ਰਾਜੇ ਸ਼ੀਂਹ ਮੁਕੱਦਮ ਜਦ ਬਣਨ ਕੁੱਤੇ, ਉਦੋਂ ਹੱਕ ਤੇ ਸੱਚ ਨੇ ਰੁਲ੍ਹ ਜਾਂਦੇ।
ਅੰਨ੍ਹੀਆਂ ਪੀਹਣ ਚੱਕੀ ਕੁੱਤੇ ਜਾਣ ਚੱਟੀ, ਬੂਹੇ ਕੂੜ ਤੇ ਪਾਪ ਦੇ ਖੁੱਲ੍ਹ ਜਾਂਦੇ।
ਜਨੂੰਨ ਮਜ਼੍ਹਬ ਦਾ ਚਾਲੇ ਜਾਂ ਫੜੇ ਪੁੱਠੇ, ਧਰਮੀ ਬੰਦੇ ਵੀ ਦਇਆ ਨੂੰ ਭੁੱਲ ਜਾਂਦੇ।
ਧਰਤੀ ਮਾਂ ਦੀ ਆਤਮਾ ਵੈਣ ਪਾਉਂਦੀ, ਹੰਝੂ ਪੀੜਤ ਨਿਮਾਣੀ ਦੇ ਡੁੱਲ੍ਹ ਜਾਂਦੇ।
ਐਸੇ ਸਮੇਂ ਕੋਈ ਮਰਦ ਅਗੰਮੜਾ ਹੀ, ਸੀਸ ਤਲੀ ’ਤੇ ਰੱਖ ਕੇ ਬਹੁੜਦਾ ਏ।
ਓਸੇ ਮਰਦ ਨੂੰ ਫਤਹਿ ਨਸੀਬ ਹੁੰਦੀ, ਚਾਉ ਮੌਤ ਦਾ ਹੀ ਜਿਹਨੂੰ ਅਹੁੜਦਾ ਏ।
ਦਸਮ ਪਿਤਾ ਤੋਂ ਸੂਰਜੀ ਥਾਪਣਾ ਲੈ, ਅੱਥਰੂ ਰੋਂਦਿਆਂ ਦੇ ਪੂੰਝਣ ਸ਼ੇਰ ਤੁਰਿਆ।
ਪੰਜ ਤੀਰਾਂ ਦੀ ਪਿਤਾ ਤੋਂ ਦਾਤ ਲੈ ਕੇ, ਬੰਦਾ ਸਿੰਘ ਬਣ ਪਰਬਤ ਸੁਮੇਰ ਤੁਰਿਆ।
ਦਲ ਸਿੰਘਾਂ ਦਾ ਬਾਘੀਆਂ ਜਾਏ ਪਾਉਂਦਾ, ਭਰਿਆ ਰੋਹ ਵਿਚ ਝੱਖੜ ਹਨ੍ਹੇਰ ਤੁਰਿਆ।
ਇੱਟ ਨਾਲ ਸਰਹਿੰਦ ਦੀ ਇੱਟ ਖੜਕੇ, ਮਲਬਾ ਮਿੱਟੀ ਤੇ ਗਾਰੇ ਦਾ ਢੇਰ ਤੁਰਿਆ।
ਬਾਜ ਸਿੰਘ ਨੂੰ ਮਾਰਨ ਦਾ ਜਤਨ ਕਰਦਾ, ਵਜੀਰਾ ਧਰਤ ’ਤੇ ਆਣ ਚੌਫਾਲ ਡਿੱਗਾ।
ਫਤਹਿ ਸਿੰਘ ਕਿਰਪਾਨ ਸੰਗ ਚੀਰ ਦਿੱਤਾ, ਵੇਖਣ ਵਾਲਿਆਂ ਕਿਹਾ ਭੁਚਾਲ ਡਿੱਗਾ।
ਕਲਗੀਧਰ ਦੇ ਸ਼ੇਰਾਂ ਨੇ ਵਖਤ ਪਾਇਆ, ਵੈਰੀ ਦਲਾਂ ਦੇ ਥੰਮ੍ਹ ਥਿੜਕਾ ਦਿੱਤੇ।
ਸ਼ਾਹਬਾਦ, ਸਢੌਰਾ, ਬਨੂੜ ਵਰਗੇ, ਗੜ੍ਹ ਮੁਗ਼ਲਾਂ ਦੇ ਪੈਰੀਂ ਝੁਕਾ ਦਿੱਤੇ।
ਜਮਨਾ ਨਦੀ ਤੋਂ ਵੀ ਸਤਲੁਜ ਤੀਕਰ, ਝੰਡੇ ਫਤਹਿ ਦੇ ਸਿੰਘਾਂ ਝੁਲਾ ਦਿੱਤੇ।
ਸੱਤ ਸੌ ਸਾਲਾ ਗ਼ੁਲਾਮੀ ਦਾ ਦਾਗ਼ ਧੋ ਕੇ, ਭਾਰਤ ਮਾਂ ਦੇ ਭਾਗ ਚਮਕਾ ਦਿੱਤੇ।
ਬਾਜ ਸਿੰਘ ਰਣ ਸਿੰਘ ਰਲ ਕਈ ਸ਼ੇਰਾਂ, ਪਾਪੀ ਸੋਧਣ ਦੀ ਧੁਰੋਂ ਦੁਆ ਮੰਗੀ।
