10 ਫਰਵਰੀ, 1846 ਨੂੰ ਸਭਰਾਉਂ ਵਿਖੇ ਅੰਗਰੇਜ਼ਾਂ ਤੇ ਸਿੱਖਾਂ ਦਾ ਯੁੱਧ ਇਤਿਹਾਸ ਦੀ ਮਹੱਤਵਪੂਰਨ ਘਟਨਾ ਹੈ। ਅੰਗਰੇਜ਼ਾਂ ਜਿਹੀ ਚਤੁਰ, ਸ਼ਕਤੀਸ਼ਾਲੀ ਕੌਮ ਤੋਂ ਬਿਨਾਂ ਗ਼ਦਾਰਾਂ ਦੀਆਂ ਜ਼ਹਿਰੀਲੀਆਂ ਸਾਜ਼ਿਸ਼ਾਂ ਦਾ ਸਿਦਕਦਿਲੀ ਨਾਲ ਸਿੱਖਾਂ ਨੇ ਟਾਕਰਾ ਕਰਦਿਆਂ ਆਪਣੇ ਲਹੂ ਨਾਲ ਇਤਿਹਾਸ ਦੇ ਸਫ਼ੇ ’ਤੇ ਦੇਸ਼-ਭਗਤੀ ਅਤੇ ਸੂਰਬੀਰਤਾ ਦੀ ਅਣਖੀ ਕਹਾਣੀ ਲਿਖੀ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਅੰਦਰ ਡੋਗਰਿਆਂ ਦੀਆਂ ਸਾਜ਼ਿਸ਼ਾਂ ਸਦਕਾ ਹੋਈ ਬੁਰਛਾਗਰਦੀ ਤੇ ਖ਼ੂਨ-ਖ਼ਰਾਬੇ ਦੇ ਕਾਲੇ ਦੌਰ ਵਿਚ ਆਖ਼ਰ ਨਵੰਬਰ 1845 ਨੂੰ ਮਿਸਰ ਲਾਲ ਸਿੰਘ ਵਜ਼ੀਰ ਅਤੇ ਤੇਜ ਸਿੰਘ ਖਾਲਸਾ ਫੌਜ ਦਾ ਸੈਨਾਪਤੀ ਬਣਿਆ। ਲੰਮੇ ਸਮੇਂ ਤੋਂ ਪੰਜਾਬ ਨੂੰ ਹੜੱਪਣ ਲਈ ਤਰਲੋਮੱਛੀ ਹੋ ਰਹੇ ਅੰਗਰੇਜ਼ਾਂ ਨਾਲ ਇਨ੍ਹਾਂ ਦੋਵਾਂ ਗ਼ਦਾਰਾਂ ਨੇ ਰਲ ਕੇ ਬੜੀ ਮੱਕਾਰੀ ਨਾਲ ਮੁੱਦਕੀ ਅਤੇ ਫਿਰੋਜ਼ਸ਼ਾਹ ਦੇ ਯੁੱਧਾਂ ਵਿਚ ਸਿੱਖ ਸੈਨਾ ਨੂੰ ਨਸ਼ਟ ਕਰਵਾਉਣ ਵਿਚ ਕੋਈ ਕਸਰ ਨਾ ਛੱਡੀ। ਮਹਾਰਾਜਾ ਰਣਜੀਤ ਸਿੰਘ ਜਿਹੇ ਮਹਾਨ ਯੋਧੇ ਦੁਆਰਾ ਤਿਆਰ ਕੀਤੀ ਸੈਨਾ ਨੂੰ ਨਸ਼ਟ ਕਰਵਾਉਣਾ ਇੰਨਾ ਆਸਾਨ ਕਾਰਜ ਨਹੀਂ ਸੀ। ਆਖ਼ਰ ਨਵੇਂ ਬਣੇ ਵਜ਼ੀਰ ਗੁਲਾਬ ਸਿੰਘ ਜੰਮੂ ਵਾਲੇ ਨਾਲ ਮਿਲ ਕੇ ਇਨ੍ਹਾਂ ਨੇ ਅੰਗਰੇਜ਼ਾਂ ਨਾਲ ਗੁਪਤ ਸੰਧੀ ਕਰ ਕੇ ਸਭਰਾਉਂ ਦਾ ਯੁੱਧ ਲੜਨ ਦਾ ਫ਼ੈਸਲਾ ਕੀਤਾ। ਮਿ. ਜੇ. ਡੀ. ਕਨਿੰਘਮ ਇਸ ਸੰਧੀ ਬਾਰੇ ਲਿਖਦਾ ਹੈ:
