editor@sikharchives.org

ਸਿੱਖ ਧਰਮ ਵਿਚ ਮੀਰੀ-ਪੀਰੀ ਦਾ ਸਿਧਾਂਤ

ਮੀਰੀ-ਪੀਰੀ ਫਾਰਸੀ-ਅਰਬੀ ਦੋ ਭਾਸ਼ਾਵਾਂ ਦੇ ਸੁਮੇਲਕ ਸ਼ਬਦ ਹਨ ਜਿਨ੍ਹਾਂ ਦਾ ਭਾਵ ਹੈ ਕਿ ਸਿੱਖ ਅਧਿਆਤਮਕ ਖੇਤਰ ਦੇ ਨਾਲ ਦੁਨਿਆਵੀ ਖੇਤਰ ਵਿਚ ਆਪਣੀ ਸਵੈ-ਰੱਖਿਆ ਲਈ ਸ਼ਸਤਰ ਧਰਨ ਕਰਨਗੇ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪੰਜਾਬੀ ਲੋਕਾਂ ਦੇ ਜੀਵਨ ਉੱਪਰ ਗੁਰੂਆਂ, ਪੀਰਾਂ, ਸੂਫੀ-ਸੰਤਾਂ ਅਤੇ ਰਹੱਸਵਾਦੀ ਰੁਚੀਆਂ ਰੱਖਣ ਵਾਲੇ ਹੋਰ ਮਹਾਂਪੁਰਸ਼ਾਂ ਦਾ ਬਹੁਤ ਪ੍ਰਭਾਵ ਪਿਆ ਹੈ। ਸਿੱਖਾਂ ਦੇ ਸਭਿਆਚਾਰਕ ਰੀਤੀ ਰਿਵਾਜ, ਭਾਸ਼ਾ ਅਤੇ ਸਾਹਿਤ ਆਦਿ ਇਨ੍ਹਾਂ (ਗੁਰੂ) ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੀ ਹੀ ਦੇਣ ਹੈ। ਪੰਜਾਬ ਦੀ ਹੋਂਦ ਨੂੰ ਫੈਸਲਾਕੁੰਨ ਤਰਤੀਬ ਦੇਣ ਵਾਲੀਆਂ ਇਨ੍ਹਾਂ ਸ਼ਖ਼ਸੀਅਤਾਂ ਨੇ ਆਪਣੇ ਸਮਕਾਲੀ ਲੋਕਾਂ ਦੀਆਂ ਮਨੋਬਿਰਤੀਆਂ, ਸੋਚਾਂ, ਸੁਭਾਵਾਂ ਅਤੇ ਆਚਰਨਾਂ ਨੂੰ ਹੀ ਨਵੀਂ ਸੇਧ ਨਹੀਂ ਦਿੱਤੀ, ਸਗੋਂ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਨੇਕ ਕੰਮਾਂ ਦਾ ਅਸਰ ਉਨ੍ਹਾਂ ਦੇ ਸਮੇਂ ਤੋਂ ਬਾਅਦ ਵੀ ਜਾਰੀ ਰਿਹਾ ਅਤੇ ਹੁਣ ਤਕ ਉਨ੍ਹਾਂ ਦੁਆਰਾ ਸਥਾਪਤ ਸੰਸਥਾਵਾਂ ਕੰਮ ਵੀ ਕਰ ਰਹੀਆਂ ਹਨ। ਪੰਜਾਬ ਦੇ ਰਾਜਨੀਤਿਕ ਸਮਾਜਿਕ, ਸੰਸਕ੍ਰਿਤਕ ਅਤੇ ਧਾਰਮਿਕ ਖੇਤਰ ਵਿਚ ਉਨ੍ਹਾਂ ਨੇ ਇਕ ਨਵੀਂ ਸੇਧ ਪ੍ਰਦਾਨ ਕੀਤੀ। ਪੰਜਾਬ ਦੀ ਆਤਮਾ ਉੱਪਰ ਹੋਰ ਵੀ ਪ੍ਰਭਾਵ ਪੈਂਦੇ ਰਹੇ ਅਤੇ ਹੁਣ ਵੀ ਪੈ ਰਹੇ ਹਨ ਪਰੰਤੂ ਗੁਰੂਆਂ, ਪੀਰਾਂ, ਸੂਫੀ ਸੰਤਾਂ ਦਾ ਪ੍ਰਭਾਵ ਹਾਲੇ ਤਕ ਸਭ ਤੋਂ ਗੌਰਵ ਵਾਲਾ ਸਾਬਤ ਹੋਇਆ ਹੈ। ਨੇੜ ਭਵਿੱਖ ਇਸ ਦੇ ਗੌਰਵ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਸ਼ੰਕਾ ਨਜ਼ਰ ਨਹੀਂ ਆਉਂਦੀ, ਸਗੋਂ ਇਸ ਪ੍ਰਭਾਵ ਨੂੰ ਪੰਜਾਬ ਦੇ ਭਵਿੱਖ ਦੀ ਉਸਾਰੀ ਲਈ ਇਕ ਸਾਰਥਕ ਸਾਧਨ ਬਣਾ ਕੇ ਵਰਤਣ ਦੀ ਬਹੁਤ ਗੁੰਜਾਇਸ਼ ਨਜ਼ਰ ਆਉਂਦੀ ਹੈ।

ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਾਬ ਅਤੇ ਸੰਸਾਰ ਨੂੰ ਇਕ ਅਦੁੱਤੀ ਦੇਣ ਹੈ। ਉਹ ਪੰਜਾਬ ਹੀ ਨਹੀਂ ਸਗੋਂ ਸੰਸਾਰ ਦੇ ਸਭ ਤੋਂ ਮਹਾਨ ਧਰਮਾਤਮਾਂ ਵਿੱਚੋਂ ਇਕ ਹੋਏ ਹਨ। ਉਨ੍ਹਾਂ ਨੂੰ ‘ਜਗਤ-ਗੁਰੂ’ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਮਾਜਿਕ ਤਬਦੀਲੀਆਂ ਨੂੰ ਵਰਤਾਉਣ ਵਾਲੀਆਂ ਨਵੀਆਂ ਸਮਾਜਿਕ ਸੰਸਥਾਵਾਂ ਦਾ ਮੁੱਢ ਬੰਨ੍ਹਿਆ। ਜਗਤ ਲਈ ਉਹ ਮਹਾਂਪੁਰਖ ਸਨ, ਪਰੰਤੂ ਪੰਜਾਬ ਦੇ ਕੌਮੀ ਜੀਵਨ ਦੇ ਤਾਂ ਉਨ੍ਹਾਂ ਨੂੰ ਉਸਰਈਆ ਮੰਨਿਆ ਜਾਂਦਾ ਹੈ। ‘ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਸਥਾਪਨਾ ਕੀਤੀ ਜਿਸ ਨੇ ਅੱਜ ਵੀ ਪੰਜਾਬ ਦੇ ਲੋਕਾਂ ਦੇ ਵਤੀਰੇ, ਵਿਚਾਰਾਂ ਉੱਤੇ ਬਹੁਤ ਅਧਿਕ ਰੂਪ ਵਿਚ ਪ੍ਰਭਾਵ ਪਾਇਆ ਹੋਇਆ ਹੈ।1 ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਇਕ ਸੁਧਾਰਕ ਹੀ ਨਹੀਂ ਸਨ ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਕ੍ਰਾਂਤੀ ਦੀ ਗੂੰਜ ਸਾਫ ਸੁਣਾਈ ਦਿੰਦੀ ਸੀ। ਉਸ ਸਮੇਂ ਦੇ ਸਮਾਜ ਵਿਚ ਮੁਸਲਿਮ ਅਤੇ ਹਿੰਦੂ ਦੋਹਾਂ ਧਰਮਾਂ ਦਾ ਹੀ ਰੂਪ ਵਿਗੜਿਆ ਹੋਇਆ ਸੀ। ਲੋਕ ਧਰਮ ਦੀ ਵਾਸਤਵਿਕਤਾ ਨੂੰ ਭੁੱਲ ਕੇ ਫਾਲਤੂ ਦੇ ਰੀਤੀ-ਰਿਵਾਜਾਂ ਵਿਚ ਉਲਝੇ ਹੋਏ ਸਨ, ਗੁਰੂ ਜੀ ਨੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਤੇ ਕੁਰੀਤੀਆਂ ਦਾ ਬੜੇ ਜ਼ੋਰ ਨਾਲ ਖੰਡਨ ਕੀਤਾ ਅਤੇ ਨਿਸ਼ਚੇਆਤਮਕ ਉਪਦੇਸ਼ ਦੇਣ ਦੇ ਨਾਲ-ਨਾਲ ਸੰਗਤ, ਪੰਗਤ ਆਦਿ ਸੰਸਥਾਵਾਂ ਦੀ ਸ਼ੁਰੂਆਤ ਕੀਤੀ। ਗੁਰੂ ਜੀ ਨੇ ਸਮੁੱਚੀ ਮਾਨਵਤਾ ਨੂੰ ਸੱਚੇ, ਸੁੱਚੇ ਤੇ ਸਾਰਥਕ ਜੀਵਨ ਦਾ ਰਾਹ ਦੱਸਿਆ ਤੇ ਇਸ ਰਾਹ ਤੋਂ ਉਨ੍ਹਾਂ ਨੂੰ ਭਟਕਾਉਣ ਵਾਲੇ ਰਾਜਸੀ ਜਾਂ ਧਾਰਮਿਕ ਆਗੂਆਂ ਦੀ ਉਨ੍ਹਾਂ ਨੇ ਵਾਰ-ਵਾਰ ਨਿਧੜਕ ਰੂਪ ਵਿਚ ਵਿਰੋਧਤਾ ਕੀਤੀ। ਉਸ ਸਮੇਂ ਸਿੱਧੇ ਰਾਹ ਉੱਪਰ ਲੋਕਾਂ ਦੀ ਵੱਡੀ ਗਿਣਤੀ ਨੂੰ ਚੱਲਦੇ ਰੱਖਣ ਲਈ ਜ਼ਰੂਰੀ ਸੀ ਕਿ ਕੁਝ ਵਿਅਕਤੀ ਉਸ ਰਾਹ ਦੀ ਸਿੱਧੀ ਸੇਧ ਨੂੰ ਦ੍ਰਿੜ੍ਹਤਾ ਨਾਲ ਪ੍ਰਾਪਤ ਕਰ ਲੈਣ। ਆਪਣੇ ਜੀਵਨ ਦੇ ਅੰਤਲੇ ਸਮੇਂ ਉਨ੍ਹਾਂ ਕਰਤਾਰਪੁਰ ਨਾਂ ਦਾ ਸ਼ਹਿਰ ਵਸਾ ਕੇ ਉਚੇਚਾ ਧਿਆਨ ਦਿੰਦੇ ਹੋਏ ਨਵੇਂ ਆਗੂ ਤਿਆਰ ਕਰਨ ਦਾ ਯਤਨ ਕੀਤਾ ਜੋ ਉਨ੍ਹਾਂ ਦੇ ਆਦਰਸ਼, ਵਿਚਾਰਧਾਰਾ, ਭਾਵਨਾ ਅਤੇ ਪ੍ਰੋਗਰਮਾਂ ਨੂੰ ਸਮਝ ਸਕਣ। ਇਨ੍ਹਾਂ ਨਵੇਂ ਆਗੂਆਂ ਵਿਚ ਸਭ ਤੋਂ ਸਿਰਕੱਢ ਭਾਈ ਲਹਿਣਾ ਜੀ ਜਿਸ ਨੂੰ ਗੁਰੂ ਜੀ ਨਾਲ ਅਤੁੱਟ ਪਿਆਰ ਸੀ। ਇਹ ਭਾਈ ਲਹਿਣਾ ਜੀ ਬਾਅਦ ਵਿਚ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਣੇ। ਅਜਿਹਾ ਮਾਲੂਮ ਹੁੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੂਲੋਂ ਹੀ ਇਕ ਨਵੇਂ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿਸ ਵਿਚ ਜਾਤੀ ਪ੍ਰਥਾ, ਸੰਪਰਦਾਇਕਤਾ, ਕਠੋਰ ਰੀਤਾਂ, ਅੰਧ-ਵਿਸ਼ਵਾਸਾਂ ਅਤੇ ਕਿਸੇ ਪ੍ਰਕਾਰ ਦੇ ਸੋਸ਼ਣ ਦੀ ਕੋਈ ਥਾਂ ਨਾ ਹੋਵੇ, ਜਿੱਥੇ ਸਾਰੇ ਲੋਕ ਗੁਰੂ ਜੀ ਦੀ ਦਇਆ-ਦ੍ਰਿਸ਼ਟੀ ਨਾਲ ਇਕ ਨਿਰਾਕਾਰ ਈਸ਼ਵਰ ਦੀ ਭਗਤੀ ਕਰਨ ਅਤੇ ਜਿੱਥੇ ਸਚਾਈ, ਪ੍ਰੇਮ, ਸੰਤੋਖ, ਖਿਮਾਂ, ਦਇਆ, ਨਿਮਰਤਾ, ਹਮਦਰਦੀ, ਨਿਡਰਤਾ ਆਦਿ ਨੈਤਿਕ ਸਿਧਾਂਤਾਂ ਦਾ ਬੋਲ-ਬਾਲਾ ਹੋਵੇ।2 ਡਾ. ਏ.ਜੀ. ਬੈਨਰਜੀ ਅਨੁਸਾਰ “ਉਸ ਸਮੇਂ ਦੀ ਸਮਾਜਿਕ ਅਵਸਥਾ ਨੂੰ ਧਿਆਨ ਵਿਚ ਰੱਖਦਿਆਂ ਇਹ ਮਨੁੱਖ ਦੇ ਕਰਤੱਵਾਂ ਬਾਰੇ ਕ੍ਰਾਂਤੀਕਾਰੀ ਵਿਚਾਰ ਸਨ।”3

