editor@sikharchives.org

ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ

ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ-ਬਿਰਤਾਂਤ ਬੜਾ ਵਚਿੱਤਰ ਪਰ ਘਟਨਾਵਾਂ ਭਰਪੂਰ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮੈਂ ਆਪਣੇ ਇਕ ਪੂਰਬ ਪ੍ਰਕਾਸ਼ਿਤ ਲੇਖ (ਗੁਰਮਤਿ ਪ੍ਰਕਾਸ਼, ਜਨਵਰੀ 2010) ਵਿਚ ਇਸ ਗੱਲ ਦੀ ਚਰਚਾ ਕੀਤਾ ਸੀ ਕਿ ਪੰਜਾਬੀਆਂ ਨੇ ਨਾਇਕ ਵਜੋਂ ਦੋ ਹੀ ਤਰ੍ਹਾਂ ਦੇ ਵਿਅਕਤੀਆਂ ਨੂੰ ਸਵੀਕਾਰ ਕੀਤਾ ਹੈ। ਪਹਿਲੇ ਵਰਗ ਦੇ ਨਾਇਕ ਧਰਮ ਖੇਤਰ ਦੇ ਹਨ ਜਿਵੇਂ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ। ਦੂਜਾ ਵਰਗ ਕਰਮ ਖੇਤਰ ਦੇ ਨਾਇਕਾਂ ਦਾ ਹੈ ਜਿਵੇਂ ਦੁੱਲਾ ਭੱਟੀ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਜਰਨੈਲ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਆਦਿ। ਪੰਜਾਬੀਆਂ ਨੇ ਤਾਂ ਜੈਮਲ ਅਤੇ ਫੱਤਾ ਵਰਗੇ ਰਾਜਸਥਾਨੀ ਨਾਇਕਾਂ ਨੂੰ ਵੀ ਉਨ੍ਹਾਂ ਦੀ ਦਲੇਰੀ, ਸਾਹਸ ਅਤੇ ਬਹਾਦਰੀ ਕਰਕੇ ਅਪਣਾ ਲਿਆ ਅਤੇ ਉਨ੍ਹਾਂ ਦਾ ਜੱਸ ਵੀ ਕੀਤਾ। ਕਰਮ ਖੇਤਰ ਦੇ ਨਾਇਕਾਂ ਵਿੱਚੋਂ ਅੱਜ ਅਸੀਂ ਕੇਵਲ, ਇਕ ਪੁਰਾਣੀ ਵਾਰ ਦੇ ਆਧਾਰ ’ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹੀ ਕੁਝ ਚਰਚਾ ਕਰਨੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ-ਬਿਰਤਾਂਤ ਬੜਾ ਵਚਿੱਤਰ ਪਰ ਘਟਨਾਵਾਂ ਭਰਪੂਰ ਹੈ। ਜੰਮੂ ਕਸ਼ਮੀਰ ਪ੍ਰਾਂਤ ਦੇ ਇਕ ਛੋਟੇ ਜਿਹੇ ਪੱਛੜੇ ਪਹਾੜੀ ਇਲਾਕੇ ਵਿਚ ਜਨਮ ਲੈ ਕੇ ਕਈ ਤਰ੍ਹਾਂ ਦੀਆਂ ਧਾਰਮਿਕ ਅਤੇ ਮਾਨਸਿਕ ਤਬਦੀਲੀਆਂ ਵਿੱਚੋਂ ਗੁਜ਼ਰ ਕੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੜੇ ਨਾਲ ਉਹ ਨ ਕੇਵਲ ਸੂਰਬੀਰ ਯੁੱਗ ਪਲਟਾਊ ਨਾਇਕਾਂ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ, ਸਗੋਂ ਪੰਜਾਬ ਦੇ ਇਤਿਹਾਸ ਉੱਪਰ ਉਸ ਨੇ ਅਮਿੱਟ ਪ੍ਰਭਾਵ ਵੀ ਛੱਡਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸ ਨੂੰ ਕੀ ਦੇਣ ਹੈ? ਇਸ ਬਾਰੇ ਇਤਿਹਾਸਕਾਰਾਂ ਨੇ ਕਾਫ਼ੀ ਕੁਝ ਲਿਖਿਆ ਹੈ ਜਿਸ ਵਿੱਚੋਂ ਕੁਝ ਲਿਖਤ ਸਮੱਗਰੀ ਨੂੰ ਬੜੀ ਸਾਵਧਾਨੀ ਨਾਲ ਅਧਿਐਨ ਕਰਨ ਦੀ ਵੀ ਲੋੜ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਪੰਜਾਬ ਦੇ ਇਤਿਹਾਸ ਵਿਚ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬੀਆਂ ਦੀ ਅਣਖ ਦਾ ਪ੍ਰਤੀਕ ਵੀ ਹੈ।

ਅਜਿਹੇ ਸੂਰਬੀਰ ਨਾਇਕ ਦਾ ਕਵੀਆਂ/ਲੇਖਕਾਂ ਵੱਲੋਂ ਗੁਣਗਾਇਨ ਕਰਨਾ ਸੁਭਾਵਿਕ ਸੀ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੇ ਗਏ ਪੰਜਾਬੀ ਸਾਹਿਤ ਦਾ ਲੇਖਾ-ਜੋਖਾ ਤਾਂ ਵਿਸਤ੍ਰਿਤ ਲੇਖ ਦੀ ਮੰਗ ਕਰਦਾ ਹੈ। ਉਂਞ ਤਾਂ ਜਿਨ੍ਹਾਂ-ਜਿਨ੍ਹਾਂ ਗ੍ਰੰਥਾਂ ਵਿਚ ਦਸਮ ਗੁਰੂ ਜੀ ਦਾ ਜੀਵਨ-ਬਿਰਤਾਂਤ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਬਿਰਤਾਂਤ ਵੀ ਹੈ ਕਿਉਂਕਿ ਗੁਰੂ ਜੀ ਦੀ ਪ੍ਰੇਰਨਾ, ਉਤਸ਼ਾਹ ਅਤੇ ਟੁੰਬਣੀ ਸਦਕਾ ਜ਼ਾਲਮ ਸਾਮਰਾਜ ਦੇ ਜੂਲੋਂ ਹੇਠੋਂ ਪੰਜਾਬ ਨੂੰ ਕੱਢਣ ਲਈ ਠੋਸ ਸ਼ੁਰੂਆਤ ਹੋਈ। ਗੁਰੂ ਜੀ ਦੀ ਸਿੱਖਿਆ ਅਤੇ ਨਸੀਹਤ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਤਮ ਪਹਿਚਾਣ ਵਾਲੇ ਪਾਸੇ ਤੋਰਿਆ ਅਤੇ ਉਸ ਦੀ ਮੁਕੰਮਲ ਤੌਰ ’ਤੇ ਕਾਇਆ ਕਲਪ ਕਰਕੇ ਰੱਖ ਦਿੱਤੀ। ਇਸੇ ਲਈ ਗੁਰੂ ਸਾਹਿਬ ਬਾਰੇ ਜਿਨ੍ਹਾਂ ਇਤਿਹਾਸਕ ਪੁਸਤਕਾਂ ਵਿਚ ਜ਼ਿਕਰ ਹੈ, ਉਨ੍ਹਾਂ ਸਾਰੀਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਵੀ ਹੈ, ਕਿਸੇ ਵਿਚ ਘੱਟ, ਕਿਸੇ ਵਿਚ ਵੱਧ। ਮੱਧਕਾਲ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਆਧੁਨਿਕ ਯੁੱਗ ਵਿਚ ਪਹੁੰਚ ਜਾਂਦਾ ਹੈ। ਅੱਜ ਅਸੀਂ ਪਾਠਕਾਂ ਦੀ ਸ. ਹਰਿੰਦਰ ਸਿੰਘ ਰੂਪ ਦੀ ਲਿਖੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਪੁਸਤਕ ‘ਬੰਦੇ ਦੀ ਵਾਰ’ ਨਾਲ ਸਾਂਝ ਪੁਆਉਣੀ ਚਾਹੁੰਦੇ ਹਾਂ ਜੋ ਪਹਿਲੀ ਵਾਰ 1942 ਈ: ਵਿਚ ਛਪੀ ਉਨ੍ਹਾਂ ਦੀ ਪੁਸਤਕ ‘ਪੰਜਾਬ ਦੀਆਂ ਵਾਰਾਂ’ ਵਿੱਚੋਂ ਲਈ ਗਈ ਹੈ।

