editor@sikharchives.org

ਗਿਆਨੀ ਸੋਹਣ ਸਿੰਘ ਸੀਤਲ ਦੀ ਢਾਡੀ ਕਲਾ : ਸਰੂਪ ਤੇ ਸੰਦਰਭ

ਗਿਆਨੀ ਸੋਹਣ ਸਿੰਘ ਸੀਤਲ, ਕੇਵਲ ਢਾਡੀ-ਕਲਾ ਦੇ ਅਕਾਸ਼ ਵਿਚ ਧਰੂ ਤਾਰੇ ਵਾਂਗ ਹੀ ਨਹੀਂ ਚਮਕੇ ਸਗੋਂ ਇਕ ਉਚ-ਕੋਟੀ ਦੇ ਸਾਹਿਤਕਾਰ ਵਜੋਂ ਵੀ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਸਥਾਪਿਤ ਕੀਤੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਢਾਡੀ-ਕਿੱਤੇ ਨਾਲ ਜੁੜੇ, ਗਿਆਨੀ ਸੋਹਣ ਸਿੰਘ ਸੀਤਲ ਦੀ ਢਾਡੀ-ਕਲਾ ਦਾ ਸਰੂਪ ਤੇ ਸੰਦਰਭ, ਅਜਿਹੀ ਦਿੱਖ ਵਾਲਾ ਸਾਡੇ ਸਾਹਮਣੇ ਉਭਰ ਕੇ ਆਉਂਦਾ ਹੈ ਜਿਸ ਨੇ ਇਸ ਕਲਾ ਨੂੰ ਆਪਣੀ ਵਿਲੱਖਣ ਗਾਯਨ ਸ਼ੈਲੀ ਅਤੇ ਲੇਖਣੀ ਨਾਲ ਫ਼ਰਸ਼ ਤੋਂ ਅਰਸ਼ ਤਕ ਪਹੁੰਚਾਉਣ ਲਈ ਇਕ ਰੋਲ ਮਾਡਲ ਵਜੋਂ ਨਿਗਰ ਭੂਮਿਕਾ ਨਿਭਾਈ ਹੈ।

ਲਾਹੌਰ ਜ਼ਿਲ੍ਹੇ ਦੇ ਕਾਦੀਵਿੰਡ ਪਿੰਡ ਵਿਚ 1909 ਈ. ਨੂੰ ਜਨਮੇ ਗਿਆਨੀ ਸੋਹਣ ਸਿੰਘ ਦਾ ਆਲਾ-ਦੁਆਲਾ, ਅੰਗੂਠਾ ਛਾਪ ਆਬਾਦੀ ਨਾਲ ਹੀ ਭਰਪੂਰ ਸੀ। ਪਿਤਾ ਸ. ਖ਼ੁਸ਼ਹਾਲ ਸਿੰਘ (ਪੰਨੂੰ) ਕਿਰਤੀ ਜੱਟ ਸਨ ਅਤੇ ਮਾਤਾ ਕਰਤਾਰ ਕੌਰ ਹੋਰੀਂ ਵੀ ਵਿਦਿਆ ਤੋਂ ਵਾਂਝੇ ਸਨ। ਇਸ ਦੇ ਬਾਵਜੂਦ ਅਜਿਹੇ ਮਾਹੌਲ ਵਿੱਚੋਂ ਸੀਤਲ ਸਾਹਿਬ ਦਾ ਮੈਟ੍ਰਿਕ ਤੇ ਗਿਆਨੀ ਪਾਸ ਕਰ ਲੈਣਾ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਆਖਿਆ ਜਾ ਸਕਦਾ। ਸੁਪਤਨੀ ਬੀਬੀ ਕਰਤਾਰ ਕੌਰ ਹੋਰਾਂ ਦਾ ਜਨਮ ਵੀ 1909 ਈ. ਦਾ ਹੀ ਸੀ। ਬੇਸ਼ੱਕ ਵਿਦਿਆ-ਧਨ ਉਹ ਵੀ ਪ੍ਰਾਪਤ ਨਹੀਂ ਸੀ ਕਰ ਸਕੇ ਪਰ ਉਨ੍ਹਾਂ ਨੇ ਆਪਣੇ ਪਤੀ ਨੂੰ ਵਿਕਾਸ ਦੀ ਪੌੜੀ ਦੇ ਡੰਡਿਆਂ ਉੱਤੇ ਚੜ੍ਹਨ ਹਿਤ ਪੂਰਾ ਸਹਿਯੋਗ ਦਿੰਦਿਆਂ ਉਤਸ਼ਾਹਤ ਕੀਤਾ। ਸ਼ਾਇਦ ਇਹੋ ਕਾਰਨ ਸੀ ਕਿ ਗੁਰਦੁਆਰੇ ਦੇ ਗ੍ਰੰਥੀ ਤੋਂ ਵਿਦਿਆ-ਪ੍ਰਾਪਤੀ ਦਾ ਸਬਕ ਅਰੰਭ ਕਰਨ ਵਾਲੇ ਗਿਆਨੀ ਸੋਹਣ ਸਿੰਘ ਸੀਤਲ, ਕੇਵਲ ਢਾਡੀ-ਕਲਾ ਦੇ ਅਕਾਸ਼ ਵਿਚ ਧਰੂ ਤਾਰੇ ਵਾਂਗ ਹੀ ਨਹੀਂ ਚਮਕੇ ਸਗੋਂ ਇਕ ਉਚ-ਕੋਟੀ ਦੇ ਸਾਹਿਤਕਾਰ ਵਜੋਂ ਵੀ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਸਥਾਪਿਤ ਕੀਤੀ। ਢਾਡੀ-ਸੰਸਾਰ ਨਾਲ ਜੁੜੀਆਂ ਉਨ੍ਹਾਂ ਦੀਆਂ ਰਚੀਆਂ 80 ਦੇ ਕਰੀਬ ਵਾਰਾਂ ਅਜੋਕੇ ਸਮੇਂ ਦੇ ਹਰੇਕ ਢਾਡੀ ਦੀਆਂ ਸਹਾਇਕ ਹੀ ਨਹੀਂ ਸਗੋਂ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਹਨ। ਉਨ੍ਹਾਂ ਦੇ ਲਿਖੇ 2 ਦਰਜਨ ਦੇ ਲੱਗਭਗ ਨਾਵਲ, ਇਤਨੀਆਂ ਹੀ ਕਹਾਣੀਆਂ, ਸਿੱਖ ਇਤਿਹਾਸ ਨਾਲ ਸੰਬੰਧਿਤ ਡੇਢ ਦਰਜਨ ਪੁਸਤਕਾਂ, ਕੁਝ ਨਾਟਕ ਅਤੇ ਕੁਝ ਪੁਸਤਕਾਂ ਬਾਲ- ਜਗਤ ਨਾਲ ਸੰਬੰਧਿਤ ਹਨ। ਨਾਵਲ ‘ਜੁੱਗ ਬਦਲ ਗਿਆ’ ਸਾਹਿਤ ਅਕਾਡਮੀ ਨਵੀਂ ਦਿੱਲੀ ਨੇ ਆਪ ਜੀ ਨੂੰ ਸਨਮਾਨਤ ਵੀ ਕੀਤਾ।

