ਪਿਛਲੇ ਪੰਜ ਦਹਾਕਿਆਂ ਤੋਂ ਗੁਰਬਾਣੀ ਦਾ ਵਿਦਿਆਰਥੀ ਤੇ ਖੋਜਾਰਥੀ ਹੋਣ ਕਾਰਨ ਮੈਂ ਇਹ ਗੱਲ ਸਪਸ਼ਟ ਕਰਨੀ ਉਚਿਤ ਸਮਝਦਾ ਹਾਂ ਕਿ ਗੁਰਬਾਣੀ ਅਨੁਸਾਰ ਸ਼ਬਦ ਗੁਰੂ ਕੋਈ ਸਥੂਲ ਸਾਕਾਰ ਵਿਅਕਤੀ ਨਹੀਂ ਇਹ ਤਾਂ ਸੂਖਮ ਸ਼ਕਤੀ ਹੈ। ਇਸ ਨੁਕਤੇ ਨੂੰ ਸਨਮੁਖ ਰੱਖ ਕੇ ਹੀ ਠੀਕ ਪ੍ਰਸੰਗ ਵਿਚ ਅਸੀਂ ਸ਼ਬਦ ਗੁਰੂ ਦੇ ਸੰਕਲਪ ਨੂੰ ਸਮਝ ਸਕਦੇ ਹਾਂ।
ਨਿਰਸੰਦੇਹ ਅਜੋਕੇ ਯੁਗ ਵਿਚ ਸੂਚਨਾ ਤਕਨਾਲੋਜੀ ਦੀ ਪ੍ਰਧਾਨਤਾ ਹੈ ਜਿਸ ਨੇ ਵਿਸ਼ਵ-ਮਾਨਵ ਸਮਾਜ ਨੂੰ ਨਿਜਵਾਦ, ਨਿਜਲਾਭ ਦੀ ਪਦਾਰਥਵਾਦੀ ਸੁਖਾਂ ਦੀ ਪ੍ਰਾਪਤੀ ਹਿਤ ਇਸ ਹੱਦ ਤਕ ਘੇਰਿਆ ਹੋਇਆ ਹੈ ਜੋ ਨਿਜੀ ਟੁੱਟ-ਭੱਜ ਦਾ ਕਾਰਨ ਬਣ ਰਹੀ ਹੈ। ਆਪਸੀ ਸੁਰ-ਸਾਂਝ, ਪਰਿਵਾਰਕ ਰਿਸ਼ਤੇ-ਨਾਤੇ, ਦੁਖ-ਸੁਖ ਵੰਡਣ ਵੰਡਾਉਣ ਦੀ ਰੁਚੀ, ਇਕ ਦੂਜੇ ਦਾ ਸਤਿਕਾਰ ਅਤੇ ਪਰਉਪਕਾਰ ਕਰਨ ਦੀ ਭਾਵਨਾ ਲਗਭਗ ਮਿਟਦੀ ਜਾ ਰਹੀ ਹੈ। Hyperactivities ਅਥਵਾ ਇਕ ਦੂਜੇ ਨੂੰ ਪਛਾੜਨ ਦੀ ਵਿਤੰਡਵਾਦੀ ਲੱਗੀ ਦੌੜ ਅਤੇ ਸੂਚਨਾ-ਗਿਆਨ ਦੀ ਵਧੇਰੀ ਪ੍ਰਾਪਤੀ ਦੇ ਦਬਾਅ (Overload) ਹੋਣ ਕਾਰਨ ਮਾਨਸਿਕ ਅਤੇ ਸਮਾਜਿਕ ਖੇਤਰ ਵਿਚ ਤਿੜਕਿਆ ਅਜਿਹਾ ਜੀਵਨ ਅੱਜ ਹਰੇਕ ਖੇਤਰ ਅਤੇ ਪੱਧਰ ਵਾਲੇ ਮਨੁੱਖ ਦੇ ਆਲੇ ਦੁਆਲੇ ਪਸਰਿਆ ਹੋਇਆ ਹੈ। ਡਾਕਟਰ, ਵਕੀਲ, ਪ੍ਰੋਫੈਸਰ, ਵਪਾਰੀ, ਵੱਡੇ-ਛੋਟੇ ਕਰਮਚਾਰੀ ਅਤੇ ਅਧਿਕਾਰੀ, ਸਮਾਜਿਕ, ਧਾਰਮਿਕ ਤੇ ਰਾਜਸੀ ਨੇਤਾ ਇਸ ਤਕਨਾਲੋਜੀ ਸੂਚਨਾ ਦੀ ਹਨ੍ਹੇਰੀ ਅਤੇ ਸਮਾਜਿਕ ਉਲਝਣਾਂ ਦੇ ਨਿਤ ਨਵੇਂ ਸਰੂਪਾਂ ਅਧੀਨ ਵਧ ਰਹੇ ਦਬਾਅ ਦੀ ਮਾਰ ਹੇਠ ਆਪਣਾ ਸੰਤੁਲਤ ਜੀਵਨ ਗੁਆ ਰਹੇ ਹਨ। ਇਸ ਸੰਦਰਭ ਵਿਚ ਉਨ੍ਹਾਂ ਦੇ ਜੀਵਨ ਅੰਦਰ ਸੰਕੋਚ ਦੀ ਕਿਰਨ ਨਜ਼ਰ ਹੀ ਨਹੀਂ ਆ ਰਹੀ। ਇਹੋ ਕਾਰਨ ਹੈ ਕਿ ਦਿਨ-ਬ-ਦਿਨ ਨਵੀਆਂ-ਨਵੀਆਂ ਬੀਮਾਰੀਆਂ ਵਿਕਸਤ ਹੋ ਰਹੀਆਂ ਹਨ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਵਿਗੜੇ ਅਤੇ ਅਸੰਤੁਲਤ ਜੀਵਨ ਨੂੰ ਸੰਤੁਲਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਸਤੁਤ ਸ਼ਬਦ-ਗੁਰੂ ਦੀ ਅਉਖਧ (Medicine) ਨਿਗਰ ਭੂਮਿਕਾ ਨਿਭਾਅ ਸਕਦੀ ਹੈ ਜੇਕਰ ਅਸੀਂ ਸ਼ਬਦ ਗੁਰੂ ਦੇ ਸੰਕਲਪ ਨੂੰ ਠੀਕ ਪ੍ਰਸੰਗ ਵਿਚ ਸਮਝ ਕੇ ਇਸ ਦੀ ਅੰਦਰੂਨੀ ਸ਼ਕਤੀ ਨੂੰ ਅਪਣਾਉਂਦਿਆਂ ਇਮਾਨਦਾਰੀ ਨਾਲ ਇਸ ਉਪਰ ਅਮਲ ਕਰੀਏ। ਅਜਿਹਾ ਕਰਨ ਨਾਲ ਹੀ ਅਸੀਂ ਨਵੀਂ ਤਬਦੀਲੀ ਦੇ ਇਸਮਾਨਸਿਕ ਤੇ ਸਮਾਜਿਕ ਤੂਫਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਂਤ ਕਰਦਿਆਂ ਮੁਰਝਾਏ ਮਾਨਵ ਚਿਹਰਿਆਂ ਨੂੰ ਹਸਮੁਖ ਬਣਾ ਸਕਦੇ ਹਾਂ।
ਵੇਖਿਆ ਜਾਇ ਤਾਂ ‘ਸ਼ਬਦ’ ਦਾ ਅਰਥ ਹੀ ਹੁੰਦਾ ਹੈ ‘ਬਾਣੀ’ ਅਤੇ ‘ਗੁਰੂ’ ਦਾ ਅਰਥ ਹੁੰਦਾ ਹੈ ਅਜਿਹੀ ਸਿਖਿਆ ਦੇਣ ਵਾਲਾ ਜੋ ਜੀਵਨ ਵਿਚ ਬਦਲਾਉ ਲਿਆ ਕੇ ਖੁਸ਼ੀਆਂ ਭਰੇ ਨਵੇਂ ਰੰਗ ਭਰਦਾ ਹੈ। ਪਰ ਸ਼ਬਦ-ਗੁਰੂ ਦੀ ਇਹ ਸਿਖਿਆ ਹੁੰਦੀ ਕਿਹੋ ਜਿਹੀ ਹੈ ਅਤੇ ਇਸ ਵਿਧੀ ਵਿਚ ਬਾਣੀ ਦੀ ਵਰਤੋਂ ਸਿਖਿਆ ਦੇਣ ਵਾਲੇ ਵੱਲੋਂ ਕੀਤੀ ਕਿਵੇਂ ਜਾਂਦੀ ਹੈ ਇਹ ਪ੍ਰਸ਼ਨ ਮਾਨਵ-ਚੇਤਨਾ ਵਿਚ ਉਠਣਾ ਸੁਭਾਵਕ ਲਗਦਾ ਹੈ। ਇਸ ਪ੍ਰਸ਼ਨ ਦਾ ਹੱਲ ਜਾਣਨ ਲਈ ਸਾਨੂੰ ਸ਼ਬਦ-ਗੁਰੂ ਦੇ ਮੂਲ ਢਾਂਚੇ ਦੇ ਸਨਮੁਖ ਇਸ ਦੀ ਪਰਿਭਾਸ਼ਾ ਜਾਣਨੀ ਪਵੇਗੀ। ਸ਼ਬਦ ਦੀ ਬਣਤਰ ‘ਸ’ ਅਤੇ ‘ਬਦ’ ਅੱਖਰਾਂ ਤੋਂ ਬਣਦੀ ਹੈ। ‘ਸ’ ਦਾ ਅਰਥ ਹੁੰਦਾ ਹੈ ਹਉਮੈ ਦਾ ਪ੍ਰਗਟਾਵਾ ਜਿਸ ਨਾਲ ਅਸੀਂ ਜੁੜੇ ਹੁੰਦੇ ਹਾਂ। ‘ਬਦ’ ਦਾ ਅਰਥ ਹੁੰਦਾ ਹੈ ‘ਛਡਣਾ’ ਜਾਂ ਖਤਮ ਕਰਨਾ।
