ਸੋਧ ਜ਼ਾਲਮਾਂ, ਸੂਰਮਾ ਸਿੰਘ ਜੋਧਾ, ਸਿੱਖ-ਰਾਜ ਮੋਢੀ ਬਣਿਆ ਸਿੰਘ ਬੰਦਾ।
ਵਾਦੀ ਵਿਚ ਕਸ਼ਮੀਰ ਸੀ ਜਨਮਿਆ ਉਹ, ਰਾਮਦੇਵ ਘਰ, ਚੰਗੇ ਭਾਗ ਬੰਦਾ।
ਪਹਿਲਾ ਨਾਮ ਸੀ ਲਛਮਣ ਦੇਵ ਉਸ ਦਾ, ਬਣਿਆ ਬਾਅਦ ਜੋ ਨਾਲ ਸੁਭਾਗ ਬੰਦਾ।
ਪਾਲ ਸ਼ੌਕ ਸ਼ਿਕਾਰ ਦਾ ਹੋ ਵੱਡਾ, ਸਿਰੀਓਂ ਨੱਪਦਾ ਨੌਂ ਗਜੇ ਨਾਗ ਬੰਦਾ।
ਹਰਨੀ ਮਾਰ, ਤੱਕ ਤੜਪਦੇ ਪੇਟ ਬੱਚੇ, ਗਾ ਉਠਿਆ ਗ਼ਮੀ ਦਾ ਰਾਗ ਬੰਦਾ।
ਪਸਚਾਤਾਪ ਕਰ ਹੋਇਆ ਉਦਾਸ ਫਿਰਦਾ, ਵਾਂਗ ਬੌਰਿਆਂ ਵਿਚ ਵੈਰਾਗ ਬੰਦਾ।
ਸੁੱਟ ਤੀਰ ਕਮਾਨ ਛੱਡ ਮਾਸ-ਬੋਟੀ, ਲੱਗਾ ਖਾਣ ‘ਵੈਰਾਗੀ’ ਬਣ, ਸਾਗ ਬੰਦਾ।
ਦੱਖਣ-ਦੇਸ, ਗੋਦਾਵਰੀ ਦੂਰ ਕੰਢੇ, ਵੱਸਿਆ ਨੇੜ ਨਾਦੇੜ ਜਾ ਬਾਗ਼ ਬੰਦਾ।
ਮਾਧੋ ਦਾਸ ਵੈਰਾਗੀ ਅਖਵਾ ਧੁੰਮੇ, ਡੇਰਾ ਥਾਪ ਰਚਾਂਵਦਾ ਸਵਾਂਗ ਬੰਦਾ।
ਦਸਮ-ਪਿਤਾ ਦਾ ਜਦੋਂ ਦੀਦਾਰ ਕੀਤਾ, ਆਖੇ ‘ਵਾਹ’ ਹੋਇਆ ਬਾਗ਼ੋ-ਬਾਗ਼ ਬੰਦਾ।
‘ਦਯਾ ਕਰੋ ਦਾਤਾ! ਬਖ਼ਸ਼ੋ ਦਾਤ ਸਿੱਖੀ, ਤੇਰਾ ਹੋ ਗਿਆ ਹੋਰ ਸਭ ਤਿਆਗ ਬੰਦਾ’।
ਪਾਰਸ ਪਰਸ ਲੋਹਾ, ਹੋਇਆ ਰੂਪ ਸੋਨਾ, ਬਣਿਆ ਪਾਹੁਲ ਛਕ ਪੂਰਾ ਬੇਦਾਗ਼ ਬੰਦਾ।
ਸੋਧ ਜ਼ਾਲਮਾਂ, ਸੂਰਮਾ ਸਿੰਘ ਜੋਧਾ, ਸਿੱਖ-ਰਾਜ ਮੋਢੀ ਬਣਿਆ ਸਿੰਘ ਬੰਦਾ।
ਲੈ ਕੇ ਥਾਪੜਾ ਗੁਰੂ ਦਸਮੇਸ਼ ਜੀ ਤੋਂ, ਲਕਬ ਲੈ ‘ਬਹਾਦਰ’ ਖ਼ਿਤਾਬ ਬੰਦਾ।
ਆਖ਼ਰ ਆਗਿਆ ਲੈਣ ਦਰਬਾਰ ਅੰਦਰ, ਲੱਗਾ ਅਦਬ ਨਾਲ ਕਰਨ ਆਦਾਬ ਬੰਦਾ।