Dhadi Sohan Singh Seetal
Dhadi Sohan Singh Seetal

ਸੀਤਲ ਸਾਹਿਬ ਬਚਪਨ ਤੋਂ ਹੀ ਸਿਰੜੀ ਤੇ ਮਿਹਨਤੀ ਸਨ। ਉਨ੍ਹਾਂ ਨੂੰ ਆਪਣੀ ਮਾਂ ਤੋਂ ਗੁੜ੍ਹਤੀ ਹੀ ਇਹ ਮਿਲੀ ਕਿ ਸੱਚੀ ਲਗਨ, ਪੂਰਨ ਸਮਰਪਨ ਅਤੇ ਸਿਰੜ ਤੋਂ ਬਿਨਾਂ ਕਿਸੇ ਵੀ ਖੇਤਰ ਵਿਚ ਮੁਹਾਰਤ ਪ੍ਰਾਪਤ ਨਹੀਂ ਹੋ ਸਕਦੀ। ਇਸ ਲਈ ਇਸੇ ਜੁਗਤ ਨਾਲ ਆਪ ਜੀ ਨੇ ਢਾਡੀ-ਕਲਾ ਦੇ ਸਫਲ ਕਲਾਕਾਰ, ਪ੍ਰਸਿੱਧ ਇਤਿਹਾਸਕਾਰ, ਨਾਵਲਕਾਰ, ਨਾਟਕਕਾਰ ਤੇ ਕਹਾਣੀਕਾਰ ਦੇ ਰੂਪ ਵਿਚ ਆਪਣੀ ਅਨੋਖੀ ਤੇ ਵਿਲੱਖਣ ਪਛਾਣ ਸਥਾਪਤ ਕੀਤੀ।

1983 ਵਿਚ ਪ੍ਰਕਾਸ਼ਤ ਕੀਤੀ ਪੁਸਤਕ ਆਪਣੀ ਸਵੈ-ਜੀਵਨੀ ‘ਵੇਖੀ ਮਾਣੀ ਦੁਨੀਆਂ’ ਵਿਚ ਆਪ ਬੜੇ ਮਾਣ ਨਾਲ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਮੈਂ ਢਾਡੀ ਹਾਂ, ਫੇਰ ਸਿੱਖ ਇਤਿਹਾਸ ਦਾ ਲੇਖਕ, ਫੇਰ ਨਾਵਲਕਾਰ, ਉਪਰੰਤ ਕੁਝ ਹੋਰ। ਢਾਡੀ ਕਲਾ ਨੂੰ ਜਨ-ਜੀਵਨ ਦਾ ਹਿੱਸਾ ਬਣਾਉਣ ਅਤੇ ਇਸ ਕਿੱਤੇ ਨਾਲ ਜੁੜੇ ਢਾਡੀਆਂ ਨੂੰ ਆਨ, ਸ਼ਾਨ ਤੇ ਮਾਣ-ਸਨਮਾਨ ਨਾਲ ਸਮਾਜ ਦਾ ਅੰਗ ਬਣਾਉਣ ਵਿਚ ਗਿਆਨੀ ਸੋਹਣ ਸਿੰਘ ਜੀ ਸੀਤਲ ਦੀ ਢਾਡੀ ਕਲਾ ਦੇ ਸਰੂਪ ਤੇ ਸੰਦਰਭ ਨੇ ਨਿੱਗਰ ਯੋਗਦਾਨ ਪਾਇਆ ਹੈ।

ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ-ਕਾਲ ਤੋਂ ਪਹਿਲਾਂ ਢਾਡੀ-ਕਲਾ ਦਾ ਸਰੂਪ ਤੇ ਸੰਦਰਭ ਕਿਸ ਪ੍ਰਕਾਰ ਦਾ ਸੀ ਅਤੇ ਉਨ੍ਹਾਂ ਨੇ ਇਸ ਵਿਚ ਕਿਸ ਤਰ੍ਹਾਂ ਦੀਆਂ ਅਤੇ ਕਿਵੇਂ ਤਬਦੀਲੀਆਂ ਲਿਆਂਦੀਆਂ ਇਸ ਸੰਬੰਧੀ ਇਸ ਲੇਖ ਵਿਚ ਲਘੂ-ਚਰਚਾ ਕਰਨੀ ਤਰਕ-ਸੰਗਤ ਲੱਗਦੀ ਹੈ।

ਅਸਲ ਵਿਚ ਢਾਡੀ-ਕਲਾ ਕੋਈ ਆਧੁਨਿਕ ਕਲਾ ਨਹੀਂ ਹੈ। ਇਸ ਕਲਾ ਦਾ ਅਰੰਭ ਮਨੁੱਖੀ ਸਭਿਅਤਾ ਦੇ ਅਰੰਭ-ਕਾਲ ਨਾਲ ਹੀ ਜਾ ਜੁੜਦਾ ਹੈ। ਆਦਿ-ਮਾਨਵ ਦਾ ਵਾਸਾ ਕਬੀਲਿਆਂ ਵਿਚ ਹੁੰਦਾ ਸੀ ਅਤੇ ਸੰਬੰਧਿਤ ਕਬੀਲੇ ਦਾ ਕੋਈ ਨਾ ਕੋਈ ਮੁਖੀਆ ਮਾਲਕ ਬਣ ਜਾਂਦਾ ਸੀ। ਸੰਬੰਧਿਤ ਕਬੀਲੇ ਦੇ ਲੋਕ ਆਪਣੇ ਮਾਲਕ ਦੇ ਹੁਕਮ ਅਨੁਸਾਰ ਕਾਰਜ ਕਰਦਿਆਂ ਉਸ ਨੂੰ ਹਰ ਹਾਲਤ ਖ਼ੁਸ਼ ਰੱਖਣ ਦਾ ਜਤਨ ਕਰਦੇ ਸਨ। ਇਹ ਕਬੀਲੇ ਦੂਜੇ ਕਬੀਲੇ ਦੀ ਮਾਲਕੀ ਹਾਸਲ ਕਰਨ ਖ਼ਾਤਰ ਲੜਾਈਆਂ ਕਰਦੇ ਜਿਸ ਦੇ ਫਲਸਰੂਪ ਹਾਰਿਆ ਕਬੀਲਾ ਬਹੁਤ ਮਾਯੂਸ ਹੋ ਜਾਂਦਾ ਸੀ। ਮਾਯੂਸ ਕਬੀਲੇ ਨੂੰ ਕਈ ਪ੍ਰਕਾਰ ਦੇ ਢੰਗ-ਤਰੀਕੇ ਵਰਤਦਿਆਂ ਤੇ ਹੌਂਸਲਾ ਦਿੰਦਿਆਂ ਮੁੜ ਉਤਸ਼ਾਹਤ ਕੀਤਾ ਜਾਂਦਾ। ਹੌਂਸਲਾ ਦੇਣ ਦੀ ਜੁਗਤ ਜਾਣਨ ਵਾਲੇ ਖਾਸ-ਖਾਸ ਕਲਾਕਾਰ ਹੁੰਦੇ ਸਨ। ਇਨ੍ਹਾਂ ਕਬੀਲਿਆਂ ਦੀਆਂ ਮਾਲਕਾਨਾ ਲੜਾਈਆਂ ਨੇ ਹੀ ਜੰਗਜੂ ਭਾਵਨਾਵਾਂ ਪੈਦਾ ਕੀਤੀਆਂ। ਗੁਲਾਮ ਬਣਨ ਵਾਲੇ ਮਾਲਕਾਂ ਨੂੰ ‘ਕਲਾਕਾਰ’ ਲੋਕ ਉਨ੍ਹਾਂ ਦੇ ਵੱਡ-ਵਡੇਰਿਆਂ ਦੇ ਬਹਾਦਰੀ ਦੇ ਕਿੱਸੇ ਸੁਣਾ ਕੇ ਉਨ੍ਹਾਂ ਵਿਚ ਆਪਣੀ ਖ਼ੁੱਸੀ ਮਾਲਕੀ ਪ੍ਰਾਪਤ ਕਰਨ ਲਈ ਜੋਸ਼ ਭਰ ਦਿੰਦੇ। ਇਹੋ ਕਲਾਕਾਰ ‘ਭੱਟ’ ਵਜੋਂ ਪ੍ਰਸਿੱਧ ਹੋਏ।

