ਮਹਾਰਾਜਾ ਦਲੀਪ ਸਿੰਘ ਦਾ ਹਿੰਦ ਨੂੰ ਜਾਣਾ
ਦਸੰਬਰ, 1860 ਵਿਚ ਮਹਾਰਾਜੇ ਨੇ ਹਿੰਦੁਸਤਾਨ ਨੂੰ ਜਾਣ ਦਾ ਬੰਦੋ-ਬਸਤ ਕਰ ਲਿਆ। ਜਾਣ ਦੇ ਦੋ ਕਾਰਨ ਸਨ, ਇਕ ਸ਼ੇਰ ਦਾ ਸ਼ਿਕਾਰ ਕਰਨਾ ਤੇ ਦੂਜਾ, ਮਹਾਰਾਣੀ ਦਾ ਸਰਕਾਰੀ ਇਲਾਕੇ ਵਿਚ ਰਹਿਣ ਦਾ ਪ੍ਰਬੰਧ ਕਰਨਾ। ਇਸ ਵੇਲੇ ਮਹਾਰਾਜਾ ਆਪਣੀ ਮਾਂ ਨੂੰ ਮਿਲਣ ਵਾਸਤੇ ਬਿਹਬਲ ਹੋਇਆ-ਹੋਇਆ ਸੀ। ਉਹ ਪੰਜਾਬ ਵਿਚ ਜਾ ਕੇ ਆਪਣੀ ਜਨਮ-ਭੂਮੀ ਲਾਹੌਰ ਅਤੇ ਗੁਰੂ ਰਾਮਦਾਸ ਜੀ ਦਾ ਪਵਿੱਤਰ ਧਰਮ ਅਸਥਾਨ-ਸ੍ਰੀ ਅੰਮ੍ਰਿਤਸਰ ਵੀ ਵੇਖਣਾ ਚਾਹੁੰਦਾ ਸੀ, ਜਿਨ੍ਹਾਂ ਦਾ ਜ਼ਿਕਰ ਉਹ ਕਿਤਾਬਾਂ ਵਿਚ ਪੜ੍ਹਦਾ ਸੀ।
ਗਵਰਨਰ-ਜਨਰਲ ਦੀ ਚਿੱਠੀ ਪੁੱਜੀ, “ਮਹਾਰਾਜਾ ਹਿੰਦੁਸਤਾਨ ਆ ਸਕਦਾ ਹੈ ਪਰ ਪੰਜਾਬ ਵਿਚ ਨਹੀਂ ਜਾ ਸਕਦਾ। ਉਹ ਆਪਣੀ ਮਾਂ ਨੂੰ ਵੀ ਮਿਲ ਸਕਦਾ ਹੈ। ਉਹ ਅੰਨ੍ਹੀ ਹੋ ਚੁੱਕੀ ਹੈ।”
ਮਹਾਰਾਜਾ ਕਲਕੱਤੇ
ਮਹਾਰਾਜਾ ਜਨਵਰੀ ਦੇ ਅਖੀਰ (1861 ਈ.) ਵਿਚ ਕਲਕੱਤੇ ਪੁੱਜਾ। ਜਹਾਜ਼ੋਂ ਉਤਰਨ ’ਤੇ 21 ਤੋਪਾਂ ਦੀ ਸਲਾਮੀ ਹੋਈ। ਕਲਕੱਤੇ ਵਿਚ ਉਹ ਸਪੈਨਸਿਜ਼ ਹੋਟਲ ਵਿਚ ਉਤਰਿਆ।
ਜਨਵਰੀ, 1861 ਨੂੰ ਲਾਗਨ ਨੇ ਆਪਣੇ ਨਾਂ ਦਾ ਇਕ ਹੋਰ ਮੁਖਤਾਰਨਾਮਾ ਬਣਾ ਕੇ ਮਹਾਰਾਜੇ ਦੀ ਸਹੀ ਵਾਸਤੇ ਕਲਕੱਤੇ ਭੇਜਿਆ, ਮਹਾਰਾਜੇ ਸਹੀ ਪਾ ਦਿੱਤੀ, ਪਰ ਗੌਰਮਿੰਟ ਨੇ ਇਹ ਨਾ-ਮਨਜ਼ੂਰ ਕਰ ਦਿੱਤਾ।
