ਕੁਝ ਸਾਲ ਪਹਿਲਾਂ ਸਾਡੇ ਮਾਤਾ ਜੀ ਸਾਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਜ਼ਿੰਦਗੀ ਦੇ ਆਖਰੀ ਦਿਨ ਤਕ ਉਹ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਰਹੇ। ਸਵੇਰੇ ਉੱਠਣ ਤੋਂ ਬਾਅਦ ਮੂੰਹ-ਹੱਥ ਧੋ ਕੇ ਸਭ ਤੋਂ ਪਹਿਲਾਂ ਉਹ ਹੱਥਾਂ ਨਾਲ ਚਲਾਉਣ ਵਾਲੀ ਮਧਾਣੀ ਨਾਲ ਦੁੱਧ ਰਿੜਕਿਆ ਕਰਦੇ ਸਨ। ਦੁੱਧ ਰਿੜਕਨ ਸਮੇਂ ਉਹ ਗੁਰਬਾਣੀ ਦਾ ਕੋਈ ਸ਼ਬਦ ਗਾਇਆ ਕਰਦੇ ਸਨ ਜਿਸ ਨਾਲ ਘਰ ਦਾ ਵਾਤਾਵਰਨ ਰੂਹਾਨੀ ਰੂਪ ਧਾਰਨ ਕਰ ਲੈਂਦਾ ਸੀ। ਦੁੱਧ ਰਿੜਕਨ ਦਾ ਕੰਮ ਉਹ ਹੌਲੀ-ਹੌਲੀ ਅਤੇ ਇਕ ਨਿਯਮਬੱਧ ਤਰੀਕੇ ਨਾਲ ਕਰਦੇ ਸਨ। ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਇਹ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਪ੍ਰਭੂ ਦਾ ਪਿਆਰਾ ਇਹ ਸਾਰਾ ਕੰਮ ਗੁਰਬਾਣੀ ਉਪਦੇਸ਼ਾਂ ਅਨੁਸਾਰ ਕਰ ਰਿਹਾ ਹੋਵੇ। ਮਾਤਾ ਜੀ ਦੀਆਂ ਯਾਦਾਂ ਨਾਲ ਜੁੜੇ ਰਹਿਣ ਲਈ ਅਸੀਂ ਉਨ੍ਹਾਂ ਦੀਆਂ ਕਈ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਨ੍ਹਾਂ ਵਿਚ ਉਨ੍ਹਾਂ ਦੀ ਮਧਾਣੀ ਅਤੇ ਇਸ ਨਾਲ ਸੰਬੰਧਿਤ ਹੋਰ ਕਈ ਵਸਤਾਂ ਵੀ ਹਨ। ਸਾਂਭ-ਸੰਭਾਲ ਲਈ ਸਮੇਂ-ਸਮੇਂ ਇਸ ਸਾਮਾਨ ਦੀ ਸਾਫ਼-ਸਫ਼ਾਈ ਵੀ ਕਰ ਲਈਦੀ ਹੈ। ਇਕ ਦਿਨ ਜਦ ਮੈਂ ਇਹ ਸਾਮਾਨ ਸਾਫ਼ ਕਰ ਰਿਹਾ ਸੀ ਤਾਂ ਕਾਲਜ ਵਿਚ ਪੜ੍ਹਦੀ ਮੇਰੀ ਬੇਟੀ ਮੇਰੇ ਕੋਲ ਆ ਬੈਠੀ ਅਤੇ ਕਹਿਣ ਲੱਗੀ, “ਪਾਪਾ ਜੀ, ਹੁਣ ਤਾਂ ਕਈ ਸਾਲਾਂ ਤੋਂ ਘਰ ਵਿਚ ਬਿਜਲੀ ਨਾਲ ਚੱਲਣ ਵਾਲੀ ਮਧਾਣੀ ਵਰਤੋਂ ਵਿਚ ਲੈ ਰਹੇ ਹਾਂ ਫਿਰ ਇਹ ਪੁਰਾਣਾ ਸਾਮਾਨ ਕਿਸ ਲਈ ਸਾਂਭ-ਸਾਂਭ ਕੇ ਰੱਖਦੇ ਹੋ?” ਉੱਤਰ ਵਿਚ ਮੈਂ ਉਸ ਨੂੰ ਕਿਹਾ ਕਿ ਇਹ ਮਧਾਣੀ ਅਤੇ ਇਸ ਨਾਲ ਸੰਬੰਧਿਤ ਸਾਮਾਨ ਇਸ ਲਈ ਰੱਖਿਆ ਹੋਇਆ ਹੈ ਤਾਂ ਜੁ ਤੁਹਾਡੇ ਵਰਗੇ ਉਨ੍ਹਾਂ ਬੱਚਿਆਂ ਨੂੰ (ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਅਜਿਹੀ ਮਧਾਣੀ ਦੀ ਵਰਤੋਂ ਲੱਗਭਗ ਬੰਦ ਹੋ ਗਈ ਹੈ) ਇਸ ਮਧਾਣੀ ਦੀ ਬਨਾਵਟ ਅਤੇ ਕਾਰਜਵਿਧੀ ਬਾਰੇ ਸਮਝਾਇਆ ਜਾ ਸਕੇ ਤਾਂ ਜੁ ਗੁਰਬਾਣੀ ਵਿਚ ਸੁਸ਼ੋਭਿਤ ਉਨ੍ਹਾਂ ਬਚਨਾਂ ਦੇ ਭਾਵ-ਅਰਥ ਸਮਝ ਆ ਸਕਣ ਜਿਨ੍ਹਾਂ ਵਿਚ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੁਆਰਾ ਸ਼ਬਦ ਮਧਾਣੀ ਅਤੇ ਇਸ ਨਾਲ ਸੰਬੰਧਿਤ ਵਸਤਾਂ ਦੇ ਨਾਂਵਾਂ ਦੀ ਵਰਤੋਂ ਕੀਤੀ ਗਈ ਹੈ। ਮੈਂ ਉਸ ਨੂੰ ਜੋ ਸਮਝਾਇਆ ਉਹ ਹੇਠ ਲਿਖੇ ਅਨੁਸਾਰ ਸੀ:-