ਚਰਨੀਂ ਸੀਸ ਧਰ ਮਿਹਰ ਅਸੀਸ ਮੰਗੇ, ‘ਭਰਿਆ ਔਗਣਾਂ ਹਾਂ ਬੇਹਿਸਾਬ ਬੰਦਾ’।
ਕਿਹਾ ਧੂੜ ਲਾ ਗੁਰਾਂ ਦੀ ਨਾਲ ਮੱਥੇ, ‘ਕਰਨਾ ਗੁਰੂ ਜੀ ਤੁਸਾਂ ਕਾਮਯਾਬ ਬੰਦਾ’।
ਬਖ਼ਸ਼ਸ਼-ਗੁਰੂ ਲੈ ਤੀਰ ਪੰਜ, ਤੇਗ਼ ਨੇਜ਼ਾ, ਫੁਰਤੀ ਨਾਲ ਰੱਖ ਪੈਰ ਰਕਾਬ ਬੰਦਾ।
ਸਿੰਘ ਗਰਜਿਆ ਫਤ੍ਹੇ ਗਜਾ ਸੂਰਾ, ਚੜ੍ਹਿਆ ਕੂਚ ਕਰ ਵੱਲ ਪੰਜਾਬ ਬੰਦਾ।
ਸਿਦਕੀ ਸੂਰਮੇ ਸਿੱਖੀ ਦੀ ਸੋਚ ਵਾਲੇ, ਤੁਰੇ ਨਾਲ ਮੰਨ ਆਗੂ ਪ੍ਰਭਾਵ ਬੰਦਾ।
ਵੱਢਣ ਲਈ ਗ਼ੁਲਾਮੀ ਦੇ ਸੰਗਲ਼ਾਂ ਨੂੰ, ਸਣੇ ਸਾਥੀਆਂ ਹੋਇਆ ਬੇਤਾਬ ਬੰਦਾ।
ਸੋਨੀਪਤ, ਸਮਾਣਾ, ਘੁੜਾਮ ਵਰ੍ਹਿਆ, ਸਿਰ ਜ਼ਾਲਮਾਂ ਮੀਂਹ-ਤੇਜ਼ਾਬ ਬੰਦਾ।
ਵੱਢ ਸਿਰ ਸਰਹਿੰਦ, ਵਜ਼ੀਰ ਖਾਂ ਦਾ, ਤੋਲ ਤੋਲ ਪਿਆ ਕਰੇ ਹਿਸਾਬ ਬੰਦਾ।
ਵੰਡੇ ਵਿਚ ਜ਼ਮੀਨਾਂ ਮੁਜ਼ਾਰਿਆਂ ਦੇ, ਛਾਂਗੇ ਵਾਂਗ ਜ਼ਾਲਮ ਗੰਨੇ-ਆਗ ਬੰਦਾ।
ਸੋਧ ਜ਼ਾਲਮਾਂ, ਸੂਰਮਾ ਸਿੰਘ ਜੋਧਾ, ਸਿੱਖ-ਰਾਜ ਮੋਢੀ ਬਣਿਆ ਸਿੰਘ ਬੰਦਾ।
ਸੀਮਤ ਸਮਾਂ ਹੀ ਰਾਜ-ਪ੍ਰਬੰਧ ਭਾਵੇਂ, ਸਿੱਕਾ ਕਾਇਮ ਕੀਤਾ ਗੁਰਾਂ-ਨਾਮ ਪੂਰਾ।
ਇੱਕੋ ਜਿਹਾ ਵਰਤਾਵ ਸਭ ਨਾਲ ਕੀਤਾ, ਸਿੰਘ, ਰਾਮ ਹੋਵੇ, ਭਾਵੇਂ ਕੋਈ ਨੂਰਾ।
ਗਿਆ ਘੇਰਿਆ ਅੰਤ ਗੁਰਦਾਸ ਨੰਗਲ਼, ਗੜ੍ਹੀ ਵਿਚ ਸੰਗ ਸਾਥੀਆਂ ਸ਼ੇਰ ਸੂਰਾ।
ਘੇਰੇ ਕਈ ਮਹੀਨਿਆਂ ਬਾਅਦ ਬੰਦੀ, ਭੁੱਖੇ ਸਿੰਘਾਂ ਦਾ ਗਿਆ ਹੋ ਪੂਰ ਪੂਰਾ।