‘The Sikh army should be attacked by the English, and that when beaten, itshould be openly abandoned by its own government; and further, that the passage of the Sutlej should be unopposed and the road to the capital laid open to the victors.’1
ਉਪਰੋਕਤ ਗੁਪਤ ਸੰਧੀ ਤੋਂ ਸਪੱਸ਼ਟ ਹੈ ਕਿ ਯੋਜਨਾ ਅਨੁਸਾਰ ਅੰਗਰੇਜ਼ਾਂ ਨੇ ਸਿੱਖਾਂ ’ਤੇ ਹਮਲਾ ਕਰਨ ਅਤੇ ਸੈਨਾਪਤੀਆਂ ਦਾ ਫ਼ੌਜ ਨੂੰ ਇਕੱਲੇ ਛੱਡ ਕੇ ਦੌੜਨਾ ਤਹਿ ਕੀਤਾ ਗਿਆ। ਇਸ ਪਿੱਛੋਂ ਜੇਤੂ ਅੰਗਰੇਜ਼ ਸੈਨਾ ਦੇ ਬਿਨਾਂ ਕਿਸੇ ਵਿਰੋਧ ਤੋਂ ਲਾਹੌਰ ਦਾਖ਼ਲ ਹੋ ਜਾਣ ਦੀ ਸਾਜ਼ਿਸ਼ ਵੀ ਇਸ ਵਿਚ ਸ਼ਾਮਲ ਸੀ।
ਮਹਾਰਾਣੀ ਜਿੰਦਾਂ ਵੱਲੋਂ ਪੈਗ਼ਾਮ ਮਿਲਣ ’ਤੇ ਸ. ਸ਼ਾਮ ਸਿੰਘ ਅਟਾਰੀ ਵਾਲੇ ਨੇ ਅਜਿਹੇ ਬਿਖੜੇ ਮੌਕੇ ’ਤੇ ਆਪਣੇ ਕੌਮੀ ਗੌਰਵ ਲਈ ਸਿਰਧੜ ਦੀ ਬਾਜੀ ਲਾਉਣ ਦਾ ਫ਼ੈਸਲਾ ਕਰ ਲਿਆ।
ਸਿੱਖ ਸੈਨਾ ਬੇੜੀਆਂ ਦਾ ਪੁਲ ਬੰਨ੍ਹ ਕੇ ਸਤਲੁਜ ਪਾਰ ਕਰ ਗਈ। ਸਿੱਖਾਂ ਦੀਆਂ 67 ਤੋਪਾਂ ਅਤੇ 25 ਹਜ਼ਾਰ ਸੈਨਿਕ2 ਅੰਗਰੇਜ਼ਾਂ ਖ਼ਿਲਾਫ਼ ਯੁੱਧ ਲਈ ਉਤਾਵਲੇ ਹੋ ਰਹੇ ਸਨ। ਇੱਕ-ਇੱਕ ਸਿਪਾਹੀ ਤਰਖਾਣ, ਮਜ਼ਦੂਰ ਅਤੇ ਰਾਜ ਦਾ ਕੰਮ ਵੀ ਕਰਦਾ ਅਤੇ ਫਿਰ ਵੇਲਾ ਆਉਣ ’ਤੇ ਮੋਢੇ ’ਤੇ ਬੰਦੂਕ ਰੱਖ ਕੇ ਸਿਪਾਹੀ ਦੀ ਡਿਊਟੀ ਵੀ ਦਿੰਦਾ।3
ਮਿ. ਕਨਿੰਘਮ ਅਨੁਸਾਰ, ‘At Sabraon, as in the other battles of the campaign, the soldiers did everything and the lead- ers nothing.’4 ਗੁਲਾਬ ਸਿੰਘ ਨੇ ਤਾਂ ਸਿੱਖ ਫ਼ੌਜ ਨੂੰ ਖਾਣਾ-ਦਾਣਾ ਅਤੇ ਗੋਲੀ-ਬਾਰੂਦ ਭੇਜਣਾ ਵੀ ਬੰਦ ਕਰ ਦਿੱਤਾ।