ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਜਾਪੁ ਸਾਹਿਬ’ ਭਾਵੇਂ ਅਕਾਲ ਪੁਰਖ ਦੀ ਸਤੋਤ੍ਰ ਰੂਪ ਰਚਨਾ ਸਮਾਨ ਹੈ, ਪਰ ਅਕਾਲ ਪੁਰਖ ਦੇ ਗੁਣਾਂ ਦੇ ਵਰਣਨ ਵਿਚ ਸਤੋਤ੍ਰ ਤੋਂ ਪੈਦਾ ਹੋਣ ਵਾਲੀ ਨੀਰਸਤਾ ਨੂੰ ਖ਼ਤਮ ਕਰਨ ਲਈ ਰੋਚਕਤਾ ਤੇ ਬੀਰ ਰਸ ਦਾ ਸੰਚਾਰ ਕਰਨ ਲਈ ਇਸ ਰਚਨਾ ਦੇ ਛੰਦ-ਵਿਧਾਨ ਵਿਚ 10 ਕਿਸਮਾਂ ਦੇ ਛੰਦ ਵਰਤੇ ਗਏ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਸੁਰ ਛੰਦ ਦਿਵਾਕਰ’ (ਭਾਸ਼ਾ ਵਿਭਾਗ, ਪੰਜਾਬ 1970) ਵਿਚ ਲਿਖਿਆ ਹੈ ਕਿ ‘ਛੰਦ ਕਵਿਤਾ ਦੀ ਚਾਲ ਨੂੰ ਆਖਦੇ ਹਨ। ਜਿਸ ਕਾਵਯ ਵਿਚ ਮਾਤ੍ਰਾ, ਅੱਖਰ, ਗਣ ਅਤੇ ਅਨੁਪ੍ਰਾਂਸ ਆਦਿਕ ਨਿਯਮਾਂ ਦੀ ਪਾਬੰਦੀ ਹੋਵੇ, ਉਹ ਛੰਦ ਹੈ।’ ਪ੍ਰਿੰਸੀਪਲ ਸਾਹਿਬ ਸਿੰਘ ਜੀ ਦਾ ਕਥਨ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਕਾਵਿ ਵਿਚ ਲੋਕ-ਗੀਤਾਂ, ਘੋੜੀਆਂ, ਛੰਤ, ਅਲਾਹੁਣੀਆਂ, ਸਦ, ਬਾਰਾਮਾਹ, ਵਾਰ ਆਦਿਕ ਦੇਸ਼ ਪ੍ਰਚੱਲਤ ਛੰਦ ਵਰਤ ਕੇ ਜੀਵਨ ਵਿਚ ਫਿੱਕੀ ਪੈ ਗਈ ਜੀਵਨ-ਰੌ ਨੂੰ ਨਵੇਂ ਸਿਰੇ ਤੋਂ ਰੁਮਕਾਉਣ ਦਾ ਯਤਨ ਕੀਤਾ ਸੀ। ਉਸ ਦੇ ਫਲਸਰੂਪ ਜੀਵਨ ਵਿਚ ਸੱਚ, ਤਿਆਗ, ਪਿਆਰ, ਦਇਆ ਤੇ ਸੰਤੋਖ ਦੇ ਤਰੰਗ ਆਮ ਲੋਕਾਂ ਦੇ ਜੀਵਨ ਵਿਚ ਇਕ ਨਵੀਂ ਜੀਵਨ-ਰੌ ਰੁਮਕਾਉਣ ਲੱਗ ਪਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਂਤ-ਰਸ ਬਾਣੀ ਨੇ ਲੋਕਾਂ ਨੂੰ ਵਿਕਾਰਾਂ ਵੱਲੋਂ ਹਟਾ ਕੇ ਜੀਵਨ ਲਈ ਇਕ ਕ੍ਰਾਂਤੀਕਾਰੀ ਲਹਿਰ ਰੁਮਕਾ ਦਿੱਤੀ ਸੀ। ਪਰ ਉਹ ਹਿਰਦਾ ਸਦਾ ਪਵਿੱਤਰ ਨਹੀਂ ਟਿਕਿਆ ਰਹਿ ਸਕਦਾ, ਜਿਸ ਵਿਚ ਜੋਸ਼ ਦਾ ਹੁਲਾਰਾ ਨਹੀਂ; ਉਹ ਗੁਣ ਜੀਉ ਨਹੀਂ ਸਕਦਾ, ਜੋ ਉਤਸ਼ਾਹ ਨਹੀਂ ਪੈਦਾ ਕਰਦਾ। ਤਿਆਗ, ਪਿਆਰ, ਦਇਆ, ਸੰਤੋਖ ਆਦਿ ਮਨੁੱਖਾ-ਜੀਵਨ ਦੀ ਕੋਮਲ ਸੁੰਦਰਤਾ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਪੈਦਾ ਕੀਤਾ ਹੈ। ਇਸ ਪ੍ਰਜ੍ਵਲਤ ਹੋਏ ਜਮਾਲ ਨੂੰ ਜੀਉਂਦਾ ਰੱਖਣ ਲਈ ਜਲਾਲ ਦੀ ਲੋੜ ਸੀ, ਬੀਰ-ਰਸ ਦੀ ਲੋੜ ਸੀ, ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਾਵਨ ਬਾਣੀ ਦੁਆਰਾ ਪੈਦਾ ਕੀਤਾ। ‘ਜਾਪੁ ਸਾਹਿਬ’ ਇਸ ਕੜੀ ਦੀ ਪਹਿਲੀ ਮਹੱਤਵਪੂਰਨ ਸਿਰਜਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਰਾਗਾਂ ਵਿਚ ਵੰਡੀ ਹੋਈ ਹੈ, ਪਰ ‘ਜਾਪੁ ਸਾਹਿਬ’ ਦੀ ਬਾਣੀ ਵੱਖ-ਵੱਖਰੇ ਛੰਦਾਂ ਵਿਚ ਹੈ।
‘ਜਾਪੁ ਸਾਹਿਬ’ ਵਿਚ ‘ਨਮੋ’, ‘ਨਮਸਕਾਰ’, ‘ਨਮਸਤੰ’, ‘ਨਮਸਤ੍ਵੰ’ ‘ਤ੍ਵਪ੍ਰਸਾਦਿ’ ਆਦਿ ਸ਼ਬਦਾਂ ਨਾਲ ਸਾਧਕ ਦੀ ਭਗਤੀ-ਭਾਵਨਾ ਦੀ ਅਵਸਥਾ ਨੂੰ ਪ੍ਰਗਟਾਇਆ ਗਿਆ ਹੈ, ਪਰ ਯੁੱਗ ਦੀ ਲੋੜ ਅਨੁਸਾਰ ਭਗਤੀ ਦੇ ਨਾਲ ਸ਼ਕਤੀ ਦੀ ਵੀ ਲੋੜ ਪੈ ਗਈ ਸੀ। ਨਿਰੀ ਸ਼ਕਤੀ ਅੰਨ੍ਹੀ ਹੈ, ਕਿਸੇ ਪ੍ਰਕਾਰ ਦੇ ਜ਼ਾਬਤੇ ਵਿਚ ਇਸ ਨੂੰ ਬੰਨ੍ਹਣਾ ਜ਼ਰੂਰੀ ਹੈ। ਭਗਤੀ ਅਤੇ ਸ਼ਕਤੀ ਨੂੰ ਆਧਾਰ ਬਣਾਉਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ ਸਾਹਿਬ’ ਵਿਚ ਭਗਤੀ-ਭਾਵ ਦੇ ਪ੍ਰਗਟਾਵੇ ਲਈ ਤੇਜੱਸਵੀ ਸ਼ਬਦਾਵਲੀ ਅਤੇ ਛੰਦ-ਜੁਗਤਿ ਨੂੰ ਵਰਤਿਆ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ‘ਜਾਪੁ ਸਾਹਿਬ’ ਅਕਾਲ ਪੁਰਖ ਪ੍ਰਤੀ ਸਮਰਪਿਤ ਨਿਰਗੁਣ ਭਾਵਨਾ ਨੂੰ ਪ੍ਰਗਟ ਕਰਨ ਵਾਲੀ ਇਕ ਅਦੁੱਤੀ ਬਾਣੀ ਹੈ, ਪਰ ਇਸ ਦੇ ਨਾਲ ਹੀ ਇਹ ਸੰਤ- ਸਿਪਾਹੀ ਨੂੰ ਯੁੱਧ-ਕਾਰਜ ਲਈ ਉਤਸ਼ਾਹਿਤ ਅਤੇ ਨਿਰਦੇਸ਼ਤ ਵੀ ਕਰਦੀ ਹੈ।
‘ਜਾਪੁ ਸਾਹਿਬ’ ਦੇ 199 ਬੰਦਾਂ ਵਿਚ 10 ਕਿਸਮਾਂ ਦੇ ਛੰਦ: ਛਪੈ, ਭੁਜੰਗ ਪ੍ਰਯਾਤ (ਛੇ ਵਾਰੀ), ਚਾਚਰੀ (ਚਾਰ ਵਾਰੀ), ਚਰਪਟ (ਦੋ ਵਾਰੀ), ਰੂਆਲ, ਮਧੁਭਾਰ (ਦੋ ਵਾਰੀ), ਭਗਵਤੀ (ਦੋ ਵਾਰੀ), ਰਸਾਵਲ, ਹਰਿਬੋਲਮਨਾ ਅਤੇ ਏਕ ਅਛਰੀ ਦੀ ਵਰਤੋਂ ਕਰ ਕੇ 22 ਵੇਰਾਂ ਛੰਦ ਪਰਿਵਰਤਨ ਦੀ ਯੁਕਤੀ ਨੂੰ ਨਿਭਾਇਆ ਗਿਆ ਹੈ। ਇਸ ਬਾਣੀ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪ੍ਰਯੁਕਤ ਹੋਏ ਛੰਦਾਂ ਦੀ ਸਹਾਇਤਾ ਨਾਲ ਇਸ ਬਾਣੀ ਦਾ ਰਚਨਾ-ਵਿਧਾਨ ਗਤਕੇ ਦੀ ਚਾਲ ਉੱਤੇ ਉਸਾਰਿਆ ਗਿਆ ਹੈ। ਗਤਕਾ, ਕਿਰਪਾਨ ਆਦਿਕ ਸ਼ਸਤਰ ਚਲਾਉਣ ਅਤੇ ਸ਼ਿਸਤ ਬੰਨ੍ਹ ਕੇ ਵਿਰੋਧੀ ਉੱਤੇ ਵਾਰ ਕਰਨਾ ਅਤੇ ਉਸ ਦੇ ਵਾਰ ਤੋਂ ਆਪਣੇ ਆਪ ਨੂੰ ਬਚਾਉਣਾ ਗਤਕੇ ਦਾ ਹੁਨਰ ਹੈ। ਸੰਤ-ਸਿਪਾਹੀ ਦੇ ਮਨ ਵਿਚ ਪ੍ਰਭੂ-ਜਾਪ ਦੇ ਅਲਾਪ ਦੇ ਨਾਲ ਬੀਰ-ਰਸੀ ਉਤਸ਼ਾਹ ਬਣਾਈ ਰੱਖਣ ਲਈ ‘ਜਾਪੁ ਸਾਹਿਬ’ ਦੀ ਬਾਣੀ ਦੇ ਛੰਦ ਕਮਾਲ ਦਾ ਅਸਰ ਰੱਖਦੇ ਹਨ। ਇਸ ਤਰ੍ਹਾਂ ਇਥੇ ਮਾਲਾ ਅਤੇ ਕਿਰਪਾਨ, ਭਗਤੀ ਅਤੇ ਸ਼ਕਤੀ, ਸੰਤ ਅਤੇ ਸਿਪਾਹੀ, ਸ਼ਸਤਰ ਅਤੇ ਸ਼ਾਸਤਰ ਸਮਨਵੈ ਹੁੰਦਾ ਹੈ।
ਪ੍ਰਾਚੀਨ ਇਤਿਹਾਸਕ ਗ੍ਰੰਥਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਪੁਰਾਣੇ ਸਮਿਆਂ ਵਿਚ ਸਿੰਘ ਇਸ ਬਾਣੀ ਦਾ ਪਾਠ ਕਮਰਕੱਸਾ ਕਰ ਕੇ ਕਰਦੇ ਸਨ। ਬਹੁਤ ਸਾਰੇ ਪੁਰਾਤਨ ਗਤਕਾ ਅਖਾੜਿਆਂ ਵਿਚ ਇਹ ਪਰਿਪਾਟੀ ਰਹੀ ਹੈ ਕਿ ਗਤਕੇ ਦੀ ਸਿਖਲਾਈ ਵੇਲੇ ਉੱਚੇ ਸੁਰ ਵਿਚ ‘ਜਾਪੁ ਸਾਹਿਬ’ ਦਾ ਪਾਠ ਵੀ ਕੀਤਾ ਜਾਂਦਾ ਰਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ, ਸਿੱਖ ਸਿਪਾਹੀਆਂ ਨੂੰ ਸਵੇਰ ਵੇਲੇ ਗਤਕੇ ਦੀ ਸਿਖਲਾਈ ‘ਭੋਗਪੁਰਾ’ ਨਾਮ ਦੇ ਸਥਾਨ ਉੱਪਰ ਕਰਵਾਈ ਜਾਂਦੀ ਸੀ ਅਤੇ ਨਾਲ ਹੀ ‘ਜਾਪੁ ਸਾਹਿਬ’ ਦੇ ਪਾਠ ਕਰਨ ਦਾ ਅਭਿਆਸ ਵੀ ਕਰਵਾਇਆ ਜਾਂਦਾ ਸੀ। ਇਹ ਭੋਗਪੁਰਾ ਸਥਾਨ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਦੇ ਵਿਚਾਲੇ ਕਿਤੇ ਰਿਹਾ ਹੈ, ਜਿੱਥੇ ਇਕ ਮਿੱਟੀ ਦੇ ਦਸ ਕੁ ਫੁੱਟ ਉੱਚੇ ਟਿੱਲੇ ਦੇ ਆਲੇ-ਦੁਆਲੇ ਪੱਧਰੀ ਧਰਤੀ ਉੱਤੇ ਗਤਕਾ ਖੇਡਿਆ ਜਾਂਦਾ ਸੀ। ਟਿੱਲੇ ਉੱਤੇ ਬੈਠਾ ਸਿੰਘ ‘ਜਾਪੁ ਸਾਹਿਬ’ ਦਾ ਪਾਠ ਉੱਚੀ ਸੁਰ ਵਿਚ ਕਰਦਾ ਸੀ ਅਤੇ ਹੋਰ ਸਿੰਘ ਉਸ ਦੇ ਨਾਲ ‘ਜਾਪੁ ਸਾਹਿਬ’ ਦਾ ਪਾਠ ਕਰਦਿਆਂ ਸ਼ਸਤਰ ਅਭਿਆਸ ਕਰਦੇ ਸਨ।