ਇਸ ਤਰ੍ਹਾਂ ‘ਸ਼ਬਦ’ ਦਾ ਅਰਥ ਬਣਦਾ ਹੈ ਆਪਣੀ ‘ਮੈਂ’ ਭਾਵ ‘ਹਉਮੈ’ ਨੂੰ ਖਤਮ ਕਰਨ ਵਾਲੀ ਬਾਣੀ। ਇਸ ਪ੍ਰਸੰਗ ਵਿਚ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਹ ‘ਬਾਣੀ’ ਕੋਈ ਸਾਧਾਰਨ ਗੀਤ ਜਾਂ ਦੁਨਿਆਵੀ-ਗਿਆਨ ਨਹੀਂ ਹੁੰਦੀ:
ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ (ਪੰਨਾ 335)
‘ਪਰਾ’ ਬਾਣੀ ਵਾਲੇ ਇਸ ‘ਸ਼ਬਦ-ਗੁਰੂ’ ਨਾਲ ਜੁੜ ਕੇ ਹੀ ਅਸੀਂ ਆਪਣੀ ਆਤਮਾ ਵਿੱਚੋਂ ਹਉਮੈ ਦਾ ਨਾਸ਼ ਅਤੇ ‘ਸੱਚ-ਗਿਆਨ’ ਦਾ ਪ੍ਰਕਾਸ਼ ਕਰ ਸਕਦੇ ਹਾਂ। ਪਰ ਇਸ ਅਸੰਭਵ ਕਾਰਜ ਨੂੰ ਸੰਭਵ ਬਣਾਉਣ ਲਈ ਸਭ ਤੋਂ ਪਹਿਲਾਂ ਇਹ ਸੱਚ ਪ੍ਰਵਾਨ ਕਰਨਾ ਤੇ ਸਮਝਣਾ ਜ਼ਰੂਰੀ ਹੈ ਕਿ ‘ਹੰਕਾਰ’ ਅਥਵਾ ‘ਹਉਮੈ’ ਹੀ ਸਾਰੀਆਂ ਮੁਸੀਬਤਾਂ ਦੀ ਜੜ ਹੁੰਦੀ ਹੈ। ਇਸੇ ਲਈ ਸਿੱਖ ਗੁਰਦੁਆਰਿਆਂ ਵਿਚ ਹੁੰਦੇ ਕੀਰਤਨ ਸਮੇਂ ਪੜ੍ਹੀ ਜਾਂਦੀ ਆਸਾ ਦੀ ਵਾਰ ਵਿਚ ਇਸ ਨੂੰ
“ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ”
ਆਖਿਆ ਗਿਆ ਹੈ। ਸਾਧਾਰਨ ਵਿਅਕਤੀ ਲਈ ਇਹ ਸਮਝਣਾ ਜ਼ਰਾ ਔਖਾ ਲਗਦਾ ਹੈ ਕਿ ਜੇ ਹਉਮੈ ਇਕ ਦੀਰਘ ਰੋਗ ਹੈ ਤਾਂ ਇਹ ਦਾਰੂ ਕਿਸ ਤਰ੍ਹਾਂ ਹੋ ਸਕਦੀ ਹੈ? ਇਸ ਰਹੱਸ ਦਾ ਭੇਦ ਹੀ ਇਹ ਹੈ ਕਿ ਅਸੀਂ ਇਸ ਸੱਚ ਨੂੰ ਸਵੀਕਾਰ ਕਰੀਏ ਕਿ ਹਉਮੈ ਵਾਕਿਆ ਹੀ ਦੀਰਘ ਰੋਗ ਹੈ ਅਤੇ ਅਜਿਹਾ ਮੰਨ ਲੈਣਾ ਹੀ ਇਸ ਦਾ ਦਾਰੂ ਹੈ। ਇਹ ਮੰਨਣ ਨਾਲ ਹੀ ਇਸ ਦਾ ਗ੍ਰਾਫ਼ ਹੇਠਾਂ ਵੱਲ ਆਉਂਦਾ ਹੈ।
“ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥
ਇਥੇ ਜ਼ੋਰ ਗੁਰੂ ਦੀ ਕਿਰਪਾ ਅਤੇ ਗੁਰ ਕਾ ਸ਼ਬਦ ਕਮਾਉਣ ਅਥਵਾ ‘ਸ਼ਬਦ-ਗੁਰੂ’ ਨਾਲ ਜੁੜਨ ਦਾ ਸੰਕੇਤ ਹੈ। ਜਦੋਂ ਕੋਈ ਵਿਅਕਤੀ ਵਿਸ਼ੇਸ਼, ਸੰਤ, ਮਹਾਂਪੁਰਸ਼ ਉਪਦੇਸ਼ ਕਰਦਾ ਹੈ ਤਾਂ ਇਹ ਵੀ ਪ੍ਰਸ਼ਨ ਉਠਦਾ ਹੈ ਕਿ ਮਨੁੱਖ ਨੇ ਆਪਣੇ ਹਿਰਦੇ ਵਿਚ ਉਸ ਉਪਦੇਸ਼ ਨੂੰ ਵਸਾਉਣਾ ਹੈ ਜਾਂ ਉਪਦੇਸ਼ ਦੇਣ ਵਾਲੇ ਉਪਦੇਸ਼ਕ ਨੂੰ। ਗੁਰਬਾਣੀ ਇਸ ਪ੍ਰਸ਼ਨ ਦਾ ਉਤਰ ਦਿੰਦੀ ਹੈ :
ਸੁਨਿ ਉਪਦੇਸੁ ਹਿਰਦੈ ਬਸਾਵਹੁ॥
ਮਨ ਇਛੇ ਨਾਨਕ ਫਲ ਪਾਵਹੁ॥ (ਪੰਨਾ 293)
ਇਥੇ ਇਕ ਗੱਲ ਜੋ ਸਾਡੇ ਲਈ ਸਮਝਣੀ ਜ਼ਰੂਰੀ ਲਗਦੀ ਹੈ ਉਹ ਇਹ ਹੈ ਕਿ ‘ਗੁਰੂ’ ਜਾਂ ਉਪਦੇਸ਼ਕ ਹਰ ਕੋਈ ਨਹੀਂ ਬਣ ਸਕਦਾ ਅਤੇ ਨਾ ਹੀ ਹੋ ਸਕਦਾ ਹੈ। ਇਸ ਕਾਰਜ-ਖੇਤਰ ਲਈ ਕਰੜੀ ਘਾਲ ਕਮਾਈ ਕਰਦਿਆਂ ਪ੍ਰਭੂ ਨਾਲ ਇਕ-ਸੁਰ ਹੋਣਾ ਪੈਂਦਾ ਹੈ। ਅਜਿਹੀ ਅਵਸਥਾ ਧਾਰਨ ਕਰਨ ਵਾਲਾ ਹੀ ਆਤਮ-ਦਰਸੀ ਬਣ, ਸਮਦਰਸੀ ਪਦ ਪ੍ਰਾਪਤ ਕਰਦਿਆਂ ਗਿਆਨ-ਪ੍ਰਸ਼ਾਦ ਵੰਡਦਾ ਹੈ।
ਇਹੋ ਕਾਰਨ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਾਲਕ ਭਾਗੋ ਨੂੰ ਜਦੋਂ ਇਕ ਵਾਰ ਸੁੱਚੀ ਕਿਰਤ ਕਰਨ ਲਈ ਆਖਿਆ ਤਾਂ ਉਸ ਨੇ ਗਰੀਬਾਂ ਦੀ ਖੂਨ-ਪਸੀਨੇ ਦੀ ਕਮਾਈ ਹਥਿਆਉਣ ਤੋਂ ਤੋਬਾ ਕਰ ਲਈ। ਸੱਜਣ ਠੱਗ ਨੂੰ ਵੀ ਗੁਰੂ ਸਾਹਿਬ ਦੇ ਇੱਕੋ ਬੋਲ ਨੇ ਠੱਗ ਤੋਂ ਸੱਜਣ ਪੁਰਖ ਬਣਾ ਦਿੱਤਾ। ਮੁਲਤਾਨ ਦੇ ਉੱਚ-ਪੀਰ ਕਰਾਮਾਤੀ ਸਿੱਧ, ਨਾਥ, ਜੋਗੀ ਅਤੇ ਨਵਾਬ ਤੇ ਕਾਜ਼ੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਬੋਲ ਨਾਲ ਹੀ ਪਸੀਜ ਗਏ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਰੱਬੀ ਬੋਲ ‘ਸ਼ਬਦ-ਗੁਰੂ ਦੀ ਮੂਲ ਧਾਰਾ ਨਾਲ ਜੁੜੇ ਖਸਮ ਕੀ ਬਾਣੀ, ਬ੍ਰਹਮ-ਬਾਣੀ ਤੋਂ ਧੁਰ ਕੀ ਬਾਣੀ ਸਨ। ਇਸੇ ਤੱਥ ਨੂੰ ਦਸਵੀਂ ਨਾਨਕ-ਜੋਤਿ ਨੇ ਸਪਸ਼ਟ ਕੀਤਾ ਕਿ