5 ਗ਼ਦਾਰ ਲਾਲ ਸਿੰਘ ਨੇ ਮੁਨਸ਼ੀ ਸਮਸ਼ੂਦੀਨ ਕਸੂਰੀਏ ਰਾਹੀਂ 8 ਫਰਵਰੀ ਨੂੰ ਮੇਜਰ ਲਾਰੰਸ ਕੋਲ ਖਾਲਸਾ ਫ਼ੌਜ ਦੀ ਤਰਤੀਬ ਦਾ ਵੇਰਵਾਪੂਰਨ ਨਕਸ਼ਾ ਭੇਜ ਦਿੱਤਾ ਜੋ ਯੁੱਧ ਸਮੇਂ ਅੰਗਰੇਜ਼ਾਂ ਦੇ ਬਹੁਤ ਕੰਮ ਆਇਆ।6 9 ਫਰਵਰੀ ਨੂੰ ਗ਼ਦਾਰ ਤੇਜ ਸਿੰਘ ਨੇ ਸ. ਸ਼ਾਮ ਸਿੰਘ ਨੂੰ ਰਣਭੂਮੀ ਵਿੱਚੋਂ ਦੌੜ ਜਾਣ ਦੀ ਸਾਜ਼ਿਸ਼ ਵਿਚ ਸ਼ਰੀਕ ਕਰਨ ਲਈ ਮਨਾਉਣਾ ਚਾਹਿਆ ਤਾਂ ਸ. ਸ਼ਾਮ ਸਿੰਘ ਅਟਾਰੀ ਵਾਲੇ ਨੇ ਇਹ ਘਟੀਆ ਪੇਸ਼ਕਸ਼ ਠੁਕਰਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅਰਦਾਸ ਕਰ ਕੇ ਪ੍ਰਤਿੱਗਿਆ ਕੀਤੀ ਕਿ ਜੇ ਸਿੱਖ ਹਾਰ ਗਏ ਤਾਂ ਮੈਂ ਯੁੱਧ ਦੇ ਮੈਦਾਨ ਵਿੱਚੋਂ ਵਾਪਸ ਨਹੀਂ ਜਾਵਾਂਗਾ। ਇਸ ਨਾਲ ਸਿੱਖ ਫ਼ੌਜ ਵਿਚ ਨਵਾਂ ਜੋਸ਼ ਤੇ ਉਤਸ਼ਾਹ ਭਰ ਗਿਆ।
15000 ਸੈਨਿਕਾਂ ਅਤੇ 60 ਤੋਪਾਂ ਨਾਲ ਅੰਗਰੇਜ਼ਾਂ ਨੇ ਸਵੇਰੇ 6.30 ਵਜੇ 10 ਫਰਵਰੀ, 1846 ਨੂੰ ਸਿੱਖਾਂ ’ਤੇ ਹਮਲਾ ਸ਼ੁਰੂ ਕਰ ਦਿੱਤਾ। ਤੋਪਾਂ ਦੀ ਜ਼ਬਰਦਸਤ ਗੋਲਾਬਾਰੀ ਨਾਲ ਧਰਤੀ ਕੰਬਣ ਲੱਗੀ, ਅਕਾਸ਼ ਗੂੰਜ ਉਠਿਆ। ਰੇਤ ਦੇ ਢੇਰ ਹਵਾ ’ਚ ਉਛਲਣ ਲੱਗੇ। ਇਸ ਗੋਲਾਬਾਰੀ ਦਾ ਸਿੱਦਕੀ ਸਿੱਖਾਂ ’ਤੇ ਕੋਈ ਖਾਸ ਅਸਰ ਨਾ ਹੋਇਆ ਸਗੋਂ ਉਨ੍ਹਾਂ ਨੇ ਨਿਰਭੈਤਾ ਨਾਲ ਆਪਣੀਆਂ ਤੋਪਾਂ ਨਾਲ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ। ਇਹ ਸਿਲਸਿਲਾ 3 ਘੰਟੇ ਤਕ ਜਾਰੀ ਰਿਹਾ। ਲਾਲ ਸਿੰਘ ਦੀ ਭੇਜੀ ਗੁਪਤ ਰਿਪੋਰਟ ਅਨੁਸਾਰ ਅੰਗਰੇਜ਼ ਪੈਦਲ ਸੈਨਾ ਨੇ ਜਨਰਲ ਡਿੱਕ ਦੀ ਕਮਾਨ ਹੇਠ ਸਿੱਖਾਂ ਦੇ ਸੱਜੇ ਹਿੱਸੇ ’ਤੇ ਜ਼ੋਰਦਾਰ ਹੱਲਾ ਕਰ ਦਿੱਤਾ ਪਰ ਸਿੱਖਾਂ ਦੀ ਹਰ ਗੋਲੀ ਅੰਗਰੇਜ਼ ਸੈਨਾ ਲਈ ਮੌਤ ਦਾ ਪੈਗ਼ਾਮ ਸਾਬਤ ਹੋਈ। ਅੰਗਰੇਜ਼ ਡਿਵੀਜ਼ਨ ਦਾ ਵੱਡਾ ਹਿੱਸਾ ਸਿੱਖਾਂ ਦੀਆਂ ਬੰਦੂਕਾਂ, ਜੰਬੂਰਕ (ਊਠ ’ਤੇ ਲੱਦ ਕੇ ਚਲਾਈ ਜਾਣ ਵਾਲੀ ਛੋਟੀ ਤੋਪ) ਅਤੇ ਤੋਪਖਾਨੇ ਦੀ ਗੋਲਾਬਾਰੀ ਕਾਰਨ ਪਿੱਛੇ ਧੱਕਿਆ ਗਿਆ।7 ਇਸ ਹਮਲੇ ਵਿਚ ਜਨਰਲ ਡਿਕ ਜ਼ਖ਼ਮੀ ਹੋ ਗਿਆ। ਗਿਲਬਰਟ ਦਾ ਡਿਵੀਜ਼ਨ ਉਸ ਦੀ ਮੱਦਦ ਲਈ ਆਇਆ ਤੇ ਸਿੱਖਾਂ ਨਾਲ ਭਿਅੰਕਰ ਹੱਥੋਪਾਈ ਯੁੱਧ ਸ਼ੁਰੂ ਹੋ ਗਿਆ।
ਸ. ਸ਼ਾਮ ਸਿੰਘ ਅਟਾਰੀ ਵਾਲੇ ਭਿੰਨ-ਭਿੰਨ ਮੋਰਚਿਆਂ ’ਤੇ ਜਾ ਕੇ ਸਿੱਖਾਂ ਨੂੰ ਯੋਗ ਅਗਵਾਈ ਅਤੇ ਉਤਸ਼ਾਹ ਦੇ ਰਹੇ ਸਨ। ਦੂਜੇ ਪਾਸੇ ਤੇਜ ਸਿੰਘ ਤੇ ਲਾਲ ਸਿੰਘ ਮਿਥੀ ਸਾਜ਼ਿਸ਼ ਅਨੁਸਾਰ ਖਿਸਕ ਗਏ। ਤੇਜ ਸਿੰਘ ਜਾਂਦਾ ਹੋਇਆ ਬੇੜੀਆਂ ਦਾ ਪੁਲ ਵੀ ਤੋੜ ਗਿਆ ਤਾਂ ਜੋ ਸਿੱਖ ਸੈਨਾ ਸਤਲੁਜ ਪਾਰ ਵਾਪਸ ਨਾ ਜਾ ਸਕੇ। ਮਿ. ਅਲੈਗਜੈਂਡਰ ਗਾਰਡਨਰ ਅਨੁਸਾਰ, ‘ਲਾਲ ਸਿੰਘ ਅਤੇ ਤੇਜ ਸਿੰਘ ਦੋਵੇਂ ਜਨਰਲਾਂ ਜਿਹੇ ਘ੍ਰਿਣਤ ਨਿਪੁੰਸਕ ਕਾਇਰ ਕਦੇ ਸੰਸਾਰ ਵਿਚ ਪੈਦਾ ਨਹੀਂ ਹੋਏ।’ ‘Two more contemptible poltroons than the two generals of the Khalsaarmy-Lal Singh and Tej Singh, both Brahmans never breathed.’8