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਜੀਉਂਦਿਆਂ ਰੱਖਣ ਲਈ ਅਤੇ ਪਹਿਲੇ ਗੁਰੂ ਦੀ ਸਥਾਪਤ ਸਮੁੱਚੀ ਮਾਨਵਤਾ ਦੀ ਇਕ ਜੀਊਂਦੀ ਰਵਾਇਤ ਬਣਾਉਣ ਵਿਚ ਬਹੁਤ ਵੱਡਾ ਹਿੱਸਾ ਪਾਇਆ। ਉਨ੍ਹਾਂ ਨੇ ਗੁਰੂ ਜੀ ਦੁਆਰਾ ਸ਼ੁਰੂ ਕੀਤੀ ‘ਸੰਗਤ’ ਸੰਸਥਾ ਨੂੰ ਨਿਸ਼ਚਿਤ ਰੂਪ ਦਿੱਤਾ, ਗੁਰਮੁਖੀ ਲਿੱਪੀ ਨੂੰ ਨਵਾਂ ਰੂਪ ਅਤੇ ਨਾਂ ਦਿੱਤਾ, ਸਲੋਕਾਂ ਦੀ ਰਚਨਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠੀ ਕਰਨੀ, ਲੰਗਰ ਪ੍ਰਥਾ ਦਾ ਵਿਕਾਸ, ਖਡੂਰ ਸਾਹਿਬ ਨੂੰ ਆਪਣੇ ਪ੍ਰਚਾਰ ਦਾ ਮੁੱਖ ਕੇਂਦਰ ਬਣਾਉਣ ਦੇ ਮਹੱਤਵਪੂਰਨ ਤੇ ਕ੍ਰਾਂਤੀਕਾਰੀ ਕੰਮ ਸਨ। ਡਾ. ਗੋਕਲ ਚੰਦ ਨਾਰੰਗ ਅਨੁਸਾਰ “ਦੂਜੇ ਗੁਰੂ ਸਾਹਿਬ ਦੁਆਰਾ ਕੀਤੇ ਗਏ ਕਾਰਜਾਂ ਦੇ ਫਲਸਰੂਪ ਹੀ ਮੁੱਖ ਰੂਪ ਵਿਚ ਇਕ ਨਵੀਂ ਸੰਪਰਦਾ ਦਾ ਜਨਮ ਹੋਇਆ ਅਤੇ ਸਿੱਖਾਂ ਵਿਚ ਇਕ ਖਾਸ ਤਰ੍ਹਾਂ ਦੇ ਸੰਗਠਨ ਦੇ ਬੀਜ ਬੀਜੇ ਗਏ।”4 ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਾ 22 ਵਰ੍ਹਿਆਂ ਦਾ ਸਮਾਂ ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ‘ਸ੍ਰੀ ਗੁਰੂ ਅਮਰਦਾਸ ਜੀ ਦੇ ਕਾਲ ਨੂੰ ਸਿੱਖ ਧਰਮ ਦੇ ਇਤਿਹਾਸ ਵਿਚ ਕਈ ਪ੍ਰਕਾਰ ਨਾਲ ਇਕ ਮਹੱਤਵਪੂਰਨ ਮੋੜ ਲਿਆਉਣ ਵਾਲਾ ਕਾਲ ਸਮਝਿਆ ਜਾ ਸਕਦਾ ਹੈ।”5 ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅਤੇ ਗੁਰਮਤਿ ਦੇ ਉਤਸ਼ਾਹੀ ਪ੍ਰਚਾਰਕ ਸਨ। ਉਨ੍ਹਾਂ ਵਿਚ ਸੰਤੋਖ, ਸਹਿਣਸ਼ੀਲਤਾ, ਖਿਮਾਂ, ਦਿਆਲਤਾ, ਨਿਮਰਤਾ ਤੇ ਪ੍ਰੇਮ ਦੀਆਂ ਭਾਵਨਾਵਾਂ ਕੁੱਟ-ਕੁੱਟ ਕੇ ਭਰੀਆਂ ਹੋਈਆਂ ਸਨ। 73 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਗੁਰਗੱਦੀ ਪ੍ਰਾਪਤ ਹੋਈ, ਫਿਰ ਵੀ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਬਹੁਮੁੱਲਾ ਹਿੱਸਾ ਪਾਇਆ। ਉਨ੍ਹਾਂ ਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ, ਲੰਗਰ ਪ੍ਰਥਾ ਦਾ ਵਿਸਥਾਰ, ਬਾਣੀ ਦਾ ਸੰਗ੍ਰਹਿ ਅਤੇ ਸੰਗਠਨ, ਮੰਜੀ ਪ੍ਰਥਾ ਦਾ ਅਰੰਭ, ਸਮਾਜਿਕ ਖੇਤਰ ਵਿਚ ਸੁਧਾਰਾਂ ਨੂੰ ਬੜੇ ਸੁਚੱਜੇ ਤੇ ਕ੍ਰਾਂਤੀਪੂਰਵਕ ਢੰਗ ਨਾਲ ਲਾਗੂ ਕੀਤਾ। ਸਤੀ ਪ੍ਰਥਾ ਦੀ ਨਿਖੇਧੀ, ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦਾ ਖੰਡਨ, ਪਰਦਾ ਪ੍ਰਥਾ ਦੀ ਮਨਾਹੀ, ਵਿਆਹ, ਜਨਮ ਅਤੇ ਮੌਤ ਸੰਬੰਧੀ ਰੀਤੀ-ਰਿਵਾਜਾਂ ਦੀ ਸਥਾਪਨਾ ਕੀਤੀ।6 ਡਾ. ਇੰਦੂ ਭੂਸ਼ਨ ਬੈਨਰਜੀ ਅਨੁਸਾਰ “ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨਿਰਸੰਦੇਹ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਕਰਨ ਲਈ ਬਹੁਤ ਕੰਮ ਕੀਤਾ ਸੀ ਪਰੰਤੂ ਸ੍ਰੀ ਗੁਰੂ ਅਮਰਦਾਸ ਜੀ ਦੇ ਅਧੀਨ ਹਿੰਦੂ ਤੇ ਸਿੱਖ ਵਿਚ ਅੰਤਰ ਅਧਿਕ ਸਪੱਸ਼ਟ ਹੋਇਆ। ਸਿੱਖ ਸਹਿਜੇ-ਸਹਿਜੇ ਕੱਟੜ ਹਿੰਦੂ ਸਮਾਜ ਤੋਂ ਨਿਖੜਨ ਲੱਗ ਪਏ ਅਤੇ ਆਪਣੀ ਇਕ ਵੱਖਰੀ ਸ਼੍ਰੇਣੀ ਜਾਂ ਇਕ ਤਰ੍ਹਾਂ ਦਾ ਨਵਾਂ ਭਾਈਚਾਰਾ ਬਣਾਉਣ ਲੱਗੇ।7 ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰੂ-ਕਾਲ ਸਮੇਂ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਹੋਈ, ਜੋ ਕਿ ਸਿੱਖ ਇਤਿਹਾਸ ਵਿਚ ਇਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਮਸੰਦ ਪ੍ਰਥਾ ਦਾ ਅਰੰਭ ਹੋਇਆ, ਜਿਸ ਨਾਲ ਸਿੱਖ ਧਰਮ ਦੇ ਸੰਗਠਨ ਅਤੇ ਵਿਸਥਾਰ ਵਿਚ ਪ੍ਰਸ਼ੰਸ਼ਾਯੋਗ ਵਾਧਾ ਹੋਇਆ। ‘ਸੰਗਤ’, ‘ਪੰਗਤ’ ਅਤੇ ‘ਮੰਜੀ’ ਆਦਿ ਸੰਸਥਾਵਾਂ ਦਾ ਵਿਕਾਸ ਹੋਇਆ। ਮੈਕਾਲਿਫ ਅਨੁਸਾਰ, “ਸ੍ਰੀ ਗੁਰੂ ਰਾਮਦਾਸ ਜੀ ਦੀ ਪ੍ਰਤਿਭਾ ਦਿਨੋ-ਦਿਨ ਸੂਰਜ ਦੀਆਂ ਕਿਰਨਾਂ ਵਾਂਗ ਦੂਰ-ਦੂਰ ਫੈਲਣ ਲੱਗੀ ਅਤੇ ਇਕ ਵਿਸ਼ਾਲ ਦਰਖ਼ਤ ਵਾਂਗ ਸਿੱਖ ਧਰਮ ਦਾ ਵਿਕਾਸ ਹੋਇਆ। ਇਸ ਰੁੱਖ ਦਾ ਬੀਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੀਜਿਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਇਸ ਦਾ ਤਣਾ ਬਹੁਤ ਉੱਚਾ ਹੋ ਗਿਆ ਅਤੇ ਇਸ ਦੀਆਂ ਜੜ੍ਹਾਂ ਧਰਤੀ ਵਿਚ ਬਹੁਤ ਡੂੰਘੀਆਂ ਚਲੀਆਂ ਗਈਆਂ, ਜਦ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇਸ ਦੀਆਂ ਟਾਹਣੀਆਂ ਹਰ ਪਾਸੇ ਫੈਲ ਗਈਆਂ।”8 ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਤਰ੍ਹਾਂ ਸਮਾਜਿਕ ਖੇਤਰ ਵਿਚ ਸੁਧਾਰ ਕਰਦੇ ਹੋਏ ਵਿਆਹ ਦੀਆਂ ਰੀਤਾਂ ਸੰਬੰਧੀ ਲਾਵਾਂ ਕਰਕੇ ਪ੍ਰਸਿੱਧ ਹੋਏ ਪਾਵਨ ਸ਼ਬਦਾਂ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਅਤੇ ਬਾਦਸ਼ਾਹ ਅਕਬਰ ਵਿਚਕਾਰ ਮਿੱਤਰਤਾਪੂਰਨ ਸੰਬੰਧ ਬਣੇ ਰਹੇ। ਸੱਯਦ ਮੁਹੰਮਦ ਲਤੀਫ ਅਨੁਸਾਰ, “ਗੁਰੂ ਸਾਹਿਬ ਜੀ ਦੀ ਲਾਹੌਰ ਵਿਚ ਸਹਿਣਸ਼ੀਲ ਅਕਬਰ ਨਾਲ ਮੁਲਾਕਾਤ ਹੋਈ ਸੀ, ਮੁਗਲ ਬਾਦਸ਼ਾਹ ਗੁਰੂ ਸਾਹਿਬ ਦੇ ਗੁਣਾਂ ਤੋਂ ਅਤਿਅੰਤ ਪ੍ਰਸੰਨ ਹੋਇਆ ਅਤੇ ਬਾਦਸ਼ਾਹ ਨੇ ਸਨਮਾਨ ਦੇ ਤੌਰ ’ਤੇ ਗੁਰੂ ਜੀ ਨੂੰ ਕਾਫ਼ੀ ਭੂਮੀ ਦਾਨ ਵਿਚ ਪ੍ਰਦਾਨ ਕੀਤੀ।”9 1581 ਈ. ਵਿਚ ਆਪਣੇ ਦੇਹਾਂਤ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਨੂੰ ਆਪਣਾ ਉਤਰਾਧਿਕਾਰੀ ਥਾਪਿਆ। ਪਹਿਲਾਂ ਗੁਰਗੱਦੀ ਜੱਦੀ ਨਹੀਂ ਸੀ। ਇਸ ਘਟਨਾ ਨਾਲ ਸਿੱਖ ਧਰਮ ਦੇ ਇਤਿਹਾਸ ਵਿਚ ਮਹੱਤਵਪੂਰਨ ਮੋੜ ਆਇਆ। ਇਸ ਨਾਲ ਸਿੱਖ ਸ਼ਕਤੀ ਦੇ ਵਿਕਾਸ ਵਿਚ ਬੜਾ ਵੱਡਾ ਵਾਧਾ ਹੋਇਆ। ਇਸ ਤੋਂ ਪਿੱਛੋਂ ਸਿੱਖ ਗੁਰੂ ਨੂੰ ਕੇਵਲ ਆਪਣਾ ਅਧਿਆਤਮਕ ਰਹਿਨੁਮਾ ਹੀ ਨਹੀਂ ਸਗੋਂ ਸੰਸਾਰਿਕ ਨੇਤਾ ਅਤੇ ਬਾਦਸ਼ਾਹ ਵੀ ਸਮਝਣ ਲੱਗੇ।10 ਇਥੇ ਇਹ ਗੱਲ ਵਰਣਨਯੋਗ ਹੈ ਕਿ ਗੁਰਗੱਦੀ ਜੱਦੀ ਹੋਣ ਦੇ ਬਾਵਜੂਦ ਵੀ ਇਸ ਦਾ ਆਧਾਰ ਸੁਯੋਗਤਾ ਸੀ। ਬਾਅਦ ਵਿਚ ਗੁਰੂ ਵੱਲੋਂ ਪੁੱਤਰਾਂ ਨੂੰ ਛੱਡ ਕੇ ਗੁਰਗੱਦੀ ਪੋਤਰੇ ਨੂੰ ਸੌਂਪਣ ਦੀ ਉਦਾਹਰਣ ਵੀ ਮਿਲਦੀ ਹੈ।

ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਗੱਦੀ ਕਾਲ ਦੇ 25 ਸਾਲਾਂ ਦੌਰਾਨ ਸਿੱਖਾਂ ਦੀ ਬੜੀ ਸੁਯੋਗਤਾ, ਸੁਘੜਤਾ ਤੇ ਸਿਆਣਪ ਨਾਲ ਰਹਿਨੁਮਾਈ ਕੀਤੀ। ਉਨ੍ਹਾਂ ਦੇ ਗੁਰੂ-ਕਾਲ ਦਾ ਸਿੱਖ ਧਰਮ ਦੇ ਵਿਕਾਸ ਵਿਚ ਵਿਸ਼ੇਸ਼ ਮਹੱਤਵ ਹੈ। ਇਸ ਕਾਲ ਦੌਰਾਨ ਮਹਾਨ ਪਵਿੱਤਰ ਧਾਰਮਿਕ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦਾ ਸੰਪਾਦਨ ਹੋਇਆ। ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਹੋਇਆ ਜੋ ਕਿ ਸਿੱਖਾਂ ਦਾ ਸਰਬਉੱਤਮ ਤੀਰਥ ਸਥਾਨ ਬਣ ਗਿਆ। ਗੁਰੂ ਜੀ ਇਕ ਉੱਚ ਕੋਟੀ ਦੇ ਸੰਗਠਨ-ਕਰਤਾ ਸਨ, ਜਿਨ੍ਹਾਂ ਨੇ ਸਿੱਖਾਂ ਦੀ ਧਾਰਮਿਕ ਮਾਮਲਿਆਂ ਦੇ ਨਾਲ-ਨਾਲ ਸਮਾਜਿਕ ਮਾਮਲਿਆਂ ਵਿਚ ਵੀ ਰਹਿਨੁਮਾਈ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰੂ-ਕਾਲ ਦੇ 25 ਵਰ੍ਹਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬੀਜਿਆ ਗਿਆ ਬੀਜ ਪੂਰਨ ਰੂਪ ਵਿਚ ਫਲਿਆ-ਫੁਲਿਆ।11 ਸੱਯਦ ਮੁਹੰਮਦ ਲਤੀਫ ਅਨੁਸਾਰ “ਸ੍ਰੀ ਗੁਰੂ ਅਰਜਨ ਦੇਵ ਜੀ ਇਕ ਉੱਦਮੀ ਤੇ ਵੱਡੀਆਂ ਉਮੰਗਾਂ ਵਾਲੇ ਗੁਰੂ ਸਨ ਅਤੇ ਉਨ੍ਹਾਂ ਦੇ ਉਦੇਸ਼ ਬਹੁਤ ਉੱਚੇ ਸਨ। ਉਨ੍ਹਾਂ ਨੇ ਸਿੱਖਾਂ ਨੂੰ ਇਕ ਸੰਪਰਦਾ ਵਿਚ ਸੰਗਠਿਤ ਕੀਤਾ ਅਤੇ ਆਪਣੀ ਅਧਿਆਤਮਕ ਸ਼ਕਤੀ ਦੇ ਵਿਸਥਾਰ ਲਈ ਉਪਰਾਲੇ ਕੀਤੇ।12 ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਤੋਂ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਿਤੀ 19 ਜੂਨ, 1595 ਈ. ਨੂੰ ਹੋਇਆ। ਉਹ ਮਾਂ-ਬਾਪ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਨੇ ਬਚਪਨ ਵਿਚ ਸਿੱਖ-ਜਗਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ, ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਪਾਸੋਂ ਧਾਰਮਿਕ, ਅਸਤਰ-ਸ਼ਸਤਰ, ਘੋੜਸਵਾਰੀ, ਸ਼ਿਕਾਰ ਖੇਡਣ ਅਤੇ ਹੋਰ ਖੇਡਾਂ ਖੇਡਣ ਦਾ ਅਭਿਆਸ ਪ੍ਰਾਪਤ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭੀ ਗੁਰਗੱਦੀ ਦੀ ਜੋਤ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪ੍ਰਾਪਤ ਹੋਈ ਤਾਂ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਨਵੇਂ ਯੁੱਗ ਦਾ ਅਰੰਭ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿਚ, ਉਨ੍ਹਾਂ ਦੇ ਸਮਕਾਲੀ ਭਗਤਾਂ ਦੇ ਉਲਟ ਕ੍ਰਾਂਤੀ ਦੀ ਗੂੰਜ ਸਪੱਸ਼ਟ ਸੁਣਾਈ ਦਿੰਦੀ ਸੀ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “25 ਮਈ 1606 ਈ. ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਗੱਦੀ ਉੱਪਰ ਬਿਰਾਜੇ ਅਤੇ ਮਸੰਦ-ਨਸ਼ੀਨੀ ਸਮੇਂ ਸੇਲੀ ਟੋਪੀ ਪਹਿਨਣ ਦੀ ਪੁਰਾਣੀ ਰੀਤ ਹਟਾ ਕੇ ਇਸ ਦੀ ਜਗ੍ਹਾ ਕਲਗੀ ਸੀਸ ’ਤੇ ਅਤੇ ਮੀਰੀ-ਪੀਰੀ ਦੇ ਦੋ ਖੜਗ ਗਾਤਰੇ ਸਜਾਏ, ਕਿਉਂਕਿ ਭਾਰਤ ਦੀ ਅਧੋਗਤੀ ਹਾਲਤ ਵੇਖ ਕੇ ਆਪਣੇ ਦੇਸ਼ ਉਦਾਰ ਲਈ ਭਗਤੀ ਗਿਆਨ ਦੇ ਨਾਲ-ਨਾਲ ਸੂਰਵੀਰਤਾ ਦਾ ਪ੍ਰਚਾਰ ਵੀ ਜ਼ਰੂਰੀ ਜਾਣਿਆ।13 ਗੁਰਗੱਦੀ ’ਤੇ ਬੈਠਣ ਤੋਂ ਬਾਅਦ ਉਨ੍ਹਾਂ ਨੇ ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ ਸ਼ੁਰੂ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੀ ‘ਸ੍ਰੀ ਅਕਾਲ ਤਖ਼ਤ ਸਾਹਿਬ’ ਅਰਥਾਤ ‘ਈਸ਼ਵਰ ਦੀ ਗੱਦੀ’ ਦਾ ਨਿਰਮਾਣ, ਸੈਨਾ ਦਾ ਸੰਗਠਨ, ਆਪਣੇ ਰੋਜ਼ਾਨਾ ਜੀਵਨ ਵਿਚ ਪਰਿਵਰਤਨ ਸ਼ੁਰੂ ਕਰਨ ਦੇ ਨਾਲ-ਨਾਲ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਕਿਲ੍ਹਾਬੰਦੀ ਕਰਵਾਉਣੀ ਸ਼ੁਰੂ ਕੀਤੀ।14 ਡਾ. ਤੇਜਾ ਸਿੰਘ ਤੇ ਪ੍ਰੋ. ਗੰਡਾ ਸਿੰਘ ਅਨੁਸਾਰ, “ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਉਪਰੋਕਤ ਕਾਰਜਾਂ ਦੇ ਫਲਸਰੂਪ ਨਿਰਾਸ਼ ਸਿੱਖਾਂ ਨੂੰ ਇਕ ਨਵਾਂ ਜੀਵਨ ਮਿਲਿਆ, ਸਿੱਖ ਪਰੰਪਰਾ ਅਨੁਸਾਰ ਜਿਸ ਤਰ੍ਹਾਂ ਬਨਸਪਤੀਆਂ ਨੂੰ ਵਰਖਾ ਰੁੱਤ ਵਿਚ ਪੁਨਰ-ਜੀਵਨ ਪ੍ਰਾਪਤ ਹੁੰਦਾ ਹੈ ਉਸੇ ਤਰ੍ਹਾਂ ਸਿੱਖਾਂ ਨੂੰ ਇਕ ਨਵਾਂ ਜੀਵਨ ਪ੍ਰਾਪਤ ਹੋਇਆ ਆਪਣੀ ਇਸ ਨੀਤੀ ਨੂੰ ਲਾਗੂ ਕਰਨ ਲਈ ਗੁਰੂ ਜੀ ਦੁਆਰਾ ਸਮੇਂ-ਸਮੇਂ ਹੁਕਮਨਾਮੇ ਵੀ ਜਾਰੀ ਕੀਤੇ ਗਏ।15

ਮੀਰੀ-ਪੀਰੀ ਫਾਰਸੀ-ਅਰਬੀ ਦੋ ਭਾਸ਼ਾਵਾਂ ਦੇ ਸੁਮੇਲਕ ਸ਼ਬਦ ਹਨ ਜਿਨ੍ਹਾਂ ਦਾ ਭਾਵ ਹੈ ਕਿ ਸਿੱਖ ਅਧਿਆਤਮਕ ਖੇਤਰ ਦੇ ਨਾਲ ਦੁਨਿਆਵੀ ਖੇਤਰ ਵਿਚ ਆਪਣੀ ਸਵੈ-ਰੱਖਿਆ ਲਈ ਸ਼ਸਤਰ ਧਰਨ ਕਰਨਗੇ। ਡਾ. ਹਰਬੰਸ ਸਿੰਘ ਅਨੁਸਾਰ, ‘ਮੀਰੀ-ਪੀਰੀ ਸ਼ਬਦ ਸਿੱਖਾਂ ਦੀ ਮੁੱਢਲੀ ਪਰੰਪਰਾ ਹੈ ਜੋ ਕਿ ਉਨ੍ਹਾਂ ਦੇ ਸਮਾਜਿਕ ਰਿਸ਼ਤੇ-ਨਾਤੇ, ਧਾਰਮਿਕ ਅਤੇ ਰਾਜਨੀਤਿਕ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਸ਼ਬਦ ‘ਮੀਰ’ ਫਾਰਸੀ ਭਾਸ਼ਾ ਦੇ ਸ਼ਬਦ ‘ਮੀਰੀ’ ਤੋਂ ਲਿਆ ਗਿਆ ਹੈ ਜੋ ਕਿ ਅਰਬੀ ਭਾਸ਼ਾ ਦੇ ਸ਼ਬਦ ‘ਅਮੀਰ’ ਦਾ ਸ਼ਬਦਾਰਥ ਹੈ ਜਿਸ ਦਾ ਸ਼ਬਦੀ ਅਰਥ ਕਮਾਂਡਰ, ਗਵਰਨਰ ਜਾਂ ਸਾਹਿਬਜ਼ਾਦਾ ਹੁੰਦਾ ਹੈ। ਇਹ ਸ਼ਬਦ ਦੁਨਿਆਵੀ ਖੇਤਰ ਵਿਚ ਪ੍ਰਤੀਨਿਧਤਾ ਦੇ ਤੌਰ ’ਤੇ ਵਰਤਿਆ ਗਿਆ ਹੈ ਅਤੇ ‘ਪੀਰੀ’ ਫਾਰਸੀ ਭਾਸ਼ਾ ਦੇ ਹੀ ਸ਼ਬਦ ‘ਪੀਰ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਸੰਤ, ਅਧਿਆਤਮਕ ਗੁਰੂ ਜਾਂ ਕਿਸੇ ਧਾਰਮਿਕ ਸੰਸਥਾ ਦਾ ਮੁਖੀ ਜੋ ਕਿ ਸਿੱਖੀ ਜੀਵਨ ਵਿਚ ਅਧਿਆਤਮਕ ਸ਼ਕਤੀ ਦੀ ਪ੍ਰਤੀਨਿਧਤਾ ਕਰਦਾ ਹੈ। ਮੀਰੀ-ਪੀਰੀ ਦੀ ਧਾਰਨਾ ਦੇ ਜਨਮ ਬਾਰੇ ਆਮ ਤੌਰ ’ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰੂ-ਕਾਲ ਨਾਲ ਜੋੜਿਆ ਜਾਂਦਾ ਹੈ। ਕਿਉਂਕਿ ਉਨ੍ਹਾਂ ਨੇ ਪਹਿਲੇ ਪੰਜ ਗੁਰੂ ਸਾਹਿਬਾਨਾਂ ਤੋਂ ਹਟ ਕੇ ਸ਼ਾਨੋ-ਸ਼ੌਕਤ ਦਾ ਜੀਵਨ ਅਪਣਾਉਂਦੇ ਹੋਏ ਗੁਰਗੱਦੀ 1606 ਈ. ਵਿਚ ਧਾਰਨ ਕੀਤੀ।16

ਇਸ ਧਾਰਨਾ ਨੂੰ ਸਿੱਖੀ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਵੀ ਕਿਹਾ ਜਾਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੀਰੀ-ਪੀਰੀ ਨੂੰ ਧਾਰਨਾ ਕੀ ਸਮੇਂ ਦੀ ਲੋੜ ਸੀ, ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਜੋਤ ਨੂੰ ਅੱਗੇ ਤੋਰਨ ਦਾ ਇਕ ਪੜਾਅ ਸੀ ਜੋ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਮੇਂ ਦੇ ਅਨੁਕੂਲ ਪੂਰਾ ਕੀਤਾ। ਇਸ ਨੀਤੀ ਨੂੰ ਧਾਰਨ ਕਰਨ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨ ਮੱਧਕਾਲੀਨ ਭਾਰਤ ਵਿਚ ਆਈਆਂ ਸਮਾਜਿਕ ਗਿਰਾਵਟਾਂ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਪੰਥ ਦੀ ਸਥਾਪਨਾ ਦਾ ਮੰਤਵ ਜਾਤੀਵਾਦੀ ਵਿਚਾਰਧਾਰਾ ਅਤੇ ਜਾਤੀਵਾਦੀ ਸਮਾਜ ਨਾਲ ਮੁਕੰਮਲ ਤੋੜ- ਵਿਛੋੜਾ ਸੀ। ਜਾਤ-ਪਾਤ ਦੇ ਭੇਦ-ਭਾਵ ਤੋਂ ਰਹਿਤ ਸਿੱਖ ਪੰਥ ਦੀ ਸਥਾਪਨਾ ਨੇ ਭਾਰਤੀ ਸਮਾਜ ਵਿਚ ਨਵਾਂ ਕਾਂਡ ਸ਼ੁਰੂ ਕੀਤਾ। ਲਿੰਗਾਇਤਾਂ, ਚੈਤੰਨਿਆਂ ਦੇ ਭਗਤਾਂ, ਸੁਧਾਰਵਾਦੀ ਭਗਤਾਂ ਤੇ ਹੋਰਨਾਂ ਤੋਂ ਉਲਟ ਸਿੱਖ ਗੁਰੂਆਂ ਦਾ ਵਾਸਤਾ ਮਹਿਜ ਸੁਧਾਰਾਂ ਨਾਲ ਨਹੀਂ ਸੀ, ਸਗੋਂ ਉਨ੍ਹਾਂ ਦਾ ਮੰਤਵ ਤਾਂ ਸਿੱਖ ਪੰਥ ਨੂੰ ਜਾਤੀਵਾਦੀ ਸਮਾਜ ਤੇ ਜਾਤ-ਪਾਤ ਪ੍ਰਣਾਲੀ ਤੋਂ ਮੁਕੰਮਲ ਤੋੜ-ਵਿਛੋੜੇ ਦਾ ਅਲੰਬਰਦਾਰ ਬਣਾਉਣਾ ਸੀ।17 ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿੱਖ ਗੁਰੂਆਂ ਨੇ ਨਾ ਕੇਵਲ ਜਾਤ-ਪਾਤ ਦੇ ਰੁਤਬੇ ਦਾ ਖ਼ਾਤਮਾ ਕੀਤਾ, ਸਗੋਂ ਇਸ ਰੁਤਬੇ ਉੱਪਰ ਅਧਾਰਤ ਸਮਾਜਿਕ ਪ੍ਰਣਾਲੀ ਤੋਂ ਵੀ ਕਿਨਾਰਾ ਕੀਤਾ।18 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜਨੀਤੀ ਪ੍ਰਤੀ ਨਿਰਲੇਪਤਾ ਨਹੀਂ ਸੀ ਦਿਖਾਈ ਉਨ੍ਹਾਂ ਨੇ ਜ਼ਾਲਮ, ਭ੍ਰਿਸ਼ਟਾਚਾਰੀ ਕਰਮਚਾਰੀਆਂ ਦਾ ਬੜੇ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ। ਮੁਗ਼ਲ ਬਾਦਸ਼ਾਹ ਦੁਆਰਾ ਨਿਰਦੋਸ਼ ਮਨੁੱਖਾਂ ਉੱਪਰ ਕੀਤੇ ਅਤਿਆਚਾਰਾਂ ਦਾ ਵਿਰੋਧ ਆਪਣੀ ਬਾਣੀ ਵਿਚ ਸਪੱਸ਼ਟ ਰੂਪ ਨਾਲ ਕੀਤਾ ਹੈ। ਦੂਜੇ, ਤੀਜੇ, ਚੌਥੇ ਗੁਰੂ ਸਾਹਿਬਾਨ ਨੇ ਉਪਰੋਕਤ ਵਰਣਨ ਅਨੁਸਾਰ ਧਰਮ ਪ੍ਰਚਾਰ ਦੇ ਨਾਲ-ਨਾਲ ਸਿੱਖਾਂ ਨੂੰ ਰਾਜਸੀ ਖੇਤਰ ਲਈ ਵੀ ਤਿਆਰ ਕੀਤਾ। ਪੰਗਤ, ਸੰਗਤ, ਮੰਜੀ ਅਤੇ ਮਸੰਦ ਆਦਿ ਪ੍ਰਮੁੱਖ ਸੰਸਥਾਵਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਬੜਾ ਮਹੱਤਵਪੂਰਨ ਰੋਲ ਅਦਾ ਕੀਤਾ। ਹੁਣ ਗੁਰੂ ਸਾਹਿਬ ਨੂੰ ਧਰਮ ਪ੍ਰਚਾਰ ਲਈ ਸੰਗਤਾਂ ਦੇ ਸਹਿਯੋਗ ਨਾਲ ਆਰਥਿਕ ਖੇਤਰ ਵਿਚ ਮਾਇਆ ਵੀ ਪ੍ਰਾਪਤ ਹੋਣ ਲੱਗੀ। ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਸੰਕਲਨ ਨਾਲ ਸਿੱਖਾਂ ਨੂੰ ਪਵਿੱਤਰ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ। ਉਨ੍ਹਾਂ ਲਈ ਸ਼ਸਤਰਧਾਰੀ ਹੋਣ ਦੀ ਹੁਣ ਅਤਿ ਜ਼ਰੂਰੀ ਲੋੜ ਸੀ। ਡਾਕਟਰ ਤਿਰਲੋਚਨ ਸਿੰਘ ਅਨੁਸਾਰ ‘ਸਿੱਖਾਂ ਨੂੰ ਸੈਨਿਕ ਸਿੱਖਿਆ ਦੇਣ ਦਾ ਕੰਮ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਅਰੰਭ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਅਨੁਭਵ ਕਰ ਲਿਆ ਸੀ ਕਿ ਭਿਆਨਕ ਸਮਾਂ ਨੇੜੇ ਆ ਰਿਹਾ ਹੈ। ਉਨ੍ਹਾਂ ਨੇ ਨਾ ਕੇਵਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਉਨ੍ਹਾਂ ਦੀ ਉਮਰ ਦੇ ਹੋਰ ਬਾਲਕਾਂ ਨੂੰ ਸੈਨਿਕ ਸਿੱਖਿਆ ਸਗੋਂ ਕਈ ਯੋਗ ਤੇ ਨਿਪੁੰਨ ਯੋਧਿਆਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੈਨਾ ਤਿਆਰ ਕਰਨ ਲਈ ਲਗਾਇਆ।”19

