ਸਾਹਿਤ ਮਨੁੱਖਤਾ ਦਾ ਹਾਣੀ ਏ। ਕਰਤਾ ਪੁਰਖ ਨੇ ਕੁਦਰਤ ਦੀ ਸਿਰਜਣਾ ਕੀਤੀ, ਨਾਲੋ-ਨਾਲ ਸਾਹਿਤ ਦੀ ਵੀ ਪ੍ਰਾਰੰਭਤਾ ਹੋ ਗਈ। ਜਿਵੇਂ ਗੁਰਬਾਣੀ ਦਾ ਫ਼ੁਰਮਾਨ ਹੈ:
ਆਪਿ ਲਿਖਣਹਾਰਾ ਹੋਆ॥ (ਪੰਨਾ 968)
ਜਿਉਂ-ਜਿਉਂ ਮਨੁੱਖਤਾ ਦਾ ਵਿਕਾਸ ਹੋਇਆ, ਤਿਉਂ-ਤਿਉਂ ਸਾਹਿਤ ਦਾ ਨਿਕਾਸ ਹੋਇਆ। ਸਾਹਿਤ ਬੁਲੰਦੀਆਂ ਵੱਲ ਵਧਿਆ, ਰੱਬੀ ਬਖ਼ਸ਼ਿਸ਼ ਸਦਕਾ ਸ੍ਰੇਸ਼ਟ ਜਿਊੜਿਆਂ ਨੇ ਸ੍ਰੇਸ਼ਟ-ਸਾਹਿਤ ਦੀ ਸਿਰਜਣਾ ਕੀਤੀ। ਸ੍ਰੇਸ਼ਟ-ਸਾਹਿਤ ਨੇ ਸ੍ਰੇਸ਼ਟ ਇਨਸਾਨੀਅਤ ਦੀ ਘਾੜਤ ਘੜਨ ਵਿਚ ਮਹਾਨ ਯੋਗਦਾਨ ਪਾਇਆ।
ਸਰਵੋਤਮ ਸਾਹਿਤ ਦਾ ਹੀ ਅਸਰ ਸੀ ਕਿ ਲੋਕਾਂ ਦੀ ਸੋਚ ਬਦਲ ਗਈ, ਰਹਿਣ-ਸਹਿਣ ਬਦਲ ਗਿਆ, ਸ਼ਕਲ-ਸੂਰਤ ਬਦਲ ਗਈ, ਯਾਨੀ ਕਿ ਜੀਵਨ ਦਾ ਹਰ ਰੰਗ-ਢੰਗ ਹੀ ਬਦਲ ਗਿਆ। ਇਥੇ ਹੀ ਬਸ ਨਹੀਂ, ਕੌਮਾਂ ਅਤੇ ਦੇਸ਼ਾਂ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਸੱਚੀ ਗੱਲ ਤਾਂ ਇਹ ਹੈ ਕਿ ਜੇਕਰ ਸਾਡੇ ਕੋਲ ‘ਧੁਰ ਕੀ ਬਾਣੀ’ ਦਾ ਜੀਵਨ ਵਿਚ ਇਨਕਲਾਬ ਲਿਆਉਣ ਵਾਲਾ ਸਰਵੋਤਮ ਗੁਰਬਾਣੀ ਸਾਹਿਤ ਨਾ ਹੁੰਦਾ ਤਾਂ ਆਪਣੇ ਦੇਸ਼ ਦਾ ਹੀ ਨਹੀਂ, ਸਗੋਂ ਸੰਸਾਰ ਦਾ ਹੀ ਹਿਸਾਬ-ਕਿਤਾਬ ਹੋਰ ਹੁੰਦਾ। ਅੱਜ ਗੁਰਬਾਣੀ ਸਾਹਿਤ ਤੋਂ ਸੰਸਾਰ ਪ੍ਰਭਾਵਿਤ ਹੈ। ਵਿਗਿਆਨ ਅਤੇ ਚਿਕਿਤਸਾ ‘ਨਾਨਕ ਦੇ ਦਰ’ ’ਤੇ ਪਾਣੀ ਭਰਦੇ ਹਨ।