ਇਸ ਕਰਕੇ ਇਸ ਰਚਨਾ ਦਾ ਛੰਦ-ਵਿਧਾਨ ਗਤਕੇ ਦੀ ਚਾਲ ਦੇ ਅਨੁਰੂਪ ਹੈ। ਸ਼ੁਰੂ ਵਿਚ ‘ਛਪੈ ਛੰਦ’ ਰਾਹੀਂ ਇਸ਼ਟ ਦੀ ਅਰਾਧਨਾ ਅਤੇ ਫਿਰ ਸੱਪ ਦੀ ਗਤੀ ਅਨੁਰੂਪ ਚੱਲਣ ਵਾਲੇ ‘ਭੁਜੰਗ ਪ੍ਰਯਾਤ’ ਦੀ ਵਰਤੋਂ ਦੁਆਰਾ ਸ਼ਸਤਰ ਪ੍ਰਹਾਰ ਸ਼ੁਰੂ ਹੁੰਦਾ ਹੈ। ਯੁੱਧ-ਗਤੀ ਦੀ ਤੇਜ਼ੀ ਨਾਲ ਛੰਦ ਵਰਤੋਂ ਵਿਚ ਪਰਿਵਰਤਨ ਹੁੰਦਾ ਹੈ ਅਤੇ ‘ਚਾਚਰੀ ਛੰਦ’ ਰਾਹੀਂ ਕਿਰਪਾਨ ਦੇ ਤਿਰਛੇ ਪ੍ਰਹਾਰ ਵਾਲਾ ਪੈਂਤਰਾ ਬਦਲਿਆ ਜਾਂਦਾ ਹੈ। ਇਸ ਪੈਂਤਰੇ ਵਿਚ ਸੰਤ-ਸਿਪਾਹੀ ਬੀਰ-ਰਸੀ ਭਾਵਨਾ ਨਾਲ ਸਰਸ਼ਾਰ ਹੋ ਕੇ ਉਚਾਰਦਾ ਹੈ:
ਅਰੂਪ ਹੈਂ॥ ਅਨੂਪ ਹੈਂ॥
ਅਜੂ ਹੈਂ॥ ਅਭੂ ਹੈਂ॥29॥
ਅਲੇਖ ਹੈਂ॥ ਅਭੇਖ ਹੈਂ॥
ਅਨਾਮ ਹੈਂ॥ ਅਕਾਮ ਹੈਂ॥30॥
ਅਧੇ ਹੈਂ॥ ਅਭੇ ਹੈਂ॥
ਅਜੀਤ ਹੈਂ॥ ਅਭੀਤ ਹੈਂ॥31॥
ਇਵੇਂ ਇਕ ਪਾਸੇ ਤੇਗ ਚੱਲਦੀ ਰਹਿੰਦੀ ਹੈ ਅਤੇ ਦੂਜੇ ਪਾਸੇ ਨਾਮ-ਮਾਲਾ ਦਾ ਜਾਪ ਵੀ ਜਾਰੀ ਰਹਿੰਦਾ ਹੈ। ਕੁਝ ਕੁ ਯੁੱਧ ਕਰ ਚੁਕਣ ’ਤੇ ਸੰਤ-ਸਿਪਾਹੀ ਨੂੰ ਫਿਰ ਤੋਂ ਬਲ ਅਰਜਿਤ ਕਰਨ ਦਾ ਉੱਦਮ ਕਰਨਾ ਹੁੰਦਾ ਹੈ। ਅਜਿਹੇ ਅਵਸਰ ਵੇਲੇ ‘ਰੂਆਲ ਛੰਦ’ ਦੀ ਵਰਤੋਂ ਕਰ ਕੇ ਯੁੱਧ-ਗਤੀ ਧੀਰੀ ਕੀਤੀ ਜਾਂਦੀ ਹੈ:
ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ॥
ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ॥
ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ॥
ਜੱਤ੍ਰ ਤੱਤ੍ਰ ਬਿਰਾਜਹੀ ਅਵਧੂਤ ਰੂਪ ਰਸਾਲ॥79॥
