ਗਿਆਨੀ ਸੋਹਣ ਸਿੰਘ ਜੀ ਸੀਤਲ ਵਿਸ਼ਾਲ ਅਧਿਐਨ, ਅਨੁਭਵ, ਸਹਿਜ ਚਿੰਤਨ-ਮੰਥਨ ਅਤੇ ਸਹਿਜ ਬੋਧ ਦੇ ਮਾਲਕ, ਸਿਰੇ ਦੇ ਮਿਹਨਤੀ, ਸੁਹਿਰਦ ਇਨਸਾਨ, ਇਮਾਨਦਾਰੀ ਦੇ ਪੁੰਜ, ਲੋਕਾਂ ’ਚ ਲਗਾਤਾਰ ਵਿਚਰਨ ਵਾਲੇ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਓਤ-ਪੋਤ ਬਹੁਪੱਖੀ ਲੇਖਕ ਸਨ। ਉਨ੍ਹਾਂ ਦਾ ਸਿੱਖ ਸਿਧਾਂਤਾਂ ’ਚ ਡੂੰਘਾ ਵਿਸ਼ਵਾਸ ਸੀ ਅਤੇ ਸਿੱਖ ਸਿਧਾਂਤਾਂ, ਇਤਿਹਾਸ ਤੇ ਸਰੋਕਾਰਾਂ ਨਾਲ ਭਾਵੁਕ ਲਗਾਉ ਸੀ। ਉਹ ਸਿੱਖ ਇਤਿਹਾਸ ਤੇ ਦਰਸ਼ਨ ਦੇ ਪ੍ਰਭਾਵੀ ਪ੍ਰਚਾਰਕ ਸਨ। ਪ੍ਰਚਾਰ ਅਤੇ ਸਿਰਜਣ-ਪ੍ਰਕ੍ਰਿਆ ਵੇਲੇ ਉਨ੍ਹਾਂ ਲਈ ਹਰ ਗੱਲ ਦੀ ਪਰਖ-ਕਸੌਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੀ। ਉਦਾਹਰਣ ਹਿੱਤ ਉਨ੍ਹਾਂ ਦਾ ਸਮਕਾਲੀ ਪੰਜਾਬੀ ਵਿਦਵਾਨ ਡਾ. ਹਰਭਜਨ ਸਿੰਘ ਸੀਤਲ ਜੀ ਬਾਰੇ ਇਕ ਲੇਖ ’ਚ ਟਿੱਪਣੀ ਕਰਦਾ ਹੈ: “ਸੀਤਲ ਸੁਚੇਤ ਮਾਰਕਸਵਾਦੀ ਨਹੀਂ।” ਇਸ ਦੇ ਪ੍ਰਤੀਉੱਤਰ ਵਿਚ ਸੀਤਲ ਸਾਹਿਬ ਲਿਖਦੇ ਹਨ, “ਨਾ ‘ਸੁਚੇਤ’ ਨਾ ‘ਅਚੇਤ’ ਮੈਂ ਮਾਰਕਸਵਾਦੀ ਹਾਂ ਹੀ ਨਹੀਂ। ਮਾਰਕਸ, ਏਂਗਲਜ਼, ਲੈਨਿਨ ਆਦਿ ਦੀਆਂ ਕਾਫੀ ਰਚਨਾਵਾਂ ਮੈਂ ਪੜ੍ਹੀਆਂ ਹਨ, ਪਰ ਜੋ ਮੈਨੂੰ ਗੁਰਬਾਣੀ ਵਿੱਚੋਂ ਮਿਲਿਆ ਹੈ, ਉਹ ਮਾਕਸਇਜ਼ਮ ’ਚ ਨਹੀਂ। ਮਾਰਕਸ ਸਿਰਫ਼ ਸਰੀਰ ਦੀਆਂ ਲੋੜਾਂ ਦੀ ਗੱਲ ਕਰਦਾ ਹੈ, ਪਰ ਗੁਰਬਾਣੀ ਸਰੀਰ ਤੇ ਆਤਮਾ, ਦੋਵਾਂ ਦੀ ਲੋੜ ਦੀ ਗੱਲ ਕਰਦੀ ਹੈ। ਇਹ ਗੱਲ ਵੱਖਰੀ ਹੈ ਕਿ ਅਸਾਂ ਗੁਰਬਾਣੀ ਦਾ ਅਧਿਐਨ ਤੇ ਵਿਆਖਿਆ ਵਿਗਿਆਨਕ ਢੰਗ ਨਾਲ ਨਹੀਂ ਕੀਤੀ। ਅਸੀਂ ਆਮ ਕਰਕੇ ਅੰਧ-ਵਿਸ਼ਵਾਸ ਦੇ ਅਸਰ ਥੱਲੇ ਗੁਰਬਾਣੀ ਪੜ੍ਹਦੇ ਤੇ ਸਤਿਕਾਰ ਕਰਦੇ ਹਾਂ।”
ਗਿਆਨੀ ਸੋਹਣ ਸਿੰਘ ਜੀ ਸੀਤਲ ਦੀ ਵਿਲੱਖਣ ਸ਼ਖ਼ਸੀਅਤ ਬਾਰੇ ਇਸ ਸੰਖੇਪ ਟਿੱਪਣੀ ਤੋਂ ਬਾਅਦ ਅਤੇ ਉਨ੍ਹਾਂ ਦੀ ਸਫਲ ਨਾਵਲਕਾਰੀ ਦੀ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਬਹੁਪੱਖੀ ਲੇਖਕ ਹੋਣ ਦੇ ਸੱਚ ਨੂੰ ਜਾਣਨਾ ਜ਼ਰੂਰੀ ਪ੍ਰਤੀਤ ਹੁੰਦਾ ਹੈ। ਉਹ ਇਕ ਕਵੀ, ਗੀਤਕਾਰ, ਵਾਰਕਾਰ, ਢਾਡੀ, ਇਤਿਹਾਸਕਾਰ, ਕਹਾਣੀਕਾਰ ਤੇ ਨਾਵਲਕਾਰ ਸਨ। ਉਨ੍ਹਾਂ ਦੀ ਪਹਿਲੀ ਕਵਿਤਾ ‘ਕੁਦਰਤ ਰਾਣੀ’ 1928 ਈ. ਵਿਚ ਕਲਕੱਤਾ ਤੋਂ ਪ੍ਰਕਾਸ਼ਿਤ ਹੁੰਦੇ ਪੱਤਰ ‘ਕਵੀ’ ਵਿਚ ਛਪੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕਵਿਤਾਵਾਂ ‘ਪ੍ਰੀਤਮ’ ਅਤੇ ‘ਫੁਲਵਾੜੀ’ ਆਦਿ ਪਰਚਿਆਂ ’ਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ। ਉਨ੍ਹਾਂ ਦੀਆਂ ਕਵਿਤਾਵਾਂ ਦੇ ਪ੍ਰਮੁੱਖ ਸਰੋਕਾਰ ਧਾਰਮਿਕ, ਸਮਾਜਿਕ, ਸੁਹਜ, ਸੁੰਦਰਤਾ, ਗੁਲਾਮੀ ਤੇ ਦੇਸ਼-ਭਗਤੀ ਆਦਿ ਸਨ। ਉਨ੍ਹਾਂ ਕੁਝ ਕਵਿਤਾਵਾਂ ਲੋਕ-ਕਥਾਵਾਂ ਨੂੰ ਆਧਾਰ ਬਣਾ ਕੇ ਲਿਖੀਆਂ। ਉਨ੍ਹਾਂ ਨੇ 1928 ਈ. ਤੋਂ 1942 ਈ. ਤਕ ਅਤੇ 