ਇਕ ਦਿਨ ਮੈਂ ਆਪਣੇ ਬੇਟੇ ਅਤੇ ਉਸ ਦੇ ਦੋਸਤਾਂ ਨੂੰ ਕੋਹਲੂ ਦੀ ਬਣਤਰ ਅਤੇ ਇਸ ਦੀ ਕਾਰਜਵਿਧੀ ਬਾਰੇ ਸਮਝਾ ਰਿਹਾ ਸੀ। ਉਨ੍ਹਾਂ ਨੂੰ ਮੈਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਅਜਿਹੇ ਅਨਮੋਲ ਬਚਨ ਸੁਸ਼ੋਭਿਤ ਹਨ ਜਿਨ੍ਹਾਂ ਵਿਚ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੁਆਰਾ ਗੁਰਬਾਣੀ ਅੰਦਰ ਸ਼ਬਦ ਕੋਹਲੂ ਅਤੇ ਇਸ ਯੰਤਰ ਨਾਲ ਸੰਬੰਧਿਤ ਕਈ ਸ਼ਬਦ ਜਿਵੇਂ ਤੇਲੀ, ਬਲਦ, ਘਾਣੀ, ਸਰਸੋਂ, ਤੇਲ, ਖਲ ਅਤੇ ਖੰਨਲੀ ਆਦਿ ਦੀ ਵਰਤੋਂ ਕੀਤੀ ਗਈ ਹੈ। ਮੈਂ ਉਨ੍ਹਾਂ ਨੂੰ ਇਹ ਦੱਸਣਾ ਵੀ ਉੱਚਿਤ ਸਮਝਿਆ ਕਿ ਇਨ੍ਹਾਂ ਸ਼ਬਦਾਂ ਬਾਰੇ ਜਾਣਕਾਰੀ ਦੇਣ ਸਮੇਂ ਗੁਰਬਾਣੀ ਦੇ ਜਿਹੜੇ ਅਰਥਾਂ ਦਾ ਹਵਾਲਾ ਦਿਆਂਗਾ ਉਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਨੁਸਾਰ ਹਨ, ਜਿਸ ਦੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਹਨ। ਉਨ੍ਹਾਂ ਨੂੰ ਮੈਂ ਜੋ ਸਮਝਾਇਆ ਉਹ ਨਿਮਨ ਪ੍ਰਕਾਰ ਸੀ:-
ਕੋਹਲੂ ਉਹ ਯੰਤਰ ਹੈ ਜਿਸ ਨਾਲ ਸਰ੍ਹੋਂ ਅਤੇ ਤਿਲ ਆਦਿ ਦੇ ਬੀਜਾਂ ਵਿੱਚੋਂ ਤੇਲ ਕੱਢਿਆ ਜਾਂਦਾ ਹੈ। ਵਰਤਮਾਨ ਸਮੇਂ ਕੋਹਲੂ, ਜੋ ਲੋਹੇ ਦਾ ਬਣਿਆ ਹੁੰਦਾ ਹੈ, ਬਿਜਲੀ ਦੀ ਮੋਟਰ ਜਾਂ ਇੰਜਣ ਨਾਲ ਚਲਾਇਆ ਜਾਂਦਾ ਹੈ। ਗੁਰੂ ਸਾਹਿਬ ਅਤੇ ਭਗਤ ਸਾਹਿਬਾਨ ਦੇ ਜੀਵਨ ਕਾਲ ਸਮੇਂ ਕੋਹਲੂ ਲੱਕੜ ਦਾ ਬਣਿਆ ਹੁੰਦਾ ਸੀ ਜੋ ਬਲਦ ਆਦਿ ਨਾਲ ਚਲਾਇਆ ਜਾਂਦਾ ਸੀ। ਬਲਦ ਨਾਲ ਚੱਲਣ ਵਾਲੇ ਕੋਹਲੂ ਦਾ ਚਿੱਤਰ ਬਣਾ ਕੇ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਚੱਠੂ ਦੀ ਸ਼ਕਲ ਦੇ ਬਣੇ ਲੱਕੜ ਦੇ ਕੋਹਲੂ ਵਿਚ ਪਾਏ ਸਰ੍ਹੋਂ ਜਾ ਤਿਲ ਦੇ ਬੀਜਾਂ ਅੰਦਰ ਲੱਕੜ ਦਾ ਬਣਿਆ ਹੋਇਆ ਮੋਟੇ ਅਕਾਰ ਦਾ ਇੱਕ ਮੁਦਗਰ (ਮੁਹਲਾ) ਉੱਪਰ ਵੱਲ ਨੂੰ ਖੜਾ ਕੀਤਾ ਹੁੰਦਾ ਸੀ। ਇਸ ਮੁਦਗਰ ਨਾਲ ਲੱਕੜ ਦੀ ਗਾਧੀ ਲੱਗੀ ਹੁੰਦੀ ਸੀ ਜਿਸ ਅੱਗੇ ਬਲਦ ਜੋਇਆ ਜਾਂਦਾ ਸੀ ਜਿਹੜਾ ਸਾਰਾ ਦਿਨ ਕੋਹਲੂ ਦੁਆਲੇ ਚੱਕਰ ਕੱਟਦਾ ਰਹਿੰਦਾ ਸੀ ਤਾਂ ਜੁ ਮੁਦਗਰ ਬੀਜਾਂ ਅੰਦਰ ਘੁੰਮਦਾ ਹੋਇਆ ਇਨ੍ਹਾਂ ਨੂੰ ਪੀੜਦਾ ਰਹੇ ਅਤੇ ਇਨ੍ਹਾਂ ਵਿੱਚੋਂ ਤੇਲ ਨਿਕਲੇ। ਬਲਦ ਨੂੰ ਤੋਰਨ ਤੋਂ ਪਹਿਲਾਂ ਉਸ ਦੀਆਂ ਅੱਖਾਂ ਉੱਪਰ ਠੂਠੀ ਦੀ ਸ਼ਕਲ ਦੇ ਖੋਪੇ ਬੰਨ੍ਹ ਦਿੱਤੇ ਜਾਂਦੇ ਸਨ। ਬਲਦ ਦੇ ਗਲੇ ਵਿਚ ਇਕ ਟੱਲੀ (ਘੁੰਗਰੂ) ਬੰਨ੍ਹੀ ਹੁੰਦੀ ਸੀ ਜਿਹੜੀ ਬਲਦ ਦੇ ਚੱਲਣ ਨਾਲ ਵੱਜਦੀ ਰਹਿੰਦੀ ਸੀ। ਟੱਲੀ ਦੀ ਅਵਾਜ਼ ਤੋਂ ਦੂਰ ਬੈਠਾ ਵੀ ਤੇਲੀ ਇਹ ਅੰਦਾਜ਼ਾ ਲਗਾ ਲੈਂਦਾ ਸੀ ਕਿ ਬਲਦ ਕੋਹਲੂ ਦੁਆਲੇ ਘੁੰਮ ਰਿਹਾ ਹੈ ਜਾਂ ਖੜਾ ਹੈ। ਜਦ ਪਰਵਾਰ ਦਾ ਕੋਈ ਜ਼ਿੰਮੇਵਾਰ ਵਿਅਕਤੀ ਤੇਲ ਕਢਾਉਣ ਲਈ ਕੋਹਲੂ ’ਤੇ ਸਰ੍ਹੋਂ ਆਦਿ ਦੀ ਘਾਣੀ (10-12 ਕਿੱਲੋ ਵਜ਼ਨ) ਲੈ ਕੇ ਜਾਂਦਾ ਸੀ ਤਾਂ ਕਈ ਵਾਰ ਘਰ ਦੇ ਛੋਟੇ ਬੱਚੇ ਵੀ ਉਸ ਨਾਲ ਚਲੇ ਜਾਂਦੇ ਸਨ। ਅੱਜਕਲ੍ਹ ਵਾਂਗ ਉਦੋਂ ਮੋਟਰ ਸਾਇਕਲ/ਸਕੂਟਰ ਨਹੀਂ ਸਨ ਇਸ ਲਈ ਬੱਚਿਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਗਾਧੀ ਉੱਪਰ ਲੱਗੀ ਫੱਟੀ ’ਤੇ ਬਿਠਾ ਕੇ ਝੂਟੇ ਦੇ ਦਿੱਤੇ ਜਾਂਦੇ ਸਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਬਲਦ ਨਾਲ ਚੱਲਣ ਵਾਲੇ ਕੋਹਲੂ ਦਾ ਉੱਲੇਖ ਹੀ ਗੁਰਬਾਣੀ ਵਿਚ ਕੀਤਾ ਗਿਆ ਹੈ। ਸਾਡੇ ਦੇਸ਼ ਵਿਚ ਅਜਿਹੇ ਕੋਹਲੂਆਂ ਦਾ ਰਿਵਾਜ਼ 1947 ਈ: ਤੋਂ ਬਾਅਦ ਨਾਮ-ਮਾਤਰ ਹੀ ਰਹਿ ਗਿਆ। ਇਸ ਦਾ ਮੁੱਖ ਕਾਰਨ ਇਹ ਸੀ ਕਿ ਤੇਲੀਆਂ ਦਾ ਧੰਦਾ ਕਰੀਬ ਮੁਸਲਮਾਨ ਕਾਰੀਗਰ ਹੀ ਕਰਦੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਦੁਸਤਾਨ ਦੀ ਵੰਡ ਸਮੇਂ ਪਾਕਿਸਤਾਨ ਚਲੇ ਗਏ।
