ਜੂਨ 1984 ਵਿਚ ਸਿੱਖਾਂ ਨਾਲ, ‘ਜੱਗੋਂ ਤੇਰ੍ਹਵੀਂ’ ਹਿੰਦ ਸਰਕਾਰ ਨੇ ਕੀਤੀ; ਜਦੋਂਕਿ ਸਮੁੱਚੀ ਸਿੱਖ ਕੌਮ ਉਪਰ ਫੌਜਾਂ ਇਉਂ ਚਾੜ੍ਹ ਦਿੱਤੀਆਂ ਜਿਵੇਂ ਕਿਤੇ ਉਹ ਆਪਣੇ ਦੇਸ਼ ਦੇ ਗੁਰਧਾਮਾਂ ਅੰਦਰ, ਪਰਵਾਰਾਂ ਸਣੇ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਨਾ ਮਨਾ ਰਹੇ ਹੋਣ ਸਗੋਂ ਦੁਸ਼ਮਣਾਂ ਦੀ ਹਮਲਾਵਰ ਫੌਜ ਹੋਵੇ। ਖ਼ੈਰ, ਇਸ ਬਾਰੇ ਦੁਨੀਆਂ ਦੇ ਨਿਰਪੱਖ ਸੂਝਵਾਨਾਂ ਵੱਲੋਂ, ਪਿਛਲੇ ਸਾਲਾਂ ਦੇ ਸਮੇਂ ਦੌਰਾਨ, ਬਹੁਤ ਕੁਝ ਕਿਹਾ-ਸੁਣਿਆ ਗਿਆ ਹੈ।
ਹਿੰਦ ਦੇ ਰੱਖਿਆ ਮੰਤਰੀ, ਸ਼੍ਰੀ ਜਾਰਜ ਫਰਨਾਂਡੇਜ਼ ਨੇ ਆਖ ਕੇ, ਲਗਾਤਾਰ ਹਿੰਦ ਸਰਕਾਰ ਵੱਲੋਂ ਵਾਰ-ਵਾਰ ਬੋਲੇ ਜਾ ਰਹੇ ਝੂਠ ਦਾ ਭਾਂਡਾ ਚੌਰਾਹੇ ਦੇ ਵਿਚ ਭੰਨਿਆ। ਸਰਕਾਰ ਕਹਿੰਦੀ, ਲਿਖਦੀ ਤੇ ਬੋਲਦੀ ਆ ਰਹੀ ਸੀ ਕਿ ਸ੍ਰੀ ਦਰਬਾਰ ਸਾਹਿਬ ਉੱਪਰ ਜੂਨ 1984 ਵਿਚ ਕੀਤੇ ਗਏ ਫੌਜੀ ਹਮਲੇ ਦੌਰਾਨ, 7 ਜੂਨ ਵਾਲੇ ਦਿਨ ‘ਅੱਤਵਾਦੀਆਂ’ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਥੇ. ਗੁਰਚਰਨ ਸਿੰਘ ਟੌਹੜਾ ਨੇ ਆਪਣੇ ਵਸੀਲਿਆਂ ਰਾਹੀਂ ਇਸ ਸਚਾਈ ਦਾ ਪਤਾ ਲਾ ਲਿਆ ਸੀ ਕਿ ਲਾਇਬ੍ਰੇਰੀ ਸਾੜੀ ਨਹੀਂ ਗਈ ਬਲਕਿ ਉਸ ਵਿਚਲਾ ਸਾਹਿਤ ਕੱਢ ਕੇ ਬਾਕੀ ਘੱਟ ਜ਼ਰੂਰੀ ਸਮਝੇ ਗਏ ਕਾਗਜ਼ਾਂ ਨੂੰ ਅੱਗ ਲਾ ਕੇ ‘ਅੱਤਵਾਦੀਆਂ’ ਦੁਆਰਾ ਲਾਇਬ੍ਰੇਰੀ ਸਾੜਨ ਦਾ ਡਰਾਮਾ ਰਚਿਆ ਗਿਆ ਸੀ ਤਾਂ ਕਿ ਸਿੱਖ ਸੰਗਤਾਂ ਦੇ ਅੱਖੀਂ ਘੱਟਾ ਪਾਇਆ ਜਾ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿੰਦ ਸਰਕਾਰ ਨੂੰ ਮੁੜ-ਮੁੜ ਚਿੱਠੀਆਂ ਲਿਖ ਕੇ ਲਾਇਬ੍ਰੇਰੀ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਕਿਸੇ ਚਿੱਠੀ ਦਾ ਜਵਾਬ ਤਕ ਨਹੀਂ ਦਿੱਤਾ। ਮੰਨਿਆ ਹੀ ਨਹੀਂ ਕਿ ਕੋਈ ਚਿੱਠੀ ਮਿਲੀ ਵੀ ਹੈ। ਇਕ ਐਮ. ਪੀ. ਸ. ਜਗਮੀਤ ਸਿੰਘ ਨੇ ਲੋਕ ਸਭਾ ਵਿਚ ਕੀਤੀ ਗਈ ਆਪਣੀ ਤਕਰੀਰ ਦੌਰਾਨ ਇਹ ਭੇਦ ਵੀ ਖੋਲ੍ਹਿਆ ਕਿ ਮੇਰਠ ਦੇ ਮਿਲਟਰੀ ਹੈਡ ਕੁਆਰਟਰਜ਼ ਵਿਚ ਫੌਜੀ ਹਿਫ਼ਾਜ਼ਤ ਅੰਦਰ ਰੱਖੀ ਗਈ ਲਾਇਬ੍ਰੇਰੀ ਸਿੱਖ ਕੌਮ ਨੂੰ ਵਾਪਸ ਕੀਤੀ ਜਾਵੇ ਤੇ ਨਾਲ ਹੀ ਇਸ ਭਿਆਨਕ ਗੁਨਾਹ ਦੀ ਸਿੱਖ ਕੌਮ ਪਾਸੋਂ ਸਰਕਾਰ ਮੁਆਫ਼ੀ ਮੰਗੇ। ਸਰਕਾਰ ਨੇ ਸਪੀਚ ਸੁਣ ਲਈ ਪਰ ਹਾਂ ਜਾਂ ਨਾਂਹ ਵਿਚ ਕੋਈ ਉੱਤਰ ਨਹੀਂ ਸੀ ਵਾਚਿਆ।
ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੀ ਰੱਖਿਆ ਮੰਤਰਾਲੇ ਨੂੰ ਚਿੱਠੀਆਂ ਲਿਖਣ ਲੱਗ ਪਈ। ਅਖੀਰ ਵਿਚ ਭਾਰਤ ਦੇ ਰੱਖਿਆ ਮੰਤਰੀ, ਸ਼੍ਰੀ ਜਾਰਜ ਫ਼ਰਨਾਂਡੇਜ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ ਹੈ ਕਿ ਲਾਇਬ੍ਰੇਰੀ ਹੈ ਪਰ ਉਸ ਦੇ ਮੰਤਰਾਲੇ ਪਾਸ ਨਹੀਂ ਸਗੋਂ ਸੀ. ਬੀ. ਆਈ. ਪਾਸ ਹੈ ਤੇ ਇਸ ਦੀ ਪ੍ਰਾਪਤੀ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਧੀ ਸੰਬੰਧਤ ਮੰਤਰਾਲੇ ਨਾਲ ਲਿਖਾ-ਪੜ੍ਹੀ ਕਰਨੀ ਚਾਹੀਦੀ ਹੈ।
ਸਵਾਲ ਉੱਠਦਾ ਹੈ ਕਿ ਇੰਨੇ ਸਾਲਾਂ ਪਿੱਛੋਂ ਇਕ ਸਰਕਾਰੀ ਵਜ਼ੀਰ ਨੇ ਇਸ ਸੱਚਾਈ ਨੂੰ ਹੁਣ ਕਿਉਂ ਕਬੂਲ ਕੀਤਾ ਜਦੋਂਕਿ ਪਿਛਲੀਆਂ ਸਰਕਾਰਾਂ, ਸਮੇਤ ਪਾਰਲੀਮੈਂਟ ਦੇ, ਸਾਰੀ ਦੁਨੀਆਂ ਨੂੰ ਇਸ ਬਾਰੇ ਝੂਠ ਬੋਲ ਤੇ ਝੂਠ ਲਿਖ ਕੇ ਗੁੰਮਰਾਹ ਕਰਦੀਆਂ ਆ ਰਹੀਆਂ ਸਨ! ਕੀ ਇਸ ਸੱਚਾਈ ਨੂੰ ਕਬੂਲਣ ਦੇ ਪਿੱਛੇ ਕਿਤੇ ਸ਼੍ਰੀ ਫਰਨਾਂਡੇਜ਼ ਦੀ ਆਪਣੀ ਨਿੱਜੀ ਸ਼ਖਸੀਅਤ ਹੀ ਤਾਂ ਕਾਰਨ ਨਹੀਂ! ਸੁਣਦੇ ਸਾਂ ਕਿ 1975 ਵਿਚ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦੌਰਾਨ, ਆਪਣੀ ਗ੍ਰਿਫਤਾਰੀ ਤੋਂ ਬਚਣ ਲਈ, ਸ਼੍ਰੀ ਫਰਨਾਂਡੇਜ਼ ਇਕ ਸਿੱਖ ਦੇ ਭੇਸ ਵਿਚ ਵਿਚਰਦੇ ਰਹੇ ਸਨ ਤੇ ਕੁਦਰਤੀ ਹੈ ਕਿ ਇਸ ਦੌਰਾਨ ਸਿੱਖ ਵਿਅਕਤੀਆਂ ਅਤੇ ਸਿੱਖ ਸੰਸਥਾਵਾਂ ਦੇ ਸੰਪਰਕ ਵਿਚ ਆਉਣ ਸਦਕਾ, ਸ਼੍ਰੀ ਚੰਦਰ ਸ਼ੇਖਰ ਵਾਂਗ ਇਨ੍ਹਾਂ ਦੇ ਦਿਲ ਵਿਚ ਵੀ ਸਿੱਖਾਂ ਦੀਆਂ ਸਿਫਤਾਂ ਦਾ ਕੋਈ ਥੋੜ੍ਹਾ-ਬਹੁਤਾ ਪ੍ਰਭਾਵ ਰਹਿ ਗਿਆ ਹੋਵੇ ਤੇ ਉਸ ਕਰਕੇ ਹੀ ਉਨ੍ਹਾਂ ਨੇ ਲਾਇਬ੍ਰੇਰੀ ਸਬੰਧੀ ਸੱਚਾਈ ਨੂੰ ਮੰਨ ਲਿਆ ਹੋਵੇ! ਜਾਂ ਫੇਰ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਦਿਨਾਂ ਦੌਰਾਨ ਕੁਝ ਗੁੰਡਿਆਂ ਵੱਲੋਂ ਈਸਾਈ ਸੰਸਥਾਵਾਂ ਅਤੇ ਅਬਲਾਵਾਂ ਉੱਪਰ ਹਮਲੇ ਹੋ ਰਹੇ ਹੋਣ ਕਰਕੇ ਸ਼੍ਰੀ ਜਾਰਜ ਫਰਨਾਂਡੇਜ਼ ਨੂੰ ਸਿੱਖਾਂ ਦੇ ਸਾਥ ਦੀ ਜ਼ਰੂਰਤ ਮਹਿਸੂਸ ਹੋਈ ਹੋਵੇ; ਕਿਉਂਕਿ ਦੋ ਵਿਅਕਤੀ ਜਾਂ ਦੋ ਕਮਿਊਨਿਟੀਆਂ ਜੋ ਕਿ ਇਕ ਜ਼ਾਲਮ ਦੇ ਜ਼ੁਲਮ ਦਾ ਸ਼ਿਕਾਰ ਬਣਦੀਆਂ ਹਨ, ਉਨ੍ਹਾਂ ਦਾ ਇਕ-ਦੂਜੇ ਦੇ ਨੇੜੇ ਆਉਣਾ ਕੁਦਰਤੀ ਹੈ। ਸਾਂਝੇ ਜ਼ਾਲਮ ਦੁਸ਼ਮਣ ਤੋਂ ਬਚਾ ਕਰਨ ਦੀ ਭਾਵਨਾ ਦੋ ਮਜ਼ਲੂਮਾਂ ਨੂੰ ਮਿੱਤਰ ਬਣਨ ਵਿਚ ਸਹਾਈ ਹੋ ਜਾਂਦੀ ਹੈ; ਅਤੇ ਇਸ ਦੇ ਸਬੂਤ ਵਜੋਂ ਇਕ ਤੋਂ ਵੱਧ ਥਾਵਾਂ ’ਤੇ ਕੁਝ ਸਿੱਖ ਨੌਜਵਾਨਾਂ ਨੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ, ਈਸਾਈ ਸੰਤਣੀਆਂ ਦੀ ਬੇਪਤੀ ਕਰਨ ਤੋਂ ਗੁੰਡਿਆਂ ਨੂੰ ਰੋਕ ਕੇ ਭਜਾਇਆ ਵੀ ਹੈ।
