ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਅੰਮ੍ਰਿਤਸਰ ਦਾ ਵਿਸ਼ੇਸ਼ ਅਸਥਾਨ ਹੈ ਕਿਉਂਕਿ ਸਾਰੇ ਭਾਰਤ ਵਿਚ ਸ਼ਾਇਦ ਇਹ ਹੀ ਇਕ ਅਸਥਾਨ ਹੈ, ਜਿਸ ਦੀ ਉੱਨਤੀ ਤੇ ਵਿਕਾਸ ਅਜ਼ਾਦੀ ਦੇ ਘੋਲ ਵਿਚ ਹੀ ਹੋਇਆ। ਪੰਜਾਬ ਵਿਚ ਅਜ਼ਾਦੀ ਦੀ ਲਹਿਰ ਦਾ ਅਰੰਭ ਅੰਗਰੇਜ਼ਾਂ ਦੇ ਆਉਣ ਤੋਂ ਇਕ ਸਦੀ ਪਹਿਲਾਂ ਹੋਇਆ ਜਦੋਂ 1752 ਈ. ਵਿਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਨੂੰ ਕਾਬਲ ਸਾਮਰਾਜ ਨਾਲ ਜੋੜ ਲਿਆ ਸੀ। ਅੰਮ੍ਰਿਤਸਰ ਦੇ ਇਲਾਕੇ ਦੇ ਨੌਜਵਾਨ ਸੂਰਬੀਰਾਂ ਨੇ ਸਮੇਂ ਦੇ ਜੇਤੂ ਮਰਹੱਟਿਆਂ ਤੇ ਮੁਗ਼ਲ ਸਾਮਰਾਜ ਨਾਲ ਇਕੱਲਿਆਂ ਹੀ ਲੋਹਾ ਲਿਆ ਤੇ ਇਨ੍ਹਾਂ ਪੰਜ ਦਰਿਆਵਾਂ ਦੀ ਧਰਤੀ ਨੂੰ ਅਫ਼ਗਾਨਾਂ ਤੋਂ ਅਜ਼ਾਦ ਕਰਾਇਆ। ਇਨ੍ਹਾਂ ਅਤਿ ਸੰਕਟ ਦੇ ਸਾਲਾਂ ਵਿਚ ਸੁਤੰਤਰਤਾ ਸੰਗਰਾਮੀਆਂ ਦਾ ਕੇਂਦਰ ਅੰਮ੍ਰਿਤਸਰ ਸੀ, ਜਿਥੇ ਉਹ ਦੀਵਾਲੀ ਤੇ ਵਿਸਾਖੀ ਨੂੰ ਜੁੜਦੇ ਤੇ ਗੁਰਮਤੇ ਸੋਧਦੇ ਸਨ। ਇਹ ਉਹ ਸਮਾਂ ਸੀ ਜਦੋਂ ਅੰਮ੍ਰਿਤਸਰ ਅਫਗਾਨਾਂ ਦੀਆਂ ਨਜ਼ਰਾਂ ਵਿਚ ਰੜਕਦਾ ਸੀ ਤੇ ਉਨ੍ਹਾਂ ਦੋ ਵਾਰੀ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ। ਇਸ ਨਾਲ ਅੰਮ੍ਰਿਤਸਰ ਦੀ ਉੱਨਤੀ ਦੀ ਰਫ਼ਤਾਰ ਤੇਜ਼ ਹੁੰਦੀ ਗਈ।
ਅੰਗਰੇਜ਼ਾਂ ਵਿਰੁੱਧ ਸੁਤੰਤਰਤਾ ਸੰਗਰਾਮ ਦਾ ਅਰੰਭ 10 ਫਰਵਰੀ 1846 ਤੋਂ ਹੋਇਆ। ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਚਿੱਟਾ ਬਾਣਾ ਪਾ ਕੇ ਅੰਗਰੇਜ਼ਾਂ ਵਿਰੁੱਧ ਲੜਨ ਦਾ ਫੈਸਲਾ ਕੀਤਾ, ਉਸ ਨੇ ਅਰਦਾਸ ਕੀਤੀ ਸੀ ਕਿ ਜੇਕਰ ਅੰਗਰੇਜ਼ ਜਿੱਤ ਗਏ ਤਾਂ ਉਹ ਜਿਊਂਦਾ ਘਰ ਨਹੀਂ ਆਵੇਗਾ। ਆਪਣਾ ਪ੍ਰਣ ਨਿਭਾਉਂਦਾ ਹੋਇਆ ਆਪਣੇ ਸਾਥੀਆਂ ਨੂੰ ਅੰਗਰੇਜ਼ਾਂ ਵਿਰੁੱਧ ਲੜਨ ਲਈ ਵੰਗਾਰਦਾ ਹੋਇਆ ਉਹ ਰਣ ਭੂਮੀ ਵਿਚ ਸ਼ਹੀਦ ਹੋ ਗਿਆ। ਸਭਰਾਓਂ ਦੀ ਲੜਾਈ ਇਸ ਕਰਕੇ ਭਾਰਤ ਦੇ ਇਤਿਹਾਸ ਵਿਚ ਅੰਗਰੇਜ਼ਾਂ ਨਾਲ ਬਹੁਤ ਕਰੜੀ ਤੇ ਭਿਆਨਕ ਸਮਝੀ ਜਾਂਦੀ ਹੈ, ਜਿਸ ਵਿਚ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ।