ਨਿੰਦਾ ਕਰਨ ਦੀ ਭੈੜੀ ਆਦਤ ਤੋਂ ਸਾਨੂੰ ਵਰਜਣ ਲਈ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਬਲਦ ਨਾਲ ਚੱਲਣ ਵਾਲੇ ਕੋਹਲੂ ਦਾ ਉਦਾਹਰਨ ਦੇ ਕੇ ਉਚਾਰਿਆ ਇਕ ਸਲੋਕ ਇਸ ਪ੍ਰਕਾਰ ਹੈ:
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ॥
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ॥
ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ॥
ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ॥
ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ॥
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ॥
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ॥
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ॥
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ॥
ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ॥(ਪੰਨਾ 309)
ਉਕਤ ਸਲੋਕ ਵਿਚ ਆਈ ਤੇਲੀ ਅਤੇ ਬਲਦ ਨਾਲ ਸੰਬੰਧਿਤ ਪੰਕਤੀ ਦੇ ਅਰਥ ਇਸ ਪ੍ਰਕਾਰ ਹਨ:-
ਨਿੰਦਾ ਕਰਨ ਵਾਲਾ ਵਿਅਕਤੀ ਤੇਲੀ ਦਾ ਬਲਦ ਬਣਾ ਕੇ ਨਿੱਤ ਨਵੇਂ-ਸੂਰਜ ਪ੍ਰਭੂ ਦੇ ਹੁਕਮ ਵਿਚ ਜੋਇਆ ਜਾਂਦਾ ਹੈ (ਭਾਵ ਜਿਵੇਂ ਤੇਲੀ ਦਾ ਬਲਦ ਹਰ ਰੋਜ਼ ਸਵੇਰੇ ਕੋਹਲੂ ਅੱਗੇ ਜੁਪਦਾ ਹੈ, ਤਿਵੇਂ ਉਹ ਨਿੰਦਕ ਨਿੱਤ ਨਿੰਦਾ ਦੇ ਗੇੜ ਵਿਚ ਪੈ ਕੇ ਦੁੱਖ ਸਹਿੰਦਾ ਹੈ) ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਰਾਹੀਂ ਸਮਝਾਉਂਦੇ ਹਨ ਕਿ ਪ੍ਰਭੂ ਨੇ ਸਭ ਰੋਗਾਂ ਦੇ ਇਲਾਜ ਬਣਾਏ ਹਨ ਪਰੰਤੂ ਨਿੰਦਕ ਦੇ ‘ਨਿੰਦਾ ਰੋਗ’ ਦਾ ਕੋਈ ਇਲਾਜ ਨਹੀਂ। ਗੁਰਵਾਕ ਹੈ:
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ॥
