98/December 1, 2008