ਬਾਬਾ ਰਾਮ ਸਿੰਘ ਨਾਮਧਾਰੀ ਨੇ ਆਪਣੀ ਲਹਿਰ ਦਾ ਅਰੰਭ ਅੰਮ੍ਰਿਤਸਰ ਤੋਂ ਹੀ ਕੀਤਾ। 13 ਅਪ੍ਰੈਲ 1863 ਨੂੰ ਵਿਸਾਖੀ ਵਾਲੇ ਦਿਨ ਉਨ੍ਹਾਂ ਨੇ ਨਾਮਧਾਰੀਆਂ ਨੂੰ ਅੰਮ੍ਰਿਤਸਰ ਜੁੜਨ ਲਈ ਕਿਹਾ। ਸਰਕਾਰ ਅੰਗਰੇਜ਼ੀ 1857 ਦੇ ਗ਼ਦਰ ਤੋਂ ਡਰੀ ਹੋਈ ਸੀ। ਸਿਆਲਕੋਟ ਦੇ ਡਿਪਟੀ ਕਮਿਸ਼ਨਰ ਨੇ ਮਹਿਕਮਾ ਪੁਲੀਸ ਨੂੰ ਸੂਚਿਤ ਕੀਤਾ ਕਿ “ਜ਼ਿਲ੍ਹੇ ਵਿਚ ਅਫਵਾਹਾਂ ਉੱਡ ਰਹੀਆਂ ਹਨ ਕਿ ਵਡੇਰੀ ਉਮਰ ਦਾ ਇਕ ਸਿੱਖ ਜੋ ਭਾਈ ਅਖਵਾਉਂਦਾ ਹੈ, ਦੋ ਸੌ ਆਦਮੀਆਂ ਸਮੇਤ ਦੇਸ਼ ਵਿਚ ਫਿਰ ਰਿਹਾ ਹੈ।
ਇਨ੍ਹਾਂ ਆਦਮੀਆਂ ਨੂੰ ਉਹ ਰਾਤੀਂ ਬੰਦੂਕਾਂ ਦੀ ਥਾਂ ਡੰਡਿਆਂ ਨਾਲ ਕਵਾਇਦ ਕਰਵਾਉਂਦਾ ਹੈ ਤੇ ਕਿਸੇ ਹਾਕਮ ਦਾ ਹੁਕਮ ਨਹੀਂ ਮੰਨਦਾ। ਉਸ ਦਾ ਮਕਸਦ ਵਿਸਾਖੀ ਦੇ ਮੇਲੇ ਅੰਮ੍ਰਿਤਸਰ ਜਾਣ ਦਾ ਹੈ।” ਇਹ ਗੱਲ ਯਾਦ ਰੱਖਣ ਵਾਲੀ ਹੈ ਨਾਮਧਾਰੀਆਂ ਨੇ ਪਹਿਲਾਂ ਅੰਮ੍ਰਿਤਸਰ ਦੇ ਗਊ ਬੱਧ ਕਰਨ ਵਾਲਿਆਂ ਨੂੰ ਮਾਰਿਆ ਤੇ ਫਿਰ ਇਸ ਤਰ੍ਹਾਂ ਲਹਿਰ ਤੇਜ਼ ਹੋਈ। ਨਾਮਧਾਰੀ ਲਹਿਰ ਸਾਰੇ ਭਾਰਤ ਵਿਚ ਪਹਿਲੀ ਅਜ਼ਾਦੀ ਦੀ ਲਹਿਰ ਸੀ ਜਿਸ ਨੇ ਅੰਗਰੇਜ਼ੀ ਸਰਕਾਰ ਦੇ ਬਾਈਕਾਟ ਦੀ ਨੀਤੀ ਨੂੰ ਅਪਣਾਇਆ। ਨਾਮਧਾਰੀਆਂ ਨੇ ਅੰਗਰੇਜ਼ੀ ਕੱਪੜੇ ਦਾ ਬਾਈਕਾਟ, ਅੰਗਰੇਜ਼ੀ ਵਿੱਦਿਆ, ਅੰਗਰੇਜ਼ਾਂ ਦੀਆਂ ਅਦਾਲਤਾਂ ਤੇ ਅੰਗਰੇਜ਼ਾਂ ਦੇ ਬਣਾਏ ਡਾਕਖਾਨਿਆਂ ਦਾ ਬਾਈਕਾਟ ਕੀਤਾ। ਇਹ ਉਹ ਹੀ ਤਰੀਕੇ ਸਨ ਜੋ ਮਹਾਤਮਾ ਗਾਂਧੀ ਨੇ ਪੰਜਾਹ ਸਾਲ ਪਿੱਛੋਂ ਅਪਣਾਏ।