ਦਲੀਪ ਸਿੰਘ ਦਾ ਕਲਕੱਤੇ ਆਉਣਾ ਸੁਣ ਕੇ ਉਸ ਦੇ ਬਹੁਤ ਸਾਰੇ ਪੁਰਾਣੇ ਦੇਸੀ ਨੌਕਰ ਉਦਾਲੇ ਆ ਇਕੱਠੇ ਹੋਏ ਤੇ ਰੰਗ-ਰੰਗ ਦੇ ਸਵਾਲ ਪੁੱਛਣ ਲੱਗੇ। ਸ਼ਹਿਜ਼ਾਦਾ ਸ਼ਿਵਦੇਵ ਸਿੰਘ ਵੀ ਏਥੇ ਆ ਕੇ ਮਹਾਰਾਜੇ ਨੂੰ ਮਿਲਿਆ। ਦੋਵੇਂ ਚਾਚਾ ਭਤੀਜਾ ਚਿਰ ਪਿੱਛੋਂ ਵਿਛੜੇ ਮਿਲੇ।
ਜਿੰਦਾਂ ਤੇ ਜੰਗ-ਬਹਾਦਰ
ਮਹਾਰਾਣੀ ਜਿੰਦ ਕੌਰ ਨੂੰ ਨੇਪਾਲ ਦਰਬਾਰ ਨੇ ਆਸਰਾ ਦਿੱਤਾ ਤੇ 20 ਹਜ਼ਾਰ ਰੁਪਏ ਸਾਲਾਨਾ ਪੈਨਸ਼ਨ ਲਾ ਦਿੱਤੀ ਸੀ। ਅਮਲੀ ਤੌਰ ’ਤੇ ਜਿੰਦਾਂ ਇਥੇ ਕੈਦਣ ਸੀ। ਹੁਣ ਨੇਪਾਲ ਦੇ ਰਾਣਾ ਜੰਗ ਬਹਾਦਰ ਨੂੰ ਜਿੰਦ ਕੌਰ ਦਾ ਏਥੇ ਰਹਿਣਾ ਭਾਰ ਪ੍ਰਤੀਤ ਹੋ ਰਿਹਾ ਸੀ। ਉਹ ਕਿਸੇ ਨਾ ਕਿਸੇ ਬਹਾਨੇ ਮਹਾਰਾਣੀ ਤੋਂ ਖਲਾਸੀ ਪਾਉਣੀ ਚਾਹੁੰਦਾ ਸੀ, ਤਾਂ ਕਿ ਉਸ ਨੂੰ 20 ਹਜ਼ਾਰ ਸਾਲਾਨਾ ਦੇਣਾ ਨਾ ਪਵੇ। ਸੋ ਉਸ ਨੇ ਮਹਾਰਾਣੀ ਨੂੰ ਹੁਕਮ ਦਿੱਤਾ ਕਿ ਜੇ ਉਹ ਇਕ ਵਾਰ ਨੇਪਾਲ ਤੋਂ ਬਾਹਰ ਗਈ, ਤਾਂ ਮੁੜ ਕੇ ਏਥੇ ਆਸਰਾ ਨਹੀਂ ਦਿੱਤਾ ਜਾਵੇਗਾ।
ਦਲੀਪ ਸਿੰਘ ਨੇ ਕਲਕੱਤੇ ਆਉਂਦਿਆਂ ਹੀ ਆਪਣੀ ਮਾਤਾ ਨੂੰ ਲੈਣ ਵਾਸਤੇ ਆਦਮੀ ਭੇਜ ਦਿੱਤੇ। ਜਿਸ ਪੁੱਤਰ ਦੀ ਯਾਦ ਵਿਚ ਜਿੰਦ ਕੌਰ ਨੇ ਰੋ-ਰੋ ਕੇ ਅੱਖਾਂ ਦੀ ਜੋਤ ਵੀ ਗੁਆ ਲਈ ਸੀ (ਇਸ ਵੇਲੇ ਉਹ ਬਿਲਕੁਲ ਅੰਨ੍ਹੀ ਹੋ ਚੁਕੀ ਸੀ), ਉਸ ਦਾ ਨਾਂ ਸੁਣਿਆ ਤਾਂ ਸਭ ਕੁਛ ਭੁਲਾ ਕੇ ਉਸ ਨੂੰ ਮਿਲਣ ਵਾਸਤੇ ਤਿਆਰ ਹੋ ਪਈ। ਜੰਗ ਬਹਾਦਰ ਵੱਲੋਂ ਫਿਰ ਤਾੜਨਾ ਕੀਤੀ ਗਈ ਕਿ ਜੇ ਮਹਾਰਾਣੀ ਨੇ ਇਕ ਵਾਰ ਨੇਪਾਲ ਦੀ ਹੱਦੋਂ ਬਾਹਰ ਪੈਰ ਧਰਿਆ, ਤਾਂ ਫਿਰ ਵਾਪਾਸ ਏਥੇ ਨਹੀਂ ਆ ਸਕੇਗੀ ਤੇ ਨਾ ਹੀ ਨੇਪਾਲ ਦਰਬਾਰ ਵੱਲੋਂ ਉਸ ਨੂੰ ਕੋਈ ਗੁਜ਼ਾਰਾ ਦਿੱਤਾ ਜਾਵੇਗਾ। ਏਧਰੋਂ ਮਹਾਰਾਣੀ ਨੂੰ ਜੁਆਬ ਮਿਲ ਗਿਆ ਤੇ ਅੰਗਰੇਜ਼ ਸਰਕਾਰ ਵੱਲੋਂ ਕਿਸੇ ਸਹਾਇਤਾ ਦੀ ਆਸ ਨਹੀਂ ਸੀ। ਫਿਰ ਵੀ ਉਹ ਕਲਕੱਤੇ ਨੂੰ ਤਿਆਰ ਹੋ ਪਈ। ਆਪਣੇ ਪੁੱਤਰ ਨੂੰ ਮਿਲਣ ਵਾਸਤੇ ਉਹ ਐਨੀ ਬਿਹਬਲ ਹੋ ਚੁੱਕੀ ਸੀ ਕਿ ਜੇ ਇਸ ਬਦਲੇ ਉਹਨੂੰ ਕਈ ਜਨਮ ਦਾ ਦੋਜ਼ਖ ਵੀ ਸਾਹਮਣੇ ਨਜ਼ਰ ਆਉਂਦਾ, ਤਾਂ ਵੀ ਉਹ ਪਿੱਛੇ ਨਾ ਹਟਦੀ।
ਜਿੰਦਾਂ ਕਲਕੱਤੇ ਨੂੰ
ਦੁਖੀ ਮਹਾਰਾਣੀ ਕਲਕੱਤੇ ਨੂੰ ਤੁਰੀ ਜਾ ਰਹੀ ਸੀ। ਉਹਦੇ ਮਨ ਵਿਚ ਕਈ ਆਉਂਦੀਆਂ ਸਨ। ਉਹ ਦਿਲ ਹੀ ਦਿਲ ਵਿਚ ਸੋਚਦੀ-
‘ਦਲੀਪ! ਤੂੰ ਨਵਾਂ ਕੁ ਮਹੀਨਿਆਂ ਦਾ ਸੈਂ, ਜਦ ਤੇਰੇ ਪਿਤਾ ਜੀ ਪਰਲੋਕ ਸਿਧਾਰ ਗਏ। ਤੇਰੇ ਚੰਨ-ਮੁਖੜੇ ਦੀ ਪਲ ਭਰ ਦੀ ਮੁਸਕੁਰਾਹਟ ਵੇਖਣ ਬਦਲੇ ਮੈਂ ਉਮਰ ਭਰ ਦਾ ਰੰਡੇਪਾ ਪਰਵਾਨ ਕਰ ਲਿਆ। ਤੂੰ ਪੰਜਾਂ ਵਰ੍ਹਿਆਂ ਦਾ ਸੈਂ, ਜਦ ਨਸੀਬ ਨੇ ਤੈਨੂੰ ਮਹਾਰਾਜਾ ਬਣਾ ਦਿੱਤਾ। ਮੈਂ ਹੱਥੀਂ ਕਲਗੀ ਲਾ ਕੇ ਤੈਨੂੰ ਖਾਲਸਾ ਰਾਜ ਦੇ ਤਖ਼ਤ ’ਤੇ ਬੈਠਣ ਵਾਸਤੇ ਘੱਲਿਆ ਕਰਦੀ ਸਾਂ। ਓਦੋਂ ਮੈਂ ਹੀ ਪੰਜਾਬ ਦੀ ਮਹਾਰਾਣੀ ਸਾਂ। ਓਦੋਂ ਸੁਫਨੇ ਜਿੰਨੇ ਸੁਖ ਨੂੰ ਪਾ ਕੇ ਮੈਂ ਸਾਰੀਆਂ ਚਿੰਤਾਵਾਂ ਨੂੰ ਪੈਰਾਂ ਥੱਲੇ ਲਿਤਾੜ ਛੱਡਿਆ ਸੀ। ਨਹੀਂ ਜਾਣਦੀ ਸਾਂ ਕਿ ਇਨ੍ਹਾਂ ਥੋੜ੍ਹੇ ਜਿਹੇ ਸੁਖਾਂ ਉਹਲੇ ਉਮਰ ਭਰ ਦੇ ਦੁੱਖ ਲੁਕੇ ਹੋਏ ਨੇ। ਕਿਸਮਤ ਨੇ ਪਲਟਾ ਖਾਧਾ, ਮੈਨੂੰ ਤਖ਼ਤੋਂ ਲਾਹ ਕੇ ਜੇਲ੍ਹਾਂ ਵਿਚ ਸੁੱਟ ਦਿੱਤਾ। ਜਦ ਤੈਨੂੰ ਮੈਥੋਂ ਵਿਛੋੜ ਲਿਆ, ਮੇਰਾ ਸਭ ਕੁਛ ਬਰਬਾਦ ਹੋ ਗਿਆ…।’ ਨਾ ਜਾਣੇ ਉਹ ਕਿੰਨਾ ਚਿਰ ਇਸ ਵਹਿਣ ਵਿਚ ਪਈ ਰਹੀ! ਕਦੇ ਫਿਰ ਵਿਚ ਆਉਂਦੀ- ‘ਅੱਜ ਸਾਢੇ ਤੇਰਾਂ ਵਰ੍ਹੇ ਹੋ ਗਏ ਨੇ, ਮੈਨੂੰ ਪੁੱਤਰ ਤੋਂ ਵਿਛੜਿਆਂ। ਓਦੋਂ ਉਹ ਨਵਾਂ ਵਰ੍ਹਿਆਂ ਦਾ ਸੀ ਤੇ ਹੁਣ ਬਾਈਆਂ ਵਰ੍ਹਿਆਂ ਤੋਂ ਵੀ ਵੱਡਾ! ਛੋਟਾ ਹੁੰਦਾ ਉਹ ਬੜਾ ਸੁਹਣਾ ਤੇ ਭੋਲਾ ਜਿਹਾ ਲੱਗਦਾ ਸੀ। ਪਤਾ ਨਹੀਂ, ਹੁਣ ਕਿਸ ਤਰ੍ਹਾਂ ਦਾ ਲੱਗਦਾ ਹੋਵੇਗਾ! ਮੈਂ ਉਸ ਨੂੰ ਛਾਤੀ ਨਾਲ ਲਾਵਾਂਗੀ, ਪਰ ਉਸ ਦਾ ਚੰਨ ਮੁਖ ਨਹੀਂ ਵੇਖ ਸਕਾਂਗੀ! ਹੇ ਤਕਦੀਰ! ਤੂੰ ਮੇਰਾ ਸਭ ਕੁਛ ਖੋਹ ਲੈਂਦੀਓਂ, ਪਰ ਅੱਖਾਂ ਨਾ ਖੋਂਹਦੀਓਂ। ਮੈਂ ਆਪਣੇ ਪੁੱਤਰ ਨੂੰ ਰੱਜ ਕੇ ਵੇਖ ਤਾਂ ਲੈਂਦੀ! ਅਜੇ ਵੀ ਰੱਬ ਦੇ ਘਰ ਕਿਸ ਗੱਲ ਦਾ ਘਾਟਾ ਹੈ? ਖ਼ਬਰੇ, ਮੇਰਾ ਗੁਆਚਿਆ ਪੂਰਨ ਮਿਲ ਪਵੇ, ਤਾਂ ਮੇਰਿਆਂ ਨੇਤਰਾਂ ਵਿਚ ਵੀ ਇੱਛਰਾਂ ਮਾਂ ਵਾਂਗ ਫਿਰ ਜੋਤ ਆ ਜਾਵੇ! ਬਹੁਤਾ ਨਹੀਂ ਤਾਂ ਮੈਨੂੰ ਦੋ ਦਿਨ ਵਾਸਤੇ ਹੀ ਅੱਖਾਂ ਮੰਗਵੀਆਂ ਮਿਲ ਜਾਣ, ਤਾਂ ਮੈਂ ਲਾਲ ਨੂੰ ਵੇਖਣ ਦੀ ਰੀਝ ਲਾਹ ਲਵਾਂ!