ਸ. ਹਰਿੰਦਰ ਸਿੰਘ ਰੂਪ ਦੀ ਇਹ ਵਾਰ ਇਕ ਅਤਿ ਸਾਧਾਰਨ ਭਾਂਤ ਦੀ ਵਾਰ ਹੈ ਜਿਸ ਦੇ 24 ਬੰਦ ਹਨ। ਕਵੀ ਦੱਸਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਪਹਿਲੀ ਵਾਰ ਹੀ ਮਿਲਣ ਤੋਂ ਗੁਰੂ ਜੀ ਨੇ ਉਸ ਵਿਚਲੀ ਪ੍ਰਤਿਭਾ, ਬਾਹੂਬਲ ਅਤੇ ਦ੍ਰਿੜ੍ਹਤਾ ‘ਸ਼ੇਰ ਅਨੋਖਾ ਦੇਖਿਆ ਗਿੱਦੜਾਂ ਵਿਚ ਲੁਕਿਆ’ ਦੀ ਪਛਾਣ ਕਰ ਲਈ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵੀ ਗੁਰੂ ਜੀ ਵੱਲੋਂ ਸਾਹਿਬਜ਼ਾਦਿਆਂ ਉੱਪਰ ਹੋਏ ਜ਼ੁਲਮ ਦੀਆਂ ਘਟਨਾਵਾਂ ਬਿਆਨਣ ਕਰਕੇ ਪਸੀਜ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਵੈਰਾਗ ਧਾਰਨ ਦਾ ਕਾਰਨ ਸ. ਹਰਿੰਦਰ ਸਿੰਘ ਰੂਪ ਨੇ ਵੀ ਇਕ ਗਰਭਵਤੀ ਹਿਰਨੀ ਦਾ ਸ਼ਿਕਾਰ ਹੋਣਾ ਦੱਸਿਆ ਹੈ ਜਿਸ ਦੇ ਅਣਜੰਮੇ ਬੱਚਿਆਂ ਨੇ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਦਿੱਤਾ। ਗੁਰੂ ਜੀ ਨੇ ਉਨ੍ਹਾਂ ਨੂੰ ਪੰਜਾਬ ਵੱਲ ਤੋਰਨ ਸਮੇਂ ਪੰਜ ਤੀਰ ਬਖਸ਼ਿਸ਼ ਵਜੋਂ ਦਿੱਤੇ ਅਤੇ ਨਾਲ ਹੀ ਪ੍ਰਮੁੱਖ ਸਿੰਘਾਂ ਦੇ ਨਾਂ ਹੁਕਮਨਾਮੇ ਰਵਾਨਾ ਕੀਤੇ। ਉਧਰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਨੂੰ ਤਾਅਨਾ ਮਾਰਿਆ ਕਿ ਤੁਹਾਡਾ ਗੁਰੂ ਤਾਂ ਦੇਸ਼ ਹੀ ਛੱਡ ਗਿਆ ਹੈ। ਇੰਨੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਆਉਣ ਦੀ ਖ਼ਬਰ ਪਹੁੰਚ ਗਈ ਤੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਵੀ ਉਨ੍ਹਾਂ ਦੇ ਦਲ ਵਿਚ ਜਾ ਰਲੇ। ਦਿੱਲੀਓਂ ਲੰਘ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਨੀਪਤ ’ਤੇ ਚੜ੍ਹਾਈ ਕੀਤੀ ਤੇ ਫਿਰ ਕੈਥਲ ਉੱਪਰ। ਈਨ ਮਨਾ ਕੇ ਬਾਬਾ ਜੀ ਨੇ ਸਮਾਣੇ ਵੱਲ ਰੁਖ਼ ਕੀਤਾ। ਸਮਾਣੇ ਦੀ ਸਾੜ-ਫੂਕ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਫਤਹਿ ਸਿੰਘ ਨੂੰ ਉਥੋਂ ਦਾ ਕਾਰ-ਮੁਖ਼ਤਾਰ ਥਾਪਿਆ। ਓੜਕ ਸਰਹਿੰਦ ਦੀ ਵਾਰੀ ਆਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਪਰ ਹਮਲੇ ਦੀ ਗੱਲ ਸੁਣ ਕੇ ਨਵਾਬ ਵਜ਼ੀਰ ਖਾਨ ਤੇ ਉਸ ਦੇ ਦੀਵਾਨ ਸੁੱਚਾ ਨੰਦ ਦੇ ਸਾਹ ਸੂਤੇ ਗਏ। ਨਵਾਬ ਨੇ ਇਸਲਾਮ ਦੀ ਦੁਹਾਈ ਦੇ ਕੇ ਜਹਾਦੀ ਇਕੱਠੇ ਕਰ ਲਏ। ਵਾਰ ਦੇ ਅਖੀਰਲੇ ਸੱਤ ਬੰਦਾਂ ਵਿਚ ਸਰਹਿੰਦ ਦੇ ਯੁੱਧ ਦਾ ਬਿਰਤਾਂਤ ਹੈ। ਕਵੀ ਕਦੀ ਇਕ ਧਿਰ ਦਾ ਪੱਲੜਾ ਭਾਰੀ ਦੱਸਦਾ ਹੈ ਅਤੇ ਕਦੀ ਦੂਜੀ ਧਿਰ ਦਾ। ਇਕ ਮੌਕੇ ਜਦ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਕੁਝ ਕਮਜ਼ੋਰ ਪੈਂਦੀ ਦਿੱਸ ਰਹੀ ਸੀ ਤਾਂ ਇਹ ਲਲਕਾਰ ਕੇ ਆਖਿਆ ਗਿਆ ਕਿ ਹੁਣ ਕਰੋ ਜਾਂ ਮਰੋ ਦਾ ਸਮਾਂ ਹੈ। ਹੁਣ ਲੜਾਈ ਹੋਰ ਵੀ ਗਹਿਗੱਚ ਹੋ ਗਈ। ਕਵੀ ਦੇ ਲਿਖੇ ਅਨੁਸਾਰ ਵਜ਼ੀਰ ਖਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਧੀ ਲੜਾਈ ਵੀ ਹੋਈ ਜਿਸ ਵਿਚ ਸੂਬਾ ਸਰਹਿੰਦ ਮਾਰਿਆ ਗਿਆ ਤੇ ਜਹਾਦੀ ਭੱਜ ਨਿਕਲੇ। ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸੈਨਿਕਾਂ ਨੇ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਉਨ੍ਹਾਂ ਦੀ ਕਰਨੀ ਦਾ ਫਲ ਚਖਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਦੇ ਕਿਲ੍ਹੇ ਨੂੰ ਲੋਹਗੜ੍ਹ ਦਾ ਨਾਂ ਦੇ ਕੇ ਉਸ ਨੂੰ ਰਾਜਧਾਨੀ ਦੇ ਤੌਰ ’ਤੇ ਵਰਤਿਆ। ਬਾਬਾ ਜੀ ਨੇ ਸਤਿਗੁਰਾਂ ਦੇ ਨਾਂ ਦਾ ਸਿੱਕਾ ਚਲਾਇਆ ਅਤੇ ਕਈ ਪ੍ਰਬੰਧਕੀ ਸੁਧਾਰ ਕਰਕੇ ਇਕ ਆਦਰਸ਼ਕ ਹੁਕਮਰਾਨ ਬਣ ਕੇ ਦੱਸਿਆ। ਸ. ਹਰਿੰਦਰ ਸਿੰਘ ਰੂਪ ਦੀ ਇਹ ਵਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਜੱਸ ਕਰਦੀ ਹੋਣ ਕਰ ਕੇ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਬਖਾਨ ਕਰਨ ਕਰਕੇ ਮਹੱਤਵਪੂਰਨ ਹੈ। ਤਕਰੀਬਨ ਸੱਤਰ ਸਾਲ ਪੁਰਾਣੀ ਅਤੇ ਪੁਸਤਕ ‘ਪੰਜਾਬ ਦੀਆਂ ਵਾਰਾਂ’ ਦੁਰਲੱਭ ਹੋਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਦਾ ਮੂਲ-ਪਾਠ ਅਗਲੇ ਸਫ਼ਿਆਂ ਵਿਚ ਦਿੱਤਾ ਜਾ ਰਿਹਾ ਹੈ।

ਬੰਦੇ ਦੀ ਵਾਰ

(ਪਹਿਲਾ ਅੱਧ)

1.
ਪਾਪ ਪੁੰਨ ਪੰਜਾਬ ਦੇ ਜਦ ਹੰਭੇ ਸਾਰੇ?
ਕਲਗੀਧਰ ਦੱਖਣ ਗਏ ਤੇ ਨਦੀ ਕਿਨਾਰੇ,
ਕਿੰਨਾ ਚਿਰ ਰਹੇ ਸੋਚਦੇ ਕਿ ਜਾਨ ਸਵਾਰੇ,
ਕਿਦਾਂ ਜਿਹੜੇ ਪੂਰਨੇ ਪਾਏ ਹਨ ਸਾਰੇ?

2.
ਡਿੱਠਾ ਛਤਰੀ ਮਰਦ ਇਕ ਤਿਆਗਾਂ ਮੂੰਹ ਢੁੱਕਿਆ।
ਲਾਂਬਾ ਹੈ ਸੀ ਅੱਗ ਦਾ ਚਮਕਾਂ ਤੋਂ ਮੁੱਕਿਆ।
ਤੱਕਿਆ ਵਹਿਣ ਪਹਾੜ ਦਾ ਡਾਢਾ ਇਕ ਸੁੱਕਿਆ,
ਸ਼ੇਰ ਅਨੋਖਾ ਦੇਖਿਆ ਗਿੱਦੜਾਂ ਵਿਚ ਲੁਕਿਆ।
ਤਾੜ ਲਿਆ ਇਸ ਮਰਦ ਨੇ ਜੇ ਬੀੜਾ ਚੁੱਕਿਆ,
ਜ਼ਾਲਮ ਸਾਰੇ ਦੇਸ਼ ਦਾ ਝੁਕਿਆ ਕਿ ਝੁਕਿਆ।

3.
ਕਲਗੀਧਰ ਦੀਆਂ ਓਸ ਤੇ ਜਦ ਅੱਖਾਂ ਬੱਝੀਆਂ,
ਸੱਭੇ ਸੁਰਤਾਂ ਆਈਆਂ ਜੋ ਹੈ ਸਨ ਭੱਜੀਆਂ,
ਅੰਦਰੋਂ ਕਾਇਰਤਾ ਦੀਆਂ ਉੱਡ ਗਈਆਂ ਧੱਜੀਆਂ।

4.
ਪੁੱਛਿਆ ਮੇਰੇ ਸਤਿਗੁਰੂ “ਕਿਉਂ ਵੇਸ ਵਟਾਇਆ?”
ਦੱਸਿਆ “ਹਰਨੋਟਿਆ ਵੈਰਾਗ ਦਵਾਇਆ।”
ਪੁੱਛਿਆ ਮਾਧੋਦਾਸ ਨੇ “ਕਿਉਂ ਫੇਰਾ ਪਾਇਆ,
ਜਾਪੇ ਕੁਝ ਹੋ ਭਾਲਦੇ ਕੀ ਹੈ ਜੇ ਗਵਾਇਆ?”
ਦੱਸਿਆ “ਪਿਆਰਾ ਦੇਸ਼ ਹੈ ਦੁੱਖਾਂ ਮੂੰਹ ਆਇਆ।
ਜ਼ਾਲਮ ਨੇ ਪੰਜਾਬ ਨੂੰ ਹੈ ਬਹੁਤ ਰੁਲਾਇਆ।
ਹਿੰਦੂ ਮੁਸਲਿਮ ਵੀਰ ਦੇ ਵਿਚ ਵੈਰ ਪਵਾਇਆ।
ਦੋਹਾਂ ਨੂੰ ਇਕ ਰਾਹ ਤੋਂ ਹੈ ਖ਼ੂਬ ਭੁਲਾਇਆ।
ਮੈਂ ਓਹਨਾਂ ਦੀ ਚਾਲ ਵਿਰੁੱਧ ਸੀ ਕਦਮ ਉਠਾਇਆ।
ਤੇ ਬਾਪੂ ਗੁਰਦੇਵ ਨੂੰ ਦਿੱਲੀ ਪੁਚਵਾਇਆ।
ਠੀਕਰ ਫੋੜ ਦਲੀਸ ਸਿਰ ਗੁਰ ਸਵਰਗ ਸਧਾਇਆ,
ਸਾਧੂ ਭੁੱਲਿਆ ਸਾਧਗੀ ਤਕ ਅੱਖੀਆਂ ਰੱਜੀਆਂ।  
ਵਾਰੇ ਕਿੰਨੇ ਸਿੱਖ ਮੈਂ ਪਰਵਾਰ ਘੁਮਾਇਆ।”         