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ॥ (ਪੰਨਾ 315)
ਇਹ ਜਾਣ ਲੈਣਾ ਚਾਹੀਦਾ ਹੈ ਕਿ ਤੇਲੀ ਜਿਸ ਕੱਪੜੇ ਨਾਲ ਕੋਹਲੂ ਸਾਫ ਕਰਦਾ ਸੀ ਉਸ ਨੂੰ ਖੰਨਲੀ ਕਿਹਾ ਜਾਂਦਾ ਸੀ। ਖੰਨਲੀ ਦਾ ਉਦਾਹਰਨ ਦੇ ਕੇ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਉਚਾਰਿਆ ਇਕ ਸਲੋਕ ਨਿਮਨ ਪ੍ਰਕਾਰ ਹੈ:
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥
ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ॥
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥ (ਪੰਨਾ 651)
ਇਸ ਦੇ ਅਰਥ ਹਨ ਕਿ ਕਈ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਕਾਲਾ ਹੋਇਆ ਪਿਆ ਹੈ (ਚਿੱਟਾ ਨਹੀਂ ਹੋ ਸਕਦਾ), ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਸੌ ਵਾਰੀ ਧੋਣ ਦਾ ਯਤਨ ਕਰੋ। ਹੇ ਨਾਨਕ! ਜੇ ਗੁਰੂ ਦੀ ਕਿਰਪਾ ਨਾਲ ਮਨ ਜੀਊਂਦਾ ਹੀ ਮਰੇ ਤੇ ਮਤਿ ਬਦਲ ਕੇ (ਮਾਇਆ ਵੱਲੋਂ) ਉਲਟ ਹੋ ਜਾਏ, ਤਾਂ ਮੈਲ ਭੀ ਨਹੀਂ ਲੱਗਦੀ ਤੇ ਫਿਰ ਜੂਨਾਂ ਵਿਚ ਵੀ ਨਹੀਂ ਪੈਂਦਾ। ਸਰ੍ਹੋਂ ਦਾ ਉਦਾਹਰਨ ਦੇ ਕੇ ਭਗਤ ਕਬੀਰ ਜੀ ਦੁਆਰਾ ਸਾਡੇ ਮਾਰਗ ਦਰਸ਼ਨ ਲਈ ਉਚਾਰੇ ਇਕ ਸਲੋਕ ਦੀਆਂ ਪੰਕਤੀਆਂ ਇਸ ਪ੍ਰਕਾਰ ਹਨ:
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ॥
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ॥ (ਪੰਨਾ 1377)
ਅਰਥ ਹਨ:- ਹੇ ਕਬੀਰ! ਜੇ ਤੈਨੂੰ ਪ੍ਰਭੂ ਪਿਆਰ ਦੀ ਖੇਡ ਖੇਡਣ ਦੀ ਸਿਕ ਹੈ ਤਾਂ ਪੂਰੇ ਸਤਿਗੁਰ ਦੀ ਸ਼ਰਨ ਪੈ ਕੇ ਖੇਡ। ਕਰਮਕਾਂਡੀ ਵਿਅਕਤੀਆਂ ਦੀ ਸ਼ਰਨ ਵਿਚ ਜਾਣਾ ਤਾਂ ਕੱਚੀ ਸਰ੍ਹੋਂ ਪੀੜਣ ਵਾਂਗ ਹੀ ਹੈ ਜਿਸ ਵਿੱਚੋਂ ਨਾ ਤੇਲ ਨਿਕਲਦਾ ਹੈ ਤੇ ਨਾ ਹੀ ਖਲ ਬਣਦੀ ਹੈ। (ਸਰ੍ਹੋਂ ਅਤੇ ਤਿਲ ਆਦਿਕ ਵਿੱਚੋਂ ਤੇਲ ਕੱਢਣ ਪਿੱਛੋਂ ਜਿਹੜਾ ਫੋਕ ਬਚਦਾ ਹੈ ਉਸ ਨੂੰ ਖਲ ਕਿਹਾ ਜਾਂਦਾ ਹੈ)