1950 ਈ. ਤੋਂ 1958 ਈ. ਤਕ ਸੈਂਕੜੇ ਗੀਤ ਵੀ ਲਿਖੇ। ਗੀਤ ਸਮੇਤ ਕਵਿਤਾ ਦੇ ਵਿਭਿੰਨ ਰੂਪਾਕਾਰਕ ਗੁਣਾਂ-ਲੱਛਣਾਂ ਦੀ ਉਨ੍ਹਾਂ ਨੂੰ ਪੂਰਨ ਸਮਝ ਸੀ। ‘ਕੇਸਰੀ ਦੁਪੱਟਾ’ (1956) ਅਤੇ ‘ਜਦੋਂ ਮੈਂ ਗੀਤ ਲਿਖਦਾ ਹਾਂ’ (1958) ਉਨ੍ਹਾਂ ਦੇ ਦੋ ਗੀਤ ਸੰਗ੍ਰਿਹ ਹਨ। ਸਾਲ 1958 ਈ. ਤੋਂ ਬਾਅਦ ਸੀਤਲ ਸਾਹਿਬ ਨੇ ਕੋਈ ਗੀਤ ਨਹੀਂ ਲਿਖਿਆ। ਉਨ੍ਹਾਂ ਨੇ ਪਹਿਲੀ ਕਹਾਣੀ ‘ਵੈਰੀ ਪੁੱਤਰ’ ਸਿਰਲੇਖ ਹੇਠ 1932 ਈ. ਵਿਚ ਲਿਖੀ। ਉਨ੍ਹਾਂ ਨੇ ਕੁੱਲ 24 ਕਹਾਣੀਆਂ ਲਿਖੀਆਂ। ਇਹ ਸਾਰੀਆਂ ਹੀ ਕਹਾਣੀਆਂ ਸਮੇਂ-ਸਮੇਂ ਸਿਰ ਮਾਸਿਕ ਪੱਤਰਾਂ ’ਚ ਪ੍ਰਕਾਸ਼ਿਤ ਹੋਈਆਂ ਹਨ। ਪਰ ਉਹ ਆਪ ਖੁਦ ਇਨ੍ਹਾਂ ਕਹਾਣੀਆਂ ਤੋਂ ਸੰਤੁਸ਼ਟ ਨਹੀਂ ਸਨ। ਸੀਤਲ ਜੀ ਲਿਖਦੇ ਹਨ, “ਕਹਾਣੀਆਂ ਲਿਖੀਆਂ ਜ਼ਰੂਰ, ਪਰ ਕਹਾਣੀ ਵਿਚ ਮੇਰਾ ਮਨ ਪਰਚਿਆ ਨਾ। ਜਾਂ ਜੋ ਕੁਝ ਮੈਂ ਕਹਿਣਾ ਚਾਹੁੰਦਾ ਸਾਂ, ਉਹ ਕਹਾਣੀ ਦੇ ਛੋਟੇ ਜਿਹੇ ਅਕਾਰ ਵਿਚ ਸਮਾ ਨਹੀਂ ਸੀ ਸਕਦਾ। ਇਸ ਵਾਸਤੇ ਅੰਤ ਮੈਨੂੰ ‘ਨਾਵਲ’ ਦਾ ਆਸਰਾ ਲੈਣਾ ਪਿਆ। ਨਾਵਲ ਹੀ ਇਕ ਅਜਿਹਾ ਖੇਤਰ ਸੀ, ਜਿੱਥੇ ਮੈਂ ਦਿਲ ਦੀ ਗੱਲ ਖੁੱਲ੍ਹ ਕੇ ਕਰ ਸਕਦਾ ਸਾਂ।” ਉਨ੍ਹਾਂ ਨੇ ਦੋ ਇਕਾਂਗੀ ਜਾਂ ਛੋਟੇ ਨਾਟਕ ਵੀ ਲਿਖੇ। ੳ) ਸੰਤ ਲਾਧੋ ਰੇ, ਅ) ਲੋਕ ਸੇਵਕ। ਦੋਵਾਂ ’ਚ ਹੀ ਉਨ੍ਹਾਂ ਨੇ ਭੇਖੀਆਂ ਅਤੇ ਪਖੰਡੀਆਂ ਉੱਪਰ ਕਰੜਾ ਵਿਅੰਗ ਕੀਤਾ।
1934 ਈ. ਵਿਚ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਆਪਣੇ ਮਨਪਸੰਦ ਕਿੱਤੇ ਢਾਡੀ ਵਜੋਂ ਸਰਗਰਮ ਹੋਣਾ ਸ਼ੁਰੂ ਕਰ ਦਿੱਤਾ। ਅਸਲ ’ਚ ਆਪ ਬਹੁਪੱਖੀ ਲੇਖਕ ਦੇ ਨਾਲ-ਨਾਲ ਬਹੁਪੱਖੀ ਤੇ ਵੱਡ-ਅਕਾਰੀ ਸ਼ਖ਼ਸੀਅਤ ਸਨ। ਉਹ ਉਕਤ ਸਾਰੇ ਕੁਝ ਤੋਂ ਛੁੱਟ ਇਕ ਸਫਲ ਤੇ ਅਤਿ ਪ੍ਰਭਾਵਸ਼ਾਲੀ ਵਕਤਾ ਸਨ। ਅਸਲ ’ਚ ਉਹ ਦਿਲ ਤੋਂ ਗੱਲ ਕਰਦੇ ਸਨ। ‘ਸਿੱਖ ਰਾਜ ਕਿਵੇਂ ਗਿਆ?’ ਅਤੇ ‘ਦੁਖੀਏ ਮਾਂ- ਪੁੱਤ’ ਦਾ ਪ੍ਰਸੰਗ ਸੁਣਾਉਂਦਿਆਂ ਲੋਕਾਂ ਨੂੰ ਭਾਵੁਕ ਕਰਨ ਤੇ ਰੁਆਉਣ ਤਕ (ਚਾਹੇ ਰੁਆਉਣਾ ਉਨ੍ਹਾਂ ਦਾ ਮੰਤਵ ਨਹੀਂ ਸੀ) ਦੇ ਸਮਰੱਥ ਸਨ ਅਤੇ ਮੈਂ ਵੀ ਇਸ ਵਰਤਾਰੇ ਦਾ ਚਸ਼ਮਦੀਦ ਗਵਾਹ ਹਾਂ। ਆਪ ਜੀ ਨੇ ਸਿੱਖ ਇਤਿਹਾਸ ਬਾਰੇ 75 ਵਾਰਾਂ ਤੋਂ ਛੁੱਟ ਚਾਰ ਛੋਟੀਆਂ ਵਾਰਾਂ ਵੀ ਲਿਖੀਆਂ। ਇਹ ਸਾਰੀਆਂ ਵਾਰਾਂ ਸੌ-ਸੌ ਪੰਨੇ ਦੀਆਂ 18 ਪੁਸਤਕਾਂ ’ਚ ਦਰਜ ਹਨ। ਇਹ ਸਾਰੀਆਂ ਪੁਸਤਕਾਂ ਹਜ਼ਾਰਾਂ ਦੀ ਗਿਣਤੀ ’ਚ ਵਿਕੀਆਂ, ਪੜ੍ਹੀਆਂ ਗਈਆਂ ਅਤੇ ਪ੍ਰਸ਼ੰਸਾ ਦਾ ਹੱਕਦਾਰ ਬਣੀਆਂ। ‘ਸਿੱਖ ਰਾਜ ਕਿਵੇਂ ਗਿਆ?’ ਦੀ ਲੰਮੀ ਵਾਰ ਉਕਤ ਵਾਰਾਂ ਤੋਂ ਛੁੱਟ ਹੈ। ਇਤਿਹਾਸਕਾਰੀ ਦੇ ਪੱਖ ਤੋਂ ਸੀਤਲ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਦਾ ਇਤਿਹਾਸ ਬੜੀ ਮਿਹਨਤ, ਲਗਨ ਤੇ ਸੁਹਿਰਦਤਾ ਨਾਲ ਲਿਖਿਆ। ਇਨ੍ਹਾਂ ਪੁਸਤਕਾਂ ਨੂੰ ਲਿਖਣ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਸੋਮਿਆਂ ਦਾ ਗਹਿਨ ਅਧਿਐਨ ਕੀਤਾ।