ਸਾਧੂ ਰੋਇਆ ਅਕਲ ਤੇ ਕਿਉਂ ਵਕਤ ਗਵਾਇਆ?
ਕਿਸ ਲਈ ਆਪਣੀ ਕੌਮ ਤੋਂ ਮੂੰਹ ਮੋੜ ਦਖਾਇਆ?
ਹਰਨੀ ਨੂੰ ਕੀ ਮਾਰਿਆ ਅੱਗਾ ਮਰਵਾਇਆ,
ਤੜਫੇ ਕੀ ਹਰਨੋਟੜੇ ਅਜ ਦਿਲ ਤੜਫਾਇਆ।
ਕਾਹਨੂੰ ਹੱਥੋਂ ਸਮਝ ਨੇ ਸੀ ਤੀਰ ਛੁਡਾਇਆ,
ਪਛਤਾਵੇ ਨੇ ਵਿੰਨਿਆ ਡਾਢਾ ਵਿਲਲਾਇਆ।
‘ਬੰਦਾ’ ਹਾਂ ਮੈਂ ਆਪ ਦਾ ਸਿਰ ਚਰਣੀਂ ਪਾਇਆ,
ਕਲਗੀਧਰ ਨੇ ਓਸ ਨੂੰ ਸੀ ਸੀਨੇ ਲਾਇਆ।
ਓਹ ਭਲਾ ਕੀ ਭੁੱਲਿਆ ਜੋ ਸ਼ਾਮੀਂ ਆਇਆ,
ਲੋਕਾਂ ਲਈ ਜੋ ਜਾਗਿਆ ਉਸ ਜੀਵਨ ਪਾਇਆ।

5
ਬੰਦੇ ਨੇ ਹੱਥ ਬੰਨ੍ਹ ਕੇ ਇੰਜ ਅਰਜ਼ ਸੁਣਾਈ:
“ਜਿਨਾਂ ਪੰਜਾਂ ਪਾਣੀਆਂ ਦੀ ਆਬ ਗਵਾਈ,
ਭੋਂ ਜਿਨ੍ਹਾਂ ਕਸ਼ਮੀਰ ਦੀ ਹੈ ਨਰਕ ਬਣਾਈ,
ਕਮਜ਼ੋਰਾਂ ਦੇ ਵਾਸਤੇ ਜੋ ਹੈਨ ਕਸਾਈ,
ਜਿਹੜੇ ਜ਼ੁਲਮਾਂ ਦੀ ਸਦਾ ਪਏ ਕਰਨ ਕਮਾਈ,
ਗੁਰ ਨਾਨਕ ਦੇ ਰਾਹ ਨੂੰ ਪਏ ਜਾਣ ਭੁਲਾਈ,
ਜਿਨ੍ਹਾਂ ਦੇਸੀ ਹੁਨਰ ਦੇ ਸਿਰ ਭੱਸ ਹੈ ਪਾਈ,
ਓਹਨਾਂ ਨੂੰ ਸੁਰ ਕਰਦਿਆਂ ਦਿਲ ਦੇ ਵਿਚ ਆਈ।”
ਜਿਹੜੀ ਅਰਜਨ ਦੇਵ (ਗੁਰੂ) ਨੇ ਹੈ ਵੇਲ ਵਧਾਈ,
ਓਹਨੂੰ ਸਿੰਜਾਂ ਖੂਨ ਨਾਲ ਏਹੋ ਮਨ ਭਾਈ।

6.
ਬਾਜਾਂ ਵਾਲੇ ਆਖਿਆ, “ਨਿੱਤ ਸੋਚ ਦੁੜਾਈਂ।
ਬਣ ਗਈ ਭੋਂ ਪੰਜਾਬ ਦੀ ਜਾ ਪਰਤ ਨ ਆਈਂ।
ਬੀਰਤਾ ਤੇ ਅਣਖ ਦੀ ਤੂੰ ਜੋਗ ਚਲਾਈਂ,
ਮਿਹਨਤ ਅਤੇ ਅਸੂਲ ਦਾ ਤੂੰ ਕੇਰਾ ਲਾਈਂ।
ਸੋਚ ਸੁਹਾਗਾ ਫੇਰ ਕੇ ਹੱਕ ਕਣਕ ਉਗਾਈਂ,
ਪੈਲੀ ਡੰਗਰ ਢੋਰ ਤੋਂ ਤੂੰ ਨ ਉਜੜਾਈਂ।
ਉਤਸ਼ਾਹ ਸੱਚ ਦੇ ਕਾਮਿਆਂ ਨੂੰ ਗਿਰਦ ਬਹਾਈਂ,
ਮੁਸਲਮ ਹਿੰਦੂ ਵੀਰ ਨੂੰ ਖੁਦ ਹੱਕ ਪੁਚਾਈਂ।

7.
ਚੁਣਵੇਂ ਦਾਨੇ ਸਿੰਘ ਪੰਜ ਗੁਰੂ ਦਿੱਤੇ ਨਾਲ,
“ਆਹ ਲੈ ਮੇਰੇ ਬੰਦਿਆ ਪੰਜ ਤੀਰ ਸੰਭਾਲ।
ਤੇਰੇ ਪੈਰਾਂ ਵਿਚ ਰਹੂ ਜ਼ਾਲਮ ਦਾ ਕਾਲ,
ਤੇਰੇ ਅਟਕਣ ਵਿਚ ਵੀ ਦਿੱਸੇਗੀ ਚਾਲ।”
ਚੱਲਿਆ ਵਲ ਪੰਜਾਬ ਦੇ ਉਹ ਹੱਕ ਭੁਚਾਲ।

8.
“ਖੁਫੀਆ ਚਿੱਠੀਆਂ ਪਾਵੋ” ਬੰਦੇ ਆਖਿਆ-
“ਈਕਣ ਕਲਮ ਚਲਾਵੋ ਜੀਕਣ ਮੈਂ ਕਹਾਂ।
ਮੈਨੂੰ ਵੀਰ ਭਰਾਵੋ ਸਤਗੁਰਿ ਭੇਜਿਆ।”
ਨਾਲ ਮੇਰੇ ਰਲ ਜਾਵੋ ਜਮਨਾ ਲੰਘ ਕੇ।
ਲੋਕਾਂ ਨੂੰ ਸਮਝਾਵੋ ਖੋਲ੍ਹਣ ਅੱਖੀਆਂ,
ਖ਼ੂਬ ਹਥਿਆਰ ਬਣਾਵੋ ਆਇਆ ਵਕਤ ਹੈ।
ਵੱਡਾ ਵਹਿਣ ਵਗਾਵੋ ਮੈਨੂੰ ਮਿਲਦਿਆਂ,
ਗੁੱਝੀ ਅੱਗ ਮਚਾਵੋ ਸਾਰੇ ਦੇਸ ’ਤੇ।
ਵੇਲਾ ਨ ਖੁੰਝਾਵੋ ਦੱਸੋ ਸਿਆਣਪਾਂ,
ਪਾਪੀ ਪਾਰ ਬੁਲਾਵੋ ਹਿੰਮਤ ਕਰ ਲਵੋ।
ਆਪਣੇ ਪੈਰ ਜਮਾਵੋ ਥਿੜਕ ਨ ਜਾਵਣਾ,
ਦਿਲ ਮੂਲੋਂ ਨ ਢਾਵੋ ਹੱਕ ਲਈ ਲੜ ਮਰੋ।
ਸਤਜੁਗ ਫੇਰ ਦਖਾਵੋ ਇਕ ਮੁਠ ਹੋਂਦਿਆਂ,
ਮਿਹਨਤ ਸਫਲ ਕਰਾਵੋ ਦੋ ਸੌ ਸਾਲ ਦੀ।
ਸੋਆਂ ਪੁੱਜੀਆਂ ਸਾਰੇ ਆਇਆ ਮਰਦ ਹੈ।