ਮੁਗ਼ਲ ਬਾਦਸ਼ਾਹ ਜਲਾਲ-ਊ-ਦੀਨ ਮੁਹੰਮਦ ਅਕਬਰ ਦੇ ਸਿੱਖ ਗੁਰੂਆਂ ਨਾਲ ਮਿੱਤਰਤਾ ਪੂਰਣ ਸੰਬੰਧ ਸਥਾਪਤ ਰਹੇ। ਉਸ ਦੀ ਮੌਤ ਤੋਂ ਬਾਅਦ 1605 ਈ. ਵਿਚ ਅਕਬਰ ਦਾ ਪੁੱਤਰ ਸਲੀਮ-ਊ-ਦੀਨ ਮੁਹੰਮਦ ਜਹਾਂਗੀਰ ਰਾਜਗੱਦੀ ’ਤੇ ਬੈਠਾ। ਉਸ ਦੇ ਰਾਜ-ਗੱਦੀ ’ਤੇ ਬੈਠਣ ਨਾਲ ਮੁਗ਼ਲ-ਸਿੱਖ ਸੰਬੰਧਾਂ ਵਿਚ ਫਰਕ ਪੈਣਾ ਸ਼ੁਰੂ ਹੋ ਗਿਆ। ਇਹ ਆਪਸੀ ਵਿਰੋਧਤਾ ਦਾ ਇਤਿਹਾਸ ਵਿਚ ਸਭ ਤੋਂ ਪਹਿਲਾ ਮੋੜ ਸੀ। ਤੁਜ਼ਕ-ਏ-ਜਹਾਂਗੀਰੀ ਅਨੁਸਾਰ, “ਗੋਇੰਦਵਾਲ ਵਿਚ ਜਿਹੜਾ ਕਿ ਦਰਿਆ ਬਿਆਸ ਦੇ ਕਿਨਾਰੇ ਉੱਤੇ ਹੈ, ਪੀਰ ਦੇ ਲਿਬਾਸ ਵਿਚ ਅਰਜਨ ਨਾਮ ਦਾ ਇਕ ਹਿੰਦੂ ਹੈ, ਜਿਸ ਨੇ ਬਹੁਤ ਸਾਰੇ ਭੋਲੇ-ਭਾਲੇ ਹਿੰਦੂਆਂ, ਸਗੋਂ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਭੀ ਆਪਣੀ ਰਹਿਣੀ-ਬਹਿਣੀ ਦਾ ਮੁਰੀਦ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਨਗਾਰਾ ਵਜਾਇਆ ਹੋਇਆ ਹੈ। ਉਹ ਉਸ ਨੂੰ ਗੁਰੂ ਆਖਦੇ ਹਨ। ਸਾਰੇ ਪਾਸਿਆਂ ਤੋਂ ਫਰੇਬ ਤੇ ਠੱਗੀ ਪਸੰਦ ਲੋਕ ਉਸ ਦੇ ਕੋਲ ਆ ਕੇ ਉਸ ਉੱਤੇ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ। ਤਿੰਨ-ਚਾਰ ਸਦੀਆਂ ਤੋਂ, ਉਨ੍ਹਾਂ ਇਹ ਦੁਕਾਨ ਚਲਾਈ ਹੋਈ ਹੈ। ਬਹੁਤ ਚਿਰ ਤੋਂ ਮੇਰੇ ਮਨ ਵਿਚ ਇਹ ਵਿਚਾਰ ਆ ਰਿਹਾ ਸੀ ਕਿ ਜਾਂ ਤਾਂ ਇਸ ਝੂਠ ਦੇ ਵਪਾਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਇਸਲਾਮ ਧਰਮ ਵਿਚ ਲੈ ਆਉਣਾ ਚਾਹੀਦਾ ਹੈ।20 ਜਹਾਂਗੀਰ ਦੇ ਰਾਜਗੱਦੀ ’ਤੇ ਬੈਠਣ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੋਧੀਆਂ ਨੇ ਬਾਦਸ਼ਾਹ ਨੂੰ ਉਨ੍ਹਾਂ ਦੇ ਖਿਲਾਫ ਭੜਕਾਉਣਾ ਸ਼ੁਰੂ ਕਰ ਦਿੱਤਾ। ਪ੍ਰਿਥੀ ਚੰਦ ਜੋ ਕਿ ਗੁਰੂ ਜੀ ਦਾ ਸਭ ਤੋਂ ਵੱਡਾ ਭਰਾ ਸੀ, ਨੇ ਬਾਦਸ਼ਾਹ ਨੂੰ ਮਿਲ ਕੇ ਸ਼ਿਕਾਇਤ ਕੀਤੀ। ਸ਼ਾਹਿਬਜ਼ਾਦਾ ਖੁਸਰੋ ਦੇ ਵਿਦਰੋਹ ਕਾਰਨ ਬਾਦਸ਼ਾਹ ਨੇ ਤਤਕਾਲੀ ਤੌਰ ’ਤੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ। ਸਰ ਜਾਦੂ ਨਾਥ ਸਰਕਾਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਉਨ੍ਹਾਂ ਦੁਆਰਾ ਸਾਹਿਬਜ਼ਾਦਾ ਖੁਸਰੋ ਨੂੰ ਮਿਲਣਾ ਸੀ ਜੋ ਕਿ ਆਪਣੇ ਆਪ ਵਿਚ ਇਕ ਰਾਜਨੀਤਿਕ ਅਪਰਾਧ ਸੀ ਜਿਸ ਕਾਰਨ ਬਾਦਸ਼ਾਹ ਨੇ ਉਨ੍ਹਾਂ ਨੂੰ ਦੋ ਲੱਖ ਰੁਪਏ ਜ਼ੁਰਮਾਨਾ ਕੀਤਾ, ਜਿਸ ਦੀ ਗੁਰੂ ਜੀ ਨੇ ਅਦਾਇਗੀ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਕਾਰਨ ਗੁਰੂ ਜੀ ਨੂੰ ਅਜਿਹੀ ਸਜ਼ਾ ਦਿੱਤੀ ਗਈ।21 ਕੁਝ ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਖੁਸਰੋ ਨੂੰ ਮਿਲੇ ਹੀ ਨਹੀਂ ਸਨ। ਤੁਜ਼ਕ-ਏ-ਜਹਾਂਗੀਰੀ ਵਿਚ ਅੱਗੇ ਜਾ ਕੇ ਜਹਾਂਗੀਰ ਨੇ ਵਰਣਨ ਕੀਤਾ ਹੈ “ਇਸ ਜਾਹਲ ਮਨੁੱਖ ਨੇ ਖੁਸਰੋ ਨੂੰ ਮਿਲਣ ਦਾ ਨਿਸਚਾ ਕੀਤਾ। ਉਸ ਥਾਂ ’ਤੇ ਜਿੱਥੇ ਖੁਸਰੋ ਨੇ ਪੜਾਉ ਕੀਤਾ ਹੋਇਆ ਸੀ ਇਹ ਉਸ ਨੂੰ ਮਿਲਿਆ ਅਤੇ ਉਸ ਨੂੰ ਪਹਿਲਾਂ ਹੀ ਮਿੱਥੀਆਂ ਕੁਝ ਗੱਲਾਂ ਦੱਸੀਆਂ ਤੇ ਆਪਣੀ ਉਂਗਲੀ ਨਾਲ ਉਸ ਦੇ (ਖੁਸਰੋ) ਮੱਥੇ ਉੱਤੇ ਕੇਸਰ ਦਾ ਟਿੱਕਾ ਲਗਾਇਆ ਜਿਸ ਨੂੰ ਹਿੰਦੂ ਲੋਕ ਤਿਲਕ ਕਹਿੰਦੇ ਹਨ ਅਤੇ ਸ਼ੁੱਭ ਸ਼ਗਨ ਮੰਨਦੇ ਹਨ।22 ‘ਦਾਬਿਸਤਾਨ-ਏ-ਮਜ਼ਾਹਿਬ’ ਅਨੁਸਾਰ ਗੁਰੂ ਜੀ ਨੇ ਖੁਸਰੋ ਲਈ ਅਰਦਾਸ ਕੀਤੀ।23 ਮੈਕਾਲਿਫ ਦੇ ਕਥਨ ਅਨੁਸਾਰ ਗੁਰੂ ਸਾਹਿਬ ਜੀ ਨੂੰ ਰਾਜਕੁਮਾਰ ਦੀ ਹਾਲਤ ’ਤੇ ਤਰਸ ਆ ਗਿਆ ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਕਾਬਲ ਜਾਣ ਲਈ ਰਾਹ ਦੇ ਖਰਚੇ ਲਈ 5000 ਰੁਪਏ ਦਿੱਤੇ।24 ਡਾਕਟਰ ਗੰਡਾ ਸਿੰਘ ਅਨੁਸਾਰ ਨਾ ਤਾਂ ਗੁਰੂ ਸਾਹਿਬ ਜੀ ਨੇ ਖੁਸਰੋ ਦੇ ਮੱਥੇ ਉੱਤੇ ਤਿਲਕ ਲਾਇਆ, ਨਾ ਉਸ ਨੂੰ ਰੁਪਏ ਦਿੱਤੇ ਅਤੇ ਨਾ ਹੀ ਜਿੱਤ ਲਈ ਅਰਦਾਸ ਕੀਤੀ। ਉਪਰੋਕਤ ਸਾਰੀਆਂ ਗੱਲਾਂ ਮਨ-ਘੜਤ ਹਨ।25 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੈਕਾਲਿਫ ਦੇ ਸ਼ਬਦਾਂ ਅਨੁਸਾਰ ਆਪਣੀ ਪਵਿੱਤਰਤਾ ਲਈ, ਹਿੰਦੂਆਂ ਤੇ ਮੁਸਲਮਾਨਾਂ ਨੂੰ ਸਿੱਖ ਧਰਮ ਵਿਚ ਲਿਆਉਣ ਲਈ, ਸ੍ਰੀ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਨ ਲਈ ਅਤੇ ਆਪਣੇ ਮਦਦਗਾਰ (ਅਕਬਰ) ਦੇ ਪੋਤਰੇ ਦੀ ਸਹਾਇਤਾ ਕਰਨ ਕਰ ਕੇ ਮੁਸਲਮਾਨ ਸਮਰਾਟ ਦੀ ਅਣਮਨੁੱਖਤਾ ਦਾ ਸ਼ਿਕਾਰ ਹੋਏ।26

ਇਕ ਇਤਿਹਾਸਕ ਸ੍ਰੋਤ ਪੁਸਤਕ, ‘ਸਿੱਖਾਂ ਦੀ ਭਗਤਮਾਲਾ’ ਅਨੁਸਾਰ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਭਾਈ ਸੰਗਾਰੂ ਅਤੇ ਭਾਈ ਜੈਤਾ ਜੀ ਨੇ ਤਲਵਾਰ ਧਾਰਨ ਕਰਨ ਲਈ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ “ਅਸਾਂ ਜੋ ਸ਼ਸਤਰ ਪਕੜਨੇ ਹੈਨਿ ਸੋ (ਗੁਰੂ) ਹਰਿਗੋਬਿੰਦ ਸਾਹਿਬ ਦਾ ਰੂਪ ਧਾਰ ਕਰ ਪਕੜਨੇ ਹੈਨ, ਸਮਾਂ ਕਲਜੁਗ ਦਾ ਵਰਤਨਾ ਹੈ। ਸ਼ਸਤਰਾਂ ਦੀ ਵਿੱਦਿਆ ਕਰ ਮੀਰ ਦੀ ਮੀਰੀ ਖਿੱਚ ਲੈਣੀ ਹੈ ਤੇ ਸ਼ਬਦ ਦੀ ਪ੍ਰੀਤ ਕਰ ਪੀਰ ਦੀ ਪੀਰੀ ਲੈਣੀ ਹੈ।ਤੁਸੀਂ ਛੇਵੇਂ ਪਾਤਸ਼ਾਹ ਦੇ ਹਜ਼ੂਰ ਰਹਿਣਾ”27 ਸੂਰਮੇ ਨੂੰ ਚਾਹੀਦਾ ਹੈ ਧਰਮ ਦਾ ਯੁੱਧ ਕਰੇ। ਜੋ ਕੁਝ ਪਾਸ ਹੈ ਸੋ ਦਾਨ ਕਰੇ। ਲੁੱਟੇ ਨਾ, ਦਾਨ ਕਰਕੇ ਸ਼ਸਤਰਾਂ ਵਿਚ ਬਰਕਤ ਹੁੰਦੀ ਹੈ, ਜਸ ਹੁੰਦਾ ਹੈ।28 ਲਾਹੌਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਆਖ਼ਰੀ ਹੁਕਮ ਦਿੱਤਾ ਕਿ ਤਖ਼ਤ ’ਤੇ ਖ਼ੁਦਮੁਖ਼ਤਿਆਰ ਹੋ ਕੇ ਬੈਠੋ ਅਤੇ ਆਪਣੀ ਯੋਗਤਾ ਅਨੁਸਾਰ ਫੌਜ ਰੱਖੋ।29 ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੀ ਤਾਮੀਲ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਫੌਜ ਦੇ ਐਲਾਨਨਾਮੇ ਦੀ ਸ਼ੁਰੂਆਤ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਖੀ ਸਿੱਖਾਂ ਨੂੰ ਵੀ ਬੜੇ ਚੜ੍ਹਦੀ ਕਲਾ ਵਾਲੇ, ਉਪਦੇਸ਼ਾਂ ਨਾਲ ਸਰਸ਼ਾਰ ਕੀਤਾ।30 ‘ਬੰਸਾਵਲੀਨਾਮਾ’ ਦੇ ਲਿਖਾਰੀ ਅਨੁਸਾਰ:

“ਹਰਗੋਬਿੰਦ ਦੀ ਬਾਹਿ ਪਕੜਾਈ।
ਭਾਈ ਗੁਰਦਾਸ ਨੂੰ ਬੈਠ ਸਮਝਾਇਆ।
ਸਾਡਾ ਲਗੇਗਾ ਸੀਸ ਇਹ ਨਿਸਚਾ ਆਇਆ।
ਅਸਾਂ ਹੋਇਆ ਤੁਰਕਾਂ ਵਿਚ ਜਾਣਾ।
ਉਨਾਂ ਕਰਨੀ ਹੈ ਹੁਜਤ।
ਤੁਸਾਂ ਦੁਆਏ ਵਿਚ ਕਰਨਾ ਟਿਕਾਣਾ।
ਸਰੀਰ ਹੈ ਛੁਟਣਾ।
ਸੰਸਾ ਨਹੀਂ ਕੋਈ।
ਰਜਾਇ ਖਾਵੰਦ ਦੀ ਇਸ ਤਰ੍ਹਾਂ ਹੋਈ।
ਸਾਹਿਬ ਮੱਥਾ ਟੇਕ ਵਿਦਿਆ ਹੋਇ ਗਏ।
ਦੁਸ਼ਟ-ਚੋਕੜੀ ਵਿਚ ਆਵਤ ਭਏ।
ਜੁਆਬ ਸੁਆਲ ਬਹੁਤ ਹੀ ਹੋਇਆ।
ਭਹੇ ਕੈਦ ਦੁਖ ਪਾਇਆ, ਸੁਖ ਖਇਆ।”31

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1606 ਈ. ਵਿਚ ਗੱਦੀ ਸੰਭਾਲਦਿਆਂ ਹੀ ਇਨਕਲਾਬੀ ਪ੍ਰੋਗਰਾਮ ਦਾ ਮੁੱਢ ਬੰਨ੍ਹ ਦਿੱਤਾ। ਉਨ੍ਹਾਂ ਦੁਆਰਾ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਣਾ ਇਹ ਪ੍ਰਤੱਖ ਕਰਨਾ ਸੀ ਕਿ ਸਿੱਖ ਲਹਿਰ ਮੀਰੀ ਅਥਵਾ ਰਾਜਸੀ ਸ਼ਕਤੀ ਦੀ ਪ੍ਰਾਪਤੀ ਨੂੰ ਪੀਰੀ ਅਥਵਾ ਰਹੱਸਵਾਦੀ ਜੀਵਨ ਦੇ ਪ੍ਰਤੀ ਪ੍ਰਤਿਕੂਲ ਨਹੀਂ ਮੰਨਦੀ। ਸਿੱਖਾਂ ਦੀ ਸੈਨਿਕ ਖੇਤਰ ਵਿਚ ਅਗਵਾਈ ਕਰਨ ਦੇ ਇਰਾਦੇ ਨੇ ਹੀ ਉਨ੍ਹਾਂ ਤੋਂ ਮੀਰੀ ਦੀ ਵਰਤੋਂ ਕਰਵਾਈ ਸੀ। ਪੀਰੀ ਦੀ ਤਲਵਾਰ ਧਾਰਨ ਕਰਨ ਦਾ ਮੰਤਵ ਸਿੱਖਾਂ ਨੂੰ ਰਹੱਸਵਾਦੀ ਜੀਵਨ ਦੀ ਅਗਵਾਈ ਦੇਣ ਲਈ ਕਿਰਪਾਨ ਦੀ ਵਰਤੋਂ ਅਵੱਸ਼ ਹੋ ਗਈ ਹੈ, ਦੀ ਸੂਚਨਾ ਦੇਣਾ ਸੀ। ਸਿੱਖਾਂ ਦੀਆਂ ਰਹੱਸਵਾਦੀ ਲੋੜਾਂ ਦੀ ਪੂਰੀ ਨੂੰ ਵਾਸਤਵ ਵਿਚ ਸਿੱਖ ਗੁਰੂ ਮਜ਼ਬੂਤੀ ਨਾਲ ਸਿਰੇ ਚੜ੍ਹਾ ਰਹੇ ਸਨ। ਰਹੱਸਵਾਦੀ ਜੀਵਨ ਦੀ ਪ੍ਰਫੁੱਲਤਾ ਵਿਚ ਹੀ ਉਹ ਸਥਾਈ ਅਮਨ ਤੇ ਮਨੁੱਖਤਾ ਦੀਆਂ ਸੰਪੂਰਨ ਸੰਭਾਵਨਾਵਾਂ ਦੇ ਵਿਕਾਸ ਦੀ ਗਰੰਟੀ ਮੰਨਦੇ ਸਨ। ਰਹੱਸਵਾਦੀ ਜੀਵਨ ਵੱਡੀ ਗਿਣਤੀ ਵਿਚ ਸਿੱਖਾਂ ਦੇ ਸਮਝ ਆ ਜਾਣ ਕਾਰਨ ਉਨ੍ਹਾਂ ਵਿਚ ਸਮਾਜਿਕ ਸੁਧਾਰ ਤੇ ਰਾਜਨੀਤਿਕ ਇਨਕਲਾਬ ਦੀ ਕ੍ਰਾਂਤੀ ਉਪਜ ਹੋਈ ਸੀ।32 ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਦੋ ਕਿਰਪਾਨਾਂ ਸਿੱਖ ਧਰਮ ਦੇ ਅਨੁਯਾਈਆਂ ਦੇ ਜੀਵਨ ਵਿਚ ਰਹੱਸਵਾਦੀ ਤੇ ਸਮਾਜਿਕ ਪੱਖਾਂ ਦੀ ਸਮਾਨ ਮਹੱਤਤਾ ਰੱਖਦੀਆਂ ਸਨ। ਉਨ੍ਹਾਂ ਦੀ ਮੀਰੀ ਕਿਸੇ ਇਕ-ਪੁਰਖੀ ਰਾਜ ਦਾ ਸੰਕਲਪ ਨਹੀਂ ਸੀ ਸਗੋਂ ਮੁਗ਼ਲਾਂ ਦੀ ਤਾਕਤ ਨੂੰ ਪੰਜਾਬ ਦੇ ਸੁਸਿੱਖਿਅਤ ਲੋਕਾਂ ਵਿਚ ਵੰਡ ਦੇਣ ਦਾ ਸੁਪਨਾ ਸੀ। ਉਨ੍ਹਾਂ ਦੀ ਪੀਰੀ ਲੋਕ-ਰਾਜ ਤੋਂ ਵੀ ਅੱਗੇ ਲੋਕਾਂ ਲਈ ਵਿਸ਼ਵਾਰਥੀ ਜੀਵਨ ਦੀ ਪ੍ਰਾਪਤੀ ਦਾ ਸੰਕਲਪ ਸੀ। ਸਿੱਖ ਲਹਿਰ ਦੇ ਵਿਕਾਸ ਦੀ ਇਹ ਵਿਸ਼ੇਸ਼ਤਾ ਦਾ ਮੰਤਵ ਕੇਵਲ ਇਨਕਲਾਬੀ ਪ੍ਰੋਗਰਾਮ ਨੂੰ ਇਸ ਲਹਿਰ ਦੇ ਮਨੋਰਥਾਂ ਵਿਚ ਸ਼ਾਮਲ ਕਰਨਾ ਹੀ ਨਹੀਂ ਸੀ ਸਗੋਂ ਇਹ ਸਿੱਧ ਕਰਨਾ ਸੀ ਕਿ ਰਹੱਸਵਾਦੀ ਜੀਵਨ ਇਨਕਲਾਬੀ ਜ਼ਹਿਨੀਅਤ ਤੋਂ ਸੰਤੁਸ਼ਟ ਸਮਾਜ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ ਤਾਂ ਜੋ ਇਸ ਦਾ ਵਿਕਾਸ, ਉੱਚੇ ਪੱਧਰਾਂ ਤਕ ਪਹੁੰਚ ਜਾਵੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਉਨ੍ਹਾਂ ਤੋਂ ਬਾਅਦ ਦੇ ਗੁਰੂ ਜੀ ਵੀ ਸਿੱਖਾਂ ਨੂੰ ਰਹੱਸਵਾਦੀ ਬਨਿਆਦਾਂ ਤੋਂ ਅਵੇਸਲੇ ਹੋਣ ਵਿਰੁੱਧ ਤਾੜਨਾ ਕਰਦੇ ਰਹੇ।33