ਥੋੜ੍ਹਾ ਸਾਹ ਲੈਣ ਤੋਂ ਬਾਅਦ ‘ਮਧੁਭਾਰ ਛੰਦ’ ਰਾਹੀਂ “ਗੁਨ ਗੁਨ ਉਦਾਰ॥ ਮਹਿਮਾ ਅਪਾਰ॥ ਆਸਨ ਅਭੰਗ॥ ਉਪਮਾ ਅਨੰਗ॥” ਆਦਿ ਦੇ ਬੋਲਾਂ ਨਾਲ ਯੁੱਧ ਵਿਚ ਤੇਜ਼ੀ ਆ ਜਾਂਦੀ ਹੈ, ਜਿਸ ਨੂੰ ‘ਚਾਚਰੀ’ ਅਤੇ ‘ਭੁਜੰਗ ਪ੍ਰਯਾਤ ਛੰਦ’ ਤੋਂ ਤੀਬਰ ਕਰਦੇ ਹਨ। ਸੈਨਿਕਾਂ ਦੀ ਭਿੜੰਤ ਵੇਲੇ ਲਲਕਾਰੇ ਲਈ ਵਰਤੀ ਉਕਤੀ-ਪ੍ਰਤਿਉਕਤੀ ਦੀ ਜੁਗਤ ਨਾਲ ਵੰਗਾਰ ਪਾਈ ਜਾਂਦੀ ਹੈ, ਪਰ ਸੰਤ-ਸਿਪਾਹੀ ਦੀ ਇਹ ਜੁਗਤ ‘ਹਰਿਬੋਲਮਨਾ ਛੰਦ’ ਦੀ ਵਰਤੋਂ ਦੁਆਰਾ ਸੰਪੰਨ ਹੁੰਦੀ ਹੈ। ‘ਏਕ ਅਛਰੀ ਛੰਦ’ ਦੀ ਵਰਤੋਂ ਨਾਲ ਯੁੱਧ-ਗਤੀ ਪ੍ਰਾਕਾਸ਼ਠਾ ਨੂੰ ਪਹੁੰਚ ਜਾਂਦੀ ਹੈ। ਫਿਰ ਇਕ ਪਾਸੇ ਸੁਰਤਿ ਸ਼ਬਦ ਵਿਚ ਟਿਕ ਜਾਂਦੀ ਹੈ ਅਤੇ ਸ਼ਸਤਰ ਸ਼ਤਰੂ ਦਾ ਵਿਧਵੰਸ ਕਰ ਦਿੰਦੇ ਹਨ। ਇਸ ਤਰ੍ਹਾਂ ਸੰਤ-ਸਿਪਾਹੀ ਵਿਜੈਸ਼ਾਲੀ ਮੁਦਰਾ ਵਿਚ ਪਰਮ-ਸੱਤਾ ਪ੍ਰਤੀ ਕ੍ਰਿਤਗਿਅਤਾ ਦੀ ਭਾਵਨਾ ਪ੍ਰਗਟ ਕਰਦਿਆਂ ਵਿਸਮਾਦੀ ਅਵਸਥਾ ਵਿਚ ਬੋਲਦਾ ਹੈ:
ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ॥
ਅਗੰਜੁਲ ਅਨਾਮੇ ਸਮਸਤੁਲ ਨਿਵਾਸੇ॥
ਨ੍ਰਿਕਾਮੰ ਬਿਭੂਤੇ ਸਮਸਤੁਲ ਸਰੂਪੇ॥
ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ॥197॥…
ਚੱਤ੍ਰ ਚਕ੍ਰ ਵਰਤੀ ਚਤ੍ਰ ਚੱਕ੍ਰ ਭੁਗਤੇ॥
ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ॥
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ॥
