editor@sikharchives.org

ਬਾਬਾ ਬੰਦਾ ਸਿੰਘ ਬਹਾਦਰ – ਇਤਿਹਾਸਕ ਸਰਵੇਖਣ

ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਅਸੂਲ ਸੀ ਕਿ ਉਹ ਜਦੋਂ ਵੀ ਕਿਸੇ ਇਲਾਕੇ ’ਤੇ ਹੱਲਾ ਬੋਲਦਾ ਸੀ ਤਾਂ ਸਭ ਤੋਂ ਪਹਿਲਾਂ ਚੌਧਰੀ ਜਾਂ ਹਾਕਮ ਨੂੰ ਈਨ ਮੰਨ ਲੈਣ ਲਈ ਚਿੱਠੀ ਲਿਖਦਾ ਸੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਇਹ ਲੇਖ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਤ ਸਥਾਨਾਂ ’ਤੇ ਜਾ ਕੇ ਕੀਤੇ ਸਰਵੇਖਣ ਅਤੇ ਇਤਿਹਾਸਕ ਸ੍ਰੋਤਾਂ ਦੇ ਅਧਾਰ ’ਪੁਰ ਹੈ। ਇਸ ਲੇਖ ਵਿਚਲੀਆਂ ਘਟਨਾਵਾਂ ਸਥਾਨਕ ਪਰੰਪਰਾ ਅਨੁਸਾਰ ਸੀਨਾ-ਬ-ਸੀਨਾ ਚੱਲੀਆਂ ਆ ਰਹੀਆਂ ਹਨ ਜੋ ਅਜੇ ਹੋਰ ਵਧੇਰੇ ਖੋਜ ਦੀ ਮੰਗ ਕਰਦੀਆਂ ਹਨ। –ਲੇਖਕ


ਭਾਰਤ ਦੇ ਉੱਤਰ ਵਿਚ ਸਥਿਤ ਇਕ ਖਿੱਤੇ ਦਾ ਨਾਂ ਕਿਸੇ ਵੇਲੇ ਕਾਸ਼ਮੀਲੋ ਸੀ ਜਿਸ ਨੂੰ ‘ਭਾਰਤ ਦੀ ਜੰਨਤ’ ਕਿਹਾ ਜਾਂਦਾ ਸੀ ਤੇ ਇਸੇ ਲਈ ‘ਤੋਜਕ-ਏ-ਜਹਾਂਗੀਰੀ’ ਵਿਚ ਜਹਾਂਗੀਰ ਨੇ ਵਰਣਨ ਕੀਤਾ ਹੈ:

‘ਅਗਰ ਫ਼ਿਰਦੋਸ ਬਰ ਰੂਏ ਜ਼ਮੀਨ ਅਸਤ।
ਹਮੀ ਅਸਤੋ, ਹਮੀ ਅਸਤੋ, ਹਮੀ ਅਸਤੋ।

ਭਾਵ ਕਿ ਜੇ ਧਰਤੀ ’ਤੇ ਸਵਰਗ ਹੈ ਤਾਂ ਇਹੋ ਹੈ, ਇਹੋ ਹੈ, ਇਹੋ ਹੈ। ਇਸੇ ਜੰਨਤ ਨੁਮਾ ਖਿੱਤੇ ਵਿਚ ਸੰਨ 1670 ਈ: ਨੂੰ ਪੱਛਮੀ ਕਸ਼ਮੀਰ ਦੇ ਇਕ ਛੋਟੇ ਜਿਹੇ ਪਿੰਡ ਵਿਚ ਸ੍ਰੀ ਰਾਮਦੇਵ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਲਛਮਣ ਦੇਵ ਰੱਖਿਆ ਗਿਆ। ਇਹ ਪਿੰਡ ਭਿੰਬਰ ਤੋਂ ਅੱਗੇ ਕਮਨਗੋਥਾ ਦੀਆਂ ਪਹਾੜੀਆਂ ਲੰਘ ਕੇ ਇਕ ਨਦੀ ਦੇ ਕੰਢੇ ’ਤੇ ਆਬਾਦ ਹੈ। ਇਥੋਂ ਦੇ ਪ੍ਰਾਚੀਨ ਵਾਸੀ ਡੋਗਰੇ ਰਾਜਪੂਤ ਹਨ, ਜੋ ਕਿਸਾਨੀ ਦਾ ਕਿੱਤਾ ਕਰਦੇ ਸਨ। ਰਾਜਪੂਤੀ ਪਿਛੋਕੜ ਹੋਣ ਕਰਕੇ ਲਛਮਣ ਦੇਵ ਨੇ ਬਹੁਤਾ ਸਮਾਂ ਸ਼ਿਕਾਰ ’ਤੇ ਜਾਣ ਅਤੇ ਤੀਰ-ਅੰਦਾਜ਼ੀ ਵਿਚ ਗੁਜ਼ਾਰਿਆ। ਇਕ ਵਾਰੀ ਇਕ ਹਿਰਨੀ ਦੇ ਸ਼ਿਕਾਰ ਕਰਨ ਉਪਰੰਤ, ਹਿਰਨੀ ਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ, ਜਿਨ੍ਹਾਂ ਨੇ ਲਛਮਣ ਦੇਵ ਦੀਆਂ ਅੱਖਾਂ ਸਾਹਮਣੇ ਤੜਪ-ਤੜਪ ਕੇ ਪ੍ਰਾਣ ਤਿਆਗ ਦਿੱਤੇ। ਇਸ ਘਟਨਾ ਨੇ ਉਸ ਦੇ ਜੀਵਨ ’ਤੇ ਡੂੰਘਾ ਅਸਰ ਪਾਇਆ। ਜਾਨਕੀ ਦਾਸ ਸਾਧੂ ਦੀ ਸੰਗਤ ਦਾ ਅਸਰ ਕਬੂਲਦੇ ਹੋਏ ਲਛਮਣ ਦੇਵ ਨੇ ਜੁਆਨੀ ਵਿਚ ਹੀ ਆਪਣਾ ਘਰ-ਬਾਰ ਤਿਆਗ ਦਿੱਤਾ ਅਤੇ ਆਪਣਾ ਨਾਮ ਲਛਮਣ ਦੇਵ ਤੋਂ ਬਦਲ ਕੇ ਮਾਧੋਦਾਸ ਰੱਖ ਲਿਆ।

ਸੰਨ 1686 ਈ: ਵਿਚ ਮਾਧੋਦਾਸ ਅਨੰਤ ਦੀ ਭਾਲ ਲਈ ਦਰ-ਦਰ ਭਟਕਦਾ ਹੋਇਆ ਪੰਚਵਟੀ (ਨਾਸਿਕ) ਦੇ ਸਥਾਨ ’ਤੇ ਸਾਧੂ ਔਘੜ ਨਾਥ ਦੇ ਸੰਪਰਕ ਵਿਚ ਆਇਆ, ਜਿਥੇ ਉਸ ਨੇ ਔਘੜ ਨਾਥ ਦੀ ਸ਼ਾਗਿਰਦੀ ਹੇਠ ਹਠ-ਯੋਗ ਸਿੱਖਿਆ। ਮਾਧੋਦਾਸ ਰਿਧੀਆਂ-ਸਿਧੀਆਂ ਦਾ ਧਾਰਨੀ ਬਣਿਆ। ਇਸ ਵਿੱਦਿਆ ਨਾਲ ਸੰਬੰਧਿਤ ਉਸ ਨੇ ਇਕ ਗ੍ਰੰਥ ਵੀ ਔਘੜ ਨਾਥ ਤੋਂ ਪ੍ਰਾਪਤ ਕੀਤਾ। ਸੰਨ 1691 ਈ: ਵਿਚ ਔਘੜ ਨਾਥ ਪ੍ਰਲੋਕ ਸਿਧਾਰ ਗਏ। ਉਸ ਵੇਲੇ ਮਾਧੋਦਾਸ 21 ਸਾਲ ਦਾ ਸੀ।

ਹੁਣ ਮਾਧੋਦਾਸ ਨੇ ਨਾਸਿਕ ਛੱਡ ਕੇ ਨਾਂਦੇੜ (ਗੋਦਾਵਰੀ ਦੇ ਕੰਢੇ) ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। 16-17 ਸਾਲ ਉਹ ਇਥੇ ਹੀ ਰਿਹਾ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸੰਨ 1708 ਈ: ਦੱਖਣ ਦੇ ਪ੍ਰਸਿੱਧ ਸ਼ਹਿਰ ਨਾਂਦੇੜ ਵਿਖੇ ਪਹੁੰਚੇ ਤਾਂ ਗੁਰੂ ਜੀ ਦੇ ਅਨੇਕਾਂ ਸ਼ਰਧਾਲੂਆਂ ਨੇ ਗੁਰੂ ਜੀ ਦਾ ਨਾਂਦੇੜ ਪਹੁੰਚਣ ’ਤੇ ਸਵਾਗਤ ਕੀਤਾ, ਜਿਨ੍ਹਾਂ ਵਿਚ ਪਿੰਡ ਸੁਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦਾ ਢਾਡੀ ਨੱਥ ਮੱਲ ਵੀ ਸ਼ਾਮਿਲ ਸੀ। ਢਾਡੀ ਨੱਥ ਮੱਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਆਪਣੇ ਭਰਾ ਅਬਦੁੱਲੇ ਨਾਲ ਰਲ ਕੇ ਗੁਰੂ-ਦਰਬਾਰ ਵਿਚ ਆਈ ਸੰਗਤ ਨੂੰ ਢੱਡ ਸਾਰੰਗੀ ਨਾਲ ਵਾਰਾਂ ਸੁਣਾਇਆ ਕਰਦਾ ਸੀ। ਭਾਈ ਨੱਥ ਮੱਲ ਅਤੇ ਭਾਈ ਅਬਦੁੱਲਾ ਜੀ ਨੇ ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਸਨ। ਇਥੇ ਨਾਂਦੇੜ ਵਿਖੇ ਗੁਰੂ ਜੀ ਦਾ ਮਿਲਾਪ ਮਾਧੋਦਾਸ ਨਾਲ ਹੋਇਆ। ਗੁਰੂ ਕੀਆਂ ਸਾਖੀਆਂ ਵਿਚ ਵਰਣਨ ਹੈ ਕਿ:

“ਸੰਮਤ ਸਤਰਾਂ ਸੈ ਪੈਂਸਠ ਅਸ਼ੁਵ ਪ੍ਰਵਿਸ਼ਟੇ ਤੀਜ ਕੇ ਦਿਹੂੰ ਸੂਰਜ ਗ੍ਰਹਿਣ ਕੇ ਲਗੇ ਮੇਲੇ ਤੇ ਗੁਰੂ ਜੀ ਸਾਥੀ ਸਿੱਖਾਂ ਸਮੇਤ ਮਾਧੋਦਾਸ ਬੈਰਾਗੀ ਕੇ ਡੇਰੇ ਗਏ। ਮੇਲਾ ਗੋਦਾਵਰੀ ਦੇ ਕੰਢੇ ਲਗਾ ਹੂਆ ਥਾ।”

ਉਸ ਵਕਤ ਮਾਧੋਦਾਸ ਦੀ ਉਮਰ ਕੋਈ 38 ਸਾਲ ਦੀ ਹੋ ਚੁੱਕੀ ਸੀ। ਭਾਈ ਨੱਥ ਮੱਲ ਜੀ ਨੇ ਫ਼ਾਰਸੀ ਦੇ 126 ਸ਼ੇਅਰਾਂ ਵਿਚ ਜ਼ਿਕਰ ਕੀਤਾ ਤੇ ਇਸ ਕਿਤਾਬ ਦਾ ਨਾਂ ਉਨ੍ਹਾਂ ਨੇ ‘ਅਮਰਨਾਮਾ’ ਰੱਖਿਆ। ਇਨ੍ਹਾਂ ਫ਼ਾਰਸੀ ਸ਼ੇਅਰਾਂ ਦਾ ਡਾ. ਪੰਦੋਹਲ ਨੇ ਪੰਜਾਬੀ ਅਨੁਵਾਦ ਕੀਤਾ ਹੈ। ਭਾਈ ਨੱਥ ਮੱਲ ਜੀ ਲਿਖਦੇ ਹਨ:

ਗਦਾ ਬੂਦ ਆਂ ਜਾਂ ਯਕੇ ਤੁੰਦ ਖ਼ੂ।
ਕਿ ਗ਼ੂਲੇ ਬਿਆਬਾਂ ਬ-ਤਸਖ਼ੀਰੇ ਊ।

ਭਾਵ : ਉਥੇ ਇਕ ਬੜਾ ਕੌੜ ਸਾਧੂ ਸੀ ਰਹਿੰਦਾ। ਜਿਹਦੇ ਕੋਲ ਭੂਤਾਂ ਦਾ ਟੋਲਾ ਸੀ ਬਹਿੰਦਾ।

ਭਾਈ ਕੇਸਰ ਸਿੰਘ ਛਿੱਬਰ ਆਪਣੀ ਪੁਸਤਕ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿਚ ਲਿਖਦੇ ਹਨ:

“ਸਾਹਿਬ, ਪਾਸੋਂ ਆਦਮੀ ਕਰਿ ਦਿਤੇ ਦੂਰ।
ਦੋਹਾਂ ਗੱਲਾਂ ਕੀਤੀਆਂ ਆਪਸ ਵਿਚਿ ਬੈਠ ਕੇ ਮਸ਼ਕੂਰ।
ਆਖਿਰ ਸਾਧੂ ਉਠ ਕੇ, ਆ ਚਰਨੀ ਢੱਠਿਆ।
ਪਾਹੁਲ ਗੁਰੂ ਕੀ ਛਕ ਕੇ, ਬਣਿਆ ਸਿੰਘ ਹਠੀਆ।623।
ਉਨ ਆਖਿਆ ਸਾਹਿਬ ਨੂੰ: ‘ਮੈਂ ਬੰਦਾ ਤੇਰਾ।
ਤੂੰ ਹੈ ਪੂਰਣ ਸਤਿਗੁਰੂ, ਰਾਖ ਰਖਦਾ ਮੇਰਾ’।624।

ਇਸੇ ਘਟਨਾ ਦਾ ਜ਼ਿਕਰ ਕਰਦਿਆਂ ਭਾਈ ਸਰੂਪ ਸਿੰਘ ਕੌਸ਼ਿਸ਼ ਨੇ ਭੱਟਵਹੀਆਂ ਤੋਂ ਤਿਆਰ ਕੀਤੀ ਪੁਸਤਕ ‘ਗੁਰੂ ਕੀਆਂ ਸਾਖੀਆਂ’ ਵਿਚ ਵਰਣਨ ਕਰਦਿਆਂ ਲਿਖਿਆ ਹੈ ਕਿ:

“ਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਤੇ ਬਚਨ ਕੀਤਾ, “ਮਾਧੋਦਾਸ ਹਮ ਤੁਮੇਂ ਮਿਲਨੇ ਆਏ ਹਾਂ…ਬੈਰਾਗੀ ਨੇ ਆਂਖ ਉਠਾਇ ਕਰ ਦੇਖਾ। ਬਚਨ ਬੋਲਾ, ਮਹਾਰਾਜ! ਆਪ ਗੁਰੂ ਗੋਬਿੰਦ ਰਾਇ(ਸਿੰਘ) ਜੀ ਹੋ, ਜਿਨ ਕੇ ਪਿਤਾ, ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਮੇਂ ਜਾਇ ਆਪਨਾ ਸੀਸ ਬਲੀਦਾਨ ਦੀਆ ਥਾ? ਸਤਿਗੁਰਾਂ ਕਹਾ-ਹਾਂ ਮਾਧੋਦਾਸ।…ਹਾਂ ਕੀ ਆਵਾਜ ਸੁਨ ਕੇ ਆਪਣਾ ਮਸਤਕ ਗੁਰੂ ਜੀ ਕੇ ਪਾਉ ਮੇਂ ਰਖ ਖਿਮਾ ਕੀ ਜਾਚਨਾ ਕੀ।…ਮਾਧੋਦਾਸ ਤ੍ਰਬਕ ਕੇ ਬੋਲਾ, ਮੈਂ ਆਜ ਸੇ ਦਿਲੋਜਾਨ ਸੇ ਤੇਰਾ ਬੰਦਾ ਹਾਂ।…ਭਾਈ ਦਯਾ ਸਿੰਘ ਨੇ ਮਾਧੋਦਾਸ ਨੂੰ ਕਿਹਾ, ਤਿਆਰ ਹੋ ਜਾਵੋ ਤੁਸਾਂ ਨੂੰ ਖੰਡੇ ਦੀ ਪਾਹੁਲ ਦੇਣੀ ਹੈ! ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਮੁਬਾਰਕ ਹੱਥਾਂ ਨਾਲ ਕੰਘਾ, ਕਰਦ, ਕੜਾ, ਤੇ ਕਛਾ ਪਹਿਨਾਏ। ਸਿਰ ਤੇ ਛੋਟੀ ਦਸਤਾਰ ਕੇਸਕੀ ਸਜਾ ਬੈਰਾਗੀ ਸੇ ਸਿੰਘ ਰੂਪ ਮੈਂ ਲੈ ਆਂਦਾ।”

ਮਾਧੋਦਾਸ ਸਦਾ ਲਈ ਗੁਰੂ ਜੀ ਦੀ ਸ਼ਰਨ ਵਿਚ ਚਲਾ ਗਿਆ। ਗੁਰੂ ਸਾਹਿਬ ਨੇ ਮਾਧੋਦਾਸ ਦੀ ਕਾਇਆਂ ਕਲਪ ਕੀਤੀ ਤੇ ਉਸ ਨੂੰ ਖੰਡੇ ਦੀ ਪਾਹੁਲ ਦੇ ਕੇ ‘ਗੁਰਬਖਸ਼ ਸਿੰਘ’ ਬਣਾਇਆ ਜੋ ‘ਬੰਦਾ ਸਿੰਘ ਬਹਾਦਰ’ ਦੇ ਨਾਂ ਨਾਲ ਮਸ਼ਹੂਰ ਹੋਇਆ।

ਗੁਰੂ ਸਾਹਿਬ ਨੇ ਉਸ ਅੰਦਰ ਮੁਗ਼ਲਾਂ ਨਾਲ ਟੱਕਰ ਲੈਣ ਲਈ ਅੰਮ੍ਰਿਤ ਛਕਾ ਕੇ ਸੂਰਬੀਰਾਂ ਵਾਲੀ ਸ਼ਕਤੀ ਪੈਦਾ ਕੀਤੀ ਅਤੇ ਇਸ ਨੂੰ ਪੂਰਨ ਰੂਪ ਵਿਚ ਤਿਆਰ ਕਰ ਕੇ ਖ਼ਾਲਸੇ ਦਾ ਜਥੇਦਾਰ ਥਾਪਿਆ ਅਤੇ ਪੰਜ ਤੀਰ, ਇਕ ਨਿਸ਼ਾਨ ਸਾਹਿਬ ਤੇ ਇਕ ਨਗਾਰਾ, ਪੰਜ ਪ੍ਰਮੁੱਖ ਸਿੱਖ ਭਾਈ ਕਾਹਨ ਸਿੰਘ, ਭਾਈ ਬਿਨੋਦ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ ਅਤੇ 20 ਹੋਰ ਸਿੰਘ ਦੇ ਕੇ ਪੰਜਾਬ ਵੱਲ ਰਵਾਨਾ ਕੀਤਾ ਅਤੇ ਕਿਹਾ ਕਿ ਬਿਖੜੇ ਸਮੇਂ ਵਿਚ ਇਹ ਪੰਜ ਸਿੰਘ ਬੰਦਾ ਸਿੰਘ ਨੂੰ ਸਿੱਖੀ ਦੇ ਅਸੂਲ ਸਮਝਾਉਂਦੇ ਰਹਿਣਗੇ। ਇਸ ਪਿੱਛੇ ਗੁਰੂ ਸਾਹਿਬ ਦਾ ਮੂਲ ਉਦੇਸ਼ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਫਲਸਫ਼ੇ/ਗੁਰਮਤਿ ਵਿਚਾਰਧਾਰਾ ਵਿਚ ਵਿਅਕਤੀਵਾਦ ਤੋਂ ਬਚਾ ਕੇ ਰੱਖਣਾ ਅਤੇ ਸੰਗਠਨ ਤੇ ਜਥੇਬੰਦੀ ਦੀ ਸ਼ਕਤੀ ਨੂੰ ਪ੍ਰਮੁੱਖਤਾ ਦਿੰਦੇ ਰਹਿਣ ਦਾ ਸੀ। ‘ਗੁਰੂ ਕੀਆਂ ਸਾਖੀਆਂ’ ਵਿਚ ਜ਼ਿਕਰ ਕੀਤਾ ਗਿਆ ਹੈ:

“ਸੰਮਤ ਸਤ੍ਰਾ ਸੈ ਪੈਂਸਠ ਕਾਰਤਕ ਮਾਸੇ ਸੁਦੀ ਤਿਥ ਤੀਜ ਕੇ ਦਿਹੂੰ ਬੰਦਾ ਸਿੰਘ ਕੋ ਪੰਥ ਦਾ ਜਥੇਦਾਰ ਥਾਪ ਬਾਂਗੇਸਰੀ ਕੇ ਟਾਂਡੇ ਮੇਂ ਮਦਰ ਦੇਸ ਜਾਨੇ ਕਾ ਬਚਨ ਕੀਆ। ਇਸ ਕੇ ਹਮਰਾਹ ਪਾਂਚ ਚੋਣਮੇਂ ਸਿਖ ਭਾਈ ਭਗਵੰਤ ਸਿੰਘ ਕੋਇਰ ਸਿੰਘ ਬਾਜ ਸਿੰਘ ਬਿਨੋਦ ਸਿੰਘ ਤੇ ਕਾਹਨ ਸਿੰਘ ਦੀਏ। ਬਚਨ ਹੋਆ-ਬੰਦਾ ਸਿੰਘ! ਜਹਾਂ ਭੀੜ ਬਨੇ ਪਾਂਚ ਸੇ ਅਰਦਾਸ ਕਰਾਨਾ, ਗੁਰੂ ਅੰਗ ਸੰਗ ਹੋਏਗਾ… ਸਤਿਗੁਰਾਂ ਇਸੇ ਗਾਤ੍ਰੇ ਕੀ ਸ੍ਰੀ ਸਾਹਿਬ ਏਕ ਮੋਹਰ ਪਾਂਚ ਤੀਰ ਤੇ ਨਿਸ਼ਾਨ ਸਾਹਿਬ ਦੇ ਕੇ ਪੰਜਾਬ ਕੀ ਤਰਫ ਵਿਦਾ ਕੀਆ।”

ਗੁਰੂ ਜੀ ਦੇ ਦੱਖਣ ਵਾਲੇ ਪਾਸੇ ਆ ਜਾਣ ਕਾਰਨ ਮਾਲਵਾ, ਦੁਆਬਾ ਅਤੇ ਮਾਝੇ ਦੇ ਇਲਾਕੇ ਵਿਚ ਸਿੰਘ ਖਿੰਡੇ-ਪੁੰਡੇ ਬੈਠੇ ਸਨ, ਇਹ ਕਿਸੇ ਸੰਗਠਿਤ ਰੂਪ ਵਿਚ ਨਹੀਂ ਸਨ। ਪੰਜਾਬ ਵਿਚ ਪਹੁੰਚਣ-ਸਾਰ ਹੀ ਬਾਬਾ ਬੰਦਾ ਸਿੰਘ ਬਹਾਦਰ ਦਾ ਸਭ ਤੋਂ ਪਹਿਲਾ ਕੰਮ ਇਨ੍ਹਾਂ ਸਿੰਘਾਂ ਨੂੰ ਆਪਣੀ ਕਮਾਨ ਹੇਠ ਕਰਨਾ ਸੀ ਅਤੇ ਉਨ੍ਹਾਂ ਦਾ ਵਿਸ਼ਵਾਸ ਹਾਸਿਲ ਕਰਨਾ ਸੀ। ਅੰਗਰੇਜ਼ ਇਤਿਹਾਸਕਾਰ ਮੈਕਾਲਿਫ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਸਤੇ ਅਤੇ ਕੁਮਕ ਮਿਲਣ ਅਤੇ ਰੁਕਣ ਦੇ ਥਾਂ ਬਾਰੇ ਸਾਰੀ ਯੋਜਨਾ ਗੁਰੂ ਸਾਹਿਬ ਨੇ ਬਣਾ ਕੇ ਦਿੱਤੀ ਸੀ ਪਰ ਫਿਰ ਵੀ ਉਨ੍ਹਾਂ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਕਠਨਾਈਆਂ ਸਨ। ਮਾਇਆ ਤੇ ਸਿੰਘਾਂ ਦੀ ਬਹੁਤ ਕਮੀ ਸੀ। ਰਸਤੇ ਵਿਚ ਭਰਤਪੁਰ ਦੇ ਇਕ ਧਨਾਢ ਵੱਲੋਂ ਦਸਵੰਧ ਦੀ ਰਕਮ ਦੇ ਕੇ ਉਸ ਦੇ ਮਹਾਨ ਮਿਸ਼ਨ ਦੇ ਆਰੰਭਕ ਸਮੇਂ ਮਦਦ ਕੀਤੀ।

ਰਸਤੇ ਵਿਚ ਉਸ ਨੂੰ ਇਕ ਲੁਬਾਣੇ ਸਿੱਖਾਂ ਦਾ ਕਾਫਲਾ ਮਿਲਿਆ ਜੋ ਗੱਡੇ ਰੇਹੜਿਆਂ ’ਤੇ ਆਪਣਾ ਸਾਮਾਨ ਲਈ ਜਾ ਰਹੇ ਸਨ। ਪਹਿਲਾਂ ਤਾਂ ਉਹ ਦੂਰੋਂ ਘੋੜੇ ਆਉਂਦੇ ਦੇਖ ਕੇ ਡਰ ਗਏ ਕਿ ਸ਼ਾਇਦ ਕੋਈ ਡਾਕੂ-ਲੁਟੇਰੇ ਨਾ ਹੋਣ ਪਰ ਜਦੋਂ ਉਹ ਨੇੜੇ ਆਏ ਤਾਂ ਉਨ੍ਹਾਂ ਨੇ ਗੁਰੂ ਦੇ ਸਿੰਘਾਂ ਨੂੰ ਪਛਾਣ ਲਿਆ। ਲੁਬਾਣੇ ਸਿੱਖਾਂ ਦੇ ਮੁਖੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸਵੰਧ ਦੀਆਂ 500 ਮੋਹਰਾਂ ਦਿੱਤੀਆਂ ਤਾਂ ਕਿ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਸਕਣ। ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਮਹਾਨ ਜਰਨੈਲ ਵਾਂਗ ਆਪਣੇ ਸਿਪਾਹੀਆਂ ਦਾ ਖਿਆਲ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਉਹ ਮੋਹਰਾਂ ਸਾਰੇ ਸਿੰਘਾਂ ਵਿਚ ਬਰਾਬਰ ਵੰਡ ਦਿੱਤੀਆਂ ਜਿਸ ਨਾਲ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਸਿੰਘਾਂ ਦਾ ਪ੍ਰੇਮਭਾਵ ਹੋਰ ਵਧ ਗਿਆ।

ਚਲਦਾ-ਚਲਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਬਾਂਗਰ ਦੇ ਇਲਾਕੇ ਵਿਚ ਪਰਗਨਾ ਖਰਖੋਦੇ(ਖਰਖੋਦਾ, ਸਾਂਪਲਾ ਤਹਿਸੀਲ ਵਿਚ, ਸਾਂਪਲਾ ਤੋਂ ਸੋਨੀਪਤ ਵਿਚਕਾਰ ਦਿੱਲੀ ਦੇ ਉੱਤਰ-ਪੱਛਮ ਵੱਲ ਦਿੱਲੀ ਤੋਂ ਤਕਰੀਬਨ 40 ਕਿਲੋਮੀਟਰ ਅਤੇ ਰੋਹਤਕ ਤੋਂ 33 ਕਿਲੋਮੀਟਰ ਦੂਰ ਹੈ। ਉਸ ਸਮੇਂ ਇਹ ਇਲਾਕਾ ਉਜਾੜ ਬੀਆਬਾਨ ਤੇ ਜੰਗਲ ਹੋਣ ਕਰਕੇ ਕਾਫੀ ਮਹਿਫੂਜ ਸੀ।) ਵਿਚ ਪਹੁੰਚ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਖਰਖੋਦੇ ਤੋਂ 13 ਕਿਲੋਮੀਟਰ ਦੂਰ ਪਿੰਡ ਸਿਹਰੀ ਅਤੇ ਖੰਡਾਂ ਵਿਚਕਾਰ ਇਕਾਂਤ ਸਥਾਨ ’ਤੇ ਆਪਣਾ ਪੜਾਅ ਕੀਤਾ। ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਚ ਵੱਖ-ਵੱਖ ਇਲਾਕਿਆਂ ਦੇ ਮੁਖੀ ਸਿੱਖਾਂ ਨੂੰ ਸੁਨੇਹੇ ਭੇਜ ਕੇ ਗੁਰੂ ਸਾਹਿਬ ਜੀ ਦਾ ਸੰਦੇਸ਼ ਦਿੱਤਾ ਅਤੇ ਹਥਿਆਰਬੰਦ ਹੋ ਕੇ ਬਾਂਗਰ ਦੇਸ਼ ਪਹੁੰਚਣ ਲਈ ਸੱਦਾ ਦਿੱਤਾ। ਲੋਕ ਹੁੰਮ-ਹੁਮਾ ਕੇ ਉਨ੍ਹਾਂ ਪਾਸ ਪਹੁੰਚਣੇ ਸ਼ੁਰੂ ਹੋ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਦੁੱਖਾਂ ਤੋਂ ਮੁਕਤ ਹੋਣ ਦਾ ਰਾਹ ਦਸ ਸਕਦੇ ਹਨ, ਇਸ ਲਈ ਤੁਹਾਨੂੰ ਜ਼ਾਲਮਾਂ ਦੇ ਜ਼ੁਲਮ ਨੂੰ ਲਲਕਾਰਨਾ ਪਵੇਗਾ, ਤੇਗ ਦੇ ਧਨੀ ਬਣਨਾ ਪਵੇਗਾ। ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤਿਆਰ ਹੀ ਕਰ ਰਿਹਾ ਸੀ ਕਿ ਉਸੇ ਸਮੇਂ ਲੋਕਾਂ ਵਿਚ ਰੌਲਾ ਪੈ ਗਿਆ ਧਾੜਵੀ ਆ ਰਹੇ ਹਨ। ਇਹ ਸੁਣ ਕੇ ਸਾਰੇ ਭੱਜ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਾਰੇ ਰਲ ਕੇ ਉਨ੍ਹਾਂ ਦਾ ਮੁਕਾਬਲਾ ਕਰਦੇ ਹਾਂ। ਪਿੰਡ ਦੇ ਪੰਚ ਨੇ ਕਿਹਾ ਇਹ ਧਾੜਵੀ ਕਾਫ਼ੀ ਸੰਖਿਆ ਵਿਚ ਆਉਂਦੇ ਹਨ, ਜੋ ਵੀ ਇਨ੍ਹਾਂ ਅੱਗੇ ਅੜਦਾ ਹੈ, ਉਸ ਨੂੰ ਪਾਰ ਬੁਲਾ ਦਿੰਦੇ ਹਨ, ਬਾਬਾ ਜੀ, ਤੁਹਾਡੇ ਸਿੰਘਾਂ ਦੀ ਸੰਖਿਆ ਬਹੁਤ ਥੋੜ੍ਹੀ ਹੈ। ਇਹ ਮੌਕਾ ਹੈ ਕਿਸੇ ਸੁਰੱਖਿਅਤ ਥਾਂ ’ਤੇ ਚਲੇ ਜਾਓ। ਧਾੜਵੀ ਡਾਕੂਆਂ ਦੀ ਇਕ ਟੋਲੀ ਨੇ ਹਮਲਾ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਦਰ ਨੇ ਇਥੇ ਜੰਗੀ ਨੁਕਤਾ-ਨਿਗਾਹ ਤੋਂ ਇਕ ਹੋਰ ਪੈਂਤੜਾ ਇਸਤੇਮਾਲ ਕੀਤਾ। ਡਾਕੂਆਂ ਨੂੰ ਪਿੰਡ ਲੁੱਟ ਲੈਣ ਦਿੱਤਾ ਅਤੇ ਜਦੋਂ ਉਹ ਲੁੱਟ-ਮਾਰ ਕਰਕੇ ਖੁਸ਼ੀਆਂ ਮਨਾਉਂਦੇ ਪਿੰਡ ਤੋਂ ਬਾਹਰ ਆਏ ਤਾਂ ਸਿੰਘਾਂ ਨੇ ਉਨ੍ਹਾਂ ਨੂੰ ਘੇਰ ਲਿਆ। ਸਿੰਘਾਂ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲੁੱਟ ਦਾ ਸਾਰਾ ਸਾਮਾਨ ਖੋਹ ਲਿਆ। ਲੁਟੇਰਿਆਂ ਨੇ ਭੱਜ ਕੇ ਆਪਣੀਆਂ ਜਾਨਾਂ ਮਸਾਂ ਬਚਾਈਆਂ। ਧਾੜਵੀਆਂ ਦੇ ਸਰਦਾਰ ਜਿਸ ਤੋਂ ਡਰਦੇ ਮਾਰੇ ਪਿੰਡ ਦੇ ਲੋਕ ਕੁਸਕਦੇ ਨਹੀਂ ਸਨ, ਉਸ ਨੂੰ ਰੱਸੀਆਂ ਨਾਲ ਨੂੜ ਕੇ ਪਿੰਡ ਲੈ ਆਏ। ਉਹ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਧੌਣ ਨੀਵੀਂ ਕਰੀ ਖੜ੍ਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਲੁੱਟ ਦਾ ਸਾਰਾ ਸਾਮਾਨ ਲਿਆ ਕੇ ਚੌਂਕ ਵਿਚ ਰੱਖ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਆਪਣਾ-ਆਪਣਾ ਪਛਾਣ ਕੇ ਲੈ ਜਾਣ ਲਈ ਕਿਹਾ। ਇਸ ਘਟਨਾ ਨੇ ਪਿੰਡ ਵਾਸੀਆਂ ਵਿਚ ਨਵਾਂ ਜੋਸ਼ ਭਰ ਦਿੱਤਾ। ਪਿੰਡ ਦੇ ਨੌਜਵਾਨ ਖਾਲਸਾ ਫ਼ੌਜ ਵਿਚ ਭਰਤੀ ਹੋ ਗਏ ਅਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਤੇ ਸਾਰਿਆਂ ਨੇ ਆਪਣੇ ਘਰਾਂ ਵਿੱਚੋਂ ਦੱਬੀਆਂ ਤੇ ਜੰਗਾਲੀਆਂ ਤਲਵਾਰਾਂ ਕੱਢ ਲਿਆਂਦੀਆਂ। ਮਿਆਨ ਵਿੱਚੋਂ ਕੱਢ ਕੇ, ਖੰਗਰਾਂ ’ਤੇ ਰਗੜਨੀਆਂ ਸ਼ੁਰੂ ਕਰ ਦਿੱਤੀਆਂ। ਧਾੜਵੀ ਆਪਣੇ ਮੁਖੀ ਨੂੰ ਛਡਾਉਣ ਲਈ ਮੁੜ-ਮੁੜ ਆਉਂਦੇ ਰਹੇ ਪਰ ਪਿੰਡ ਵਾਸੀ ਡਰਨ ਦੀ ਥਾਂ ਉਨ੍ਹਾਂ ਤੇ ਝਪਟਦੇ, ਕੁਝ ਨੂੰ ਢਾਹ ਲੈਂਦੇ ਅਤੇ ਕੁਝ ਦੀਆਂ ਦੂਰ-ਦੂਰ ਤਕ ਪਦੀੜਾਂ ਪਵਾ ਦਿੰਦੇ। ਇਥੇ ਕੁਝ ਹੀ ਦਿਨਾਂ ਵਿਚ ਪੰਜ ਸੌ ਦੇ ਕਰੀਬ ਸਿੰਘ ਉਸ ਪਾਸ ਪਹੁੰਚ ਗਏ।

ਭਾਈ ਰੂਪੇ ਦੇ ਭਾਈ ਧਰਮ ਸਿੰਘ ਅਤੇ ਭਾਈ ਕਰਮ ਸਿੰਘ, ਭਾਈ ਬਹਿਲੋ, ਭਾਈ ਭਗਤੂ ਕਾ ਭਾਈ ਫਤਹਿ ਸਿੰਘ, ਚੌਧਰੀ ਰਾਮ ਸਿੰਘ ਤੇ ਭਾਈ ਤਿਲੋਕ ਸਿੰਘ ਦੀ ਪੰਜ ਸੌ ਦੀ ਫ਼ੌਜ, ਸਲੌਦੀ ਵਾਲੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਅਤੇ ਮਾਲਵੇ ਦੇ ਬਹੁਤ ਸਾਰੇ ਸਿੱਖ ਪਰਵਾਰਾਂ ਦੇ ਬਹੁਤ ਸਾਰੇ ਜਵਾਨ ਆਪਣੇ ਘੋੜਿਆਂ ਅਤੇ ਹਥਿਆਰਾਂ ਨਾਲ ਲੈਸ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੈਂਪ ਵਿਚ ਪਹੁੰਚ ਗਏ। ਕੁਝ ਹੀ ਹਫਤਿਆਂ ਵਿਚ ਇਹ ਗਿਣਤੀ ਚਾਰ ਹਜ਼ਾਰ ਤਕ ਪਹੁੰਚ ਗਈ। ਇਥੇ ਬੈਠ ਕੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਅਗਲੀਆਂ ਮੁਹਿੰਮਾਂ ਲਈ ਨੀਤੀ ਤਿਆਰ ਕੀਤੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡਾਂ ਵਿਚ ਢੰਡੋਰਾ ਦੇ ਦਿੱਤਾ ਕਿ ਕੋਈ ਵੀ ਸਰਕਾਰੀ ਮਾਮਲਾ ਨਾ ਦੇਵੇ, ਸਾਨੂੰ ਸਿਰਫ ਦੁੱਧ, ਦਹੀਂ ਅਤੇ ਹੋਰ ਲੋੜੀਂਦੀਆਂ ਵਸਤਾਂ ਦਿਓ, ਅਸੀਂ ਤੁਹਾਡੀ ਹਰ ਤਰ੍ਹਾਂ ਦੀ ਲੁੱਟ-ਖਸੁੱਟ ਤੋਂ ਰਾਖੀ ਕਰਾਂਗੇ। ਇਵੇਂ ਲੁਟੇਰਿਆਂ ਅਤੇ ਸਰਕਾਰੀ ਹਾਕਮਾਂ ਦੇ ਸਤਾਏ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਝੰਡੇ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ। ਮੁਸਲਮਾਨ ਲਿਖਾਰੀ ਖਾਫੀ ਖਾਨ ਅਤੇ ਮੁਹੰਮਦ ਕਾਸਮ ਅਨੁਸਾਰ, “ਜਦੋਂ ਬੰਦਾ ਸਿੰਘ ਪੰਜਾਬ ਵੱਲ ਨੂੰ ਵਧਿਆ ਤਾਂ ਛੇਤੀ ਹੀ ਉਸ ਦੀ ਫੌਜ ਨਾਲ 4000 ਘੋੜ ਸਵਾਰ ਅਤੇ 7800 ਪੈਦਲ ਸਿਪਾਹੀ ਆ ਰਲੇ।”

ਇਤਿਹਾਸਕਾਰ ਸ੍ਰੀ ਗੋਕਲ ਚੰਦ ਨਾਰੰਗ ਅਨੁਸਾਰ,

“ਸੈਨਿਕਾਂ ਦੀ ਗਿਣਤੀ 8900 ਤੋਂ ਵਧ ਕੇ 40,000 ਤਕ ਪੁੱਜ ਗਈ। ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਾ ਵਿਚ ਤਿੰਨ ਤਰ੍ਹਾਂ ਦੇ ਸਿਪਾਹੀ ਸਨ। ਸਭ ਤੋਂ ਪਹਿਲਾਂ ਉਹ ਸੁਹਿਰਦ ਤੇ ਸਿਰਲੱਥ ਸਿੱਖ ਸਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਗੁਰੂ ਜੀ ਦੀ ਚਰਨ-ਛੁਹ ਪ੍ਰਾਪਤ ਕੀਤੀ ਹੋਈ ਅਤੇ ਜ਼ਾਲਮਾਂ ਦੇ ਅਤਿਆਚਾਰੀ ਰਾਜ ਨੂੰ ਨਸ਼ਟ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਰਲੇ ਸਨ। ਦੂਜੀ ਤਰ੍ਹਾਂ ਦੇ ਸਿਪਾਹੀ ਉਹ ਸਨ ਜੋ ਤਨਖਾਹਦਾਰ ਸਰਦਾਰਾਂ ਤੇ ਜ਼ਿਮੀਦਾਰਾਂ ਨੇ ਭਰਤੀ ਕਰ ਕੇ ਭੇਜੇ ਸਨ ਜੋ ਸ਼ਾਹੀ ਅਧਿਕਾਰੀਆਂ ਅਤੇ ਸਿੱਖਾਂ ਦੋਹਾਂ ਨਾਲ ਹੀ ਬਣਾ ਕੇ ਰੱਖਣਾ ਚਾਹੁੰਦੇ ਸਨ, ਉਹ ਖੁੱਲ੍ਹੇ ਤੌਰ ’ਤੇ ਨਹੀਂ ਬਲਕਿ ਚੋਰੀ-ਛੁਪੇ ਬਾਬਾ ਬੰਦਾ ਸਿੰਘ ਬਹਾਦਰ ਸੀ ਸਹਾਇਤਾ ਕਰ ਰਹੇ ਸਨ। ਤੀਜੀ ਤਰ੍ਹਾਂ ਦੇ ਸਿਪਾਹੀ ਉਹ ਜੋ ਦੁਸ਼ਮਣ ਹਾਕਮਾਂ ਵੱਲੋਂ ਸਾਜ਼ਸ਼ ਤਹਿਤ ਖਾਲਸਾਈ ਫ਼ੌਜ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਦੇ ਮੰਤਵ ਨਾਲ ਆ ਰਲੇ ਸਨ, ਜਿਹੜੇ ਕਿਸੇ ਦੇ ਸਕੇ ਨਹੀਂ ਸਨ ਅਤੇ ਜਿਨ੍ਹਾਂ ਦਾ ਕੋਈ ਆਦਰਸ਼ ਨਹੀਂ ਸੀ। ਉਹ ਕੇਵਲ ਲੁੱਟ-ਮਾਰ ਦੇ ਇਰਾਦੇ ਨਾਲ ਆਏ ਸਨ। ਇਸ ਤੀਜੇ ਵਰਗ ਦਾ ਮੁੱਖ ਕੰਮ ਇਸ ਲਹਿਰ ਨੂੰ ਬਦਨਾਮ ਅਤੇ ਅਸਫਲ ਕਰਨਾ ਸੀ।”

ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਫ਼ੌਜ ਲਈ ਖਾਸ ਕਿਸਮ ਦੀ ਰਹਿਤ ਤਿਆਰ ਕੀਤੀ ਤਾਂ ਕਿ ਸਜ਼ਾ ਸਿਰਫ ਦੋਸ਼ੀਆਂ ਨੂੰ ਹੀ ਦਿੱਤੀ ਜਾ ਸਕੇ, ਕਿਸੇ ਬੇਕਸੂਰ ਨੂੰ ਜਿਥੋਂ ਤਕ ਹੋ ਸਕੇ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ। ਭਾਈ ਰਤਨ ਸਿੰਘ ਭੰਗੂ ਲਿਖਦੇ ਹਨ ਕਿ ਉਹ (ਬਾਬਾ ਬੰਦਾ ਸਿੰਘ ਬਹਾਦਰ) ਹਰ ਰੋਜ਼ ਢੰਡੋਰਾ ਪਿਟਵਾਂਦਾ ਕਿ ਇਸਤਰੀ ਦੇ ਤਨ ਦੇ ਗਹਿਣੇ ਨੂੰ ਕੋਈ ਸਿੱਖ ਸੈਨਿਕ ਹੱਥ ਨਾ ਲਾਵੇ ਅਤੇ ਕਿਸੇ ਪੁਰਸ਼ ਦੀ ਪੁਸ਼ਾਕ ਅਤੇ ਪਗੜੀ ਨੂੰ ਵੀ ਹੱਥ ਨਾ ਪਾਇਆ ਜਾਵੇ।

ਦਿੱਲੀ ਟੱਪਦੇ ਹੀ ਉਸ ਨੇ ਸੋਨੀਪਤ ਤੇ ਕੈਥਲ ’ਤੇ ਕਬਜ਼ਾ ਕੀਤਾ। ਸੋਨੀਪਤ ਸ਼ਹਿਰ ਦਾ ਫ਼ੌਜਦਾਰ ਬਹੁਤ ਡਰ ਗਿਆ। ਲੜਾਈ ਵਿਚ ਖਾਲਸਾ ਫ਼ੌਜ ਨੇ ਦੁਸ਼ਮਣ ਫ਼ੌਜ ਦੇ ਛੱਕੇ ਛੁਡਾ ਦਿੱਤੇ ਅਤੇ ਸੋਨੀਪਤ ਸ਼ਹਿਰ ’ਤੇ ਜਿੱਤ ਪ੍ਰਾਪਤ ਕੀਤੀ। ਸੋਨੀਪਤ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਵੱਲ ਨੂੰ ਰੁਖ਼ ਕੀਤਾ। ਰਸਤੇ ਵਿਚ ਉਸ ਨੂੰ ਖਬਰ ਮਿਲੀ ਕਿ ਕੁਝ ਸਿਪਾਹੀ ਸਰਕਾਰੀ ਮਾਮਲੇ ਦੀ ਰਕਮ ਇਕੱਠੀ ਕਰਕੇ ਭੂਨਾ ਪਿੰਡ ’ਚ ਠਹਿਰੇ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਸਮੇਂ ਮਾਇਆ ਦੀ ਬਹੁਤ ਜ਼ਰੂਰਤ ਸੀ, ਉਨ੍ਹਾਂ ਨੇ ਇਸ ਨੂੰ ਰੱਬੀ-ਸਹਾਇਤਾ ਸਮਝਦੇ ਹੋਏ ਸਾਰੀ ਰਕਮ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਦੀ ਖ਼ਬਰ ਸੁਣਦੇ-ਸਾਰ ਹੀ ਕੈਥਲ ਦਾ ਆਮਿਲ ਫ਼ੌਜ ਲੈ ਕੇ, ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰਨ ਲਈ ਆ ਚੜ੍ਹਿਆ, ਪਰ ਉਸ ਦੀ ਲੱਕ-ਤੋੜਵੀਂ ਹਾਰ ਹੋਈ ਅਤੇ ਉਸ ਨੇ ਆਪਣੇ ਸਾਰੇ ਘੋੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਂਟ ਕਰਕੇ ਆਪਣੀ ਜਾਨ ਬਚਾਈ।

ਪੰਜਾਬ ਵਿਚ ਪੁੱਜਦਿਆਂ ਹੀ ਸਿੱਖ ਦੂਰੋਂ-ਨੇੜਿਓਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ। ਥੋੜ੍ਹੇ ਹੀ ਸਮੇਂ ਵਿਚ ਪੰਜਾਬ ਦੀ ਸਾਰੀ ਸਿੱਖ ਅਤੇ ਕਿਸਾਨ ਵੱਸੋਂ ਨੇ ਜ਼ਾਲਮਾਂ ਪਾਸੋਂ ਬਦਲਾ ਲੈਣ ਲਈ ਬਗ਼ਾਵਤ ਕਰ ਦਿੱਤੀ। ਇਤਿਹਾਸਕ ਨਗਰ ਸਮਾਣਾ ਆਪਣੀ ਬੁੱਕਲ ਵਿਚ ਕਈ ਪਹਿਲੂ ਲੁਕੋਈ ਬੈਠਾ ਹੈ। ਇਹ ਪਟਿਆਲਾ ਜ਼ਿਲ੍ਹੇ ਇਸੇ ਨਾਂ ਦੀ ਤਹਿਸੀਲ ਦਾ ਇਕ ਪੁਰਾਣਾ ਇਤਿਹਾਸਕ ਕਸਬਾ ਹੈ ਜੋ ਪਟਿਆਲਾ ਤੋਂ 30 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਦਾ ਪਹਿਲਾ ਨਾਂ ਇਮਾਮਗੜ੍ਹ ਸੀ ਪਰ ਬਾਅਦ ਵਿਚ ਫਾਰਸ ਤੇ ਸਮਾਨੀ ਖਾਨਦਾਨ ਦੇ ਕੁਝ ਲੋਕਾਂ ਦੇ ਇਥੇ ਆ ਕੇ ਵੱਸ ਜਾਣ ’ਤੇ ਇਸ ਜਗ੍ਹਾ ਦਾ ਨਾਂ ਸਮਾਣਾ ਪੈ ਗਿਆ। ਰਾਜਪੂਤ ਕਾਲ ਦੌਰਾਨ ਇਥੇ ਰਾਜਾ ਜੈਪਾਲ ਦਾ ਰਾਜ ਰਿਹਾ ਅਤੇ ਇਹ ਥਾਂ ਕੁਝ ਸਮੇਂ ਲਈ ਮੁਹੰਮਦ ਗੌਰੀ ਦੇ ਕਬਜ਼ੇ ਵਿਚ ਵੀ ਰਿਹਾ।

ਸਮਾਣੇ ਨੇ 12 ਤੋਂ 15ਵੀਂ ਸਦੀ ਤੱਕ ਭਰਪੂਰ ਜੋਬਨ ਹੰਢਾਇਆ ਹੈ। ਦਿੱਲੀ ਦੇ ਤਖਤ ’ਤੇ ਜਦੋਂ ਪਠਾਣ ਸੁਲਤਾਨ ਸਿੱਕਾ ਚਲਾ ਰਹੇ ਸਨ, ਉਸ ਸਮੇਂ ਸਮਾਣਾ ਇਕ ਵੱਡੇ ਪਰਗਨੇ ਦੀ ਰਾਜਧਾਨੀ ਸੀ। ਉਸ ਸਮੇਂ ਪਠਾਣ ਦਲ ਪਿਸ਼ਾਵਰ ਤੋਂ ਮੁਲਤਾਨ ਅਤੇ ਮੁਲਤਾਨ ਤੋਂ ਦਿੱਲੀ ਜਾਣ ਲੱਗੇ ਵੱਡਾ ਪੜਾਅ ਸਮਾਣੇ ਹੀ ਕਰਿਆ ਕਰਦੇ ਸਨ। ਇੱਕ ਸਮਾਂ ਸੀ ਕਿ ਸਮਾਣਾ ਇਸਲਾਮੀ ਤਾਲੀਮ ਤਰਬੀਅਤ ਦਾ ਵੱਡਾ ਕੇਂਦਰ ਬਣ ਗਿਆ ਅਤੇ ਦਿੱਲੀ ਦੇ ਰਾਜਕੁਮਾਰ ਇੱਥੇ ਤਾਲੀਮ ਹਾਸਿਲ ਕਰਦੇ ਰਹੇ। ਕਿਹਾ ਜਾਂਦਾ ਹੈ ਕਿ ਸ਼ੇਰ ਸ਼ਾਹ ਸੂਰੀ ਅਤੇ ਹਮਾਯੂੰ ਨੇ ਸਮਾਣੇ ਰਹਿ ਕੇ ਕਿਤਾਬੀ, ਘੋੜ-ਸਵਾਰੀ ਅਤੇ ਜੰਗੀ ਸਿੱਖਿਆ ਹਾਸਿਲ ਕੀਤੀ ਸੀ। ਹੀਰ-ਰਾਂਝਾ ਅਦਲੀ ਰਾਜੇ ਦੇ ਰੁਬਰੂ ਇੱਥੇ ਹੀ ਪੇਸ਼ ਹੋਏ ਦੱਸੇ ਜਾਂਦੇ ਹਨ।