ਸਿੱਖ ਗੁਰੂਆਂ ਦੀ ਕ੍ਰਿਪਾਨ ਧਾਰਨ ਦੀ ਨੀਤੀ ਨਾ ਤਾਂ ਰਹੱਸਵਾਦੀ ਆਦਰਸ਼ਾਂ ਦੀ ਪਕੜ ਢਿੱਲੀ ਪੈਣ ਦੀ ਸੂਚਕ ਸੀ ਤੇ ਨਾ ਨਿਰੋਲ ਧਰਮ ਦੀ ਰੱਖਿਆ ਦਾ ਵਸੀਲਾ। ਉਹ ਫ਼ਕੀਰੀ ਜੀਵਨ ਤੋਂ ਮੂੰਹ ਮੋੜ ਕੇ ਸੰਸਾਰੀ ਕੀਮਤਾਂ ਨੂੰ ਤਰਜੀਹ ਦੇਣ ਵਾਲੇ ਰਾਜਸੀ ਮਨੁੱਖ ਨਹੀਂ ਹੋ ਗਏ ਸਨ ਤੇ ਨਾ ਹੀ ਧਰਮ ਦੇ ਪ੍ਰਚਾਰ ਦੀਆਂ ਰੁਕਾਵਟਾਂ ਦੂਰ ਕਰਨ ਲਈ ਲੜਨ ਵਾਲੇ ਧਾਰਮਿਕ ਯੋਧੇ। ਉਹ ਮਨੁੱਖੀ ਜੀਵਨ ਦੀ ਚਾਲ ਨੂੰ ਕੁਦਰਤੀ ਧੂਹ ਅਨੁਸਾਰ ਅੱਗੇ ਵਧਣ ਦੇ ਵੱਧ ਤੋਂ ਵੱਧ ਅਵਸਰ ਦੇਣ ਦੇ ਇੱਛੁਕ ਸਨ। ਇਹ ਧੂਹ ਰੂਹਾਨੀ ਜੀਵਨ, ਸਮੂਹਿਕ ਚੇਤੰਨਤਾ ਤੇ ਰਾਜਸੀ ਸੁਤੰਤਰਤਾ ਦੀ ਚਾਹ ਆਪਣੇ ਆਪ ਉਪਜਾਉਂਦੀ ਜਾਂਦੀ ਹੈ ਜੇਕਰ ਇਸ ਦੇ ਸੋਮੇ ਹਰਕਤ ਵਿਚ ਲੈ ਆਂਦੇ ਜਾਣ। ਮੀਰੀ-ਪੀਰੀ ਦੀ ਧਾਰਨਾ ਅਨੁਸਾਰ ਗੁਰੂ ਜੀ ਨੇ ਪੰਜਾਬ ਦੇ ਪੂਰਬੀ, ਉੱਤਰੀ ਤੇ ਦੱਖਣੀ-ਪੂਰਬੀ ਇਲਾਕਿਆਂ ਨੂੰ ਇਸ ਲਹਿਰ ਦੇ ਪ੍ਰਭਾਵ ਹੇਠ ਲਿਆਉਣ ਲਈ ਯਤਨ ਕੀਤੇ। ਗੁਰੂ ਜੀ ਨੇ ਮਾਲਵੇ ਦੇ ਸੂਰਬੀਰ ਲੋਕਾਂ ਵਿਚ ਸਿੱਖ ਲਹਿਰ ਦੇ ਆਦਰਸ਼ ਫੈਲਾਉਣ ਵੱਲ ਧਿਆਨ ਦਿੱਤਾ ਤੇ ਉਸ ਤੋਂ ਬਾਅਦ ਪਹਾੜੀ ਪੰਜਾਬ ਨਾਲ ਮਿਲਦੇ ਉੱਤਰੀ ਇਲਾਕਿਆਂ ਨੂੰ ਵੀ ਇਸ ਲੜੀ ਵਿਚ ਪਰੋਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗ਼ਲ ਫੌਜਾਂ ਨਾਲ ਛੋਟੀਆਂ-ਛੋਟੀਆਂ ਲੜਾਈਆਂ ਕਰਕੇ ਪੰਜਾਬ ਦੇ ਲੋਕਾਂ ਵਿਚ ਰਾਜਸੀ ਇਨਕਲਾਬ ਦੇ ਸੁਪਨੇ ਜਗਾਉਣੇ ਸ਼ੁਰੂ ਕਰ ਦਿੱਤੇ।34

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਧਾਰਨਾ ਅਨੁਸਾਰ ਕੇਸਰੀ ਬਾਣਾ ਧਾਰਨ ਕੀਤਾ, ਦਸਤਾਰ ਤੇ ਕਲਗੀ ਸਜਾਈ। ਰਾਜਸੀ ਠਾਠ-ਬਾਠ ਨਾਲ ਉਨ੍ਹਾਂ ਗੁਰਗੱਦੀ ’ਤੇ ਬੈਠਣਾ ਸ਼ੁਰੂ ਕੀਤਾ। ਹਰ ਸਮੇਂ ਉਹ ਆਪਣੇ ਨਾਲ 50 ਤੋਂ 60 ਅੰਗ-ਰੱਖਿਅਕ ਰੱਖਣ ਲੱਗੇ। ਜਿੰਨਾਂ ਨਾਲ ਉਨ੍ਹਾਂ ਦੇ ਰਾਜਸੀ ਜੀਵਨ ਵਿਚ ਹੋਰ ਵਾਧਾ ਹੋਇਆ। ਉਨ੍ਹਾਂ ਨੇ ਸੁਤੰਤਰਤਾ ਦੇ ਚਿੰਨ੍ਹ ਕਲਗੀ, ਦਸਤਾਰ, ਬਾਜ਼, ਘੋੜੇ, ਹਥਿਆਰ ਆਦਿ ਵੀ ਰੱਖੇ। ਗੱਦੀਨਸ਼ੀਨੀ ਸਮੇਂ ਸੰਗਤ ਵਿਚ ਐਲਾਨ ਕੀਤਾ “ਸੇਲੀ ਸੰਭਾਲ ਕੇ ਰੱਖ ਦਿੱਤੀ ਅਤੇ ਗੁਜ਼ਰ ਰਹੇ ਸਮੇਂ ਮੁਤਾਬਿਕ ਉਨ੍ਹਾਂ ਦੀ ਸੇਲੀ ਕਿਰਪਾਨ ਦਾ ਗਾਤਰਾ ਹੋਵੇਗੀ ਅਤੇ ਦਸਤਾਰਾ ਸ਼ਾਹੀ ਠਾਠ ਦਾ ਲਖਾਇਕ ਹੋਵੇਗਾ।35 ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਦੋ ਕਿਰਪਾਨਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪਹਿਨਾਈਆਂ।ਇਕ ਮੀਰੀ ਦੀ ਇਕ ਪੀਰੀ ਦੀ। ਇਸ ਘਟਨਾ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਮੀਆਂ ਅਬਦੁੱਲਾ ਅਤੇ ਨੱਥਾ ਮੱਲ ਜਿਨ੍ਹਾਂ ਨੂੰ ਢਾਡੀ ਕਲਾ ਦੇ ਮੋਢੀ ਹੋਣ ਦਾ ਸੁਭਾਗ ਪ੍ਰਾਪਤ ਹੈ, ਨੇ ਇਸ ਤਰ੍ਹਾਂ ਵਰਣਿਤ ਕੀਤਾ ਹੈ:

ਦੋ ਤਲਵਾਰੀਂ ਬੱਧੀਆਂ,
ਇਕ ਮੀਰੀ ਦੀ ਇਕ ਪੀਰਿ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ,
ਇਕ ਰਾਖੀ ਕਰੇ ਵਜ਼ੀਰ ਦੀ।36