ਭਾਵੇਂ ਆਮ ਪੰਜਾਬੀ ਸਾਹਿਤ ਦੇ ਪਾਠਕਾਂ, ਸਮਕਾਲੀ ਸਾਹਿਤਕਾਰਾਂ ਤੇ ਵਿਦਵਾਨਾਂ ਨੂੰ ਹਮੇਸ਼ਾਂ ਇਹ ਤੌਖਲਾ/ਭਰਮ ਰਿਹਾ ਹੈ ਕਿ ਇਕ ਢਾਡੀ ਨਾਵਲਕਾਰ ਜਾਂ ਸਾਹਿਤਕਾਰ ਹੋ ਹੀ ਨਹੀਂ ਸਕਦਾ। ਇਹ ਭਰਮ ਉਸ ਵੇਲੇ ਟੁੱਟਾ ਜਦੋਂ ਸੀਤਲ ਜੀ ਨੂੰ ਦਿੱਲੀ ਸਾਹਿਤ ਅਕਾਦਮੀ ਵੱਲੋਂ ਉਨ੍ਹਾਂ ਦੇ ਨਾਵਲ ‘ਜੁੱਗ ਬਦਲ ਗਿਆ’ ਲਈ ਸਰਵਉੱਚ ਸਾਹਿਤ ਸਨਮਾਨ ਮਿਲਿਆ। ਸਾਹਿਤ ਦੀ ਨਾਵਲ ਵਿਧਾ ਉੱਪਰ ਸਫ਼ਲਤਾ ਸਹਿਤ ਹੱਥ ਅਜ਼ਮਾਉਣ ਤੋਂ ਪਹਿਲਾਂ ਉਨ੍ਹਾਂ ਹਿੰਦੀ, ਬੰਗਲਾ, ਰੂਸੀ, ਅੰਗਰੇਜ਼ੀ, ਫਰਾਂਸੀਸੀ ਤੇ ਉਰਦੂ ਭਾਸ਼ਾ ’ਚ ਲਿਖੇ ਸੈਂਕੜੇ ਮਿਆਰੀ ਤੇ ਜਗਤ-ਪ੍ਰਸਿੱਧ ਨਾਵਲ ਪੜ੍ਹੇ ਅਤੇ ਇਸ ਤਰ੍ਹਾਂ ਨਾਵਲੀ ਵਿਧੀਆਂ ਬਾਰੇ ਬਾਰੀਕੀ ਨਾਲ ਅਧਿਐਨ ਕੀਤਾ। ਉਨ੍ਹਾਂ ਨੇ ਸਾਰੇ ਪੰਜਾਬੀ ਨਾਵਲਕਾਰਾਂ ਨੂੰ ਵੀ ਗਹੁ ਨਾਲ ਪੜ੍ਹਿਆ ਹੀ ਨਹੀਂ ਸਗੋਂ ਇਕ ਸਮੀਖਿਅਕ ਵਜੋਂ ਉਨ੍ਹਾਂ ਦਾ ਨਿੱਠ ਕੇ ਅਧਿਐਨ ਕੀਤਾ। ਭਾਈ ਮੋਹਨ ਸਿੰਘ ਵੈਦ, ਭਾਈ ਵੀਰ ਸਿੰਘ, ਨਾਨਕ ਸਿੰਘ, ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਦੇ ਨਾਵਲ ਉਨ੍ਹਾਂ ਨੇ ਬੜੀ ਸਹਿਜਤਾ ਨਾਲ ਪੜ੍ਹੇ। ਪਰ ਉਨ੍ਹਾਂ ਨੇ ਵਧੇਰੇ ਹਿੰਦੀ ਦੇ ਨਾਵਲ ਪੜ੍ਹੇ ਅਤੇ ਇਸ ਭਾਸ਼ਾ ’ਚੋਂ ਉਨ੍ਹਾਂ ਨੇ ਮੁਨਸ਼ੀ ਪ੍ਰੇਮ ਚੰਦ ਸਾਰਾ ਪੜ੍ਹਿਆ। ਬੰਕਮ ਚੰਦਰ ਤੇ ਰਾਬਿੰਦਰ ਨਾਥ ਟੈਗੋਰ ਦੇ ਦੋ ਨਾਵਲਾਂ ਤੋਂ ਛੁੱਟ ਉਨ੍ਹਾਂ ਨੇ ਸ਼ਰਤ ਚੰਦਰ ਦੇ ਲੱਗਭਗ ਸਾਰੇ ਨਾਵਲ ਪੜ੍ਹੇ। ਸ਼ਰਤ ਚੰਦਰ ਉਨ੍ਹਾਂ ਦਾ ਮਨ-ਪਸੰਦ ਨਾਵਲਕਾਰ ਸੀ। ਵਿਮਲ ਮਿਤ੍ਰ ਤੇ ਤਾਰਾ ਸ਼ੰਕਰ ਦੇ ਨਾਵਲ ਵੀ ਉਨ੍ਹਾਂ ਨੇ ਦਿਲਚਸਪੀ ਨਾਲ ਪੜ੍ਹੇ। ਅਸਮਤ ਚੁਗਤਾਈ ਦਾ ਨਾਵਲ ‘ਟੇੜ੍ਹੀ ਲਕੀਰ’ ਉਨ੍ਹਾਂ ਪੜ੍ਹਿਆ। ਰੂਸੀ ਨਾਵਲਕਾਰਾਂ ’ਚੋਂ ਉਨ੍ਹਾਂ ਨੂੰ ਦਾਸਤੋਵਸਕੀ ਤੇ ਸ਼ੋਲੋਖੋਵ ਬਹੁਤ ਪਸੰਦ ਆਏ। ‘ਡਾਨ ਵਹਿੰਦਾ ਰਿਹਾ’ ਉਨ੍ਹਾਂ ਕਈ ਵਾਰ ਪੜ੍ਹਿਆ। ਹਿੰਦੀ ਨਾਵਲ ‘ਸੀਮਾਏਂ’ ਤੋਂ ਛੁੱਟ ਉਨ੍ਹਾਂ ਨੇ ਖੁਸ਼ਵੰਤ ਸਿੰਘ ਦਾ ਨਾਵਲ ‘ਪਾਕਿਸਤਾਨ ਮੇਲ’ ਵੀ ਪੜ੍ਹਿਆ।
ਉਕਤ ਵਿਸ਼ਾਲ ਅਧਿਐਨ, ਢਾਡੀ ਵਜੋਂ ਪ੍ਰਾਪਤ ਕੀਤੇ ਅਮੀਰ ਅਨੁਭਵ, ਪੰਜਾਬੀ ਭਾਸ਼ਾ ’ਤੇ ਪ੍ਰਾਪਤ ਅਬੂਰ, ਚਿੰਤਨ-ਮੰਥਨ ਦੇ ਲੰਮੇ ਅਭਿਆਸ ਅਤੇ ਨਿੱਜੀ ਜ਼ਿੰਦਗੀ ਦੇ ਕੌੜੇ-ਮਿੱਠੇ ਅਹਿਸਾਸਾਂ ਦੇ ਸਹਾਰੇ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ 1947 ਈ. ਤੋਂ 1973 ਈ. ਤਕ ਦੇ ਕਾਲ ਅੰਤਰ ਵਿਚ ਕੁੱਲ 17 ਨਾਵਲ ਲਿਖੇ। ਇਨ੍ਹਾਂ ਤੋਂ ਛੁੱਟ ਆਪ ਜੀ ਨੇ ਦੋ ਇਤਿਹਾਸਕ ਨਾਵਲ ੳ) ਮਹਾਰਾਣੀ ਜਿੰਦਾਂ, ਅ) ਮਹਾਰਾਜਾ ਦਲੀਪ ਸਿੰਘ ਵੀ ਲਿਖੇ। ਉਨ੍ਹਾਂ ਦੇ ਨਾਵਲਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ: 1. ਈਚੋਗਿਲ ਨਹਿਰ ਤਕ, 2. ਸੁੰਞਾ ਆਹਲਣਾ, 