ਰਾਜਸਥਾਨ ਦੇ ਰਾਜਪੂਤ ਘਰਾਣਿਆਂ ਨੇ ਇਨ੍ਹਾਂ ਭੱਟਾਂ ਦੇ ਹੁਨਰ ਦੀ ਕਦਰ ਕਰਦਿਆਂ ਚੰਗਾ ਮੁੱਲ ਪਾਇਆ ਅਤੇ ਆਪੋ-ਆਪਣੇ ਘਰਾਣਿਆਂ ਨਾਲ ਜੋੜ ਲਿਆ। ਹਰੇਕ ਘਰਾਣੇ ਦਾ ਆਪੋ-ਆਪਣਾ ਵਿਸ਼ੇਸ਼ ‘ਭੱਟ’ ਹੁੰਦਾ ਜੋ ਆਪਣੇ ਮਾਲਕ ਦੀ ਉਸਤਤ ਕਰਦਾ ਅਤੇ ਹੋਰ ਕਿਧਰੇ ਨਾ ਜਾਂਦਾ। ਉਹ ਆਪਣੇ ਮਾਲਕ ਨੂੰ ਆਪਣਾ ਜੀਵਨ ਤੇ ਕਲਾ ਪੂਰੀ ਤਰ੍ਹਾਂ ਸਮਰਪਿਤ ਕਰ ਦਿੰਦਾ। ਇਨ੍ਹਾਂ ਭੱਟਾਂ ਨਾਲ ਹੀ ਢਾਡੀ ਪਰੰਪਰਾ ਅਰੰਭ ਹੋਈ। ਅਰੰਭ ਵਿਚ 2-3 ਸਾਥੀ ਹੀ ਸਾਜ਼ਾਂ ਨਾਲ ਗਾਉਂਦੇ ਅਤੇ ਇਨ੍ਹਾਂ ਦੇ ਅਰੰਭਕ ਢਾਡੀ-ਸਾਜ਼ ਸਨ ‘ਸਾਰੰਦਾ’ ਅਤੇ ‘ਮਰਦੰਗ’। ਸਾਜ਼ਾਂ ਨਾਲ ਗਉਣ ਵਾਲੇ ਇਨ੍ਹਾਂ ਢਾਡੀਆਂ ਨੂੰ ‘ਘੜਕਾ’ ਆਖਿਆ ਜਾਂਦਾ ਸੀ। ਇਨ੍ਹਾਂ ਢਾਡੀਆਂ ਦਾ ਪ੍ਰਮੁਖ ਕਾਰਜ ਸੀ ਆਪਣੀ ਕਲਾ ਰਾਹੀਂ ਆਪਣੇ ਮਾਲਕ ਨੂੰ ਖ਼ੁਸ਼ ਕਰਨਾ। ਇਸੇ ਲਈ ਢਾਡੀ-ਕਲਾ ਦੇ ਅਰੰਭਕ-ਰੂਪ ਵਿਚ ਮਨੋਰੰਜਨ, ਰੋਮਾਂਟਿਕ ਕਿੱਸੇ, ਕਰੁਣਾ ਰਸ, ਬੀਰ ਰਸ ਅਤੇ ਸ਼ਿੰਗਾਰ ਰਸ ਦੀ ਪੇਸ਼ਕਾਰੀ ਦੀ ਪ੍ਰਧਾਨਤਾ ਸੀ। ਇਹ ਢਾਡੀ, ਇਸ ਤਰ੍ਹਾਂ ਅਖਾੜੇ ਲਾਉਂਦੇ ਕਿ ਇਹ ਆਪ ਵਿਚਕਾਰ ਖੜੋਂਦੇ ਅਤੇ ਇਨ੍ਹਾਂ ਦੇ ਚਾਰੇ ਪਾਸੇ ਸ੍ਰੋਤੇ ਬੈਠਦੇ। ਇਹ ਇਕ ਦੀ ਥਾਂ ਕਈ ਪ੍ਰਸੰਗ ਸੁਣਾਉਂਦੇ ਅਤੇ ਹਰ ਪ੍ਰਸੰਗ ਨੂੰ ਸ਼ੁਰੂ ਕਰਨ ਸਮੇਂ ਆਪਣੀ ਦਿਸ਼ਾ ਦਾ ਪਾਸਾ ਵੀ ਬਦਲ ਲੈਂਦੇ। ਢਾਡੀ-ਪੇਸ਼ੇ ਨਾਲ ਜੁੜੇ ਇਨ੍ਹਾਂ ਲੋਕਾਂ ਦਾ ਸੰਬੰਧ ਕੁਝ ਵਿਸ਼ੇਸ਼ ਜਾਤੀਆਂ ਨਾਲ ਹੀ ਹੁੰਦਾ ਸੀ ਜੋ ਡੂਮ/ਮਿਰਾਸੀ ਹੋਣ ਕਾਰਨ ਸਮਾਜ ਵਿਚ ਅਖੌਤੀ ਨੀਵੀਂ ਜਾਤ ਦੇ ਸਮਝੇ ਜਾਂਦੇ ਸਨ। ਇਸ ਤੱਥ ਦੀ ਪੁਸ਼ਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਵੀ ਹੋ ਜਾਂਦੀ ਹੈ:

ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ॥
ਤਿਨ੍‍ ਮੰਗਾ ਜਿ ਤੁਝੈ ਧਿਆਇਦੇ॥ (ਪੰਨਾ 468)

ਪਰ ਇਸ ਦੇ ਬਾਵਜੂਦ ਢਾਡੀਆਂ ਦੀ ਅਹਿਮੀਅਤ ਘੱਟ ਨਹੀਂ ਸੀ ਹੁੰਦੀ। ਇਸ ਦਾ ਪ੍ਰਮਾਣ ਹੈ ‘ਆਈਨੇ ਅਕਬਰੀ’ ਵਿਚ ਬਾਦਸ਼ਾਹ ਅਕਬਰ ਦੇ ਦਰਬਾਰ ਦੇ ਨੌਂ ਰਤਨਾਂ ਵਿੱਚੋਂ ਮੀਆਂ ਤਾਨ ਸੈਨ ਦੇ ਨਾਂ ਨਾਲ 36 ਸੰਗੀਤਕਾਰਾਂ ਦੀ ਜੋ ਲਿਸਟ ਦਿੱਤੀ ਗਈ ਹੈ ਉਸ ਵਿਚ ਸਤਵੇਂ ਨੰਬਰ ਤੇ ਢਾਡੀ ਮੁਹੰਮਦ ਖਾਨ, ਗਿਆਰਵੇਂ ਤੇ ਢਾਡੀ ਦਾਊਦ, ਤੇਰ੍ਹਵੇਂ ’ਤੇ ਢਾਡੀ ਮੁਲਾਂ ਇਸਹਾਕ ਅਤੇ ਬਾਈਵੇਂ ’ਤੇ ਢਾਡੀ ਸ਼ੇਖ ਦਾਵਨ ਦਾ ਨਾਂ ਦਰਜ ਕੀਤਾ ਪ੍ਰਾਪਤ ਹੁੰਦਾ ਹੈ। ਆਮ ਤੌਰ ’ਤੇ ਇਹ ਢਾਡੀ ਲੋਕ ਕਿਸੇ ਹੀਰੋ ਜਾਂ ਸਰਦਾਰ ਦੀ ਜੱਸ ਭਰਪੂਰ ਬਹਾਦਰੀ ਅਤੇ ਕੀਰਤੀ ਦੇ ਪ੍ਰਸੰਗ ਨੂੰ ਛੰਦ-ਰਚਨਾ ਰਾਹੀਂ ਇਸ ਤਰ੍ਹਾਂ ਗਾਉਂਦੇ ਸਨ ਜਿਸ ਨਾਲ ਸੰਬੰਧਿਤ ਕਬੀਲੇ ਦੇ ਲੋਕ-ਮਨਾਂ ਵਿਚ ਬੀਰ-ਰਸ ਪੈਦਾ ਹੁੰਦਾ ਸੀ, ਸੁੱਤੀ ਅਣਖ ਜਾਗ ਪੈਂਦੀ ਸੀ ਅਤੇ ਕੁਝ ਕਰਨ ਮਰਨ ਲਈ ਖੂਨ ਉਬਾਲੇ ਖਾਣ ਲੱਗ ਪੈਂਦਾ ਸੀ। ਭੱਟਾਂ ਵੱਲੋਂ ਰਚੀਆਂ ਜਾਂਦੀਆਂ ਇਨ੍ਹਾਂ ਰਚਨਾਵਾਂ ਦਾ ਕਵਿ-ਰੂਪ ‘ਵਾਰ-ਕਾਵਿ’ ਹੁੰਦਾ ਸੀ ਜਿਸ ਲਈ ਨਿਸ਼ਾਨੀ ਛੰਦ ਜਾਂ ਉਪਮਾਨ ਛੰਦ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਛੰਦਾਂ ਲਈ 22,23,24,26, 28 ਮਾਤ੍ਰਾਵਾਂ ਦੀ ਵਰਤੋਂ ਕਰਦਿਆਂ ਇਸ ਨੂੰ ‘ਪਉੜੀ’ ਦਾ ਰੂਪ ਦਿੱਤਾ ਜਾਂਦਾ ਸੀ। ਪਉੜੀਆਂ ਵਿਚ ਤੁਕਾਂ ਦੀ ਗਿਣਤੀ ਨਿਰਧਾਰਤ ਨਹੀਂ ਸੀ ਹੁੰਦੀ ਜੋ ਵੱਧ-ਘੱਟ ਹੋ ਸਕਦੀਆਂ ਸਨ ਪਰ ਇਸ ਪਉੜੀ ਦੀ ਅੰਤਿਮ ਤੁਕ ਅੱਧੀ ਹੀ ਰੱਖੀ ਜਾਂਦੀ ਜਿਸਨੂੰ ਗਾਇਨ ਕਰਨ ਸਮੇਂ ਦੁਹਰਾਇਆ ਜਾਂਦਾ ਸੀ।

ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਅਮਨ-ਸ਼ਾਂਤੀ ਦਾ ਪੈਗ਼ਾਮ ਦੇਣ ਵਾਲੇ ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਸੰਚਾਰ ਤੇ ਪ੍ਰਸਾਰ ਲਈ ਇਸ ਢਾਡੀ ਕਲਾ ਨੂੰ ਕਿਉਂ ਅਪਣਾਇਆ? ਦਰਅਸਲ ਇਤਿਹਾਸਿਕ ਪੱਖੋਂ ਪੰਦਰ੍ਹਵੀਂ ਸਦੀ ਦੇ ਮੱਧਕਾਲ ਵਿਚ ਦੋ ਵਿਚਾਰਧਰਾਵਾਂ ਬਰਾਬਰ-ਬਰਾਬਰ ਚਲਦੀਆਂ ਹਨ। ਇਕ ਵਿਚਾਰਧਾਰਾ ਸੀ ਬਾਬਰਕਿਆਂ ਦੀ ਤੇ ਦੂਜੀ ਸੀ ਬਾਬੇਕਿਆਂ ਦੀ। ਇਨ੍ਹਾਂ ਦੋਹਾਂ ਦੀ ਜੁਗਤ ਵੱਖਰੀ ਸੀ, ਮਾਰਗ ਵੱਖਰਾ ਸੀ ਅਤੇ ਮੰਤਵ ਵੀ ਵੱਖਰਾ ਸੀ। ਬਾਬਰਕਿਆਂ ਦਾ ਉਦੇਸ਼ ਸੀ ਤਾਕਤ-ਪ੍ਰਾਪਤੀ, ਧਨ-ਪ੍ਰਾਪਤੀ, ਕੂੜ-ਕਪਾਟ ਆਦਿ ਜਿਸ ਲਈ ਉਹ ਰੱਬੀ-ਰਜ਼ਾ ਦੇ ਉਲਟ (ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ) ਕਤਲੋਗਾਰਤ, ਲੁੱਟਮਾਰ, ਬੇਪਤੀ ਕਰਨ ਤੋਂ ਜ਼ਰਾ ਵੀ ਗੁਰੇਜ਼ ਨਹੀਂ ਸਨ ਕਰਦੇ ਬਲਕਿ ਅਜਿਹਾ ਕਰਨਾ ਆਪਣਾ ਹੱਕ ਸਮਝਦੇ ਸਨ। ਪਰ ਬਾਬੇ ਕੇ ਪਹਿਲੇ ਵਿਧੀ-ਵਿਧਾਨ ਦੇ ਉਲਟ ਪ੍ਰਭੂ-ਪ੍ਰਾਪਤੀ ਲਈ ਸੱਚ ਦੇ ਮਾਰਗ ’ਤੇ ਚਲਣ ਅਤੇ ਆਪਸੀ ਪ੍ਰੇਮ- ਪਿਆਰ ਦਾ ਸੰਦੇਸ਼ ਸਿਰਜਦੇ ਸਨ। ਬਾਬਰਕਿਆਂ ਦੇ ਢਾਡੀ ਤੇ ਭੱਟ ਮਜਬੂਰਨ ਆਪਣੇ ਮਾਲਕ ਦੇ ਕਸੀਦੇ ਲਿਖਦੇ ਤੇ ਗਾਉਂਦੇ ਸਨ ਅਤੇ ਬਾਬੇਕਿਆਂ ਦੇ ‘ਰਬਾਬੀ’ ਰੱਬੀ-ਧੁਨਾਂ ਨਾਲ ਮਾਨਵ-ਚੇਤਨਾ ਨੂੰ ਪ੍ਰਭੂ-ਨਾਲ ਇਕਸੁਰ ਕਰਦੇ ਸਨ।

ਸਿੱਖ ਸੰਗਤਾਂ, ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਤੋਂ ਪਹਿਲਾਂ ‘ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾ’ ਅਨੁਸਾਰ ਗੁਰਬਾਣੀ ਕੀਰਤਨ ਨਾਲ ਹੀ ਜੁੜੀਆਂ ਹੋਈਆਂ ਸਨ। ਉਪਰੰਤ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਹਾਲਾਤ ਨੇ ਇਸ ਤਰ੍ਹਾਂ ਰੁਖ਼ ਬਦਲਿਆ ਕਿ ਕੌਮ ਨੂੰ ਜ਼ੁਲਮ ਨਾਲ ਟੱਕਰ ਲੈਣ ਦੀ ਲੋੜ ਪੈ ਗਈ ਅਤੇ ਸਿਮਰਨ ਦੇ ਨਾਲ ਸਫਰ ਸ਼ੁਰੂ ਹੋ ਗਿਆ ਸ਼ਮਸ਼ੀਰ ਦਾ।

ਇਸ ਤਰ੍ਹਾਂ ਢੱਡ-ਸਾਰੰਗੀ ਨਾਲ ਢਾਡੀ ਸਿੱਖ ਸੰਗਤਾਂ ਦੀ ਚੇਤਨਾ ਵਿਚ ਬੀਰ-ਰਸ ਦੇ ਭਾਵ ਉਪਜਾਉਣ ਲਈ ਢਾਡੀ ਸੂਰਮਗਤੀ ਨਾਲ ਸੰਬੰਧਿਤ ਵਾਰਾਂ ਦਾ ਗਾਇਨ ਕਰਨ ਲੱਗ ਪਏ ਜਿਸ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ ਆਧਾਰਸ਼ਿਲਾ ਰੱਖੀ।

ਸਿੱਖ ਧਰਮ ਵਿਚ ਪ੍ਰਵੇਸ਼ ਹੋਈ ਇਸ ‘ਢਾਡੀ ਪਰੰਪਰਾ’ ਨੇ ਮੱਧਕਾਲੀਨ ਪੰਜਾਬ ਦੀ ਸਾਹਸਤਹੀਣ ‘ਨਿਤਾਣੀ’ ਚਿੰਤਨਧਾਰਾ ਨੂੰ ‘ਸਤਾਣੀ’ ਬਣਨ ਹਿੱਤ ਅਜਿਹਾ ਨਿੱਗਰ ਯੋਗਦਾਨ ਪਾਇਆ, ਜਿਸ ਨੇ ਮਾਨਵ-ਜੀਵਨ ਨੂੰ ਗਿਲਾਨੀ ਭਰਪੂਰ ਜੀਵਨ ਜਿਉਣ ਤੋਂ ਮੁਕਤ ਹੋਣ ਅਤੇ ਮਾਣ-ਸਨਮਾਨ ਨਾਲ ਜਿਉਣ ਦੀ ਜਾਚ ਦੱਸੀ। ਇਹ ਨਵਾਂ ਮਾਰਗ-ਦਰਸ਼ਨ, ਮਾਨਵ-ਭਲਾਈ ਲਈ ਇਕ ਤਰ੍ਹਾਂ ਨਾਲ ਸ਼ੁਭ ਸੰਦੇਸ਼ ਸੀ। ਇਸ ਸੰਦੇਸ਼ ਦੀ ਪਿੱਠ ਪੂਰਨ ਵਾਲੀ ਕਲਾ ‘ਢਾਡੀ ਪਰੰਪਰਾ’ ਹੀ ਉਹ ਸ਼ਕਤੀ ਸੀ, ਜੋ ਤਾਰ ਸਪਤਕ ਵਿਚ ਪੂਰੇ ਤਾਣ ਨਾਲ ਬੀਰ- ਰਸ ਨਾਲ ਭਰਪੂਰ ਘਟਨਾਵਾਂ ਦਾ ਗਾਇਨ ਕਰਦਿਆਂ ਸ੍ਰੋਤਿਆਂ ਦੇ ਮਨਾਂ ਵਿਚ ਨਿਸ਼ਕਾਮ ‘ਧਰਮ-ਯੁੱਧ’ ਦਾ ਚਾਉ ਪੈਦਾ ਕਰਦੀ ਸੀ। ਸਿੱਖ ਧਰਮ ਨਾਲ ਜੁੜੀ ਇਸ ਢਾਡੀ-ਪਰੰਪਰਾ ਨੇ ਧਰਮ-ਵੰਡ, ਵਰਣ-ਵੰਡ, ਜਾਤ-ਪਾਤ-ਵੰਡ, ਊਚ- ਨੀਚ-ਵੰਡ, ਲਿੰਗ-ਭੇਦ-ਵੰਡ ਆਦਿ ਦੀਆਂ ਵਿੱਥਾਂ ਨੂੰ ਮੂਲੋਂ ਨਕਾਰਦਿਆਂ ਗੁਰੂ-ਘਰ ਦੇ ਦਰ, ਹਰੇਕ ਮਾਨਵ ਲਈ ਖੋਲ੍ਹ ਦਿੱਤੇ। ਮਨੁੱਖ ਨੂੰ ਉਸ ਦੀ ਜਾਤ-ਪਾਤ ਦੀ ਥਾਂ ਕਰਨੀ ਨਾਲ ਤੋਲਿਆ ਜਾਣ ਲੱਗਾ, ਜੋ ਭਾਵਾਤਮਕ ਏਕਤਾ ਦੀ ਅਨੂਠੀ ਮਿਸਾਲ ਬਣੀ।

