ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਪੰਜਾਬੀ ਹਲਕਿਆਂ ਵਿਚ ਇਕ ਸਤਿਕਾਰਯੋਗ ਢਾਡੀ ਦੇ ਰੂਪ ਵਿਚ ਸਤਿਕਾਰੇ ਤੇ ਜਾਣੇ ਜਾਂਦੇ ਰਹੇ ਹਨ। ਮੂਲ ਰੂਪ ਵਿਚ ਉਹ ਸਿੱਖ ਇਤਿਹਾਸ ਨੂੰ ਗਾਉਣ ਵਾਲੇ ਢਾਡੀ ਸਨ। ਆਪ ਦਾ ਸੰਬੰਧ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਰਿਹਾ ਹੈ। ਆਪ ਨੇ ਮੁੱਢਲੇ ਰੂਪ ਵਿਚ ਸਿੱਖ ਇਤਿਹਾਸ ਦੇ ਸਿੰਘਾਂ-ਸੂਰਮਿਆਂ ਦੀਆਂ ਵਾਰਾਂ ਲਿਖ ਕੇ ਆਪਣਾ ਸਾਹਿਤਕ ਜੀਵਨ ਸ਼ੁਰੂ ਕੀਤਾ। ਇਸ ਪਿੱਛੋਂ ਆਪ ਨੇ ਨਾਵਲ ਖੇਤਰ ਵਿਚ ਪ੍ਰਵੇਸ਼ ਕੀਤਾ ਅਤੇ ਡੇਢ ਦਰਜਨ ਨਾਵਲ ਲਿਖੇ। ਪਰ ਸਿੱਖ ਸੰਗਤਾਂ ਵਿਚ ਆਪ ਵਧੇਰੇ ਕਰਕੇ ਇਕ ਢਾਡੀ ਦੇ ਰੂਪ ਵਿਚ ਹੀ ਜਾਣੇ ਜਾਂਦੇ ਰਹੇ ਹਨ।
ਮੁੱਢਲਾ ਜੀਵਨ :
ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਇਕ ਛੋਟੇ ਜਿਹੇ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਬਿਲਕੁਲ ਸਰਹੱਦ ਦੇ ਨੇੜੇ ਪਾਕਿਸਤਾਨ ਵਿਚ) ਦੇ ਇਕ ਵਾਹੀਕਾਰ (ਪੰਨੂੰ) ਜੱਟ ਘਰਾਣੇ ਵਿਚ ਸਰਦਾਰ ਖੁਸ਼ਹਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖ ਤੋਂ ਹੋਇਆ। ਪਿੰਡ ਵਿਚ ਸਕੂਲ ਨਾ ਹੋਣ ਕਰਕੇ ਮੁੱਢਲੀ ਵਿਦਿਆ ਸਾਧੂ ਹਰੀ ਦਾਸ ਪਾਸੋਂ ਪ੍ਰਾਪਤ ਕੀਤੀ ਅਤੇ ਨਾਲ ਦੇ ਪਿੰਡ ਵਰਨਾ ਵਿਚ ਸਕੂਲ ਖੁੱਲ੍ਹਣ ਪਿੱਛੋਂ 12 ਫਰਵਰੀ, 1923 ਨੂੰ ਸੀਤਲ ਜੀ ਸਕੂਲ ਵਿਚ ਦਾਖਲ ਹੋਏ। ਮਹਿਕਮੇ ਤੋਂ ਮਨਜ਼ੂਰੀ ਲੈ ਕੇ ਮਾਰਚ 1924 ਵਿਚ ਆਪ ਨੇ ਚੌਥੀ ਜਮਾਤ ਪਾਸ ਕਰ ਲਈ। ਇਸ ਪਿੱਛੋਂ ਸਰਕਾਰੀ ਹਾਈ ਸਕੂਲ ਵਿਚ ਦਾਖਲ ਹੋ ਗਏ। ਅਠਵੀਂ ਵਿਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦਾ ਵਿਆਹ ਹੋ ਗਿਆ। ਸੀਤਲ ਸਾਹਿਬ ਖ਼ੁਦ ਲਿਖਦੇ ਹਨ, “ਇਹ ਸਭ ਕੁਝ ਸਾਡੇ ਮਾਪਿਆਂ ਦੀ ਖੁਸ਼ੀ ਸੀ। ਉਸ ਸਮੇਂ ਦੀ ਪੇਂਡੂ ਸਭਿਅਤਾ ਅਨੁਸਾਰ ਨਾ ਕਿਸੇ ਮੇਰੀ ਸਲਾਹ ਪੁੱਛੀ ਤੇ ਨਾ ਹੀ ਮੈਨੂੰ ਸਲਾਹ ਦੇਣ ਦਾ ਹੱਕ ਸੀ। ਉਸ ਵੇਲੇ ਮੇਰੀ ਉਮਰ ਅਠਾਰਾਂ ਸਾਲ ਦੀ ਸੀ।”1 ਦਸਵੀਂ ਜਮਾਤ ਸੀਤਲ ਜੀ ਨੇ ਕਸੂਰ ਦੇ ਸਰਕਾਰੀ ਹਾਈ ਸਕੂਲ ਤੋਂ 1930 ਈ. ਨੂੰ ਫਸਟ ਡਵੀਜ਼ਨ ਵਿਚ ਪਾਸ ਕੀਤੀ। 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਪਿੱਛੋਂ ਪਿਤਾ ਦੀ ਮੌਤ ਤੋਂ ਬਾਅਦ ਆਪ ਵਾਹੀ ਦੇ ਕੰਮ ਵਿਚ ਲੱਗ ਗਏ। ਸਾਹਿਤਕ ਬਿਰਤੀ ਹੋਣ ਕਰਕੇ ਵਾਹੀ ਦਾ ਕੰਮ ਵਧੇਰੇ ਰਾਸ ਨਾ ਆਇਆ ਤੇ ਆਪ ਨੇ ਢਾਡੀ ਜਥਾ ਤਿਆਰ ਕਰ ਲਿਆ।
ਸਾਹਿਤਕ ਸਫ਼ਰ:
ਗਿਆਨੀ ਸੋਹਣ ਸਿੰਘ ਸੀਤਲ ਜੀ ਬਚਪਨ ਤੋਂ ਹੀ ਰਸਿਕ ਮਨ ਵਾਲੇ ਸਨ। ਆਪ ਨੇ ਗਿਆਰਾਂ ਸਾਲ ਦੀ ਉਮਰ ਤਕ ਕਾਦਰ ਯਾਰ ਦਾ ‘ਪੂਰਨ ਭਗਤ’, ਕਾਲੀਦਾਸ ਦਾ ‘ਰੂਪ ਬਸੰਤ’, ‘ਸ਼ਾਹ ਬਹਿਰਾਮ’, ‘ਦੁੱਲਾ ਭੱਟੀ’ ਆਦਿ ਅਨੇਕਾਂ ਕਿੱਸੇ ਪੜ੍ਹ ਲਏ ਸਨ। ਚੌਦਾਂ-ਪੰਦਰਾਂ ਸਾਲ ਦੀ ਉਮਰ ਵਿਚ ਹੀ ਆਪ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ 1928 ਈ. ਤੋਂ ਪੰਜਾਬੀ ਦੇ ਮਾਸਿਕ ਪੱਤਰਾਂ ਵਿਚ ਛਪਣੀਆਂ ਸ਼ੁਰੂ ਹੋ ਗਈਆਂ ਸਨ। ਸੀਤਲ ਜੀ ‘ਮੇਰੀ ਸਾਹਿਤਕ ਸਵੈ-ਜੀਵਨੀ’2 ਵਿਚ ਲਿਖਦੇ ਹਨ- “1928 ਈ. ਵਿਚ ਪਹਿਲੀ ਵਾਰ ਮੇਰੀ ਕਵਿਤਾ ਮਾਸਿਕ ਪੱਤਰ ‘ਕਵੀ’ ਵਿਚ ਛਪੀ। ਉਸ ਦੀ ਮੈਨੂੰ ਏਨੀ ਖੁਸ਼ੀ ਹੋਈ ਜਿੰਨੀ 1974 ਈ. ਵਿਚ ‘ਸਾਹਿਤ ਅਕਾਡਮੀ’ ਦਾ ਐਵਾਰਡ ਮਿਲਣ ਦੀ।” 