9.
ਸੁਣਦੇ ਸਾਰ ਤਿਆਰੇ ਕੀਤੇ ਬਹੁਤਿਆਂ,
ਘੋੜੇ ਪਕੜ ਸਿਧਾਰੇ ਕਿੰਨੇ ਸੂਰਮੇ।
ਚੁਣ ਚੁਣ ਤੇਗੇ ਭਾਰੇ ਬੋਰੀ ਸਾਂਭ ਕੇ,
ਜਿਉਂ ਚੱਲੇ ਵਣਜਾਰੇ ਵਣਜਾਂ ਦੇ ਲਈ।
ਜਿਹੜੇ ਹੱਕ ਪਿਆਰੇ ਬੰਦੇ (ਬਾਬਾ ਬੰਦਾ ਸਿੰਘ ਬਹਾਦਰ) ਨੂੰ ਮਿਲੇ।

10.
ਖ਼ਾਨ ਵਜ਼ੀਰ ਸਰਹਿੰਦ ਦਾ ਅਤ ਦਾ ਹੰਕਾਰੀ,
ਆਲੀ ਮਾਲੀ ਸਿੰਘ ਨੂੰ ਉਸ ਬੋਲੀ ਮਾਰੀ।
“ਗੋਬਿੰਦ ਸਿੰਘ ਦੁਖ ਦੇਖ ਕੇ ਲਾ ਗਿਆ ਉਡਾਰੀ,
ਬੰਦਾ ਸਿੰਘ ਬਹਾਦਰ ਵੱਡਾ ਹੱਠ ਧਾਰੀ।
ਚੜ੍ਹ ਗਈ ਉਹਨੂੰ ਜ਼ੁਲਮ ਦੀ ਬਦ ਬਖਤ ਖੁਮਾਰੀ,
ਆਵੇਗੀ ਸਰਹਿੰਦ ਵਿਚ ਓਹਦੀ ਵੀ ਵਾਰੀ।
ਮਾਰੋ ਟੱਕਰਾਂ ਓਸ ਨਾਲ, ਜਿਸ ਛਿੰਜ ਖਲਾਰੀ,
ਵਿੰਨ੍ਹ ਗਈ ਦੋਵੇਂ ਕਾਲਜੇ, ਇਹ ਤੇਜ਼ ਕਟਾਰੀ।
“ਦੇ ਕੇ ਤਲਬਾਂ ਸਾਡੀਆਂ, ਕਿਉਂ ਪੱਤ ਉਤਾਰੀ?”
ਬੰਨ੍ਹੇ ਪਰ ਉਹ ਖੁਲ੍ਹ ਗਏ ਬਾਂਕੇ ਬਲਕਾਰੀ।
ਬੰਦੇ (ਬਾਬਾ ਬੰਦਾ ਸਿੰਘ ਬਹਾਦਰ) ਦੇ ਦਲ ਵਿਚ
ਰਲੇ ਉਹ ਅਣਖ-ਪੁਜਾਰੀ।
ਵੀਰਾਂ ਵਾਕਰ ਜਾ ਮਿਲੇ ਜੋਧੇ ਉਪਕਾਰੀ।

11.
ਹੁਣ ਤਾਂ ਬੰਦੇ ਸਿੰਘ ਨੇ ਫੌਜ ਵਧਾ ਲਈ,
ਸੋਣੀ ਪੱਤ ਦੀ ਆਕੜ ਓਸ ਨਵਾ ਲਈ।
ਸ਼ਾਹੀ ਮਾਇਆ ਜਾਂਦੀ ਲੁੱਟ ਲੁਟਾ ਲਈ,
ਕੈਂਥਲੀ ਸਨ ਧਾਏ ਧੌਣ ਭਣਾ ਲਈ।
ਅੰਤ ਸਮਾਣੇ ਉਤੇ ਨਜ਼ਰ ਟਕਾ ਲਈ।

12.
ਓਥੋਂ ਦੇ ਵਾਸੀ ਸਨ ਜ਼ੁਲਮ ਕਮਾ ਗਏ,
ਸਰਹਿੰਦੀ ਸਾਕੇ ਵਿਚ ਹੱਥ ਵਖਾ ਗਏ,
ਨੌਵੇਂ ਗੁਰ ਦੇ ਕਾਤਲ ਸਿਰ ਭੰਨਵਾ ਗਏ,
ਜ਼ਾਲਮ ਜੜ੍ਹ ਪੁਟਵਾਵੇ ਸਾਫ ਸੁਝਾ ਗਏ।

13.
ਤਿੜ ਤਿੜ ਕਰ ਕੇ ਸੜ ਗਿਆ ਓਹ ਸ਼ਹਿਰ ਸਮਾਣਾ,
ਅੱਗ ਗੁੱਸਾ ਖਾ, ਖਾ ਗਈ, ਪਾਪਾਂ ਖਾਨਾਂ ਦਾ ਖਾਨਾ।
ਹਰ ਇਕ ਗਲੀਓਂ ਸੜ ਗਿਆ ਸੀ ਪਾਪ-ਘਰਾਨਾ,
ਬੰਦਾ ਵਾਹਵਾ ਜਾਣਦਾ ਸੀ ਜ਼ੁਲਮ ਦਬਾਣਾ।
ਕਹਿੰਦਾ ਸੀ, “ਹੁਣ ਡਰਦਿਆਂ ਨ ਵਕਤ ਗਵਾਣਾ,
ਲੋਹਿਆ ਲੋਹੇ ਨਾਲ ਹੀ ਹੈ ਕੱਟਿਆ ਜਾਣਾ।
ਸਾਡੀ ਮਾਰੀ ਤੇਗ ਤੋਂ ਸੁਖ ਲਊ ਜ਼ਮਾਨਾ”,
ਫਤਹ ਸਿੰਘ ਦਾ ਲਾਇਆ ਉਸ ਪੱਕਾ ਠਾਣਾ।
ਮੰਨਣਾ ਪਿਆ ਕਪੂਰੀਏ ਨੂੰ ਰੱਬ ਦਾ ਭਾਣਾ,
ਹਰ ਜਾ ਉੱਤੋਂ ਫੰਡਿਆ ਹੁਣ ਪਾਪ ਨਸ਼ਾਨਾ।

14.
ਬੰਦਾ ਸਿੰਘ ਕਿਹਾ ਸੂਰਿਓ ਸਰਹਿੰਦ ਸਰ ਕਰਨਾ,
ਤਲੀਆਂ ਤੇ ਸਿਰ ਧਰ ਲਵੋ ਜਾਨੋਂ ਨਹੀਂ ਡਰਨਾ।
ਬਾਹਵਾਂ ਦੇ ਹੀ ਨਾਲ ਨਹੀਂ ਸਾਡਾ ਕੁਝ ਸਰਨਾਂ,
ਵੇਲਾ ਤਕ ਜਿੰਦ ਹਲੂਣੀ ਐਵੇਂ ਨਹੀਂ ਮਰਨਾ।
ਮੰਨਣਾ ਜੱਥੇਦਾਰ ਨੂੰ ਜੇ ਹੈ ਜੇ ਤਰਨਾ।