ਅੱਜ ਤੋਂ ਕਰੀਬ 5-6 ਦਹਾਕੇ ਪਹਿਲਾਂ ਤਕ ਲੱਗਭਗ ਸਾਰੇ ਘਰਾਂ ਵਿਚ ਲੱਸੀ ਹੱਥਾਂ ਨਾਲ ਚਲਾਉਣ ਵਾਲੀ ਮਧਾਣੀ ਨਾਲ ਹੀ ਤਿਆਰ ਕੀਤੀ ਜਾਂਦੀ ਸੀ। ਗੁਰਬਾਣੀ ਵਿਚ ਅਜਿਹੀ ਮਧਾਣੀ ਦਾ ਹੀ ਉਲੇਖ ਕੀਤਾ ਗਿਆ ਹੈ। ਘੜਵੰਜੀ, ਚਾਟੀ, ਨੇਤ੍ਰਾ, ਈਟੀਆਂ ਅਤੇ ਕੁੜ ਉਸ ਮਧਾਣੀ ਦਾ ਹੀ ਹਿੱਸਾ ਹੁੰਦੇ ਸਨ। ਚਾਟੀ ਵਿਚ ਦੁੱਧ ਨੂੰ ਜਾਗ ਲਗਾ ਕੇ ਇਸ ਤੋਂ ਦਹੀਂ ਤਿਆਰ ਕੀਤਾ ਜਾਂਦਾ ਸੀ। ਚਾਟੀ ਦੇ ਮੂੰਹ ਉੱਪਰ ਲੱਕੜ ਦਾ ਇਕ ਢੱਕਣ ਰੱਖਿਆ ਹੁੰਦਾ ਸੀ ਜਿਸ ਦੇ ਵਿਚਕਾਰ ਵਿਚ ਇੱਕ ਛੇਕ ਹੁੰਦਾ ਸੀ। ਇਸ ਢੱਕਣ ਨੂੰ ਕੁੜ ਕਿਹਾ ਜਾਂਦਾ ਸੀ। ਕੁੜ ਦੇ ਛੇਕ ਰਾਹੀਂ ਮਧਾਣੀ ਦਾ ਡੰਡਾ ਚਾਟੀ ਵਿਚ ਉੱਪਰ ਵੱਲ ਨੂੰ ਖੜਾ ਕੀਤਾ ਹੁੰਦਾ ਸੀ। ਘੜਵੰਜੀ ਦੇ ਡੰਡੇ ਨਾਲ ਬੰਨ੍ਹੀ ਰੱਸੀ ਮਧਾਣੀ ਨੂੰ ਸਿੱਧਾ ਰੱਖਣ ਵਿਚ ਮਦਦ ਕਰਦੀ ਸੀ। ਡੰਡੇ ਦੇ ਹੇਠਲੇ ਸਿਰੇ ’ਤੇ ਲੱਕੜ ਦਾ ਇਕ ਕਰਾਸ ਫਿੱਟ ਕੀਤਾ ਹੁੰਦਾ ਸੀ ਜਿਸ ਨੂੰ ਗੁੱਟ ਕਿਹਾ ਜਾਂਦਾ ਸੀ। ਇਹ ਗੁੱਟ ਚਾਟੀ ਵਿਚ ਜਮਾਏ ਦੁੱਧ ਭਾਵ ਦਹੀਂ ਵਿਚ ਡੁੱਬਾ ਰਹਿੰਦਾ ਸੀ। ਮਧਾਣੀ ਨੂੰ ਦਹੀਂ ਵਿਚ ਘੁਮਾਉਣ ਲਈ ਇਸ ਦੇ ਡੰਡੇ ਦੁਆਲੇ ਮੀਟਰ ਕੁ ਲੰਬੀ ਰੱਸੀ ਸਪਰਿੰਗ ਵਾਂਗ ਲਪੇਟੀ ਹੁੰਦੀ ਸੀ ਜਿਸ ਨੂੰ ਨੇਤ੍ਰਾ ਕਿਹਾ ਜਾਂਦਾ ਸੀ। ਨੇਤ੍ਰੇ ਦੇ ਦੋਹਾਂ ਸਿਰਿਆਂ ’ਤੇ ਜੌਂ ਦੀ ਸ਼ਕਲ ਵਰਗੀਆਂ ਲੱਕੜ ਦੀਆਂ ਗੁੱਲੀਆਂ ਬੰਨ੍ਹੀਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਈਟੀਆਂ ਕਿਹਾ ਜਾਂਦਾ ਸੀ। ਇਨ੍ਹਾਂ ਈਟੀਆਂ ਨੂੰ ਹੱਥਾਂ ਵਿਚ ਫੜ ਕੇ ਨੇਤ੍ਰੇ ਦੀ ਸਹਾਇਤਾ ਨਾਲ ਮਧਾਣੀ ਨੂੰ ਘੜੀ ਦੀਆਂ ਸੂਈਆਂ ਦੇ ਸਹੀ ਦਿਸ਼ਾ ਵਿਚ ਘੁੰਮਣ ਅਤੇ ਇਨ੍ਹਾਂ ਸੂਈਆਂ ਦੇ ਉਲਟ ਦਿਸ਼ਾ ਵਿਚ ਘੁੰਮਣ ਵਾਂਗ ਹੌਲੀ-ਹੌਲੀ ਘੁਮਾ ਕੇ ਦਹੀਂ ਨੂੰ ਰਿੜਕਿਆ ਜਾਂਦਾ ਸੀ ਤਾਂ ਜੋ ਇਸ ਵਿੱਚੋਂ ਮੱਖਣ ਕੱਢਿਆ ਜਾ ਸਕੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੇ ਨਿਮਨ ਸ਼ਬਦ ਵਿਚ ਮਧਾਣੀ ਨਾਲ ਸੰਬੰਧਿਤ ਕਈ ਵਸਤਾਂ ਦੇ ਨਾਂਵਾਂ ਦਾ ਉਲੇਖ ਕੀਤਾ ਗਿਆ ਹੈ:
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥1॥