ਉਪਰੋਕਤ ਦੋਵੇਂ ਕਾਰਨਾਂ ਵਿੱਚੋਂ ਕੋਈ ਇਕ ਜਾਂ ਦੋਵੇਂ ਵੀ ਹੋਣ ਤਾਂ ਧੰਨਭਾਗ! ਪਰ ਇਕ ਤੀਜਾ ਕਾਰਨ ਵੀ ਹੋ ਸਕਦਾ ਹੈ ਜਿਸ ਤੋਂ ਜ਼ਿੰਮੇਵਾਰ ਸਿੱਖ ਵਿਅਕਤੀਆਂ, ਸੰਸਥਾਵਾਂ ਅਤੇ ਵਿਦਵਾਨਾਂ ਨੂੰ ਬੜੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਇਕ ਸਾਹਮਣੇ ਵਾਪਰੀ ਘਟਨਾ ਦਾ ਜ਼ਿਕਰ ਕਰਦਾ ਹਾਂ। 1985 ਦੇ ਤਕਰੀਬਨ ਅੱਧ ਜਿਹੇ ਦਾ ਵਾਕਿਆ ਹੈ। ਬ੍ਰਿਸਬਿਨ ਦੇ ਇਕ ਸਬਅਰਬ ਵਿਚ ਕਿਸੇ ਸੱਜਣ ਦੇ ਘਰ ਕੁਝ ਸਿੱਖ ਸਰਦਾਰ ਰਾਤ ਦੇ ਭੋਜਨ ਉੱਪਰ ਇਕੱਤਰ ਹੋਏ ਸਨ। ਘਰ ਵਾਲੇ ਸੱਜਣ ਦਾ ਨਾਂ ਹੁਣ ਮੈਨੂੰ ਯਾਦ ਨਹੀਂ ਰਿਹਾ। ਓਥੇ ਹੀ, ਉਸ ਸਮੇਂ ਮੁਰਵਿਲੰਭਾ ਅਤੇ ਹੁਣ ਨਾਰਥ ਕਵੀਨਜ਼ੈਂਡ ਵਾਸੀ, ਸ. ਸ਼ਿੰਗਾਰਾ ਸਿੰਘ, ਮੈਨੂੰ ਵੀ ਲੈ ਗਏ। ਗੱਲਬਾਤ ਦੌਰਾਨ ਨਾਰਥ ਕਵੀਨਜ਼ੈਂਡ ਦੇ ਵਸਨੀਕ ਸ. ਸਤਿਨਾਮ ਸਿੰਘ ਨੇ ਬਹੁਤ ਹੀ ਭੇਤ ਵਾਲੀ ਅਤੇ ਮਹੱਤਵਪੂਰਨ ਗੱਲ ਓਥੇ ਆਖੀ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਸਾੜੀ ਨਹੀਂ ਗਈ ਬਲਕਿ ਓਥੋਂ ਕੱਢ ਕੇ ਲੈ ਜਾਈ ਗਈ ਹੈ। ਮੇਰੇ ਇਸ ਸਵਾਲ ’ਤੇ ਕਿ ਲੈ ਜਾਣ ਦਾ ਕੀ ਫਾਇਦਾ ਸਰਕਾਰ ਨੂੰ? ਤਾਂ ਉੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਸ ਵਿਚ ਮਨਮਾਨੀਆਂ ਤਬਦੀਲੀਆਂ ਕਰ ਕੇ ਫੇਰ ਵਾਪਸ ਲੋਕਾਂ ਵਿਚ ਪੁਚਾਵੇਗੀ ਤਾਂ ਕਿ ਸਿੱਖ ਸਿਧਾਂਤ, ਸਿੱਖ ਇਤਿਹਾਸ, ਸਿੱਖ ਧਰਮ, ਸਿੱਖ ਫ਼ਲਸਫ਼ੇ ਵਿਚ ਰੋਲ-ਘਚੋਲਾ ਪਾਇਆ ਜਾਵੇ। ਇਨ੍ਹਾਂ ਦੇ ਸ਼ਬਦ-ਗੁਰੂ, ਗੁਰੂ-ਪੰਥ ਵਾਲੀ ਸੋਚ ਨੂੰ ਕੁਰਾਹੇ ਪਾਇਆ ਜਾ ਸਕੇ। ਮੈਨੂੰ ਇਸ ਸਨਸਨੀਖੇਜ਼ ਇੰਕਸ਼ਾਫ ’ਤੇ ਇਤਬਾਰ ਨਾ ਆਇਆ ਤੇ ਸਵਾਲ ਕੀਤਾ, “ਤੁਹਾਨੂੰ ਇਸ ਗੱਲ ਦਾ ਕਿਵੇਂ ਪਤਾ ਹੈ?” ਤਾਂ ਉੱਤਰ ਮਿਲਿਆ ਕਿ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਤੋਂ ਇਸ ਗੱਲ ਦੀ ਸੁੰਧਕ ਮਿਲੀ ਹੈ।
ਹਾਲਾਂਕਿ ਮੈਂ ਆਪਣੇ ਸੁਭਾਅ ਅਨੁਸਾਰ ਹਰੇਕ ਦੀ ਗੱਲ ਨੂੰ ਸਤਿ ਕਰਕੇ ਹੀ ਮੰਨ ਲੈਂਦਾ ਹਾਂ ਪਰ ਇਹ ਗੱਲ ਮੈਨੂੰ ਅਸੱਤ ਜਿਹੀ ਲੱਗੀ ਤੇ ਮੈਂ ਇਸ ਨੂੰ ਸਰਦਾਰਾਂ ਦੇ ਰਾਤਰੀ ਭੋਜਨ ਦੌਰਾਨ ਮਾਰੀ ਗਈ ਇਕ ਗੱਪ ਹੀ ਸਮਝਿਆ। ਹੁਣ ਉਹ ਸੱਚਾਈ ਬਣ ਕੇ ਸਾਹਮਣੇ ਆਈ ਜਿਸ ਨੂੰ ਏਨਾ ਚਿਰ ਪਹਿਲਾਂ ਮੈਂ ਹਨੇਰੇ ਵਿਚ ਮਾਰੀ ਗਈ ਤਲਵਾਰ ਹੀ ਸਮਝਦਾ ਰਿਹਾ ਸਾਂ। ਸੱਚ ਹੀ ਕਿਸੇ ਨੇ ਕਿਹਾ ਹੈ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਬਾਅਦ ਵਿਚ ਪਤਾ ਦਿੰਦਾ ਹੈ।
ਇਕ ਅਹਿਮ ਸਵਾਲ ਇਹ ਵੀ ਹੈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਲਾਇਬ੍ਰੇਰੀ ਦੇ ਗ੍ਰੰਥਾਂ ਨੂੰ ਫੌਜ ਚੁੱਕ ਕੇ, ਅੰਮ੍ਰਿਤਸਰ ਸਥਿਤ ਆਪਣੇ ਹੈਡ-ਕੁਆਰਟਰਜ਼ ਵਿਚ ਲੈ ਕੇ ਗਈ, ਓਥੇ ਉਨ੍ਹਾਂ ਗ੍ਰੰਥਾਂ ਦੀ ਲਿਸਟ ਤਿਆਰ ਕਰ ਕੇ, ਟਰੰਕਾਂ ਵਿਚ ਲੱਦ ਕੇ, ਕਿਸੇ ਅਣਜਾਣੀ ਥਾਂ ’ਤੇ ਲਿਜਾਇਆ ਗਿਆ ਅਤੇ ਸ. ਜਗਮੀਤ ਸਿੰਘ ਦੀ ਲੋਕ ਸਭਾ ਵਿੱਚ ਦਿੱਤੀ ਗਈ ਸਪੀਚ ਅਨੁਸਾਰ, ਉਹ ਗ੍ਰੰਥ ਅਤੇ ਸਾਡਾ ਪੰਜ ਸਦੀਆਂ ਦਾ ਧਾਰਮਿਕ ਤੇ ਇਤਿਹਾਸਕ ਸਾਹਿਤ, ਮੇਰਠ ਵਿਖੇ ਫੌਜੀ ਕੰਟਰੋਲ ਵਿਚ ਰੱਖਿਆ ਗਿਆ; ਪਰ ਹੁਣ ਰੱਖਿਆ ਮੰਤਰੀ ਆਖ ਰਹੇ ਹਨ ਕਿ ਉਹ ਸਾਰਾ ਕੁਝ ਸੀ. ਬੀ. ਆਈ. ਪਾਸ ਹੈ। ਕੀ ਇਨ੍ਹਾਂ ਵਾਕਿਆਤ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਉਨ੍ਹਾਂ ਸਾਰੇ ਗ੍ਰੰਥਾਂ ਦੀ ਸੀ. ਬੀ. ਆਈ. ਦੇ ਅਦਾਰੇ ਅੰਦਰ ਕੰਮ ਕਰਦੇ, ਸਰਕਾਰੀ ਖ੍ਰੀਦੇ ਹੋਏ ਵਿਦਵਾਨਾਂ ਪਾਸੋਂ ਛਾਣ-ਬੀਣ ਕਰਵਾ ਕੇ ਤੇ ਉਨ੍ਹਾਂ ਵਿਚ ਲੋੜੀਂਦੀ ਅਦਲਾ-ਬਦਲੀ ਕਰ ਕੇ ਤਿਆਰ ਕੀਤਾ ਜਾ ਰਿਹਾ ਹੈ!
ਲੇਖਕ ਬਾਰੇ
ਗਿਆਨੀ ਜੀ ਸਿਡਨੀ, ਆਸਟ੍ਰੇਲੀਆ ਦੇ ਰਹਿਣ ਵਾਲੇ ਬਹੁਤ ਹੀ ਮੰਨੇ ਪ੍ਰਮੰਨੇ ਸਿੱਖ ਪ੍ਰਚਾਰਕ ਅਤੇ ਸਖਸ਼ਿਅਤ ਹਨ। ਐਸ.ਜੀ.ਪੀ.ਸੀ ਅਤੇ ਸੰਤ ਫਤਿਹ ਸਿੰਘ ਦੇ ਸਾਬਕਾ ਪੀ.ਏ. ਰਹਿਣ ਕਾਰਨ, ਸਿੱਖ ਜਗਤ ਅਤੇ ਹਿੰਦ ਮਹਾਦੀਪ ਦੀ ਸਿਆਸਤ ਅਤੇ ਕਾਰਜ ਸ਼ੈਲੀ ਦੇ ਡੂੰਘੇ ਜਾਣਕਾਰ ਹਨ।
- ਗਿਆਨੀ ਸੰਤੋਖ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%b0%e0%a8%a4%e0%a9%8b%e0%a8%96-%e0%a8%b8%e0%a8%bf%e0%a9%b0%e0%a8%98/February 1, 2009
- ਗਿਆਨੀ ਸੰਤੋਖ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%b0%e0%a8%a4%e0%a9%8b%e0%a8%96-%e0%a8%b8%e0%a8%bf%e0%a9%b0%e0%a8%98/October 31, 2020
- ਗਿਆਨੀ ਸੰਤੋਖ ਸਿੰਘhttps://sikharchives.org/kosh/author/%e0%a8%97%e0%a8%bf%e0%a8%86%e0%a8%a8%e0%a9%80-%e0%a8%b8%e0%a9%b0%e0%a8%a4%e0%a9%8b%e0%a8%96-%e0%a8%b8%e0%a8%bf%e0%a9%b0%e0%a8%98/September 30, 2021