ਬੰਦੀ ਸੱਤ ਸੌ ਸਿੰਘਾਂ ਜੁਝਾਰੂਆਂ ਨੂੰ, ਨੂੜ ਊਠਾਂ ’ਤੇ, ਪਿੱਛੇ ਨੂੰ ਕਰ ਮੂਰ੍ਹਾ।
ਦਾਖ਼ਲ ਦਿੱਲੀ ਲੈ ਕਾਫ਼ਲਾ ਹੋਏ ਵੈਰੀ, ਪਏ ਪਿੰਜਰੇ ਬੰਦੇ ਨਾ ਕੋਈ ਝੂਰਾ।
ਬੰਦੇ ਸਾਹਮਣੇ ਕਤਲ ਸਭ ਸਿੰਘ ਕੀਤੇ, ਝੁਕਿਆ ਕੋਈ ਨਾ ਗੁਰੂ ਦਾ ਸਿੰਘ ਸੂਰਾ।
ਜ਼ਾਲਮ ਆਖਦੇ, ‘ਬੰਦਿਆ! ਈਨ ਮੰਨ ਲੈ, ਨਹੀਂ ਤਾਂ ਕਰਾਂਗੇ ਤੇਰੇ ਵੀ ਹੱਡ ਚੂਰਾ”।
ਪੁੱਤਰ ਅਜੈ ਦਾ ਬੰਦੇ ਦੇ ਮੂੰਹ ਪਾਇਆ, ਚੀਰ ਤੜਫਦਾ ਕਾਲ਼ਜਾ ਕੱਢ ਪੂਰਾ।
ਮਾਸ ਤੱਤੇ ਜਮੂਰਾਂ ਨਾਲ ਨੋਚਿਆ ਫਿਰ, ਅੱਖਾਂ ਕੱਢੀਆਂ ਗੱਡ ਕੇ ਕਿੱਲ੍ਹ ਦੂਹਰਾ।
ਅੰਤ ਜਾਮ ਸ਼ਹੀਦੀ ਪੀ, ਲਾ ਗਿਆ ਉਹ, ਸਿੱਖੀ-ਸਿਦਕ ਕੁਰਬਾਨੀ ਦੀ ਜਾਗ ਬੰਦਾ।
ਸੋਧ ਜ਼ਾਲਮਾਂ, ਸੂਰਮਾ ਸਿੰਘ ਜੋਧਾ, ਸਿੱਖ-ਰਾਜ ਮੋਢੀ ਬਣਿਆ ਸਿੰਘ ਬੰਦਾ।
ਲੋਕਤੰਤਰੀ-ਢਾਂਚੇ ਦੇ ਮੋਢੀਆ ਓਏ, ਊਝਾਂ ਉਲਟੀਆਂ ਤੇਰੇ ’ਤੇ ਲਾਣ ਲੋਕੀਂ।
ਬੇਬੁਨਿਆਦ-ਬਹਾਨੇ ਘੜ ਬੇਲੋੜੇ, ਪਰਬਤ ਰਾਈ ਦੇ ਐਵੇਂ ਬਣਾਣ ਲੋਕੀਂ।
‘ਬੰਦਾ-ਇ-ਗੁਰੂ’ ਦਾ ਭਾਵ ਵੀ ਬਦਲ ਕੇ ਤੇ, ਗੁਰੂ ਬਣਨ ਦਾ ਦੋਸ਼ ਸੁਣਾਣ ਲੋਕੀਂ।
ਬਦਲਾ ਲਊ ਜ਼ਾਲਮ ਜਾਂ ਫਿਰ ਆਖ ਡਾਕੂ, ਅਸਲ ਅਕਸ ਪਏ ਤੇਰਾ ਝੁਠਲਾਣ ਲੋਕੀਂ।
ਸੀਮਤ ਸਿਰਫ਼ ‘ਵੈਰਾਗੀ’ ਵਿਚ ‘ਵਰਗ’ ਤੈਨੂੰ, ਪਕੜ ਘੇਰ ਮੁੜ ਕੁੱਜੇ ਪਏ ਪਾਣ ਲੋਕੀਂ।
ਸੋਚ-ਖਾਲਸਾਈ ਸਾਂਝੀਵਾਲਤਾ ਦੀ, ਸੌੜੀ ਸੋਚ ਹਿਤ ਲੱਗੇ ਲੁਕਾਣ ਲੋਕੀਂ।