ਜਪਹੁ ਤ ਏਕੋ ਨਾਮਾ ॥
ਅਵਰਿ ਨਿਰਾਫਲ ਕਾਮਾ॥1॥ਰਹਾਉ॥
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ॥
ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ॥2॥
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ॥
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ ਬਿਧਿ ਸਾਹਿਬੁ ਰਵਤੁ ਰਹੈ॥3॥
ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ॥
ਭਗਤਿਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ॥4॥1॥ (ਪੰਨਾ 728)
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੇ ਉਕਤ ਸ਼ਬਦ ਵਿਚ ਸੁਸ਼ੋਭਿਤ ‘ਰਹਾਉ’ ਅਤੇ ਈਟੀਆਂ ਨਾਲ ਸੰਬੰਧਿਤ ਪੰਕਤੀਆਂ ਦੇ ਅਰਥ ਕ੍ਰਮਵਾਰ ਹੇਠ ਲਿਖੇ ਅਨੁਸਾਰ ਹਨ:-
(ਹੇ ਭਾਈ! ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ ਪ੍ਰਭੂ-ਨਾਮ ਹੀ ਜਪੋ (ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ।
(ਦੁੱਧ ਰਿੜਕਣ ਵੇਲੇ ਤੁਸੀਂ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ-ਰੂਪ) ਈਟੀਆਂ ਹੱਥ ਵਿਚ ਫੜੋ। ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨਾ ਪਾਏ- ਇਹ ਹੈ ਨੇਤ੍ਰਾ। ਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ-ਜਿਉਂ ਨਾਮ ਜਪੋਗੇ, ਤਿਉਂ-ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕਦਾ ਰਹੇਗਾ, ਇਨ੍ਹਾਂ ਤਰੀਕਿਆਂ ਨਾਲ ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ ਨਾਮ ਅੰਮ੍ਰਿਤ ਪ੍ਰਾਪਤ ਕਰ ਲਵੋਗੇ।
ਮਧਾਣੀ ਦਾ ਦ੍ਰਿਸ਼ਟਾਂਤ ਦੇ ਕੇ ਭਗਤ ਕਬੀਰ ਜੀ ਨਿਮਨ ਸ਼ਬਦ ਰਾਹੀਂ ਉਪਦੇਸ਼ ਕਰਦੇ ਹਨ ਕਿ ਪ੍ਰਭੂ ਮਿਲਾਪ ਲਈ ਸਿਮਰਨ ਸਹਿਜ ਅਵਸਥਾ ਵਿਚ ਰਹਿ ਕੇ ਹੀ ਕਰਨਾ ਚਾਹੀਦਾ ਹੈ:
ਸਨਕ ਸਨੰਦ ਅੰਤੁ ਨਹੀ ਪਾਇਆ॥
ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ॥1॥
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥1॥ਰਹਾਉ॥
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ॥
