ਗੜ੍ਹੀ ਵੇ ਗੜ੍ਹੀ, ਇਹ ਕਿਹੜੀ ਗੜ੍ਹੀ?
ਇਹ ਤਾਂ ਚਮਕੌਰ ਦੀ ਗੜ੍ਹੀ।
ਜਿੱਥੇ ਲਾਈ ਅਜੀਤ ਤੇ ਜੁਝਾਰ ਨੇ, ਤੀਰਾਂ ਦੀ ਝੜੀ।
ਕੰਧ ਕੱਚੀ ਗੜ੍ਹੀ ਦੀ, ਜਿੱਥੇ ਸਿੰਘਾਂ ਲਾਏ ਡੇਰੇ।
ਨਿਤਨੇਮ ਕੀਤਾ ਸਿੰਘਾਂ, ਉੱਠ ਕੇ ਸਵੇਰੇ।
ਪਹੁ ਫੁਟਣ ਤੋਂ ਪਹਿਲਾਂ ਘੇਰੀ, ਵੈਰੀ ਨੇ ਗੜ੍ਹੀ।
ਗੜ੍ਹੀ ਵੇ ਗੜ੍ਹੀ, ਇਹ ਕਿਹੜੀ ਗੜ੍ਹੀ?
ਇਹ ਤਾਂ ਚਮਕੌਰ ਦੀ ਗੜ੍ਹੀ,
ਜਿੱਥੇ ਲਾਈ, ਅਜੀਤ ਤੇ ਜੁਝਾਰ ਨੇ,ਤੀਰਾਂ ਦੀ ਝੜੀ।
ਝੜੀ ਤੀਰਾਂ ਦੀ ਲਾਈ, ਸਿੰਘਾਂ ਕਮਾਨ ’ਚੋਂ।
ਤੇਗ ਵਾਹੀ ਅਜੀਤ ਤੇ ਜੁਝਾਰ ਨੇ,
ਜਿਵੇਂ ਕੜਕੀ ਬਿਜਲੀ ਅਸਮਾਨ ’ਚੋਂ।
ਸੱਥਰ ਵੈਰੀ ਦੇ ਪਾਏ, ਨਾ ਤੇਗ ਇਨ੍ਹਾਂ ਦੀ ਖੜ੍ਹੀ;
ਗੜ੍ਹੀ ਵੇ ਗੜ੍ਹੀ, ਇਹ ਚਮਕੌਰ ਦੀ ਗੜ੍ਹੀ,
ਜਿੱਥੇ ਲਾਈ ਅਜੀਤ ਤੇ ਜੁਝਾਰ ਨੇ, ਤੀਰਾਂ ਦੀ ਝੜੀ।
ਗਾਨਾ ਸ਼ਗਨਾਂ ਦਾ ਬੰਨ੍ਹ,
ਹੱਥੀਂ ਮਹਿੰਦੀ ਖੂਨ ਦੀ ਲਗਾਏ।
ਜਾਂਞੀ ਪੰਜ ਪੰਜ ਤੋਰ,
ਬਾਬਲ ਪੁੱਤਰ ਘੋੜੀ ਚੜ੍ਹਾਏ।
ਇਕ ਪਾਸੇ ਬਾਬਲ ਦੇ ਚਾਅ,
ਦੂਜੇ ਪਾਸੇ ਲਾੜੀ ਮੌਤ ਹੈ ਖੜ੍ਹੀ।
ਗੜ੍ਹੀ ਵੇ ਗੜ੍ਹੀ, ਇਹ ਕਿਹੜੀ ਗੜ੍ਹੀ,
ਇਹ ਤਾਂ ਚਮਕੌਰ ਦੀ ਗੜ੍ਹੀ।
ਜਿੱਥੇ ਲਾਈ ਅਜੀਤ ਤੇ ਜੁਝਾਰ ਨੇ ਤੀਰਾਂ ਦੀ ਝੜੀ।
ਜਾਮ ਸ਼ਹੀਦੀ ਦਾ ਪੀ ਕੇ,
ਬੇਟੇ ਦੇ ਗਏ ਕੁਰਬਾਨੀ।
ਨਹੀਂ ਹੋਰ, ਪਿਤਾ ਦਸ਼ਮੇਸ਼ ਬਿਨਾਂ,
ਜੋ ਹੈ ਪੁੱਤਰਾਂ ਦਾ ਦਾਨੀ।
‘ਰਾਹੀ’ ਨਾ ਗੁੰਦੀ ਕਿਸੇ ਵਾਗ਼,
ਨਾ ਗੁੰਦੀ ਕਿਸੇ ਸਿਹਰੇ ਦੀ ਲੜੀ।
ਗੜ੍ਹੀ ਵੇ ਗੜ੍ਹੀ, ਇਹ ਕਿਹੜੀ ਗੜ੍ਹੀ?
ਇਹ ਤਾਂ ਚਮਕੌਰ ਦੀ ਗੜ੍ਹੀ,
ਜਿੱਥੇ ਲਾਈ ਅਜੀਤ ਤੇ ਜੁਝਾਰ ਨੇ ਤੀਰਾਂ ਦੀ ਝੜੀ।
ਲੇਖਕ ਬਾਰੇ
ਇਨਕਲਾਬੀ ਲੇਖਕ ਤੇ ਕਵੀ
ਪਿੰਡ ਤੇ ਡਾਕਖਾਨਾ ਘੋੜੇਵਾਹ, ਜ਼ਿਲ੍ਹਾ – ਗੁਰਦਾਸਪੁਰ
- ਹੋਰ ਲੇਖ ਉਪਲੱਭਧ ਨਹੀਂ ਹਨ