‘ਆਦਿ ਅੰਤੁ ਏਕੈ ਅਵਤਾਰਾ॥
ਸੋਈ ਗੁਰੂ ਸਮਝੀਓ ਹਮਾਰਾ॥’
ਨਿਰਸੰਦੇਹ ਗਿਆਨ-ਪ੍ਰਾਪਤੀ ਦਾ ਸਾਧਨ, ‘ਗੁਰੂ’ ਹੀ ਹੁੰਦਾ ਹੈ। ਇਸੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਪਸ਼ਟ ਕੀਤਾ ਹੈ :
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ (ਪੰਨਾ 462)
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥ (ਪੰਨਾ 463)
ਉਪਰੋਕਤ ਦੇ ਸਨਮੁਖ ਫੇਰ ਇਕ ਪ੍ਰਸ਼ਨ ਉਠਦਾ ਹੈ ਕਿ ਗੁਰਬਾਣੀ ਵਿਚ ਤਾਂ ‘ਸ਼ਬਦ’ ਨੂੰ ਹੀ ‘ਗੁਰੂ’ ਮੰਨਣ ਦਾ ਉਪਦੇਸ਼ ਹੈ ਜੋ ਅਸਰੀਰੀ ਹੈ ਸਰੀਰੀ ਨਹੀਂ:
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)
ਦਰਅਸਲ ਪੂਰਬ ਗੁਰਬਾਣੀ-ਕਾਲ ਵਿਚ ‘ਗੁਰੂ’ ਬਾਰੇ ਦੋ ਪਰੰਪਰਾਵਾਂ ਪ੍ਰਚਲਤ ਸਨ। ਪਹਿਲੀ ਪਰੰਪਰਾ ਹਿੰਦੂ-ਧਰਮ ਦੀ ਫ਼ਿਲਾਸਫ਼ੀ ’ਤੇ ਆਧਾਰਤ ਸੀ ਜਿਸ ਦੇ ਸਨਮੁਖ ਹਰੇਕ ਮਾਨਵ ਨੂੰ ਆਪਣੇ ਆਤਮਿਕ ਵਿਕਾਸ ਲਈ ਕਿਸੇ ਇਕ ਵਿਅਕਤੀ ਨੂੰ ਆਪਣਾ ‘ਗੁਰੂ’ ਧਾਰਨ ਕਰਕੇ ਉਸ ਦੀ ਆਗਿਆ ਅਨੁਸਾਰ ਚੱਲਣਾ ਪੈਂਦਾ ਹੈ। ਇਸ ਪਰੰਪਰਾ ਦੇ ਅੰਤਰ-ਗਤ ‘ਗੁਰੂ’ ਬਣੇ ਵਿਅਕਤੀਆਂ ਦੀ ਗਿਣਤੀ ਕੁਲ ਹਿੰਦੂ ਵਸੋਂ ਨਾਲੋਂ ਅੱਧ ਤੋਂ ਵੀ ਵੱਧ ਗਈ। ਹਰੇਕ ਬ੍ਰਾਹਮਣ ਆਪਣੇ ਆਪ ਨੂੰ ‘ਗੁਰੂ’ ਦੇ ਰੂਪ ਵਿਚ ਪ੍ਰਸਤੁਤ ਕਰਨਾ ਆਪਣਾ ਜਨਮ-ਸਿਧ ਅਧਿਕਾਰ ਮੰਨਦਾ ਸੀ। ਵਰਣ-ਵੰਡ ਦੀ ਕੁਟਲਨੀਤੀ ਅਨੁਸਾਰ ਸ਼ੂਦਰ ਅਤੇ ਔਰਤ ਨੂੰ ‘ਗੁਰੂ’ ਧਾਰਨ ਕਰਨ ਦਾ ਅਧਿਕਾਰ ਹੀ ਨਹੀਂ ਸੀ ਗੁਰੂ ਬਣਨਾ ਤਾਂ ਦੂਰ ਦੀ ਗੱਲ ਸੀ। ਇਸ ਮਿਥ ਨੂੰ ਪ੍ਰਚੰਡ ਰੂਪ ਵਿਚ ਤੋੜਿਆ ਮਧਕਾਲੀਨ ਭਗਤੀ ਲਹਿਰ ਦੇ ਦੱਖਣੀ ਭਾਰਤ ਵਿਚ ਅਲਵਾਰ ਤੇ ਆਡਿਆਰ ਸੰਤਾਂ ਨੇ ਅਤੇ ਉੱਤਰੀ ਭਾਰਤ ਵਿਚ ਭਗਤ ਰਾਮਾਨੰਦ ਜੀ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਆਦਿ ਭਗਤ ਸਾਹਿਬਾਨ ਨੇ। ਭਗਤ ਕਬੀਰ ਜੀ ਨੇ ਤਾਂ ਸਪਸ਼ਟ ਐਲਾਨ ਕਰ ਦਿਤਾ ਕਿ:
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ (ਪੰਨਾ 1377)
ਦੂਜੀ ਪਰੰਪਰਾ ਅਨੁਸਾਰ ਮਾਨਵ-ਚੇਤਨਾ ਵਿਚ ਇਹ ਖ਼ਿਆਲ ਪ੍ਰਚਲਤ ਸੀ ਕਿ ਜਦੋਂ ਜਦੋਂ ਵੀ ਇਸ ਧਰਤੀ ਉਤੇ ਪਾਪ-ਕਰਮ ਵਧ ਜਾਂਦੇ ਹਨ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿਚ ਆਪ ਮਾਨਵ-ਰੂਪ ਵਿਚ ਅਵਤਾਰ ਧਾਰਨ ਕਰਦਾ ਹੈ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੋਹਾਂ ਪ੍ਰਚਲਤ ਪਰੰਪਰਾਵਾਂ ਨੂੰ ਰੱਦ ਕਰਦਿਆਂ ਸਪਸ਼ਟ ਕੀਤਾ ਕਿ ਪਰਮਾਤਮਾ ਅਜੂਨੀ ਹੈ, ਸੈਭੰ ਹੈ ਅਤੇ ਉਹ ਨਿਰਾਕਾਰ ਹੋਣ ਕਾਰਨ ਮਨੁੱਖ ਜੂਨ ਵਿਚ ਆ ਹੀ ਨਹੀਂ ਸਕਦਾ। ਬਲਕਿ ਪੰਚਮ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ:
ਸੋ ਮੁਖੁ ਜਲਉ ਜਿਤੁ ਕਹਹਿ ਕਹੈ ਠਾਕੁਰੁ ਜੋਨੀ॥ (ਪੰਨਾ 1136)
ਗੁਰਬਾਣੀ ਅਨੁਸਾਰ ਪਰਮਾਤਮਾ ਕੁਝ ਖਾਸ ਸ਼ਕਤੀਆਂ ਪ੍ਰਦਾਨ ਕਰਦਿਆਂ ਅਜਿਹੇ ਕੁਝ ਪੁਰਸ਼ਾਂ ਨੂੰ ਸਮੇਂ-ਸਮੇਂ ’ਤੇ ਭੇਜਦਾ ਹੈ ਜੋ ਭੁਲੇ, ਭਟਕੇ ਤੇ ਭਰਮ ਭੁਲੇਖਿਆਂ ਦੀ ਸ਼ਿਕਾਰ ਲੋਕਾਈ ਨੂੰ ਸੱਚ ਦੇ ਮਾਰਗ ਦੀ ਸੋਝੀ ਕਰਾਉਂਦੇ ਹਨ। ਇਸੇ ਲਈ ਸਿੱਖ ਧਰਮ ਵਿਚ ਸਰੀਰਕ ਪੱਧਰ ਤੇ ਕੇਵਲ ਦਸ ਗੁਰੂ ਸਾਹਿਬਾਨ ਲਈ ਹੀ ‘ਗੁਰੂ’ ਸ਼ਬਦ ਦੀ ਵਰਤੋਂ ਹੋਈ ਹੈ ਤੇ ਹੁੰਦੀ ਹੈ। ਉਪਰੰਤ ਦਸ ਗੁਰੂ ਸਾਹਿਬਾਨ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਸ਼ਬਦ-ਗੁਰੂ’ ਦੇ ਰੂਪ ਵਿਚ ‘ਗੁਰੂ’ ਪਦ ਨਾਲ ਪ੍ਰਵਾਨ ਕੀਤਾ ਜਾਂਦਾ ਹੈ। ਵਿਸ਼ੇਸ਼ਤਾ ਇਹ ਹੈ ਕਿ ਧਰਮ-ਗ੍ਰੰਥਾਂ ਦੀ ਦੁਨੀਆਂ ਵਿਚ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹੇ ਧਰਮ ਗ੍ਰੰਥ ਹਨ ਜਿਨ੍ਹਾਂ ਨੂੰ ‘ਗੁਰੂ’ ਪਦ ਨਾਲ ਸੰਬੋਧਤ ਕੀਤਾ ਜਾਂਦਾ ਹੈ। ਇਹੋ ਕਾਰਨ ਹੈ ਕਿ ਸਿੱਖ ਧਰਮ ਵਿਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਆਦਿ ਅਨੇਕਾਂ ਬ੍ਰਹਮ-ਗਿਆਨੀ ਪੈਦਾ ਹੋਏ ਹਨ ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ‘ਗੁਰੂ’ ਪਦ ਦੀ ਸੰਗਿਆ ਨਹੀਂ ਦਿੱਤੀ ਗਈ। ਆਧੁਨਿਕ ਯੁਗ ਵਿਚ ਸੰਤ ਅਤਰ ਸਿੰਘ ਮਸਤੂਆਣਾ, ਭਾਈ ਰਣਧੀਰ ਸਿੰਘ, ਅਕਾਲੀ ਕੌਰ ਸਿੰਘ, ਸੰਤ ਸੁੰਦਰ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਆਦਿ ਅਨੇਕਾਂ ਸੰਤ-ਪੁਰਸ਼ ਹੋਏ ਹਨ ਪਰ ਇਨ੍ਹਾਂ ਵਿੱਚੋਂ ਵੀ ਕਿਸੇ ਲਈ ‘ਗੁਰੂ’ ਪਦ ਨਹੀਂ ਵਰਤਿਆ ਜਾਂਦਾ। ਇਸ ਸਮੇਂ ਇਹ ਪਦ ਕੇਵਲ ‘ਸ਼ਬਦ-ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਹੀ ਵਰਤਿਆ ਜਾਂਦਾ ਹੈ। ‘ਸ਼ਬਦ-ਗੁਰੂ’ ਦੀ ਥਾਂ ਕਿਸੇ ਪੰਜ ਭੂਤਕ ਸਰੀਰੀ ਨੂੰ ਗੁਰੂ ਮੰਨਣ ਦਾ ਸਿੱਖ ਧਰਮ ਵਿਚ ਕੋਈ ਵਿਧੀ ਵਿਧਾਨ ਨਹੀਂ ਹੈ।
ਇਸ ਮਤ ਦਾ ਸਪਸ਼ਟ ਕਾਰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅਰੰਭ ਤੋਂ ਹੀ ਸਿੱਖੀ ਦੇ ਧਰਮੀ ਜਿਊੜਿਆਂ ਨੂੰ ‘ਸ਼ਬਦ-ਗੁਰੂ’ ਨਾਲ ਜੋੜਨਾ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨ-ਮੰਦਰ, ਜਿਸ ‘ਸ਼ਬਦ-ਪ੍ਰਕਾਸ਼, ਨਾਲ ਉਜਿਆਰਾ ਹੋਇਆ ਸੀ, ਉਸ ਵਿਚ ਏਨੀ ਪ੍ਰਬਲ ਸ਼ਕਤੀ ਸੀ ਕਿ ਉਹ ਜਿਥੇ ਕਿਤੇ ਵੀ ਗਏ, ਉਥੇ ਹੀ ਉਨ੍ਹਾਂ ਨੇ ਆਪਣੇ ਅਲਾਹੀ ਬੋਲਾਂ ਨਾਲ ਧਰਮ ਦੇ ਹਰ ਕੇਂਦਰ ਅਤੇ ਮਾਨਵ-ਸਮਾਜ ਦੇ ਹਰ ਵਰਗ ਉਤੇ ਆਪਣੀ ਵਿਚਾਰਧਾਰਾ ਦੀ ਮੋਹਰ ਛਾਪ ਲਗਾ ਦਿੱਤੀ। ਇਸ ਸੰਦਰਭ ਵਿਚ ਉਨ੍ਹਾਂ ਵੱਲੋਂ ਵੱਖ-ਵੱਖ ਤੀਰਥਾਂ ਦੀ ਕੀਤੀ ਯਾਤਰਾ, ਜੋਗੀਆਂ, ਸੰਨਿਆਸੀਆਂ ਦੇ ਮਠਾਂ ਦਾ ਭ੍ਰਮਣ, ਨਾਥਾਂ, ਸਿੱਧਾਂ ਪੀਰਾਂ ਨਾਲ ਕੀਤੀਆਂ ਗਿਆਨ-ਗੋਸਟਾਂ, ਮੁਲਾਂ-ਮੁਲਾਣਿਆਂ ਨਾਲ ਗਿਆਨ-ਚਰਚਾ ਆਦਿ ਬਾਰੇ ਜਨਮ-ਸਾਖੀ ਪਰੰਪਰਾ ਵਿਚ ਪ੍ਰਾਪਤ ਹਵਾਲੇ ਸਨਮੁੱਖ ਰਖੇ ਜਾ ਸਕਦੇ ਹਨ।
ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਭਾਈ ਗੁਰਦਾਸ ਜੀ ਵੀ ਇਸ ਤੱਥ ਦੀ ਪੁਸ਼ਟੀ ਕਰਦੇ ਹਨ:
ਸਬਦਿ ਜਿਤੀ ਸਿਧ ਮੰਡਲੀ ਕੀਤੋਸੁ ਅਪਨਾ ਪੰਥ ਨਿਰਾਲਾ। (ਵਾਰ 1.31)
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਗਤ-ਨਿਸਤਾਰ ਲਈ ਕੀਤੀਆਂ ਗਈਆਂ ਚਾਰ ਉਦਾਸੀਆਂ ਵਿੱਚੋਂ ਉਨ੍ਹਾਂ ਵੱਲੋਂ ਸੁਮੇਰ ਪਰਬਤ ਦੀ ਕੀਤੀ ਯਾਤਰਾ ਦਾ ਜਨਮ-ਸਾਖੀਆਂ ਵਿਚ ਜ਼ਿਕਰ ਕੀਤਾ ਗਿਆ ਹੈ। ਉਥੇ ਉਨ੍ਹਾਂ ਦੀ ਉਸ ਸਮੇਂ ਉਥੇ ਰਹਿੰਦੇ ਸਹਿਜਯਾਨੀ ਅਤੇ ਸਿੱਧਾਂ ਨਾਲ ਵਿਚਾਰ-ਚਰਚਾ, ‘ਸਿਧ ਗੋਸਟਿ’ ਬਾਣੀ ਦੇ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਕੀਤੀ ਪ੍ਰਾਪਤ ਹੁੰਦੀ ਹੈ। ਜੋ ਸ਼ਬਦ-ਗੁਰੂ ਦੇ ਸੰਕਲਪ ਦੀ ਆਧਾਰਸ਼ਿਲਾ ਆਖੀ ਜਾ ਸਕਦੀ ਹੈ। ਇਸ ਵਿਚਾਰ-ਚਰਚਾ ਸਮੇਂ ਸਿਧਾਂ ਨੇ ਜਿਥੇ ਅਧਿਆਤਮਵਾਦ ਨਾਲ ਜੁੜੇ ਅਨੇਕਾਂ ਪ੍ਰਸ਼ਨ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ ਉਥੇ ਅਜਿਹੇ ਪ੍ਰਸ਼ਨ ਵੀ ਪੁੱਛੇ ਕਿ ਹੇ ਅਉਧੂ ਨਾਨਕ, ਤੁਹਾਡਾ ਗੁਰੂ ਕੌਣ ਹੈ? ਅਤੇ ਤੁਸੀ ਚੇਲੇ ਕਿਸਦੇ ਹੋ? ਗੁਰੂ ਨਾਨਕ ਸਾਹਿਬ ਨੇ ਬੜੀ ਅਧੀਨਗੀ ਨਾਲ ਨਿਮਰਤਾ ਨਾਲ ਉੱਤਰ ਦਿੱਤਾ ਕਿ ‘ਸਬਦਿ’ ਗੁਰੂ ਹੈ ਅਤੇ ਮੇਰੀ ‘ਸੁਰਤਿ’ ਅਥਵਾ ‘ਧਿਆਨ’ ਉਸ ਗੁਰੂ ਦਾ ਚੇਲਾ ਹੈ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਪੰਨਾ 943)
ਇਹ ਸੁਣ ਕੇ ਜੋਗੀਆਂ ਨੇ ਇਸ ‘ਸ਼ਬਦ ਗੁਰੂ’ ਦੇ ਸੰਬੰਧ ਵਿਚ ਹੋਰ ਜਾਣਨ ਦੀ ਇੱਛਾ ਜ਼ਾਹਰ ਕੀਤੀ ਕਿ ਸਾਨੂੰ ਵਿਸਥਾਰ ਵਿਚ ਦੱਸੋ ਕਿ ਜਿਸ ‘ਸ਼ਬਦ-ਗੁਰੂ’ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸ਼ਬਦ ਹੈ ਕੀ? ਉਸ ਦੀ ਹੋਂਦ ਕਿਥੇ ਹੈ? ਉਸ ਦਾ ਰੰਗ, ਰੂਪ, ਰੇਖ, ਭੇਖ ਕੀ ਹੈ? ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ‘ਸ਼ਬਦ ਗੁਰੂ’ ਅਤੇ ‘ਸੁਰਤਿ ਧੁਨਿ ਚੇਲਾ’ ਦੋਵੇਂ ਹੀ ਰੂਪ, ਰੰਗ, ਰੇਖ, ਭੇਖ ਦੀ ਗ਼ੁਲਾਮੀ ਤੋਂ ਅਜ਼ਾਦ ਅਤੇ ਅਸ਼ਰੀਰੀ ਹਨ। ਇਹ ‘ਸ਼ਬਦ ਗੁਰੂ’ ਸਦ ਗਿਆਨ-ਪ੍ਰਕਾਸ਼ ਦਾ ਸ੍ਰੋਤ ਹੈ ਜਿਸ ਵਿਚ ‘ਮੈਂ’ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਅਕਾਲੀ-ਗਿਆਨ ਹੀ ਸ਼ਬਦ-ਗੁਰੂ ਹੈ ਅਤੇ ਇਸ ਨੂੰ ਮੰਨਣ ਵਾਲਾ ‘ਸਿੱਖ’ ਅਥਵਾ ਚੇਲਾ।
ਇਸ ਸੰਦਰਭ ਵਿਚ ਅਸਾਨੂੰ ਇਕ ਗੱਲ ਸਮਝਣੀ ਜ਼ਰੂਰੀ ਲਗਦੀ ਹੈ ਕਿ ‘ਸ਼ਬਦ-ਗੁਰੂ’ ਨਾਲ ਇਕ ਸੁਰ ਹੋਣ ਲਈ ਵੱਡੇ-ਵੱਡੇ ਧਰਮ-ਗ੍ਰੰਥ, ਕੇਵਲ ਪੜ੍ਹਨੇ ਹੀ ਕਾਫੀ ਨਹੀਂ ਹੁੰਦੇ, ਇਨ੍ਹਾਂ ਵਿਚ ਸੰਮਿਲਤ ਗਿਆਨ ਨੂੰ ਜੀਵਨ ਵਿਚ ਧਾਰਨਾ ਵਧੇਰੇ ਜ਼ਰੂਰੀ ਹੁੰਦਾ ਹੈ। ਦਰਅਸਲ ਗਿਆਨ ਵੀ ਦੋ ਤਰ੍ਹਾਂ ਦਾ ਹੋਇਆ ਕਰਦਾ ਹੈ। ਪਹਿਲੀ ਭਾਂਤ ਦਾ ਹੁੰਦਾ ਹੈ ਪੁਸਤਕ ਗਿਆਨ, ਜੋ ਕੇਵਲ ਸਾਡੀ ਜਾਣਕਾਰੀ (Knowledge) ਵਧਾ ਕੇ ਸਾਨੂੰ ਪਦਾਰਥਕ ਸੁਖ ਹੀ ਦੇ ਸਕਦਾ ਹੈ। ਦੂਸਰਾ ਹੁੰਦਾ ਹੈ ‘ਆਤਮ-ਗਿਆਨ’ (Wisdom), ਜਿਸ ਰਾਹੀਂ ਅਧਿਆਤਮਵਾਦ ਦੇ ਪਾਂਧੀ ਬਣਿਆ ਜਾਂਦਾ ਹੈ। ਇਹੋ ਗਿਆਨ ‘ਸ਼ਬਦ ਗੁਰੂ’ ਨਾਲ ਇਕ ਸੁਰ ਹੋਣ ਦਾ ਸਾਧਨ ਬਣਦਾ ਹੈ।
‘ਸ਼ਬਦ’ ਕਰਦਾ ਕੀ ਹੈ ਇਸ ਦੀ ਵਿਸਤ੍ਰਿਤ ਵਿਆਖਿਆ ਇਸ ਤੱਥ ਨੂੰ ਪੁਸ਼ਟ ਕਰਦੀ ਹੈ ਕਿ ‘ਸ਼ਬਦ’ ਵਿਚ ਉਹ ਸਮਰੱਥਾ ਹੁੰਦੀ ਹੈ ਜੋ ਮਨੁੱਖ ਨੂੰ ਪਰਮਤੱਤ ਨਾਲ ਇਕ-ਸੁਰ ਹੋਣ ਲਈ, ਸਾਧਨ ਪੈਦਾ ਕਰਦੀ ਹੈ। ਇਨ੍ਹਾਂ ਸਾਧਨਾਂ ਰਾਹੀਂ ਮਨੁੱਖ, ਪ੍ਰਭੂ ਕਿਰਪਾ ਨਾਲ, ਸੰਸਾਰਕ ਪ੍ਰਪੰਚਾਂ ਤੋਂ ਛੁਟਕਾਰਾ ਹਾਸਲ ਕਰਦਿਆਂ, ਉਸ ਪਰਮਜੋਤਿ ਵਿਚ ਲੀਨ ਹੋ ਕੇ, ਵਾਰ-ਵਾਰ ਨਹੀਂ ਮਰਦਾ ਅਤੇ ਇਸ ਤਰ੍ਹਾਂ ਸਥਿਰਤਾ ਹਾਸਲ ਕਰ ਲੈਂਦਾ ਹੈ:
ਸਬਦਿ ਮਰੈ ਫਿਰਿ ਮਰਣੁ ਨ ਹੋਇ॥
ਬਿਨ ਮੂਏ ਕਿਉ ਪੂਰਾ ਹੋਇ॥
ਪਰਪੰਚਿ ਵਿਆਪਿ ਰਹਿਆ ਮਨੁ ਦੋਇ॥
ਥਿਰ ਨਾਰਾਇਣੁ ਕਰੇ ਸੁ ਹੋਇ॥ (ਪੰਨਾ 153)
ਸ਼ਬਦ-ਗੁਰੂ ਦੀ ਇਸ ਸ਼ਕਤੀ ਬਾਰੇ ਜੋਗੀਆਂ ਨੇ ਵੀ ਪ੍ਰਸ਼ਨ ਕੀਤਾ ਸੀ ਕਿ ਜਿਸ ਸ਼ਬਦ-ਗੁਰੂ ਨੂੰ ਤੁਸੀਂ ਇਤਨਾ ਸ਼ਕਤੀਸ਼ਾਲੀ ਤੇ ਮਹੱਤਵਪੂਰਨ ਦਰਸਾ ਰਹੇ ਹੋ ਉਸ ਦਾ ਟਿਕਾਣਾ ਕਿੱਥੇ ਹੈ। ਉਤਰ ਵਿਚ ਗੁਰੂ ਜੀ ਇਸ ‘ਸ਼ਬਦ’ ਦਾ ਪਰੰਪਰਾਗਤ ਟਿਕਾਣਾ ਬੁੱਧ ਨਹੀਂ ਦਰਸਾਉਂਦੇ ਸਗੋਂ ਆਖਦੇ ਹਨ ਕਿ ਇਹ ‘ਸ਼ਬਦ-ਗੁਰੂ’ ਤਾਂ ਘਟ ਘਟ ਵਾਸੀ, ਸਰਬ ਨਿਵਾਸੀ ਹੋਣ ਕਾਰਨ ਹਰ ਥਾਂ ਮੌਜੂਦ ਹੈ ਭਾਵ ਸਰਬ-ਵਿਆਪਕ ਹੈ:
ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ॥
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨੁ ਅਧਾਰੋ॥.
ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ॥
ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ॥ (ਪੰਨਾ 946)
ਕੁਲ ਮਿਲਾ ਕੇ ਆਖਿਆ ਜਾ ਸਕਦਾ ਹੈ ਕਿ ਗੁਰੂ ਬਾਣੀ ਦਾ ‘ਸ਼ਬਦ-ਗੁਰੂ’, ਪਰਮਾਤਮਾ ਦੇ ਸਮੁਚੇ ਪ੍ਰਕਾਸ਼ਨ (Revelation of God) ਵਿਚ ਨਿਹਤ ਹੈ। ਇਸ ਵਿਚ ਦੇਹ, ਸਰੀਰ, ਮੂਰਤੀ ਪੂਜਾ, ਕਰਮ-ਕਾਂਡੀ ਜੀਵਨ, ਭੇਖ ਦੇ ਸ਼ਾਸ਼ਤ੍ਰੀ ਵਿਧੀ-ਵਿਧਾਨ ਨੂੰ ਅਸਵੀਕਾਰ ਕਰਦਿਆਂ ‘ਸ਼ਬਦ-ਬ੍ਰਹਮ’ ਨੂੰ ਹੀ ਪ੍ਰਧਾਨਤਾ ਦਿੱਤੀ ਗਈ ਹੈ ਅਤੇ ਸਮੁੱਚੀ ਗੁਰੂ ਬਾਣੀ, ਅਧਿਆਤਮਿਕਤਾ ਅਤੇ ਸੱਚ-ਆਚਾਰ ਦੇ ਦੈਵੀ ਚਰਿੱਤਰ ਨੂੰ ‘ਸ਼ਬਦ’ ਰਾਹੀਂ ਪ੍ਰਸਤੁਤ ਕਰਦੀ ਹੈ।
ਨਿਰਸੰਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖਾਂ ਅਤੇ ਗ਼ੈਰ-ਸਿੱਖਾਂ ਵੱਲੋਂ ਪ੍ਰਗਟਾਈ ਜਾਂਦੀ ਸ਼ਰਧਾ-ਭਾਵਨਾ ਦਾ ਗ੍ਰਾਫ, ਸਿਖਰ ਤੇ ਪੁੱਜ ਰਿਹਾ ਹੈ। ਇਸ ਦਾ ਕਾਰਨ ਇਸ ਪਾਵਨ ਗ੍ਰੰਥ ਦੀ ‘ਧੁਰ ਕੀ ਬਾਣੀ’ ਵਿਚ ਮਾਨਵ ਨੂੰ ਸਦ-ਵਿਗਾਸ ਰੱਖਣ ਲਈ ‘ਸ਼ਬਦ-ਗੁਰੂ’ ਰਾਹੀਂ ਦਰਸਾਈ ਗਈ ਸੁਚੱਜੀ ਜੀਵਨ-ਜੁਗਤ ਹੈ ਜੋ ਉਸ ਦਾ ਮਾਰਗ ਦਰਸ਼ਨ ਕਰਨ ਲਈ ਅੱਜ ਵੀ ਨਾ ਕੇਵਲ ਸਾਰਥਿਕ ਹੀ ਹੈ ਸਗੋਂ ਪ੍ਰਸੰਗਿਕ ਵੀ ਹੈ। ਪਰ ਇਸ ਦੇ ਬਾਵਜੂਦ ਜਗਿਆਸੂਆਂ ਦੀ ਦਿੱਖ ਤੇ ਦ੍ਰਿਸ਼ਟੀ ਇਸ ਪਾਵਨ ਗ੍ਰੰਥ ਵਿਚ ਦਰਸਾਈ ਸ਼ਬਦ-ਗੁਰੂ ਦੀ ਜੀਵਨ-ਜੁਗਤ ਦੇ ਕੱਦ-ਕਾਠ ਵਾਲੀ ਘੱਟ ਹੀ ਨਜ਼ਰ ਆਉਂਦੀ ਹੈ।
ਮੇਰੇ ਵਿਚਾਰ ਅਨੁਸਾਰ ਅਸੀਂ ਆਸਥਾ-ਗ੍ਰਸਤ ਹੋਣ ਕਾਰਨ ਸ਼ਬਦ-ਗੁਰੂ ਦੀ ਇਸ ਸੰਗੀਤਮਈ ਬਾਣੀ ਨੂੰ ਕੰਠ ਜ਼ਰੂਰ ਕਰ ਲੈਂਦੇ ਹਾਂ, ਗੁਰਬਾਣੀ ਕੀਰਤਨ ਦਾ ਆਨੰਦ ਵੀ ਮਾਣ ਲੈਂਦੇ ਹਾਂ ਅਤੇ ਗੁਟਕਿਆਂ ਤੋਂ ਬਾਣੀ ਵੀ ਇਸ ਤਰ੍ਹਾਂ ਬੇਰੋਕ ਪੜ੍ਹਦੇ ਹਾਂ ਜਿਵੇਂ ਸਮੁੰਦਰ ’ਚੋਂ ਪਾਣੀ ਦੀ ਇਕ ਲਹਿਰ ਪਿੱਛੋਂ ਦੂਜੀ ਲਹਿਰ ਬੇਰੋਕ ਉੱਠਦੀ ਹੈ। ਪਰ ਸਾਡੇ ਇਸ ਕਰਮ ਦੀ ਸੀਮਾ, ਸ਼ਰਧਾ-ਭਗਤੀ ਤਕ ਸੀਮਤ ਹੋਣ ਕਾਰਨ ਸ਼ਰਧਾਲੂ ਤਾਂ ਵੱਡੀ ਗਿਣਤੀ ਵਿਚ ਪੈਦਾ ਕਰ ਰਹੀ ਹੈ ਪਰ ਇਸ ਵਿੱਚੋਂ ਪ੍ਰਸਤੁਤ ਹੁੰਦੀ ਸ਼ਬਦ-ਗੁਰੂ ਦੇ ਸੰਕਲਪ ਨੂੰ ਸਮਝਣ ਬੁੱਝਣ ਦੀ ਪ੍ਰਕਿਰਿਆ ਦੀ ਭਾਵਨਾ ਮਾਨਵ-ਜੀਵਨ ਵਿੱਚੋਂ ਮਨਫੀ ਨਜ਼ਰ ਆਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ “ਬਾਣੀ ਬਿਰਲੋ ਬਿਚਾਰਸੀ ਜੇ ਕੋ ਗੁਰਮੁਖ ਹੋਇ” ਅਨੁਸਾਰ ਗੁਰਬਾਣੀ-ਸਿਧਾਤਾਂ ਨੂੰ ਵਿਚਾਰਨਾ, ਪ੍ਰਵਾਨਣਾ ਅਤੇ ਅਮਲੀ ਤੌਰ ’ਤੇ ਜੀਵਨ ਵਿਚ ਉਤਾਰਨ ਦੀ ਕਰਮ-ਭਾਵਨਾ ਨਾਲ ਹੀ ਸ਼ਬਦ-ਗੁਰੂ ਦੇ ਧਾਰਨੀ ਬਣਿਆ ਜਾ ਸਕਦਾ ਹੈ ਅਤੇ ਇਹੋ ਪ੍ਰਕ੍ਰਿਆ ਇਸ ਨੂੰ ਪ੍ਰਸੰਗਿਕ ਬਣਾਉਣ ਦੇ ਸਮਰੱਥ ਬਣਦੀ ਹੈ:
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰ ਮਾਨੀ॥ (ਪੰਨਾ 669)
ਇਸ ਕਰਮ-ਭਾਵਨਾ ਤੇ ਪ੍ਰਕ੍ਰਿਆ ਦੀ ਅਣਹੋਂਦ ਤਾਂ
“ਕੋਈ ਗਾਵੈ ਰਾਗੀ ਨਾਦੀ ਬਹੁਭਾਤ ਕਰ ਨਹੀ ਹਰਿ ਹਰਿ ਭੀਜੈ”
ਵਾਲੀ ਸਥਿਤੀ ਹੀ ਪੈਦਾ ਕਰੇਗੀ। ਭਗਤ ਕਬੀਰ ਜੀ ਦਾ ਵੀ ਇਹੋ ਫੁਰਮਾਨ ਹੈ :
ਕਿਆ ਪੜੀਐ ਕਿਆ ਗੁਨੀਐ॥
ਕਿਆ ਬੇਦ ਪੁਰਾਨਾਂ ਸੁਨੀਐ॥
ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿਓ ਸੋਈ॥ (ਪੰਨਾ 655)