ਵੀਹਵੀਂ ਸਦੀ ਦੇ ਅਰੰਭ ਵਿਚ ਅੰਮ੍ਰਿਤਸਰ ਸੁਤੰਤਰਤਾ ਸੰਗਰਾਮ ਦਾ ਕੇਂਦਰ ਬਣ ਗਿਆ। 1919 ਈ. ਨੂੰ ਵਿਸਾਖੀ ਵਾਲਾ ਦਿਨ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਇਕ ਮੀਲ ਪੱਥਰ ਹੈ। ਇਸ ਦਿਨ ਜ਼ਲ੍ਹਿਆਂ ਵਾਲੇ ਬਾਗ ਦਾ ਸਾਕਾ ਹੋਇਆ ਜਿਸ ਵਿਚ ਜਨਰਲ ਡਾਇਰ ਨੇ ਸੈਂਕੜੇ ਹਿੰਦੂ, ਮੁਸਲਮਾਨ ਤੇ ਸਿੱਖਾਂ ਨੂੰ ਕਿਸੇ ਵਾਰਨਿੰਗ ਦਿੱਤੇ ਬਿਨਾਂ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ। ਜਨਰਲ ਡਾਇਰ ਸਮਝਦਾ ਸੀ ਕਿ ਮੈਂ ਆਪਣੇ ਇਸ ਕਰਤੱਵ ਨਾਲ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਨੂੰ ਪੱਕਿਆਂ ਕੀਤਾ ਹੈ ਪਰ ਇਸ ਦਾ ਸਿੱਟਾ ਬਿਲਕੁਲ ਇਸ ਦੇ ਉਲਟ ਨਿਕਲਿਆ। ਜ਼ਲ੍ਹਿਆਂ ਵਾਲੇ ਬਾਗ ਦੇ ਸਾਕੇ ਨਾਲ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲ ਗਈਆਂ ਜਿਵੇਂ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਖਿਆ ਹੈ, “ਜ਼ਲ੍ਹਿਆਂ ਵਾਲੇ ਬਾਗ ਦਾ ਸਾਕਾ ਭਾਰਤੀਆਂ ਤੇ ਅੰਗਰੇਜ਼ਾਂ ਨਾਲ ਸੰਬੰਧਾਂ ਦੇ ਇਤਿਹਾਸ ਵਿਚ ਇਕ ਮੋੜ ਹੈ। ਅਸਲ ਵਿਚ ਜਨਰਲ ਡਾਇਰ ਦੇ ਕਰਤੱਵ ਤੋਂ ਭਾਰਤੀਆਂ ਅੰਗਰੇਜ਼ਾਂ ਵਿਰੁੱਧ ਲੜਨ ਦਾ ਪੱਕਾ ਨਿਸ਼ਚਾ ਕਰ ਲਿਆ।” ਜ਼ਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਇੰਗਲੈਂਡ ਵਿਚ ਵੀ ਪ੍ਰਭਾਵ ਪਿਆ ਤੇ ਵੀਹਵੀਂ ਸਦੀ ਦੇ ਪ੍ਰਸਿੱਧ ਨੀਤੀਵਾਨ ਵਿਨਸਨ ਚਰਚਲ ਨੇ ਲਿਖਿਆ, “ਜਨਰਲ ਡਾਇਰ ਵਿਰੁੱਧ ਪ੍ਰਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ। ਜੋ ਕੁਝ ਉਸ ਨੇ ਅੰਮ੍ਰਿਤਸਰ ਵਿਚ ਕੀਤਾ ਹੈ, ਉਹ ਅੰਗਰੇਜ਼ਾਂ ਦੇ ਕੰਮ ਕਰਨ ਦੇ ਤੌਰ-ਤਰੀਕੇ ਤੋਂ ਬਿਲਕੁਲ ਹੀ ਵੱਖਰਾ ਹੈ।”