ਗਿਲਬਰਟ ਦਾ ਡਿਵੀਜ਼ਨ ਸਿੱਖਾਂ ਦੇ ਕੇਂਦਰੀ ਮੋਰਚੇ ’ਤੇ ਹਮਲਾ ਕਰ ਕੇ ਉਨ੍ਹਾਂ ਦੇ ਮੋਰਚਿਆਂ ਤਕ ਪਹੁੰਚਣ ਅਤੇ ਤੋਪਾਂ ’ਤੇ ਕਬਜ਼ਾ ਕਰਨ ਵਿਚ ਸਫ਼ਲ ਹੋ ਗਿਆ। ਸ. ਸ਼ਾਮ ਸਿੰਘ ਅਟਾਰੀ ਵਾਲੇ ਨੇ ਆਪਣੀ ਕੌਮ ਦੀ ਕਿਸਮਤ ਪਲਟਣ ਲਈ ਆਖ਼ਰੀ ਹੰਭਲਾ ਮਾਰਿਆ। ਉਹ ਆਪਣੇ ਨਾਲ ਚੋਣਵੇਂ 50 ਕੁ ਸਿਰਲੱਥ ਘੋੜ-ਸਵਾਰ ਲੈ ਕੇ ਘੋੜੇ ਨੂੰ ਸਰਪਟ ਦੁੜਾਉਂਦਾ ਹੋਇਆ ਬਿਜਲੀ ਵਾਂਗ 50ਵੀਂ ਪੈਦਲ ਫ਼ੌਜ ’ਤੇ ਜਾ ਕੜਕਿਆ-
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।
ਤੂਫ਼ਾਨ ਵਾਂਗ ਅੰਗਰੇਜ਼ ਸੈਨਾ ਨੂੰ ਪਛਾੜਦੇ ਹੋਏ ਸ. ਸ਼ਾਮ ਸਿੰਘ ’ਤੇ ਅੰਗਰੇਜ਼ ਸੈਨਾ ਨੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਸ ਤਰ੍ਹਾਂ ਸਿੱਖ ਰਾਜ ਦਾ ਮਹਾਨ ਥੰਮ੍ਹ ਛਾਤੀ ਵਿਚ ਸੱਤ ਗੋਲੀਆਂ ਖਾ ਕੇ ਧਰਤੀ ਉੱਤੇ ਡਿੱਗ ਪਿਆ। ਇਸ ਪਿੱਛੋਂ ਸ. ਮੇਵਾ ਸਿੰਘ ਅਤੇ ਸ. ਹੁਕਮ ਸਿੰਘ ਨੇ ਸਿੱਖ ਫ਼ੌਜ ਦੀ ਕਮਾਨ ਕਰਦਿਆਂ ਦੁਸ਼ਮਣ ਨੂੰ ਥੰਮ੍ਹਣ ਦਾ ਯਤਨ ਕੀਤਾ। ਇਹ ਦੋਵੇਂ ਸੂਰਮੇ ਵੀ ਸੀਨੇ ’ਤੇ ਗੋਲੀਆਂ ਖਾ ਕੇ ਇਤਿਹਾਸ ’ਚ ਸੂਰਬੀਰਤਾ ਦਾ ਇਕ ਨਵਾਂ ਅਮਰ ਪੰਨਾ ਜੋੜ ਗਏ।
ਲਾਰਡ ਹਾਰਡਿੰਗ ਅਤੇ ਲਾਰਡ ਗੱਫ਼ ਜਿਹੇ ਸੁਲਝੇ ਹੋਏ ਸੈਨਾਪਤੀਆਂ ਅੱਗੇ ਸ. ਸ਼ਾਮ ਸਿੰਘ ਦੀ ਸ਼ਹੀਦੀ ਤੋਂ ਬਾਅਦ ਆਗੂ ਵਿਹੂਣੀ ਹੋਈ ਸਿੱਖ ਸੈਨਾ ਭਲਾ ਕਿੰਨੀ ਕੁ ਦੇਰ ਟਿਕ ਸਕਦੀ ਸੀ? ਹਜ਼ਾਰਾਂ ਸਿਪਾਹੀ ਸਤਲੁਜ ਦਰਿਆ ਵਿਚ ਕੁੱਦ ਪਏ। ਭਾਵੇਂ ਸਿੱਖਾਂ ’ਤੇ ਅੰਗਰੇਜ਼ ਘੋੜ-ਸਵਾਰ ਤੇ ਪੈਦਲ ਸੈਨਾ ਚੜ੍ਹ ਰਹੀ ਸੀ, ਪਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਵੀ ਸਿੱਖ ਨੇ ਹਾਰ ਨਾ ਮੰਨੀ, ਨਾ ਹੀ ਜਾਨ ਬਖਸ਼ੀ ਲਈ ਤਰਲਾ ਕੀਤਾ।