ਫ਼ਾਰਸੀ ਦਾ ਸਭ ਤੋਂ ਵੱਡਾ ਵਿਦਵਾਨ ਅਤੇ ਕਵੀ ਅਮੀਰ ਖੁਸਰੋ ਦਿਹਲਵੀ ਬਲਬਨ ਬਾਦਸ਼ਾਹ ਦੇ ਰਾਜ ਕਾਲ ਸਮੇਂ ਪੰਜ ਸਾਲ ਇੱਥੇ ਰਿਹਾ। ਉਹ ਗਵਰਨਰ ਬੁਗਰਾਂ ਖਾਨ (ਸਪੁੱਤਰ ਬਾਦਸ਼ਾਹ ਬਲਬਨ) ਦਾ ਵਜ਼ੀਰ-ਏ-ਅਵਲ (ਮੁੱਖ-ਸਕੱਤਰ) ਬਣ ਕੇ ਆਇਆ। ਪਰ ਜਦੋਂ ਸ਼ੇਰ ਸ਼ਾਹ ਸੂਰੀ ਨੇ ਜਰਨੈਲੀ ਸੜਕ ਪਿਸ਼ਾਵਰ ਤੋਂ ਦਿੱਲੀ ਤੱਕ ਲਾਹੌਰ ਤੇ ਸਰਹਿੰਦ ਰਾਹੀਂ ਖਿੱਚ ਦਿੱਤੀ ਤਾਂ ਸਮਾਣਾ ਇੱਕ ਪਾਸੇ ਰਹਿ ਗਿਆ ਅਤੇ ਇਥੋਂ ਹੀ ਇਸ ਨਗਰ ਦੀ ਪ੍ਰਸਿੱਧਤਾ ਘਟ ਗਈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਰੱਖਿਆ ਵਾਸਤੇ ਬਲੀਦਾਨ ਦੇਣ ਲਈ ਦਿੱਲੀ ਜਾਂਦੇ ਸਮੇਂ ਸਮਾਣੇ ਰੁਕੇ ਸਨ। ਉਸ ਸਥਾਨ ’ਤੇ ਉਨ੍ਹਾਂ ਦੀ ਯਾਦ ’ਚ ਇਕ ਗੁਰਦੁਆਰਾ ਥੜ੍ਹਾ ਸਾਹਿਬ ਬਣਾਇਆ ਗਿਆ ਹੈ। ਮੁਗ਼ਲ ਸੈਨਾ ਉਨ੍ਹਾਂ ਦਾ ਪਿੱਛਾ ਕਰਦੀ ਆ ਰਹੀ ਸੀ। ਉਥੋਂ ਇਕ ਦਰਵੇਸ਼ ਮੁਸਲਮਾਨ ਮੁਹੰਮਦ ਬਖਸ਼ ਉਰਫ਼ ਭੀਖਨ ਖਾਨ ਨੇ ਗੁਰੂ ਜੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਤਿੰਨ ਕਿਲੋਮੀਟਰ ਦੂਰ ਪਿੰਡ ਗੜ੍ਹੀ ਨਜ਼ੀਰ ਵਿਚ ਆਪਣੇ ਘਰ ਲੈ ਗਿਆ ਸੀ। ਇਹ ਵੀ ਇਤਿਹਾਸਕ ਸੱਚ ਹੈ ਕਿ ਦਿੱਲੀ ਦੇ ਚਾਂਦਨੀ ਚੌਂਕ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੂਦੀਨ ਵੀ ਇਸੇ ਸ਼ਹਿਰ ਸਮਾਣੇ ਦਾ ਸੀ। ਅਲੀ ਹੁਸੈਨ ਜਿਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਰਾਨ ਦੀਆਂ ਕਸਮਾਂ ਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਝੂਠੇ ਵਾਅਦੇ ਕਰਕੇ ਸ੍ਰੀ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਵਾਇਆ ਸੀ ਉਹ ਵੀ ਇਸੇ ਸਮਾਣੇ ਸ਼ਹਿਰ ਦਾ ਸੀ। ਸਰਹਿੰਦ ਸ਼ਹਿਰ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਵੀ ਇਸੇ ਸ਼ਹਿਰ ਦੇ ਰਹਿਣ ਵਾਲੇ ਸਨ। ਸਮੇਂ ਦੀ ਮਾਰ ਨਾਲ ਵਿਦਵਾਨਾਂ ਦੇ ਸ਼ਹਿਰ ਵਜੋਂ ਜਾਣਿਆ ਜਾਣ ਵਾਲਾ ਸ਼ਹਿਰ ਜਲਾਦਾਂ ਦੇ ਸ਼ਹਿਰ ਵਜੋਂ ਜਾਣਿਆ ਜਾਣ ਲੱਗ ਪਿਆ। ਇਸੇ ਕਾਰਨ ਕਰਕੇ ਖਾਲਸੇ ਨੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 1709 ਈ: ਵਿਚ ਸ਼ਹਿਰ ’ਤੇ ਹੱਲਾ ਬੋਲ ਦਿੱਤਾ। ਇਥੋਂ ਦੇ 22 ਜ਼ਾਲਮ ਘਰਾਣੇ ਹਮੇਸ਼ਾਂ ਲਈ ਖ਼ਤਮ ਹੋ ਗਏ। ਸਿੰਘਾਂ ਨੇ ਸਮਾਣੇ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਖੰਡਰ ਦੇ ਰੂਪ ਵਿਚ ਬਦਲ ਦਿੱਤਾ। ਪੁਰਾਣੇ ਨਗਰ ਦੇ ਖੰਡਰ ਹੁਣ ਤਕ ਆਪਣੀ ਹੋਈ ਤਬਾਹੀ ਦੀ ਗਵਾਹੀ ਭਰਦੇ ਹਨ। ਸਮਾਣੇ ਦੇ ਨੇੜੇ ਹੀ ਪਿੰਡ ਦਮਲਾ ਉਨ੍ਹਾਂ ਪਠਾਣਾ ਦਾ ਪਿੰਡ ਸੀ ਜੋ ਪਾਉਂਟਾ ਸਾਹਿਬ ਵਿਖੇ ਪੀਰ ਬੁੱਧੂ ਸ਼ਾਹ ਨਾਲ ਝੂਠ ਬੋਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਵਿਚ ਭਰਤੀ ਹੋ ਗਏ ਸਨ। ਇਹ ਪਠਾਣ ਭੰਗਾਣੀ ਦੇ ਯੁੱਧ ਸਮੇਂ ਗੁਰੂ ਜੀ ਨੂੰ ਧੋਖਾ ਦੇ ਕੇ ਦੁਸ਼ਮਣ ਸੈਨਾ ਨਾਲ ਜਾ ਰਲੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਦਮਲਾ ਪਿੰਡ ’ਤੇ ਹਮਲਾ ਕਰਕੇ ਇਨ੍ਹਾਂ ਜ਼ਾਲਮਾਂ ਨੂੰ ਸੋਧਿਆ।

ਬਾਬਾ ਬੰਦਾ ਸਿੰਘ ਬਹਾਦਰ ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ ਅਤੇ ਕਪੂਰੀ ਪਹੁੰਚਿਆ। ਕਪੂਰੀ ਦਾ ਫ਼ੌਜਦਾਰ ਕਾਦਮ-ਉਦ-ਦੀਨ ਬੜਾ ਅਤਿਆਚਾਰੀ ਅਤੇ ਵਿਭਚਾਰੀ ਵਿਅਕਤੀ ਸੀ। ਕਾਦਮ-ਉਦ-ਦੀਨ ਦਾ ਪਿਤਾ ਕਪੂਰੀ ਦਾ ਚੌਧਰੀ ਸਯਦ ਅਮਾਨੁੱਲ ਗੁਜਰਾਤ ਵਿਚ ਉੱਚ-ਅਧਿਕਾਰੀ ਸੀ। ਹਿੰਦੂਆਂ ਨੂੰ ਕਤਲ ਕਰਨ ਅਤੇ ਉਨ੍ਹਾਂ ਦਾ ਧਰਮ ਪਰਿਵਰਤਿਤ ਕਰਨ ਵਿਚ ਇਹ ਬਹੁਤ ਸਰਗਰਮ ਸੀ। ਇਹ ਦੋਵੇਂ ਪਿਉ-ਪੁੱਤਰ ਹਰ ਨਵੀਂ ਵਿਆਹੀ ਆਈ ਹਿੰਦੂ ਇਸਤਰੀ ਨੂੰ ਚਾਰ-ਪੰਜ ਦਿਨ ਆਪਣੇ ਘਰ ਜ਼ਰੂਰ ਰੱਖਦੇ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ’ਤੇ ਹੱਲਾ ਬੋਲ ਕੇ ਫ਼ੌਜਦਾਰ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਕਪੂਰੀ ਨੂੰ ਫਤਹਿ ਕੀਤਾ। ਕਪੂਰੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਸਢੌਰੇ ਪੁੱਜੇ। ਸਢੌਰਾ ਦੇ ਹਾਕਮ ਉਸਮਾਨ ਖਾਨ ਨੂੰ ਸੋਧਿਆ। ਹਰਿਆਣਾ ਪ੍ਰਾਂਤ ਦਾ ਇਕ ਪੁਰਾਤਨ ਕਸਬਾ ਹੈ ਸਢੌਰਾ। ਇਸ ਕਸਬੇ ਵਿਚ ਸੱਯਦ ਸ਼ਾਹ ਬਦਰੁੱਦੀਨ ਦਾ ਨਿਵਾਸ ਸੀ, ਜਿਸ ਨੂੰ ਲੋਕ ਪਿਆਰ ਨਾਲ ਪੀਰ ਬੁੱਧੂ ਸ਼ਾਹ ਵੀ ਕਹਿੰਦੇ ਹਨ। ਪੀਰ ਬੁੱਧੂ ਸ਼ਾਹ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਥਾਹ ਸ਼ਰਧਾ ਸੀ। ਭੰਗਾਣੀ ਦੇ ਯੁੱਧ ਸਮੇਂ ਪੀਰ ਜੀ ਦੀ ਸਿਫਾਰਸ਼ ’ਤੇ ਰੱਖੇ ਪੰਜ ਸੌ ਪਠਾਣ ਗੁਰੂ ਜੀ ਨੂੰ ਧੋਖਾ ਦੇ ਕੇ ਭੱਜ ਗਏ ਸਨ। ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੇ ਸੱਤ ਸੌ ਮੁਰੀਦਾਂ ਅਤੇ ਚਾਰ ਪੁੱਤਰਾਂ ਸਮੇਤ ਗੁਰੂ ਜੀ ਦੀ ਮਦਦ ਲਈ ਪਹੁੰਚ ਗਏ। ਪੀਰ ਬੁੱਧੂ ਸ਼ਾਹ ਦੇ ਦੋ ਸਪੁੱਤਰ ਅਤੇ ਕਈ ਮੁਰੀਦ ਇਸ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਗਏ। ਬਾਅਦ ਵਿਚ ਸਢੌਰੇ ਦੇ ਹਾਕਮ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ’ਤੇ ਗੁਰੂ ਜੀ ਦੀ ਮਦਦ ਕਰਨ ਦਾ ਦੋਸ਼ ਲਗਾ ਕੇ ਕਤਲ ਕਰਵਾ ਦਿੱਤਾ ਸੀ। ਫ਼ੌਜਦਾਰ ਨੇ ਇਲਾਕੇ ਦੇ ਹਿੰਦੂਆਂ ਨੂੰ ਬੜਾ ਤੰਗ ਕੀਤਾ ਹੋਇਆ ਸੀ, ਇਥੋਂ ਤਕ ਕੇ ਉਹ ਉਨ੍ਹਾਂ ਨੂੰ ਮੁਰਦੇ ਵੀ ਸਾੜਨ ਨਹੀਂ ਸੀ ਦਿੰਦਾ। ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਪੁੱਜਦਿਆਂ ਹੀ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਆ ਮਿਲੇ। ਸਿੱਟੇ ਵੱਜੋਂ ਫ਼ੌਜਦਾਰ ਉਸਮਾਨ ਖਾਨ ਨੂੰ ਲੱਕ-ਤੋੜਵੀਂ ਹਾਰ ਹੋਈ। ਬਹੁਤ ਸਾਰੇ ਮੁਸਲਮਾਨਾਂ ਨੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿਚ ਪਨਾਹ ਲੈ ਲਈ। ਇਸ ਬਾਰੇ ਵਿਚ ਮੁਹੰਮਦ ਕਾਸਿਮ ‘ਇਬਰਤ ਨਾਮੇ’ ਵਿਚ ਲਿਖਦਾ ਹੈ, “ਸਢੌਰੇ ਵਿਚ ਪੀਰ ਬੁੱਧੂ ਸ਼ਾਹ ਦੀ ਹਵੇਲੀ ਅੰਦਰ ਸ਼ਰਨ ਲੈਣ ਲਈ ਨਗਰ ਦੇ ਅਮੀਰਾਂ ਅਤੇ ਚੌਧਰੀਆਂ, ਜੋ ਹਰ ਕਿਸਮ ਦੇ ਪਾਪ ਵਿਚ ਲਿਪਾਇਮਾਨ ਰਹਿੰਦੇ ਸਨ, ਨੇ ਆਪਣੇ ਪਰਵਾਰਾਂ ਦੀ ਸੁਰੱਖਿਆ ਲਈ ਗਰੀਬ ਲੋਕਾਂ ਨੂੰ ਅੰਦਰ ਪ੍ਰਵੇਸ਼ ਹੀ ਨਹੀਂ ਕਰਨ ਦਿੱਤਾ।” ਪਰ ਉਥੇ ਵੀ ਬਹੁਤ ਸਾਰਾ ਨੁਕਸਾਨ ਹੋਇਆ ਜਿਸ ਥਾਂ ਉਸ ਸਮੇਂ ਕਤਲੇਆਮ ਹੋਇਆ ਸੀ ਉਹ ਥਾਂ ਕਤਲਗੜ੍ਹੀ ਦੇ ਨਾਂ ਨਾਲ ਪ੍ਰਸਿੱਧ ਹੈ। ਉਸਮਾਨ ਖਾਨ ਵਰਗੇ ਜ਼ਾਲਮਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫਾਂਸੀ ’ਤੇ ਲਟਕਾ ਕੇ ਉਸ ਦੇ ਕੀਤੇ ਦੀ ਸਜ਼ਾ ਦਿੱਤੀ। ਸਿੰਘ ਸਢੌਰੇ ’ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲਲਕਾਰਦੇ ਹੋਏ ਬਨੂੜ ਵੱਲ ਵਧੇ।

ਬਨੂੜ ਨੂੰ ਫਤਹਿ ਕਰਨ ਤੋਂ ਬਾਅਦ 1710 ਈ: ਨੂੰ ਬਾਬਾ ਬੰਦਾ ਸਿੰਘ ਦੀ ਤਿੱਖੀ ਨਜ਼ਰ ਆਪਣੇ ਮੁੱਖ ਨਿਸ਼ਾਨੇ ਸਰਹਿੰਦ ’ਤੇ ਸੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੀਰਖੋਰ ਬੱਚਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤਾ ਸੀ। ਇਸ ਘਟਨਾ ਦਾ ਸਿੱਖਾਂ ਵਿਚ ਭਾਰੀ ਰੋਸ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮਾਝੇ, ਮਾਲਵੇ-ਦੁਆਬੇ ਦੇ ਸਿੰਘਾਂ ਨੂੰ ਚਿੱਠੀਆਂ ਲਿਖ ਕੇ ਧਰਮ-ਯੁੱਧ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਜਿਸ ਕਿਸੇ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਤ ਪੜ੍ਹਿਆ ਜਾਂ ਸੁਣਿਆ ਉਹ ਘਰ ਦੇ ਕੰਮ-ਕਾਰ ਵਿਸਾਰ ਕੇ ਘਰੇਲੂ ਹਥਿਆਰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਮਿਲਿਆ।

ਜੰਗ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਉਪਨਾਮ ਦੇ ਸਹੀ ਸੱਚੇ ਅਰਥਾਂ ਵਿਚ ਬਹਾਦਰ ਸੂਰਬੀਰ ਅਤੇ ਬੜੇ ਦਲੇਰ ਸਨ ਅਤੇ ਕਈ ਵਾਰ ਦਲੇਰੀ ਵਿਚ ਬੇਪਰਵਾਹੀ ਦੀ ਹੱਦ ਤਕ ਚਲੇ ਜਾਂਦੇ ਸਨ। ਉਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੇ ਵੈਰੀਆਂ ਦੀ ਤਰ੍ਹਾਂ ਕੋਈ ਵਧੀਕੀਆਂ ਨਹੀਂ ਸਨ ਕੀਤੀਆਂ। ਪਰ ਕਈ ਮੁਸਲਮਾਨ ਲਿਖਾਰੀਆਂ ਨੇ ਉਨ੍ਹਾਂ ਨੂੰ ਭੈੜੇ ਰੰਗ ਵਿਚ ਪੇਸ਼ ਕੀਤਾ ਹੈ ਥੌਰਨਟਨ ਕਹਿੰਦਾ ਹੈ, “ਅਜਿਹੇ ਮਾਮਲੇ ਵਿਚ ਕਿਸੇ ਮੁਸਲਮਾਨ ਲਿਖਾਰੀ ਉੱਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ।” ਉਹ ਪਹਿਲਾਂ ਕਦੀ ਛੇੜਖਾਨੀ ਨਹੀਂ ਸੀ ਕਰਦਾ ਅਤੇ ਨਾ ਹੀ ਕਿਸੇ ਉੱਤੇ ਸਖ਼ਤੀ ਕਰਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਥਨ ਦੇ ਬਿਲਕੁਲ ਅਨੁਰੂਪ ਉਹ ਉਸੇ ਵੇਲੇ ਤੇਗ ਫੜਨਾ ਜਾਇਜ਼ ਸਮਝਦੇ ਸਨ ਜਦ ਕਿ ਕੋਈ ਹੋਰ ਵਸੀਲਾ ਰਹਿ ਹੀ ਨਾ ਜਾਏ। ਜਦ ਅਸੀਂ ਹਾਲਾਤ ਵੱਲ ਵੇਖਦੇ ਹਾਂ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇਗ ਫੜਨ ਲਈ ਮਜਬੂਰ ਹੋਣਾ ਪਿਆ ਤਾਂ ਸਾਨੂੰ ਪ੍ਰਤੱਖ ਮਾਲੂਮ ਹੁੰਦਾ ਹੈ ਕਿ ਉਹ ਅਕਾਰਨ ਹੀ ਕੋਈ ਸਖ਼ਤੀ ਨਹੀਂ ਸਨ ਕਰਦੇ ਬਲਕਿ ਉਹ ਤਾਂ ਅਕਾਰਨ ਜ਼ੁਲਮ ਕਰਨ ਵਾਲਿਆਂ ਦੇ ਵੈਰੀ ਸਨ ਜਿਨ੍ਹਾਂ ਨੂੰ ਕਿ ਰੱਬ ਵੱਲੋਂ ਦੰਡ ਮਿਲਣ ਵਿਚ ਦੇਰ ਹੋ ਗਈ ਜਾਪਦੀ ਸੀ। ਉਹ ਕੇਵਲ ਦੇਸ਼-ਸੇਵਾ ਦੇ ਭਾਵ ਨਾਲ ਜੰਗ ਵਿਚ ਕੁੱਦੇ ਸਨ ਜਿਸ ਦੀ ਭਾਵਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਮਨ ਵਿਚ ਜਗਾਈ ਸੀ ਅਤੇ ਜਦ ਇਕ ਵਾਰੀ ਜੰਗ ਛਿੜ ਪਈ ਤਾਂ ਫੇਰ ਉਹ ਪਿੱਛੇ ਰਹਿਣ ਵਾਲੇ ਨਹੀਂ ਸਨ, ਬਲਕਿ ਵੈਰੀ ਦੇ ਹੱਲੇ ਤੋਂ ਪਹਿਲਾਂ ਸੱਟ ਮਾਰਨ ਵਿਚ ਆਪਣਾ ਬਚਾਉ ਸਮਝਦੇ ਸਨ। ਉਨ੍ਹਾਂ ਦਾ ਜੰਗੀ ਨਜ਼ਰੀਆ ਬੇਹੱਦ ਯਥਾਰਥਵਾਦੀ ਸੀ। ਉਸ ਨੇ ਆਪਣੇ ਆਦਮੀਆਂ ਨੂੰ ਕਦੀ ਬੇਲੋੜੇ ਜੰਗ ਵਿਚ ਨਹੀਂ ਝੋਕਿਆ ਅਤੇ ਸਾਰੇ ਉਤਰਾਅ-ਚੜ੍ਹਾਅ ਵੇਖਣ ਤੋਂ ਬਗ਼ੈਰ ਕਦੀ ਲੜਾਈ ਵਿਚ ਨਹੀਂ ਸਨ ਕੁੱਦਦੇ ਅਤੇ ਜਿਵੇਂ ਮੌਕਾ ਹੁੰਦਾ ਸੀ ਉਹ ਜੰਗ ਵਿਚ ਡਟ ਜਾਂਦੇ ਜਾਂ ਪਿੱਛੇ ਹਟ ਜਾਂਦੇ ਸਨ। ਉਹ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਸਫਲਤਾ ਪ੍ਰਾਪਤ ਕਰਨ ਦਾ ਜਤਨ ਕਰਦੇ ਸਨ। ਭਾਵੇਂ ਸਿੰਘਾਂ ਪਾਸ ਜੰਗ ਦਾ ਸਾਮਾਨ ਬੜਾ ਹੀ ਥੋੜ੍ਹਾ ਸੀ ਅਤੇ ਮੁਗ਼ਲ ਹਕੂਮਤ ਦੇ ਟਾਕਰੇ ’ਤੇ ਆਟੇ ਵਿਚ ਲੂਣ ਬਰਾਬਰ ਭੀ ਨਹੀਂ ਸੀ, ਤਾਂ ਭੀ ਜੋ ਸਫ਼ਲਤਾ ਉਨ੍ਹਾਂ ਨੂੰ ਪ੍ਰਾਪਤ ਹੋਈ ਉਸ ਦਾ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦੀ ਅਥਾਹ ਦਲੇਰੀ ਅਤੇ ਫੁਰਤੀ ਸੀ ਜਿਸ ਨੂੰ ਸਿੰਘਾਂ ਦੀ ਅਜਿੱਤ ਸਪਿਰਿਟ ਅਤੇ ਅਡੋਲ ਬਹਾਦਰੀ ਤੋਂ ਸਹਾਇਤਾ ਮਿਲਦੀ ਸੀ। ਇਨ੍ਹਾਂ ਦੇ ਪਿੱਛੇ ਉਹ ਤਾਕਤ ਅਤੇ ਦ੍ਰਿੜ੍ਹਤਾ ਕੰਮ ਕਰ ਰਹੀ ਸੀ ਜੋ ਕੇਵਲ ਧਰਮ, ਨੀਅਤ ਦੀ ਪਵਿੱਤਰਤਾ ਅਤੇ ਨਿਸ਼ਕਾਮ ਦੇਸ਼ ਸੇਵਾ ਦੇ ਜਜ਼ਬੇ ਤੋਂ ਹੀ ਪ੍ਰਾਪਤ ਹੁੰਦੀ ਅਤੇ ਟਿਕੀ ਰਹਿ ਸਕਦੀ ਹੈ। ਜਦ ਕਦੀ ਅਤਿ ਦੀ ਬਿਪਤਾ ਅਤੇ ਭੀੜ ਵੀ ਆ ਬਣੀ, ਉਨ੍ਹਾਂ ਨੂੰ ਸ਼ੋਕ ਅਤੇ ਨਿਰਾਸ਼ਤਾ ਨੇ ਬਲਹੀਣ ਨਹੀਂ ਕੀਤਾ ਬਲਕਿ ਉਹ ਹਰ ਹਾਲਤ ਵਿਚ ਚੜ੍ਹਦੀਆਂ ਕਲਾ ਵਿਚ ਰਹੇ।

ਸਰਹਿੰਦ ’ਤੇ ਹਮਲਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗੀ ਨੁਕਤਾ-ਨਿਗਾਹ ਤੋਂ ਕੀਰਤਪੁਰ ਵੱਲੋਂ ਜਿੱਤਾਂ ਪ੍ਰਾਪਤ ਕਰਦੇ ਆ ਰਹੇ ਸਿੱਖ ਜਥੇ ਦੀ ਉਡੀਕ ਕਰਨੀ ਠੀਕ ਸਮਝੀ। ਸਿੰਘਾਂ ਦਾ ਇਕ ਹੋਰ ਜਥਾ ਖਰੜ-ਬਨੂੜ ਦੇ ਵਿਚਕਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਵਿਚ ਸ਼ਾਮਿਲ ਹੋ ਗਿਆ ਸੀ, ਇਸ ਨਾਲ ਸਿੰਘਾਂ ਦੀ ਤਾਕਤ ਹੋਰ ਵਧ ਗਈ ਸੀ। ਸਿੰਘਾਂ ਨੇ ਸਰਹਿੰਦ ਤੋਂ 12 ਕੋਹ ਦੀ ਦੂਰੀ ’ਤੇ ਚੱਪੜਚਿੜੀ ਦੇ ਮੈਦਾਨ ਪਾਸ ਡੇਰੇ ਲਾ ਲਏ। ਚੱਪੜਚਿੜੀ ਸ਼ਬਦ ‘ਛਪੜ ਝਿੜੀ’ ਤੋਂ ਬਦਲ ਕੇ ਬਣਿਆ ਹੈ। ਇਹ ਪਿੰਡ ਖਰੜ ਤੋਂ ਬਨੂੜ ਨੂੰ ਜਾਂਦੇ ਹੋਏ ਰਸਤੇ ਵਿਚ ਪੈਂਦਾ ਹੈ। ਇਸ ਪਿੰਡ ਦੇ ਇਕ ਮੈਦਾਨ ਦੇ ਪੱਛਮ ਵੱਲ ਵੱਡੇ-ਵੱਡੇ ਟਿੱਬੇ ਸਨ ਅਤੇ ਪੂਰਬ ਵੱਲ ਇਕ ਵੱਡਾ ਸਾਰਾ ਛੱਪੜ ਅਤੇ ਦੱਖਣ ਵੱਲ ਦਰਖਤਾਂ ਦੇ ਝੁੰਡਾਂ ਦੀ ਝਿੜੀ ਸੀ। ਯਾਤਰੀਆਂ ਦੇ ਆਰਾਮ ਲਈ ਇਹ ਇਕ ਬਹੁਤ ਹੀ ਵਧੀਆ ਥਾਂ ਸੀ। ਇਥੇ ਯਾਤਰੀਆਂ ਲਈ ਛਾਂ ਅਤੇ ਪਾਣੀ ਪਸ਼ੂਆਂ ਲਈ ਚਾਰਾ ਸਭ ਕੁਝ ਸੀ।