ਦਰਅਸਲ ਅਜੋਕਾ ਮਾਨਵ ਜੀਵਨ ਸਾਇੰਸ ਵੱਲੋਂ ਪ੍ਰਦਾਨ ਕੀਤੇ ਗਏ ਪਦਾਰਥਕ ਸੁਖਾਂ ਕਾਰਨ ਖੁਦਗਰਜੀ, ਲੋਭ, ਲਾਲਚ ਅਤੇ ਹਉਮੈ ਨਾਲ ਨੱਕੋ-ਨੱਕ ਭਰਿਆ ਪਿਆ ਹੈ। ਭਾਵੇਂ ਪ੍ਰਗਟਾਵਾ ਪਿਆਰ ਦਾ ਹੋਵੇ, ਧਰਮ-ਕਰਮ ਹੋਵੇ, ਵਪਾਰ ਹੋਵੇ, ਹਰ ਪਾਸੇ ‘ਸੇਵਾ ਥੋੜੀ ਮਾਗਨ ਬਹੁਤਾ’ ਦੀ ਭਾਵਨਾ ਪ੍ਰਚੰਡ ਹੈ। ਧਾਰਮਿਕ ਅਤੇ ਵਿਵਹਾਰ ਦੋਵੇਂ ਬੁਰੀ ਤਰ੍ਹਾਂ ਵਪਾਰੀਕਰਨ ਦੀ ਰੁਚੀ ਦੇ ਸ਼ਿਕਾਰ ਹੋ ਚੁੱਕੇ ਹਨ। ਸ਼ਬਦ-ਗੁਰੂ ਨਾਲ ਜੁੜਨ ਅਤੇ ਨਿਸ਼ਕਾਮ ਸੇਵਾ ਭਾਵਨਾ ਇਥੋਂ ਤਕ ਅਲੋਪ ਹੋ ਗਈ ਹੈ ਕਿ ਕਰਵਾਏ ਜਾਂਦੇ ਪੂਜਾ-ਪਾਠ ਅਤੇ ਦਾਨ-ਪੁੰਨ ਦੀ ਵਾਪਸੀ ਦੂਣੀ-ਚਉਣੀ ਹੋ ਕੇ ਪ੍ਰਾਪਤ ਕਰਨ ਦੀ ਇਛਾ ਬਲਵਾਨ ਹੁੰਦੀ ਜਾ ਰਹੀ ਹੈ। ਰੱਬ ਨਾਲ ਕੀਤੀ ਜਾਂਦੀ ਸੌਦੇ-ਬਾਜੀ ਦੀ ਇਸ ਰੁਚੀ ਵਾਂਗ ਹੁਣ ਤਾਂ gift ਵੀ return gift ਦੀ ਆਸ ਅਧੀਨ ਦਿਤੇ ਤੇ ਲਏੇ ਜਾਂਦੇ ਹਨ। ਗੁਰਬਾਣੀ ਇਸ ਵਰਤਾਰੇ ਨੂੰ ਪ੍ਰਵਾਨ ਨਹੀਂ ਕਰਦੀ ਸਗੋਂ ਉਲਟਾ ਪ੍ਰਸ਼ਨ ਕਰਦੀ ਹੈ:
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ॥
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ (ਪੰਨਾ 1378)
ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਆੜ ਹੇਠ ਅੱਜ ਅਨੇਕਾਂ ਡੇਰੇ ਐਸੇ ਸਥਾਪਤ ਹੋ ਗਏ ਹਨ ਜੋ ਗੁਰਬਾਣੀ ਵਿਚ ਵਾਧੇ-ਘਾਟੇ ਕਰ ਕੇ ਸ਼ਬਦ-ਗੁਰੂ ਦੀ ਵਿਆਖਿਆ ਆਪਣੇ ਮਤ ਨੂੰ ਸ੍ਰੇਸ਼ਟ ਦੱਸਣ ਦੀ ਇੱਛਾ ਅਨੁਸਾਰ ਕਰ ਰਹੇ ਹਨ। ਅਜਿਹੇ ਡੇਰਿਆਂ ਦੇ ਪੈਰੋਕਾਰ ਲੋਕਾਈ ਨੂੰ ਸ਼ਬਦ-ਗੁਰੂ ਨਾਲ ਜੋੜਨ ਦੀ ਥਾਂ ਡੇਰੇਦਾਰਾਂ ਜਾਂ ਬਾਬਿਆਂ ਨਾਲ ਜੋੜ ਰਹੇ ਹਨ। ਭੋਲੇ-ਭਾਲੇ ਲੋਕ ਤਨ ਕਰਕੇ ਤਾਂ ਸ਼ਬਦ-ਗੁਰੂ ਅੱਗੇ ਸੀਸ ਝੁਕਾਉਂਦੇ ਹਨ ਪਰ ਮਨ ਕਰਕੇ ਡੇਰਿਆਂ ਵਾਲੇ ਬਾਬੇ ਦੀ ਪੂਜਾ ਕਰਦੇ ਹਨ। ਘਰੋਂ ਸਾਦੇ ਕੱਪੜਿਆਂ ਨਾਲ ਭਜੇ ਇਹ ਸਾਧ, ਅੱਜ ਆਲੀਸ਼ਾਨ ਕਾਰਾਂ, ਮਹਿਲਨੁਮਾ ਡੇਰਿਆਂ, ਹਥਿਆਰਾਂ ਅਤੇ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਹਨ। ਪੰਜਾਬ ਅਤੇ ਇਸ ਦੇ ਨਾਲ ਲਗਦੇ ਸੂਬਿਆਂ ਵਿਚ ਪਸਰੇ ਇਨ੍ਹਾਂ ਡੇਰਿਆਂ ਦਾ ਨਿਸ਼ਾਨਾ ਕੇਵਲ ਸਿੱਖ ਧਰਮ ਦੀ ਆਨ-ਸ਼ਾਨ ਨੂੰ ਮਿਟਾਉਣਾ ਹੈ ਇਹ ਕਿਸੇ ਹੋਰ ਧਰਮ ਬਾਰੇ ਮੂਕ ਹਨ। ਸਿਤਮ ਇਹ ਕਿ ਜੇਕਰ ਇਹ ਡੇਰੇਦਾਰ ਬਲਾਤਕਾਰ ਕਰਨ, ਕਤਲ ਕਰਨ, ਪਾਖੰਡ ਕਰਨ ਤਾਂ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਦੀ ਸੁਰੱਖਿਆ ਲਈ ਜ਼ੈਡ ਸਕਿਉਰਟੀ ਤਾਇਨਾਤ ਕਰ ਦਿੰਦੀਆਂ ਹਨ।
ਸੱਚੀ ਗੱਲ ਇਹ ਹੈ ਕਿ ਜੇਕਰ ਆਗੂ ਸੁਘੜ, ਸੁਜਾਨ ਤੇ ਆਚਰਨ ਦਾ ਚੰਗਾ ਹੋਵੇ ਤਾਂ ਉਹ ਬਾਕੀਆਂ ਨੂੰ ਸ਼ਬਦ-ਗੁਰੂ ਅਨੁਸਾਰ ਸੱਚ ਦੇ ਮਾਰਗ ’ਤੇ ਤੋਰ ਲੈਂਦਾ ਹੈ। ਗੁਰਵਾਕ ਹੈ:
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ॥
ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ॥ (ਪੰਨਾ 140)
ਪਰ ਜੇਕਰ ਉਹ ਆਪ ਹੀ ਸ਼ਬਦ-ਗੁਰੂ ਦੇ ਸੱਚ-ਮਾਰਗ ਤੋਂ ਦੂਰ ਹੈ ਤਾਂ ਦੂਸਰਿਆਂ ਦਾ ਕੋਈ ਭਲਾ ਨਹੀਂ ਕਰ ਸਕਦਾ:
ਕੂੜੁ ਬੋਲਿ ਮੁਰਦਾਰੁ ਖਾਇ॥
ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥
ਨਾਨਕ ਐਸਾ ਆਗੂ ਜਾਪੈ॥ (ਪੰਨਾ 139-40)