ਇਸੁ ਮਟੁਕੀ ਮਹਿ ਸਬਦੁ ਸੰਜੋਈ॥2॥
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥
ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ॥3॥
ਕਹੁ ਕਬੀਰ ਨਦਰਿ ਕਰੇ ਜੇ ਮੀਂਰਾ॥
ਰਾਮ ਨਾਮ ਲਗਿ ਉਤਰੇ ਤੀਰਾ ॥4॥ (ਪੰਨਾ 478)
ਅਰਥ ਹਨ:- ਸਨਕ ਸਨੰਦ (ਆਦਿਕ ਬ੍ਰਹਮਾਂ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ, ਉਨ੍ਹਾਂ ਨੇ ਬ੍ਰਹਮਾਂ ਦੇ ਰਚੇ ਵੇਦ ਪੜ੍ਹ-ਪੜ੍ਹ ਹੀ ਉਮਰ (ਵਿਅਰਥ) ਗਵਾ ਲਈ॥1॥ ਹੇ ਮੇਰੇ ਵੀਰ! ਮੁੜ-ਮੁੜ ਪਰਮਾਤਮਾ ਦਾ ਸਿਮਰਨ ਕਰੋ, ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੋ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਂਹ ਰਹੇ (ਭਾਵ, ਪ੍ਰਭੂ ਮਿਲਾਪ ਬਣ ਸਕੇ)॥ਰਹਾਉ॥ ਹੇ ਭਾਈ! ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ) ਮਨ ਨੂੰ ਭਟਕਣ ਤੋਂ ਬਚਾਈ ਰੱਖੋ। ਇਹ ਮਧਾਣੀ ਬਣਾਓ; ਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿੱਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ॥2॥ ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ॥3॥ ਹੇ ਕਬੀਰ! ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ॥4॥
ਮਧਾਣੀ ਨਾਲ ਦਹੀਂ ਰਿੜਕਣ ਦੀ ਕ੍ਰਿਆ ਦਾ ਉਦਾਹਰਨ ਦੇ ਕੇ ਸਾਡੇ ਮਾਰਗ ਦਰਸ਼ਨ ਲਈ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੁਆਰਾ ਅਨੇਕ ਬਚਨ ਉਚਾਰੇ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ :
ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ॥
ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ॥
ਮਨਮੁਖ ਤਤੁ ਨ ਜਾਣਨੀ ਪਸੂ ਮਾਹਿ ਸਮਾਨਾ॥ (ਪੰਨਾ 1009)
ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ॥
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ॥ (ਪੰਨਾ 982)
ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ॥
ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ॥ (ਪੰਨਾ 1425)