ਜ਼ਲ੍ਹਿਆਂ ਵਾਲੇ ਬਾਗ ਦੇ ਸਾਕੇ ਤੋਂ ਪ੍ਰਭਾਵਿਤ ਹੋ ਕੇ ਸ੍ਰੀ ਰਬਿੰਦਰ ਨਾਥ ਟੈਗੋਰ ਨੇ ਅੰਗਰੇਜ਼ਾਂ ਨੂੰ ਆਪਣਾ ‘ਸਰ’ ਦਾ ਟਾਈਟਲ ਵਾਪਸ ਕਰ ਦਿੱਤਾ ਤੇ ਲਿਖਿਆ ਕਿ ਭਾਰਤੀਆਂ ਨੂੰ ਜ਼ਲ੍ਹਿਆਂ ਵਾਲੇ ਬਾਗ ਵਿਚ ਕੀੜੇ-ਮਕੌੜਿਆਂ ਵਾਂਗੂ ਮਾਰਿਆ ਗਿਆ ਹੈ ਤੇ ਇਸ ਹੋਏ ਜ਼ੁਲਮ ਦੇ ਵਿਰੁੱਧ ਉਹ ‘ਸਰ’ ਦਾ ਟਾਈਟਲ ਅੰਗਰੇਜ਼ੀ ਸਰਕਾਰ ਨੂੰ ਵਾਪਸ ਕਰਦੇ ਹਨ।
ਜਨਰਲ ਡਾਇਰ ਜਦੋਂ ਸੈਂਕੜੇ ਬੇਗੁਨਾਹ ਭਾਰਤੀਆਂ ਨੂੰ ਕਤਲ ਕਰਕੇ ਸ੍ਰੀ ਦਰਬਾਰ ਸਾਹਿਬ ਪੁੱਜਾ ਤਾਂ ਸਰਕਾਰ ਵੱਲੋਂ ਨਿਯੁਕਤ ਉਸ ਸਮੇਂ ਦੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ। ਇਸ ਤੋਂ ਸਿੱਖਾਂ ਵਿਚ ਰੋਸ ਦੀ ਲਹਿਰ ਚੱਲ ਪਈ ਇਸ ਲਹਿਰ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਜਨਮ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਅੰਗਰੇਜ਼ਾਂ ਵਿਰੁੱਧ ਸੀ ਕਿਉਂਕਿ ਅੰਗਰੇਜ਼ੀ ਸਰਕਾਰ ਪੁਜਾਰੀਆਂ ਅਤੇ ਮਹੰਤਾਂ ਦੀ ਹਮਾਇਤ ਕਰਦੀ ਸੀ। ਇਸ ਪ੍ਰਗਤੀਸ਼ੀਲ ਲਹਿਰ ਦਾ ਕੇਂਦਰ ਵੀ ਅੰਮ੍ਰਿਤਸਰ ਹੀ ਸੀ। ਗੁਰੂ ਕੇ ਬਾਗ ਦਾ ਮੋਰਚਾ ਹੋਵੇ ਜਾਂ ਜੈਤੋ ਜਾਂ ਕੋਈ ਹੋਰ ਜਥੇ ਅੰਮ੍ਰਿਤਸਰ ਤੋਂ ਹੀ ਪ੍ਰਤਿੱਗਿਆ ਲੈ ਕੇ ਤੁਰਦੇ ਸਨ। ਅਕਾਲੀ ਲਹਿਰ ਦੇ ਜਨਮ ਤੇ ਵਿਕਾਸ ਦਾ ਕੇਂਦਰ ਵੀ ਅੰਮ੍ਰਿਤਸਰ ਹੀ ਰਿਹਾ। 1925 ਵਿਚ ਗੁਰਦੁਆਰਾ ਐਕਟ ਪਾਸ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਂਦਰ ਵੀ ਅੰਮ੍ਰਿਤਸਰ ਬਣਿਆ। ਇਸ ਤਰ੍ਹਾਂ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਜੋ ਹਿੱਸਾ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਇਆ ਹੈ, ਉਸ ਦਾ ਮਾਣ ਵੀ ਅੰਮ੍ਰਿਤਸਰ ਸ਼ਹਿਰ ਨੂੰ ਪ੍ਰਾਪਤ ਹੈ। ਜਦੋਂ 1930 ਵਿਚ ਪਿਸ਼ਾਵਰ ਵਿਚ ਗੋਲੀ ਚੱਲੀ ਤਾਂ ਮਾਸਟਰ ਤਾਰਾ ਸਿੰਘ ਇਕ ਸੌ ਅਕਾਲੀ ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਤੋਂ ਪਿਸ਼ਾਵਰ ਵੱਲ ਤੁਰੇ। ਰਸਤੇ ਵਿਚ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਅੰਮ੍ਰਿਤਸਰ ਸ਼ਹਿਰ ਨੂੰ ਮਾਣ ਪ੍ਰਾਪਤ ਹੈ ਕਿ ਇਥੇ ਕਈ ਲਹਿਰਾਂ ਚੱਲੀਆਂ ਤੇ ਇਸ ਧਰਤੀ ਨੇ ਉੱਘੇ ਸੁਤੰਤਰਤਾ ਸੰਗਰਾਮੀਆਂ ਨੂੰ ਜਨਮ ਦਿੱਤਾ। ਡਾ. ਸੈਫਉਲ ਦੀਨ ਕਿਚਲੂ ਅੰਮ੍ਰਿਤਸਰ ਦੇ ਬਰਿਸਟਰ ਸਨ, ਜਿਨ੍ਹਾਂ ਅਜ਼ਾਦੀ ਦੀ ਲੜਾਈ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਕਈ ਸਾਲ ਇਹ ਅੰਗਰੇਜ਼ਾਂ ਵਿਰੁੱਧ ਜੂਝਦੇ ਰਹੇ ਤੇ ਇਨ੍ਹਾਂ ਆਪਣੀ ਸਾਰੀ ਜਾਇਦਾਦ ਇਸ ਤਰ੍ਹਾਂ ਖਤਮ ਕਰ ਲਈ। ਡਾ. ਸਤਿਆਪਾਲ ਦੇ ਗ੍ਰਿਫਤਾਰ ਹੋਣ ’ਤੇ ਅੰਮ੍ਰਿਤਸਰ ਦੀ ਪਬਲਿਕ ਭੜਕ ਪਈ ਤੇ ਕਈ ਵਿਦੇਸ਼ੀ ਬੈਂਕ ਸਾੜ ਦਿੱਤੇ ਤੇ ਅੰਗਰੇਜ਼ੀ ਸਰਕਾਰ ਨੂੰ ‘ਮਾਰਸ਼ਲ ਲਾਅ’ ਲਾਗੂ ਕਰਨਾ ਪਿਆ।
ਅੰਮ੍ਰਿਤਸਰ ਅਹਿਰਾਰ ਤਹਿਰੀਕ ਦਾ ਕਈ ਸਾਲ ਕੇਂਦਰ ਬਣਿਆ ਰਿਹਾ। ਅਹਿਰਾਰ ਲੀਡਰ ਅਤਾਉੱਲਾ ਸ਼ਾਹ ਬੁਖਾਰੀ ਤੇ ਸੁਤੰਤਰਤਾ ਸੰਗਰਾਮ ਦੇ ਅਨੋਖੇ ਕਵੀ ਤੇ ਪ੍ਰਸਿੱਧ ਵਰਕਰ ਮੁਨਸ਼ੀ ਅਹਿਮਦੀਨ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਸਨ। ਅਤਾਉੱਲਾ ਸ਼ਾਹ ਆਪਣੇ ਸਮੇਂ ਦੇ ਪ੍ਰਸਿੱਧ ਵਕਤਾ ਸਨ ਤੇ ਘੰਟਿਆਂ-ਬੱਧੀ ਬੋਲਦੇ ਤੇ ਜਨਤਾ ਨੂੰ ਆਪਣੇ ਵੱਲ ਖਿੱਚੀ ਰੱਖਦੇ ਸਨ। ਅਹਿਰਾਰ ਜਮਾਤ ਪੰਜਾਬ ਦੇ ਮੁਸਲਮਾਨਾਂ ਵਿਚ ਪ੍ਰਗਤੀਸ਼ੀਲ ਜਮਾਤ ਸੀ ਤੇ ਇਸ ਦਾ ਨਿਸ਼ਚਾ ਵੀ ਦੇਸ਼ ਨੂੰ ਅਜ਼ਾਦ ਕਰਵਾਉਣਾ ਸੀ। ਸਾਨੂੰ ਉਨ੍ਹਾਂ ਅੰਮ੍ਰਿਤਸਰ ਦੇ ਸੂਰਬੀਰ ਮੁਸਲਮਾਨਾਂ ਨੂੰ ਭੁੱਲਣਾ ਨਹੀਂ ਚਾਹੀਦਾ, ਜਿਨ੍ਹਾਂ ਨੇ ਮੁਲਕ ਦੀ ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਹਨ।