ਗੁਰੂਆਂ ਪੀਰਾਂ ਦੀ ਧਰਤ ਪੰਜਾਬ ਉੱਤੇ, ਅਰਸ਼ੋਂ ਰਹਿਮਤਾਂ ਭਰੀ ਹਵਾ ਮੰਗੀ।
ਲੋਹਗੜ੍ਹ ਨੂੰ ਥਾਪਿਆ ਰਾਜਧਾਨੀ, ਸਿੱਖ ਪੰਥ ਦਾ ਸਿੱਕਾ ਚਲਾ ਦਿੱਤਾ।
ਵਾਹੀਕਾਰ ਜ਼ਮੀਨ ਦਾ ਹੋਊ ਮਾਲਕ, ਜਗੀਰਦਾਰੀ ਦਾ ਦਾਬਾ ਉਠਾ ਦਿੱਤਾ।
ਨੀਚ-ਊਚ ਵਖਰੇਵਾਂ ਜੋ ਜਾਤੀਆਂ ਦਾ, ਇੱਕੋ ਨਾਲ ਐਲਾਨ ਮੁਕਾ ਦਿੱਤਾ।
ਗਰੀਬ ਸਿੱਖਾਂ ਨੂੰ ਬਖ਼ਸ਼ ਕੇ ਉੱਚ ਅਹੁਦੇ, ਦਸਮ ਪਿਤਾ ਦਾ ਬਚਨ ਪੁਗਾ ਦਿੱਤਾ।
ਆਦਰ ਧੀਆਂ ਤੇ ਭੈਣਾਂ ਦਾ ਹੋਏ ਪੂਰਾ, ਪੱਗ ਮਾੜੇ ਦੀ ਸਿਰੋਂ ਨਹੀਂ ਲਹਿਣ ਦੇਣੀ।
ਆਪ ਜੀਓ ਤੇ ਹੋਰਾਂ ਨੂੰ ਜੀਊਣ ਦੇਵੋ, ਸਾਂਝ ਪ੍ਰੇਮ ਦੀ ਕੰਧ ਨਹੀਂ ਢਹਿਣ ਦੇਣੀ।
ਦਸਮ ਪਾਤਸ਼ਾਹ ਦੇ ਬਲੀ ਸੂਰਬੀਰਾ! ਸਿਕੰਦਰ ਨਿਪੋਲੀਅਨ ਤੋਂ ਵੱਧ ਸ਼ਾਨ ਤੇਰੀ!
ਲੱਖ ਲਾਹਨਤਾਂ ਪੈਂਦੀਆਂ ਪਾਪੀਆਂ ਨੂੰ; ਕੀਰਤ ਰੱਜ-ਰੱਜ ਗਾਵੇ ਜਹਾਨ ਤੇਰੀ!
ਗੰਦੇ ਵਹਿਸ਼ੀਆਂ ਜ਼ੁਲਮ ਦੀ ਹੱਦ ਕਰ ’ਲੀ, ਥਿੜਕੀ ਜ਼ਰਾ ਨਹੀਂ ਸੂਰਿਆ, ਆਨ ਤੇਰੀ।
ਅੱਜ ਵੀ ਹੱਦਾਂ ਸਰਹੱਦਾਂ ’ਤੇ ਵੀਰ ਤੇਰੇ, ਸਾਂਭੀ ਬੈਠੇ ਨੇ ਪੱਕੀ ਕਮਾਨ ਤੇਰੀ।
ਜਦ ਤਕ ਧਰਤ ਅਕਾਸ਼ ਨੇ ਕਾਇਮ ਰਹਿਣੇ, ਸ਼ਾਨ ਤੇਰੀ ਵੀ ਸੂਰਜਾ ਚਮਕਦੀ ਰਹੂ!
ਜਿਉਂ-ਜਿਉਂ ਤਾਰੀਖ ਦੁਹਰਾਈ ਜਾਊ, ਨਾਗਮਣੀ ਵਾਂਗੂ ਤਿਉਂ-ਤਿਉਂ ਦਮਕਦੀ ਰਹੂ।
ਲੇਖਕ ਬਾਰੇ
(ਪਿੰਡ ਤੇ ਡਾਕ: ਧੰਦੋਈ, ਸ੍ਰੀ ਹਰਿਗੋਬਿੰਦਪੁਰ ਰੋਡ, ਜ਼ਿਲ੍ਹਾ ਗੁਰਦਾਸਪੁਰ)
- ਸ. ਬਲਵੰਤ ਸਿੰਘ ਦਰਦੀhttps://sikharchives.org/kosh/author/%e0%a8%b8-%e0%a8%ac%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98-%e0%a8%a6%e0%a8%b0%e0%a8%a6%e0%a9%80/July 1, 2007