ਦੂਸਰੇ ਪਾਸੇ ਵਜ਼ੀਰ ਖਾਨ ਨੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜੰਗੀ ਤਿਆਰੀ ਅਰੰਭੀ ਹੋਈ ਸੀ। ਵਜ਼ੀਰ ਖਾਨ ਨੇ ਚਲਾਕੀ ਨਾਲ ਸੁੱਚਾ ਨੰਦ ਦੇ ਭਤੀਜੇ ਗੰਡਾ ਮੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਰਲ ਜਾਣ ਲਈ ਭੇਜ ਦਿੱਤਾ ਤਾਂ ਕਿ ਜਦੋਂ ਸਮਾਂ ਆਏ ਤਾਂ ਉਹ ਭੱਜ ਜਾਏ ਜਿਸ ਨਾਲ ਸਿੰਘਾਂ ਦਾ ਹੌਸਲਾ ਟੁੱਟ ਜਾਏਗਾ। ਉਸ ਨੇ ਗੁਆਂਢੀ ਰਿਆਸਤਾਂ ਤੋਂ ਮਦਦ ਲਈ ਸੈਨਾ ਬੁਲਾ ਲਈ ਸੀ ਅਤੇ ਮੁਸਲਮਾਨਾਂ ਵਿਚ ਜਹਾਦ ਦਾ ਨਾਅਰਾ ਲਾ ਕੇ ਮੁਸਲਮਾਨਾਂ ਨੂੰ ਸਿੰਘਾਂ ਵਿਰੁੱਧ ਡਟ ਜਾਣ ਦਾ ਹੋਕਾ ਦੇ ਦਿੱਤਾ। ਜੰਗ ਦੇ ਮੈਦਾਨ ਵਿਚ ਜਾ ਕੇ ਇਕ ਪਾਸੇ ਵਜ਼ੀਰ ਖਾਨ ਨੇ ਮੁਹਾਰਤ-ਪ੍ਰਾਪਤ ਤੋਪਖਾਨੇ ਦੀ ਸੈਨਾ ਕੰਧ ਵਾਂਗ ਖੜ੍ਹੀ ਕਰ ਦਿੱਤੀ। ਦੂਜੇ ਪਾਸੇ ਹਾਥੀ ਕਤਾਰਾਂ ਵਿਚ ਖੜ੍ਹੇ ਕਰ ਦਿੱਤੇ। ਤੀਜੇ ਪਾਸੇ ਨਵਾਬ ਅਤੇ ਵਜ਼ੀਰਾਂ ਦੀ ਫ਼ੌਜ ਰਹਿਕਲੇ, ਜੰਬੂਰੇ ਆਦਿ ਬੀੜ ਕੇ ਪੂਰੇ ਜੰਗੀ ਨੁਕਤਾ-ਨਿਗਾਹ ਤੋਂ ਤਿਆਰ-ਬਰ-ਤਿਆਰ ਖੜ੍ਹੀ ਕਰ ਦਿੱਤੀ। ਵਜ਼ੀਰ ਖਾਨ ਰਾਜਿਆਂ ਵਿਚਕਾਰ ਆਪ ਉੱਚੇ ਹਾਥੀ ’ਤੇ ਚੜ੍ਹ ਕੇ ਫ਼ੌਜ ਨੂੰ ਦਿਸ਼ਾ- ਨਿਰਦੇਸ਼ ਦੇ ਰਿਹਾ ਸੀ।

ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੋਣਵੇਂ ਸਿੱਖ ਯੋਧਿਆਂ ਨੂੰ ਜੰਗੀ ਨੁਕਤਾ-ਨਿਗਾਹ ਸਮਝਾ ਕੇ ਸਿੱਖਾਂ ਦੇ ਅਲੱਗ-ਅਲੱਗ ਜਥੇ ਤਿਆਰ ਕਰ ਦਿੱਤੇ। ਪਹਿਲੇ ਜਥੇ ਵਿਚ ਮਾਲਵੇ ਦੇ ਸਿੰਘ ਸਨ, ਜਿਨ੍ਹਾਂ ਦੀ ਜਥੇਦਾਰੀ ਭਾਈ ਫਤਹਿ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਆਲੀ ਸਿੰਘ ਕਰ ਰਹੇ ਸਨ। ਦੂਜਾ ਜਥਾ ਮਝੈਲ ਸਿੰਘਾਂ ਦਾ ਸੀ ਜਿਸ ਦੀ ਅਗਵਾਈ ਭਾਈ ਬਿਨੋਦ ਸਿੰਘ, ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਸ਼ਾਮ ਸਿੰਘ ਕਰ ਰਹੇ ਸਨ। ਕੁਝ ਵਿਅਕਤੀ ਜੋ ਲੁੱਟ-ਮਾਰ ਕਰਨ ਦੀ ਮਨਸ਼ਾ ਨਾਲ ਸਿੱਖਾਂ ਦੀ ਫ਼ੌਜ ਵਿਚ ਆਣ ਰਲੇ ਸਨ, ਬਾਬਾ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਮਲਵਈਆਂ ਅਤੇ ਮਝੈਲਾਂ ਦੇ ਜਥਿਆਂ ਵਿਚ ਵੰਡ ਦਿੱਤਾ ਤਾਂ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਲਾਕੀ ਨਾ ਕਰ ਸਕਣ।

ਬਾਬਾ ਬੰਦਾ ਸਿੰਘ ਬਹਾਦਰ ਨੇ ਉੱਚੀ ਜਗ੍ਹਾ ’ਤੇ ਮੋਰਚਾ ਬਣਾ ਕੇ ਦੁਸ਼ਮਣ ਦੀ ਫ਼ੌਜ ਦੀ ਸਾਰੀ ਜੰਗੀ ਤਿਆਰੀ ਦਾ ਅੰਦਾਜ਼ਾ ਲਗਾਇਆ। ਸਿੰਘਾਂ ਨੇ ਸ਼ਾਹੀ ਫ਼ੌਜ ਦੇ ਤੋਪਚੀਆਂ ਨੂੰ ਬਾਰੂਦ ਭਰਨ ਤੋਂ ਪਹਿਲਾਂ ਹੀ ਜਾ ਦਬੋਚਿਆ। ਤੋਪਚੀਆਂ ਨੂੰ ਤੀਰਾਂ ਦਾ ਸ਼ਿਕਾਰ ਬਣਾ ਕੇ ਖ਼ਤਮ ਕਰ ਦਿੱਤਾ ਅਤੇ ਰਹਿੰਦਿਆਂ ਨੂੰ ਤੇਗ ਦੀ ਭੇਟ ਕਰ ਦਿੱਤਾ। ਇਸ ਤੋਂ ਅੱਗੇ ਹਾਥੀਆਂ ਦੀ ਕੰਧ ਸੀ। ਬਾਬਾ ਬੰਦਾ ਸਿੰਘ ਬਹਾਦਰ ਜ਼ਿਆਦਾ ਸਮਾਂ ਜੰਗਲਾਂ ਵਿਚ ਵਿਚਰਦਾ ਰਿਹਾ ਸੀ, ਇਸ ਲਈ ਪਸ਼ੂ-ਪੰਛੀਆਂ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੰਘਾਂ ਨੇ ਹਾਥੀਆਂ ਦੀਆਂ ਸੁੰਡਾਂ ’ਤੇ ਜ਼ੋਰਦਾਰ ਹਮਲਾ ਕੀਤਾ ਜਿਸ ਨਾਲ ਹਾਥੀ ਘਬਰਾ ਕੇ ਪਿੱਛੇ ਵੱਲ ਨੂੰ ਭੱਜ ਨਿਕਲੇ ਅਤੇ ਆਪਣੀ ਹੀ ਸੈਨਾ ਦਾ ਨੁਕਸਾਨ ਕਰਨ ਲੱਗੇ। ਇਸ ਮੌਕੇ ’ਤੇ ਸੁੱਚਾ ਨੰਦ ਦਾ ਭਤੀਜਾ ਗੰਡਾ ਮੱਲ ਆਪਣੇ ਸਾਥੀਆਂ ਸਮੇਤ ਮੈਦਾਨ ਵਿੱਚੋਂ ਭੱਜ ਨਿਕਲਿਆ ਅਤੇ ਰੌਲਾ ਪਾ ਦਿੱਤਾ ਕਿ ਭੱਜ ਜਾਓ। ਇਸ ਨਾਲ ਲੁੱਟ-ਮਾਰ ਦੀ ਮਨਸ਼ਾ ਨਾਲ ਆਏ ਨੌਜਵਾਨ ਵੀ ਭੱਜ ਨਿਕਲੇ। ਇਸ ਨਾਲ ਵਜ਼ੀਰ ਖਾਨ ਦਾ ਪੱਲੜਾ ਭਾਰੀ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘਾਂ ਨੂੰ ਹੌਸਲਾ ਦੇਣ ਲਈ ਝੱਟ ਮੋਰਚੇ ਵਿੱਚੋਂ ਨਿਕਲ ਆਏ ਅਤੇ ਸਿੰਘਾਂ ਦੀ ਪਹਿਲੀ ਕਤਾਰ ਵਿਚ ਆਣ ਕੇ ਵਜ਼ੀਰ ਖਾਨ ਨੂੰ ਲਲਕਾਰਨ ਲੱਗ ਪਏ। ਬਾਬਾ ਬੰਦਾ ਸਿੰਘ ਬਹਾਦਰ ਦੇ ਮੈਦਾਨ ਵਿਚ ਆ ਜਾਣ ਕਾਰਨ ਸਿੰਘਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਦੁਸ਼ਮਣ ਦੀਆਂ ਫ਼ੌਜਾਂ ’ਤੇ ਬਿਜਲੀ ਵਾਂਗ ਟੁੱਟ ਪਏ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਵੱਲੋਂ ਬਖਸ਼ੇ ਇਕ ਤੀਰ ਨੂੰ ਚਿੱਲੇ ’ਤੇ ਚਾੜ੍ਹ ਕੇ ਛੱਡਿਆ ਤਾਂ ਸਿੰਘਾਂ ਨੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਦਿੱਤਾ। ਸਿੰਘਾਂ ਦੇ ਜ਼ੋਰਦਾਰ ਹਮਲੇ ਅੱਗੇ ਸ਼ਾਹੀ ਸੈਨਾ ਦੇ ਪੈਰ ਥਿੜਕ ਗਏ। ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਖਾਨ ਅਤੇ ਖਵਾਜਾ ਅਲੀ ਖਾਨ ਦੋਵੇਂ ਹੀ ਸਿੰਘਾਂ ਹੱਥੋਂ ਕਤਲ ਹੋ ਗਏ। ਉਨ੍ਹਾਂ ਦੇ ਧਰਤੀ ’ਤੇ ਡਿੱਗਣ ਦੀ ਦੇਰ ਸੀ ਕਿ ਉਨ੍ਹਾਂ ਦੀ ਸੈਨਾ ਮੈਦਾਨ ਛੱਡ ਕੇ ਭੱਜ ਗਈ। ਮਲੇਰਕੋਟਲੀਆਂ ਦਾ ਸਾਰਾ ਮੋਰਚਾ ਸਿੰਘਾਂ ਦੇ ਹੱਥ ਆ ਗਿਆ। ਦੂਜੇ ਪਾਸੇ ਕਥਿਤ ਗਾਜ਼ੀਆਂ ਦਾ ਵੀ ਇਹੋ ਹਾਲ ਸੀ। ਸਿੰਘ ਹੁਣ ਪੂਰੇ ਜੋਸ਼ ਨਾਲ ਵਜ਼ੀਰ ਖਾਨ ਵਾਲੇ ਮੋਰਚੇ ਵੱਲ ਵਧੇ। ਇਕ ਪਾਸੇ ਤੋਂ ਭਾਈ ਬਾਜ ਸਿੰਘ ਅਤੇ ਦੂਸਰੇ ਪਾਸੇ ਤੋਂ ਭਾਈ ਫਤਹਿ ਸਿੰਘ ਨੇ ਹੱਲਾ ਬੋਲਿਆ। ਇਸ ਲੜਾਈ ਵਿਚ ਵਜ਼ੀਰ ਖਾਨ ਮਾਰਿਆ ਗਿਆ।

ਸਿੰਘ ਜੇਤੂ ਹੋ ਕੇ ਸਰਹਿੰਦ ਵਿਚ ਦਾਖਲ ਹੋਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਖ਼ਾਲਸਾ ਰਾਜ ਦਾ ਪਰਚਮ ਝੁਲਾ ਦਿੱਤਾ। ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਅਤੇ ਭਾਈ ਆਲੀ ਸਿੰਘ ਸਲੌਦੀ ਨੂੰ ਨਾਇਬ ਸੂਬੇਦਾਰ ਥਾਪ ਕੇ ਸਾਰਾ ਪ੍ਰਬੰਧ ਉਨ੍ਹਾਂ ਦੇ ਹਵਾਲੇ ਕਰਕੇ ਆਪ ਅਗਲੀ ਮੁਹਿੰਮ ’ਤੇ ਚੱਲ ਪਏ।

ਸਰਹਿੰਦ ਦੀ ਜੰਗ ਸੰਬੰਧੀ ਬਹੁਤ ਸਾਰੀਆਂ ਸੀਨਾ-ਬ-ਸੀਨਾ ਚਲੀਆਂ ਆ ਰਹੀਆਂ ਗੱਲਾਂ ਵੀ ਉਸ ਸਮੇਂ ਸਿੰਘਾਂ ਦੇ ਜੋਸ਼ ਦੀਆਂ ਕਹਾਣੀਆਂ ਪਾਉਂਦੀਆਂ ਹਨ। ਇਸ ਤਰ੍ਹਾਂ ਹੀ ਮਸ਼ਹੂਰ ਹੈ ਕਿ ਸਰਹਿੰਦ ਦੀ ਜੰਗ ਤੋਂ ਇਕ ਦਿਨ ਪਹਿਲਾਂ ਭਾਈ ਰਾਜ ਸਿੰਘ ਦਾ ਵਿਆਹ ਸੁੰਦਰਗੜ੍ਹ ਦੇ ਨੰਬਰਦਾਰ ਗੋਪਾਲ ਸਿੰਘ ਦੀ ਸਪੁੱਤਰੀ ਸਵਦੇਸ਼ ਕੌਰ ਨਾਲ ਹੋਇਆ ਸੀ। ਰਾਜ ਸਿੰਘ ਦਾ ਪਰਵਾਰ ਦੁਲਹਣ ਦੇ ਸਵਾਗਤ ਵਿਚ ਲੱਗਾ ਹੋਇਆ ਸੀ। ਅੱਧੀ ਰਾਤ ਦੇ ਕਰੀਬ ਅਚਾਨਕ ਉਨ੍ਹਾਂ ਦੇ ਘਰ ਦੇ ਸਾਹਮਣੇ ਵਾਲੇ ਚੌਂਕ ਵਿਚ ਨਗਾਰਾ ਵੱਜਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਭਾਈ ਰਾਜ ਸਿੰਘ ਵੀ ਪਿੰਡ ਦੇ ਹੋਰ ਬੰਦਿਆਂ ਨਾਲ ਚੌਂਕ ਵਿਚ ਆ ਗਿਆ। ਨਗਾਰੇ ਵਾਲਾ ਉੱਚੀ-ਉੱਚੀ ਕਹਿ ਰਿਹਾ ਸੀ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜੇ ਗਏ ਜਥੇਦਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਸਾਰੀ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਹਿੰਦ ਦਾ ਅਤਿਆਚਾਰੀ ਸੂਬੇਦਾਰ ਵਜ਼ੀਰ ਖਾਨ ਆਪਣੇ ਹਜ਼ਾਰਾਂ ਸੈਨਿਕਾਂ ਨਾਲ ਹਮਲਾ ਕਰਨ ਲਈ ਇਲਾਕੇ ਵੱਲ ਬੜੀ ਤੇਜ਼ੀ ਨਾਲ ਆ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਆਦੇਸ਼ ਹੈ ਕਿ ਆਪਣੀ ਮਾਤ-ਭੂਮੀ ਦੀ ਰਾਖੀ ਲਈ ਅਤੇ ਆਪਣੇ ਧਰਮ ਦੀ ਰਾਖੀ ਲਈ ਸਾਰੇ ਨੌਜਵਾਨ ਅਸਤਰ-ਸ਼ਸਤਰ ਲੈ ਕੇ ਕੱਲ ਸੂਰਜ ਚੜ੍ਹਨ ਤਕ ਚੱਪੜਚਿੜੀ ਦੇ ਮੈਦਾਨ ਵਿਚ ਪਹੁੰਚ ਜਾਣ। ਮੁਨਾਦੀ ਸੁਣਦੇ ਸਾਰ ਹੀ ਸਾਰੇ ਨੌਜਵਾਨਾਂ ਦੇ ਚਿਹਰੇ ਤਮਤਮਾਉਣ ਲੱਗੇ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਨੌਜਵਾਨ ਯੁੱਧ ਖੇਤਰ ਵਿਚ ਜਾਣ ਦੀ ਤਿਆਰੀ ਕਰਨ ਲੱਗੇ। ਭਾਈ ਰਾਜ ਸਿੰਘ ਨੇ ਵੀ ਮੁਨਾਦੀ ਸੁਣੀ ਅਤੇ ਤੇਗ ਚੁੱਕ ਕੇ ਉਸ ਦੀ ਧਾਰ ਨੂੰ ਪੱਥਰ ’ਤੇ ਘਸਾ ਕੇ ਤਿਖੀ ਕਰਨ ਲੱਗਾ। ਉਸ ਦੀ ਮਾਂ ਨੇ ਇਹ ਸਭ ਦੇਖ ਕੇ ਪੁੱਤਰ ਨੂੰ ਇਹ ਸਭ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ‘ਪੁੱਤਰਾ ਕੱਲ੍ਹ ਤਾਂ ਅਜੇ ਤੇਰਾ ਵਿਆਹ ਹੋਇਆ ਹੈ ਅਜੇ ਤਾਂ ਸਾਡੇ ਦਿਲਾਂ ਦੇ ਚਾਅ ਵੀ ਪੂਰੇ ਨਹੀਂ ਹੋਏ ਤੇ ਤੂੰ ਇਹ ਕੀ ਕਰਨ ਲੱਗਾ ਹੈਂ।’ ਮਾਂ ਦੇ ਸ਼ਬਦ ਸੁਣ ਕੇ ਭਾਈ ਰਾਜ ਸਿੰਘ ਇਕ ਦਮ ਤ੍ਰਪਕ ਗਿਆ ਅਤੇ ਆਪਣੀ ਮਾਂ ਨੂੰ ਵੀਹ ਸਾਲ ਪਹਿਲਾਂ ਘਟੀ ਆਪਣੇ ਪਿਤਾ ਦੀ ਉਸ ਘਟਨਾ ਤੋਂ ਜਾਣੂ ਕਰਵਾਇਆ ਜਦੋਂ ਉਸ ਦਾ ਪਿਤਾ ਵੀ ਇਸੇ ਤਰ੍ਹਾਂ ਆਪਣੇ ਫਰਜ਼ਾਂ ਦੀ ਪਾਲਣਾ ਕਰਨ ਲਈ ਯੁੱਧ ਖੇਤਰ ਲਈ ਰਵਾਨਾ ਹੋਇਆ ਸੀ ਅਤੇ ਫੇਰ ਕਦੀ ਵੀ ਵਾਪਿਸ ਨਹੀਂ ਸੀ ਆਇਆ। ਮਾਂ ਨੇ ਆਪਣੇ ਝੁਰੜੀਆਂ ਭਰੇ ਮੂੰਹ ਤੋਂ ਹੰਝੂ ਪੂੰਝੇ ਅਤੇ ਪੁੱਤਰ ਨੂੰ ਅਸ਼ੀਰਵਾਦ ਦਿੱਤਾ ਕਿ “ਆਪਣੀ ਮਾਤ ਭੂਮੀ ਦੀ ਰੱਖਿਆ ਲਈ ਜੇ ਪ੍ਰਾਣ ਵੀ ਕੁਰਬਾਨ ਕਰਨੇ ਪਏ ਤਾਂ ਪਿੱਛੇ ਨਾ ਹਟੀਂ, ਅੱਜ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦੀ ਹਾਂ ਕਿ ਤੇਰੇ ਵਰਗਾ ਪੁੱਤਰ ਮੈਨੂੰ ਮਿਲਿਆ ਹੈ। ਜਾਓ! ਬੇਟਾ ਜਾਓ, ਦਸਾਂ ਗੁਰੂਆਂ ਦਾ ਅਸ਼ੀਰਵਾਦ ਤੇਰੇ ਨਾਲ ਹੈ।” ਇੰਨਾ ਕਹਿ ਕੇ ਮਾਂ ਆਪਣੇ ਕਮਰੇ ਵਿਚ ਚਲੀ ਗਈ। ਭਾਈ ਰਾਜ ਸਿੰਘ ਨੇ ਆਪਣੀ ਪਤਨੀ ਸਵਦੇਸ਼ ਕੌਰ ਨੂੰ ਵੀ ਆਪਣੇ ਯੁੱਧ ਵਿਚ ਜਾਣ ਦੀ ਗੱਲ ਦੱਸੀ। ਸਵਦੇਸ਼ ਕੌਰ ਨੇ ਪਤੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਸ ਨੂੰ ਧਰਮ ਹਿਤ ਯੁੱਧ ਵਿਚ ਜਾਣ ਦੀ ਆਗਿਆ ਦੇ ਦਿੱਤੀ ਅਤੇ ਉਸ ਅੰਦਰ ਵੀ ਦੁਸ਼ਮਣਾਂ ਦਾ ਨਾਸ਼ ਕਰਨ ਵਾਲੀ ਚੰਡੀ ਜਾਗ ਉੱਠੀ। ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਮੈਂ ਬਹੁਤ ਵਡਭਾਗੀ ਹਾਂ ਜਿਸ ਨੂੰ ਆਪ ਜਿਹਾ ਬਹਾਦਰ ਪਤੀ ਮਿਲਿਆ ਹੈ ਅਤੇ ਤੇਗ ਚੁੱਕ ਕੇ ਮੱਥੇ ਨਾਲ ਲਾਉਂਦਿਆਂ ਆਪਣੇ ਪਤੀ ਨੂੰ ਫੜਾ ਦਿੱਤੀ। ਅਗਲੇ ਦਿਨ ਚੱਪੜਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਸੂਬਾ ਸਰਹਿੰਦ ਵਜ਼ੀਰ ਖਾਨ ਦੀਆਂ ਫ਼ੌਜਾਂ ਵਿਚ ਘਮਸਾਨ ਦਾ ਯੁੱਧ ਹੋ ਰਿਹਾ ਸੀ। ਯੁੱਧ ਵਿਚ ਭਾਈ ਰਾਜ ਸਿੰਘ ਆਪਣੀ ਬਹਾਦਰੀ ਦੇ ਜੌਹਰ ਦਿਖਾ ਰਿਹਾ ਸੀ। ਉਸ ਦੇ ਨਾਲ ਹੀ ਇਕ ਸਤਾਰਾਂ-ਅਠਾਰਾਂ ਸਾਲਾਂ ਦਾ ਨੌਜਵਾਨ ਸੈਨਿਕ ਪਰਛਾਵੇਂ ਵਾਂਗ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਦੁਸ਼ਮਣਾਂ ਦਾ ਨਾਸ਼ ਕਰ ਰਿਹਾ ਸੀ। ਉਸ ਨੇ ਤਿੰਨ ਵਾਰ ਭਾਈ ਰਾਜ ਸਿੰਘ ਵੱਲ ਆ ਰਹੇ ਨੇਜ਼ਿਆਂ ਅਤੇ ਤੀਰਾਂ ਨੂੰ ਆਪਣੀ ਢਾਲ ਨਾਲ ਰੋਕ ਉਸ ਦੀ ਜਾਨ ਬਚਾਈ। ਕੁਝ ਸਮਾਂ ਬਾਅਦ ਦੁਸ਼ਮਣਾਂ ਦੇ ਪੈਰ ਪੂਰੀ ਤਰ੍ਹਾਂ ਮੈਦਾਨ ਵਿੱਚੋਂ ਉਖੜ ਗਏ। ਸ਼ਾਹੀ ਸੈਨਾ ਪਿੱਛੇ ਹਟਦੀ ਹੋਈ ਸਿੱਖ ਸੈਨਿਕਾਂ ’ਤੇ ਨੇਜ਼ੇ ਅਤੇ ਤੀਰਾਂ ਨਾਲ ਵਾਰ ਕਰਦੀ ਜਾ ਰਹੀ ਸੀ। ਇਕ ਤੀਰ ਬੜੀ ਤੇਜੀ ਨਾਲ ਭਾਈ ਰਾਜ ਸਿੰਘ ਵੱਲ ਆਇਆ ਜਿਸ ਨੂੰ ਉਸ ਨੌਜਵਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਤੀਰ ਭਾਈ ਰਾਜ ਸਿੰਘ ਦੇ ਲੱਗਣ ਦੀ ਬਜਾਏ ਉਸ ਨੌਜਵਾਨ ਦੀ ਛਾਤੀ ਚੀਰ ਗਿਆ। ਬੁਰੀ ਤਰ੍ਹਾਂ ਨਾਲ ਜ਼ਖਮੀ ਨੌਜਵਾਨ ਜਿਉਂ ਹੀ ਧਰਤੀ ’ਤੇ ਡਿੱਗਾ ਤਾਂ ਉਸ ਦੇ ਮੂੰਹ ਅਤੇ ਸਿਰ ’ਤੇ ਬੰਨ੍ਹਿਆਂ ਕੱਪੜਾ ਲੱਥ ਗਿਆ ਅਤੇ ਉਸ ਨੇ ਭਾਈ ਰਾਜ ਸਿੰਘ ਨੂੰ ਸੰਬੋਧਨ ਹੋ ਕੇ ਕਿਹਾ ਸਵਾਮੀ ਹੁਣ ਮੈਨੂੰ ਵਿਦਾ ਦਿਓ, ਗੁਰੂ ਮਹਾਰਾਜ ਤੁਹਾਡੀ ਰੱਖਿਆ ਕਰੇ ਉਹ ਨੌਜਵਾਨ ਹੋਰ ਕੋਈ ਨਹੀਂ ਸੀ ਬਲਕਿ ਸਵਦੇਸ਼ ਕੌਰ ਸੀ ਇਹ ਕਹਿੰਦੇ ਹੋਏ ਉਸ ਬਹਾਦਰ ਸਿੰਘਣੀ ਨੇ ਸਦਾ ਲਈ ਅੱਖਾ ਮੀਟ ਲਈਆਂ। ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਦੇਸ਼ ਦੀਆਂ ਬਹਾਦਰ ਔਰਤਾਂ ਨੇ ਵੀ ਜ਼ਾਲਮ ਰਾਜ ਨੂੰ ਖ਼ਤਮ ਕਰਨ ਲਈ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ; ਜਿਸ ਦੀ ਇਹ ਅਦੁੱਤੀ ਮਿਸਾਲ ਹੈ।

ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਜਿੱਤ ਤੋਂ ਪਿੱਛੋਂ ਜ਼ਾਲਮਾਂ ਨੂੰ ਚੁਣ-ਚੁਣ ਕੇ ਮਾਰਿਆ। ਹਕੂਮਤ ਦੀ ਛਤਰ-ਛਾਇਆ ਹੇਠ ਸੁੱਚਾ ਨੰਦ ਇਸ ਤਰ੍ਹਾਂ ਦੇ ਜ਼ੁਲਮ ਕਰ ਰਿਹਾ ਸੀ ਕਿ ਉਸ ਦੇ ਸਿੱਖਾਂ ਹੱਥੋਂ ਮਾਰੇ ਜਾਣ ਨੂੰ ਕੀਤੇ ਦਾ ਫਲ ਦੱਸਦਿਆਂ ਮੁਹੰਮਦ ਕਾਸਿਮ ‘ਇਬਰਤ ਨਾਮੇ’ ਵਿਚ ਲਿਖਦਾ ਹੈ,

“ਮੈਂ ਆਸ-ਪਾਸ ਦੇ ਭਰੋਸੇਯੋਗ ਲੋਕਾਂ ਤੋਂ ਸੁਣਿਆ ਹੈ ਕਿ ਸ਼ਹੀਦ (ਵਜ਼ੀਰ ਖਾਨ) ਦੀ ਹਕੂਮਤ ਦੇ ਦਿਨੀਂ ਕਿਹੜਾ ਜ਼ੁਲਮ ਸੀ ਜੋ ਇਸ ਅਨਿਆਈ (ਸੁੱਚਾ ਨੰਦ) ਨੇ ਗਰੀਬਾਂ ਉੱਤੇ ਨਾ ਕੀਤਾ ਹੋਵੇ ਅਤੇ ਫਸਾਦ ਦਾ ਕਿਹੜਾ ਬੀਜ ਸੀ ਜੋ ਇਸ ਨੇ ਆਪਣੇ ਲਈ ਨਾ ਬੀਜਿਆ ਹੋਵੇ ਕਿ ਜਿਸ ਦਾ ਫਲ ਇਸ ਨੂੰ ਪ੍ਰਾਪਤ ਹੋਇਆ।”

ਇਨੀ ਭਿਆਨਕ ਜੰਗ ਕਰਨ ਬਾਅਦ ਬਾਬਾ ਬੰਦਾ ਸਿੰਘ ਨੇ ਕਿਸੇ ਮਸਜਿਦ ਨੂੰ ਨੁਕਸਾਨ ਨਹੀਂ ਪਹੁੰਚਾਇਆ, ਕਿਉਂਕਿ ਉਹ ਧਰਮ-ਵਿਰੋਧੀ ਨਹੀਂ ਸੀ, ਉਹ ਤਾਂ ਸਿਰਫ਼ ਜ਼ੁਲਮ ਅਤੇ ਜ਼ਾਲਮਾਂ ਦਾ ਵਿਰੋਧੀ ਸੀ, ਕਿਉਂਕਿ ਸਿੱਖ ਜ਼ੁਲਮ ਅਤੇ ਅਤਿਆਚਾਰ ਨੂੰ ਖ਼ਤਮ ਕਰਨਾ ਧਾਰਮਿਕ ਸਾਧਨਾ ਦਾ ਅਨਿੱਖੜ ਅੰਗ ਸਮਝਦੇ ਹਨ।

ਸਰਹਿੰਦ ਫਤਹਿ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬਹਾਦਰ ਸਿੰਘਾਂ ਨਾਲ ਇਕ ਦਰਬਾਰ ਲਗਾਇਆ ਜਿਸ ਵਿਚ ਇਲਾਕੇ ਦੇ ਮੰਨੇ-ਪ੍ਰਮੰਨੇ ਚੌਧਰੀ ਹਾਜ਼ਰ ਹੋਏ ਅਤੇ ਇਲਾਕੇ ਦੇ ਲੋਕਾਂ ਨੇ ਆਪਣੇ ’ਤੇ ਹੋਏ ਜ਼ੁਲਮ ਦੀ ਦਾਸਤਾਨ ਭਰੇ-ਦਰਬਾਰ ਵਿਚ ਸੁਣਾਈ। ਇਸ ਮੌਕੇ ’ਤੇ ਚਰਨਾਰਥਲ ਦਾ ਚੌਧਰੀ ਪ੍ਰਤਾਪ ਰਾਏ, ਜਰਗ ਦਾ ਚੌਧਰੀ ਲਖਮੀਰ ਆਦਿ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਖਿਲਤ ਵੱਜੋਂ ਚਾਂਦੀ ਦੇ ਗੁਰਜ ਅਤੇ ਮੋਹਰਾਂ ਦੇ ਥਾਲ ਪੇਸ਼ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਗੁਰਜ ਰੱਖ ਲਏ ਅਤੇ ਮੋਹਰਾਂ ਦੇ ਥਾਲਾਂ ਵਿੱਚੋਂ ਇਕ-ਇਕ ਮੋਹਰ ਰੱਖ ਕੇ ਬਾਕੀ ਦੀਆਂ ਮੋਹਰਾਂ ਚੌਧਰੀਆਂ ਨੂੰ ਹੀ ਇਲਾਕੇ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਲਗਾਉੁਣ ਲਈ ਵਾਪਿਸ ਕਰ ਦਿੱਤੀਆਂ। ਇਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਵੀ ਸਨ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸਜ ਗਏ।

ਇਨ੍ਹਾਂ ਵਿੱਚੋਂ ਦੀਨਦਾਰ ਖਾਨ ਅੰਮ੍ਰਿਤ ਛਕ ਕੇ ਦੀਨਦਾਰ ਸਿੰਘ ਬਣ ਗਿਆ। ਮੀਰ ਨਸੀਰ-ਉ-ਦੀਨ, ਭਾਈ ਨਸੀਰ ਸਿੰਘ ਬਣ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਚੰਗੇ ਪ੍ਰਸ਼ਾਸਕ ਵਾਂਗ ਆਪਣੇ ਵੱਲੋਂ ਫਤਹਿ ਕੀਤੇ ਇਲਾਕੇ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਉਨ੍ਹਾਂ ਦੇ ਤਿੰਨ ਗਵਰਨਰ ਨਿਯੁਕਤ ਕੀਤੇ। ਜ਼ਾਲਮ ਅਤੇ ਬੇਈਮਾਨ ਅਹਿਲਕਾਰ ਹਟਾ ਦਿੱਤੇ ਗਏ ਅਤੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ, ਭਾਈ ਫਤਹਿ ਸਿੰਘ ਨੂੰ ਸਮਾਣੇ ਦਾ ਅਤੇ ਭਾਈ ਰਾਮ ਸਿੰਘ ਨੂੰ ਥਾਨੇਸਰ ਦਾ ਰਾਜਪਾਲ ਥਾਪ ਦਿੱਤਾ। ਭਾਈ ਆਲੀ ਸਿੰਘ ਨੂੰ ਭਾਈ ਬਾਜ ਸਿੰਘ ਦੀ ਸਹਾਇਤਾ ਵਾਸਤੇ ਅਤੇ ਭਾਈ ਬਿਨੋਦ ਸਿੰਘ ਨੂੰ ਭਾਈ ਰਾਮ ਦੀ ਸਹਾਇਤਾ ਲਈ ਨਾਇਬ ਰਾਜਪਾਲ ਥਾਪਿਆ। ਇਸੇ ਤਰ੍ਹਾਂ ਹੋਰ ਅਸਾਮੀਆਂ ’ਤੇ ਵੀ ਯੋਗ ਈਮਾਨਦਾਰ ਅਫ਼ਸਰ ਨਿਯੁਕਤ ਕਰਕੇ ਜ਼ਾਲਮ ਅਫ਼ਸਰਾਂ ਨੂੰ ਉਥੋਂ ਹਟਾ ਦਿੱਤਾ ਗਿਆ। ਸਰਹਿੰਦ ਦੇ ਕਿਲ੍ਹੇ ’ਤੇ ਖ਼ਾਲਸੇ ਦਾ ਝੰਡਾ ਲਹਿਰਾਇਆ ਗਿਆ।

ਅਫ਼ਸਰਾਂ ਦੀ ਨਿਯੁਕਤੀ ਕਰਨ ਦੇ ਨਾਲ-ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਆਪਣੇ ਰਾਜ ਦੀ ਰਾਜਧਾਨੀ ਦੀ ਚੋਣ ਕਰਨ ਦਾ ਬਹੁਤ ਮਹੱਤਵਪੂਰਨ ਪ੍ਰਸ਼ਨ ਸੀ। ਸਰਹਿੰਦ ਕੇਂਦਰੀ ਸਥਾਨ ਸੀ ਅਤੇ ਇਸ ਦੇ 28 ਪਰਗਣਿਆਂ ਤੋਂ 52 ਲੱਖ ਰੁਪਿਆਂ ਦੀ ਸਾਲਾਨਾ ਆਮਦਨੀ ਸੀ। ਇਸ ਜਿੱਤ ਨਾਲ ਕਰਨਾਲ ਤੋਂ ਲੁਧਿਆਣੇ ਤਕ ਦੇ ਇਲਾਕੇ ਦਾ ਲਗਾਨ ਖਾਲਸੇ ਨੂੰ ਮਿਲਣ ਲੱਗ ਗਿਆ।

ਇਸ ਪਿੱਛੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਐਲਾਨ ਕਰ ਦਿੱਤਾ ਕਿ ਜੇ ਕੋਈ ਮੁਸਲਮਾਨ ਖਾਲਸਾ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਨਮਾਜ਼ ਤੇ ਰੋਜ਼ੇ ਦੀ ਪੂਰੀ ਖੁੱਲ੍ਹ ਹੋਵੇਗੀ। ਇਸ ਐਲਾਨ ਨਾਲ ਪੰਜ ਹਜ਼ਾਰ ਮੁਸਲਮਾਨ ਖਾਲਸਈ ਫ਼ੌਜ ਵਿਚ ਭਰਤੀ ਹੋ ਗਏ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਬਾਅਦ ਵਿਚ ਸਿੱਖ ਧਰਮ ਹੀ ਇਖਤਿਆਰ ਕਰ ਲਿਆ ਸੀ। ਇਸ ਘਟਨਾ ਦੀ ਖ਼ਬਰ 18 ਅਪ੍ਰੈਲ 1711 ਈ: ਨੂੰ ਬਾਦਸ਼ਾਹ ਨੂੰ ਭੇਜੀ ਗਈ ਜਿਸ ਦਾ ਜ਼ਿਕਰ ਡਾ. ਗੰਡਾ ਸਿੰਘ ਨੇ ਇਸ ਤਰ੍ਹਾਂ ਕੀਤਾ ਹੈ:

“ਉਸ (ਬੰਦਾ ਸਿੰਘ) ਨੇ ਬਚਨ ਦਿੱਤਾ ਅਤੇ ਇਕਰਾਰ ਕੀਤਾ ਹੈ ਕਿ ਮੈਂ ਮੁਸਲਮਾਨਾਂ ਨੂੰ ਕੋਈ ਦੁੱਖ ਨਹੀਂ ਦਿੰਦਾ। ਚੁਨਾਂਚਿ ਜਿਸ ਭੀ ਮੁਸਲਮਾਨ ਦਾ ਉਸ ਵੱਲ ਰੁਜੂ ਹੁੰਦਾ ਹੈ, ਉਹ (ਬੰਦਾ ਸਿੰਘ) ਉਸ ਦੀ ਦਿਹਾੜੀ ਅਤੇ ਤਨਖਾਹ ਨਿਯਤ ਕਰਕੇ ਉਸ ਦਾ ਧਿਆਨ ਰੱਖਦਾ ਹੈ ਅਤੇ ਉਸ ਨੂੰ ਆਗਿਆ ਦਿੱਤੀ ਹੈ ਕਿ ਨਮਾਜ਼ ਅਤੇ ਖੁਤਬਾ ਜਿਵੇਂ (ਮੁਸਲਮਾਨ) ਚਾਹੁਣ ਪੜ੍ਹਨ। ਚੁਨਾਂਚਿ ਪੰਜ ਹਜ਼ਾਰ ਮੁਸਲਮਾਨ ਉਸ ਦੇ ਸਾਥੀ ਬਣ ਗਏ ਹਨ ਅਤੇ ਸਿੰਘਾਂ ਦੀ ਫ਼ੌਜ ਵਿਚ ਬਾਂਗ ਅਤੇ ਨਮਾਜ਼ ਵੱਲੋਂ ਸੁਖ ਪਾ ਰਹੇ ਹਨ।”

ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਫਤਹਿ ਕਰਨ ਤੋਂ ਬਾਅਦ ਜਦੋਂ ਘੁੜਾਣੀ, ਘਲੋਟੀ, ਧਮੋਟ ਪੁੱਜੇ ਤਾਂ ਕੁਝ ਸਿੰਘਾਂ ਨੇ ਮਲੇਰਕੋਟਲੇ ’ਤੇ ਹੱਲਾ ਬੋਲ ਕੇ ਉਸ ਨੂੰ ਤਬਾਹ ਕਰਨ ਦੀ ਸਲਾਹ ਕੀਤੀ। ਮਲੇਰਕੋਟਲੇ ਦਾ ਨਵਾਬ ਸਿੱਖਾਂ ਵਿਰੁੱਧ ਹੋਈਆਂ ਸਾਰੀਆਂ ਮੁਹਿੰਮਾਂ ਵਿਚ ਸ਼ਾਮਲ ਰਿਹਾ ਸੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤੇ ਸਰਸਾ ਨਦੀ ਦੇ ਕੰਢੇ ’ਤੇ ਗੁਰੂ ਜੀ ਦਾ ਪਰਵਾਰ ਆਪਸ ਵਿਚ ਵਿੱਛੜ ਗਿਆ, ਉਸ ਸਮੇਂ ਗੁਰੂ-ਘਰ ਦੀ ਸ਼ਰਧਾਲੂ ਅਤੇ ਸਾਹਿਬਜ਼ਾਦਿਆਂ ਦੀ ਖਿਡਾਵੀ ਬੀਬੀ ਅਨੂਪ ਕੌਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਹੱਥ ਆ ਗਈ ਸੀ। ਇਸ ਸੁੰਦਰ ਸੁਸ਼ੀਲ ਅੰਮ੍ਰਿਤਧਾਰੀ ਬੀਬੀ ਨੇ ਆਪਣੇ ਆਖਰੀ ਸਾਹ ਤੱਕ ਆਪਣੇ ਸਿੱਖੀ ਸਿਦਕ ਨੂੰ ਬਰਕਰਾਰ ਰੱਖਿਆ। ਜਦੋਂ ਉਸ ਦੀ ਕੋਈ ਵਾਹ ਨਾ ਚੱਲੀ ਤਾਂ ਉਸ ਨੇ ਆਪਣੇ ਗਾਤਰੇ ਵਾਲੀ ਸਿਰੀ ਸਾਹਿਬ ਨਾਲ ਆਪਣੇ ਪ੍ਰਾਣ ਤਿਆਗ ਦਿੱਤੇ। ਨਵਾਬ ਨੇ ਉਸ ਨੂੰ ਕਬਰ ਵਿਚ ਦਫਨਾ ਦਿੱਤਾ। ਇਹ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਲੇਰਕੋਟਲੇ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਮਲੇਰਕੋਟਲੇ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਬਹਾਦਰ ਦਾ ਪੁਰਾਣਾ ਜਾਣਕਾਰ ਸੀ। ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਸਮਿਆਂ ਵਿਚ ਉਸ ਦੇ ਘਰ ਰਹਿ ਚੁੱਕੇ ਸਨ। ਉਸ ਸਮੇਂ ਉਸ ਸ਼ਾਹੂਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹੁਤ ਸੇਵਾ ਕੀਤੀ ਸੀ। ਉਸ ਸ਼ਾਹੂਕਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਮਲੇਰਕੋਟਲੇ ਵੱਲ ਆਉਣ ਦਾ ਪਤਾ ਲੱਗ ਗਿਆ ਅਤੇ ਉਹ ਸ਼ਹਿਰ ਦੇ ਹੋਰ ਸ਼ਾਹੂਕਾਰਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਉਨ੍ਹਾਂ ਨੂੰ ਨਾਲ ਲੈ ਕੇ ਬੀਬੀ ਅਨੂਪ ਕੌਰ ਦੀ ਕਬਰ ਨੂੰ ਲੱਭਿਆ ਅਤੇ ਉਸ ਵਿੱਚੋਂ ਬੀਬੀ ਦੀ ਮ੍ਰਿਤਕ ਦੇਹ ਨੂੰ ਕੱਢ ਕੇ ਪੂਰੀ ਮਰਿਆਦਾ ਅਨੁਸਾਰ ਪਹਿਲਾਂ ਅਗਨ ਭੇਂਟ ਕੀਤਾ ਅਤੇ ਫਿਰ ਜਲ-ਪ੍ਰਵਾਹ ਕੀਤਾ। ਮਲੇਰਕੋਟਲੇ ਦੇ ਨਵਾਬ ਨੂੰ ਸਿਰਫ਼ ਇਸ ਕਾਰਨ ਮੁਆਫ ਕਰ ਦਿੱਤਾ ਕਿਉਂਕਿ ਉਸ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਹਾਅ ਦਾ ਨਾਅਰਾ ਮਾਰਿਆ ਸੀ। ਇਸ ਤਰ੍ਹਾਂ ਸਿੱਖਾਂ ਨੇ ਆਪਣੇ ਪ੍ਰਤੀ ਥੋੜ੍ਹੀ ਜਿਹੀ ਵੀ ਹਮਦਰਦੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਨਹੀਂ ਭੁਲਾਇਆ ਉਨ੍ਹਾਂ ਦਾ ਟਾਕਰਾ ਸਿਰਫ ਜ਼ਾਲਮਾਂ ਨਾਲ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਜੰਗੀ ਨੁਕਤਾ-ਨਿਗਾਹ ਤੋਂ ਸਰਹਿੰਦ ਦੀ ਜਗ੍ਹਾ ਰਾਜਧਾਨੀ ਬਣਾਉਣ ਲਈ ਠੀਕ ਨਾ ਲੱਗੀ ਕਿਉਂਕਿ ਸਰਹਿੰਦ ਮੈਦਾਨੀ ਇਲਾਕੇ ਵਿਚ ਸ਼ਾਹਰਾਹ ਦੇ ਬਿਲਕੁਲ ਉੱਪਰ ਸਥਿਤ ਸੀ। ਇਥੇ ਸ਼ਾਹੀ ਫ਼ੌਜਾਂ ਕਦੇ ਵੀ ਹਮਲਾ ਕਰ ਸਕਦੀਆਂ ਸਨ। ਬਚਾਅ ਪੱਖ ਲਈ ਇਸ ਇਲਾਕੇ ਦੇ ਨੇੜੇ ਕੋਈ ਵੀ ਕੁਦਰਤੀ ਸਾਧਨ ਮੌਜੂਦ ਨਹੀਂ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਬੜੀ ਸੋਚ-ਵਿਚਾਰ ਤੋਂ ਬਾਅਦ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ ਅਤੇ ਇਸ ਦਾ ਨਾਂ ‘ਲੋਹਗੜ੍ਹ’ ਰੱਖਿਆ। ਮੁਖਲਿਸਗੜ੍ਹ ਸਢੌਰਾ ਅਤੇ ਨਾਹਨ ਰਿਆਸਤ ਦੇ ਵਿਚਕਾਰ ਪਹਾੜੀ ਖੇਤਰ ਵਿਚ ਸਥਿਤ ਹੈ। ਸਢੌਰਾ ਨਗਰ ਤੋਂ ਕੁਝ ਦੂਰ ਸ਼ਿਵਾਲਕ ਪਹਾੜੀਆਂ ਦੇ ਪੈਰਾਂ ਵਿਚ ਉੱਚੀ ਥਾਂ ’ਤੇ ਮੁਖਲਿਸਗੜ੍ਹ ਨਾਮ ਦਾ ਕਿਲ੍ਹਾ ਹੁੰਦਾ ਸੀ, ਜਿਸ ਦੇ ਖੰਡਰ ਅੱਜ ਵੀ ਮੌਜੂਦ ਹਨ। ਇਹ ਕਿਲ੍ਹਾ ਸ਼ਾਹਜਹਾਨ ਬਾਦਸ਼ਾਹ ਦੇ ਆਦੇਸ਼ ਨਾਲ ਉਸ ਦੇ ਇਕ ਅਹਿਲਕਾਰ ਮੁਖਲਿਸ ਖਾਨ ਨੇ ਬਣਵਾਇਆ ਸੀ। ਕਿਲ੍ਹਾ ਇਕ ਪਹਾੜੀ ਤੇ ਮੌਜੂਦ ਸੀ ਜਿਸ ਦੇ ਦੋਵੇਂ ਪਾਸੇ ਤੋਂ ਨਦੀ ਦੀਆਂ ਦੋ ਧਰਾਵਾਂ ਵਗਦੀਆਂ ਹਨ। ਇਸ ਥਾਂ ’ਤੇ ਪਹੁੰਚਣ ਲਈ ਚਟਾਨਾਂ ਤੇ ਖੱਡਾਂ ਵਿਚ ਦੀ ਲੰਘਣਾ ਪੈਂਦਾ ਹੈ। ਬਾਬਾ ਬੰਦਾ ਸਿੰਘ ਹੋਰਾਂ ਇਸ ਪੁਰਾਣੇ ਕਿਲ੍ਹੇ ਦੀ ਮੁਰੰਮਤ ਕਰਵਾਈ ਤੇ ਸਾਰਾ ਖਜ਼ਾਨਾ ਅਤੇ ਜੰਗੀ ਸਾਮਾਨ ਇਥੇ ਲੈ ਆਂਦਾ। ਇਥੇ ਦੇ ਆਸ-ਪਾਸ ਦੇ ਪਿੰਡਾਂ ਦੇ ਚੌਧਰੀਆਂ ਨਾਲ ਉਨ੍ਹਾਂ ਨੇ ਸੰਪਰਕ ਬਣਾਇਆ। ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਸਿੱਕਾ ਅਤੇ ਮੋਹਰ ਜਾਰੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵਾਸਤੇ ਜ਼ਿਮੀਂਦਾਰਾ ਪ੍ਰਬੰਧ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ। ਮੁਗ਼ਲ ਸ਼ਾਸਨ ਵਿਚ ਬੇਨਾਮੀ ਵਾਹੀ ਆਮ ਸੀ। ਵਾਹੀ ਕੋਈ ਹੋਰ ਕਰਦਾ ਸੀ ਅਤੇ ਜ਼ਮੀਨ ਦਾ ਮਾਲਿਕ ਕੋਈ ਹੋਰ ਹੁੰਦਾ ਸੀ। ਇਕ ਵਾਰੀ ਸਢੌਰੇ ਲਾਗਲੇ ਪਿੰਡਾਂ ਦੇ ਜ਼ਿਮੀਂਦਾਰ ਦੇ ਜ਼ੁਲਮ ਦੀ ਸ਼ਿਕਾਇਤ ਲੈ ਕੇ ਹਲ-ਵਾਹਕ ਬਾਬਾ ਬੰਦਾ ਸਿੰਘ ਬਹਾਦਰ ਪਾਸ ਪਹੁੰਚੇ। ਬਾਬਾ ਜੀ ਨੇ ਉਨ੍ਹਾਂ ਨੂੰ ਇੱਕ ਕਤਾਰ ਵਿਚ ਖੜ੍ਹੇ ਕਰ ਲਿਆ ਅਤੇ ਭਾਈ ਬਾਜ ਸਿੰਘ ਨੂੰ ਕਿਹਾ ਕਿ ਇਨ੍ਹਾਂ ’ਤੇ ਗੋਲੀ ਚਲਾ ਦਿੱਤੀ ਜਾਵੇ। ਐਸਾ ਅਜੀਬ ਹੁਕਮ ਸੁਣ ਕੇ ਉਨ੍ਹਾਂ ਦੇ ਹੋਸ਼-ਹਵਾਸ ਉੱਡ ਗਏ ਤੇ ਉਨ੍ਹਾਂ ਨੇ ਡਰਦਿਆਂ ਐਸੇ ਹੁਕਮ ਦਾ ਕਾਰਨ ਪੁੱਛਿਆ। ਬਾਬਾ ਜੀ ਨੇ ਕੜਕਦੀ ਆਵਾਜ਼ ਵਿਚ ਉਨ੍ਹਾਂ ਦੀ ਨਿਖੇਧੀ ਕੀਤੀ ਤੇ ਕਿਹਾ, “ਤੁਸੀਂ ਇਤਨੀ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਮੁੱਠੀ-ਭਰ ਜ਼ਿਮੀਂਦਾਰਾਂ ਦਾ ਖ਼ਾਤਮਾ ਨਹੀਂ ਕਰ ਸਕਦੇ।”