ਮਾਂ-ਪੁੱਤ ਦਾ ਮਿਲਾਪ
ਏਹੋ ਜਿਹੀਆਂ ਕਈ ਗਿਣਤੀਆਂ ਗਿਣਦੀ ਮਹਾਰਾਣੀ ਫਰਵਰੀ 1861 ਵਿਚ ਕਲਕੱਤੇ ਪੁੱਜੀ। ਚਿਰੀਂ ਵਿਛੁੰਨੇ ਮਾਂ-ਪੁੱਤ ਮਿਲੇ। ਦੋਹਾਂ ਦਿਆਂ ਨੇਤਰਾਂ ਵਿੱਚੋਂ ਪਾਣੀ ਵਹਿ ਰਿਹਾ ਸੀ। ਜਿੰਦਾਂ ਘੁੱਟ-ਘੱਟ ਕੇ ਕਲੇਜੇ ਦੀ ਅੱਗ ਨੂੰ ਛਾਤੀ ਨਾਲ ਲਾਉਂਦੀ ਸੀ। ਸਹਿਜ-ਸਹਿਜ ਬਾਹੀਂ ਢਿੱਲੀਆਂ ਹੋਈਆਂ। ਹੁਣ ਦਲੀਪ ਸਿੰਘ ਮਾਤਾ ਦੇ ਮੋਢੇ ਨਾਲ ਬੱਚਿਆਂ ਵਾਂਗ ਲੱਗਾ ਹੋਇਆ ਸੀ, ਤੇ ਜਿੰਦਾਂ ਪੁੱਤਰ ਦੀ ਕੰਡ ’ਤੇ ਹੌਲੀ-ਹੌਲੀ ਹੱਥ ਫੇਰ ਰਹੀ ਸੀ। ਸਹਿਜ-ਸਹਿਜ ਹੱਥ ਪੁੱਤਰ ਦੇ ਮੋਢੇ ਤਕ ਅੱਪੜਿਆ। ਇਸ ਤੋਂ ਅੱਗੇ ਉਹ ਉਹਦੇ ਸਿਰ ’ਤੇ ਹੱਥ ਫੇਰ ਕੇ ਕੁਛ ਵੇਖਣਾ ਚਾਹੁੰਦੀ ਸੀ। ਪਰ ਇਸ ਵੇਲੇ ਉਹਦੀ ਹਿੱਕ ਏਨੀ ਧੜਕ ਰਹੀ ਸੀ ਕਿ ਸ਼ਾਇਦ ਸਿਰ ’ਤੇ ਹੱਥ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਦਿਲ ਦੀ ਧੜਕਣ ਬੰਦ ਹੋ ਜਾਵੇਗੀ! ਉਹਨੇ ਕਈ ਵਾਰ ਉਤਾਂਹ ਹੱਥ ਚੁੱਕਿਆ, ਤੇ ਫਿਰ ਨੀਵਾਂ ਕਰ ਲਿਆ। ਅੰਤ ਬੜਾ ਕਰੜਾ ਜੇਰਾ ਕਰ ਕੇ ਮਾਂ ਨੇ ਬੱਚੇ ਦੇ ਸਿਰ ’ਤੇ ਹੱਥ ਜਾ ਫੇਰਿਆ। ਜਦੋਂ ਰੀਝਾਂ ਤੇ ਮੱਖਣਾਂ ਨਾਲ ਪਾਲੇ ਹੋਏ ਲੰਮੇ- ਲੰਮੇ ਕੇਸਾਂ ਦਾ ਜੂੜਾ ਨਾ ਲੱਭਾ, ਤਾਂ ਦੁਖੀ ਮਾਂ ਦੀਆਂ ਧਾਹੀਂ ਨਿਕਲ ਗਈਆਂ। ਉਹ ਹਟਕੋਰੇ ਲੈਂਦੀ ਬੋਲੀ, “ਹੇ ਮੇਰੀ ਬੁਰੀ ਤਕਦੀਰ! ਤੂੰ ਮੇਰਾ ਸਿਰਤਾਜ ਖੋਹਿਆ, ਮੇਰਾ ਰਾਜ-ਭਾਗ ਖੋਹਿਆ, ਪਵਿੱਤਰ ਭੂਮੀ ਮੇਰਾ ਪੰਜਾਬ ਖੋਹ ਲਿਆ, ਅੰਤ ਪ੍ਰਾਣਾਂ ਤੋਂ ਪਿਆਰੀ ਸਿੱਖੀ ਵੀ ਮੇਰੀ ਜੱਦ ਵਿੱਚੋਂ ਖੋਹ ਲਈ? ਤੂੰ ਇਹ ਵੀ ਨਾ ਵੇਖ ਸੁਖਾਈਓਂ? ਅੱਜ ਮੇਰੇ ਬੰਸ ਦੀਆਂ ਰਗਾਂ ਵਿੱਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਹੀ ਮੁੱਕ ਗਿਆ?”
ਇਹ ਵਾਕ ਉਹਦਾ ਸੀਨਾ ਪਾੜ ਕੇ ਨਿਕਲ ਰਹੇ ਸਨ। ਉਹਦਾ ਸਾਰਾ ਸਰੀਰ ਥਰਥਰਾ ਰਿਹਾ ਸੀ ਤੇ ਰੋਂਦੀ-ਰੋਂਦੀ ਦੀ ਹਿਚਕੀ ਬੱਝ ਗਈ ਸੀ। ਦਲੀਪ ਸਿੰਘ ਤੋਂ ਵੇਖ ਕੇ ਸਹਾਰਿਆ ਨਾ ਗਿਆ। ਉਹ ਮਾਂ ਦੇ ਚਰਨਾਂ ’ਤੇ ਡਿੱਗਾ ਭੁੱਬੀਂ ਰੋ ਰਿਹਾ ਸੀ। ਮਾਂ ਨੇ ਚੁੱਕ ਕੇ ਫੇਰ ਬੱਚੇ ਨੂੰ ਗਲ ਨਾਲ ਲਾ ਲਿਆ। ਭਰੜਾਂਦੀ ਅਵਾਜ਼ ਵਿਚ ਦਲੀਪ ਸਿੰਘ ਬੋਲਿਆ, “ਮਾਂ! ਮੈਂ ਤੇਰੀ ਉਜੜੀ ਦੁਨੀਆਂ ਫਿਰ ਨਹੀਂ ਵਸਾ ਸਕਦਾ। ਤੇਰਾ ਗੁਆਚਿਆ ਰਾਜ-ਭਾਗ ਫਿਰ ਕਾਇਮ ਨਹੀਂ ਕਰ ਸਕਦਾ, ਪਰ ਤੇਰੀ ਕੁਲ ਵਿੱਚੋਂ ਗਈ ਸਿੱਖੀ ਫੇਰ ਪਰਤਾ ਲਿਆਵਾਂਗਾ। ਅਰਦਾਸ ਕਰਦਾ ਹਾਂ ਕਿ ਗੁਰੂ-ਮਹਾਰਾਜ ਮੇਰੇ ਇਸ ਪ੍ਰਣ ਨੂੰ ਤੋੜ ਨਿਭਾਉਣ!” (‘ਦੁਖੀਏ ਮਾਂ-ਪੁੱਤ’ ਵਿੱਚੋਂ)
ਲੇਖਕ ਬਾਰੇ
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/November 1, 2009
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/December 1, 2009
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/
- ਗਿਆਨੀ ਸੋਹਣ ਸਿੰਘ ਸੀਤਲhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%8b%e0%a8%b9%e0%a8%a3-%e0%a8%b8%e0%a8%bf%e0%a9%b0%e0%a8%98-%e0%a8%b8%e0%a9%80%e0%a8%a4%e0%a8%b2/July 1, 2010