ਸਿੱਖ ਗੁਰੂ ਸਾਹਿਬਾਨ ਨੇ ਭਾਰਤੀ ਤਵਾਰੀਖ਼ ਵਿਚ ਪਹਿਲੀ ਵਾਰ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੀ ਸ਼ਕਤੀ ਵਿਚ ਬਦਲਿਆ। ਸੱਤਾ ਦੇ ਦੋ ਮਾਰੂ ਸਿਧਾਂਤਾਂ ਨੂੰ ਕਿਰਪਾਨ ਨਾਲ ਸਿੱਧਾ ਕਰਨ ਨੂੰ ਧਰਮ ਕਰਾਰ ਦਿੱਤਾ ਗਿਆ। ਮੀਰੀ-ਪੀਰੀ ਦਾ ਸਿਧਾਂਤ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਦ੍ਰਿਸ਼ਟੀਗੋਚਰ ਹੋ ਚੁੱਕਾ ਸੀ। ਰਾਗ ਆਸਾ ਵਿਚ ਗੁਰੂ ਸਾਹਿਬ ਜੀ ਦੀ ਸਿੰਘ ਸਿਰਜਣਾ ਸਾਫ ਰੂਪ ਵਿਚ ਦਿਖਾਈ ਦਿੰਦੀ ਹੈ। ਦੋ ਕਿਰਪਾਨਾਂ ਦਾ ਇਹ ਸੰਕਲਪ ਹਲਤਮੁਖੀ ਪ੍ਰਭਤਾ ਅਤੇ ਪਲਤਮੁਖੀ ਪ੍ਰਭਤਾ ਵੱਖੋ-ਵੱਖਰੀਆਂ ਵੀ ਸਨ ਅਤੇ ਅੰਤਰ ਸੰਬੰਧਿਤ ਵੀ। ਸ੍ਰੀ ਦਰਬਾਰ ਸਾਹਿਬ ਜੀ ਦੀ ਰੂਹਾਨੀ ਸ਼ਕਤੀ ਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਸਾਰਕ ਸ਼ਕਤੀ ਦਾ ਪ੍ਰਤੀਕ ਹੈ।37 ਇਸੇ ਧਾਰਨਾ ਅਨੁਸਾਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਰਥਾਤ ਈਸ਼ਵਰ ਦੀ ਗੱਦੀ ਦਾ ਨੀਂਹ-ਪੱਥਰ ਰੱਖਿਆ। ਜਿਸ ਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਹੈ। ਇਸ ਦੇ ਅੰਦਰ 12 ਫੁੱਟ ਉੱਚੇ ਥੜ੍ਹੇ ਦਾ ਨਿਰਮਾਣ ਕੀਤਾ ਗਿਆ। ਇਸ ਦੇ ਸੰਪੂਰਨ ਹੋਣ ਤੋਂ ਬਾਅਦ ਗੁਰੂ ਜੀ ਇਸ ਥਾਂ ’ਤੇ ਬੈਠ ਕੇ ਸੈਨਿਕ ਤੇ ਰਾਜਨੀਤਿਕ ਖੇਤਰ ਵਿਚ ਸਿੱਖਾਂ ਦੀ ਰਹਿਨੁਮਾਈ ਕਰਨ ਲੱਗੇ। ਇਸ ਥਾਂ ’ਤੇ ਸਿੱਖ ਸੈਨਿਕਾਂ ਨੂੰ ਸੈਨਿਕ ਸਿੱਖਿਆ, ਧਰਮ ਦੀ ਰੱਖਿਆ ਲਈ ਵੈਰੀਆਂ ਨਾਲ ਯੁੱਧ ਕਰਨ ਦੇ ਢੰਗ ਅਤੇ ਸ਼ਸਤਰ ਆਦਿ ਵੰਡੇ ਜਾਂਦੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਹੀ ਗੁਰੂ ਸਾਹਿਬ ਦੀ ਦੇਖ-ਰੇਖ ਵਿਚ ਸਿੱਖਾਂ ਵਿਚ ਕਸਰਤ ਅਤੇ ਕੁਸ਼ਤੀਆਂ ਹੁੰਦੀਆਂ ਸਨ ਤਾਂ ਜੋ ਅਧਿਆਤਮਿਕਤਾ ਦੇ ਨਾਲ-ਨਾਲ ਉਹ ਸਰੀਰਕ ਤੌਰ ’ਤੇ ਵੀ ਰਿਸ਼ਟ-ਪੁਸ਼ਟ ਹੋਣ।38 ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਸ ਥਾਂ ’ਤੇ ਸੱਜ ਕੇ ਮੀਰੀ-ਪੀਰੀ ਦੀਆਂ ਦੋਵੇਂ ਕਿਰਪਾਨਾਂ ਪਹਿਨੀਆਂ ਸਨ, ਉਸ ਥਾਂ ’ਤੇ ਸੁਨਹਿਰੀ ਬੰਗਲਾ ਬਣਿਆ ਹੋਇਆ ਹੈ ਜਿਸ ਦੇ ਅੰਦਰ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਸ਼ਹੀਦਾਂ ਤੇ ਸੂਰਬੀਰ ਸਿੰਘਾਂ ਦੇ ਇਤਿਹਾਸਕ ਸ਼ਸਤਰ ਸੰਗਤਾਂ ਦੇ ਦਰਸ਼ਨਾਂ ਹਿਤ ਸਜਾਏ ਜਾਂਦੇ ਹਨ। ਇਨ੍ਹਾਂ ਸ਼ਸਤਰਾਂ ਦੇ ਇਕ-ਇਕ ਕਰ ਕੇ ਨਾਮ ਦੇ ਨਾਲ-ਨਾਲ ਉਨ੍ਹਾਂ ਦੇ ਇਤਿਹਾਸ ਦੱਸ ਕੇ ਸ਼ਾਮ ਨੂੰ ‘ਸੋਦਰੁ ਰਹਿਰਾਸਿ’ ਦੇ ਪਾਠ ਦੀ ਅਰਦਾਸ ਪਿੱਛੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਕਰਵਾਏ ਜਾਣ ਉਪਰੰਤ ਹਾਲ ਦੀ ਕੋਠਾ ਸਾਹਿਬ ਵਿਚਲੀ ਕੰਧ ਵਿਚ ਬਣੀ ਲੱਕੜ ਦੀ ਸੁੰਦਰ ਅਲਮਾਰੀ ਵਿਚ ਰੱਖ ਦਿੱਤੇ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਰੱਖੇ ਹੋਏ ਪ੍ਰਮੁੱਖ ਸ਼ਸਤਰ ਦੋ ਧਾਰਾ ਖੰਡਾ, ਤੇਗਾ ਅਤੇ ਕਟਾਰ ਹਨ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੈਠਦੇ ਹੀ ਸਿੱਖ ਸੰਗਤਾਂ ਨੂੰ ਹੁਕਮਨਾਮਾ ਜਾਰੀ ਕੀਤਾ, ਜੋ ਕਿ ਸਿੱਖ ਗੁਰੀਲਾ ਯੁੱਧ-ਪ੍ਰਣਾਲੀ ਦੀ ਸ਼ੁਰੂਆਤ ਸੀ। ਪਹਿਲਾ ਹੁਕਮਨਾਮਾ ਜੋ ਸਿੱਖਾਂ ਦੇ ਨਾਂ ਗੁਰੂ ਸਾਹਿਬ ਨੇ ਜਾਰੀ ਕੀਤਾ, ‘ਗੁਰੂ ਪੰਥ ਪ੍ਰਕਾਸ਼’ ਅਨੁਸਾਰ, “ਗੁਰੂ ਅਰਜਨ ਸਾਹਿਬ ਸੱਚਖੰਡ ਚਲੇ ਗਏ ਅਤੇ ਛੇਵੇਂ ਗੁਰੂ ਨੂੰ ਤਖ਼ਤ ’ਤੇ ਬਿਠਾਇਆ ਗਿਆ ਹੈ। ਜੋ ਵੀ ਉਨ੍ਹਾਂ ਨੂੰ ਇਸ ਤਖ਼ਤ ’ਤੇ ਮਿਲਣ ਆਵੇ, ਕੇਵਲ ਚੰਗੇ ਘੋੜੇ ਅਤੇ ਚੰਗੇ ਹਥਿਆਰ ਭੇਟਾ ਲੈ ਕੇ ਆਵੇ।”39 ਮੀਰੀ-ਪੀਰੀ ਦੀ ਧਾਰਨਾ ਦੇ ਵਿਕਾਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਕ ਅਤਿ ਮਹੱਤਵਪੂਰਨ ਤੇ ਮਹਾਨ ਕਾਰਜ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਸਦਾ ਲਈ ਸਿੱਖਾਂ ਦੀ ਇਕ ਮਹੱਤਵਪੂਰਨ ਸੰਸਥਾ ਬਣ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਫੈਸਲਿਆਂ ਦੀ ਪਾਲਣਾ ਕਰਨਾ ਸਿੱਖ ਆਪਣਾ ਧਾਰਮਿਕ ਕਰਤੱਵ ਸਮਝਣ ਲੱਗੇ। ਡਾ. ਤ੍ਰਿਲੋਚਨ ਸਿੰਘ ਅਨੁਸਾਰ, “ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਮੁਗ਼ਲ ਬਾਦਸ਼ਾਹਾਂ ਦੀ ਸ਼ਕਤੀ ਨੂੰ ਇਕ ਵੰਗਾਰ ਸੀ ਤੇ ਇਹ ਹਰ ਤਰ੍ਹਾਂ ਦੇ ਡਰ ਅਤੇ ਤਾਨਾਸ਼ਾਹੀ ਸ਼ਾਸਨ ਤੋਂ ਸੁਤੰਤਰਤਾ ਅਤੇ ਸਵਰਾਜ ਦੀ ਸਥਾਪਨਾ ਦੇ ਐਲਾਨ ਦੇ ਤੁਲ ਸੀ। ਸਿੱਖਾਂ ਦੇ ਇਸ ਧਾਰਮਿਕ ਕੇਂਦਰ ਸਥਾਨ ਲਈ ਹੁਣ ਸਭ ਤੋਂ ਵੱਡੀ ਲੋੜ ਸੀ, ਇਸ ਦੀ ਰੱਖਿਆ ਕਰਨਾ। ਇਸ ਗੱਲ ਨੂੰ ਅਨੁਭਵ ਕਰਦੇ ਹੋਏ ਗੁਰੂ ਜੀ ਨੇ ਗੁਰਦੁਆਰਾ ਲੋਹਗੜ੍ਹ ਸਾਹਿਬ ਦਾ ਨਿਰਮਾਣ ਕਰਵਾ ਕੇ ਉੱਥੇ ਕਾਫੀ ਮਾਤਰਾ ਵਿਚ ਸੈਨਿਕਾਂ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ। ਰਾਮਦਾਸਪੁਰ ਭਾਵ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਚਾਰੋਂ ਪਾਸੇ ਚਾਰਦੀਵਾਰੀ ਦਾ ਨਿਰਮਾਣ ਕਰਵਾਇਆ ਤਾਂ ਜੋ ਇਸ ਸ਼ਹਿਰ ਦੀ ਹਮਲਾਵਰਾਂ ਤੋਂ ਰੱਖਿਆ ਕੀਤੀ ਜਾ ਸਕੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਉਪਰੋਕਤ ਕਾਰਜਾਂ ਦੇ ਫਲਸਰੂਪ ਨਿਰਾਸ਼ ਸਿੱਖਾਂ ਨੂੰ ਇਕ ਨਵਾਂ ਜੀਵਨ ਮਿਲਿਆ।41

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਧਾਰਨਾ ਅਨੁਸਾਰ ਸਮਾਜਿਕ ਖੇਤਰ ਵਿਚ ਮਰਦ ਦੇ ਬਰਾਬਰ ਦਾ ਅਧਿਕਾਰ ਔਰਤ ਨੂੰ ਪ੍ਰਦਾਨ ਕੀਤਾ। ਗੁਰੂ ਜੀ ਦੀਆਂ ਬਚਪਨ ਤੋਂ ਹੀ ਗਤੀਵਿਧੀਆਂ ਸਿਰਜਣਾਤਮਕ ਤੇ ਕ੍ਰਾਂਤੀਕਾਰੀ ਸਨ। ਰਾਜਸੀ ਚਿੰਨ੍ਹ ਧਾਰਨ ਕਰਨ ਤੋਂ ਬਾਅਦ ਸਿੱਖਾਂ ਨੂੰ ਸੈਨਿਕਾਂ ਦੇ ਰੂਪ ਵਿਚ ਉਨ੍ਹਾਂ ਨੇ ਸੰਗਠਿਤ ਕਰਨਾ ਸ਼ੁਰੂ ਕੀਤਾ। ‘ਦਬਿਸਤਾਨ-ਏ-ਮਜ਼ਾਹਿਬ’ ਦੇ ਲੇਖਕ ਅਨੁਸਾਰ ਗੁਰੂ ਸਾਹਿਬ ਦੀ ਸੈਨਾ ਵਿਚ 800 ਘੋੜੇ, 300 ਘੋੜਸਵਾਰ ਤੇ 60 ਬੰਦੂਕਚੀ ਸਨ। ਇਸ ਤੋਂ ਇਲਾਵਾ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ 500 ਸਵੈ- ਸੇਵਕਾਂ ਦੀ ਸੈਨਾ, ਜਿਸ ਦਾ ਕੰਮ ਗੁਰੂ ਸਾਹਿਬ ਦੀ ਦੇਖ-ਰੇਖ ਕਰਨਾ ਸੀ, ਉਹ ਉਪਰੋਕਤ ਤੋਂ ਵੱਖਰੀ ਸੀ।42 ਸੈਨਿਕ ਭਰਤੀ ਦੌਰਾਨ ਗੁਰੂ ਜੀ ਨੇ ਮੁਸਲਮਾਨ ਪਠਾਣਾਂ ਦੀ ਭਰਤੀ ਵੀ ਕੀਤੀ ਜਿਸ ਦਾ ਸੈਨਾ ਨਾਇਕ ਪੈਂਦਾ ਖਾਨ ਨਾਮੀ ਪਠਾਣ ਨੂੰ ਲਗਾਇਆ ਗਿਆ। ਇਸ ਗੱਲ ਤੋਂ ਸਪੱਸ਼ਟ ਜਾਣਕਾਰੀ ਪ੍ਰਾਪਤੀ ਹੁੰਦੀ ਹੈ ਕਿ ਗੁਰੂ ਜੀ ਦੀ ਮੁਸਲਮਾਨਾਂ ਪ੍ਰਤੀ ਕੋਈ ਦੁਸ਼ਮਣੀ ਦੀ ਭਾਵਨਾ ਨਹੀਂ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਹਿਲੇ ਸਿੱਖ ਗੁਰੂ ਸਨ ਜਿਨ੍ਹਾਂ ਨੇ ਆਪਣੀ ਇਸ ਨੀਤੀ ਅਨੁਸਾਰ ਆਪਣੇ ਦੈਨਿਕ ਜੀਵਨ ਵਿਚ ਤਬਦੀਲੀ ਕੀਤੀ। ਪ੍ਰਭਾਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਉਹ ਉਤਸ਼ਾਹੀ ਢੰਗ ਨਾਲ ਸ਼ਸਤਰ ਧਾਰਨ ਕਰਨ ਉਪਰੰਤ ਲੰਗਰ ਵਿਚ ਚਲੇ ਜਾਂਦੇ, ਪੰਗਤ ਵਿਚ ਬੈਠ ਕੇ ਲੰਗਰ ਛਕਣ ਤੋਂ ਬਾਅਦ ਆਪਣੇ ਸੇਵਕਾਂ ਸਮੇਤ ਜੰਗਲਾਂ ਨੂੰ ਸ਼ਿਕਾਰ ਕਰਨ ਲਈ ਚਲੇ ਜਾਂਦੇ। ਗੁਰੂ ਜੀ ਦੀ ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਸਿੱਖਾਂ ਵਿਚ ਸੈਨਿਕ ਕਲਾ ਪੈਦਾ ਕਰਨਾ ਤਾਂ ਜੋ ਉਹ ਅਨਿਆਂ ਅਤੇ ਅੱਤਿਆਚਾਰ ਦੇ ਵਿਰੁੱਧ ਲੜ ਸਕਣ ਅਤੇ ਸਿੱਖਾਂ ਦੇ ਨਿਤਨੇਮ ਜੀਵਨ ਵਿਚ ਪਰਿਵਰਤਨ ਕਰਨਾ। ਗੁਰੂ ਜੀ ਦੁਆਰਾ ਹੁਣ ਨਿਤਨੇਮ ਦੇ ਪਰਿਵਰਤਨ ਕਰਨ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘਾਂ ਨੂੰ ਉਤਸ਼ਾਹਪੂਰਵਕ ਜੀਵਨ ਜੀਊਣ ਦੀ ਪ੍ਰੇਰਨਾ ਦੇਣ ਲਈ ਢਾਡੀ ਵਾਰਾਂ ਗਾਉਣ ਦੇ ਨਾਲ-ਨਾਲ ਨਗਾਰਾ ਵੀ ਵਜਾਇਆ ਜਾਣ ਲੱਗ ਪਿਆ। ਨਵੀਂ ਨੀਤੀ ਦੇ ਵਰਣਿਤ ਕਾਰਨਾਂ ਕਰ ਕੇ ਅਤੇ ਗੁਰੂ ਜੀ ਦੀ ਵਧ ਰਹੀ ਸ਼ਕਤੀ ਨੂੰ ਦੇਖ ਕੇ ਬਾਦਸ਼ਾਹ ਜਹਾਂਗੀਰ ਨੇ ਉਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਕਈ ਪਤਵੰਤੇ ਮੁਸਲਮਾਨਾਂ ਦੇ ਕਹਿਣ ਤੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰ ਦਿੱਤਾ, ਉਨ੍ਹਾਂ ਦੇ ਨਾਲ 52 ਹੋਰ ਰਾਜਸੀ ਕੈਦੀਆਂ ਨੂੰ ਵੀ ਰਿਹਾਅ ਕੀਤਾ ਗਿਆ। ਜਿਸ ਕਰ ਕੇ ਗੁਰੂ ਜੀ ਨੂੰ ‘ਬੰਦੀ ਛੋੜ’ ਵੀ ਕਿਹਾ ਜਾਂਦਾ ਹੈ।43

ਜਹਾਂਗੀਰ ਦੀ ਮੌਤ ਤੋਂ ਬਾਅਦ 1628 ਈ. ਵਿਚ ਉਸ ਦਾ ਪੁੱਤਰ ਸਹਾਬ-ਊ-ਦੀਨ ਮੁਹੰਮਦ ਸ਼ਾਹਜਹਾਂ ਰਾਜਗੱਦੀ ’ਤੇ ਬੈਠਿਆ। ਜਹਾਂਗੀਰ ਦੇ ਸਮੇਂ ਭਾਵੇਂ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਗਿਆ ਪ੍ਰੰਤੂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਰਿਹਾਅ ਕਰਨ ਉਪਰੰਤ ਮੁਸਲਮਾਨਾਂ ’ਤੇ ਸਿੱਖਾਂ ਦੇ ਆਪਸੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਰਹੇ। ਸ਼ਾਹਜਹਾਨ ਦੇ ਰਾਜਗੱਦੀ ’ਤੇ ਬੈਠਣ ਦੇ ਨਾਲ ਇਨ੍ਹਾਂ ਸੰਬੰਧਾਂ ਵਿਚ ਤਬਦੀਲੀ ਆਉਣ ਲੱਗੀ। ਜਿਸ ਕਰ ਕੇ ਮੁਗ਼ਲਾਂ ਤੇ ਸਿੱਖਾਂ ਵਿਚਕਾਰ ਚਾਰ ਯੁੱਧ ਹੋਏ। ਪਹਿਲਾ ਯੁੱਧ 1634 ਈ. ਵਿਚ ਅੰਮ੍ਰਿਤਸਰ ਵਿਖੇ ਮੁਗ਼ਲ ਸੈਨਾਪਤੀ ਮੁਖਲਿਸ ਖਾਨ ਨਾਲ ਹੋਇਆ ਜਿਸ ਦਾ ਕਾਰਨ ਸ਼ਿਕਾਰ ਕਰਦੇ ਸਮੇਂ ਸੁੰਦਰ ਬਾਜ਼ ਦੀ ਪ੍ਰਾਪਤੀ ਸਬੰਧੀ ਝਗੜਾ ਸੀ। ਸਯੱਦ ਮੁਹੰਮਦ ਲਤੀਫ ਅਨੁਸਾਰ “ਇਹ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ ਸੀ।”44 ਦੂਸਰਾ ਯੁੱਧ ਹਰਿਗੋਬਿੰਦਪੁਰ ਦੇ ਸਥਾਨ ’ਤੇ ਅਬਦੁੱਲਾ ਖਾਨ ਨਾਲ ਹੋਇਆ। ਤੀਸਰਾ ਯੁੱਧ ਗੁਲਬਾਗ ਅਤੇ ਦਿਲਬਾਗ ਨਾਮੀ ਨਾਲ ਦੋ ਘੋੜਿਆਂ ਕਾਰਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਦੇ ਸਥਾਨ ’ਤੇ ਮੁਗ਼ਲ ਸੈਨਾਪਤੀ ਕਮਰਬੇਗ ਸੈਨਾਨੀ ਨਾਲ ਹੋਇਆ। ਚੌਥਾ ਅਤੇ ਅੰਤਿਮ ਯੁੱਧ ਪੈਂਦੇ ਖਾਨ ਜੋ ਮੁੱਢਲੇ ਸਮੇਂ ਗੁਰੂ ਜੀ ਦੀ ਫੌਜ ਵਿਚ ਜਰਨੈਲ ਸੀ ਦੇ ਬਾਜ ਉਠਾਉਣ ਕਰਕੇ ਕਰਤਾਰਪੁਰ ਦੇ ਸਥਾਨ ’ਤੇ 26 ਅਪ੍ਰੈਲ 1635 ਈ.ਨੂੰ ਹੋਇਆ।45