ਇਹ ਵੀ ਤਾਂ ਉਚੇਚੇ ਸਾਹਿਤ ਦੀ ਵਡਿਆਈ ਹੈ ਕਿ ਕੋਈ ਇਤਿਹਾਸਕਾਰ ਇਹ ਆਖੇ ਕਿ ਇੰਨੇ ਲੋਕਾਂ ਨੂੰ ਔਰੰਗਜ਼ੇਬ ਦੀ ਜ਼ੁਲਮੀ ਤਲਵਾਰ ਨੇ ਮੁਸਲਮਾਨ ਨਹੀਂ ਬਣਾਇਆ, ਜਿੰਨਾ ਸ਼ੱਕਰਗੰਜ ਬਾਬਾ ਸ਼ੇਖ ਫਰੀਦ ਜੀ ਦੇ ਸ਼ਹਿਦ ਤੋਂ ਮਿੱਠੇ ਸਾਹਿਤ ਨੇ ਆਮ ਜਨਤਾ ਨੂੰ ਪ੍ਰਭਾਵਿਤ ਕੀਤਾ।
ਰਹੀ ਗੱਲ ਵਿਸ਼ਾ ਅਧੀਨ : ਸੀਤਲ ਸਾਹਿਤ ਦੀ ਅਜੋਕੇ ਸਿੱਖ ਵਿਦਿਆਰਥੀਆਂ ਲਈ ਪ੍ਰਸੰਗਿਕਤਾ ਦੀ। ਮੈਂ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ਢਾਡੀ ਆਖਾਂ, ਇਤਿਹਾਸਕਾਰ, ਸਾਹਿਤਕਾਰ ਜਾਂ ਕੁਝ ਹੋਰ ਵੀ ਬੜਾ ਕੁਝ? ਸੀਤਲ ਜੀ ਦੀਆਂ ਰਚਨਾਵਾਂ ਪੜ੍ਹੋਗੇ ਤਾਂ ਆਪੇ ਹੀ ਪਤਾ ਲੱਗ ਜਾਵੇਗਾ ਕਿ ਉਹ ਕੀ ਸਨ? ਸਿੱਖਾਂ ਦੇ ਦਰਦ ਦੀ ਜਾਣਕਾਰੀ ਅਤੇ ਸਿੱਖਾਂ ਦੇ ਦਰਦ ਦੀ ਬਿਆਨਕਾਰੀ, ਕੋਈ ‘ਗੁਰੂ-ਲਿਵ’ ਵਿਚ ਜੁੜਿਆ ਗਿਆਨੀ ਸੋਹਣ ਸਿੰਘ ਸੀਤਲ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ। ਰੁੱਖਾ ਅਤੇ ਬੇ-ਰਸ, ਇਤਿਹਾਸ ਜਾਂ ਸਾਹਿਤ ਕਿਸੇ ਦਾ ਕੁਝ ਵੀ ਨਹੀਂ ਸੰਵਾਰ ਸਕਦਾ। ਨਾ ਉਸ ਵਿਚ ਇਹ ਕੁਝ ਕਰਨ ਦੀ ਸਮਰੱਥਾ ਹੀ ਹੋ ਸਕਦੀ ਹੈ।
ਸੀਤਲ-ਸਾਹਿਤ ਦੀ ਅਜੋਕੇ ਸਿੱਖ ਵਿਦਿਆਰਥੀਆਂ ਲਈ ਪ੍ਰਸੰਗਿਕਤਾ ਵਿਸ਼ੇ ’ਤੇ ਇੰਨਾ ਹੀ ਕਹਿਣਾ ਚਾਹਾਂਗਾ ਕਿ ਜਿਵੇਂ ਇਕ ਸ਼ੇਰ ਦਾ ਬੱਚਾ, ਅੰਞਾਣਪੁਣੇ ਵਿਚ ਭੇਡਾਂ ਦੇ ਇੱਜੜ ਵਿਚ ਰਲ਼ ਕੇ ਭੇਡੂ ਸੁਭਾਅ ਦਾ ਹੀ ਮਾਲਕ ਬਣ ਗਿਆ ਸੀ, ਉਹੋ ਹੀ ਖਾਣ-ਪੀਣ, ਉਹੋ ਹੀ ਖੜ੍ਹਨ-ਖਲੋਣ, ਉਹੋ ਹੀ ਬੋਲ-ਚਾਲ ਤੇ ਉਵੇਂ ਹੀ ਜਿਵੇਂ ਭੇਡਾਂ ਨੂੰ ਮੁੰਨਿਆ ਜਾਂਦਾ ਸੀ, ਉਵੇਂ ਹੀ ਸ਼ੇਰ ਦਾ ਬੱਚਾ। ਆਪਣੀ ਦਹਾੜ ਭੁੱਲ ਗਿਆ, ਭੇਡਾਂ ਵਾਂਗੂੰ ‘ਮੈਂ-ਮੈਂ’ ਹੀ ਕਰਨ ਲੱਗ ਪਿਆ। ਬੁਲੰਦ ਹੌਸਲਾ, ਡਰੂ ਸੁਭਾਅ ਵਿਚ ਤਬਦੀਲ ਹੋ ਗਿਆ। ਉਜਾੜ ਵਿਚ ਸਿੰਘ ਬੁੱਕਿਆ ਨਹੀਂ ਤੇ ਮ੍ਰਿਗਾਵਲਿ ਭੰਨੀ ਜਾਏ ਨਾ। ਸਭ ਕੁਝ ਉਲਟ-ਪੁਲਟ। ਜਿਹੋ ਜਿਹੀ ਸੰਗਤ, ਤਿਹੋ ਜਿਹੀ ਰੰਗਤ।
ਸਾਈਂ ਬੁੱਲ੍ਹੇ ਸ਼ਾਹ ਨੇ ਵੀ ਤਾਂ ਪੁੱਛਿਆ ਸੀ-
ਬੁੱਲ੍ਹਿਆ! ਕੀ ਜਾਣਾ ਮੈਂ ਕੌਣ?
ਕੋਈ ਦੱਸੇ ਤਾਂ ਸਹੀ। ਪਤਾ ਲੱਗਿਆ, ਜਦੋਂ ਪੁਸਤਕ ਚੁੱਕ ਕੇ ਪੜ੍ਹੀ- ਲਿਖਿਆ ਸੀ-
ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ,
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ!
ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ
ਤਾਜ ਤਖ਼ਤ ਵਾਲੇ, ਅਣਖ ਆਣ ਵਾਲੇ।
ਸਾਡੇ ਸਿਰਾਂ ’ਤੇ ਕਲਗੀਆਂ ਸੁਹੰਦੀਆਂ ਸਨ,
ਸਾਨੂੰ ਨਿਉਂਦੇ ਸਨ, ਕਈ ਗੁਮਾਨ ਵਾਲੇ।
ਸਾਡੇ ਖਾਲਸਈ ਕੌਮੀ ਨਿਸ਼ਾਨ ਅੱਗੇ,
ਪਾਣੀ ਭਰਦੇ ਸਨ, ਕਈ ਨਿਸ਼ਾਨ ਵਾਲੇ।
ਸਾਡੀ ਚਮਕਦੀ ਤੇਗ ਦੀ ਧਾਰ ਅੱਗੇ,
ਭੇਟਾ ਧਰਦੇ ਸਨ, ਕਾਬਲ ਈਰਾਨ ਵਾਲੇ।
ਬਿਨਾਂ ਪੁੱਛਿਆਂ ਏਧਰ ਨਾ ਝਾਕਦੇ ਸਨ,
ਸਾਡੇ ਸਿਰਾਂ ’ਤੇ ਹੁਕਮ ਚਲਾਣ ਵਾਲੇ।
ਕੌਣ ਜਾਣਦਾ ਸੀ? ਰੁਲ਼ਦੇ ਫਿਰਨਗੇ ਇਹ,
ਆਪਣੇ ਤਾਜ ਵਿਚ ‘ਹੀਰੇ’ ਹੰਢਾਣ ਵਾਲੇ!