1947 ਈ. ਵਿਚ ਪੰਜਾਬ ਦੇ ਸ਼ਹਿਰਾਂ ਵਿਚ ਅੰਮ੍ਰਿਤਸਰ ਸ਼ਹਿਰ ਨੇ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਸ਼ਹਿਰ ਦਾ ਤੀਜਾ ਹਿੱਸਾ ਫਿਰਕੂ ਫਸਾਦਾਂ ਕਰਕੇ ਸੜ ਗਿਆ। ਅਨੇਕਾਂ ਹੀ ਹਿੰਦੂ, ਮੁਸਲਮਾਨ ਅਤੇ ਸਿੱਖ ਫਿਰਕੂ ਫਸਾਦਾਂ ਦੇ ਵਿਚ ਮਾਰੇ ਗਏ। ਇਸ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਸਭ ਤੋਂ ਵੱਧ ਅਜ਼ਾਦੀ ਦਾ ਮੁੱਲ ਤਾਰਿਆ ਹੈ।
ਲੇਖਕ ਬਾਰੇ
ਡਾ ਕਿਰਪਾਲ ਸਿੰਘ ਪ੍ਰਸਿੱਧ ਸਿੱਖ ਇਤਿਹਾਸਕਾਰ ਸਨ। ਆਪ ਅਨੇਕਾਂ ਅਹੁਦਿਆਂ ਤੇ ਤਾਇਨਾਤ ਰਹੇ, ਜਿਨ੍ਹਾਂ ਵਿੱਚ ਪ੍ਰਮੁੱਖ ਸਨ- ਇੰਚਾਰਜ, ਸਿੱਖ ਸਰੋਤ ਇਤਿਹਾਸਕ ਸੰਪਾਦਨਾ ਪ੍ਰੋਜੈਕਟ, ਕਲਗੀਧਰ ਨਿਵਾਸ, ਸੈਕਟਰ 27, ਚੰਡੀਗੜ੍ਹ
ਪ੍ਰੋਫੈਸਰ ਅਤੇ ਮੁਖੀ, ਪੰਜਾਬ ਹਿਸਟੋਰੀਕਲ ਸਟੱਡੀਜ਼ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ, ਪਟਿਆਲਾ (1982 ਤੋਂ 1986) ਫਾਊਂਡਰ, ਓਰਲ ਹਿਸਟਰੀ ਸੈੱਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਦਾਇ, ਇਤਿਹਾਸ ਅਤੇ ਪੁਰਾਤੱਤਵ ਏਸ਼ੀਆਟਿਕ ਸੋਸਾਇਟੀ, ਕਲਕੱਤਾ (1995 ਤੋਂ 1997)
ਮੈਂਬਰ, ਗਵਰਨਿੰਗ ਕੌਂਸਲ, ਏਸ਼ੀਆਟਿਕ ਸੋਸਾਇਟੀ, ਕਲਕੱਤਾ (1992 ਤੋਂ 1997)
ਆਪ ਦਾ 2019 ਵਿੱਚ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।
- ਡਾ. ਕਿਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/August 1, 2007
- ਡਾ. ਕਿਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/September 1, 2009
- ਡਾ. ਕਿਰਪਾਲ ਸਿੰਘhttps://sikharchives.org/kosh/author/%e0%a8%a1%e0%a8%be-%e0%a8%95%e0%a8%bf%e0%a8%b0%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98/November 1, 2009