9 ਦਰਿਆ ’ਚ ਕੁੱਦੇ ਸਿੱਖਾਂ ’ਤੇ ਅੰਗਰੇਜ਼ ਸੈਨਾ ਨੇ ਬੇਰਹਿਮੀ ਨਾਲ ਗੋਲੇ ਵਰਸਾਏ। ਘੱਟੋ-ਘੱਟ 5000 ਸਿੱਖ ਵੀਰਗਤੀ ਨੂੰ ਪ੍ਰਾਪਤ ਹੋਏ। ਸਤਲੁਜ ਦਾ ਪਾਣੀ ਸਿੱਖਾਂ ਦੇ ਲਹੂ ਨਾਲ ਲਾਲ ਹੋ ਗਿਆ। ਪੰਜਾਬ ਦਾ ਕੌਮੀ ਕਵੀ ਸ਼ਾਹ ਮੁਹੰਮਦ ਇਸ ਦੁਖਾਂਤ ’ਤੇ ਖ਼ੂਨ ਦੇ ਹੰਝੂ ਕੇਰਦਾ ਹੈ:
ਕਈ ਮਾਵਾਂ ਦੇ ਪੁੱਤਰ ਮੋਏ ਉਥੇ,
ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ।
ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,
ਪਈਆਂ ਰਾਜ ਦੇ ਵਿਚ ਖੁਆਰੀਆਂ ਨੀ।
ਸਿੱਖਾਂ ਦੀ ਸ਼ਾਨਦਾਰ ਬਹਾਦਰੀ ਅਤੇ ਕੌਮੀ ਸ਼ਰਧਾ ਦੇਖ ਕੇ ਅੰਗਰੇਜ਼ ਜਨਰਲ ਗੱਫ਼ ਅਸ਼-ਅਸ਼ ਕਰ ਉੱਠਿਆ। ਸਿੱਖਾਂ ਦਾ ਜਿਸ ਪ੍ਰਕਾਰ ਭਿਅੰਕਰ ਕਤਲੇਆਮ ਉਸ ਨੂੰ ਅੰਗਰੇਜ਼ ਹਿੱਤਾਂ ਲਈ ਕਰਨਾ ਪਿਆ, ਉਸ ਦੀ ਜ਼ਮੀਰ ਰੋ ਉੱਠੀ। ਇੰਗਲੈਂਡ ਦੇ ਪ੍ਰਧਾਨ ਮੰਤਰੀ ਰਾਬਰਟ ਪੀਲ ਨੂੰ ਭੇਜੀ ਚਿੱਠੀ ਇਸ ਦਾ ਪ੍ਰਤੱਖ ਪ੍ਰਮਾਣ ਹੈ:
‘Policy precluded me from publicly recording my sen- timents on the splendid gallantry of our fallen foe, or to record the acts of heroism displayed not only individually but almost collectively by the Sikh Sardars and army; and I declare, were it not from a deep conviction that my country’s good demanded the sacrifice, I could have wept to witness the fearful slaughter of so devoted body of men.’10