1932 ਈ. ਤੋਂ 1934 ਈ. ਦੇ ਵਿਚਕਾਰ ਆਪ ਦੀਆਂ ਛੋਟੀਆਂ ਕਹਾਣੀਆਂ ‘ਫੁਲਵਾੜੀ’, ‘ਹੰਸ’, ‘ਪ੍ਰੀਤਮ’ ਆਦਿ ਰਸਾਲਿਆਂ ਵਿਚ ਛਪੀਆਂ। 1935 ਈ. ਵਿਚ ਸੀਤਲ ਜੀ ਢਾਡੀ ਬਣ ਗਏ। ਭਾਵੇਂ 1940 ਈ. ਵਿਚ ਆਪ ਦਾ ਪਹਿਲਾ ਕਾਵਿ-ਸੰਗ੍ਰਹਿ ‘ਵਹਿੰਦੇ ਹੰਝੂ’ ਪ੍ਰਕਾਸ਼ਿਤ ਹੋਇਆ ਪਰ ਆਪ ਦੀ ਪਛਾਣ ਇਸ ਸਮੇਂ ਤਕ ਇਕ ਢਾਡੀ ਦੇ ਰੂਪ ਵਿਚ ਬਣ ਚੁੱਕੀ ਸੀ।
ਇਕ ਢਾਡੀ ਦੇ ਰੂਪ ਵਿਚ ਸੀਤਲ ਜੀ ਨੇ ਪੰਜਾਬ ਦੇ ਚੱਪੇ-ਚੱਪੇ ਨੂੰ ਗਾਹਿਆ ਤੇ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ। ਭਾਰਤ ਦੇ ਬਾਕੀ ਸੂਬਿਆਂ ਤੋਂ ਬਿਨਾਂ ਮਲਾਇਆ, ਥਾਈਲੈਂਡ, ਇੰਗਲੈਂਡ ਆਦਿ ਵਿਦੇਸ਼ਾਂ ਵਿਚ ਵੀ ਭ੍ਰਮਣ ਕੀਤਾ। ਜਿਥੇ ਸੁਰਿੰਦਰ ਕੌਰ ਪੰਜਾਬ ਦੇ ਸਭਿਆਚਾਰ ਨੂੰ ਗੀਤਾਂ ਦੇ ਰੂਪ ਵਿਚ ਬਿਆਨਣ ਲਈ ਲੋਕ-ਦਿਲਾਂ ਦੀ ਧੜਕਣ ਤੇ ‘ਪੰਜਾਬ ਦੀ ਕੋਇਲ’ ਕਰਕੇ ਜਾਣੀ ਜਾਂਦੀ ਹੈ, ਉਥੇ ਗਿ. ਸੋਹਣ ਸਿੰਘ ਸੀਤਲ ਪੰਜਾਬੀਅਤ ਦੀ ਅਣਖ ਤੇ ਬਹਾਦਰੀ ਨੂੰ ਇਕ ਢਾਡੀ ਦੇ ਰੂਪ ਵਿਚ ਬਿਆਨਣ ਕਰਕੇ ਪੰਜਾਬ ਦੇ ਹਰਮਨ ਪਿਆਰੇ ਲੋਕ-ਕਵੀ ਕਰਕੇ ਸਵੀਕਾਰਿਆ ਤੇ ਸਤਿਕਾਰਿਆ ਗਿਆ ਹੈ। 1947 ਈ. ਦੀ ਦੇਸ਼-ਵੰਡ ਤੋਂ ਬਾਅਦ ਆਪ ਲੁਧਿਆਣੇ ਆ ਵੱਸੇ।
ਗਿਆਨੀ ਸੋਹਣ ਸਿੰਘ ਸੀਤਲ ਪੰਜਾਬੀ ਦੇ ਇਕ ਬਹੁਪੱਖੀ ਲੇਖਕ ਸਨ।ਆਪ ਨੇ ਜਿੱਥੇ ਇਕ ਢਾਡੀ ਦੇ ਰੂਪ ਵਿਚ ਵਾਰਾਂ ਨੂੰ ਗਾਵਿਆ, ਉਥੇ ਵਾਰ ਸਾਹਿਤ ਦੀ ਸਿਰਜਣਾ ਵੀ ਕੀਤੀ। ਇਕ ਕਵੀ ਦੇ ਰੂਪ ਵਿਚ ਗੀਤ ਲਿਖੇ, ਇਕ ਗਲਪਕਾਰ ਦੇ ਰੂਪ ਵਿਚ ਕਹਾਣੀਆਂ ਤੇ ਨਾਵਲ ਲਿਖੇ ਅਤੇ ਇਕ ਇਤਿਹਾਸਕਾਰ ਦੇ ਰੂਪ ਵਿਚ ਸਿੱਖ-ਇਤਿਹਾਸ ਦੀ ਖੋਜ ਪੜਤਾਲ ਕਰ ਕੇ ਅਨੇਕਾਂ ਇਤਿਹਾਸਕ ਪੁਸਤਕਾਂ ਲਿਖੀਆਂ। ਆਪ ਨੇ ਵੱਡੀ ਗਿਣਤੀ ਪੁਸਤਕਾਂ ਲਿਖੀਆਂ ਹਨ। ਇਥੇ ਅਸੀਂ ਆਪ ਦੇ ਸਾਹਿਤਕ ਸਫ਼ਰ ਦੇ ਵੱਖ-ਵੱਖ ਪੜਾਵਾਂ ਤੇ ਰੂਪਾਂ ਦਾ ਲੇਖਾ-ਜੋਖਾ ਕਰਨ ਦਾ ਜਤਨ ਕਰਾਂਗੇ।
ੳ) ਸੀਤਲ ਜੀ ਲੋਕ-ਕਵੀ ਤੇ ਢਾਡੀ ਦੇ ਰੂਪ ਵਿਚ:
ਗਿਆਨੀ ਸੋਹਣ ਸਿੰਘ ਸੀਤਲ ਜੀ ਆਪਣੀ ਸਵੈ-ਜੀਵਨੀ ਵਿਚ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਮੈਂ ‘ਢਾਡੀ’ ਹਾਂ, ਫਿਰ ‘ਸਿੱਖ ਇਤਿਹਾਸ ਦਾ ਲੇਖਕ’ ਤੇ ਫਿਰ ‘ਨਾਵਲਕਾਰ’।3 ਲੋਕ-ਕਾਵਿ ਪਰੰਪਰਾ ਤੇ ਲੋਕ-ਗਾਇਕੀ ਵਿਚ ਢਾਡੀ ਤੇ ਵਾਰਕਾਰ ਦਾ ਕਾਫੀ ਮਹੱਤਵ ਰਿਹਾ ਹੈ। ਢਾਡੀ ਲੋਕ-ਕਾਵਿ ਪਰੰਪਰਾ ਨਾਲ ਸੰਬੰਧਿਤ ਹੋਣ ਕਰਕੇ ਇਨ੍ਹਾਂ ਦਾ ਹੁਨਰ ਬਹੁਤ ਪੁਰਾਣਾ ਹੈ। ਇਹ ਲੋਕ ਸੂਰਮਿਆਂ ਦੀ ਮਹਿਮਾ ਗਾਉਂਦੇ ਸਨ। “ਵਰਤਮਾਨ ਪ੍ਰਸੰਗ ਵਿਚ ‘ਢਾਡੀ’ ਸ਼ਬਦ ਦਾ ਅਰਥ ਕੇਵਲ ਗੁਰੂ-ਜੱਸ ਗਾਉਣ ਵਾਲੇ ਗੁਰਮਤਿ ਪ੍ਰਚਾਰਕ ਤੋਂ ਹੈ, ਜੋ ਢੱਡ ਤੇ ਸਾਰੰਗੀ ਨਾਲ ਸਜੀ ਸੰਗਤ ਵਿਚ ਸੂਰਮਿਆਂ ਦਾ ਜੱਸ ਗਾਉਂਦੇ ਹਨ।4 ਪਹਿਲਾਂ-ਪਹਿਲ ਭਰਾਈ-ਮਰਾਸੀ ਢਾਡੀ ਕਿੱਸੇ ਗਾਉਂਦੇ ਸਨ। ਭੱਟ ਲੋਕ ਵੀ ਜੱਸ ਤੇ ਮਹਿਮਾ ਦੀਆਂ ਵਾਰਾਂ ਗਾਉਂਦੇ ਸਨ। ਪੰਜਾਬ ਵਿਚ ਵਰਤਮਾਨ ਰੂਪ ਵਿਚ ਢਾਡੀ ਪਰੰਪਰਾ ਸਿੱਖ ਇਤਿਹਾਸ ਨਾਲ ਜੁੜੀ ਹੋਈ ਹੈ।