15.
ਆਗੂ ਵੱਲੇ, ਸੱਭੇ ਤੱਕੇ,
ਹੁਕਮ ਸੁਣਾਵੇ, ਛੇਤੀ ਚਾੜ੍ਹੇ।
ਗਿਣ-ਗਿਣ ਲਈਏ, ਬਿਦ-ਬਿਦ ਬਦਲੇ,
ਦੇਸ ਦੇ ਬਦਲੇ ਜੀਵਨ ਦਈਏ।

16.
ਹੱਲੇ ਦੀਆਂ, ਸੁਣ ਸੁਣ ਸੋਆਂ,
ਮੂੰਹ ਨੇ ਉਤਰੇ, ਸਭ ਖਾਨਾਂ ਦੇ।
ਸੁੱਚਾ ਨੰਦ ਦੇ ਤਾਂ ਦਮ ਨਿਕਲੇ,
ਸਾਹਿਬਜ਼ਾਦੇ ਆਉਂਦੇ ਚੇਤੇ।
ਸੋਚ ਸੁਚਾ ਕੇ, ਮਤਾ ਪਕਾ ਕੇ,
ਸੁੱਚਾ ਨੰਦ ਦਾ ਬੰਦਾ ਚੁਣਿਆ।
ਕਿ ਓਹ ਬੰਦੇ ਲੈ ਕੇ ਜਾਵੇ,
ਗਹਿ ਗਚ ਹੋਂਦੇ ਜੁੱਧ ਦੇ ਵੇਲੇ,
ਵਕਤ ਤਾੜ ਕੇ ਏਧਰ ਨੱਸੇ,
ਹਲ ਚਲ ਪਾ ਕੇ ਕੰਮ ਸਵਾਰੇ।”
ਖਾਨ ਵਜ਼ੀਰੇ ਫੇਰ ਕਿਹਾ ਇਹ-
“ਜੇਕਰ ਸਾਡੀ ਚਾਲ ਨ ਚੱਲੀ।
ਤਾਂ ਦੱਸੋ ਕੀ ਇੱਜ਼ਤ ਰਹਿਣੀ?
ਸ਼ਹਿਰ ਸਮਾਣੇ ਵਾਂਗ ਨ ਹੋਵੇ,
ਕਹਿਰਾਂ ਭਰਿਆ, ਏਥੇ ਹੱਲਾ,
ਹੋਣ ਨ ਦਈਏ। ਖਬਰਾਂ ਲਈਏ,
ਦੁਸ਼ਮਣ ਦੀਆਂ। ਮੈਂ ਚਿਰ ਦੀਆਂ
ਕਮਰਾਂ ਕੱਸੀਆਂ, ਵਾਰੋ ਜਾਨਾਂ।
ਹਾਥੀ ਮੇਰੇ, ਜਾਸਨ ਵਧ ਕੇ।
ਤੋਪਾਂ ਬੜੀਆਂ ’ਕੱਠੀਆਂ ਹੋਈਆਂ,
ਤੇ ਬੰਦੂਕਾਂ ਜਾਨ ਨ ਗਿਣੀਆਂ।
ਓਧਰ ਟੁੱਟੇ, ਭਾਲੇ ਨੇਜ਼ੇ,
ਤੇ ਤਲਵਾਰਾਂ ਖੁੰਡੀਆਂ ਹੋਈਆਂ।
ਏਧਰ ਵੀ ਤੇ ਮਰਦ ਬਥੇਰੇ।
ਪਿੰਡੀਂ ਜਾਵੋ ਆਖ ਸੁਣਾਵੋ-
‘ਜੰਗ ਜਹਾਦੀ ਮਚਣਾ ਭਾਰੀ।
ਚੜ੍ਹ ਕੇ ਆਏ ਕਾਫਰ ਟੋਲੇ।
ਗ਼ਾਜ਼ੀ ਬਣ ਕੇ ਹੱਥ ਦਖਾਣੋ।
ਬਾਝ ਤੁਹਾਡੇ ਕਿਹੜਾ ਮੋੜੇ?
ਰੋਜ਼ੇ ਰਖਣੇ ਮੁੱਕ ਜਾਵਣਗੇ,
ਤੇ ਕੁਰਬਾਨੀ ਉੱਡ ਪੁੱਡ ਜਾਣੀ।
ਨਾਮ ਅਲਾਹ ਦਾ ਕਿਸ ਨੇ ਲੈਣਾ?
ਦੀਨ ਅਸਾਡਾ ਜਾਂਦਾ ਦਿਸਦਾ,
ਰੰਗ ਮਜ਼ਹਬ ਦਾ ਦਿਓ ਲੜੋ ਚਾ।
ਜੋ ਆਵਣਗੇ ਲੜ ਜਾਵਣਗੇ।”
ਜਿਤ ਜਾਵਾਂਗੇ ਐਸ਼ ਕਰਾਂਗੇ।

17.
ਸੁਣ ਕੇ ਕੂਕ ਇਸਲਾਮ ਦੀ?
“ਆ ਲੱਥੇ ਮਜ਼੍ਹਬੀ ਬਾਵਲੇ।
ਸਾਵਣ ਦੀ ਰੁੱਤੇ ਜਿਸ ਤਰ੍ਹਾਂ,
ਗੱਜ ਬਦਲ ਆਵਣ ਸਾਵਲੇ।
ਹਿੱਕਾਂ ਨੂੰ ਜੋਸ਼ ਉਭਾਰਦਾ
ਤੇ ਜਾਨੋ ਚਿਹਰੇ ਚਾਵਲੇ।
ਕਿਸ ਕਾਫਰ ਦੀਨ ਦਬਾਵਣਾ
ਪੁੱਛਣ ਤੇ ਹੋਣ ਉਤਾਵਲੇ?
ਆਖਣ ਤੇਗਾਂ ਦੇ ਜਾਲ ਵਿਚ
“ਅਜ ਹੋਣੀ ਕਾਫਰ ਆ ਵਲੇ।”

18.
ਸੁਣੋ ਨ ਵਿਚ ਸਰਹਿੰਦ ਦੇ ਸੱਟ ਧੌਂਸੇ ਮਾਰੀ
ਤੱਕੋ ਖਾਨ ਵਜ਼ੀਰ ਨੂੰ ਚੜ੍ਹਿਆ ਹੰਕਾਰੀ।
ਹਾਥੀ ਘੋੜੇ ਰਿਹਲਕੇ ਲਾਓ ਲਸ਼ਕਰ ਭਾਰੀ।
ਤਿੰਨ ਕੋਹ ਪਰੇ ਸਰਹੰਦ ਤੋਂ ਜਾ ਫੌਜ ਉਤਾਰੀ।
ਮੱਲੇ ਸਭ ਨੇ ਮੋਰਚੇ ਹੋ ਰਹੀ ਤਿਆਰੀ।