ਨਤੀਜਾ ਇਹ ਹੋਇਆ ਕਿ ਸਿੱਖ ਹਲ-ਵਾਹਕ ਸਮਾਂ ਪਾ ਕੇ ਜ਼ਿਮੀਂਦਾਰਾਂ ਤੋਂ ਬਿਲਕੁਲ ਸੁਤੰਤਰ ਹੋ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਵਾਹੀ ਕਰਨ ਵਾਲਿਆਂ ਨੂੰ ਹੀ ਜ਼ਮੀਨਾਂ ਦੇ ਮਾਲਿਕ ਘੋਸ਼ਿਤ ਕਰ ਦਿੱਤਾ। ਸਿੱਖ ਕਿਉਂ ਆਪ ਵੀ ਬਹੁਤ ਸਾਰੇ ਖੇਤੀ ਕਰਦੇ ਸਨ, ਇਸ ਫੈਸਲੇ ਨਾਲ ਉਨ੍ਹਾਂ ਦੀ ਆਰਥਿਕ ਦਸ਼ਾ ਪਹਿਲਾਂ ਨਾਲੋਂ ਬਹੁਤ ਚੰਗੀ ਹੋ ਗਈ। ਹੁਣ ਕਿਸਾਨ ਆਪ ਹੀ ਲਗਾਨ ਦਿੰਦੇ ਸਨ ਅਤੇ ਆਪ ਹੀ ਪੈਦਾਵਾਰ ਲੈਂਦੇ ਸਨ। ਇਸ ਫੈਸਲੇ ਨਾਲ ਸਾਰੇ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਰਥਕ ਬਣ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਆਮ ਲੋਕਾਂ ਵਿੱਚੋਂ ਇਮਾਨਦਾਰ ਲੋਕਾਂ ਨੂੰ ਸਰਦਾਰੀਆਂ ਦਿੱਤੀਆਂ। ਇਰਵਨ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਦਾ ਛੋਟੇ ਤੋਂ ਛੋਟਾ ਕਰਮਚਾਰੀ ਵੀ ਜਦੋਂ ਆਪਣੇ ਪਿੰਡ ਜਾਂਦਾ ਤਾਂ ਅਮੀਰ ਤੋਂ ਅਮੀਰ ਲੋਕ ਉਸ ਦਾ ਸੁਆਗਤ ਕਰਦੇ। ਬਾਬਾ ਬੰਦਾ ਸਿੰਘ ਬਹਾਦਰ ਦੀ ਵਧਦੀ ਸ਼ਕਤੀ ਤੇ ਰਸੂਖ ਤੋਂ ਲੋਕ ਇਤਨੇ ਪ੍ਰਭਾਵਿਤ ਸਨ ਕਿ ਪਿੰਡ ਉਨਾਰਸਾ ਦੇ ਲੋਕ ਸਿੱਖ ਬਣ ਗਏ। ਇਸ ਇਲਾਕੇ ਦੇ ਫ਼ੌਜਦਾਰ ਜਲਾਲ ਖਾਨ ਨੇ ਉਨ੍ਹਾਂ ਸਾਰਿਆਂ ਨੂੰ ਕੈਦ ਕਰ ਲਿਆ। ਇਕ ਸਿੱਖ ਭਾਈ ਕਪੂਰ ਸਿੰਘ ਨੇ ਬਾਬਾ ਜੀ ਨੂੰ ਜਾ ਦੱਸਿਆ। ਬਾਬਾ ਬੰਦਾ ਸਿੰਘ ਬਹਾਦਰ ਉਸੇ ਸਮੇਂ ਜਲਾਲਾਬਾਦ ਵੱਲ ਨੂੰ ਚੱਲ ਪਏ। ਰਸਤੇ ਵਿਚ ਉਨ੍ਹਾਂ ਨੇ ਸਹਾਰਨਪੁਰ ਦੇ ਫ਼ੌਜਦਾਰ ਤੇ ਬੇਹਾਤ ਦੇ ਵੀਰਜ਼ਾਦਿਆਂ ਨੂੰ ਹਰਾਇਆ ਤੇ ਉਨ੍ਹਾਂ ਇਲਾਕਿਆਂ ’ਤੇ ਆਪਣਾ ਕਬਜਾ ਕਰ ਲਿਆ। ਜਰਨੈਲ ਜਲਾਲ ਖਾਨ ਤੇ ਪੀਰ ਖਾਨ ਮਾਰੇ ਗਏ। ਤਿੰਨ ਦਿਨ ਗਹਿਗੱਚ ਲੜਾਈ ਹੁੰਦੀ ਰਹੀ। ਚੌਥੇ ਦਿਨ ਜਲਾਲ ਖਾਨ ਨੇ ਆਪਣੇ ਪੁੱਤਰ ਦੀਨਦਾਨ ਖਾਨ ਨੂੰ 700 ਜਵਾਨ ਨਾਲ ਦੇ ਕੇ ਭੇਜ ਦਿੱਤਾ। ਸਿੱਖਾਂ ਨੇ ਜਲਾਲਾਬਾਦ ਨੂੰ ਪੂਰੀ ਤਰ੍ਹਾਂ ਘੇਰ ਲਿਆ। ਮੀਂਹ ਪੈ ਰਿਹਾ ਸੀ ਜਿਸ ਕਾਰਨ ਫ਼ੌਜ ਕਰਨਾਲ ਵੱਲ ਨੂੰ ਮੁੜ ਪਈ ਤੇ ਜਲਾਲ ਖਾਨ ਨੇ ਕੈਦ ਕੀਤੇ ਸਾਰੇ ਸਿੱਖ ਸ਼ਹੀਦ ਕਰਵਾ ਦਿੱਤੇ।

ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਪ੍ਰਭਾਵਿਤ ਹੋ ਕੇ ਦੁਆਬੇ ਦੇ ਸਿੱਖਾਂ ਨੇ ਫ਼ੌਜਦਾਰ ਸ਼ਮਸ ਖਾਨ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੇ ਪ੍ਰਬੰਧ ਵਿਚ ਸੁਧਾਰ ਕਰੇ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਅਸੂਲ ਸੀ ਕਿ ਉਹ ਜਦੋਂ ਵੀ ਕਿਸੇ ਇਲਾਕੇ ’ਤੇ ਹੱਲਾ ਬੋਲਦਾ ਸੀ ਤਾਂ ਸਭ ਤੋਂ ਪਹਿਲਾਂ ਚੌਧਰੀ ਜਾਂ ਹਾਕਮ ਨੂੰ ਈਨ ਮੰਨ ਲੈਣ ਲਈ ਚਿੱਠੀ ਲਿਖਦਾ ਸੀ। ਜੇਕਰ ਉਹ ਗੱਲ ਮੰਨ ਕੇ ਮਿਲ ਲੈਂਦਾ ਸੀ ਤਾਂ ਹਮਲਾ ਨਹੀਂ ਸੀ ਕੀਤਾ ਜਾਂਦਾ। ਇਸੇ ਤਰ੍ਹਾਂ ਹੀ ਸਿੰਘਾਂ ਨੇ ਸ਼ਮਸ ਖਾਨ ਨੂੰ ਪਹਿਲਾਂ ਚਿੱਠੀ ਲਿਖੀ ਸੀ ਪਰ ਫ਼ੌਜਦਾਰ ਨੇ ਜਹਾਦ ਦਾ ਨਾਅਰਾ ਮਾਰਿਆ ਅਤੇ ਇਕ ਲੱਖ ਦੇ ਕਰੀਬ ਜਹਾਦੀਆਂ ਨੂੰ ਨਾਲ ਲੈ ਕੇ ਸੁਲਤਾਨਪੁਰ ਵੱਲ ਨੂੰ ਚਲ ਪਿਆ। ਸਿੱਖਾਂ ਦੇ ਜਥੇ ਖਿੰਡੇ ਹੋਏ ਸਨ। ਸਿੱਖ ਰਾਹੋਂ ਵੱਲ ਨੂੰ ਚਲੇ ਗਏ ਅਤੇ ਉਨ੍ਹਾਂ ਨੇ ਵਿਉਂਤ ਬਣਾ ਕੇ ਸ਼ਹਿਰ ਤੋਂ ਬਾਹਰ ਪੁਰਾਣੇ ਭੱਠਿਆਂ ਅਤੇ ਟਿੱਬਿਆਂ ਨੂੰ ਮੱਲ ਕੇ ਮੋਰਚੇ ਬਣਾ ਲਏ। ਸਿੱਖਾਂ ਨੇ ਰਾਹੋਂ ਦੀ ਗੜ੍ਹੀ ’ਤੇ ਹੱਲਾ ਬੋਲ ਦਿੱਤਾ। ਸਿੱਖਾਂ ਨੇ ਜਹਾਦੀਆਂ ਦੇ ਆਉਣ ਤੋਂ ਪਹਿਲਾਂ ਹੀ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਸਿੰਘ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ ਬਾਹਰ ਨਿਕਲਦੇ ਅਤੇ ਸ਼ਾਹੀ ਫ਼ੌਜ ਦਾ ਨੁਕਸਾਨ ਕਰਕੇ ਫੇਰ ਕਿਲ੍ਹੇ ਵਿਚ ਆ ਜਾਂਦੇ। ਜਹਾਦੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਹ ਪੈਂਤਰਾ ਜ਼ਿਆਦਾ ਦੇਰ ਤਕ ਚੱਲਣ ਵਾਲਾ ਨਹੀਂ ਸੀ। ਸਿੰਘਾਂ ਨੇ ਜੰਗੀ ਪੈਂਤੜੇ ਅਨੁਸਾਰ ਢਾਈ ਪੱਟ ਦੇ ਪੈਂਤੜੇ ਦੀ ਲੜਾਈ ਲੜਨ ਦੀ ਸਕੀਮ ਬਣਾਈ। ਅਗਲੀ ਰਾਤ ਨੂੰ ਸਿੰਘ ਕਿਲ੍ਹੇ ’ਚੋਂ ਨਿਕਲ ਕੇ ਤੁਰ ਪਏ। ਸ਼ਮਸ ਖਾਨ ਨੇ ਉਨ੍ਹਾਂ ਨੂੰ ਜਾਂਦਿਆਂ ਦੇਖ ਕੇ ਆਪਸੀ ਫ਼ੌਜ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ। ਸ਼ਮਸ ਖਾਨ ਕੁਝ ਹੀ ਪਿੱਛੇ ਗਿਆ ਸੀ ਕਿ ਰਸਤੇ ਵਿਚ ਉਸ ਨੂੰ ਕੁਝ ਸਾਮਾਨ ਦੇ ਲੱਦੇ ਊਠ, ਬਲਦ ਅਤੇ ਇਕ ਤੋਪ ਮਿਲੀ ਜਿਸ ਤੋਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਸਿੰਘ ਚਲੇ ਗਏ ਹਨ ਅਤੇ ਉਹ ਉਥੋਂ ਹੀ ਵਾਪਸ ਸੁਲਤਾਨਪੁਰ ਨੂੰ ਚਲਾ ਗਿਆ। ਪਰ ਸਿੰਘ ਸਵੇਰ ਹੁੰਦੇ ਸਾਰ ਹੀ ਵਾਪਸ ਆ ਗਏ ਅਤੇ ਕਿਲ੍ਹੇ ਵਿਚ ਮੌਜੂਦ ਸ਼ਾਹੀ ਫ਼ੌਜ ਨਾਲ ਘਮਸਾਨ ਦੀ ਲੜਾਈ ਹੋਈ, ਜਿਸ ਵਿਚ ਸ਼ਮਸ ਖਾਨ ਦੀਆਂ ਫ਼ੌਜਾਂ ਨੂੰ ਭਾਰੀ ਹਾਰ ਹੋਈ। ਸਿੱਖਾਂ ਨੇ ਦੁਬਾਰਾ ਕਿਲ੍ਹੇ ’ਤੇ ਕਬਜ਼ਾ ਕਰ ਲਿਆ। ਸਿੱਖ ਇਥੋਂ ਜਲੰਧਰ ਵੱਲ ਨੂੰ ਚਲ ਪਏ। ਰਸਤੇ ਵਿਚ ਇਕ ਔੜ ਨਾਂ ਦਾ ਪਿੰਡ ਸੀ ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਇਹ ਪਿੰਡ ਸਰਹਿੰਦ ਵਾਲੇ ਸੁੱਚਾ ਨੰਦ ਦਾ ਜੱਦੀ ਪਿੰਡ ਸੀ, ਸੁੱਚਾ ਨੰਦ ਦੀ ਇਕ ਕਿਲ੍ਹਾ-ਨੁਮਾ ਹਵੇਲੀ ਇਸ ਪਿੰਡ ਵਿਚ ਸੀ। ਪਿੰਡ ਵਾਲੇ ਕੁਝ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਥੇ ਸ਼ਾਹੀ ਫ਼ੌਜਾਂ ਨਾਲ ਸਿੰਘਾਂ ਦੀ ਝੜਪ ਹੋਈ, ਉਸ ਝੜਪ ਵਿਚ ਜੋ ਸਿੰਘ ਸ਼ਹੀਦ ਹੋਏ ਉਨ੍ਹਾਂ ਦੀ ਯਾਦ ਵਿਚ ਨਾਲ ਹੀ ਪਿੰਡ ਉੜਾਪੜ ਵਿਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ, ਜਿਸ ਪ੍ਰਤੀ ਇਲਾਕੇ ਦੇ ਲੋਕਾਂ ਵਿਚ ਬਹੁਤ ਸ਼ਰਧਾ ਭਾਵਨਾ ਹੈ। ਇਥੋਂ ਸਿੰਘ ਜਲੰਧਰ ਵੱਲ ਨੂੰ ਚਲੇ ਗਏ। ਜਲੰਧਰ ਦੇ ਪਠਾਣ ਸਿੰਘਾਂ ਦਾ ਆਉਣਾ ਸੁਣ ਕੇ ਪਹਿਲਾਂ ਹੀ ਭੱਜ ਗਏ ਜਿਸ ਕਾਰਨ ਜਲੰਧਰ ’ਤੇ ਸਿੰਘਾਂ ਦਾ ਕਬਜ਼ਾ ਸੌਖਾ ਹੀ ਹੋ ਗਿਆ। ਜਲੰਧਰ ਤੋਂ ਸਿੰਘਾਂ ਦਾ ਜਥਾ ਹੁਸ਼ਿਆਰਪੁਰ ਵੱਲ ਨੂੰ ਚਲ ਪਿਆ। ਉਸ ਸਮੇਂ ਬਜਵਾੜਾ ਵੱਡਾ ਕੇਂਦਰ ਸੀ ਅਤੇ ਹੁਸ਼ਿਆਰਪੁਰ ਛੋਟਾ ਨਗਰ ਸੀ। ਬਜਵਾੜੇ ਦੇ ਹਾਕਮਾਂ ਨੇ ਸਿੰਘਾਂ ਦਾ ਕੋਈ ਮੁਕਾਬਲਾ ਨਹੀਂ ਕੀਤਾ। ਨਤੀਜਾ ਇਹ ਹੋਇਆ ਕਿ ਜਲੰਧਰ ਹੁਸ਼ਿਆਰਪੁਰ ਦੇ ਇਲਾਕੇ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਅਤੇ ਸ਼ਮਸ ਖਾਨ ਬਰਾ-ਏ-ਨਾਮ ਹਾਕਮ ਰਹਿ ਗਿਆ। ਸਤਲੁਜ ਦੇ ਦੱਖਣ ਨੂੰ ਮਾਛੀਵਾੜਾ ਤੋਂ ਕਰਨਾਲ ਤਕ ਦਾ ਸਰਹਿੰਦ ਦਾ ਸਾਰਾ ਇਲਾਕਾ ਸਿੰਘਾਂ ਦੇ ਕਬਜ਼ੇ ਵਿਚ ਸੀ ਜਿਸ ਦਾ ਸਾਰਾ ਪ੍ਰਬੰਧ ਭਾਈ ਬਾਜ ਸਿੰਘ ਰਾਜਪਾਲ ਅਤੇ ਭਾਈ ਆਲੀ ਸਿੰਘ ਸਲੌਦੀ ਵਾਲੇ ਨਾਇਬ ਰਾਜਪਾਲ ਦੇ ਪਾਸ ਸੀ, ਜਿਨ੍ਹਾਂ ਅਧੀਨ ਥਾਂ- ਥਾਂ ਸਿੱਖ ਫ਼ੌਜਦਾਰ ਤੇ ਥਾਣੇਦਾਰ ਨਿਯੁਕਤ ਸਨ।

ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਜਦੋਂ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਪਤਾ ਲੱਗਾ ਤਾਂ ਉਹ ਬਹੁਤ ਸਾਰੀ ਸੈਨਾ ਲੈ ਕੇ ਪੰਜਾਬ ਵੱਲ ਨੂੰ ਤੁਰ ਪਿਆ। ਉਸ ਨੇ ਉੱਤਰੀ ਭਾਰਤ ਵਿਚ ਆਉਣ ਤੋਂ ਪਹਿਲਾਂ ਅਵਧ ਅਤੇ ਦਿੱਲੀ ਦੇ ਗਵਰਨਰਾਂ ਅਤੇ ਅਲਾਹਾਬਾਦ ਦੇ ਨਾਜ਼ਮ ਤੇ ਫ਼ੌਜਦਾਰਾਂ ਨੂੰ ਬਾਬਾ ਬੰਦਾ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਇਕੱਠੇ ਹੋ ਕੇ ਉਸ ਨਾਲ ਰਲਣ ਦਾ ਹੁਕਮ ਦਿੱਤਾ। ਬਰਹਾ ਦੇ ਸੱਯਦਾਂ ਨੂੰ ਵੀ ਆਪਣਿਆਂ ਸਿਪਾਹੀਆਂ ਸਮੇਤ ਸ਼ਾਮਲ ਹੋਣ ਲਈ ਸੱਦਾ-ਪੱਤਰ ਭੇਜਿਆ ਗਿਆ। ਬਹਾਦਰ ਸ਼ਾਹ ਨੇ ਇਕ ਹੁਕਮ ਵੀ ਜਾਰੀ ਕੀਤਾ ਕਿ ਸਰਕਾਰੀ ਦਫ਼ਤਰਾਂ ਵਿਚ ਜਿਹੜੇ ਹਿੰਦੂ ਜਾਂ ਮੁਸਲਮਾਨਾਂ ਨੇ ਦਾਹੜੀਆਂ ਰੱਖੀਆਂ ਹੋਈਆਂ ਹਨ, ਉਹ ਕਟਵਾ ਦੇਣ। ਕਿਉਂਕਿ ਉਸ ਨੂੰ ਡਰ ਸੀ ਕਿ ਸ਼ਾਹੀ ਸੈਨਾ ਵਿਚ ਕਿਧਰੇ ਸਿੱਖ ਭਰਤੀ ਹੋ ਕੇ ਘੁਸਪੈਠ ਨਾ ਕਰ ਦੇਣ। ਬਾਦਸ਼ਾਹ ਦੇ ਪੰਜਾਬ ਪੁੱਜਣ ਤੋਂ ਪਹਿਲਾਂ ਹੀ ਫ਼ੀਰੋਜ ਖਾਨ ਮੇਵਾਤੀ, ਸੁਲਤਾਨ ਕੁਲੀ ਖਾਨ, ਸ਼ਕਰ ਖਾਨ ਤੇ ਹੋਰ ਅਫਸਰਾਂ ਦੀ ਕਮਾਨ ਹੇਠ ਇਕ ਵੱਡੀ ਫ਼ੌਜ ਬਾਦਸ਼ਾਹ ਦੇ ਅੱਗੇ-ਅੱਗੇ ਹਰਾਵਲ ਦਸਤੇ ਦੇ ਰੂਪ ਵਿਚ ਸਿੱਖਾਂ ਦੀ ਖੋਜ ਲਈ ਚਲ ਪਈ। ਉਸ ਸਮੇਂ ਸਿੱਖ ਬਾਬਾ ਬੰਦਾ ਸਿੰਘ ਦੀ ਅਗਵਾਈ ਵਿਚ ਰਿਆੜਕੀ ਦੇ ਇਲਾਕੇ ਵਿਚ ਮੌਜੂਦ ਸਨ। ਸੋਨੀਪਤ, ਥਾਨੇਸਰ, ਸਮਾਣਾ, ਸਢੌਰਾ, ਤੇ ਸਰਹਿੰਦ ਆਦਿ ਥਾਵਾਂ ’ਤੇ ਸਿੱਖ ਫ਼ੌਜਾਂ ਦੀ ਗਿਣਤੀ ਨਾਮਾਤਰ ਹੀ ਸੀ। ਸ਼ਾਹੀ ਫ਼ੌਜਾਂ ਨੇ ਇਨ੍ਹਾਂ ਇਲਾਕਿਆਂ ’ਤੇ ਸਹਿਜੇ ਹੀ ਕਬਜ਼ਾ ਕਰ ਲਿਆ।

ਭਾਈ ਬਿਨੋਦ ਸਿੰਘ ਤੇ ਭਾਈ ਰਾਮ ਸਿੰਘ ਦੀ ਅਗਵਾਈ ਹੇਠ ਸਿੱਖਾਂ ਦਾ ਟਾਕਰਾ ਸ਼ਾਹੀ ਫ਼ੌਜਾਂ ਨਾਲ ਤਰਾਵੜੀ ਦੇ ਨੇੜੇ ਪਿੰਡ ਅਮੀਨਗੜ੍ਹ ਵਿਚ ਹੋਇਆ। ਸਿੱਖ ਇੰਨੇ ਜੋਸ਼ ਨਾਲ ਲੜੇ ਕਿ ਮਹਾਬਤ ਖਾਨ ਦੇ ਪੈਰ ਉਖੜ ਗਏ ਪਰ ਫ਼ੀਰੋਜ ਖਾਨ ਅਤੇ ਬਰਹਾ ਦੇ ਸੱਯਦਾਂ ਦੀ ਬੀਰਤਾ ਨੇ ਸ਼ਾਹੀ ਫ਼ੌਜਾਂ ਨੂੰ ਉਤਸ਼ਾਹਿਤ ਕਰ ਦਿੱਤਾ। ਡਾ. ਗੰਡਾ ਸਿੰਘ ਲਿਖਦੇ ਹਨ ਕਿ ਦੋਹਾਂ ਪਾਸੇ ਬੜੀ ਤਬਾਹੀ ਹੋਈ ਅਤੇ ਫ਼ੀਰੋਜ ਖਾਨ ਨੂੰ ਸਫ਼ਲਤਾ ਦੀ ਕੋਈ ਆਸ ਨਾ ਰਹੀ। ਪਰ ਸਿੱਖ ਫ਼ੌਜਾਂ ਦੀ ਨਫਰੀ ਘੱਟ ਹੋਣ ਕਾਰਨ ਫ਼ੀਰੋਜ ਖਾਨ ਨੂੰ ਲਾਭ ਹੋਇਆ ਅਤੇ ਉਸ ਦੀ ਜਿੱਤ ਹੋਈ। ਜਿੱਤ ਪਿੱਛੋਂ ਸ਼ਾਹੀ ਫ਼ੌਜਾਂ ਨੇ ਸ਼ਹੀਦ ਹੋਏ ਸਿੱਖ ਸੈਨਿਕਾਂ ਦੀ ਬੜੀ ਬੇਪਤੀ ਕੀਤੀ। ਤਿੰਨ ਸੌ ਸਿੱਖਾਂ ਦੇ ਸਿਰਾਂ ਨੂੰ ਗੱਡਿਆਂ ’ਤੇ ਲੱਦ ਕੇ ਬਾਦਸ਼ਾਹ ਦੇ ਹਜ਼ੂਰ ਪੇਸ਼ ਕੀਤਾ ਗਿਆ ਤੇ ਬਾਕੀ ਬਚੇ ਬਹੁਤ ਸਾਰੇ ਸਿੱਖਾਂ ਦੀਆਂ ਲਾਸ਼ਾਂ ਨੂੰ ਜਰਨੈਲੀ ਸੜਕ ਦੇ ਦੋਹੀਂ ਪਾਸੇ ਦਰਖਤਾਂ ਨਾਲ ਲਟਕਾਇਆ ਗਿਆ।

ਜਿੱਤ ਦੀ ਖ਼ਬਰ ਸੁਣ ਕੇ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਉਸ ਨੇ ਫ਼ੀਰੋਜ ਖਾਨ ਮੇਵਾਤੀ ਨੂੰ ਸਰਹਿੰਦ ਦਾ ਸੂਬੇਦਾਰ ਥਾਪ ਦਿੱਤਾ। ਸਰਹਿੰਦ ਦਾ ਸਿੱਖ ਗਵਰਨਰ ਭਾਈ ਬਾਜ ਸਿੰਘ ਸਰਹਿੰਦ ਵਿਖੇ ਮੌਜੂਦ ਨਹੀਂ ਸੀ, ਇਸ ਲਈ ਉਸ ਦੇ ਭਰਾ ਭਾਈ ਸ਼ਾਮ ਸਿੰਘ ਅਤੇ ਭਾਈ ਸੁੱਖਾ ਸਿੰਘ ਨੇ ਸ਼ਾਹੀ ਫ਼ੌਜ ਦਾ ਡੱਟ ਕੇ ਮੁਕਾਬਲਾ ਕੀਤਾ। ਭਾਈ ਸੁੱਖਾ ਸਿੰਘ ਲੜਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਅਤੇ ਬਚੇ ਸਿੱਖਾਂ ਨੂੰ ਸਰਹਿੰਦ ਜ਼ੇਲ੍ਹ ਵਿਚ ਕੈਦ ਕਰ ਦਿੱਤਾ ਗਿਆ। ਸ਼ਮਸ ਖਾਨ ਨੇ ਕਿਲ੍ਹਾ ਫਤਹਿ ਕਰ ਲਿਆ, ਇਸ ਲੜਾਈ ਵਿਚ ਤਿੰਨ ਸੌ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ।

ਇਸ ਪਿੱਛੋਂ ਬਾਬਾ ਬੰਦਾ ਸਿੰਘ ਨਾਲ ਸ਼ਾਹੀ ਫ਼ੌਜ ਦਾ ਟਾਕਰਾ ਸਢੌਰੇ ਵਿਖੇ ਹੋਇਆ। ਜਦੋਂ ਸ਼ਾਹੀ ਫ਼ੌਜ ਦਾ ਹਰਾਵਲ ਦਸਤਾ ਸਢੌਰੇ ਪੁੱਜਾ ਤਾਂ ਸਿੱਖ ਉਨ੍ਹਾਂ ’ਤੇ ਟੁੱਟ ਪਏ। ਇਸ ਬਾਰੇ ਵਿਚ ਖਾਫੀ ਖਾਨ ਲਿਖਦਾ ਹੈ ਕਿ ਲੜਾਈ ਇਤਨੀ ਭਿਆਨਕ ਸੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਸਿੱਖ-ਸਿਪਾਹੀ ਜੋ ਫਕੀਰਾਂ ਵਾਲੇ ਲਿਬਾਸ ਵਿਚ ਸਨ ਨੇ ਸ਼ਾਹੀ ਫ਼ੌਜ ਦੀ ਨਾਨੀ ਯਾਦ ਕਰਵਾ ਦਿੱਤੀ। ਸ਼ਾਹੀ ਫ਼ੌਜ ਦਾ ਇਤਨਾ ਨੁਕਸਾਨ ਹੋਇਆ ਕਿ ਜਾਪਦਾ ਸੀ ਕਿ ਸ਼ਾਹੀ ਫ਼ੌਜ ਹਾਰ ਜਾਏਗੀ। ਆਦਿਲ ਖਾਨ ਦੀ ਸਾਰੇ ਫ਼ੌਜੀ ਤਿੱਤਰ-ਬਿੱਤਰ ਹੋ ਚੁੱਕੇ ਸਨ। ਪਰ ਛੇਤੀ ਹੀ ਹੋਰ ਸ਼ਾਹੀ ਫ਼ੌਜਾਂ ਆ ਗਈਆਂ ਤੇ ਪਾਸਾ ਪਲਟ ਗਿਆ। ਸਿੱਖ ਇਥੋਂ ਲੋਹਗੜ੍ਹ ਦੇ ਕਿਲ੍ਹੇ ਵਿਚ ਚਲੇ ਗਏ।