ਮੇਰੇ ਰਾਮ ਐਸਾ ਖੀਰੁ ਬਿਲੋਈਐ॥
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ॥ (ਪੰਨਾ 332)
ਉਪਰੋਕਤ ਬਚਨਾਂ ਵਿਚ ਆਏ ਸ਼ਬਦ ਤਤੁ, ਦਧਿ, ਖੀਰੁ ਅਤੇ ਨਿਧਾਨਾ ਦੇ ਅਰਥ ਹੇਠ ਲਿਖੇ ਅਨੁਸਾਰ ਹਨ:-
ਤਤੁ ਦੇ ਅਰਥ ਹਨ: ਮੱਖਣ ਦਧਿ ਦੇ ਅਰਥ ਹਨ: ਦਹੀਂ ਖੀਰੁ ਦੇ ਅਰਥ ਹਨ: ਦੁੱਧ ਨਿਧਾਨਾ ਦੇ ਅਰਥ ਹਨ: ਖ਼ਜ਼ਾਨਾ
ਇਹ ਅਰਥ ਗੁਰਬਾਣੀ ਅੰਦਰ ਸੁਸ਼ੋਭਿਤ ਉਕਤ ਅਨਮੋਲ ਬਚਨਾਂ ਦੇ ਭਾਵ ਅਰਥ ਸਮਝਣ ਵਿਚ ਸਹਾਈ ਹੋ ਸਕਦੇ ਹਨ।
ਆਪਣੀ ਬੇਟੀ ਨੂੰ ਮੈਂ ਦੱਸਿਆ ਕਿ ਗੁਰਬਾਣੀ ਦੇ ਜਿਹੜੇ ਅਰਥ ਮੈਂ ਉਸ ਨੂੰ ਦੱਸੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਅਨੁਸਾਰ ਹਨ ਜਿਸ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਹਨ।
ਇਨ੍ਹਾਂ ਕੁ ਸਮਝਾਉਣ ਉਪਰੰਤ ਮੈਂ ਉਸ ਨੂੰ ਦੱਸਿਆ ਕਿ ਸਾਡੇ ਮਾਤਾ ਜੀ ਦੱਸਿਆ ਕਰਦੇ ਸਨ ਕਿ ਉਹ ਸਿਰਫ ਪ੍ਰਾਇਮਰੀ ਸਕੂਲ ਤਕ ਹੀ ਪੜ੍ਹੇ ਸਨ ਕਿਉਂ ਕਿ ਉਦੋਂ ਬਹੁਤ ਘੱਟ ਲੜਕੀਆਂ ਨੂੰ ਸਕੂਲ ਭੇਜਿਆ ਜਾਂਦਾ ਸੀ। ਜਦ ਉਨ੍ਹਾਂ ਤੋਂ ਪੁੱਛੀਦਾ ਸੀ ਕਿ ਇੰਨਾ ਘੱਟ ਪੜ੍ਹੇ ਹੁੰਦੇ ਹੋਏ ਵੀ ਉਨ੍ਹਾਂ ਨੂੰ ਇੰਨੀ ਗੁਰਬਾਣੀ ਕਿਸ ਤਰ੍ਹਾਂ ਯਾਦ ਹੈ ਤਾਂ ਉਹ ਜਵਾਬ ਦਿੰਦੇ ਸਨ ਕਿ ਇਹ ਸਭ ਉਨ੍ਹਾਂ ਦੇ ਪਿਤਾ ਜੀ (ਸਾਡੇ ਨਾਨਾ ਜੀ) ਦੀ ਦੇਣ ਹੈ। ਮੈਂ ਆਪਣੇ ਮਨ ਵਿਚ ਇਹ ਵੀ ਸੋਚ ਰਿਹਾ ਸੀ ਕਿ ਆਪਣੇ ਵੱਡਿਆਂ ਦੇ ਮੁਕਾਬਲੇ ਅਸੀਂ ਵਿੱਦਿਅਕ ਯੋਗਤਾ ਤਾਂ ਭਾਵੇਂ ਬਹੁਤ ਜਿਆਦਾ ਹਾਸਲ ਕਰ ਲਈ ਹੈ ਪਰੰਤੂ ਸਾਡੇ ਵਿੱਚੋਂ ਬਹੁਤਿਆਂ ਵਿਚ ਇਹ ਕਮੀ ਹੈ ਕਿ ਆਪਣੇ ਬਜ਼ੁਰਗਾਂ ਵਾਂਗ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਨਹੀਂ ਜੋੜ ਰਹੇ।
ਲੇਖਕ ਬਾਰੇ
Karam Singh resident of village Khudda, Hoshiarpur Punjab India.
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/September 1, 2013
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/July 1, 2017
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/December 14, 2021
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/January 1, 2022