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਇਸ ਯੁੱਧ ਤੋਂ ਬਾਅਦ ਗੁਰੂ ਜੀ ਕੀਰਤਪੁਰ ਜਾ ਬਿਰਾਜੇ ਅਤੇ ਧਰਮ ਪ੍ਰਚਾਰ ਦਾ ਕੰਮ ਜਾਰੀ ਰੱਖਿਆ। ਉਨ੍ਹਾਂ ਨੇ ਦੂਰ-ਦੂਰ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ, ਕਸ਼ਮੀਰ, ਪੀਲੀਭੀਤ ਅਤੇ ਮਾਲਵੇ ਵਿਚ ਸਿਧਵਾਂ ਕਲਾਂ ਆਦਿ ਥਾਵਾਂ ’ਤੇ ਯਾਤਰਾਵਾਂ ਕਰ ਕੇ ਲੱਖਾਂ ਪ੍ਰਾਣੀਆਂ ਨੂੰ ਮੁਕਤੀ ਦਾ ਰਾਹ ਦਰਸਾਇਆ ਅਤੇ ਉਦਾਸੀ ਪ੍ਰਚਾਰਕਾਂ ਨੂੰ ਦੇਸ਼-ਦੇਸ਼ਾਂਤਰਾਂ ਵਿਚ ਭੇਜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਝੰਡੇ ਨੂੰ ਝੁਲਾਇਆ।”46

ਹਰ ਇਕ ਇਨਕਲਾਬ ਦੇ ਦੋ ਪਹਿਲੂ ਹੁੰਦੇ ਹਨ, ਪਹਿਲਾ ਢਾਹੂ ਅਤੇ ਦੂਸਰਾ ਉਸਾਰੂ। ਇਨਕਲਾਬ ਤੋਂ ਭਾਵ ਪੁਰਾਣੇ ਨਿਜ਼ਾਮ ਦੇ ਉਲਟ ਕੰਮ ਕਰਨਾ। ਪੁਰਾਣੇ ਨੂੰ ਢਾਹੇ ਬਗੈਰ ਨਵੇਂ ਸਮਾਜ ਦੀ ਉਸਾਰੀ ਨਹੀਂ ਹੋ ਸਕਦੀ। ਮੱਧਕਾਲੀਨ ਸਮੇਂ ਹਿੰਦੂ ਪ੍ਰਣਾਲੀ ਵਿਚ ਜਾਤ-ਪਾਤ ਦਾ ਮਸਲਾ ਗੰਭੀਰ ਰੂਪ ਧਾਰਨ ਕਰ ਚੁੱਕਾ ਸੀ। ਹਿੰਦੂ ਸਮਾਜ ਦੇ ਅੰਦਰ ਰਹਿ ਕੇ ਇਸ ਨੂੰ ਸੁਧਾਰਿਆ ਨਹੀਂ ਜਾ ਸਕਦਾ ਸੀ। ਇਸ ਗੱਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦੂਸਰੇ ਗੁਰੂ ਸਾਹਿਬਾਨ ਨੇ ਅਨੁਭਵ ਕਰ ਲਿਆ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਨੇ ਵੀ ਹਿੰਦੂ ਪ੍ਰਣਾਲੀ ਅੰਦਰ ਰਹਿ ਕੇ ਇਸ ਅੰਦਰ ਸੁਧਾਰ ਕਰਨ ਦੇ ਯਤਨ ਕੀਤੇ ਉਹ ਆਪ ਇਸ ਦੇ ਅੰਦਰ ਹੀ ਰਹਿ ਗਿਆ।47 ਕਿਉਂਕਿ ਜ਼ਾਤ-ਪਾਤ ਪ੍ਰਣਾਲੀ ਦਾ ਛੋਟੇ ਤੋਂ ਛੋਟਾ ਪੁਰਜਾ ਅਤੇ ਇਸ ਪ੍ਰਣਾਲੀ ਦੀ ਮਸ਼ੀਨਰੀ ਦੀ ਹਰ ਇਕ ਚਾਲ ਸਮਾਜਿਕ ਨਾ ਬਰਾਬਰੀ ਅਤੇ ਦਰਜਾ ਬਦੱਰਜੀ ਨਾਲ ਪ੍ਰੋਤੇ ਹੋਏ ਸਨ। ਜ਼ਾਤ-ਪਾਤ ਲਹਿਰਾਂ ਤਾਂ ਕਾਇਮ ਰਹਿ ਸਕਦੀਆਂ ਹਨ ਜੇਕਰ ਉਹ ਇਸ ਪ੍ਰਣਾਲੀ ਤੋਂ ਬਾਹਰ ਰਹਿਣ। ਉਸਾਰੀ ਪੱਖੋਂ ਵੀ ਸਿੱਖ ਪੰਥ ਦੀ ਉਸਾਰੀ ਵੱਖਰੇ ਸਾਂਚੇ ਵਿਚ ਘੜੀਆਂ ਇੱਟਾਂ ਨਾਲ ਕੀਤੀ ਗਈ। ਭਾਈ ਗੁਰਦਾਸ ਜੀ ਨੇ ਆਪਣੀ ਗਿਆਰ੍ਹਵੀਂ ਵਾਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤਕ ਦੀਆਂ ਕਈ ਸੰਗਤਾਂ ਦੀ ਅਜਿਹੀ ਬਣਤਰ ਦਾ ਹਵਾਲਾ ਦਿੱਤਾ ਹੈ।48 ਸਮਾਜਿਕ ਤੇ ਸਿਆਸੀ ਇਨਕਲਾਬਾਂ ਨੂੰ ਇਕ ਹੱਦ ਤੋਂ ਵੱਧ ਨਹੀਂ ਨਿਖੇੜਿਆ ਜਾਣਾ ਚਾਹੀਦਾ ਕਿਉਂਕਿ ਸਮਾਜਿਕ ਇਨਕਲਾਬਾਂ ਦੇ ਆਪਣੇ ਅੰਦਰ ਹੀ ਸਿਆਸੀ ਇਨਕਲਾਬ ਦੇ ਬੀਜ ਹੁੰਦੇ ਹਨ।49 ਦਰਅਸਲ ਦੋਵਾਂ ਕਿਸਮਾਂ ਦੇ ਇਨਕਲਾਬਾਂ ਦਾ ਕਿਰਦਾਰ ਰਲਵਾਂ-ਮਿਲਵਾਂ ਹੁੰਦਾ ਹੈ। ਸਿਆਸੀ ਇਨਕਲਾਬ ਤੋਂ ਬਿਨਾਂ ਦੇਰ ਤਕ ਰਹਿਣ ਵਾਲਾ ਪਾਇਦਾਰ ਸਮਾਜਿਕ ਇਨਕਲਾਬ ਸੰਭਵ ਹੀ ਨਹੀਂ ਹੋ ਸਕਦਾ।50 ਇਥੇ ਅਸੀਂ ਉਨ੍ਹਾਂ ਤਬਦੀਲੀਆਂ ਦਾ ਜਾਇਜ਼ਾ ਲਵਾਂਗੇ ਜੋ ਸਿੱਖ ਇਨਕਲਾਬ ਨੇ ਸਿੱਖ ਸਮਾਜ ਦੇ ਵੱਖ-ਵੱਖ ਵਰਗਾਂ ਦੇ ਜੀਵਨ ਵਿਚ ਲਿਆਂਦੀਆਂ।

ਮੀਰੀ-ਪੀਰੀ ਦੀ ਧਾਰਨਾ ਅਨੁਸਾਰ ਜਦੋਂ ਗੁਰੂ ਜੀ ਨੇ ਆਪਣੇ ਪੂਰਬ ਅਧਿਕਾਰੀਆਂ ਤੋਂ ਵੱਖਰਾ ਜੀਵਨ ਬਤੀਤ ਕਰਨਾ ਸ਼ੁਰੂ ਕੀਤਾ ਤਾਂ ਸ਼ਰਧਾਲੂ ਸਿੱਖਾਂ ਨੂੰ ਅਚੰਭਾ ਹੋਇਆ। ਸ਼ਰਧਾਲੂ ਸਿੱਖਾਂ ਵਿਚ ਗੁਰੂ ਸਾਹਿਬ ਜੀ ਦੇ ਜੀਵਨ-ਉਦੇਸ਼ਾਂ ਬਾਰੇ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਪੈਦਾ ਹੋਣ ਲੱਗੀਆਂ। ਕੁਝ ਇਤਿਹਾਸਕਾਰਾਂ ਅਨੁਸਾਰ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਅਤੇ ਗੁਰੂ ਜੀ ਦੀ ਮਾਤਾ-ਮਾਤਾ ਗੰਗਾ ਜੀ ਨੂੰ ਵੀ ਮੁੱਢਲੇ ਸਮੇਂ ਗੁਰੂ ਜੀ ਦੀ ਇਸ ਨੀਤੀ ਦੀ ਸਮਝ ਨਾ ਆਈ। ਭਾਈ ਗੁਰਦਾਸ ਜੀ ਨੇ ਆਪਣੀ 26ਵੀਂ ਵਾਰ ਦੀ ਇਕ ਪਉੜੀ ਵਿਚ ਸਿੱਖਾਂ ਦੇ ਭਰਮਾਂ ਦਾ ਵਰਣਨ ਇਸ ਪ੍ਰਕਾਰ ਕੀਤਾ ਹੈ, ‘ਪਹਿਲੇ ਗੁਰੂ ਮੰਦਰ ਵਿਚ ਬੈਠਿਆ ਕਰਦੇ ਸਨ, ਵਰਤਮਾਨ ਗੁਰੂ ਇਕ ਸਥਾਨ ’ਤੇ ਨਹੀਂ ਰਹਿੰਦਾ; ਇਸ ਤੋਂ ਪਹਿਲਾਂ ਬਾਦਸ਼ਾਹ ਪਹਿਲੇ ਗੁਰੂਆਂ ਦੇ ਦਰਸ਼ਨ ਕਰਨ ਆਉਂਦੇ ਸਨ, ਪਰੰਤੂ ਇਸ ਗੁਰੂ ਨੂੰ ਸਮਰਾਟ ਨੇ ਕਿਲ੍ਹੇ ਵਿਚ ਬੰਦੀ ਬਣਾ ਦਿੱਤਾ ਹੈ। ਪਹਿਲੇ ਗੁਰੂ ਜੀ ਗੁਰਗੱਦੀ ’ਤੇ ਬੈਠ ਕੇ ਸਿੱਖਾਂ ਦੀ ਰਹਿਨੁਮਾਈ ਕਰਦੇ ਸਨ, ਪਰੰਤੂ ਇਹ ਗੁਰੂ ਕੁੱਤੇ ਰੱਖਦਾ ਹੈ ਅਤੇ ਸ਼ਿਕਾਰ ਖੇਡਦਾ ਹੈ।”51 ਕੁਝ ਸ਼ਰਧਾਲੂ ਸਿੱਖ ਬਾਬਾ ਬੁੱਢਾ ਜੀ ਨੂੰ ਲੈ ਕੇ ਗੁਰੂ ਜੀ ਨੂੰ ਮਿਲੇ। ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਸਭ ਕੁਝ ਮੌਜੂਦਾ ਸਮੇਂ ਦੀ ਹਾਲਤ ਅਨੁਸਾਰ ਸਿੱਖਾਂ ਦੇ ਭਲੇ ਲਈ ਹੀ ਕਰ ਰਹੇ ਹਨ। ਕੁਝ ਸਮੇਂ ਬਾਅਦ ਸਿੱਖਾਂ ਨੂੰ ਇਸ ਧਾਰਨਾ ਬਾਰੇ ਸਭ ਭੁਲੇਖੇ ਦੂਰ ਹੋ ਗਏ, ਉਨ੍ਹਾਂ ਨੇ ਉਤਸ਼ਾਹ ਪੂਰਵਕ ਢੰਗ ਨਾਲ ਗੁਰੂ ਜੀ ਦਾ ਸਾਥ ਦੇਣਾ ਸ਼ੁਰੂ ਕੀਤਾ।

‘ਮੀਰੀ-ਪੀਰੀ’ ਸ਼ਬਦ ਮੂਲ ਰੂਪ ਵਿਚ ਅਰਬੀ ਭਾਸ਼ਾ ਦੇ ਹਨ। ਉਪਰੋਕਤ ਵਰਣਨ ਅਨੁਸਾਰ ਇਨ੍ਹਾਂ ਦਾ ਭਾਵ ਅਰਥ ਵੀ ਅਰਬੀ ਮੂਲ ਦਾ ਹੀ ਹੈ। ਸਿੱਖ ਧਰਮ ਵਿਚ ਇਨ੍ਹਾਂ ਸ਼ਬਦਾਂ ਨੂੰ ਅਪਣਾਏ ਜਾਣ ਦਾ ਜੋ ਮਤਲਬ ਹੈ ਉਸ ਮੁਤਾਬਕ ਇਹ ਸ਼ਬਦ ਪੰਜਾਬੀ ਬੋਲੀ ਦਾ ਇਕ ਅਟੁੱਟ ਅੰਗ ਬਣ ਗਏ।52 ਗੁਰਬਾਣੀ ਵਿਚ ਜਿੱਥੇ-ਜਿੱਥੇ ਵੀ ‘ਮੀਰ’ ਸ਼ਬਦ ਦੀ ਵਰਤੋਂ ਹੋਈ ਹੈ ਉਹ ਰਾਜਨੀਤਿਕ ਸਰਦਾਰੀ ਨੂੰ ਦਰਸਾਉਣ ਲਈ ਹੀ ਹੈ। ਉਦਾਹਰਣ ਵਜੋਂ:

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ (ਪੰਨਾ 417)

ਇਸੇ ਤਰ੍ਹਾਂ ਸ਼ਬਦ ‘ਪੀਰ’ ਵੀ ਗੁਰਬਾਣੀ ਵਿਚ ਜਿੱਥੇ-ਜਿੱਥੇ ਵਰਤਿਆ ਗਿਆ ਉਸ ਦਾ ਭਾਵ ਧਾਰਮਿਕ ਸਰਬਉੱਚਤਾ ਜਾਂ ਧਾਰਮਿਕ ਤੌਰ ’ਤੇ ਸੁਤੰਤਰ ਹੋਂਦ ਦਰਸਾਉਣ ਦਾ ਹੀ ਹੈ।

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ 141)