ਬਾਦਸ਼ਾਹ ਵੀ ਆਪਣੇ ਲਾ-ਓ-ਲਸ਼ਕਰ ਸਮੇਤ ਲੋਹਗੜ੍ਹ ਦੇ ਕਿਲ੍ਹੇ ਦੇ ਨੇੜੇ ਪੁੱਜ ਗਿਆ। ਡਾ. ਗੰਡਾ ਸਿੰਘ ਅਨੁਸਾਰ,

“ਸ਼ਾਹੀ ਫ਼ੌਜਾਂ ਰਫੀਉਲ ਖਾਨ ਦੀ ਕਮਾਨ ਹੇਠਾਂ ਦਾਬਰ ਪਹਾੜੀਆਂ ਦੇ ਦਾਮਨ ਵੱਲ ਵਧੀਆਂ। ਸੈਨਾਪਤੀ ‘ਜਮਦਾਤੁਲ-ਮੁਲਕ ਖ਼ਾਨਿਖ਼ਾਨਾਂ’ ਦੀ ਸਹਾਇਤਾ ਵਾਸਤੇ ਸ਼ਾਹਜ਼ਾਦਾ ਅਜ਼ੀਮੁ-ਸ਼ਾਨ ਤੇ ਸ਼ਾਹਜ਼ਾਦਾ ਜਹਾਨ ਸ਼ਾਹ ਅਤੇ ਹਮੀਦ-ਉਦ-ਖਾਨ ਦੇ ਦਸਤੇ ਤਿਆਰ ਖੜ੍ਹੇ ਸਨ। ਇਸ ਤਰ੍ਹਾਂ ਲੋਹਗੜ੍ਹ ਦੇ ਕਿਲ੍ਹੇ ਦਾ ਘੇਰਾ ਪਾਉਣ ਵਾਲੀ ਫ਼ੌਜ ਦੀ ਗਿਣਤੀ ਲਗਭਗ ਸੱਠ ਹਜ਼ਾਰ ਸੀ, ਜਿਸ ਵਿਚ ਘੋੜ ਸਵਾਰ ਤੇ ਪਿਆਦਾ-ਸਿਪਾਹੀ ਸ਼ਾਮਲ ਸਨ।

ਅਮੀਨ ਖਾਨ ਦੀ ਕਮਾਨ ਹੇਠ ਇਕ ਬੜੇ ਵੱਡੇ ਲਸ਼ਕਰ ਨੇ ਬਾਬਾ ਬੰਦਾ ਸਿੰਘ ਬਹਾਦਰ ’ਤੇ ਚੜ੍ਹਾਈ ਕਰ ਦਿੱਤੀ। ਮੁਖਲਿਸਗੜ੍ਹ ਦੇ ਕਿਲੇ ਨੂੰ 16000 ਘੋੜਸਵਾਰ ਅਤੇ ਪੈਦਲ ਸੈਨਿਕਾਂ ਨੇ ਕਈ ਮਹੀਨੇ ਤਕ ਘੇਰੀ ਰੱਖਿਆ, ਪਰ ਕਿਲ੍ਹੇ ਦੇ ਨੇੜੇ ਜਾਣ ਦੀ ਕਿਸੇ ਦੀ ਹਿੰਮਤ ਨਾ ਪਈ। ਸਿੰਘ ਰਾਤਾਂ ਨੂੰ ਵੈਰੀ ਦਾ ਕਮਜ਼ੋਰ ਮੋਰਚਾ ਦੇਖ ਕੇ ਹੱਲਾ ਬੋਲ ਕੇ ਹਰਨ ਹੋ ਕੇ ਫੇਰ ਕਿਲ੍ਹੇ ਵਿਚ ਆ ਜਾਂਦੇ। ਇਨ੍ਹਾਂ ਰਾਤ ਦੇ ਹੱਲਿਆਂ ਵਿਚ ਸਿੰਘਾਂ ਨੇ ਸ਼ਾਹੀ ਸੈਨਾ ਦਾ ਬਹੁਤ ਨੁਕਸਾਨ ਕੀਤਾ। ਇਸ ਸਮੇਂ ਮੀਂਹ ਦੀ ਝੜੀ ਲੱਗ ਗਈ। ਪੋਹ ਦੀ ਠੰਡ ਦਾ ਮਹੀਨਾ ਸ਼ਾਹੀ ਸੈਨਾ ਲਈ ਮੁਸੀਬਤ ਬਣ ਗਿਆ। ਸ਼ਾਹੀ ਕੈਂਪ ਸਾਰੇ ਨੀਵੀਂ ਥਾਂ ’ਤੇ ਸਨ। ਆਲੇ-ਦੁਆਲੇ ਪਹਾੜੀ ਖੱਡਾਂ ਵਿਚ ਪਾਣੀ ਭਰਨ ਨਾਲ ਇਹ ਨਦੀਆਂ ਵਾਂਗ ਭਰ ਕੇ ਵਗਣ ਲੱਗ ਪਈਆਂ ਸਨ। ਸੈਨਾ ਅਤੇ ਘੋੜੇ ਠੰਡ ਦੀ ਮਾਰ ਨਾ ਸਹਾਰਦੇ ਹੋਏ ਮਰਨ ਲੱਗ ਪਏ। ਬਾਰਸ਼ ਕਈ ਦਿਨਾਂ ਬਾਅਦ ਰੁਕੀ ਤਾਂ ਸਿੰਘ ਹੱਥਾਂ ਵਿਚ ਕ੍ਰਿਪਾਨਾਂ ਸੂਤ ਕੇ ਸ਼ਾਹੀ ਸੈਨਾ ਦੇ ਮੁਕਾਬਲੇ ਲਈ ਉਤਰ ਆਏ। ਸਿੰਘਾਂ ਨੇ ਸਾਰਾ ਦਿਨ ਡਟ ਕੇ ਲੜਾਈ ਕੀਤੀ ਅਤੇ ਸ਼ਾਮ ਤਕ ਸ਼ਾਹੀ ਸੈਨਾ ਦਾ ਬਹੁਤ ਨੁਕਸਾਨ ਕਰਕੇ ਸ਼ਾਮ ਨੂੰ ਫੇਰ ਕਿਲ੍ਹੇ ਵਿਚ ਚਲੇ ਗਏ।

ਦੂਜੇ ਦਿਨ ਸਿੰਘਾਂ ਨੇ ਸ਼ਾਹੀ ਸੈਨਾ ਨੂੰ ਅੱਗੇ ਵਧਣ ਦਿੱਤਾ ਅਤੇ ਜਦੋਂ ਸੈਨਾ ਪੂਰੀ ਤਰ੍ਹਾਂ ਮਾਰ ਹੇਠ ਆ ਗਈ ਤਾਂ ਸਿੰਘਾਂ ਨੇ ਗੋਲੀਆਂ ਤੇ ਤੀਰਾਂ ਦਾ ਅਜਿਹਾ ਮੀਂਹ ਵਰਸਾਇਆ ਕਿ ਸ਼ਾਹੀ ਸੈਨਾ ਡਿੱਗਦੀ-ਢਹਿੰਦੀ ਪਿੱਛੇ ਹਟ ਗਈ। ਸਿੰਘ ਬਹੁਤ ਬਹਾਦਰੀ ਨਾਲ ਲੜਦੇ ਹੋਏ 20-20 ਨੂੰ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਸ਼ਾਮ ਤਕ ਸ਼ਾਹੀ ਸੈਨਾ ਕਿਲ੍ਹੇ ਦੇ ਬਹੁਤ ਨੇੜੇ ਤਕ ਆ ਗਈ। ਕਿਲ੍ਹੇ ਨੇੜੇ ਦੀ ਅੱਧੀ ਤੋਂ ਜ਼ਿਆਦਾ ਖਾਈ ਲਾਸ਼ਾਂ ਨਾਲ ਭਰੀ ਹੋਈ ਸੀ। ਰਾਤ ਹੋਣ ਕਾਰਨ ਲੜਾਈ ਬੰਦ ਹੋ ਗਈ।

ਰਾਤ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਇਕ ਬਹਾਦਰ ਸਿੱਖ ਬਖਸ਼ੀ ਗੁਲਾਬ ਸਿੰਘ ਨੂੰ ਆਪਣੀ ਪੌਸ਼ਾਕ ਪਹਿਨਾ ਕੇ 10-12 ਹੋਰ ਸਿੰਘਾਂ ਨੂੰ ਕਿਲ੍ਹੇ ਵਿਚ ਛੱਡ ਕੇ ਬਾਕੀ ਦੇ ਸਿੰਘਾਂ ਨਾਲ ਰਾਤ ਨੂੰ ਇਕ ਵਾਰ ਜਬਰਦਸਤ ਧਮਾਕਾ ਕਰਕੇ ਵੈਰੀ ਦੀ ਕਮਜ਼ੋਰ ਬਾਹੀ ਤੋੜ ਕੇ ਨਾਹਨ ਦੀਆਂ ਪਹਾੜੀਆਂ ਵੱਲ ਨੂੰ ਨਿਕਲ ਗਿਆ। ਇਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਇਕੱਠੇ ਹੋਣ ਲਈ ਹੁਕਮਨਾਮੇ ਘੱਲੇ। ਡਾ. ਗੰਡਾ ਸਿੰਘ ਲਿਖਦਾ ਹੈ ਕਿ ਉਸ ਨੇ ਛੇਤੀ ਹੀ ਹੁਕਮਨਾਮੇ ਜਾਰੀ ਕਰਕੇ ਸਿੱਖਾਂ ਨੂੰ ਕੀਰਤਪੁਰ ਪੁੱਜਣ ਲਈ ਕਿਹਾ।

ਮੈਲਕਮ ਲਿਖਦਾ ਹੈ ਕਿ ਜੇਕਰ ਬਹਾਦਰ ਸ਼ਾਹ ਉਤਰੀ ਭਾਰਤ ਵਿਚ ਨਾ ਆਉਂਦਾ ਤਾਂ ਸੰਭਵ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਸਾਰੇ ਭਾਰਤ ਉਤੇ ਅਧਿਕਾਰ ਜਮਾ ਲੈਂਦੀ।

ਰੋਪੜ ਸ਼ਹਿਰ ਦੀ ਸਥਿਤੀ ਜੰਗੀ ਨੁਕਤਾ-ਨਿਗਾਹ ਤੋਂ ਬੜੀ ਢੁਕਵੀਂ ਸੀ ਇਸ ਦੇ ਉੱਤਰ ਵੱਲ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ, ਪੂਰਬ ਵੱਲ ਹਰਿਆਣਾ ਦਾ ਅੰਬਾਲਾ ਖੇਤਰ, ਦੱਖਣ ਵੱਲ ਪਟਿਆਲਾ ਤੇ ਲੁਧਿਆਣਾ ਦਾ ਮੈਦਾਨੀ ਇਲਾਕਾ ਅਤੇ ਪੱਛਮ ਵੱਲ ਹੁਸ਼ਿਆਰਪੁਰ ਤੇ ਊਨੇ ਦੀ ਨੀਮ ਪਹਾੜੀ ਖੇਤਰ ਲਗਦਾ ਹੈ।

ਰੋਪੜ ਸ਼ਹਿਰ ਸ਼ਿਵਾਲਕ ਦੀਆਂ ਪਹਾੜੀਆਂ ਦੇ ਕੰਢੇ ਉੱਤੇ ਸਥਿਤ ਹੈ ਅਤੇ ਇਸ ਖੇਤਰ ਵਿਚ ਕਈ ਦਰਿਆ ਅਤੇ ਨਾਲੇ ਚੱਲਦੇ ਹਨ, ਜੋ ਉਸ ਸਮੇਂ ਪਾਣੀ ਦੀ ਲੋੜ ਨੂੰ ਮੁੱਖ ਰਖਦੇ ਹੋਏ ਫ਼ੌਜੀ ਨੁਕਤਾ-ਨਿਗਾਹ ਤੋਂ ਪਸ਼ੂਆਂ ਅਤੇ ਸੈਨਿਕਾਂ ਲਈ ਬਹੁਤ ਲਾਹੇਬੰਦ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਥਾਨ ਨੂੰ ਆਪਣੀ ਸ਼ਕਤੀ ਇਕੱਠੀ ਕਰਨ ਲਈ ਚੁਣਿਆ।

ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਿਵਾਲਕ ਦੀਆਂ ਪਹਾੜੀਆਂ ਨੂੰ ਖੋਦ-ਖੋਦ ਕੇ ਗੁਫਾਵਾਂ(ਪਿੰਡ ਆਸਰੋ ਅਤੇ ਗੈਲ ਮਾਜਰਾ ਵਿਚ ਅੱਜ ਵੀ ਕੁਝ ਗੁਫਾਵਾਂ ਦੇਖੀਆਂ ਜਾ ਸਕਦੀਆਂ ਹਨ। ਤਕਰੀਬਨ ਫਰਲਾਂਗ ਕੁ ਲੰਬੀ ਇਕ ਗੁਫਾ ਜੋ ਚੜ੍ਹਦੇ ਤੋਂ ਲਹਿੰਦੇ, ਪਹਾੜੀ ਦੇ ਉੱਪਰਲੇ ਹਿੱਸੇ ਵਿਚ ਬਣੀ ਹੋਈ ਹੈ ਇਸ ਗੁਫਾ ਦੇ ਦੋਵੀਂ ਪਾਸੀਂ ਦਰਵਾਜ਼ੇ ਬਣੇ ਹੋਏ ਹਨ। ਇਹ ਦਰਵਾਜ਼ੇ ਦੁਸ਼ਮਣ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਿਚ ਸਹਾਈ ਹੁੰਦੇ ਸਨ। ਲੱਗਭਗ ਇਨ੍ਹਾਂ ਸਾਰੀਆਂ ਗੁਫਾਵਾਂ ਦੇ ਪ੍ਰਵੇਸ਼-ਦੁਆਰ ਹਰਿਆਵਲ ਨਾਲ ਢੱਕੇ ਹੋਣ ਕਾਰਨ ਦੁਸ਼ਮਣ ਨੂੰ ਇਨ੍ਹਾਂ ਥਾਵਾਂ ਦਾ ਸੌਖਿਆਂ ਪਤਾ ਨਹੀਂ ਸੀ ਲੱਗਦਾ। ਇਨ੍ਹਾਂ ਗੁਫਾਵਾਂ ਦੀ ਖ਼ੂਬੀ ਇਹ ਹੈ ਕਿ ਇਹ ਗਰਮੀਆਂ ਵਿਚ ਠੰਡੀਆਂ ਅਤੇ ਸਰਦੀਆਂ ਵਿਚ ਨਿੱਘੀਆਂ ਰਹਿੰਦੀਆਂ ਹਨ) ਪਹਾੜੀ ਦੇ ਹੇਠਲੇ ਹਿੱਸੇ ਵਿਚ ਬਣੀ ਇਕ ਹੋਰ ਗੁਫਾ ਵਿਚ ਬਣਿਆ ਇਕ ਕਮਰਾ ਮਨੁੱਖੀ ਮਿਹਨਤ ਦੀ ਕਮਾਲ ਦਾ ਨਮੂਨਾ ਹੈ। ਪਰ ਇਨ੍ਹਾਂ ਗੁਫਾਵਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਕ ਗੁਫਾ ਤਾਂ ਢਹਿ ਜਾਣ ਕਾਰਨ ਬਿਲਕੁਲ ਬੰਦ ਹੋ ਚੁੱਕੀ ਹੈ। ਇਸੇ ਤਰ੍ਹਾਂ ਲੰਬੀ ਅਤੇ ਤੀਜੀ ਗੁਫਾ ਡਿੱਗਣ ਕਿਨਾਰੇ ਖੜ੍ਹੀ ਹੈ। ਜੇਕਰ ਇਨ੍ਹਾਂ ਗੁਫਾਵਾਂ ਦੀ ਮੁਰੰਮਤ ਹੋ ਜਾਵੇ ਤਾਂ ਇਨ੍ਹਾਂ ਨੂੰ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ। ਵਰਖਾ ਅਤੇ ਪੌਦਿਆਂ ਦੀਆਂ ਜੜ੍ਹਾਂ ਗੁਫਾਵਾਂ ਦੇ ਅੰਦਰ ਆ ਜਾਣ ਕਾਰਨ ਇਹ ਤਬਾਹੀ ਦੇ ਕੰਢੇ ਆ ਗਈਆਂ ਹਨ। ਜਿਮਕਹਿਰ ਨਾਂ ਦੇ ਪਿੰਡ ਦਾ ਹੁਣ ਕੋਈ ਨਾਂ-ਨਿਸ਼ਾਨ ਨਹੀਂ ਰਿਹਾ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਟਿਕਾਣੇ ਦਾ ਪਤਾ ਲੱਗਣ ’ਤੇ ਬਹਾਦਰ ਸ਼ਾਹ ਨੇ ਇਥੇ ਚੜ੍ਹਾਈ ਕਰ ਦਿੱਤੀ ਸੀ। ਭਾਰੀ ਯੁੱਧ ਹੋਣ ਕਾਰਨ ਇਹ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਦੇ ਅਨੇਕਾਂ ਸਿਪਾਹੀ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਪਤਨੀਆਂ ਵੀ ਸ਼ਹੀਦ ਹੋ ਗਈਆਂ।ਰਾਜਪੂਤ ਦੇ ਰਿਵਾਜ ਅਨੁਸਾਰ ਇਨ੍ਹਾਂ ਇਸਤਰੀਆਂ ਨੂੰ ਆਪਣੇ ਪਤੀਆਂ ਨਾਲ ਸ਼ਹੀਦ ਹੋਣ ਕਰਕੇ ਸਤੀਆਂ ਕਹਿ ਕੇ ਸਤਿਕਾਰਿਆ ਜਾਂਦਾ ਆ ਰਿਹਾ ਹੈ। ਅੱਜਕਲ੍ਹ ਉਸ ਇਲਾਕੇ ਵਿਚ ਉਨ੍ਹਾਂ ਸਤੀਆਂ ਦੀਆਂ ਬਹੁਤ ਸਾਰੀਆਂ ਯਾਦਾਂ ਬਣੀਆਂ ਹੋਈਆਂ ਸਨ, ਜਿਨ੍ਹਾਂ ਦਾ ਇਲਾਕੇ ਦੇ ਲੋਕ ਅੱਜ ਵੀ ਸਤਿਕਾਰ ਕਰਦੇ ਹਨ।

ਉਨ੍ਹਾਂ ਦੀਆਂ ਇਥੇ 300 ਦੇ ਲਗਭਗ ਯਾਦਾਂ ਬਣੀਆਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਸਿਰਫ 10-15 ਹੀ ਬਾਕੀ ਰਹਿ ਗਈਆਂ ਹਨ, ਜਿਨ੍ਹਾਂ ਦਾ ਇਲਾਕੇ ਦੇ ਲੋਕ ਅੱਜ ਵੀ ਸਤਿਕਾਰ ਕਰਦੇ ਹਨ। ਇਨ੍ਹਾਂ ਮਮਟੀਆਂ ਅਤੇ ਗੁਫਾਵਾਂ ਦੇ ਦੱਖਣ ਵਾਲੇ ਪਾਸੇ ਵੱਸੇ ਪਿੰਡ ਦੇ ਕੁਝ ਸਿਆਣੇ ਵਿਅਕਤੀਆਂ ਤੋਂ ਪਤਾ ਲੱਗਾ ਕਿ ਜਿਮਕਹਿਰ ਨਾਂ ਦੇ ਪਿੰਡ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰੰਤੂ ਉਸ ਖੇਤਰ ਦੇ ਪੀਣ ਵਾਲੇ ਪਾਣੀ ਦੇ ਖੂਹਾਂ ਅਤੇ ਮਹਿਲ ਜੋ ਪੱਥਰਾਂ ਦੇ ਬਣੇ ਹੋਏ ਸਨ ਤੋਂ ਚੌਰਸ ਕੱਟੇ ਹੋਏ ਪੱਥਰ ਕੱਢ ਕੇ ਉਨ੍ਹਾਂ ਨੂੰ ਆਪਣੇ ਮਕਾਨਾਂ ਦੀਆਂ ਕੰਧਾਂ ਵਿਚ ਜ਼ਰੂਰ ਲਾਏ ਹਨ। ਜੇ ਪਹਾੜੀ ਖੇਤਰ ਦੇ ਥੋੜ੍ਹੇ ਜਿਹੇ ਥਾਂ ਵਿਚ ਕਈ ਖੂਹ ਹੋਣ ਦੀ ਗੱਲ ਪੱਕੀ ਹੈ ਤਾਂ ਇਹ ਗੱਲ ਵੀ ਪੱਕੀ ਹੈ ਕਿ ਉੱਥੇ ਜਿਮਕਹਿਰ ਨਾਂ ਦਾ ਪਿੰਡ ਜ਼ਰੂਰ ਵੱਸਦਾ ਹੋਵੇਗਾ। ਇਹ ਗੁਫਾਵਾਂ, ਜੋ ਬੰਦਾ ਸਿੰਘ ਬਹਾਦਰ ਨੇ ਆਪਣੀ ਫ਼ੌਜ ਲਈ ਕਿਲ੍ਹੇ ਦੇ ਰੂਪ ਵਿਚ ਵਰਤੀਆਂ। ਉੱਪਰੋਂ ਦੇਖਣ ਨੂੰ ਭਾਵੇਂ ਪਹਾੜੀਆਂ ਹੀ ਜਾਪਦੀਆਂ ਹਨ। ਪਰ ਕਲਾ ਦੇ ਇਸ ਅਜੂਬੇ ਨੂੰ ਦੇਖ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ।

ਪਿੰਡ ਦੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਗੁਫਾਵਾਂ ਖੋਦੇ ਜਾਣ ਦੀ ਪੱਕੀ ਜਾਣਕਾਰੀ ਨਹੀਂ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੰਤ ਸੁੰਦਰ ਦਾਸ ਨੇ ਕੁਝ ਗੁਫਾਵਾਂ ਦੀ ਮੁਰੰਮਤ ਕਰਵਾਈ ਸੀ। ਜਿਸ ਵਿਚ ਪਿੰਡ ਦੇ ਕਈ ਬੰਦਿਆਂ ਨੇ ਯੋਗਦਾਨ ਪਾਇਆ ਸੀ। ਇਨ੍ਹਾਂ ਗੁਫਾਵਾਂ ਨੂੰ ਕੋਈ ਸਿੱਧਾ ਰਸਤਾ ਨਹੀਂ ਜਾਂਦਾ ਸਗੋਂ ਇਕ ਚੋਅ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਇਨ੍ਹਾਂ ਗੁਫਾਵਾਂ ਵਿਚ ਰਹਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡਾਂ ਵਿਚ ਬੈਠੇ ਸਿੰਘਾਂ ਨੂੰ ਸੁਨੇਹੇ ਭੇਜ ਕੇ ਹਥਿਆਰ ਸਜਾ ਕੇ ਇਕੱਠੇ ਹੋਣ ਲਈ ਕਿਹਾ। ਬਹੁਤ ਸਾਰੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਥੇ ਆ ਕੇ ਮਿਲਣ ਲੱਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜੀ ਰਾਜਿਆਂ ਕੋਲੋਂ ਈਨ ਮਨਵਾਉਣੀ ਸ਼ੁਰੂ ਕਰ ਦਿੱਤੀ। ਜਦੋਂ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਕਹਿਲੂਰ ’ਤੇ ਚੜ੍ਹਾਈ ਕਰ ਦਿੱਤੀ ਅਤੇ ਰਾਜਾ ਹਾਰ ਗਿਆ। ਸਿੱਖਾਂ ਨੇ ਬਿਲਾਸਪੁਰ ਸ਼ਹਿਰ ’ਤੇ ਕਬਜ਼ਾ ਕਰ ਲਿਆ। ਡਾ. ਗੰਡਾ ਸਿੰਘ ਲਿਖਦੇ ਹਨ ਕਿ ਇਸ ਤੋਂ ਬਾਅਦ ਬਹੁਤ ਸਾਰੇ ਪਹਾੜੀ ਰਾਜਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਈਨ ਮੰਨ ਲਈ। ਬਾਬਾ ਬੰਦਾ ਸਿੰਘ ਬਹਾਦਰ ਨੇ ਇਕ ਹੋਰ ਜੰਗੀ ਨੁਕਤਾ-ਨਿਗਾਹ ਨਾਲ ਚੰਬੇ ਦੇ ਰਾਜੇ ਨਾਲ ਆਪਣੀ ਰਿਸ਼ਤੇਦਾਰੀ ਕਾਇਮ ਕੀਤੀ। ਸਿੰਘਾਂ ਨਾਲ ਵਿਚਾਰ ਕਰਕੇ ਉਸ ਨੇ ਚੰਬੇ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ। ਦਿੱਲੀ ਦੇ ਦਰਬਾਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਚਰਚਾ ਹੋਣ ਲੱਗੀ ਕਿ ਇਹ ਤਾਂ ਪਹਿਲਾਂ ਇਕੱਲਾ ਹੀ ਮਾਣ ਨਹੀਂ ਸੀ ਹੁਣ ਤਾਂ ਪਹਾੜੀ ਰਾਜਿਆਂ ਨਾਲ ਰਿਸ਼ਤੇਦਾਰੀ ਕਾਰਨ ਉਸ ਦੀ ਤਾਕਤ ਹੋਰ ਵੀ ਵਧ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਪਠਾਨਕੋਟ ਦੇ ਰਸਤੇ ਅੱਗੇ ਵਧਣ ਲੱਗਾ। ਇਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਪੁਰ ਅਤੇ ਬਹਿਰਾਮਪੁਰ ਵੱਲ ਚਾਲੇ ਪਾ ਦਿੱਤੇ। ਬਹਾਦਰ ਸ਼ਾਹ ਨੇ ਰੁਸਤਮ ਦਿਲਖਾਨ ਨੂੰ ਟਾਕਰੇ ਲਈ ਭੇਜਿਆ। ਸਿੱਖਾਂ ਨੇ ਸ਼ਾਹੀ ਫ਼ੌਜ ਦਾ ਬਹੁਤ ਨੁਕਸਾਨ ਕੀਤਾ। ਸਿੱਖਾਂ ਨੇ ਸਾਰਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ। ਪਸਰੂਰ ਕੋਲ ਸ਼ਾਹੀ ਫ਼ੌਜਾਂ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਤੇ ਸਿੱਖ ਜੰਮੂ ਵੱਲ ਨੂੰ ਚਲੇ ਗਏ। ਪਿੰਡ ਦੇ ਗਰੀਬ ਲੋਕਾਂ ’ਤੇ ਸ਼ਾਹੀ ਫ਼ੌਜਾਂ ਨੇ ਇੰਨਾ ਕਹਿਰ ਕੀਤਾ ਕਿ ਅਣਗਿਣਤ ਲੋਕਾਂ ਨੂੰ ਗ਼ੁਲਾਮ ਬਣਾ ਕੇ ਲਾਹੌਰ ਦੀ ਘੋੜਾ ਮੰਡੀ ਵਿਚ ਪਸ਼ੂਆਂ ਵਾਂਗ ਵੇਚ ਦਿੱਤਾ।