ਅੱਜ ਸਥਿਤੀ ਇਹ ਬਣ ਗਈ ਹੈ ਕਿ ਜੋ ਹੈ ਉਸ ਨਾਲ ਸਾਡੀ ਤ੍ਰਿਪਤੀ ਨਹੀਂ ਜੋ ਨਹੀਂ ਉਸ ਦੀ ਪ੍ਰਾਪਤੀ ਲਈ ਅਸੀਂ ਹਰ ਅਨੈਤਿਕ ਢੰਗ ਅਪਨਾਉਣ ਲਈ ਤਤਪਰ ਰਹਿੰਦੇ ਹਾਂ। ਨਵੀਂ ਟੈਕਨਾਲੋਜੀ ਨੇ ਜੀਵਨ-ਸ਼ੈਲੀ ਵਿਚ ਬਦਲਾਉ ਲੈ ਆਂਦਾ ਹੈ। ਚੰਗੀ ਕੋਠੀ, ਵੱਡੀ ਗੱਡੀ, ਮਹਿੰਗੇ ਭੜਕੀਲੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ, ਘਰੋਂ ਬਾਹਰ ਖਾਣ ਪੀਣ ਆਦਿ ਅਗਾਂਹ ਵਧੂ ਅਤੇ ਉੱਚ ਸਭਿਅਤਾ ਦੇ ਪ੍ਰਤੀਕ ਬਣ ਗਏ ਹਨ। ਡਾਕਟਰ, ਵਕੀਲ, ਅਧਿਆਪਕ, ਵਪਾਰੀ, ਕਰਮਚਾਰੀ, ਕਲਾਕਾਰ, ਪੁਜਾਰੀ, ਰਾਗੀ, ਕਥਾਵਾਚਕ ਆਦਿ ਸਾਰੇ ਹੀ ਪੂੰਜੀਵਾਦੀ ਸਿਸਟਮ ਨਾਲ ਜੁੜ ਗਏ ਹਨ। ਪਰਉਪਕਾਰ, ਤਿਆਗ, ਨੈਤਿਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਮਨਫ਼ੀ ਹੋ ਚੁੱਕੀ ਹੈ। ਸਭ ਤੋਂ ਵਧ ਹੈਰਾਨੀ ਇਸ ਗੱਲ ਦੀ ਹੈ ਕਿ ਅਜੋਕੀ ਮਾਨਵ-ਰੁਚੀ ਪਰਮਾਤਮਾ ਪਾਸੋਂ ਪ੍ਰਾਪਤ ਹੋਈਆਂ ਅਨਿਕ ਪ੍ਰਕਾਰ ਦੀਆਂ ਸੁਖ ਸੁਵਿਧਾਵਾਂ ਨਾਲ ਆਪਣੇ ਆਪ ਨੂੰ ਸੁਖੀ ਮਹਿਸੂਸ ਨਹੀਂ ਕਰਦੀ ਅਤੇ ਬਹੁਤ ਸਾਰੀਆਂ ਆਪੇ ਸਹੇੜੀਆਂ ਅਲਾਮਤਾਂ ਤੋਂ ਦੁਖੀ ਵੀ ਨਹੀਂ ਹੁੰਦੀ ਪਰ ਦੂਜਿਆਂ ਨੂੰ ਸੁਖੀ ਵੇਖ ਕੇ ਕੁੜ੍ਹਦੀ ਹੈ, ਤਪਦੀ ਹੈ, ਖਪਦੀ ਹੈ ਅਤੇ ਈਰਖਾ ਦੀ ਅੱਗ ਵਿਚ ਸੜ-ਸੜ ਕੇ ਆਪਣੇ ਸੁਖਾਂ ਨੂੰ ਦੁੱਖਾਂ ਵਿਚ ਬਦਲ ਰਹੀ ਹੈ।
ਨਿਰਸੰਦੇਹ ਇਹ ਅਤਿਅੰਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਰ ਜਦੋਂ ਤਕ ਸਾਡੇ ਪਾਸ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਧੁਰ ਕੀ ਬਾਣੀ’ ਦੀ ਅਨਮੋਲ ਨਿਧੀ ਮੌਜੂਦ ਹੈ ਉਦੋਂ ਤਕ ਸਾਨੂੰ ਘਬਰਾਉਣ ਦੀ ਲੋੜ ਨਹੀਂ ਲੋੜ ਹੈ ਇਕ ਮਨ ਚਿਤ ਹੋ ਕੇ ‘ਸ਼ਬਦ-ਗੁਰੂ’ ਨਾਲ ਜੁੜਨ ਦੀ ਕਿਉਂਕਿ ਗੁਰਬਾਣੀ ਸਾਨੂੰ ਕੇਵਲ ਗੱਲੀਂ-ਬਾਤੀਂ ਵਰਚਾਉਂਦੀ ਨਹੀਂ ਸਗੋਂ ਗਹਿਰਾਈ ਵਿਚ ਜਾ ਕੇ ਹਰ ਸਮੱਸਿਆ ਦਾ ਸਮਾਧਾਨ ਸੁਝਾਉਂਦੀ ਹੈ। ਸਿੱਖ ਨੇ ਤਾਂ ਸਿੱਖ ਹੀ ਰਹਿਣਾ ਹੈ ਜੋ ਗੁਰੂ ਆਸ਼ੇ ਅਨੁਸਾਰ ਅਗੇ ਲੰਘ ਜਾਵੇ ਉਸ ਲਈ ਸਾਨੂੰ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਬਣਦਾ ਹੈ ਜੋ ਪਿਛੇ ਰਹਿ ਜਾਂਦੇ ਹਨ ਜਾਂ ਡੇਰੇਦਾਰਾਂ ਦੀ ਚਮਕ-ਦਮਕ ਕਾਰਨ ਭਟਕ ਗਏ ਹਨ, ਉਨ੍ਹਾਂ ਲਈ ਅਰਦਾਸ ਕਰਨੀ ਚਾਹੀਦੀ ਹੈ ਕਿ ਅਕਾਲ ਪੁਰਖ਼ ਉਨ੍ਹਾਂ ਨੂੰ ਸ਼ਬਦ-ਗੁਰੂ ਨਾਲ ਜੁੜਨ ਦੀ ਸਮਰੱਥਾ ਬਖ਼ਸ਼ੇ।
ਲੇਖਕ ਬਾਰੇ
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/September 1, 2007
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/November 1, 2008
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/August 1, 2009
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/September 1, 2009
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/November 1, 2009
- ਡਾ. ਜਸਬੀਰ ਸਿੰਘ ਸਾਬਰhttps://sikharchives.org/kosh/author/%e0%a8%a1%e0%a8%be-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%b8%e0%a8%be%e0%a8%ac%e0%a8%b0/May 1, 2010