ਗੁਰੂ ਸਾਹਿਬ ਦੁਆਰਾ ਧਾਰਨ ਕੀਤੀ ਇਹ ਨੀਤੀ ਸਮੇਂ ਦੇ ਅਨੁਕੂਲ ਸੀ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ਨਾ ਸਿਰਫ ਆਪਣੇ ਆਪ ਨੂੰ ਰਾਜਨੀਤਿਕ ਮਾਮਲਿਆਂ ਤੋਂ ਨਿਰਲੇਪ ਰੱਖਿਆ ਸਗੋਂ ਆਪਣੇ ਸਮਕਾਲੀ ਬਾਦਸ਼ਾਹਾਂ ਨੂੰ ਪੂਰੀ-ਪੂਰੀ ਮਾਨਤਾ ਵੀ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਮੁਗ਼ਲਾਂ ਤੇ ਸਿੱਖਾਂ ਵਿਚਕਾਰ ਮਿੱਤਰਤਾ ਪੂਰਨ ਸੰਬੰਧ ਰਹੇ। ਗੁਰੂ ਸਾਹਿਬਾਨ ਦੇ ਵਿਚਰਨ ਦੇ ਢੰਗ-ਤਰੀਕਿਆਂ ਤੋਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਆਦਿ ਤੋਂ ਇਹ ਵਿਚਾਰਧਾਰਾ ਜ਼ਰੂਰ ਪ੍ਰਗਟ ਹੁੰਦੀ ਹੈ ਕਿ ਗੁਰੂ ਸਾਹਿਬਾਨ ਆਪਣੇ ਸਮਾਜ ਦੀ ਸੁਤੰਤਰਤਾ ਨੂੰ ਬਰਕਰਾਰ ਰੱਖ ਕੇ ਹੀ ਮੁਗ਼ਲ ਬਾਦਸ਼ਾਹਾਂ ਨਾਲ ਵਿਚਰਦੇ ਸਨ। ਇਸ ਨੂੰ ਅਸੀਂ ਆਧੁਨਿਕ ਬੋਲੀ ਵਿਚ ਆਤਮ-ਨਿਰਣੈ ਦੇ ਅਧਿਕਾਰਾਂ ਦੀ ਸੁਰੱਖਿਅਤਾ ਜਾਂ ਸਿੱਖ ਸਮਾਜ ਦੀ ਅੰਦਰੂਨੀ ਖੁਦਮੁਖਤਿਆਰੀ ਦਾ ਸੰਕਲਪ ਕਹਿ ਸਕਦੇ ਹਾਂ। ਡਾਕਟਰ ਇੰਦੂ ਭੂਸ਼ਣ ਬੈਨਰਜੀ ਅਨੁਸਾਰ ਬਾਹਰਲੀਆਂ ਤੇ ਅੰਦਰੂਨੀ ਦੋਵੇਂ ਹੀ ਪ੍ਰਕਾਰ ਦੀਆਂ ਪਰਸਥਿਤੀਆਂ ਬਦਲ ਰਹੀਆਂ ਹਨ ਅਤੇ ਗੁਰੂ ਸਾਹਿਬ ਦੀ ਨੀਤੀ ਵਿਚ ਨਵੀਆਂ ਹਾਲਤਾਂ ਅਨੁਸਾਰ ਪਰਿਵਰਤਨ ਜ਼ਰੂਰੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕੈਦ ਨੇ ਨਿਸ਼ਚਿਤ ਰੂਪ ਵਿਚ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਔਖੇ ਦਿਨ ਆਉਣ ਵਾਲੇ ਹਨ ਅਤੇ ਇਹ ਹੁਣ ਸ਼ਾਂਤਮਈ ਸੰਗਠਨ ਦੀ ਪ੍ਰਾਚੀਨ ਨੀਤੀ ਕਾਫੀ ਨਹੀਂ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਭਵਿੱਖਬਾਣੀ ਕੀਤੀ ਸੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਇਹ ਸਪੱਸ਼ਟ ਰੂਪ ਵਿਚ ਤਾੜ ਲਿਆ ਸੀ ਕਿ ਸ਼ਸਤਰ ਧਾਰਨ ਕੀਤੇ ਬਿਨਾਂ ਸਿੱਖ ਸੰਪਰਦਾ ਅਤੇ ਉਸ ਦੇ ਸੰਗਠਨ ਦੀ ਰੱਖਿਆ ਕਰਨੀ ਅਸੰਭਵ ਹੈ। ਜਿਸ ਢੰਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਸ ਉਦੇਸ਼ ਨੂੰ ਪੂਰਾ ਕਰਨ ਦਾ ਯਤਨ ਕੀਤਾ, ਇਸ ਤੋਂ ਉਨ੍ਹਾਂ ਦੀ ਸਿਆਣਪ ਅਤੇ ਰਾਜਨੀਤਿਕ ਦੂਰਦਰਿਸ਼ਟਤਾ ਦਾ ਕਾਫੀ ਸਬੂਤ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਦੀ ਇਸ ਧਾਰਨਾ ਦਾ ਭਾਵ ਰਾਜਸੀ ਖੇਤਰ ਵਿਚ ਸੱਤਾ ਗ੍ਰਹਿਣ ਕਰਨਾ ਸੀ। ਵਾਸਤਵ ਵਿਚ ਗੁਰੂ ਜੀ ਇਹ ਧਾਰਨਾ ਅਪਣਾਉਣ ਉਪਰੰਤ ਆਪਣੇ ਧਾਰਮਿਕ ਕਰਤੱਵਾਂ ਦੀ ਪਾਲਣਾ ਨਿਯਮ ਅਨੁਸਾਰ ਕਰਦੇ ਰਹੇ। ਜੋ ਉਨ੍ਹਾਂ ਦੇ ਮੁਗ਼ਲਾਂ ਨਾਲ ਯੁੱਧ ਹੋਏ, ਉਨ੍ਹਾਂ ਦੀਆਂ ਸੈਨਿਕ ਕਾਰਵਾਈਆਂ ਦਾ ਮੰਤਵ ਧਰਮ ਦੀ ਰੱਖਿਆ ਕਰਨਾ ਸੀ।

ਧਰਮਵੀਰ ਗੁਰੂ ਜੀ ਦੇ ਪੰਜ ਪੁੱਤਰ ਬਾਬਾ ਗੁਰਦਿੱਤਾ ਜੀ, ਸੂਰਜਮੱਲ ਜੀ, ਅਣੀ ਰਾਇ ਜੀ, ਅਟੱਲ ਰਾਏ ਜੀ ਅਤੇ ਸ੍ਰੀ ਤੇਗ ਬਹਾਦਰ ਜੀ ਜੋ ਕਿ ਨੌਵੇਂ ਗੁਰੂ ਬਣੇ ਅਤੇ ਇਕ ਪੁੱਤਰੀ ਬੀਬੀ ਵੀਰੋ ਜੀ ਉਤਪੰਨ ਹੋਏ। ਆਪਣੇ ਪੋਤਰੇ ਹਰਿਰਾਏ ਸਾਹਿਬ ਜੀ ਨੂੰ ਗੁਰਗੱਦੀ ਉੱਪਰ ਨਿਯੁਕਤ ਕਰ ਕੇ 3 ਮਾਰਚ 1664 ਈ. ਨੂੰ ਜੋਤੀ ਜੋਤਿ ਸਮਾਏ। ਦਰਿਆ ਸਤਲੁਜ ਦੇ ਕੰਢੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਜਿਥੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਸਿੱਖ ਗੁਰੂਆਂ ਦੇ ਇਤਿਹਾਸ ਦੇ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਜੀ ਦੁਆਰਾ ਧਾਰਨ ਕੀਤੀ ਮੀਰੀ-ਪੀਰੀ ਦੀ ਇਸ ਧਾਰਨਾ ਦੇ ਬੀਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਵਿਚ ਸਪੱਸ਼ਟ ਰੂਪ ਵਿਚ ਵਿਦਮਾਨ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਅਤਿਆਚਾਰੀ ਹਾਕਮਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਅਤੇ ਲੋਕਾਂ ਨੂੰ ਆਤਮ-ਸਨਮਾਨ, ਆਤਮ-ਵਿਸ਼ਵਾਸ, ਬੀਰਤਾ, ਨਿਡਰਤਾ, ਸੱਚਾਈ ਆਦਿ ਨੂੰ ਅਪਣਾਉਣ ਲਈ ਉਪਦੇਸ਼ ਦਿੱਤਾ। ਸਿੱਖ ਧਰਮ ਸ੍ਰੀ ਗੁਰੂ ਅਰਜਨ ਦੇਵ ਜੀ ਤਕ ਪੂਰਨ ਰੂਪ ਵਿਚ ਅਧਿਆਤਮਕ ਹੋ ਚੁੱਕਾ ਸੀ। ਬਾਬਾ ਬੁੱਢਾ ਜੀ ਨੇ ਬਾਲ ਹਰਿਗੋਬਿੰਦ ਜੀ ਨੂੰ ਸੈਨਿਕ ਸਿੱਖਿਆ ਦਿੱਤੀ, ਇਸ ਤਰ੍ਹਾਂ ਇਸ ਨੀਤੀ ਦਾ ਅਰੰਭ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੀ ਹੋ ਗਿਆ। ਉਨ੍ਹਾਂ ਦੇ ਅੰਤਮ ਹੁਕਮ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰ ਧਾਰਨ ਕੀਤੇ। ਡਾਕਟਰ ਹਰੀ ਰਾਮ ਗੁਪਤਾ ਅਨੁਸਾਰ, “ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜਗਾਈ ਜੋਤ ਨੂੰ ਹੀ ਅਗਾਂਹ ਲੈ ਗਏ। ਪਰੰਤੂ ਉਨ੍ਹਾਂ ਨੇ ਇਸ ਵਿਚ ਕਿਰਪਾਨ ਦੀ ਚਮਕ ਸ਼ਾਮਿਲ ਕਰ ਦਿੱਤੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਸ ਨੀਤੀ ਉੱਪਰ ਚਲਦੇ ਹੋਏ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿਚ ਖਾਲਸੇ ਦੀ ਸਥਾਪਨਾ ਕੀਤੀ। ਸਿੱਖਾਂ ਨੇ ਅਸਾਧਾਰਨ ਬੀਰਤਾ, ਦਲੇਰੀ, ਧਰਮ, ਪ੍ਰੇਮ ਅਤੇ ਆਤਮ-ਬਲੀਦਾਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਲੰਮੇ ਸਮੇਂ ਤਕ ਵੈਰੀਆਂ ਦਾ ਟਾਕਰਾ ਕੀਤਾ।

ਕੁਝ ਇਤਿਹਾਸਕਾਰਾਂ ਦੇ ਮਤ ਅਨੁਸਾਰ ਗੁਰੂ ਸਾਹਿਬ ਨੇ ਉਪਰੋਕਤ ਰਾਜਨੀਤੀ ਦੇ ਲੋਭ ਅਤੇ ਅਸਤਰ-ਸ਼ਸਤਰਾਂ ਦੀ ਚਮਕ-ਦਮਕ ਤੋਂ ਅਕਰਸ਼ਿਤ ਹੋ ਕੇ ਸਾਰੇ ਕਾਰਜ ਕੀਤੇ ਅਤੇ ਉਨ੍ਹਾਂ ਦੀ ਇਸ ਧਾਰਨਾ ਦਾ ਮੰਤਵ ਸੁਤੰਤਰ ਸ਼ਾਸਨ ਸਥਾਪਤ ਕਰਨਾ ਸੀ ਪ੍ਰੰਤੂ ਇਹ ਵਿਚਾਰ ਨਿਰਮੂਲ ਹਨ। ਡਾ. ਇੰਦੂ ਭੂਸ਼ਣ ਬੈਨਰਜੀ ਅਨੁਸਾਰ, “ਅਜਿਹਾ ਮਾਲੂਮ ਹੁੰਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਗ਼ਲਤ ਸਮਝਿਆ ਗਿਆ ਹੈ।” ਇਸ ਸਬੰਧ ਵਿਚ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਗੁਰੂ ਸਾਹਿਬ ਦੀਆਂ ਸੈਨਿਕ ਕਾਰਵਾਈਆਂ ਆਮ ਤੌਰ ’ਤੇ ਰੱਖਿਆਤਮਿਕ ਉਦੇਸ਼ ਨਾਲ ਹੀ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਲੱਗਭਗ ਸਾਰੇ ਯੁੱਧਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਹਮਲੇ ਉਨ੍ਹਾਂ ਨੇ ਨਹੀਂ ਕੀਤੇ, ਸਗੋਂ ਉਨ੍ਹਾਂ ਉੱਪਰ ਹਮਲੇ ਕੀਤੇ ਗਏ। ਵਾਸਤਵ ਵਿਚ ਇਸ ਧਾਰਨਾ ਨੇ ਸਿੱਖਾਂ ਨੂੰ ਸੰਤ-ਸਿਪਾਹੀਆਂ ਵਿਚ ਬਦਲ ਦਿੱਤਾ, ਭਾਵੇਂ ਸਤਵੇਂ, ਅਠਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੇ ਪੂਰਨ ਰੂਪ ਵਿਚ ਸ਼ਾਂਤੀ ਪੂਰਵਕ ਨੀਤੀ ਅਪਣਾਈ, ਪ੍ਰੰਤੂ ਫਿਰ ਵੀ ਉਹ ਆਪਣੇ ਪੂਰਵ ਅਧਿਕਾਰੀਆਂ ਦੀ ਨੀਤੀ ਉੱਪਰ ਹੀ ਚਲਦੇ ਰਹੇ। ਵਿਸ਼ੇਸ਼ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਆਪਣੀ ਸ਼ਹੀਦੀ ਤੋਂ ਪਹਿਲਾਂ ਉਨ੍ਹਾਂ ਨੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ‘ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਉ’; ਉਨ੍ਹਾਂ ਵਿਚ ਹਿੰਮਤ, ਦਲੇਰੀ ਤੇ ਬਹਾਦਰੀ ਦੀਆਂ ਭਾਵਨਾਵਾਂ ਵੀ ਪੈਦਾ ਕਰਨ ਦੇ ਯਤਨ ਕੀਤੇ।

ਉਪਰੋਕਤ ਵਿਚਾਰਾਂ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਲਹਿਰ ਵਿਚ ਜੋ ਤਬਦੀਲੀ ਆਈ, ਉਹ ਨਿਰੋਲ ਰਾਜਸੀ ਸ਼ਕਤੀ ਦਾ ਫਲ ਨਹੀਂ ਸੀ। ਉਹ ਮਨੁੱਖੀ ਅਜ਼ਾਦੀ ਦੇ ਸੰਗਰਾਮ ਦਾ ਇਕ ਪੈਂਤੜਾ ਸੀ ਜਿਸ ਦਾ ਮੁੱਢ ਪਹਿਲੇ ਗੁਰੂ ਸਾਹਿਬਾਨ ਬੰਨ੍ਹ ਚੁੱਕੇ ਸਨ ਤੇ ਸਮੂਹਿਕ ਰਹੱਸਵਾਦੀ ਜੀਵਨ ਦੇ ਵਿਕਾਸ ਦੀ ਇਕ ਕੜੀ ਸੀ। ਇਸ ਨੀਤੀ ਨਾਲ ਭਾਵੇਂ ਸਿੱਖਾਂ ਵਿਚ ਸੈਨਿਕਵਾਦ ਦੀਆਂ ਰੁਚੀਆਂ ਦਾ ਵਿਕਾਸ ਹੋਇਆ। ਇਹ ਸੈਨਿਕਵਾਦ ਕਿਸੇ ਚੰਗੇ ਸਮਾਜ ਦੀ ਸਿਰਜਣਾ ਲਈ ਸੀ ਨਾ ਕਿ ਕਿਸੇ ਸੁਆਰਥ ਦੀ ਪੂਰਤੀ ਲਈ। ਇਸ ਧਾਰਨਾ ਨੇ ਸਿੱਖ ਕੌਮ ਨੂੰ ਆਤਮ-ਰੱਖਿਅਕ ਦੇ ਰੂਪ ਵਿਚ ਬਦਲ ਦਿੱਤਾ। ਜੋ ਸਿਧਾਂਤਾਂ ’ਤੇ ਆਧਾਰਿਤ ਸੀ। ਉਨ੍ਹਾਂ ਨੇ ਆਪਣੇ ਹਥਿਆਰਾਂ ਨਾਲ ਆਪਣੀ ਰਾਖੀ ਕਰਨ ਦੇ ਨਾਲ-ਨਾਲ ਦੱਬੇ-ਕੁਚਲੇ, ਬੇਸਹਾਰਾ ਲੋਕਾਂ ਦੀ ਮਦਦ ਕੀਤੀ। ਡਾ. ਹਰੀ ਰਾਮ ਗੁਪਤਾ ਅਨੁਸਾਰ, “ਉਨ੍ਹਾਂ ਨੇ ਆਪਣੇ ਆਪ ਨੂੰ ਇਕ ਸੰਤ, ਖਿਡਾਰੀ ਤੇ ਸੈਨਿਕ ਸਿੱਧ ਕੀਤਾ ਅਤੇ ਪੰਜਾਬ ਉੱਤੇ ਮੁਸਲਮਾਨਾਂ ਦੀ ਜਿੱਤ ਤੋਂ ਲੈ ਕੇ ਛੇ ਸੌ ਵਰ੍ਹਿਆਂ ਵਿਚ ਉਹ ਪੰਜਾਬ ਦੇ ਲੋਕਾਂ ਦੇ ਪਹਿਲੇ ਰਾਸ਼ਟਰੀ ਸੈਨਾ ਨਾਇਕ ਹੋਏ।”

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Mohammad Idris
ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਇਤਿਹਾਸ ਵਿਭਾਗ ਅਤੇ ਇੰਚਾਰਜ, -ਵਿਖੇ: ਮਹਾਰਾਣਾ ਪ੍ਰਤਾਪ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)