‘ਸੀਤਲ’ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ,
ਤਾਜ, ਤਖ਼ਤ, ਨਿਸ਼ਾਨ, ਕਿਰਪਾਨ ਵਾਲੇ।
ਇਹ ਨਿਰਾ ਸਾਹਿਤ ਹੀ ਨਹੀਂ, ਸਗੋਂ ਸਾਡਾ ਆਪਣਾ ਦੁਖਾਂਤਕ ਇਤਿਹਾਸ ਵੀ ਹੈ। ਜਿਥੇ ਅਜੋਕੇ ਸਿੱਖ-ਵਿਦਿਆਰਥੀਆਂ ਲਈ ਸੀਤਲ-ਸਾਹਿਤ ਪ੍ਰਸੰਗਿਕ ਹੈ, ਉਥੇ ਸੀਤਲ ਦਾ ਲਿਖਿਆ ਇਤਿਹਾਸ ਹੋਰ ਵੀ ਪ੍ਰਸੰਗਿਕ ਹੈ।
ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਸਾਹਿਤ ਪੜ੍ਹਿਆ, ਢਾਡੀ ਵਾਰਾਂ ਪੜ੍ਹੀਆਂ, ਜੁੱਗ ਬਦਲ ਗਿਆ, ਸਿੱਖ ਰਾਜ ਕਿਵੇਂ ਬਣਿਆ?, ਸਿੱਖ ਰਾਜ ਕਿਵੇਂ ਗਿਆ? ਦੁਖੀਏ ਮਾਂ-ਪੁੱਤ, ਪੁਸਤਕਾਂ ਪੜ੍ਹੀਆਂ ਗਈਆਂ ਤੇ ਆਪਣੇ ਆਪ ਨੂੰ ਪੜ੍ਹ ਲਿਆ ਗਿਆ। ਬੁੱਲ੍ਹਾਂ ’ਤੇ ਸਿਸਕੀਆਂ ਅਤੇ ਅੱਖਾਂ ਵਿਚ ਹੰਝੂ ਸਨ। ਆਪਣੇ ਸੁਖਾਂਤਕ ਅਤੇ ਦੁਖਾਂਤਕ ਇਤਿਹਾਸ ਦੀ ਸੋਝੀ ਹੋਈ ਅਤੇ ਆਪਣੇ ਮੂਲ ਦੀ ਵੀ, ਜਿਵੇਂ ਸ਼ੇਰ ਦੇ ਬੱਚੇ ਨੂੰ, ਕਿਸੇ ਬੱਬਰ ਸ਼ੇਰ ਨੇ ਆ ਕੇ ਕੰਨ ਵਿਚ ਕਹਿ ਦਿੱਤਾ ਹੋਵੇ-
“ਓਏ! ਤੂੰ ਕਿੱਥੇ? ਤੂੰ ਤਾਂ ਸ਼ੇਰ ਹੈਂ!!
ਓਏ ਤੈਨੂੰ ਆਪਣੇ ਆਪ ਦੀ ਵੀ ਸੋਝੀ ਨਹੀਂ?
ਤੁਰ ਮੇਰੇ ਨਾਲ, ਰੱਖ ਕਦਮ ਵਿਚ ਕਦਮ, ਕਰ ਬੁਲੰਦ
ਹੌਂਸਲਾ, ‘ਮੈਂ-ਮੈਂ’ ਦੀ ਰੱਟ ਛੱਡ, ਮਾਰ ਦਹਾੜ।
ਵੇਖੀਂ ਫਿਰ, ਕਿਵੇਂ ਇਹ ਮ੍ਰਿਗਾਵਲਿ ਭੰਨੀ ਜਾਂਦੀ ਏ!”