ਸਦਾ ਅੰਗ ਸੰਗੇ ਅਭੰਗੰ ਬਿਭੂਤੇ॥199॥
ਇਸ ਤਰ੍ਹਾਂ ‘ਜਾਪੁ ਸਾਹਿਬ’ ਬਾਣੀ ਵਿਚ ਯੁੱਧ ਦੀ ਚਾਲ ਅਤੇ ਪੈਂਤਰਿਆਂ ਦੇ ਬਦਲਣ ਅਨੁਰੂਪ ਇਸ ਵਿਚ 10 ਕਿਸਮਾਂ ਦੇ ਛੰਦ ਵਰਤੇ ਮਿਲਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਲੋੜ ਅਨੁਸਾਰ 22 ਵਾਰ/ਛੰਦ ਪਰਿਵਰਤਨ ਹੋਇਆ ਹੈ। ਇਸ ਪਾਵਨ ਬਾਣੀ ਵਿਚ ਪ੍ਰਯੁਕਤ ਹੋਏ ਨਿੱਕੇ-ਨਿੱਕੇ ਅਤੇ ਇਕਹਿਰੇ ਛੰਦਾਂ ਦੀ ਵਰਤੋਂ ਇਕ ਪਾਸੇ ਜਾਪ ਕਰਨ ਵਾਲੇ ਦੀ ਬਿਰਤੀ ਨੂੰ ਇਕਾਗਰ ਕਰ ਕੇ ਬੀਰ-ਰਸ ਦਾ ਸੰਚਾਰ ਕਰਦਿਆਂ ਸ਼ਸਤਰ-ਅਭਿਆਸ ਅਤੇ ਯੁੱਧ-ਸੰਘਰਸ਼ ਦੇ ਪੈਂਤਰਿਆਂ ਦੀ ਭੂਮਿਕਾ ਨਿਭਾਉਣ ਵਿਚ ਸਹਾਈ ਹੁੰਦੀ ਹੈ। ਦੂਜੇ ਪਾਸੇ ਇਸ ਬਾਣੀ ਦੇ ਪਾਠ ਨਾਲ ਹਿਰਦਾ ਬੀਰ-ਰਸ ਦੇ ਜੋਸ਼ ਨਾਲ ਨੱਚ ਉੱਠਦਾ ਹੈ। ਇਸ ਦੇ ਨਾਲ ਹੀ ਇਹ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਗੁਰੂ-ਦਸਮੇਸ਼ ਜੀ ਨੇ ਇਸ ਬਾਣੀ ਵਿਚ ਛੰਦ-ਜੁਗਤਾਂ ਨੂੰ ਭਿੰਨ-ਭਿੰਨ ਭਾਵਾਂ ਦੇ ਪ੍ਰਗਟਾਵੇ ਦੇ ਸਾਧਨ ਵਜੋਂ ਹੀ ਵਰਤਿਆ ਹੈ। ਇਸ ਬਾਣੀ ਦੀ ਸਿਰਜਣਾ ਕੇਵਲ ਛੰਦ ਸਿਰਜਣ ਲਈ ਨਹੀਂ ਕੀਤੀ ਗਈ। ਫਿਰ ਜਿੱਥੇ ਰਾਗ, ਲੈਅ ਤੇ ਭਾਵ ਦੇ ਪ੍ਰਗਟਾਵੇ ਲਈ ਲੋੜ ਸਮਝੀ ਹੈ, ਉਥੇ ਛੰਦਾਂ ਦੇ ਕਰੜੇ ਬੰਧੇਜ ਵਿਚ ਲੋੜੀਂਦੇ ਪਰਿਵਰਤਨ ਵੀ ਕਰ ਲਏ ਹਨ।
ਲੇਖਕ ਬਾਰੇ
18, ਗੁਰੂ ਅਰਜਨ ਨਗਰ, ਰੇਲਵੇ ਕਾਲੋਨੀ, ਸਹਾਰਨਪੁਰ-247001
- ਹੋਰ ਲੇਖ ਉਪਲੱਭਧ ਨਹੀਂ ਹਨ