ਗਿਆਨੀ ਸੋਹਣ ਸਿੰਘ ਸੀਤਲ ਨੇ ਗਿਆਨੀ ਪਾਸ ਕਰਨ ਪਿੱਛੋਂ 1935 ਈ. ਵਿਚ ਢਾਡੀ ਜਥਾ ਬਣਾ ਕੇ ਸਿੱਖ ਇਤਿਹਾਸ ਨੂੰ ਸਾਰੀ ਉਮਰ ਗਾਇਆ। ਢਾਡੀ ਬਣਨ ਦੀ ਪ੍ਰੇਰਨਾ ਆਪ ਨੂੰ 1934 ਈ. ਵਿਚ ਮਿਲੀ ਜਦੋਂ ਇਕ ਰਾਸ ਮੰਡਲੀ ਆਪ ਦੇ ਪਿੰਡ (ਕਾਦੀਵਿੰਡ) ਆਈ ਤੇ ਉਨ੍ਹਾਂ ਨੇ ਪੂਰਨ ਭਗਤ ਤੇ ਰਾਜਾ ਹਰੀ ਚੰਦ ਦੇ ਨਾਟਕ ਖੇਡੇ ਸਨ। ਉਨ੍ਹਾਂ ਵਿਚ ਇਕ ਰਬਾਬੀ ਲੜਕਾ ਸੀ ਜੋ ਆਪਣੀ ਮਿੱਠੀ ਆਵਾਜ਼ ਵਿਚ ਗੁਰਬਾਣੀ ਦੇ ਸ਼ਬਦ ਗਾਉਂਦਾ ਸੀ। ਲੋਕ ਉਸ ਦੀ ਆਵਾਜ਼ ’ਤੇ ਮੋਹਿਤ ਸਨ। ਇਸ ਨਾਟਕ-ਮੰਡਲੀ ਦੇ ਚਲੇ ਜਾਣ ਬਾਅਦ ਪਿੰਡ ਦੇ ਕੁਝ ਮੁੰਡੇ ਗਿਆਨੀ ਸੋਹਣ ਸਿੰਘ ਸੀਤਲ ਪਾਸ ਆਏ ਤੇ ਕਹਿਣ ਲੱਗੇ ਕਿ ਢਾਡੀ ਜਥਾ ਤਿਆਰ ਕੀਤਾ ਜਾਵੇ। ਢੱਡ ਤੇ ਸਾਰੰਗੀ ਵਜਾਉਣਾ ਸਿੱਖਣ ਲਈ ਗਿਆਨੀ ਸੋਹਣ ਸਿੰਘ ਸੀਤਲ ਤੇ ਉਸ ਦੇ ਸਾਥੀ ਬੱਲਾਂ ਵਾਲੇ ਭਾਈ ਜਗ ਸਿੰਘ ਪਾਸ ਗਏ, ਪਰ ਉਸ ਨੇ ਇਹ ਕਹਿ ਕੇ ਇਨ੍ਹਾਂ ਨੂੰ ਠੁਕਰਾ ਦਿੱਤਾ ਕਿ ਸਰਦਾਰ ਜੀ, ਮੈਂ ਬੂਹੇ ’ਤੇ ਸ਼ਰੀਕ ਪੈਦਾ ਨਹੀਂ ਕਰਨੇ।5 ਢਾਡੀ ਬਣਨ ਦੀ ਪ੍ਰਬਲ ਇੱਛਾ ਕਰ ਕੇ ਗਿਆਨੀ ਸੋਹਣ ਸਿੰਘ ਜੀ ਸੀਤਲ ਲਲਿਆਣੀ ਦੇ ਭਰਾਈ ਬਾਬਾ ਚਰਾਗਦੀਨ ਪਾਸ ਗਏ ਤੇ ਉਸ ਪਾਸੋਂ ਸਾਰੰਗੀ ਦੇ ਗੁਰ ਸਿੱਖੇ। ਇਸ ਪਿੱਛੋਂ ਸੀਤਲ ਜੀ ਦਾ ਸਾਥੀ ਗੁਰਚਰਨ ਸਿੰਘ ਸਾਰੰਗੀ ਵਜਾਉਣ ਲੱਗ ਪਿਆ ਤੇ ਤਿੰਨੇ ਜਣੇ (ਸ. ਹਰਨਾਮ ਸਿੰਘ, ਸ ਅਮਰੀਕ ਸਿੰਘ ਤੇ ਸ. ਸੋਹਣ ਸਿੰਘ ਸੀਤਲ) ਢੱਡਾਂ।
ਗਿਆਨੀ ਸੋਹਣ ਸਿੰਘ ਸੀਤਲ6 ਜੀ ਖ਼ੁਦ ਲਿਖਦੇ ਹਨ ਕਿ ਸਾਡੇ ਢਾਡੀ-ਖੇਤਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਤਿੰਨ ਢਾਡੀ ਜਥੇ ਬਾਬਾ ਕਿਸ਼ਨ ਸਿੰਘ ਕੜਤੋੜ, ਕਵੀ ਸੋਹਣ ਸਿੰਘ ਘੁੱਕੇਵਾਲੀਆ ਤੇ ਭਾਈ ਸੋਹਣ ਸਿੰਘ ਭੀਲ੍ਹਾ ਦੇ ਜਥੇ ਬੜੇ ਪ੍ਰਸਿੱਧ ਸਨ। ਇਨ੍ਹਾਂ ਵਿੱਚੋਂ ਘੁੱਕੇਵਾਲੀਆ ਸਭ ਤੋਂ ਪ੍ਰਸਿੱਧ ਕਵੀਸ਼ਰ ਸੀ, ਜਿਸ ਦੇ ਚਿੱਠੇ ਮੇਲਿਆਂ ’ਤੇ ਬਹੁਤ ਵਿਕਦੇ ਸਨ। ਗਿਆਨੀ ਸੋਹਣ ਸਿੰਘ ਸੀਤਲ ਇਨ੍ਹਾਂ ਤਿੰਨਾਂ ਤੋਂ ਅਗਲੀ ਪੀੜ੍ਹੀ ਦਾ ਢਾਡੀ ਸੀ ਅਤੇ ਇਸ ਖੇਤਰ ਵਿਚ ਆਪ ਦਾ ਨਾਮ ਸਭ ਤੋਂ ਵੱਧ ਪ੍ਰਸਿੱਧ ਹੋਇਆ। ਘੁੱਕੇਵਾਲੀਆ ਨੇ ਢਾਡੀਆਂ ਦੀ ਮੰਗ ਨੂੰ ਮੁੱਖ ਰੱਖ ਕੇ ਕੋਈ 8-9 ਪ੍ਰਸੰਗਾਂ ਦੀਆਂ ਪੁਸਤਕਾਂ ਲਿਖੀਆਂ ਸਨ। ਸੀਤਲ ਜੀ ਖ਼ੁਦ ਲਿਖਦੇ ਹਨ- “ਇਕ ਪਿੰਡ ਵਿਚ ਅਸੀਂ ਦੀਵਾਨ ’ਤੇ ਗਏ। ਅਸਾਂ ਪ੍ਰਸੰਗ ਸ਼ੁਰੂ ਕੀਤਾ ਤਾਂ ਸਾਹਮਣੇ ਦੋ-ਤਿੰਨ ਸੱਜਣ ਕਿੱਸਾ ਖੋਲ੍ਹ ਕੇ ਬਹਿ ਗਏ। ਮੈਂ ਇਉਂ ਮਹਿਸੂਸ ਕੀਤਾ ਕਿ ਉਨ੍ਹਾਂ ਦਾ ਧਿਆਨ ਸਾਡੇ ਗਾਉਣ ਵੱਲ ਨਹੀਂ, ਸਗੋਂ ਉਹ ਸਾਡੀ ਗਲਤੀ ਫੜਨ ਦੀ ਚਿੰਤਾ ਵਿਚ ਸਨ। ਮੈਂ ਦਿਲ ਵਿਚ ਧਾਰ ਲਈ ਕਿ ਗਾਉਣ ਵਾਸਤੇ ਪ੍ਰਸੰਗ ਵੀ ਆਪ ਲਿਖਣੇ ਹੋਣਗੇ।”7
ਸਭ ਤੋਂ ਪਹਿਲਾ ਪ੍ਰਸੰਗ ਸੀਤਲ ਜੀ ਨੇ 1 ਜਨਵਰੀ 1935 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਬਾਰੇ ‘ਦਸਮੇਸ਼ ਆਗਮਨ’ ਲਿਖਿਆ। ਇਸ ਪਿੱਛੋਂ ਸੀਤਲ ਜੀ 1979 ਈ. ਤਕ ਲਗਾਤਾਰ ਪ੍ਰਸੰਗ ਲਿਖਦੇ ਰਹੇ ਤੇ ਗਾਉਂਦੇ ਰਹੇ, ਜਿਨ੍ਹਾਂ ਦੀ ਗਿਣਤੀ 78 ਹੈ। ਇਨ੍ਹਾਂ ਸਾਰੇ ਪ੍ਰਸੰਗਾਂ ਨੂੰ ਸੀਤਲ ਜੀ ਨੇ 18 ਪੁਸਤਕਾਂ ਵਿਚ ਪ੍ਰਕਾਸ਼ਿਤ ਕੀਤਾ। ਇਸ ਦਾ ਵੇਰਵਾ ਇਸ ਪ੍ਰਕਾਰ ਹੈ:-
1. ਦਮਸੇਸ਼ ਆਗਮਨ – 1-1-1935
2. ਸ਼ਹੀਦ ਗੰਜ ਸਿੰਘਣੀਆਂ (ਲਾਹੌਰ) – 2-4-1935
3. ਸ਼ਹੀਦੀ ਗੁਰੂ ਅਰਜਨ ਦੇਵ ਜੀ – 15-5-1935
4. ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ – 2-6-1935
5. ਸਾਕਾ ਸਰਹਿੰਦ-ਸ਼ਹੀਦੀ ਛੋਟੇ ਸਾਹਿਬਜ਼ਾਦੇ – 25-9-1935
6. ਗੁਰੂ ਨਾਨਕ ਦੇਵ ਜੀ ਤੇ ਨਮਾਜ਼ ਦੌਲਤ ਖਾਨ – 11-10-1935
7. ਵਲੀ ਕੰਧਾਰੀ – 30-10-1935
8. ਸਾਕਾ ਗੱਡੀ ਪੰਜਾ ਸਾਹਿਬ – 5-1-1936
9. ਸਿੰਘਾਂ ਨੇ ਅਬਦਾਲੀ ਤੋਂ ਢੱਕਾਂ ਛੁਡਵਾਈਆਂ – 10-1-1936
10. ਪਿਆਰੇ ਦਾ ਪਿਆਰਾ – 9-11-1936
11. ਸ਼ਹੀਦੀ ਗੁਰੂ ਤੇਗ ਬਹਾਦਰ ਜੀ – 12-12-1936
12. ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ) – 24-12-1936
13. ਸ਼ਹੀਦੀ ਮਹਾਂ ਸਿੰਘ ਮੁਕਤਸਰ – 4-1-1937
14. ਬੰਦਾ ਸਿੰਘ ਦੀ ਸਰਹਿੰਦ ਉੱਤੇ ਫ਼ਤਹਿ – 1-3-1937
15. ਜੰਗ ਸੈਦ ਖ਼ਾਨ – 1-8-1937
16. ਸ਼ਹੀਦੀ ਭਾਈ ਤਾਰੂ ਸਿੰਘ ਜੀ – 21-8-1937
17. ਸੇਠ ਨਾਹਰੂ ਮੱਲ – 3-12-937
18. ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ ਸਿੰਘ – 2-8-1938
19. ਗੁਰੂ ਨਾਨਕ ਦੇਵ ਜੀ ਰੁਹੇਲ ਖੰਡ ਯਾਤਰਾ – 1-10-1941
20. ਸ਼ਹੀਦੀ ਸ. ਹਰੀ ਸਿੰਘ ਨਲੂਆ – 5-10-1942
21. ਸ਼ਹੀਦੀ ਬਾਬਾ ਦੀਪ ਸਿੰਘ – 23-11-1943
22. ਜੰਗ ਭੰਗਾਣੀ-ਗੁਰੂ ਗੋਬਿੰਦ ਸਿੰਘ – 10-11-1944
23. ਸ਼ਹੀਦੀ ਬੰਦਾ ਸਿੰਘ – 20-9-1946
24. ਵਾਰ ਬੀਬੀ ਸਾਹਿਬ ਕੌਰ – 1-1-1947
25. ਸ਼ਹੀਦੀ ਅਕਾਲੀ ਫੂਲਾ ਸਿੰਘ – 13-2-1948
26. ਜੰਗ ਚਮਕੌਰ – 15-8-1948
27. ਜੰਗ ਮੁਲਤਾਨ ਮੁਜ਼ੱਫਰ ਖਾਨ ਦੀ ਮੌਤ – 6-10-1948
28. ਕਸੂਰ ਫ਼ਤਹਿ ਕੁਤਬਦੀਨ ਨੂੰ ਜਾਗੀਰ – 10-10-1948
29. ਚੋਣ ਪੰਜ ਪਿਆਰੇ – 12-12-1948
30. ਸ਼ਹੀਦੀ ਭਾਈ ਤਾਰਾ ਸਿੰਘ ‘ਵਾਂ’ – 1-3-1949
31. ਜੰਗ ਹਰਿਗੋਬਿੰਦਪੁਰਾ-ਛੇਵੇਂ ਗੁਰਾਂ ਨਾਲ – 15-3-1949
32. ਡੱਲੇ ਦਾ ਸਿਦਕ ਬੰਦੂਕ ਪਰਖਣੀ – 23-3-1949
33. ਮੱਸੇ ਰੰਘੜ ਦੀ ਮੌਤ – 4-5-1949
34. ਚੌਧਰੀ ਨੱਥੇ ਦੀ ਬਹਾਦਰੀ – 4-7-1949
35. ਵੱਡਾ ਘੱਲੂਘਾਰਾ – 19-7-1949
36. ਜੰਗ ਪਿਪਲੀ ਸਾਹਿਬ (ਘੱਲੂਘਾਰੇ ਪਿੱਛੋਂ) – 9-8-1949
37. ਸ਼ਹੀਦੀ ਭਾਈ ਬੋਤਾ ਸਿੰਘ – 2-12-1949
38. ਛੋਟਾ ਘੱਲੂਘਾਰਾ – 12-2-1950
39. ਕਸੂਰ ਮਾਰ ਕੇ ਪੰਡਤਾਣੀ ਛੁਡਾਈ – 18-2-1950
40. ਜ਼ੈਨ ਖ਼ਾਨ ਸਰਹਿੰਦ ਦੀ ਮੌਤ – 28-2-1950
41. ਅਹਿਮਦ ਸ਼ਾਹ ਦਾ ਅਠਵਾਂ ਹਮਲਾ – 4-3-1950
42. ਜੰਗ ਸੰਗਰਾਣਾ ਸਾਹਿਬ (ਪਾ: 6) – 29-3-1950
43. ਬਿਧੀ ਚੰਦ ਘੋੜੇ ਲਿਆਂਦੇ – 2-4-1950
44. ਸ਼ਹੀਦੀ ਭਾਈ ਮਨੀ ਸਿੰਘ – 4-4-1950
45. ਸ਼ਹੀਦੀ ਭਾਈ ਗੁਰਬਖਸ਼ ਸਿੰਘ – 19-5-1950
46. ਸ਼ਾਹ ਜ਼ਮਾਨ ਦਾ ਆਖ਼ਰੀ ਹਮਲਾ – 28-8-1950
47. ਕਸ਼ਮੀਰ ਫ਼ਤਹਿ ‘ਸਿੱਖ ਰਾਜ’ ਵਿਚ ਸ਼ਾਮਲ – 7-10-1950
48. ਉੱਚ ਦਾ ਪੀਰ (ਦਸਮੇਸ਼ ਗੁਰੂ) – 30-12-1950
49. ਜੰਗ ਲਲਾ ਬੇਗ (ਪਾ:6) – 27-1-1951
50. ਬਾਬਰ ਦੀ ਚੱਕੀ-ਗੁਰੂ ਨਾਨਕ ਦੇਵ ਜੀ – 8-2-1951
51. ਜੰਗ ਪੈਂਦੇ ਖਾਨ (ਪਾ:6) – 15-2-1951
52. ਜਲਾਲਾਬਾਦ ਮਾਰ ਕੇ ਪੰਡਤਾਣੀ ਛੁਡਾਈ – 25-6-1951