ਜੱਗ ਤੋਂ ਆਮ ਪ੍ਰਾਣੀ ਦੇ ਜਾਣ ਪਿੱਛੋਂ, ‘ਬੜਾ ਚੰਗਾ ਸੀ’ ਮੁੱਖੋਂ ਫੁਰਮਾਣ ਲੋਕੀਂ।
ਐਪਰ ਤੇਰੇ ਤਾਂ ਆਪਾ ਕਟਵਾਉਣ ’ਤੇ ਵੀ, ਤਰ੍ਹਾਂ ਤਰ੍ਹਾਂ ਦੀਆਂ ਤੋਮ੍ਹਤਾਂ ਲਾਣ ਲੋਕੀਂ।
ਗਾਥਾ ਸੂਰਮਗਤੀ ਦੀ ਪਾਣ ਲੋਕੀਂ, ਕਦਰਦਾਨ ਕੁਝ ਕਹਿਣ ਵਿਦਵਾਨ ਲੋਕੀਂ।
ਸੂਰਜ ਸੱਚ ਹੁਣ ਹੋਰ ਨਹੀਂ ਕਜ ਹੋਣਾ, ਖੋਲ੍ਹਣ ਲੱਗ ਪਏ ਆਖ਼ਰ ਜ਼ੁਬਾਨ ਲੋਕੀਂ।
ਬੁਝਣ ਜੋਤ ਨਹੀਂ ਖਾਲਸਾਈ-ਸੋਚ ਦਿੱਤੀ, ਭਾਵੇਂ ਬੁਝ ਗਿਆ ਘਰ-ਚਿਰਾਗ਼ ਬੰਦਾ।
ਸੋਧ ਜ਼ਾਲਮਾਂ, ਸੂਰਮਾ ਸਿੰਘ ਜੋਧਾ, ਸਿੱਖ-ਰਾਜ ਮੋਢੀ ਬਣਿਆ ਸਿੰਘ ਬੰਦਾ।
ਲੇਖਕ ਬਾਰੇ
#3838 Kamloops Street, Vancouver BC Canada V5R 6A6
- ਸ. ਕੁਲਵੰਤ ਸਿੰਘhttps://sikharchives.org/kosh/author/%e0%a8%b8-%e0%a8%95%e0%a9%81%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/November 1, 2008
- ਸ. ਕੁਲਵੰਤ ਸਿੰਘhttps://sikharchives.org/kosh/author/%e0%a8%b8-%e0%a8%95%e0%a9%81%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/November 1, 2008
- ਸ. ਕੁਲਵੰਤ ਸਿੰਘhttps://sikharchives.org/kosh/author/%e0%a8%b8-%e0%a8%95%e0%a9%81%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/August 1, 2009