18 ਫਰਵਰੀ, 1712 ਈ: ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ ਅਤੇ ਦਿੱਲੀ ਦੇ ਤਖ਼ਤ ਬਾਰੇ ਝਗੜਾ ਪੈ ਗਿਆ। ਬਾਬਾ ਬੰਦਾ ਸਿੰਘ ਬਹਾਦਰ ਵਾਸਤੇ ਇਹ ਸੁਨਹਿਰੀ ਮੌਕਾ ਸੀ, ਉਹ ਮੁੜ ਪਹਾੜੀਆਂ ਵਿੱਚੋਂ ਨਿਕਲ ਕੇ ਸਢੌਰੇ ਉੱਤੇ ਕਾਬਜ਼ ਹੋ ਗਿਆ ਅਤੇ ਸਿੱਖ ਫੇਰ ਤੋਂ ਖ਼ਾਲਸਈ ਝੰਡੇ ਥੱਲੇ ਇਕੱਠੇ ਹੋਣੇ ਸ਼ੁਰੂ ਹੋ ਗਏ।

ਸੰਨ 1713 ਈ: ਤੋਂ ਲੈ ਕੇ ਸੰਨ 1715 ਈ: ਤਕ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਮੂ ਲਾਗੇ ਚਨਾਬ ਦੇ ਨੇੜੇ ਗੁਜ਼ਾਰਨ ਉਪਰੰਤ ਮਾਰਚ 1715 ਈ: ਵਿਚ ਬਟਾਲੇ ਅਤੇ ਕਲਾਨੌਰ ’ਤੇ ਕਬਜ਼ਾ ਕੀਤਾ। ਦਿੱਲੀ ਦੇ ਤਖ਼ਤ ਦਾ ਮੁਗ਼ਲ ਬਾਦਸ਼ਾਹ ਫਰੁੱਖ਼ਸੀਅਰ ਸੀ ਅਤੇ ਪੰਜਾਬ ਵਿਚ ਅਬਦੁੱਸਮਦ ਖਾਨ ਸੂਬੇਦਾਰ ਸੀ। ਇਨ੍ਹਾਂ ਦਿਨਾਂ ਵਿਚ ਜ਼ਕਰੀਆ ਖਾਨ ਜੰਮੂ ਅਤੇ ਪਹਾੜੀ ਇਲਾਕਿਆਂ ਵਿਚ ਰਹਿ ਰਿਹਾ ਸੀ, ਜਿਸ ਵੱਲੋਂ ਸਿੱਖ ਕੌਮ ’ਤੇ ਭਾਰੀ ਤਸ਼ੱਦਦ ਕੀਤਾ ਜਾ ਰਿਹਾ ਸੀ। ਆਮ ਹਲਕਿਆਂ ਵਿਚ ਫ਼ੌਜਦਾਰਾਂ ਨੂੰ ਖੁਲ੍ਹੇਆਮ ਜ਼ੁਲਮ ਕਰਨ ਦੇ ਅਖਤਿਆਰ ਦਿੱਤੇ ਹੋਏ ਸਨ। ਕਲਾਨੌਰ ਵਿਚ ਫ਼ੌਜਦਾਰ ਸਹਿਰਾਬ ਖਾਨ ਸੀ, ਸੰਤੋਖ ਰਾਏ ਕਾਨੂੰਗੋ ਅਤੇ ਉਨ੍ਹਾਂ ਦਾ ਭਰਾ ਅਨੋਖ ਰਾਏ ਇਨ੍ਹਾਂ ਨੇ ਕਲਾਨੌਰ ਦੇ ਆਸ-ਪਾਸ ਦੇ ਪਿੰਡਾਂ ਵਿਚ ਭਾਰੀ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਸੀ। ਇਲਾਕੇ ਦੇ ਲੋਕਾਂ ਨੇ ਦੁਖੀ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਪਾਸ ਫਰਿਆਦ ਕੀਤੀ। ਲੋਕਾਂ ਦੀ ਫਰਿਆਦ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਅਰਦਾਸਾ ਸੋਧ ਕੇ ਜੰਮੂ ਵੱਲੋਂ ਹੁੰਦੇ ਹੋਏ ਕਲਾਨੌਰ ਪਹੁੰਚੇ। ਬਾਬਾ ਜੀ ਨੇ ਸਹਿਰਾਬ ਖਾਨ ਫ਼ੌਜਦਾਰ ਨੂੰ ਆਪਣਾ ਰਵੱਈਆ ਬਦਲਣ ਲਈ ਸੁਨੇਹਾ ਭੇਜਿਆ, ਉਸ ਨੇ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਅੱਗੋਂ ਜਵਾਬ ਦਿੱਤਾ ਕਿ ਸਰਹਿੰਦ ਦੀਆਂ ਜਿੱਤਾਂ ਦਾ ਮਾਣ ਨਾ ਕਰੋ ਅਸੀਂ ਕਲਾਨੌਰ ਦੇ ਹਾਕਮ ਹਿੰਦੂ ਮੁਸਲਮਾਨ ਇਕਮੁੱਠ ਹਾਂ, ਅਸੀਂ ਤੇਰਾ ਖੁਰਾ-ਖੋਜ ਮਿਟਾ ਦਿਆਂਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਅਹੰਕਾਰ ਭਰੇ ਉੱਤਰ ਨੂੰ ਸੁਣਿਆ ਅਤੇ ਸਿੰਘਾਂ ਸਮੇਤ ਉਸ ਨੂੰ ਸੋਧਣ ਲਈ ਚੜ੍ਹਾਈ ਕਰ ਦਿੱਤੀ। ਕਲਾਨੌਰ ਵਿਚ ਬਾਬਾ ਜੀ ਦੀ ਯਾਦ ਵਿਚ ਅੱਜਕਲ੍ਹ ਇਕ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਚੰਬੇ ਤੋਂ ਹੁੰਦੇ ਹੋਏ ਗੁਰਦਾਸ ਨੰਗਲ ਜਾ ਰਹੇ ਸਨ ਤਾਂ ਧਾਰਕਲਾ ਤਹਿਸੀਲ ਦੇ ਇਲਾਕੇ ਵੱਲ ਠਹਿਰੇ ਜਿਥੇ ਅੱਜਕਲ੍ਹ ਗੁਰਦੁਆਰਾ ਸਾਹਿਬ ਪ੍ਰਤਾਪਗੜ੍ਹ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਲਿਖਤ ਦਰਜ ਹੈ। ਜੋ ਇਸ ਤਰ੍ਹਾਂ ਹੈ:

“ਸ੍ਰੀ ਗੁਰਦੁਆਰਾ ਪ੍ਰਤਾਪਗੜ੍ਹ ਸਾਹਿਬ ਸੰਖੇਪ ਇਤਿਹਾਸ ਇਹ ਉਹ ਅਸਥਾਨ ਹੈ, ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੰਬੇ ਨੂੰ ਜਾਂਦੇ ਹੋਏ ਵਿਸ਼ਰਾਮ ਅਤੇ ਬੰਦਗੀ ਕੀਤੀ ਸੀ। ਇਸ ਅਸਥਾਨ ਤੋਂ ਮੈਦਾਨ ਅਤੇ ਪਹਾੜਾਂ ਵੱਲ ਦੇ ਸਾਰੇ ਰਾਹ ਸਮੇਤ ਨੂਰਪੁਰ ਅਤੇ ਜ਼ਿਲ੍ਹੇ ਦੀਆਂ ਰਾਜਸੀ ਸਰਗਰਮੀਆਂ ’ਤੇ ਨਿਗ੍ਹਾ ਰੱਖੀ ਜਾ ਸਕਦੀ ਹੈ। ਖਾਲਸਾ ਰਾਜ ਦੇ ਨਾਮਵਰ ਜਰਨੈਲ ਸ. ਜੋਰਾਵਰ ਸਿੰਘ ਤਿੱਬਤ ਅਤੇ ਏਸ਼ੀਆ ਦੇ ਇਲਾਕਿਆਂ ਨੂੰ ਖਾਲਸਾ ਰਾਜ ਵਿਚ ਸਥਾਪਤ ਕੀਤਾ। ਸਿਰਫ ਪਹਿਲੀ ਅਤੇ ਆਖਰੀ ਵਾਰ ਹਿੰਦੁਸਤਾਨ ਦੇ ਕਿਸੇ ਜਰਨੈਲ ਨੇ ਭੂਗੋਲਿਕ ਅਤੇ ਰਾਜਸੀ ਹੱਦਾਂ ਵਧਾਈਆਂ। ਪ੍ਰਤਾਪੀ ਜਿੱਤਾਂ ਦੇ ਸਦਕੇ ਇਸ ਅਸਥਾਨ ਦਾ ਨਾਂ ਗੁਰਦੁਆਰਾ ਸਾਹਿਬ ਪ੍ਰਤਾਪਗੜ੍ਹ ਪੈ ਗਿਆ ਹੈ।”

ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸੈਨਿਕ ਮੁਗ਼ਲਾਂ ਦੇ ਘੇਰੇ ਵਿਚ ਆ ਗਏ। ਸੰਨ 1715 ਈ: ਨੂੰ ਜਦੋਂ ਬਾਦਸ਼ਾਹ ਫ਼ਰੁੱਖਸੀਅਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਖ਼ਬਰ ਪੁੱਜੀ ਤਾਂ ਬਾਦਸ਼ਾਹ ਨੇ ਲਾਹੌਰ ਦੇ ਸੂਬੇਦਾਰ ਅਬਦੁੱਸਮਦ ਖਾਨ ਅਤੇ ਕੁਮਰਦੀਨ ਖਾਨ ਨੂੰ 24000 ਫੌਜ ਦੇ ਕੇ ਸਿੰਘਾਂ ’ਤੇ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਇਸ ਵਿਚ ਅੱਧੇ ਘੋੜਸਵਾਰ, ਅੱਧੇ ਪਿਆਦੇ ਅਤੇ ਤੋਪਖਾਨਾ ਵੀ ਸ਼ਾਮਲ ਸੀ। ਮੁਗ਼ਲ ਫ਼ੌਜ ਨੇ ਗੁਰਦਾਸ ਨੰਗਲ ਦੇ ਇਕ ਟਿੱਬੇ ’ਤੇ ਕੱਚੀ ਗੜ੍ਹੀ ਨੂੰ ਆਣ ਘੇਰਿਆ। ਸਿੰਘਾਂ ਨੇ ਸ਼ਾਹੀ ਫ਼ੌਜ ਦਾ ਆਉਣਾ ਸੁਣ ਕੇ ਗੁਰਦਾਸ ਨੰਗਲ ਦੀ ਇਸ ਗੜ੍ਹੀ ਦੇ ਇਕ ਟਿੱਬੇ ਦੁਆਲੇ ਖਾਈ ਪੁੱਟ ਕੇ ਉਸ ਵਿਚ ਸ਼ਾਹੀ ਨਹਿਰ ਨੂੰ ਟੱਕ ਲਾ ਕੇ ਪਾਣੀ ਭਰ ਦਿੱਤਾ। ਇਸ ਤਰ੍ਹਾਂ ਕਰਨ ਨਾਲ ਬਾਹਰੋਂ ਕਿਸੇ ਵੀ ਆਦਮੀ ਜਾਂ ਘੋੜੇ ਦਾ ਆਉਣਾ ਮੁਸ਼ਕਿਲ ਹੋ ਗਿਆ। ਦਲੇਰ ਖਾਨ ਨੇ ਆ ਕੇ ਕਿਲ੍ਹੇ ਦਾ ਘੇਰਾ ਬਹੁਤ ਜ਼ਿਆਦਾ ਸਖ਼ਤ ਕਰ ਦਿੱਤਾ। ਜਿਹੜੇ ਸਿੰਘ ਪਿੰਡ ਵਿਚ ਦਾਣਾ-ਪੱਠਾ ਲੈਣ ਗਏ ਹੋਏ ਸਨ, ਉਹ ਸ਼ਾਹੀ ਸੈਨਾ ਦੇ ਕਾਬੂ ਆ ਗਏ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਿਲ੍ਹੇ ਅੰਦਰ ਘਾਹ ਦਾ ਇਕ ਤਿਣਕਾ ਤੇ ਅੰਨ ਦਾ ਇਕ ਦਾਣਾ ਵੀ ਨਹੀਂ ਸੀ ਜਾਣ ਦਿੱਤਾ ਗਿਆ। ਮੁੱਠੀ-ਭਰ ਸਿੰਘਾਂ ਨੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕੀਤਾ। ਦੁਸ਼ਮਣਾਂ ਅੰਦਰ ਸਿੱਖਾਂ ਦਾ ਇੰਨਾ ਜ਼ਿਆਦਾ ਭੈਅ ਬੈਠ ਚੁੱਕਾ ਸੀ ਕਿ ਉਹ ਅੱਲਾ ਪਾਸ ਇਹ ਦੁਆਵਾਂ ਕਰਦੇ ਸਨ ਕਿ ਕਾਸ਼, ਬੰਦਾ ਸਿੰਘ ਗੜ੍ਹੀ ਛੱਡ ਕੇ ਦੌੜ ਜਾਏ ਕਿਉਂਕਿ ਬਾਬਾ ਜੀ ਦੀ ਜਾਦੂਮਈ ਸ਼ਕਤੀ ਤੋਂ ਮੁਗ਼ਲ ਜ਼ਿਆਦਾ ਭੈਅਭੀਤ ਹੋ ਚੁੱਕੇ ਸਨ। ਸਿੰਘ 8 ਮਹੀਨੇ ਤਕ ਮੁਗ਼ਲਾਂ ਦਾ ਮੁਕਾਬਲਾ ਕਰਦੇ ਰਹੇ। ਗੁਰਦਾਸ ਨੰਗਲ ਦੀ ਇਸ 8 ਮਹੀਨੇ ਦੀ ਲੜਾਈ ਨੇ ਸਿੱਖ ਕੌਮ ਦਾ ਇਕ ਨਵਾਂ ਇਤਿਹਾਸ ਸਿਰਜਿਆ। ਅਸਰਾਰਿ ਸਮੱਦੀ ਵਿਚ ਲਿਖਿਆ ਹੈ,

“ਉਸ(ਬੰਦਾ ਸਿੰਘ ਬਹਾਦਰ) ਦੀ ਹਾਲਤ ਇਤਨੀ ਪਤਲੀ ਹੋ ਗਈ ਕਿ ਤੂੰ ਕਹੇਂਗਾ ਕਿ ਉਸ ਨੇ ਗਰੀਬੀ ਦੇ ਕੋਨੇ ਵਿਚ ਸੋ ਚਲੀਹੇ ਕੱਟੇ ਹੋਣ।… ਅਨਾਜ ਦਾ ਦਾਣਾ ਮੋਤੀ ਦੇ ਦਾਣੇ ਵਾਂਗ ਮਹਿੰਗਾ ਹੋ ਗਿਆ ਅਤੇ ਪਾਣੀ ਦੀ ਬੂੰਦ ਆਦਮੀਆਂ ਦੇ ਚਿਹਰੇ ਦੀ ਰੌਣਕ ਵਾਂਗ ਅਲੋਪ ਹੋ ਗਈ (ਸਿੱਖ) ਦਰਖਤਾਂ ਦੀ ਛਿਲ ਨੂੰ ਪੰਛੀ ਦੇ ਮਾਸ ਜਿਹੀ ਅਨਮੋਲ ਅਤੇ ਬ੍ਰਿਛਾਂ ਦੇ ਪੱਤੇ ਅਤੇ ਛਿਲਕੇ ਨੂੰ ਸਵਾਦੀ ਭੋਜਨ ਨਾਲੋਂ ਚੰਗਾ ਜਾਣਦੇ ਸਨ। ਉਨ੍ਹਾਂ ਦੇ ਚਿਹਰਿਆਂ ਉਤੇ ਰੌਣਕ ਨਾ ਰਹੀ ਸਗੋਂ ਰੰਗ ਕਣਕਵੰਨਾ ਵੀ ਨਾ ਰਿਹਾ।
… ਜੇ ਉਹ ਤ੍ਰੇਹ ਨਾਲ ਨਾ ਮਰਦੇ ਤਾਂ ਉਹ ਠੰਡ ਨਾਲ ਮਰ ਜਾਂਦੇ। ਜੇ ਹੌਕੇ ਦੀ ਅੱਗ ਉਨ੍ਹਾਂ ਨਾਲ ਨਿਆਂ ਕਰਨ ਨੂੰ ਬੋਹੜਦੀ ਤਾਂ ਉਹ ਉਨੀਂਦਰੇ ਹੀ ਮਾਰੇ ਜਾਂਦੇ।… ਭੁੱਖ ਨਾਲ ਉਹ ਏਕਮ ਦੇ ਚੰਦ ਵਾਂਗ ਕੁੱਬੇ ਹੋ ਗਏ। ਜੇ ਉਹ ਸੂਰਜ ਦੀ ਟਿਕੀ ਦੇਖਦੇ ਤਾਂ ਉਹ ਆਸ ਨਾਲ ਦੰਦ ਖੋਲ੍ਹਦੇ ਭਾਵ ਉਸ ਨੂੰ ਖਾਣ ਲਈ ਮੂੰਹ ਖੋਲ੍ਹ ਲੈਂਦੇ। ਉਹ ਧਰਤੀ ਦੀ ਮਿੱਟੀ ਖੰਡ ਵਾਂਗ ਚਟਮ ਕਰ ਗਏ।”

ਦਸੰਬਰ 1715 ਈ: ਨੂੰ ਗੜ੍ਹੀ ’ਤੇ ਸ਼ਾਹੀ ਫ਼ੌਜ ਨੇ ਕਬਜ਼ਾ ਕਰ ਲਿਆ। 300 ਦੇ ਕਰੀਬ ਸਿੰਘਾਂ ਨੂੰ ਥਾਂ ’ਤੇ ਹੀ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ 200 ਸਾਥੀ ਗੁਰਦਾਸ ਨੰਗਲ ਤੋਂ ਜਲੂਸ ਦੀ ਸ਼ਕਲ ਵਿਚ ਪਹਿਲਾਂ ਲਾਹੌਰ ਅਤੇ ਫਿਰ ਦਿੱਲੀ ਲਿਜਾਏ ਗਏ। ਰਸਤੇ ਵਿਚ ਹੋਰ ਗ੍ਰਿਫ਼ਤਾਰੀਆਂ ਉਪਰੰਤ ਸਿੰਘਾਂ ਦੀ ਗਿਣਤੀ 740 ਤਕ ਪੁੱਜ ਗਈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿਚ ਕੈਦ ਕਰ ਕੇ ਹਾਥੀ ’ਤੇ ਬਿਠਾਇਆ ਗਿਆ। ਇਹ ਜਲੂਸ ਫਰਵਰੀ, 1716 ਈ: ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਚ ਦਾਖਲ ਹੋਇਆ। ਜ਼ਕਰੀਆਂ ਖਾਨ ਨੇ ਸ਼ਾਹੀ ਖ਼ਜਾਨੇ ਦੇ ਇੰਚਾਰਜ ਨੂੰ ਪ੍ਰਾਪਤ ਕੀਤੇ ਕੀਮਤੀ ਮਾਲ ਤੇ ਹਥਿਆਰ ਦਿੱਤੇ। ਇਹ ਹਥਿਆਰ ਇਸ ਤਰ੍ਹਾਂ ਸਨ: ਤਲਵਾਰਾਂ 1000, ਢਾਲਾ 278, ਤੀਰ ਕਮਾਨ 173, ਤੋੜੇਦਾਰ ਬੰਦੂਕਾਂ 180, ਜਮਦਾੜ੍ਹ ਖੰਜਰ 114, ਕਰਦਾਂ 217, ਸੋਨੇ ਦੀਆਂ ਮੋਹਰਾਂ 23, ਰੁਪਏ 600 ਅਤੇ ਕੁਝ ਸੋਨੇ ਦੇ ਗਹਿਣੇ।

5 ਮਾਰਚ 1716 ਈ: ਨੂੰ ਚਾਂਦਨੀ ਚੌਂਕ ਦੇ ਸਾਹਮਣੇ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖਾਂ ਚਬੂਤਰਾ ਕੋਤਵਾਲੀ ਵਿਖੇ ਲਿਆ ਕੇ ਕਤਲ ਕੀਤੇ ਜਾਂਦਾ ਸੀ ਪਰ ਕੋਈ ਸਿੱਖ ਵੀ ਆਪਣੇ ਧਰਮ ਤੋਂ ਟੱਸ ਤੋਂ ਮੱਸ ਨਹੀਂ ਹੋਇਆ। ਚਬੂਤਰਾ ਕੋਤਵਾਲੀ ਦੀ ਜਗ੍ਹਾ ਚਾਂਦਨੀ ਚੌਂਕ ਵਿਚ ਗੁਰਦੁਆਰਾ ਸੀਸ ਗੰਜ ਦਿੱਲੀ ਅਤੇ ਸੁਨਹਿਰੀ ਮਸਜਿਦ ਦੇ ਵਿਚਕਾਰ ਹੁੰਦਾ ਸੀ। ਇਸ ਜਗ੍ਹਾ ’ਤੇ ਅੱਜਕਲ੍ਹ ਇਕ ਸਕੂਲ ਚਲਾਇਆ ਜਾ ਰਿਹਾ ਹੈ। 9 ਜੂਨ 1716 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ 26 ਚੋਣਵੇਂ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨ ਤੋਂ ਪਹਿਲਾਂ ਮਹਿਰੋਲੀ ਵਿਖੇ ਕੁਤਬ ਮੀਨਾਰ ਦੇ ਪਾਸ ਲਿਜਾਇਆ ਗਿਆ। ਉਨ੍ਹਾਂ ਦਿਨਾਂ ਵਿਚ ਕਾਕਾ ਬਖ਼ਤਿਆਰ ਕਾਕੀ ਦੀ ਮਜ਼ਾਰ ’ਤੇ ਉਰਸ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਭਾਰੀ ਮਾਤਰਾ ਵਿਚ ਲੋਕਾਂ ਦਾ ਇਕੱਠ ਉਥੇ ਆਇਆ ਹੋਇਆ ਸੀ। ਬਾਬਾ ਜੀ ਨੂੰ ਸਭ ਤੋਂ ਪਹਿਲਾਂ ਬਖ਼ਤਿਆਰ ਕਾਕੀ ਦੀ ਕਬਰ ਦੇ ਆਲੇ-ਦੁਆਲੇ ਘੁਮਾਇਆ ਗਿਆ ਅਤੇ ਫੇਰ ਬਖ਼ਤਿਆਰ ਕਾਕੀ ਦੀ ਮਜ਼ਾਰ ਵੱਲ ਆਉਂਦੀ ਸੜਕ ’ਤੇ ਬਣੇ ਦਰਵਾਜ਼ੇ ਵਿਚਕਾਰ ਬਿਠਾ ਕੇ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ ਪਰ ਗੁਰੂ ਦਾ ਸਿਦਕੀ ਸਿੱਖ ਡੋਲਿਆ ਨਹੀਂ ਅਤੇ ਚੜ੍ਹਦੀ ਕਲਾ ਵਿਚ ਰਹਿੰਦਿਆਂ ਧਰਮ ’ਤੇ ਦ੍ਰਿੜ੍ਹ ਰਿਹਾ।

ਉਸ ਤੋਂ ਬਾਅਦ ਬਾਬਾ ਜੀ ਨੂੰ ਤਸੀਹੇ ਦੇਣ ਦੀ ਅਤਿ ਕਰ ਦਿੱਤੀ ਗਈ। ਥਾਂ-ਥਾਂ ਤੋਂ ਬਾਬਾ ਜੀ ਦੇ ਸਰੀਰ ਦਾ ਮਾਸ ਨੋਚਿਆ ਗਿਆ ਅਤੇ ਛੋਟੇ-ਛੋਟੇ ਟੋਟੇ ਕਰ ਕੇ ਆਪ ਜੀ ਦੇ ਸਰੀਰ ਨੂੰ ਕੋਹਿਆ ਗਿਆ। ਪਰ ਬਾਬਾ ਜੀ ਭਾਣਾ ਮੰਨਦੇ ਹੋਏ ਮਾਨਸਿਕ-ਆਤਮਿਕ ਤੌਰ ’ਤੇ ਪੂਰੀ ਚੜ੍ਹਦੀ ਕਲਾ ਵਿਚ ਰਹਿ ਕੇ ਆਪਣੇ ਸਰੀਰ ’ਤੇ ਇਹ ਤਸੀਹੇ ਸਹਾਰਦੇ ਹੋਏ ਇਕ ਸੂਰਬੀਰ ਯੋਧੇ ਵਾਂਗ ਸ਼ਹਾਦਤ ਪ੍ਰਾਪਤ ਕੀਤੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਮੁੱਖ ਸੰਪਾਦਕ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)