ਉਪਰੋਕਤ ਦੇ ਸਨਮੁਖ ਜਦੋਂ ਅਸੀਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦੀ ਢਾਡੀ-ਕਲਾ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਉਸ ਸਮੇਂ ਇਸ ਕਲਾ ਨਾਲ ਜੁੜੇ ਕਲਾਕਾਰ ਸ਼ੇਖ (ਮੁਸਲਮਾਨ) ਜਾਂ ਡੂਮ ਮਿਰਾਸੀ ਹੀ ਹੁੰਦੇ ਸਨ। ਭਾਵੇਂ ਛੇਵੇਂ ਅਤੇ ਦਸਮ ਗੁਰੂ ਜੀ ਨੇ ਢਾਡੀਆਂ ਨੂੰ ਪੂਰਨ ਮਾਨ-ਸਨਮਾਨ ਦਿੱਤਾ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਾਂ ਸਿਖ ਜਗਤ ਦੇ ਪ੍ਰਥਮ ਢਾਡੀ ਭਾਈ ਨੱਥ ਮੱਲ ਤੇ ਭਾਈ ਅਬਦੁੱਲਾ ਨੂੰ ਉਨ੍ਹਾਂ ਦੇ ਪਿੰਡ ਸੁਰ ਸਿੰਘ ਵਾਲਾ ਤੋਂ ਸ਼ਿੰਗਾਰੇ ਹਾਥੀਆਂ ’ਤੇ ਬਿਠਾ ਕੇ ਮਾਨ-ਸਨਮਾਨ ਨਾਲ ਲਿਆਂਦਾ। ਪਰ ਸਿੱਖ-ਜਗਤ ਵਿਚ ਇਸ ਕਲਾ ਨਾਲ ਸਿੰਘ ਸਭਾ ਬਣਨ ਉਪਰੰਤ ਹੀ ਆਮ ਸਿੱਖ ਢਾਡੀ ਬਣ ਕੇ ਵਿਚਰਨ ਲੱਗੇ। ਇਹੋ ਕਾਰਨ ਸੀ ਕਿ ‘ਸੀਤਲ’ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਭਾਈ ਹਰਨਾਮ ਸਿੰਘ, ਗੁਰਚਰਨ ਸਿੰਘ ਤੇ ਅਮਰੀਕ ਸਿੰਘ ਨੇ ਲਲਿਆਣੀ ਪਿੰਡ ਦੇ ਚਿਰਾਗਦੀਨ ਪਾਸੋਂ ਇਸ ਢਾਡੀ-ਕਲਾ ਦਾ ਗੁਣ ਪ੍ਰਾਪਤ ਕੀਤਾ। ਭਾਈ ਗੁਰਚਰਨ ਸਿੰਘ ਨੇ ਸਾਰੰਗੀ ਸਿਖੀ ਅਤੇ ਬਾਕੀ ਤਿੰਨਾਂ ਨੇ ਢੱਡ। ਇਨ੍ਹਾਂ ਨੇ ਪਹਿਲਾਂ ਭਾਈ ਜੋਗਾ ਸਿੰਘ ਤੋਂ ਇਹ ਗੁਣ ਹਾਸਲ ਕਰਨ ਦਾ ਜਤਨ ਕੀਤਾ ਪਰ ਉਸ ਨੇ ਇਹ ਗੁਣ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੀ ਰੋਟੀ-ਰੋਜ਼ੀ ਬੰਦ ਹੋਣ ਤੋਂ ਡਰਦਾ ਸੀ। ਇਸ ਲਈ ਇਨ੍ਹਾਂ ਨੇ ਆਪਣੇ ਉਸਤਾਦ ਚਿਰਾਗਦੀਨ ਤੋਂ ਪੁਰਾਤਨ ਤਰਜ਼ਾਂ, ਕਲੀ, ਮਿਰਜਾ, ਦੁੱਲਾ, ਰਸਾਲੂ, ਪੂਰਨ, ਸੱਸੀ, ਰਠੌੜ, ਬੈਂਤ, ਕਬਿਤ, ਕੋਰੜਾ, ਕਾਫੀ ਆਦਿ ਗਾਉਣੇ ਤੇ ਵਜਾਉਣੇ ਸਿੱਖੇ।