19.
ਜਿਸ ਦੀ ਬੜੀ ਉਡੀਕ ਸੀ ਉਹ ਦਿਨ ਵੀ ਆਇਆ।
ਧਹਿ ਧਹਿ ਧੌਂਸਾ ਕੁੱਟਿਆ ਬੰਦਾ
(ਬੰਦਾ ਸਿੰਘ ਬਹਾਦਰ) ਉਠ ਧਾਇਆ।
ਅੱਗੇ ਝੰਡੇ ਝੂਲਦੇ ਦਲ ਪਿੱਛੇ ਲਾਇਆ।
ਜੇਰੇ ਰੰਗੇ ਸੂਰਮੇਂ ਉਤਸ਼ਾਹ ਵਧਾਇਆ।

20.
ਕੁਝ ਸਾਥੀ ਨਾਂਦੇੜ ਦੇ ਸਰਦਾਰ ਬਣਾ ਕੇ,
ਸਭ ਨੂੰ ਜੱਥੇ ਸੌਂਪ ਕੇ ਮੌਕੇ ਸਮਝਾ ਕੇ,
ਪੈਦਲ ਅੱਗੇ ਘੋੜਿਆਂ ਨੂੰ ਪਿੱਛੇ ਲਾ ਕੇ,
ਸੰਗਲ ਵਾਂਗ ਬਣਾ ਲਿਆ ਦਲ ਪਲ ਵਿਚ ਆ ਕੇ।
ਰੱਖੇ ਮੁਸ਼ਕਲ ਵਾਸਤੇ ਕੁਝ ਸਿੰਘ ਲੜਾਕੇ।

21.
ਐਲੀ ਐਲੀ ਕਰਦਿਆਂ ਔਹ ਆ ਗਏ ਖਾਨ।
ਅੰਨ੍ਹੇ ਵਾਹ ਬੰਦੂਕਚੀ ਪਏ ਤੋੜੇ ਲਾਨ।
ਬੰਦਾ ਤੀਰ ਚਲਾ ਰਿਹਾ ਖਿੱਚ ਖਿੱਚ ਕਮਾਨ।
ਇਕ ਇਕ ਦਸ ਦਸ ਵਿੰਨ੍ਹਦਾ ਲਹਿੰਦੇ ਪਏ ਘਾਨ।
ਧੜ ਧੜ ਗੋਲੇ ਪੈ ਰਹੇ ਧਰਤੀ ਧਮਕਾਨ।
ਜੋ ਲੁਟਣ ਲਈ ਆਏ ਸਨ ਸੋਨੇ ਦੀ ਖਾਨ।
ਓਹਨਾਂ ਲੱਖਾਂ ਪਾ ਲਏ ਲੈ ਦੌੜੇ ਜਾਨ।
ਨੱਠੇ ਸੁੱਚਾ ਨੰਦੀਏ ਕਿ ਸਿੰਘ ਘਭਰਾਨ।
ਪਰ ਸਿੰਘਾਂ ਨੂੰ ਗੋਲਿਆਂ ਕੀਤਾ ਹੈਰਾਨ।
ਸਫ ਨੂੰ ਟੁੱਟਾ ਦੇਖ ਕੇ ਟੁੱਟ ਪਏ ਪਠਾਨ।
ਬਾਜ ਸਿੰਘ ਨੇ ਆਖਿਆ ਬੰਦੇ ਨੂੰ ਆਨ-
“ਬਾਜ਼ੀ ਜਾਂਦੀ ਜਾਪਦੀ ਜਾ ਲਾਵੋ ਤਾਨ।”
ਭਾਂਬੜ ਬਣ ਕੇ ਆ ਗਿਆ ਭਾਰਾ ਬਲਵਾਨ,
ਜੇਰਾ ਬੁੱਝ ਸੀ ਚਲਿਆ ਲੱਗਾ ਭੜਕਾਨ।
“ਈਕਣ (ਗੁਰੂ) ਗੋਬਿੰਦ ਸਿੰਘ ਦੀ ਰਖਣੀ ਜੇ ਸ਼ਾਨ,
ਜ਼ੁਲਮ ਗਵਾਉਣਾ ਕੀ ਤੁਸਾਂ ਜੇ ਛੱਡੇ ਪ੍ਰਾਣ?
ਕੀ ਇਹ ਹੈ ਸਰਹਿੰਦੜੀ ਕੁਲ ਹਿੰਦੋਸਤਾਨ,
ਸਰ ਕਰ ਪੁੰਨ ਖਲਾਰਨਾ ਤਕ ਲਵੇ ਜਹਾਨ?
ਮੋਮਨ ਦੀ ਪੱਤ ਰਹੇਗੀ ਹਿੰਦੂ ਦੀ ਆਨ।
ਲੱਗੇ ਹੋ ਹੱਕ ਆਪਣਾ ਕਿਉਂ ਆਪ ਗਵਾਨ?
ਚੱਪਾ ਵੀ ਇਸ ਭੋਈਂ ਦਾ ਨ ਗ਼ੈਰ ਦਬਾਨ।
ਉੱਠੋ ਚਮਕੋ, ਦੇਸ ਤੋਂ ਹੋਵੋ ਕੁਰਬਾਨ।
ਸਿਰ ਫੇਹ ਸੁੱਟੋ ਇਸ ਤਰ੍ਹਾਂ ਨ ਫੇਰ ਉਠਾਨ।
ਤਾਣੋ ਧਣਖ ਭੁਲਾ ਦਿਓ ਸਭ ਭੈੜੀ ਬਾਨ।
ਬੂਥੇ ਸਿੱਧੇ ਕਰ ਦਿਓ ਨ ਬੁਰਾ ਸੁਣਾਨ।
“ਗੁਰ ਮਾਰੀ” ਦਾ ਹੋ ਗਿਆ ਅੱਜ ਜਾਣ ਸਫਾਇਆ।
ਦੱਸੋ ਹੱਥ ਮੁੜ ਲਿਖਣ ਨ ਮੰਦੇ ਫੁਰਮਾਨ।
ਝਟ ਪਟ ਚਿੱਥੋ ਸੂਬੜਾ, ਭੱਖੋ ਸੁਲਤਾਨ।
ਨੀਹਾਂ ਵਿੱਚੋਂ ਲਾਲ ਦੋ ਔਹ ਪਏ ਬੁਲਾਨ।”