ਅਜੋਕੇ ਸਿੱਖ ਵਿਦਿਆਰਥੀਆਂ ਲਈ ਗਿਆਨੀ ਸੋਹਣ ਸਿੰਘ ਸੀਤਲ ਦਾ ਰਚਿਆ ਸਾਹਿਤ ਅੱਜ ਪ੍ਰਾਸੰਗਿਕ ਹੈ ਪਰੰਤੂ ਦੁਖਾਂਤ ਇਹ ਹੈ ਕਿ ਸੀਤਲ ਜੀ ਤੋਂ, ਅਜੋਕਾ ਸਿੱਖ ਵਿਦਿਆਰਥੀ ਬਿਲਕੁਲ ਅਣਜਾਣ ਹੈ। ਸੀਤਲ-ਸਾਹਿਤ ਦੀ ਖਾਸੀਅਤ ਤੋਂ ਨਾਵਾਕਫ਼ੀ। ਸੀਤਲ-ਸਾਹਿਤ ਦੀ ਦੁਰਲੱਭਤਾ, ਅਜੋਕੇ ਸਿੱਖ ਵਿਦਿਆਰਥੀ ਦੀ ਪ੍ਰਸੰਗਿਕਤਾ ਵਿਚ ਰੋੜੇ ਦਾ ਕੰਮ ਕਰ ਰਹੇ ਹਨ। ਵਿਦਵਤਾ ਭਰਪੂਰ ਔਖੀ ਸ਼ਬਦਾਵਲੀ, ਨਾ ਘੋਟਦਿਆਂ ਸਿੱਧੇ ਲਫ਼ਜ਼ਾਂ ਵਿਚ, ਇਹ ਗੱਲ ਵੀ ਪ੍ਰਾਸੰਗਿਕ ਹੈ ਕਿ ਜਿਥੇ ਸੀਤਲ- ਸਾਹਿਤ ਅਜੋਕੇ ਸਿੱਖ ਵਿਦਿਆਰਥੀਆਂ ਲਈ ਪ੍ਰਸੰਗਿਕ ਹੈ, ਉਥੇ ਗਿਆਨੀ ਸੋਹਣ ਸਿੰਘ ਸੀਤਲ ਸਾਹਿਤ ਨੂੰ ਆਮ ਅਤੇ ਸਸਤੀ ਕੀਮਤ ’ਤੇ ਮੁਹੱਈਆ ਕਰਨਾ ਜ਼ਰੂਰੀ ਹੈ।
ਆਧੁਨਿਕ ਯੁੱਗ ਦੇ ਪੰਥ-ਪ੍ਰਵਾਨਿਤ ਨਾਮਵਰ ਢਾਡੀ ਇਤਿਹਾਸਕਾਰ ਅਤੇ ਸਾਹਿਤਕਾਰ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੀ ਜਨਮ-ਸ਼ਤਾਬਦੀ ’ਤੇ ‘ਗੁਰਮਤਿ ਪ੍ਰਕਾਸ਼’ ਅਗਸਤ 2009 ਦਾ ਅੰਕ ‘ਗਿਆਨੀ ਸੋਹਣ ਸਿੰਘ ਸੀਤਲ ਵਿਸ਼ੇਸ਼ ਅੰਕ’ ਵਜੋਂ ਪ੍ਰਕਾਸ਼ਤ ਕਰਨਾ, ਮੁਬਾਰਕ। ਪਰ ਇਸ ਦੇ ਨਾਲ ਹੀ ਸੀਤਲ-ਸਾਹਿਤ ਨੂੰ ਭਾਰੀ ਗਿਣਤੀ ਵਿਚ ਛਾਪ ਕੇ ਅਜੋਕੇ ਸਿੱਖ ਵਿਦਿਆਰਥੀਆਂ ਤਕ ਪੁੱਜਦਾ ਕਰਨਾ ਅਤਿ ਜ਼ਰੂਰੀ ਹੈ। ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮਹਾਨ ਸੰਸਥਾ ਤੋਂ ਬਿਨਾਂ ਕੌਣ ਕਰ ਸਕਦਾ ਹੈ, ਭਲਾ?
ਲੇਖਕ ਬਾਰੇ
ਰੂਬੀ ਬੁੱਕ ਸਟੋਰ, ਪਿੰਡ ਤੇ ਡਾਕ: ਭੰਖਰਪੁਰ, ਤਹਿ: ਡੇਰਾਬੱਸੀ, ਐੱਸ.ਏ.ਐੱਸ. ਨਗਰ, ਮੋਹਾਲੀ।
- ਹੋਰ ਲੇਖ ਉਪਲੱਭਧ ਨਹੀਂ ਹਨ