3. ਮੁੱਲ ਦਾ ਮਾਸ, 4. ਪਤਵੰਤੇ ਕਾਤਲ, 5. ਵਿਜੋਗਣ, 6. ਦੀਵੇ ਦੀ ਲੋਅ, 7. ਬਦਲਾ, 8. ਅੰਨ੍ਹੀ ਸੁੰਦਰਤਾ, 9. ਜੰਗ ਜਾਂ ਅਮਨ, 10. ਤੂਤਾਂ ਵਾਲਾ ਖੂਹ, 11. ਜੁੱਗ ਬਦਲ ਗਿਆ, 12. ਕਾਲੇ ਪਰਛਾਵੇਂ, 13. ਪ੍ਰੀਤ ਤੇ ਪੈਸਾ, 14. ਧਰਤੀ ਦੇ ਦੇਵਤੇ, 15. ਪ੍ਰੀਤ ਕਿ ਰੂਪ, 16. ਧਰਤੀ ਦੀ ਬੇਟੀ, 17. ਜਵਾਲਾਮੁਖੀ। ਇਨ੍ਹਾਂ ਤੋਂ ਛੁੱਟ ਆਪ ਜੀ ਨੇ ਤਿੰਨ ਨਾਵਲੈੱਟ ਵੀ ਲਿਖੇ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਨਵੇਂ ਸਿਖਾਂਦਰੂਆਂ ਵਾਸਤੇ ਸਾਹਿਤ ਲਿਖਵਾਇਆ ਜਾਂਦਾ ਸੀ। ਇਨ੍ਹਾਂ ਪੁਸਤਕਾਂ ਨੂੰ ਹਰ ਸਾਲ ਮੁਕਾਬਲੇ ਵਿਚ ਇਨਾਮ ਦਿੱਤੇ ਜਾਂਦੇ ਸਨ। ਵੱਧ ਤੋਂ ਵੱਧ ਤਿੰਨ ਵਾਰ ਕੋਈ ਲੇਖਕ ਇਹ ਸਨਮਾਨ ਪ੍ਰਾਪਤ ਕਰ ਸਕਦਾ ਸੀ। ਗਿਆਨੀ ਸੀਤਲ ਜੀ ਦੇ ਤਿੰਨ ਅਜਿਹੇ ਨਾਵਲਾਂ ਨੂੰ ਸਨਮਾਨ ਪ੍ਰਾਪਤ ਹੋਇਆ। ਇਹ ਕ੍ਰਮਵਾਰ ਸੁਰਗ ਸਵੇਰਾ (1961), ਹਿਮਾਲਿਆ ਦੇ ਰਾਖੇ (1963), ਸਭੇ ਸਾਝੀਵਾਲ ਸਦਾਇਨਿ (1965) ਸਨ।
ਗਿਆਨੀ ਸੋਹਣ ਸਿੰਘ ਸੀਤਲ ਦੇ ਪਹਿਲੇ ਪੜਾਅ ਦੇ ਚਾਰ ਨਾਵਲ ੳ) ਵਿਜੋਗਣ, ਅ) ਅੰਨ੍ਹੀ ਸੁੰਦਰਤਾ, ੲ) ਪ੍ਰੀਤ ਤੇ ਪੈਸਾ, ਸ) ਧਰਤੀ ਦੀ ਬੇਟੀ ਫਿਲਮੀ ਕਹਾਣੀਆਂ ਦੀ ਮੰਗ ਅਨੁਸਾਰ ਲਿਖੇ ਗਏ। ਇਸ ਤਰ੍ਹਾਂ ਇਨ੍ਹਾਂ ਵਿਚ ਸਮਕਾਲੀ ਯਥਾਰਥ ਨਾਲੋਂ ਕਾਲਪਨਿਕ, ਨਾਟਕੀ ਮੋੜ ਤੇ ਫ਼ਿਲਮੀ ਵਿਧੀਆਂ ਵਧੇਰੇ ਉੱਘੜਵਾਂ ਰੂਪ ਗ੍ਰਹਿਣ ਕਰਦੀਆਂ ਹਨ। ਉਦਾਹਰਣ ਹਿੱਤ ‘ਧਰਤੀ ਦੀ ਬੇਟੀ’ ਵਿਨੋਭਾ ਭਾਵੇ ਦੀ ਭੂਮੀ ਦਾਨ (ਭੂ ਦਾਨ) ਮੁਹਿੰਮ ਦੀ ਸਾਰਥਿਕਤਾ ਨਾਲ ਸੰਬੰਧਿਤ ਹੈ। ਪਰ ਨਾਟਕੀ ਅੰਦਾਜ਼ ਕਾਰਨ ਇਸ ਮਹੱਤਵਪੂਰਨ ਮਸਲੇ ਨੂੰ ਸਹੀ ਪਰਿਪੇਖ ਵਿਚ ਨਹੀਂ ਨਜਿੱਠਿਆ ਜਾ ਸਕਿਆ। ਜ਼ਮੀਨੀ ਵੰਡ ਦਾ ਮਸਲਾ ਅੱਜ ਵੀ ਭਾਰਤ ਭਰ ’ਚ ਕਿਸਾਨੀ ਦਾ ਵੱਡਾ ਮਸਲਾ ਹੈ।
ਘੋਰ ਗੁਰਬਤ, ਬੇਰੁਜ਼ਗਾਰੀ, ਬੇਵੱਸੀ/ਮਜਬੂਰੀ/ਲਾਚਾਰੀ, ਭੁੱਖ-ਦੁੱਖ ਅਤੇ ਬੁਨਿਆਦੀ ਲੋੜਾਂ ਦੀ ਅਪੂਰਤੀ ਦੇ ਨਾਲ-ਨਾਲ ਥੁੜ੍ਹਾਂ-ਤੋਟਾਂ ਆਦਿ ਦਾ ਬਿਰਤਾਂਤ ਸੀਤਲ ਜੀ ਦੇ ਨਾਵਲਾਂ ਵਿਚ ਭਰਪੂਰ ਰੂਪ ਵਿਚ ਪੇਸ਼ ਹੋਇਆ ਹੈ। ‘ਪ੍ਰੀਤ ਤੇ ਪੈਸਾ’ ਵਿਚ ਗਰੀਬੀ ਤੇ ਧਨ ਦੀ ਅਸਾਵੀਂ ਵੰਡ ਦਾ ਮਸਲਾ ਪੇਸ਼ ਹੈ। ਗਰੀਬੀ ਬੇਹੱਦ ਦੁਖਦਾਈ ਹੈ ਪਰ ਅਮੀਰੀ-ਗਰੀਬੀ ਦੇ ਵੱਡੇ ਅੰਤਰ ਇਸ ਨੂੰ ਹੋਰ ਦੁਖਦਾਈ ਬਨਾਉਂਦੇ ਹਨ। ਗੁਰਬਤ ਹਰ ਕਿਸਮ ਦੀ ਪ੍ਰਤਿਭਾ ਦਾ ਨਾਸ਼ ਕਰ ਦਿੰਦੀ ਹੈ। ਸਵੈ-ਸਾਹਿਤਕਾਰ ਤੇ ਸਵੈ-ਮਾਣ ਦਾ ਘਾਤ ਵੀ ਗਰੀਬੀ ਹੀ ਕਰਦੀ ਹੈ। ਗਰੀਬੀ ਹੀ ਵੇਸਵਾਗਮਨੀ ਵਰਗੇ ਗ਼ਲੀਜ਼ ਧੰਦੇ ਦਾ ਪ੍ਰਮੁੱਖ ਆਧਾਰ ਹੈ। ਬੁਰਾਈਆਂ ਦੀ ਜੜ੍ਹ ਵੀ ਗਰੀਬੀ ਹੈ। ‘ਧਰਤੀ ਦੇ ਦੇਵਤੇ’, ‘ਤੂਤਾਂ ਵਾਲਾ ਖੂਹ’, ‘ਜੰਗ ਜਾਂ ਅਮਨ’ ਅਤੇ ‘ਜੁੱਗ ਬਦਲ ਗਿਆ’ ਆਦਿ ਵਿਚ ਉਹ ਕਿਸਾਨੀ ਜੀਵਨ ਦੀਆਂ ਦੁਸ਼ਵਾਰੀਆਂ, ਕਿਸਾਨੀ ਦਾ ਕਰਜ਼ਾ ਜਾਲ ਵਿਚ ਫਸੇ ਹੋਣਾ ਅਤੇ ਸ਼ਾਹੂਕਾਰਾਂ ਤੇ ਆੜ੍ਹਤੀਆਂ ਦੁਆਰਾ ਉਨ੍ਹਾਂ ਦੀ ਬੇਕਿਰਕ ਲੁੱਟ ਦਾ ਯਥਾਰਥਕ ਵਿਵਰਣ ਪੇਸ਼ ਕਰਦੇ ਹਨ। ‘ਧਰਤੀ ਦੇ ਦੇਵਤੇ’ ਜਿੱਥੇ ਕਿਸਾਨੀ ਸਮੱਸਿਆਵਾਂ ਤੇ ਵਿਸ਼ੇਸ਼ ਕਰਕੇ ਖੇਤੀ ਦੇ ਮਸ਼ੀਨੀਕਰਨ ਨਾਲ ਉਪਜਦੀਆਂ ਸਮੱਸਿਆਵਾਂ ਨੂੰ ਭਵਿੱਖਮੁਖੀ ਦ੍ਰਿਸ਼ਟੀ ਨਾਲ ਪੇਸ਼ ਕਰਦਾ ਹੈ। ਖੇਤੀ-ਮਸ਼ੀਨਰੀ ਜਿੱਥੇ ਕਿਸਾਨੀ ਦੇ ਕਠਿਨ ਕਾਰਜ ਨੂੰ ਸਹਿਲ ਵੀ ਕਰਦੀ ਹੈ ਅਤੇ ਖੇਤੀ ਦੀ ਪੈਦਾਵਾਰ ਵੀ ਵਧਾਉਂਦੀ ਹੈ, ਉਥੇ ਇਹ ਕਿਰਤੀਆਂ ਨੂੰ ਵਿਹਲਾ ਵੀ ਕਰਦੀ ਹੈ ਅਤੇ ਇਸ ਤਰ੍ਹਾਂ ਬੇਰੁਜ਼ਗਾਰਾਂ ਦੀ ਗਿਣਤੀ ਵਧਾਉਂਦੀ ਹੋਈ ਕਈ ਸਮਾਜਿਕ ਸਮੱਸਿਆਵਾਂ ਨੂੰ ਵੀ ਪੈਦਾ ਕਰਦੀ ਹੈ। ਸੀਤਲ ਜੀ ਦੀ ਦਰੁਸਤ ਸਮਝਦਾਰੀ ਹੈ: “ਜ਼ਮੀਨ ਸਾਂਝੀ ਕਰ ਲਈ, ਟਰੈਕਟਰ ਆ ਗਿਆ, ਮਸ਼ੀਨਰੀ ਨਾਲ ਵਾਹੀ ਸ਼ੁਰੂ ਹੋ ਗਈ। ਜਿੰਨੀ ਜ਼ਮੀਨ ’ਤੇ ਪਹਿਲਾਂ ਪੰਜਾਹ ਆਦਮੀ ਕੰਮ ਕਰਦੇ ਸਨ, ਮਸ਼ੀਨਰੀ ਦੀ ਮਦਦ ਨਾਲ ਉਹ ਸਾਰਾ ਕੰਮ ਦਸਾਂ ਆਦਮੀਆਂ ਨਾਲ ਭੁਗਤਾ ਲਿਆ। ਬਾਕੀ ਦੇ ਚਾਲੀ ਵਿਹਲੇ ਹੋ ਗਏ। ਜਿੰਨਾ ਚਿਰ ਪਿੰਡਾਂ ਵਿਚ ਉਨ੍ਹਾਂ ਚਾਲੀਆਂ ਵਾਸਤੇ ਕੰਮ ਦਾ ਪ੍ਰਬੰਧ ਨਹੀਂ ਹੋ ਸਕਦਾ, ਓਨਾ ਚਿਰ ਸਾਂਝੀ ਵਾਹੀ ਰਾਹੀਂ ਕਲਿਆਣ ਨਹੀਂ ਹੋ ਸਕਦਾ। ਇਹ ਐਵੇਂ ਸੁਪਨਾ ਹੈ।” ਸੀਤਲ ਜੀ ਦੀ ਦਰੁਸਤ ਸਮਝਦਾਰੀ ਦੇ ਨਾਲ- ਨਾਲ ਇਹ ਟੂਕ ਉਨ੍ਹਾਂ ਦੀ ਸਪੱਸ਼ਟਤਾ ਤੇ ਬੋਲੀ-ਸ਼ੈਲੀ ਦਾ ਪ੍ਰਤੱਖ ਪ੍ਰਮਾਣ ਹੈ। ਉਹ ਬੇਹੱਦ ਬੇਬਾਕ ਸਨ। ਉਹ ‘ਤੂਤਾਂ ਵਾਲਾ ਖੂਹ’ ਕਿਸਾਨੀ ਸਮੱਸਿਆਵਾਂ ਤੋਂ ਛੁੱਟ, ਦੇਸ਼ ਵੰਡ ਦਾ ਦੁਖਾਂਤ ਵੀ ਪੇਸ਼ ਕਰਦਾ ਹੈ ਅਤੇ ਸੁਤੰਤਰਤਾ ਸੰਗਰਾਮੀਆਂ ਦੀ ਦੇਸੀ ਹਾਕਮਾਂ ਵੱਲੋਂ ਬੇਹੁਰਮਤੀ ਦਾ ਪਾਜ ਵੀ ਉਘਾੜਦਾ ਹੈ। ‘ਜੁੱਗ ਬਦਲ ਗਿਆ’ (ਸਾਹਿਤ ਅਕਾਦਮੀ ਵੱਲੋਂ ਪੁਰਸਕ੍ਰਿਤ) ਨਾਵਲ ਗਰੀਬ ਕਿਸਾਨੀ ਦੀ ਲੁੱਟ ਦੇ ਵੇਰਵੇ, ਧਨੀ ਕਿਸਾਨਾਂ ਦੇ ਆੜ੍ਹਤੀ ਬਣ ਜਾਣ, ਲਿੰਗਕ ਅਵੈੜ, ਸ਼ਾਹੂਕਾਰਾਂ ਦੀ ਲੁੱਟ ਅਤੇ ਅਜ਼ਾਦੀ ਨਾਲ ਭਾਰਤੀ ਜਨ-ਜੀਵਨ ਵਿਚ ਆਏ ਪਰਿਵਰਤਨਾਂ ਦਾ ਬਿਰਤਾਂਤ ਹੈ।
ਸੀਤਲ ਜੀ ਦੇ ਨਾਵਲ ‘ਬਦਲਾ’ ਵਿਚ ਗਰੀਬ ਮੁਜ਼ਾਰਿਆਂ ਦੇ ਜੀਵਨ ਦੇ ਬਾਰੀਕ ਵੇਰਵੇ ਪੂਰਨ ਕਲਾਤਮਿਕਤਾ ਤੇ ਨਾਵਲੀ ਵਿਧੀਆਂ ਵਿਚ ਪੇਸ਼ ਹਨ। ਇਹ ਉਨ੍ਹਾਂ ਦਾ ਹੀ ਕਮਾਲ ਹੈ ਕਿ ਉਹ ਇਹ ਲਿਖਣ ਦੇ ਸਮਰੱਥ ਹਨ, “ਇਨਕਲਾਬ ਦੇ ਦਿਨਾਂ ਵਿਚ ਜੇ ਓਹੋ ਪੈਰਾਂ ਥੱਲੇ ਲਤਾੜੇ ਹੋਏ ਮੁਜ਼ਾਰੇ ਖ਼ੂਨ ਦੇ ਪਿਆਸੇ ਬਣ ਜਾਣ ਤਾਂ ਇਹ ਅਸੰਭਵ ਨਹੀਂ।” ਹੋਰ ਵੇਖੋ, “ਨਾਜ਼ੋ ਵਰਗੀਆਂ ਪੈਰਾਂ ਥੱਲੇ ਮਿੱਧੀਆਂ ਹੋਈਆਂ ਕੋਮਲ ਕਲੀਆਂ, ਸਮਾਂ ਆਉਣ ’ਤੇ ਸੂਲਾਂ ਹੀ ਨਹੀਂ ਸੂਲੀਆਂ ਬਣ ਜਾਂਦੀਆਂ ਹਨ।” ਕਿਸਾਨੀ ਦੇ ਕਠਿਨ ਤੇ ਘਾਟੇਵੰਦੇ ਧੰਦੇ ਬਾਰੇ ‘ਤੂਤਾਂ ਵਾਲਾ ਖੂਹ’ ਤੇ ‘ਜੰਗ ਜਾਂ ਅਮਨ’ ਨਾਵਲਾਂ ਸਮੇਤ ਕਈ ਨਾਵਲਾਂ ਵਿਚ ਬਾਰੀਕ ਵੇਰਵੇ ਪੇਸ਼ ਹਨ। ਕਿਸਾਨੀ ਤੇ ਇਨ੍ਹਾਂ ਨਾਲ ਜੁੜੇ ਪਰਵਾਰਾਂ ਦੀਆਂ ਰੀਝਾਂ, ਚਾਵਾਂ ਤੇ ਖਾਹਿਸ਼ਾਂ ਦਾ ਗਲ੍ਹ ਘੁੱਟਿਆ ਜਾਂਦਾ, ਇਨ੍ਹਾਂ ਨਾਵਲਾਂ ਵਿਚ ਭਰਪੂਰ ਮਾਤਰਾ ’ਚ ਵਰਣਨ ਹੈ। ‘ਜੰਗ ਜਾਂ ਅਮਨ’ ਜਿੱਥੇ ਜੰਗਾਂ-ਯੁੱਧਾਂ ਵਿਰੁੱਧ ਭਾਵਨਾ/ਨਫ਼ਰਤ ਉਪਜਾਉਂਦਾ ਹੈ ਉਥੇ ਇਹ ਵੀ ਸਪੱਸ਼ਟ ਕਰਦਾ ਹੈ ਕਿ ਆਮ ਲੋਕ ਸੁਖ-ਸ਼ਾਂਤੀ ਤੇ ਅਮਨ ਚਾਹੁੰਦੇ ਹਨ। ‘ਈਚੋਗਿਲ ਨਹਿਰ ਤਕ’ ਨਾਮਕ ਨਾਵਲ 1965 ਈ. ਵਿਚ ਹੋਏ ਭਾਰਤ-ਪਾਕਿਸਤਾਨ ਯੁੱਧ ਨਾਲ ਸੰਬੰਧਿਤ ਹੈ। ਜੰਗ-ਯੁੱਧ ਆਮ ਲੋਕਾਂ ਦੇ ਦੁੱਖਾਂ, ਤਕਲੀਫਾਂ, ਮੁਸੀਬਤਾਂ ਤੇ ਸਮੱਸਿਆਵਾਂ ਵਿਚ ਵਾਧਾ ਕਰਦੇ ਹਨ। ਸੀਤਲ ਜੀ ਦੀ ਸਮਝਦਾਰੀ ਹੈ, “ਭੁੱਖਾ ਇਨਸਾਨ ਹੀ ਸ਼ੈਤਾਨ ਹੈ।” ਇਸ ਦੇ ਨਾਲ ਹੀ ਉਹ ਗੁਰਬਾਣੀ ਦਾ ਕਥਨ ਪੁਸ਼ਟੀ ਵਜੋਂ ਪੇਸ਼ ਕਰਦੇ ਹਨ:
ਖੁਧਿਆ ਵੰਤੁ ਨ ਜਾਣਹੀ ਲਾਜ ਕੁਲਾਜ ਕੁਬੋਲ॥ (ਪੰਨਾ 317)
ਸੀਤਲ ਜੀ ਦੁਆਰਾ ਸਿਰਜਿਤ ਨਾਵਲਾਂ ’ਚ ਸਾਂਝੇ ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਪਾਸਾਰਾਂ ਦਾ ਚਿਤਰਨ ਬੜੇ ਮੌਲਿਕ ਅੰਦਾਜ਼ ਵਿਚ ਪੇਸ਼ ਹੋਇਆ ਹੈ। ਇਨ੍ਹਾਂ ਵਿਚ ਆਰਥਿਕ ਤੇ ਰਾਜਨੀਤਿਕ ਪੇਸ਼ਕਾਰੀ ਗੌਣ ਰੂਪ ਵਿਚ ਪ੍ਰਸਤੁਤ ਹੁੰਦੀ ਹੈ। ਆਰਥਿਕ ਤੇ ਰਾਜਨੀਤਿਕ ਵਿਵਸਥਾ ਦੀ ਕਾਰਜਸ਼ੀਲਤਾ ਤੋਂ ਉਤਪੰਨ ਸਮਾਜਿਕ ਤੇ ਸਭਿਆਚਾਰਕ ਜੀਵਨ ਦੇ ਵੱਖ-ਵੱਖ ਪਹਿਲੂ ਪਿਛੋਕੜ, ਪ੍ਰਸੰਗ ਤੇ ਪਰਿਪੇਖ ਵਿਚ ਢੁੱਕਵੇਂ ਅਨੁਪਾਤ ਵਿਚ ਸਰਲ ਤੇ ਸਾਦ-ਮੁਰਾਦੀ ਭਾਸ਼ਾ-ਸ਼ੈਲੀ ਵਿਚ ਪੇਸ਼ ਹੋਏ ਹਨ। ਇਸ ਪ੍ਰਵਰਗ ਵਿਚ ਅਸੀਂ ਸੀਤਲ ਜੀ ਦੇ ਨਾਵਲਾਂ ਵਿਚ ਔਰਤਾਂ ਦੇ ਮਸਲਿਆਂ ਨੂੰ ਰੱਖ ਸਕਦੇ ਹਾਂ। ਔਰਤਾਂ ਜਾਂ ਮਾਵਾਂ ਦਾ ਭਾਈਚਾਰਾ ਸਾਡੇ ਸਮਾਜ ਵਿਚ ਇਕ ਦਮਿਤ ਵਰਗ ਹੈ। ਸੀਤਲ ਜੀ ਨਾਰੀ ਮਾਨਸਿਕਤਾ, ਵੇਦਨਾ, ਪੀੜਾ, ਘੁਟਨ, ਕੁੰਠਾ ਤੇ ਦਮਨ ਆਦਿ ਦੇ ਸਮਵਿੱਥ ਨਾਰੀ ਦੀ ਕਰਤਾਰੀ ਸ਼ਕਤੀ (ਆਪਣੇ ਵਰਗਾ ਹੋਰ ਪੈਦਾ ਕਰਨ ਤੇ ਪਾਲਣ-ਪੋਸ਼ਣ ਦੀ ਸਮਰੱਥਾ/ਵਿਅਕਤੀ ਸਿਰਜਣ ਦੀ ਸਮਰੱਥਾ) ਉਸ ਦੀ ਸੰਵੇਦਨਾ ਅਤੇ ਸਹਿਜਤਾ ਆਦਿ ਦੀ ਬੜੀ ਹੀ ਬਾਰੀਕੀ ਨਾਲ ਪੇਸ਼ਕਾਰੀ ਕਰਦੇ ਹਨ। ‘ਜਵਾਲਾਮੁਖੀ’ ਨਾਵਲ ਮਸੂਮ ਬੱਚੀਆਂ ਦੀ ਦਰਦਨਾਕ ਕਹਾਣੀ ਪੇਸ਼ ਕਰਦਾ ਹੈ। ਧੀਆਂ-ਭੈਣਾਂ ਨਾਲ ਹੁੰਦੇ ਵਿਤਕਰੇ-ਵਖਰੇਵੇਂ ਇਸ ਨਾਵਲ ਸਮੇਤ ਉਨ੍ਹਾਂ ਦੇ ਕਈ ਨਾਵਲਾਂ ਵਿਚ ਪੇਸ਼ ਹਨ। ਈਰਖਾ, ਸਾੜੇ ਤੇ ਕੀਨੇ ਦੀ ਭਾਵਨਾ, ਜੋ ਅਨੇਕਾਂ ਵਾਰ ਪਰਵਾਰਿਕ ਕਲੇਸ਼ਾਂ ਦਾ ਕਾਰਨ ਬਣਦੀ ਹੈ, ਇਸ ਨਾਵਲ ਵਿਚ ਵੀ ਪੇਸ਼ ਹੈ। ਉਨ੍ਹਾਂ ਦਾ ਨਾਵਲ ‘ਕਾਲੇ ਪਰਛਾਵੇਂ’ ਜਿੱਥੇ ਪਰਵਾਰਿਕ ਕਲੇਸ਼ ਦੀ ਬਾਤ ਪਾਉਂਦਾ ਹੈ, ਉਥੇ ਸਮਾਜਿਕ ਤਣਾਉ ਅਤੇ ਮੂਲ-ਮਨੁੱਖੀ ਭਾਵਨਾਵਾਂ, ਸੁਭਾਵਾਂ ਤੇ ਆਦਤਾਂ ਕਾਰਨ ਉਤਪੰਨ ਟਕਰਾਉ ਵੀ ਇਨ੍ਹਾਂ ਨਾਵਲਾਂ ਵਿਚ ਗਾਲਪਿਕ ਰੂਪ ਗ੍ਰਹਿਣ ਕਰਦਾ ਹੈ।