53. ਹਮਜ਼ਾ ਗੌਸ ਤੇ ਗੁਰੂ ਨਾਨਕ ਦੇਵ ਜੀ – 11-7-1951
54. ਨਦੌਣ ਯੁੱਧ – 30-5-1953
55. ਰੁਸਤਮ ਖਾਂ ਦੀ ਅਨੰਦਪੁਰ ’ਤੇ ਚੜ੍ਹਾਈ – 1-7-1953
56. ਹੁਸੈਨੀ ਤੇ ਕਿਰਪਾਲ ਦੀ ਮੌਤ – 2-1-1954
57. ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ – 10-3-1954
58. ਸਤਿਗੁਰ ਨਾਨਕ ਪ੍ਰਗਟਿਆ – 21-3-1955
59. ਹਰਿਗੋਬਿੰਦ ਸਾਹਿਬ ਪ੍ਰਗਟੇ – 20-4-1955
60. ਪ੍ਰਸੰਗ ਭਾਈ ਜੋਗਾ ਸਿੰਘ – 26-4-1955
61. ਚਵਿੰਡੇ ਦੀਆਂ ਸਿੰਘਣੀਆਂ ਦੀ ਬਹਾਦਰੀ – 5-7-1955
62. ਸ਼ਹੀਦੀ ਹਕੀਕਤ ਰਾਏ – 9-7-1955
63. ਜੰਗ ਰਾਮ ਰਉਣੀ ਮੀਰ ਮੰਨੂ ਨਾਲ – 12-7-1955
64. ਨਾਦਰ ਦਾ ਹਿੰਦ ’ਤੇ ਹਮਲਾ – 11-9-1955
65. ਮਾਤਾ ਸੁਲੱਖਣੀ (ਪਾ:6) – 1-8-1956
66. ਸੱਜਣ ਠੱਗ ਤੇ ਗੁਰੂ ਨਾਨਕ ਦੇਵ ਜੀ – 5-8-1956
67. ਪਿੰਗਲਾ ਤੇ ਬੀਬੀ ਰਜਨੀ – 9-8-1956
68. ਖਡੂਰ ਦਾ ਤਪਾ ਸ਼ਿਵਨਾਥ – 10-8-1956
69. ਬਾਬਾ ਆਦਮ ਤੇ ਭਾਈ ਭਗਤੂ – 30-12-1956
70. ਅਘੜ ਸਿੰਘ ਹੱਥੋਂ ਮੋਮਨ ਖਾਂ ਦੀ ਮੌਤ – 18-1-1957
71. ਸੱਤਾ ਬਲਵੰਡ ਤੇ ਲੱਧਾ ਉਪਕਾਰੀ – 8-6-1957
72. ਭਾਈ ਗੁਰਦਾਸ ਦੇ ਸਿਦਕ ਦੀ ਪਰਖ – 13-6-1957
73. ਮੱਖਣ ਸ਼ਾਹ ਗੁਰੂ ਲਾਧੋ ਰੇ – 27-6-1957
74. ਵਿਆਹ ਕੰਵਰ ਨੌਨਿਹਾਲ ਸਿੰਘ – 18-8-1957
75. ਜੰਗ ਹਿੰਦ ਤੇ ਚੀਨ – 25-12-1962
76. ਹੈਦਰਾਬਾਦ ਦੀ ਜਿੱਤ – 20-9-1948
77. ਜੰਗ ਹਜ਼ਰੋ – 29-8-1950
78. ਸ਼ਹੀਦੀ ਸ. ਊਧਮ ਸਿੰਘ – 2-12-1979
ਇਨ੍ਹਾਂ ਸਾਰੀਆਂ ਵਾਰਾਂ ਨੂੰ ਗਿਆਨੀ ਸੋਹਣ ਸਿੰਘ ਸੀਤਲ ਨੇ 18 ਪੁਸਤਕਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ। ਜਿੱਥੇ ਸੋਹਣ ਸਿੰਘ ਘੁੱਕੇਵਾਲੀਆ ਆਪਣੀਆਂ ਪ੍ਰਕਾਸ਼ਿਤ ਵਾਰਾਂ ਨਾਲ ਢਾਡੀ ਸ਼ਬਦ (ਢਾਡੀ ਕਿਰਣਾਂ, ਢਾਡੀ ਹੰਝੂ, ਢਾਡੀ ਤਰੰਗਾਂ) ਲਿਖਦਾ ਸੀ, ਸੀਤਲ ਜੀ ਨੇ ਆਪਣੀਆਂ ਵਾਰਾਂ ਨਾਲ ‘ਸੀਤਲ’ ਉਪਨਾਮ ਵਰਤ ਕੇ ਆਪਣੀ ਵੱਖਰੀ ਪਛਾਣ ਬਣਾਈ। ਆਪ ਦੀਆਂ ਢਾਡੀ ਵਾਰਾਂ ਦੀਆਂ ਪੁਸਤਕਾਂ ਦੇ ਨਾਮ ਹਨ-
1. ਸੀਤਲ ਕਿਰਣਾਂ
2. ਸੀਤਲ ਸੁਨੇਹੇ
3. ਸੀਤਲ ਹੰਝੂ
4. ਸੀਤਲ ਹੁਲਾਰੇ
5. ਸੀਤਲ ਤਰੰਗਾਂ
6. ਸੀਤਲ ਪ੍ਰਸੰਗ
7. ਸੀਤਲ ਪ੍ਰਕਾਸ਼
8. ਸੀਤਲ ਤਰਾਨੇ
9. ਸੀਤਲ ਵਾਰਾਂ
10. ਸੀਤਲ ਤਾਘਾਂ
11. ਸੀਤਲ ਵਲਵਲੇ
12. ਸੀਤਲ ਚੰਗਿਆੜੇ
13. ਸੀਤਲ ਚਮਕਾਂ
14. ਸੀਤਲ ਰਮਜ਼ਾਂ
15. ਸੀਤਲ ਉਮੰਗਾਂ
16. ਸੀਤਲ ਅੰਗਿਆਰੇ
17. ਸੀਤਲ ਮੁਨਾਰੇ
18. ਸੀਤਲ ਸੁਗਾਤਾਂ
ਇਸ ਤੋਂ ਬਿਨਾਂ ‘ਸਿੱਖ ਰਾਜ ਕਿਵੇਂ ਗਿਆ?’ ਦੀ ਲੰਮੀ ਵਾਰ ਹੈ ਜੋ ਦੋ ਪੁਸਤਕਾਂ ‘ਸਿੱਖ ਰਾਜ ਕਿਵੇਂ ਗਿਆ?’ ਤੇ ‘ਦੁਖੀਏ ਮਾਂ-ਪੁੱਤ’ ਵਿਚ ਫੁੱਟ-ਨੋਟਾਂ ਦੀ ਥਾਂ ਦਰਜ ਹੈ। ਪ੍ਰੋ. ਕਰਤਾਰ ਸਿੰਘ (ਕਾਲੜਾ)8 ਦਾ ਕਹਿਣਾ ਹੈ ਕਿ ਸੀਤਲ ਜੀ ਨੇ ਮਰਦਾਂ ਦੀਆਂ ਵਾਰਾਂ ਗਾਈਆਂ ਹਨ। ਕੇਵਲ ਸਿੱਖਾਂ ਦੀਆਂ ਹੀ ਨਹੀਂ ਹੋਰ ਦੇਸ਼- ਭਗਤਾਂ ਦੀਆਂ ਵੀ। ਹਕੀਕਤ ਰਾਏ ਤੇ ਭਾਰਤ-ਚੀਨ ਯੁੱਧ ਆਦਿ ਦੀਆਂ ਵਾਰਾਂ ਇਸ ਦੇ ਪ੍ਰਤੱਖ ਪ੍ਰਮਾਣ ਹਨ। ਇਸ ਪ੍ਰਕਾਰ ਸੀਤਲ ਜੀ ਇਕ ਸੈਕੂਲਰ ਢਾਡੀ ਬਣ ਗਏ ਸਨ। ਸੀਤਲ ਜੀ ਬਾਕੀ ਢਾਡੀਆਂ ਨਾਲੋਂ ਵਧੇਰੇ ਪੜ੍ਹੇ-ਲਿਖੇ ਹੋਣ ਕਰਕੇ, ਆਪਣੀਆਂ ਵਾਰਾਂ ਦੇ ਨਾਲ ਜੋ ਇਤਿਹਾਸਕ ਵਿਆਖਿਆ ਕਰਦੇ ਸਨ, ਇਸ ਕਰਕੇ ਉਹ ਲੋਕਾਂ ਵਿਚ ਸਭ ਤੋਂ ਵਧੇਰੇ ਸਲਾਹੇ ਗਏ।
(ਅ) ਸੀਤਲ ਜੀ ਇਕ ਸਿੱਖ-ਇਤਿਹਾਸਕਾਰ ਦੇ ਰੂਪ ਵਿਚ:
ਗਿਆਨੀ ਸੋਹਣ ਸਿੰਘ ਜੀ ਸੀਤਲ ਦਾ ਇਕ ਢਾਡੀ ਹੋਣ ਦੇ ਨਾਤੇ ਸਿੱਖ ਇਤਿਹਾਸ ਨਾਲ ਵਧੇਰੇ ਵਾਹ ਪਿਆ ਸੀ। ‘ਸਿੱਖ ਰਾਜ ਕਿਵੇਂ ਗਿਆ?’ ਉਨ੍ਹਾਂ ਦੇ ਢਾਡੀ ਜਥੇ ਦਾ ‘ਮਾਸਟਰ ਪੀਸ’ ਸੀ। ਇਸ ਨੂੰ ਆਪ ਵਾਰ ਦੇ ਰੂਪ ਵਿਚ ਗਾਉਂਦੇ ਰਹੇ ਸਨ। ਇਸ ਸਮੇਂ ਦੌਰਾਨ ਹੀ ਸੀਤਲ ਜੀ ਨੇ ਅੰਗਰੇਜ਼ੀ ਵਿਚ ਲਿਖੀਆਂ ਸਿੱਖ ਇਤਿਹਾਸ ਦੀਆਂ ਕੁਝ ਪੁਸਤਕਾਂ ਪੜ੍ਹੀਆਂ ਸਨ ਜੋ ਉਨ੍ਹਾਂ ਨੂੰ ਕੁਝ ਮਿੱਤਰਾਂ-ਦੋਸਤਾਂ ਵੱਲੋਂ ਭੇਂਟ ਹੋਈਆਂ ਸਨ। ਇਨ੍ਹਾਂ ਪੁਸਤਕਾਂ ਨੇ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਚੇਸ਼ਟਾ ਜਗਾਈ ਤਾਂ ਆਪ ਜੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦੀ ਸਹਾਇਤਾ (ਸਹੂਲਤ) ਨਾਲ ਮਹਾਰਾਜਾ ਦਲੀਪ ਸਿੰਘ ਬਾਰੇ ਕਾਫੀ ਮਸਾਲਾ ਇਕੱਠਾ ਕਰ ਲਿਆ। 15 ਅਪ੍ਰੈਲ 1944 ਈ. ਨੂੰ ਆਪ ਨੇ ‘ਸਿੱਖ ਰਾਜ ਕਿਵੇਂ ਗਿਆ?’ ਆਪਣੀ ਪਹਿਲੀ ਇਤਿਹਾਸਕ ਪੁਸਤਕ ਤਿਆਰ ਕਰ ਲਈ ਜੋ ਜੂਨ 1944 ਈ. ਵਿਚ ਪ੍ਰਕਾਸ਼ਿਤ ਹੋਈ। ਇਸ ਤੋਂ ਪਿੱਛੋਂ ਆਪ ਨੇ ਸਿੱਖ ਇਤਿਹਾਸ ਨੂੰ ਉਲੀਕਣਾ ਸ਼ੁਰੂ ਕਰ ਦਿੱਤਾ ਤੇ ਹੇਠ ਲਿਖੀਆਂ ਪੁਸਤਕਾਂ ਕੌਮ ਦੀ ਝੋਲੀ ਵਿਚ ਪਾਈਆਂ:-
1. ਸਿੱਖ ਰਾਜ ਕਿਵੇਂ ਗਿਆ – ਜੂਨ 1944
2. ਦੁਖੀਏ ਮਾਂ-ਪੁੱਤ – ਜੂਨ 1946
3. ਬੰਦਾ ਸਿੰਘ ਸ਼ਹੀਦ – ਦਸੰਬਰ 1946
4. ਸਿੱਖ ਰਾਜ ਕਿਵੇਂ ਬਣਿਆ – ਮਾਰਚ 1950
5. ਸਿੱਖ ਰਾਜ ਤੇ ਸ਼ੇਰੇ ਪੰਜਾਬ – ਨਵੰਬਰ 1950
6. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ – ਸਤੰਬਰ 1952
7. ਮਨੁੱਖਤਾ ਦੇ ਗੁਰੂ-ਗੁਰੂ ਗੋਬਿੰਦ ਸਿੰਘ ਜੀ – ਦਸੰਬਰ 1966
8. ਮਨੁੱਖਤਾ ਦੇ ਗੁਰੂ-ਗੁਰੂ ਨਾਨਕ ਦੇਵ ਜੀ – ਨਵੰਬਰ 1967
9. ਮਨੁੱਖਤਾ ਦੇ ਗੁਰੂ-ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤਕ – ਮਈ 1971
ਤਿੰਨ ਪੁਸਤਕਾਂ ਸਿੱਖ ਇਤਿਹਾਸ ਦੀਆਂ ਬੱਚਿਆਂ ਵਾਸਤੇ ਲਿਖੀਆਂ ਹਨ:-
1. ਧਰਮ ਦਾ ਰਾਖਾ-ਗੁਰੂ ਤੇਗ ਬਹਾਦਰ ਅਕਤੂਬਰ – 1975
2. ਬਾਬਾ ਨਾਨਕ ਦਸੰਬਰ – 1975
3. ਸਿੱਖ ਸ਼ਹੀਦ ਤੇ ਯੋਧੇ – ਜਨਵਰੀ 1976
ਸਿੱਖ ਇਤਿਹਾਸ ਨਾਲ ਸੰਬੰਧਿਤ ਗਿਆਨੀ ਸੋਹਣ ਸਿੰਘ ਸੀਤਲ ਦਾ ਸਭ ਤੋਂ ਖੋਜ ਭਰਪੂਰ ਕੰਮ ‘ਸਿੱਖ ਇਤਿਹਾਸ ਦੇ ਸੋਮੇ’ ਪੰਜ ਜਿਲਦਾਂ ਵਿਚ ਲਿਖਣਾ ਹੈ।
ਸਿੱਖ ਇਤਿਹਾਸ ਨਾਲ ਸੰਬੰਧਿਤ ਗ੍ਰੰਥਾਂ ‘ਸ੍ਰੀ ਗੁਰ ਸੋਭਾ’ ਤੋਂ ਲੈ ਕੇ ‘ਸੂਰਜ ਪ੍ਰਕਾਸ਼’ ਤਕ ਸਮਾਂ ਪੈਣ ’ਤੇ ਸਭਨਾਂ ਵਿਚ ਰਲਾ ਪੈ ਗਿਆ। ਇਸ ਰਲੇ ਦਾ ਕਾਰਨ ਇਹ ਹੈ ਕਿ 1716 ਈ. ਵਿਚ ਬਾਬਾ ਬੰਦਾ ਸਿੰਘ ਦੇ ਸ਼ਹੀਦ ਹੋਣ ਪਿੱਛੋਂ ਸਿੱਖ ਦੋ ਧੜਿਆਂ ਵਿਚ ਵੰਡੇ ਗਏ। ਗਰਮ ਖਿਆਲੀਆਂ ਨੇ ਮਨ ਬਣਾ ਲਿਆ ਕਿ ਕਿਸੇ ਵੀ ਕੀਮਤ ਉੱਤੇ ਸਰਕਾਰ ਨਾਲ ਸਮਝੌਤਾ ਨਹੀਂ ਕਰਨਾ। ਇਹ ਤੱਤ ਖਾਲਸਾ ਜੰਗਲਾਂ ਵਿਚ ਚਲਾ ਗਿਆ। ਦੂਜੇ ਪਾਸੇ ਨਰਮ-ਖਿਆਲੀਏ ਸਿੱਖ ਗੁਰਦੁਆਰਿਆਂ ਦੀ ਸੇਵਾ ਤਕ ਹੀ ਸੰਤੁਸ਼ਟ ਰਹਿ ਗਏ। ਸਹਿਜੇ-ਸਹਿਜੇ ਸਾਰੇ ਗੁਰਦੁਆਰਿਆਂ ਉੱਪਰ ਪੁਜਾਰੀ ਕਾਬਜ਼ ਹੋ ਗਏ। ਇਨ੍ਹਾਂ ਪੁਜਾਰੀਆਂ ਨੇ ਹਾਕਮਾਂ ਤੇ ਪੰਡਤਾਂ ਨੂੰ ਖੁਸ਼ ਰੱਖਣ ਲਈ ਸਿੱਖ ਧਰਮ ਦੇ ਅਸੂਲਾਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਤੇ ਬ੍ਰਾਹਮਣੀ ਰੀਤਾਂ ਸਿੱਖੀ ਵਿਚ ਦਾਖਲ ਹੋ ਗਈਆਂ।