22.
ਬੁੱਢੇ ਅਤੇ ਜਵਾਨ ਸਭ ਉਠ ਧਾਏ ਫਤਹ ਗਜਾਂਦਿਆਂ,
ਭੱਥਿਆਂ ’ਚੋਂ ਤੀਰ ਮੁਕਾਉਂਦਿਆਂ,
ਤੇਗਾਂ ਉੱਤੇ ਹੱਥ ਪਾਂਦਿਆਂ,
ਖੰਡਿਆਂ ਨੂੰ ਖ਼ੂਬ ਭਵਾਉਂਦਿਆਂ
ਕਿਰਪਾਨਾਂ ਨੂੰ ਚਮਕਾਂਦਿਆਂ,
ਖਾਨਾਂ ਨੂੰ ਪੈ ਗਏ ਖਾਣ ਨੂੰ,
ਹੱਦੋਂ ਵੱਧ ਗੁੱਸਾ ਖਾਂਦਿਆਂ,
ਪਾ ਦਿੱਤੀ ਵਾਢੀ ਆਣ ਕੇ,
ਮੁਗ਼ਲਾਂ ਵਿਚ ਪੈਰ ਜਮਾਂਦਿਆਂ,
ਢਾਲਾਂ ਨੂੰ ਅੱਗੇ ਡਾਹਦਿਆਂ,
ਤਲਵਾਰਾਂ ਵਾਂਹਦੇ ਜਾਂਦਿਆਂ,
ਰਜ ਰਜ ਕੇ ਡੱਕਰੇ ਕਰਦਿਆਂ,
ਦਿਲ ਲਾ ਲਾ ਆਹੂ ਲਾਂਹਦਿਆਂ,
ਮਿੱਝਾਂ ਦੇ ਛੱਪੜ ਲਾਉਂਦਿਆਂ,
ਖੂਨਾਂ ਦੇ ਰੇੜ੍ਹ ਵਗਾਂਦਿਆਂ,
ਔਹ ਝਪਟੇ ਉੱਪਰ ਹਾਥੀਆਂ,
ਕਈ ਹਿੱਸੇ ਫੌਜ ਮੁਕਾਂਦਿਆਂ,
ਠਾਠਾਂ ਦੇ ਵਾਕਰ ਚੜ੍ਹਦਿਆਂ,
ਮੁੜ ਮੁੜ ਕੇ ਹੱਲੇ ਪਾਂਦਿਆਂ,
ਔਹ ਸ਼ੇਰ ਮੁਹੰਮਦ ਸੁੱਟਦਿਆਂ,
ਆਹ ਅਲੀਖਵਾਜਾ ਢਾਂਦਿਆਂ,
ਤੋਪਾਂ ਮੂੰਹੀ ਸਿਰ ਤੁੰਨਦਿਆਂ,
ਅੱਗਾਂ ਦੀ ਡਹਿਸ ਮੁਕਾਂਦਿਆਂ,
ਜਦ ਡਿੱਠਾ ਖਾਨ ਵਜ਼ੀਰ ਨੇ,
ਵਧ ਆਇਆ ਜੋਸ਼ ਵਧਾਂਦਿਆਂ,
ਆਖੇ “ਹੁਣ ਏਥੇ ਮਰ ਲਵੋ
ਫੜਨਾ ਹੈ ਇਨ੍ਹਾਂ ਜਾਂਦਿਆਂ,
ਨਹੀਂ ਬਾਝ ਹਕੂਮਤ ਜੀਵਣਾ
ਲੜ ਜਾਵੋ ਵਾਹਾਂ ਲਾਂਦਿਆਂ,
ਗੱਠ ਕੇ ਤਲਵਾਰਾਂ ਚੱਲੀਆਂ
ਲੋਥਾਂ ਦੇ ਬੁਰਜ ਬਨਾਂਦਿਆਂ,
ਹੁਣ ਗੁੱਥਮ ਗੁੱਥੇ ਹੋ ਗਏ
ਹਥਿਆਰਾਂ ਨੂੰ ਤੁੜਵਾਂਦਿਆਂ,
ਮਾਰੋ ਮਾਰੋ ਵੀ ਆਖਦਾ,
ਬੰਦੇ ਸਿੰਘ ਓਧਰ ਧਾਂਦਿਆਂ,
ਇਕ ਖਿੱਚ ਕੇ ਤੀਰ ਚਲਾਇਆ,
ਜਿਸ ਸੱਦਿਆ ਖਾਨ ਮਚਾਂਦਿਆਂ,
ਖਾਂ ਡਾਢੇ ਕੀਤੇ ਵਾਰ ਦੋ,
ਬੰਦੇ ਨੇ ਖ਼ੂਬ ਬਚਾਂਦਿਆਂ,
ਕੱਟ ਰੱਖਿਆ ਇੱਕੋ ਤੇਗ ਦਾ
ਦੋ ਖਾਨ ਵਜ਼ੀਰ ਬਨਾਂਦਿਆਂ,
ਕੁਝ ਹੌਲਾ ਹੌਲਾ ਹੋ ਗਿਆ
ਸਤਗੁਰ ਦਾ ਕਰਜ਼ ਚੁਕਾਂਦਿਆਂ,
ਹੋਏ ਤਿੱਤਰ ਸਭ ਜਹਾਦੜੇ
ਬਾਜ਼ਾਂ ਤੋਂ ਜਾਨ ਛੁਡਾਂਦਿਆਂ।
ਜੇਤੂ ਧੂੜ ਧੁਮਾਂਦਿਆਂ ਸਰਹਿੰਦ ਵਲ ਧਾਏ,
ਪਰ ਤੋਪਾਂ ਨੂੰ ਆਣ ਕੇ ਕੁਝ ਜਿਸਮ ਚੜ੍ਹਾਏ।
ਆਖਰ ਨੱਪਿਆ ਕੋਟ ਨੂੰ ਪਾਪੀ ਅਰੜਾਏ।
ਕਾਤਿਲ ਸਾਹਿਬਜ਼ਾਦਿਆਂ ਦੇ ਕੁਲ ਖਪਾਏ।
ਜਰਵਾਣੇ ਘਰ ਲੁੱਟਦਿਆਂ ਨ ਦ੍ਰੇਗ ਕਮਾਏ।

24.
ਮੁੜ ਜਾਵੇ ਮਾਰੀ ਮਾਰ ਨ,
ਚਿੱਤ ਆਇਆ ਸਾਂਭ ਦਿਖਾਣ ਦਾ।
ਸਿਆਸਤ ਹੈ ਮੁਲਕ ਸੰਭਾਲਣਾ,
ਬੰਦਾ (ਬਾਬਾ ਬੰਦਾ ਸਿੰਘ ਬਹਾਦਰ) ਇਹ ਗਲ ਸੀ ਜਾਣਦਾ।
ਬਸ ਰਾਜ ਸੰਭਾਲਣ ਨਾਲ ਹੀ,
ਮਿੱਟ ਜਾਂਦਾ ਸਮਾਂ ਸ਼ਤਾਨ ਦਾ।
ਜਿਹੜਾ ਵੀ ਰਾਜ ਚਲਾਉਂਦਾ,
ਡਰ ਉਹਨੂੰ ਰਹਿੰਦਾ ਜਾਨ ਦਾ।
ਹੁਣ ਭਾਲੀ ਉਹ ਥਾਂ ਜਿਸ ਜਗ੍ਹਾ
ਸਾਇਆ ਵੀ ਨਹੀਂ ਸੀ ਖਾਨ ਦਾ।
ਮੁਖ਼ਲਿਸ ਪੁਰ ਕੋਟ ਸਵਾਰਿਆ,
ਨਾਂ ਰੱਖਿਆ ਲੋਹਗੜ੍ਹ ਸ਼ਾਨ ਦਾ।
ਥਾਂ-ਥਾਂ ’ਤੇ ਠਾਣੇ ਬਹਿ ਗਏ,
ਕੰਮ ਚਲਿਆ ਦਮ ਉਗਰਾਹਨ ਦਾ।
ਸਿੱਕਾ ਸਤਗੁਰਿ ਦਾ ਤੋਰਿਆ
ਖ਼ੁਸ਼ ਹੋਇਆ ਦਿਲ ਬਲਵਾਨ ਦਾ।
ਅੱਜ ਖੁੱਲ੍ਹ ਖਹਾਉਣੇ ਮੁਲਕ ਨੂੰ
ਚੱਜ ਦੱਸਿਆ ਹੁਕਮ ਚਲਾਣ ਦਾ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Dharam Singh
ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)