ਮਨੋਵਿਗਿਆਨਕ ਪੇਸ਼ਕਾਰੀ ਜਾਂ ਮਾਨਸਿਕ ਚਿਤਰਨ ਜਾਂ ਮਨੋ-ਸਥਿਤੀ ’ਚ ਬਿਰਤਾਂਤ; ਮਨੁੱਖੀ ਮਨ ਦੀ ਤਰਲਤਾ, ਭਟਕਾਵ, ਬਿਖਰਾਵ ਤੇ ਵਿਖੰਡਨ ਨੂੰ ਵੀ ਸੀਤਲ ਜੀ ਨੇ ਬਰੀਕ ਵੇਰਵਿਆਂ ਸਹਿਤ ਪੇਸ਼ ਕੀਤਾ ਹੈ। ਭਾਵੇਂ ਮੂਲ-ਮਨੁੱਖੀ ਮਾਨਸਿਕਤਾ ਕੁਦਰਤ ਤੇ ਸਮਾਜਿਕ ਚੌਗਿਰਦੇ ਦੁਆਰਾ ਨਿਰਧਾਰਿਤ ਹੁੰਦੀ ਹੈ, ਪਰ ਮਾਨਸਿਕ ਦ੍ਰਿੜ੍ਹਤਾ ਇੱਛਾ-ਸ਼ਕਤੀ ਤੇ ਕੁਝ ਕਰ ਗੁਜ਼ਰਨ ਦਾ ਸੰਕਲਪ ਸਮਾਜਿਕ ਚੌਗਿਰਦੇ ਨੂੰ ਵੀ ਬਦਲ ਦਿੰਦਾ ਹੈ। ਸੀਤਲ ਜੀ ਮਾਨਸਿਕ ਤਰਲਤਾ ਦੀ ਪੁਸ਼ਟੀ ਲਈ ਗੁਰਬਾਣੀ ’ਚੋਂ ਹਵਾਲਾ ਦਿੰਦੇ ਹਨ:
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ॥
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥ (ਪੰਨਾ 876)
ਇਸੇ ਤਰ੍ਹਾਂ ਮੋਹ-ਪਿਆਰ ਤੇ ਮੁਹੱਬਤ ਦੀਆਂ ਵਿਭਿੰਨ ਪਰਤਾਂ ਤੇ ਪਾਸਾਰ ਵੀ ਸੀਤਲ ਜੀ ਦੇ ਨਾਵਲਾਂ ਵਿਚ ਪ੍ਰਸੰਗ ਅਨੁਰੂਪ ਸ਼ਾਬਦਿਕ ਆਕਾਰ ਗ੍ਰਹਿਣ ਕਰਦੇ ਹਨ। ਇਹ ਅਨੇਕਾਂ ਵਾਰ ਮਨੁੱਖ ਦੀ ਸਰਗਰਮੀ/ਕਾਰਜਸ਼ੀਲਤਾ ਦਾ ਆਧਾਰ ਬਣ ਜਾਂਦਾ ਹੈ। ਇਹ ਇਕ ਕੁਦਰਤੀ ਤੇ ਜੀਵੰਤ ਜਜ਼ਬਾ ਹੈ ਜਿਸ ਨੇ ਪੇਸ਼ ਸਮਾਜਿਕ ਤੇ ਸਭਿਆਚਾਰਕ ਪਰਿਸਥਤੀਆਂ ਵਿਚ ਕਾਰਜਸ਼ੀਲ ਹੋਣਾ ਹੁੰਦਾ ਹੈ। ਇਹ ਇਸੇ ਪਹੁੰਚ-ਦ੍ਰਿਸ਼ਟੀ (Vision) ਤੋਂ ਵਿਚਾਰਾਧੀਨ ਨਾਵਲਾਂ ਵਿਚ ਪੇਸ਼ ਹਨ।
ਸੰਖੇਪ ਵਿਚ ਸੀਤਲ ਜੀ ਦੇ ਨਾਵਲਾਂ ਦੇ ਪਾਠਗਤ ਅਧਿਐਨ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੇ ਉਕਤ 17 ਨਾਵਲਾਂ ਵਿਚ 1920-25 ਈ. ਤੋਂ ਲੈ ਕੇ 1970-75 ਈ. ਤਕ ਤੱਤਕਾਲੀ ਪੰਜਾਬੀ ਸਮਾਜਿਕ ਤੇ ਸਭਿਆਚਾਰਕ ਜਨ-ਜੀਵਨ ਦੇ ਭਰਪੂਰ ਵੇਰਵੇ ਪੇਸ਼ ਆਰਥਿਕ ਤੇ ਰਾਜਨੀਤਿਕ ਪਿੱਠ-ਭੂਮੀ ਵਿਚ ਭਰਪੂਰ ਰੂਪ ਵਿਚ ਪੇਸ਼ ਹੋਏ ਹਨ। ਕੁਦਰਤ ਦੀ ਵਿਭਿੰਨਤਾ ਵਾਂਗ ਸਮਾਜ-ਸਭਿਆਚਾਰਕ ਵਿਭਿੰਨਤਾ ਦੇ ਦਰਸ਼ਨ ਵੀ ਪੂਰੇ ਜਲੌਅ ਸਮੇਤ ਇਨ੍ਹਾਂ ਨਾਵਲਾਂ ਦੇ ਆਰ-ਪਾਰ ਫੈਲੇ ਹੋਏ ਹਨ।
ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਦੇ ਮਾਝਾ ਖੇਤਰ ਦੀ ਧੁੰਨੀ ’ਚ ਪੈਦਾ ਹੋਣ ’ਤੇ ਪ੍ਰਵਾਨ ਚੜ੍ਹਨ ਕਾਰਨ ਉਨ੍ਹਾਂ ਦੀ ਬੋਲੀ-ਸ਼ੈਲੀ ਠੇਠ ਮਾਝੀ ਹੈ ਅਤੇ ਇਹ ਟਕਸਾਲੀ ਪੰਜਾਬੀ ਦੇ ਬੇਹੱਦ ਨੇੜੇ ਹੈ। ਸੀਤਲ ਜੀ ਦੀ ਭਾਸ਼ਾਈ ਸਮਰੱਥਾ ਕਮਾਲ ਦੀ ਹੈ। ਉਨ੍ਹਾਂ ਦੇ ਪਾਤਰ ਜੀਊਂਦੇ-ਜਾਗਦੇ ਤੇ ਹੱਡ-ਮਾਸ ਦੇ ਬਣੇ ਹੋਏ ਹਨ ਅਤੇ ਉਹ ਤੱਤਕਾਲੀ ਪੰਜਾਬੀ ਜਨ-ਜੀਵਨ ਦੇ ਪ੍ਰਤੀਨਿਧ ਹਨ। ਉਹ ਨਾਵਲਕਾਰ ਦੇ ਹੱਥਾਂ ਵਿਚ ਕਠਪੁਤਲੀਆਂ ਨਹੀਂ ਹਨ। ਉਨ੍ਹਾਂ ਦਾ ਕਾਰ-ਵਿਹਾਰ, ਚੱਜ-ਆਚਾਰ ਤੇ ਬੋਲ-ਚਾਲ ਉਨ੍ਹਾਂ ਦੇ ਜੀਵਨ-ਪੱਧਰ ਤੇ ਸ਼ੈਲੀ ਦੇ ਐਨ-ਅਨੁਕੂਲ ਹੈ। ਇਸ ਦਾ ਆਧਾਰ ਸੀਤਲ ਜੀ ਦਾ ਅਮੀਰ, ਮੌਲਿਕ ਤੇ ਵਿਸ਼ਾਲ ਅਨੁਭਵ ਹੈ, ਜਿਹੜਾ ਉਨ੍ਹਾਂ ਨੇ ਸਿੱਖ ਇਤਿਹਾਸ ਤੇ ਦਰਸ਼ਨ ਦੇ ਸਫ਼ਲ ਪ੍ਰਚਾਰਕ ਵਜੋਂ ਪਿੰਡ-ਪਿੰਡ ਘੁੰਮ ਕੇ ਪ੍ਰਾਪਤ ਕੀਤਾ। ਉਨ੍ਹਾਂ ਦੇ ਨਾਵਲੀ ਪਾਤਰ ਮੋਟਾ-ਠੁੱਲ੍ਹਾ ਤੇ ਖੁੱਲ੍ਹਾ ਹੱਸਦੇ-ਹਸਾਉਂਦੇ ਹਨ; ਗਾਲੀ-ਗਲੋਚ ਕਰਦੇ ਹਨ; ਵਿਅੰਗ ਕੱਸਦੇ ਹਨ; ਈਰਖਾ, ਸਾੜੇ ਤੇ ਕੀਨੇ ਦੇ ਸ਼ਿਕਾਰ ਹਨ ਪਰ ਨਾਲ ਦਇਆ, ਮੋਹ, ਪਿਆਰ, ਮਿੱਤਰਤਾ, ਭਾਈਚਾਰਕ ਸਾਂਝ, ਭਰਾਤਰੀ ਭਾਵ, ਮਾਨਵੀ ਸਨੇਹ ਰੱਖਣ ਵਾਲੇ, ਰੱਬ ਤੋਂ ਡਰਨ ਵਾਲੇ ਅਤੇ ਕੁਦਰਤ ਵਾਂਗ ਸਰਲ ਤੇ ਸਾਦੇ ਹਨ। ਇਨ੍ਹਾਂ ਪਾਤਰਾਂ ਵਿਚ ਔਸਤ ਪੰਜਾਬੀਅਤ ਵਾਲੇ ਸਾਰੇ ਗੁਣ-ਲੱਛਣ, ਔਗੁਣ ਤੇ ਵਿਸ਼ੇਸ਼ਤਾਈਆਂ ਹਨ।
ਸੀਤਲ ਜੀ ਦੀ ਨਾਵਲ ਬਿਰਤਾਂਤ ਦੀ ਬੋਲੀ-ਸ਼ੈਲੀ ਬੇਹੱਦ ਸਰਲ, ਸਾਦ-ਮੁਰਾਦੀ ਤੇ ਸਪੱਸ਼ਟ ਹੈ। ਇਹ ਉੱਤਮ ਸਾਹਿਤ ਦਾ ਮੀਰੀ ਗੁਣ ਹੈ। ਉਨ੍ਹਾਂ ਦੀ ਭਾਸ਼ਾ ਸਾਧਾਰਨ ਤਾਂ ਹੈ, ਪਰ ਸ਼ਬਦ-ਜੜਤ ਅਤਿ ਢੁੱਕਵੀਂ ਹੈ। ਇਸ ਵਿਚ ਪਰਿਸਥਿਤੀਆਂ ਅਨੁਰੂਪ ਉਰਦੂ ਫਾਰਸੀ ਦਾ ਰਲਾ ਤਾਂ ਹੈ, ਪਰ ਸੰਸਕ੍ਰਿਤ ਦੀ ਸ਼ਬਦਾਵਲੀ ਵੇਖਣ ਨੂੰ ਵੀ ਨਹੀਂ ਮਿਲਦੀ। ਹਾਂ, ਪਾਤਰਾਂ ਤੇ ਪਰਿਸਥਿਤੀਆਂ ਦੇ ਅਨੁਰੂਪ ਹਿੰਦੀ-ਉਰਦੂ ਸ਼ਬਦਾਂ ਤੇ ਵਾਕਾਂ ਦੇ ਦਰਸ਼ਨ ਜ਼ਰੂਰ ਹੁੰਦੇ ਹਨ। ਵਾਕ-ਬਣਤਰ ਤੇ ਪੈਰ੍ਹਾ ਰਚਨਾ ਬਹੁਤ ਹੀ ਸਰਲ ਹੈ। ਵਾਰਤਾਲਾਪ ਬੜੇ ਚੁਸਤ ਹਨ ਅਤੇ ਪਾਤਰਾਂ ਦੇ ਸੁਭਾਅ ਅਨੁਕੂਲ ਹਨ। ਬਿਰਤਾਂਤਕ ਸ਼ੈਲੀ ਦੇ ਨਾਲ-ਨਾਲ ਮਨ-ਬਚਨੀ, ਪ੍ਰਸ਼ਨਵਾਚਕ ਤੇ ਵਿਸਮਕ ਸ਼ੈਲੀ ਵੀ ਲੋੜ ਅਨੁਸਾਰ ਵਰਤੀਆਂ ਗਈਆਂ ਹਨ। ਸਮੁੱਚੀ ਬੋਲੀ-ਸ਼ੈਲੀ ਮੁਹਾਵਰੇਦਾਰ, ਅਖਾਣ ਯੁਕਤ ਤੇ ਲੋਕ-ਉੱਕਤੀਆਂ ਨਾਲ ਭਰਪੂਰ ਹੈ। ਇਸ ਤਰ੍ਹਾਂ ਇਹ ਨਾਵਲ ਜਿੱਥੇ ਪਾਠਕਾਂ ਦਾ ਕਲਾਤਮਕ ਮਨੋਰੰਜਨ ਕਰਦੇ ਹਨ ਉਥੇ ਉਨ੍ਹਾਂ ਦੀ ਜਾਣਕਾਰੀ, ਸੂਝ ਤੇ ਗਿਆਨ ’ਚ ਵੀ ਚੋਖਾ ਵਾਧਾ ਕਰਦੇ ਹਨ। ਸੀਤਲ ਜੀ ਸੂਤਰਧਾਰ ਵਾਂਗ ਬਿਰਤਾਂਤਕ ਸ਼ੈਲੀ ’ਚ ਵਿਆਖਿਆ-ਵਿਸ਼ਲੇਸ਼ਣ ਵੀ ਲੋੜ ਅਨੁਸਾਰ ਕਰਦੇ ਹਨ, ਪਰ ਨਾਲ ਹੀ ਉਹ ਆਪਣੇ ਪਾਤਰਾਂ ਦੀ ਮਨ-ਬਚਨੀ ਤੇ ਵਾਰਤਾਲਾਪ ਰਾਹੀਂ ਵੀ ਆਪਣੀ ਵਿਚਾਰਧਾਰਾ ਤੇ ਸਿਧਾਂਤ ਨੂੰ ਜੈਵਿਕ ਰੂਪ ਵਿਚ ਸਮੋਣ ਦੇ ਸਮਰੱਥ ਹੁੰਦੇ ਹਨ। ਇਸ ਤਰ੍ਹਾਂ ਉਹ ਨੰਗੇ-ਚਿੱਟੇ ਪ੍ਰਚਾਰਕ ਹੋਣ ਦੇ ਦੋਸ਼ ਤੋਂ ਵੀ ਬਚਦੇ ਹਨ। ਸਾਰੀ ਉਮਰ ਢਾਡੀ ਵਜੋਂ ਕਾਰਜਸ਼ੀਲ ਰਹਿਣ ਕਰਕੇ ਉਨ੍ਹਾਂ ਦੇ ਨਾਵਲੀ ਬਿਰਤਾਂਤ ਵਿਚ ਖੁੱਲ੍ਹਮ-ਖੁੱਲ੍ਹੇ ਪ੍ਰਚਾਰਾਤਮਕ ਅੰਸ਼ਾਂ ਦੇ ਸ਼ਾਮਲ ਹੋਣ ਦਾ ਪੂਰਾ ਖਦਸ਼ਾ ਸੀ, ਪਰ ਇਸ ਪੱਖ ਤੋਂ ਉਹ ਪੂਰਨ ਭਾਂਤ ਸੁਚੇਤ ਲੱਗਦੇ ਹਨ।
ਲੇਖਕ ਬਾਰੇ
#142, ਅਰਬਨ ਅਸਟੇਟ ਬਟਾਲਾ (ਗੁਰਦਾਸਪੁਰ)-143505.
- ਡਾ. ਅਨੂਪ ਸਿੰਘhttps://sikharchives.org/kosh/author/%e0%a8%a1%e0%a8%be-%e0%a8%85%e0%a8%a8%e0%a9%82%e0%a8%aa-%e0%a8%b8%e0%a8%bf%e0%a9%b0%e0%a8%98/May 1, 2009
- ਡਾ. ਅਨੂਪ ਸਿੰਘhttps://sikharchives.org/kosh/author/%e0%a8%a1%e0%a8%be-%e0%a8%85%e0%a8%a8%e0%a9%82%e0%a8%aa-%e0%a8%b8%e0%a8%bf%e0%a9%b0%e0%a8%98/