ਗਿਆਨੀ ਸੋਹਣ ਸਿੰਘ ਸੀਤਲ9 ਜੀ ਲਿਖਦੇ ਹਨ ਕਿ ਇਕ ਦਿਨ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਇਨ੍ਹਾਂ ਇਤਿਹਾਸਾਂ ਬਾਰੇ ਖੋਜ ਕਰਨੀ ਚਾਹੀਦੀ ਹੈ। ਸਿੱਖੀ ਦੇ ਖ਼ਿਲਾਫ ਜੋ ਅਸਰ ਪਾਉਣ ਦਾ ਕੋਝਾ ਜਤਨ ਕੀਤਾ ਗਿਆ, ਉਸ ਉੱਤੇ ਚਾਨਣਾ ਪਾਉਣਾ ਚਾਹੀਦਾ ਹੈ। ਮੈਂ ਮਨ ਬਣਾਇਆ ਕਿ ‘ਸ੍ਰੀ ਗੁਰ ਸੋਭਾ’ ਤੋਂ ਲੈ ਕੇ ‘ਸੂਰਜ ਪ੍ਰਕਾਸ਼’ ਤਕ ਖੋਜ ਕੀਤੀ ਜਾਵੇ। ਇਨ੍ਹਾਂ ਇਤਿਹਾਸਾਂ ਦੀ ਬੋਲੀ ਕਾਫੀ ਔਖੀ (ਬ੍ਰਿਜ ਭਾਸ਼ਾ) ਹੈ, ਜੋ ਆਮ ਪਾਠਕ ਦੀ ਸਮਝ ਤੋਂ ਬਾਹਰ ਹੈ। ਫਿਰ ਸੰਮਤ ਵੀ ਐਸੇ ਬਿਖੜੇ ਢੰਗ ਨਾਲ ਦਿੱਤੇ ਗਏ ਹਨ ਕਿ ਜੋ ਪੁਰਾਣ ਕਥਾਵਾਂ ਤੋਂ ਜਾਣੂ ਨਹੀਂ, ਉਹਦੇ ਵਾਸਤੇ ਸਮਝਣੇ ਔਖੇ ਹਨ। ਜਿਵੇਂ:- ‘ਸੰਮਤ ਸੋਲਾ ਸੋ ਗ੍ਰਹਿ ਜਾਨੋ’ (1609 ਬਿ:), ‘ਸਸਿ ਖਟ ਰਿਤ ਗ੍ਰਹਿ ਸੰਮਤੋ’ (1669), ‘ਸਸਿ ਖਟ ਗ੍ਰਹਿ ਪੁਨ ਬੇਦ ਬਖਾਨੀ’ (1694) ਆਦਿ। ਇਹ ਗ੍ਰੰਥ ਲਿਖੇ ਵੀ ਕਵਿਤਾ ਦੇ ਰੂਪ ਵਿਚ ਹਨ। ਇਨ੍ਹਾਂ ਉਪਰੋਕਤ ਗੱਲਾਂ ਨੂੰ ਮੁੱਖ ਰੱਖ ਕੇ ਮੈਂ ‘ਸਿੱਖ ਇਤਿਹਾਸ ਦੇ ਸੋਮੇ’ ਨਾਮ ਦਾ ਗ੍ਰੰਥ ਲਿਖਿਆ, ਜਿਸ ਦੇ ਪੰਜ ਭਾਗ ਹਨ।
‘ਸਿੱਖ ਇਤਿਹਾਸ ਦੇ ਸੋਮੇ’ ਗ੍ਰੰਥ ਦੇ ਪੰਜ ਭਾਗਾਂ ਵਿਚ ਜੋ ਸਿੱਖ-ਇਤਿਹਾਸ ਨਾਲ ਸੰਬੰਧਿਤ ਗ੍ਰੰਥ ਆਏ ਹਨ ਉਸ ਦਾ ਵੇਰਵਾ ਇਸ ਪ੍ਰਕਾਰ ਹੈ-
ੳ) ਸਿੱਖ ਇਤਿਹਾਸ ਦੇ ਸੋਮੇ (ਭਾਗ ਪਹਿਲਾ) ਅਕਤੂਬਰ 1981, ਇਸ ਵਿਚ ਪੰਜ ਗ੍ਰੰਥ ਹਨ-
(1) ਸ੍ਰੀ ਗੁਰ ਸੋਭਾ ਕਰਤਾ ਸੈਨਾ ਪਤਿ
(2) ਗੁਰ ਬਿਲਾਸ ਕਰਤਾ ਕੁਇਰ ਸਿੰਘ
(3) ਗੁਰ ਬਿਲਾਸ ਪਾਤਸ਼ਾਹੀ ਛੇਵੀਂ
(4) ਬੰਸਾਵਲੀਨਾਮਾ ਕਰਤਾ ਕੇਸਰ ਸਿੰਘ (ਛਿੱਬਰ)
(5) ਗੁਰ ਬਿਲਾਸ ਕਰਤਾ ਸੁੱਖਾ ਸਿੰਘ
(ਅ) ਸਿੱਖ ਇਤਿਹਾਸ ਦੇ ਸੋਮੇ (ਭਾਗ ਦੂਜਾ) ਅਗਸਤ 1982 ਗ੍ਰੰਥ ਹਨ-
(1) ਗੁਰੂ ਨਾਨਕ ਮਹਿਮਾ ਕਰਤਾ ਸਰੂਪ ਦਾਸ ਭੱਲਾ।
(2) ਮਹਿਮਾ ਪ੍ਰਕਾਸ਼ ਕਰਤਾ ਸਰੂਪ ਦਾਸ ਭੱਲਾ।
(3) ਪਰਚੀਆਂ ਸੇਵਾ ਦਾਸ ਉਦਾਸੀ।
(4) ਨੌਂ ਗੁਰ ਪ੍ਰਣਾਲੀਆਂ।
(ੲ) ਸਿੱਖ ਇਤਿਹਾਸ ਦੇ ਸੋਮੇ (ਭਾਗ ਤੀਜਾ) – ਅਗਸਤ 1982
ਇਸ ਵਿਚ ਕਵੀ ਸੰਤੋਖ ਸਿੰਘ ਜੀ ਦੀ ਮਹਾਨ ਰਚਨਾ ‘ਨਾਨਕ ਪ੍ਰਕਾਸ਼’ ਹੈ।
(ਸ) ਸਿੱਖ ਇਤਿਹਾਸ ਦੇ ਸੋਮੇ (ਭਾਗ ਚੌਥਾ) – ਨਵੰਬਰ 1983 ਇਸ ਵਿਚ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਦੀਆਂ ਪਹਿਲੀਆਂ ਦਸ ਰਾਸਾਂ ਹਨ।
(ਹ) ਸਿੱਖ ਇਤਿਹਾਸ ਦੇ ਸੋਮੇ (ਭਾਗ ਪੰਜਵਾਂ) – ਜਨਵਰੀ 1984 ਇਸ ਵਿਚ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ ਭਾਗ ਹੈ।