ਇਸ ਪ੍ਰਕਾਰ ਅੰਗਰੇਜ਼ਾਂ ਦੀਆਂ ਤੋਪਾਂ ਦੀ ਅੱਗ ਅਤੇ ਗ਼ਦਾਰਾਂ ਦੇ ਵਿਸ਼ਵਾਸਘਾਤ ਦੇ ਜ਼ਹਿਰੀਲੇ ਸਾਜ਼ਿਸ਼ੀ ਖੰਜਰਾਂ ਨਾਲ ਲਹੂ-ਲੁਹਾਣ ਹੋਏ ਸਿੱਖ ਯੋਧਿਆਂ ਨੇ ਮਾਨਵੀ ਇਤਿਹਾਸ ’ਚ ਕੌਮਪ੍ਰਸਤੀ ਅਤੇ ਦੇਸ਼-ਭਗਤੀ ਦੇ ਜਜ਼ਬੇ ਨੂੰ ਅਣਖੀਲੇ ਸੂਰਜ ਵਾਂਗ ਬਲਦੇ ਅਮਰ ਅਰਥ ਪ੍ਰਦਾਨ ਕੀਤੇ।
ਹਵਾਲੇ :
1. History of the Sikhs by J.D. Cunningham, p. 279. (1997).
2. Ibid.
3. ਵਾਰ ਸ਼ਾਹ ਮੁਹੰਮਦ, ਪ੍ਰੋ. ਸੀਤਾ ਰਾਮ ਕੋਹਲੀ ਅਤੇ ਪ੍ਰੋ. ਸੇਵਾ ਸਿੰਘ, ਪੰਨਾ 82 (1972).
4. History of the Sikhs by J.D. Cunningham, p. 280.
5. ਪੰਜਾਬ ’ਤੇ ਅੰਗਰੇਜ਼ਾਂ ਦਾ ਕਬਜ਼ਾ, ਡਾ. ਗੰਡਾ ਸਿੰਘ, ਪੰਨਾ 71 (1989).
6. ਵਾਰ ਸ਼ਾਹ ਮੁਹੰਮਦ, ਪੰਨਾ 84.
7. History of the Sikhs by J.D. Cunningham, p. 283.
8. Soldier and travellers, edited by Major Hugh Pearse, p. 263 (1970).
9. History of the Sikhs by J.D. Cunningham, p. 284.
10. The Sikhs by General John J.H. Gordon, pp. 157-58 (1988).
ਲੇਖਕ ਬਾਰੇ
ਵਾਰਡ ਨੰ: 7, ਟੀਚਰ ਕਾਲੋਨੀ, ਕੁਰਾਲੀ (ਰੋਪੜ)-140103
- ਡਾ. ਰਾਜਿੰਦਰ ਸਿੰਘ ਕੁਰਾਲੀhttps://sikharchives.org/kosh/author/%e0%a8%a1%e0%a8%be-%e0%a8%b0%e0%a8%be%e0%a8%9c%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%95%e0%a9%81%e0%a8%b0%e0%a8%be%e0%a8%b2%e0%a9%80/August 1, 2022