ਸ਼ੁਰੂ-ਸ਼ੁਰੂ ਵਿਚ ਸੀਤਲ ਸਾਹਿਬ ਨੇ ਗਿਆਨੀ ਸੋਹਣ ਸਿੰਘ ਘੁੱਕੇਵਾਲੀਏ ਦੇ ਪ੍ਰਸੰਗ ਗਉਣੇ-ਵਜਾਉਣੇ ਸ਼ੁਰੂ ਕੀਤੇ ਪਰ ਛੇਤੀ ਹੀ ਆਪਣੇ ਲਿਖੇ ਪ੍ਰਸੰਗ ਗਾਉਣੇ ਅਰੰਭ ਦਿੱਤੇ। ਪਿੰਡ ਰਤੋਕੇ ਦੇ ਪਹਿਲੇ ਦੀਵਾਨ ਵਿਚ ਹੀ 3 ਘੰਟੇ ਦੀ ਗਾਇਕੀ ਨੇ ਅਜਿਹਾ ਰੰਗ ਬੰਨ੍ਹਿਆ ਕਿ ਪਿੱਛੇ ਮੁੜ ਕੇ ਦੇਖਣ ਦੀ ਲੋੜ ਹੀ ਨਾ ਪਈ। ਪਹਿਲਾ ਪ੍ਰਸੰਗ ‘ਦਸ਼ਮੇਸ਼ ਆਗਮਨ’ ਅਜਿਹਾ ਰਚਿਆ ਕਿ ਮੁੜ ਕੇ ‘ਵਿਡਾਣੀ ਆਸ’ ਹੀ ਲਾਹ ਸੁੱਟੀ। ਇਥੋਂ ਤਕ ਕਿ ਇਕ ਵਾਰ ਪਟਿਆਲਾ ਸ਼ਹਿਰ ਵਿਚ ਇਕ ਵਿਸ਼ੇਸ਼ ਢਾਡੀ ਦਰਬਾਰ ਵਿਚ ਆਪ ਜੀ ਨੂੰ ਇਕ ਵਿਸ਼ੇਸ਼ ਲੇਖਕ ਦੀ ‘ਰਾਣੀ ਸਾਹਿਬ ਕੌਰ ਦੀ ਵਾਰ’ ਗਾਉਣ ਦਾ ਸੱਦਾ-ਪੱਤਰ ਮਿਲਿਆ ਪਰ ਆਪ ਨੇ ਓਥੇ ਆਪਣੀ ਲਿਖੀ ‘ਰਾਣੀ ਸਾਹਿਬ ਕੌਰ ਦੀ ਵਾਰ’ ਗਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਸੀਤਲ ਸਾਹਿਬ ਨੇ ਢਾਡੀ-ਕਲਾ ਦੇ ਗਾਏ ਜਾਣ ਵਾਲੇ ਪ੍ਰਸੰਗਾਂ ਨੂੰ ਪਰੰਪਰਾਗਤ ਗਾਇਕੀ ਦੀ ਥਾਂ ਨਵੀਆਂ ਪ੍ਰਸਥਿਤੀਆਂ ਦੇ ਸਨਮੁਖ ਪੇਸ਼ ਕਰਨ ਦੀ ਥਾਂ ਨਵੀਂ ਪਿਰਤ ਤੋਰੀ ਜਿਸ ਨੂੰ ਸ੍ਰੋਤਿਆਂ ਨੇ ਬੇਹੱਦ ਪਸੰਦ ਕੀਤਾ। ਇਹ ਪਿਰਤ ਨਾ ਕੇਵਲ ਨਿਵੇਕਲੀ ਸੀ ਸਗੋਂ ਦਿਲਚਸਪ ਵੀ ਸੀ। ਇਸ ਦੇ ਨਾਲ ਇਨ੍ਹਾਂ ਨੇ ਆਪਣੀ ਕਲਾ ਦਾ ਸੰਚਾਰ ਕਰਨ ਸਮੇਂ ਜਨ-ਜੀਵਨ ਨੂੰ ਉਸ ਦਾ ਅੰਗ ਬਣਾ ਕੇ ਰੱਖਿਆ। ਆਪ ਜੀ ਇਸ ਤੱਥ ਤੋਂ ਭਲੀ ਭਾਂਤ ਜਾਣੂ ਸਨ ਕਿ ਪ੍ਰਾਚੀਨ ਢਾਡੀ ਕਲਾ ਦੇ ਢਾਡੀ ਜੋ ਸ੍ਰੋਤਿਆਂ ਦੇ ਗੋਲ ਦਾਇਰੇ ਦੇ ਵਿਚਕਾਰ ਵੱਖ-ਵੱਖ ਪ੍ਰਸੰਗ ਵੱਖ-ਵੱਖ ਦਿਸ਼ਾਵਾਂ ਤੇ ਢੰਗਾਂ ਨਾਲ ਪ੍ਰਸਤੁਤ ਕਰਦੇ ਸਨ ਉਸ ਦੀ ਥਾਂ ’ਤੇ ਸਿਖ-ਧਰਮ ਦੀ ਢਾਡੀ ਕਲਾ ਇਕ ਸਟੇਜ ’ਤੇ ਹੁੰਦੀ ਹੈ ਅਤੇ ਸ੍ਰੋਤਿਆਂ ਦੇ ਰੂਪ ਵਿਚ ਸੰਗਤ ਸਾਹਮਣੇ ਬੈਠੀ ਹੁੰਦੀ ਹੈ। ਪਰੰਪਰਾਗਤ ਢਾਡੀਆਂ ਨਾਲੋਂ ਸਿੱਖ ਢਾਡੀਆਂ ਵਿਚ ਆਪ ਨੇ ਬੁਨਿਆਦੀ ਫਰਕ ਤੇ ਯੋਗਤਾ ਇਹ ਸਥਾਪਿਤ ਕੀਤੀ ਕਿ ਸਿੱਖ ਢਾਡੀ ਨੂੰ ਆਪਣੇ ਧਰਮ, ਗੁਰਬਾਣੀ ਅਤੇ ਇਤਿਹਾਸ ਤੋਂ ਚੰਗੀ ਤਰਾਂ ਜਾਣੂ ਹੋਣਾ ਚਾਹੀਦਾ ਹੈ। ਆਪ ਜੀ ਦਾ ਵਿਚਾਰ ਸੀ ਕਿ ਗੁਰਬਾਣੀ ਗਿਆਨ ਤੋਂ ਬਿਨਾਂ ਸਿੱਖ ਇਤਿਹਾਸ ਦੇ ਪ੍ਰਸੰਗਾਂ ਨੂੰ ਠੀਕ ਪ੍ਰਸੰਗ ਵਿਚ ਸਮਝਣਾ ਤੇ ਸਮਝਾਉਣਾ ਸੰਭਵ ਹੀ ਨਹੀਂ ਹੁੰਦਾ ਅਤੇ ਇਸੇ ਤਰ੍ਹਾਂ ਸਿੱਖ ਇਤਿਹਾਸ ਦੀ ਜਾਣਕਾਰੀ ਤੋਂ ਬਿਨਾਂ ਗੁਰਬਾਣੀ ਦੀ ਸਮਝ ਆਉਣੀ ਵੀ ਅਸੰਭਵ ਹੁੰਦੀ ਹੈ। ਸੀਤਲ ਸਾਹਿਬ ਦੀ ਇਸ ਰੁਚੀ ਨੇ ਹੀ ਉਨ੍ਹਾਂ ਦੀ ਢਾਡੀ-ਕਲਾ ਨੂੰ ਨਿਖਾਰਿਆ। ਸਿੱਖ ਇਤਿਹਾਸ ਸਮਝਣਾ, ਗੁਰਬਾਣੀ ਦੀ ਗਹਿਰਾਈ ਤਕ ਜਾਣ ਦੀ ਲਗਨ ਅਤੇ ਆਪਣੇ ਕਿੱਤੇ ਪ੍ਰਤੀ ਸਮਰਪਿਤ ਭਾਵਨਾ ਤੇ ਸਿਰੜੀ ਪਹੁੰਚ ਵਿਧੀ ਦੇ ਸਰੂਪ ਤੇ ਸੰਦਰਭ ਨੇ ਕਈ ਦਰਜਨ ਢਾਡੀ ਜਥੇ ਪੈਦਾ ਕਰਨ ਦਾ ਮਾਣ ਹਾਸਲ ਕੀਤਾ। ਇਹੋ ਕਾਰਨ ਹੈ ਕਿ 100 ਸਾਲ ਪਹਿਲਾਂ ਪੈਦਾ ਹੋਏ ਗਿਆਨੀ ਸੋਹਣ ਸਿੰਘ ਸੀਤਲ ਅੱਜ ਵੀ ਢਾਡੀ-ਸੰਸਾਰ ਲਈ ਇਕ ਆਦਰਸ਼ ਰੋਲ ਮਾਡਲ ਬਣੇ ਹੋਏ ਹਨ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Jasbir Singh Sabar
ਰੀਟਾ. ਪ੍ਰੋਫੈਸਰ ਤੇ ਮੁਖੀ, ਗੁਰੂ ਨਾਨਕ ਅਧਿਐਨ ਵਿਭਾਗ -ਵਿਖੇ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)