ਉਨ੍ਹਾਂ ਨੂੰ ਮੈਂ ਦੱਸਿਆ ਕਿ ਕੋਹਲੂ ਅਤੇ ਹੋਰ ਬਹੁਤ ਸਾਰੇ ਯੰਤਰ ਜਿਨ੍ਹਾਂ ਦਾ ਉਲੇਖ ਗੁਰਬਾਣੀ ਵਿਚ ਕੀਤਾ ਗਿਆ ਹੈ, ਸਾਡੇ ਵਡੇਰਿਆਂ ਨੂੰ ਪੀੜੀ-ਦਰ-ਪੀੜੀ ਵਿਰਸੇ ਵਿਚ ਹੀ ਮਿਲ ਜਾਂਦੇ ਸਨ। ਸਮਾਜ ਵਿਚ ਆਈ ਤਬਦੀਲੀ ਕਾਰਨ ਇਨ੍ਹਾਂ ਵਿੱਚੋਂ ਬਹੁਤੇ ਯੰਤਰਾਂ ਦਾ ਚਲਣ ਹੁਣ ਜਾਂ ਤਾਂ ਬੰਦ ਹੋ ਗਿਆ ਹੈ ਜਾਂ ਇਨ੍ਹਾਂ ਦੇ ਰੂਪ ਬਦਲ ਗਏ ਹਨ। ਗੁਰਬਾਣੀ ਵਿਚ ਜਿਨ੍ਹਾਂ ਯੰਤਰਾਂ ਦੇ ਨਾਵਾਂ ਦੀ ਵਰਤੋਂ ਕੀਤੀ ਗਈ ਹੈ ਉਨ੍ਹਾਂ ਵਿੱਚੋਂ ਕੁਝ ਇਹ ਹਨ:- ਹਰਹਟ, ਟਿੰਡ, ਖੂਹ, ਅਨਗਾਹ, ਹਲ, ਗਡੀਆ, ਟਾਂਡਾ, ਮਾਧਾਣੀ, ਈਟੀ, ਨੇਤ੍ਰਾ, ਚਰਖਾ, ਪਖਾ ਅਤੇ ਚੱਕੀ ਆਦਿ। ਦਸਾਂ ਨਹੁੰਆਂ ਦੀ ਕਮਾਈ ਕਰਦੇ ਹੋਏ ਜਿਸ ਤਰ੍ਹਾਂ ਸਾਡੇ ਬਜ਼ੁਰਗ ਇਨ੍ਹਾਂ ਯੰਤਰਾਂ ਦੀ ਕਾਰਜਵਿਧੀ ਤੋਂ ਗੁਰਬਾਣੀ ਉਪਦੇਸ਼ ਗ੍ਰਹਿਣ ਕਰ ਲੈਂਦੇ ਸਨ ਉਸੇ ਤਰ੍ਹਾਂ ਇਨ੍ਹਾਂ ਯੰਤਰਾਂ ਰਾਹੀਂ ਮਿਲਦੇ ਅਧਿਆਤਮਿਕ ਉਪਦੇਸ਼ ਸਮਝਣ ਲਈ ਸਾਨੂੰ ਇਨ੍ਹਾਂ ਪੁਰਾਣੇ ਯੰਤਰਾਂ ਦੀ ਬਣਤਰ ਅਤੇ ਕਾਰਜਵਿਧੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਲੇਖਕ ਬਾਰੇ
Karam Singh resident of village Khudda, Hoshiarpur Punjab India.
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/December 1, 2013
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/July 1, 2017
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/December 14, 2021
- ਸ. ਕਰਮ ਸਿੰਘhttps://sikharchives.org/kosh/author/%e0%a8%b8-%e0%a8%95%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/January 1, 2022