ਸਿੱਖ ਇਤਿਹਾਸ ਦਾ ਇਹ ਕੰਮ ਸੀਤਲ ਜੀ ਨੇ ਬੜੀ ਲਗਨ ਤੇ ਮਿਹਨਤ ਨਾਲ ਕੀਤਾ। ਲਗਾਤਾਰ ਅੱਠ-ਅੱਠ, ਨੌਂ-ਨੌਂ ਘੰਟੇ ਬੈਠਦੇ ਰਹੇ। ਇਸ ਕੰਮ ਨੂੰ ਵੇਖ ਕੇ ਇਕ ਵਾਰ ਡਾ. ਮਹਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਸਾਹਿਬ ਡਾ. ਜੇ. ਐੱਸ. ਗਰੇਵਾਲ ਨੂੰ ਕਿਹਾ ਸੀ ਕਿ ਸਾਨੂੰ ਗਿਆਨੀ ਸੋਹਣ ਸਿੰਘ ਸੀਤਲ ਨੂੰ ਡੀ.ਲਿਟ ਦੀ ਆਨਰੇਰੀ ਡਿਗਰੀ ਦੇਣੀ ਚਾਹੀਦੀ ਹੈ। ਪਰ ਇਹ ਸੰਭਵ ਨਾ ਹੋ ਸਕਿਆ। ਸਿੱਖ ਇਤਿਹਾਸ ਦੇ ਸੋਮੇ ਪੰਜਾਂ ਭਾਗਾਂ ਵਿਚ ਹੀ ਆਪ ਨੇ ਮੂਲ ਰਚਨਾ ਵਿਚ ਟਿੱਪਣੀਆਂ ਦੇ ਕੇ ਜਿੱਥੇ ਸਿੱਖ ਸਿਧਾਂਤਾਂ ਦੀ ਅਵੱਗਿਆ ਹੋਈ, ਦੀ ਸੋਧ ਕੀਤੀ ਹੈ।
(ੲ) ਕਵੀ ਤੇ ਗੀਤਕਾਰ ਸੀਤਲ ਜੀ :
ਗਿਆਨੀ ਸੋਹਣ ਸਿੰਘ ਸੀਤਲ ਜੀ ਜਿੱਥੇ ਇਕ ਸੁਪ੍ਰਸਿੱਧ ਢਾਡੀ ਸੀ, ਉਥੇ ਇਕ ਸਫਲ ਕਵੀ ਤੇ ਗੀਤਕਾਰ ਵੀ ਸੀ। ਆਪ ਨੇ ਢੱਡ-ਸਾਰੰਗੀ ਨਾਲ ਗਾਉਣ ਵਾਲੀਆਂ ਵਾਰਾਂ ਦੀ ਰਚਨਾ ਦੇ ਨਾਲ-ਨਾਲ ਕੁਝ ਕਵਿਤਾਵਾਂ ਤੇ ਗੀਤ ਵੀ ਲਿਖੇ। ਆਪ ਦੀ ਕਵਿਤਾ ਆਪ ਦੇ ਨਿੱਜੀ ਜੀਵਨ ਤੇ ਕਿਸਾਨੀ ਦੀਆਂ ਮੁਸ਼ਕਲਾਂ ਦੁਆਲੇ ਕੇਂਦਰਿਤ ਹੈ। ਪਿਤਾ ਦੀ ਮੌਤ ਪਿੱਛੋਂ ਆਪ ਨੇ ਜੋ ਤਿੰਨ ਸਾਲ ਵਾਹੀ ਵਿਚ ਬਿਤਾਏ, ਇਨ੍ਹਾਂ ਪ੍ਰਭਾਵਾਂ ਨੂੰ ਹੀ ਆਪ ਨੇ ਕਵਿਤਾ ਦਾ ਰੂਪ ਦਿੱਤਾ। ਇਵੇਂ ਹੀ ਆਪ ਦੇ ਗੀਤਾਂ ਵਿਚ ਦੰਪਤੀ-ਜੀਵਨ ਤੇ ਦੇਸ਼-ਭਗਤੀ ਦੇ ਜਜ਼ਬੇ ਹਨ। ‘ਵਹਿੰਦੇ ਹੰਝੂ’, ‘ਸੱਜਰੇ ਹੰਝੂ’ ਤੇ ‘ਦਿਲ ਦਰਿਆ’ ਆਪ ਦੇ ਕਾਵਿ ਸੰਗ੍ਰਹਿ ਹਨ ਅਤੇ ‘ਕੇਸਰੀ ਦੁਪੱਟਾ’ ਤੇ ‘ਜਦੋਂ ਮੈਂ ਲਿਖਦਾ ਹਾਂ’ ਗੀਤਾਂ ਦੀਆਂ ਪੁਸਤਕਾਂ ਹਨ।
(ਸ) ਗਲਪਕਾਰ ਗਿਆਨੀ ਸੋਹਣ ਸਿੰਘ ਸੀਤਲ :-
ਗਲਪ ਰੂਪ ਵਿਚ ਗਿਆਨੀ ਸੋਹਣ ਸਿੰਘ ਸੀਤਲ ਨੇ ਕਹਾਣੀਆਂ ਤੇ ਨਾਵਲ ਦੋਵੇਂ ਲਿਖੇ। ਪੜ੍ਹਦੇ ਸਮੇਂ ਜਿੱਥੇ ਆਪ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ, ਉਥੇ ਕਹਾਣੀਆਂ ਲਿਖਣਾ ਵੀ ਇਸੇ ਉਮਰ ਦੀ ਉਪਜ ਹੈ। ਪਹਿਲੀ ਕਹਾਣੀ 23 ਫਰਵਰੀ, 1932 ਈ. ਨੂੰ ‘ਵੈਰੀ ਪੁੱਤਰ’ ਲਿਖੀ, ਜੋ ‘ਫੁਲਵਾੜੀ’ ਮਾਸਿਕ ਪੱਤਰ ਵਿਚ ਛਪੀ। ਇਹ ਕਹਾਣੀ ਸੀਤਲ ਜੀ ਦੇ ਮਾਮੇ ਦੇ ਲੜਕੇ ਅਰਜਨ ਸਿੰਘ ਬਾਰੇ ਸੀ। ਇਸ ਦਾ ਵਿਸ਼ਾ ਔਲਾਦ ਦਾ ਮਾਪਿਆਂ ਨੂੰ ਦੁੱਖ ਦੇਣਾ ਹੈ। ਇਸ ਤੋਂ ਬਾਅਦ ਸੀਤਲ ਜੀ ਨੇ ਨਿਰੰਤਰ ਕਹਾਣੀਆਂ ਲਿਖੀਆਂ ਜਿਨ੍ਹਾਂ ਦੀ ਗਿਣਤੀ 24 ਹੈ ਅਤੇ ਇਹ ਤਿੰਨ ਕਹਾਣੀ ਸੰਗ੍ਰਹਿ ‘ਜਾਗਦੇ ਸੁਪਨੇ’, ‘ਅੰਤਰਜਾਮੀ’ ਤੇ ‘ਕਦਰਾਂ ਬਦਲ ਗਈਆਂ’ ਵਿਚ ਪ੍ਰਕਾਸ਼ਿਤ ਹੋਈਆਂ ਹਨ।
ਕਹਾਣੀਆਂ ਤੋਂ ਬਿਨਾਂ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਨਾਵਲ ਵੀ ਲਿਖੇ ਜਿਨ੍ਹਾਂ ਦੀ ਗਿਣਤੀ ਡੇਢ ਦਰਜਨ ਹੈ। ਸਾਹਿਤ ਅਕਾਡਮੀ ਦਾ ਐਵਾਰਡ ਮਿਲਣ ਤਕ, ਸੀਤਲ ਜੀ ਨੂੰ ਕੁਝ ਹਲਕਿਆਂ ਵਿਚ ਨਾਵਲਕਾਰ ਮੰਨਿਆ ਹੀ ਨਹੀਂ ਜਾਂਦਾ ਸੀ। ਜਦ ‘ਜੁੱਗ ਬਦਲ ਗਿਆ’ ਨਾਵਲ ਉੱਪਰ ਆਪ ਨੂੰ ਸਾਹਿਤ ਅਕਾਡਮੀ ਦਾ ਪੁਰਸਕਾਰ ਮਿਲਿਆ ਤਾਂ ਡਾ. ਹਰਿਭਜਨ ਸਿੰਘ ਵਰਗਿਆਂ ਨੇ ਵੀ ਕਿਹਾ, “ਅਸੀਂ ਬਹੁਤ ਗਲਤੀ ਕੀਤੀ ਹੈ ਕਿ ਗਿਆਨੀ ਸੋਹਣ ਸਿੰਘ ਸੀਤਲ ਨੂੰ ਇਕ ਢਾਡੀ ਹੀ ਸਮਝਦੇ ਰਹੇ ਹਾਂ।”
ਦਰਅਸਲ ਸੀਤਲ ਜੀ ਨੇ ਦੇਸ਼ ਦੀ ਵੰਡ ਤੋਂ ਬਾਅਦ ਨਾਵਲ ਲਿਖਣੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਆਪਣਾ ਸਭ ਤੋਂ ਪਹਿਲਾ ਨਾਵਲ 1933 ਈ. ਵਿਚ ‘ਸ਼ਾਮ ਦੀ ਵਿਸਾਖੀ’ ਲਿਖਿਆ।ਇਹ ਨਾਵਲ ਕਸੂਰ ਦੀ ਸਰਾਫੀ ਫਰਮ ‘ਕਿਸ਼ਨ ਸਿੰਘ ਕਰਤਾਰ ਸਿੰਘ’ ਦੇ ਕਹਿਣ ’ਤੇ ਲਿਖਿਆ ਜੋ ਵਿਸਾਖੀ ਦੇ ਪੁਰਬ ’ਤੇ ਮੁਫ਼ਤ ਵੰਡਿਆ ਗਿਆ। ਇਹ 80 ਸਫੇ ਦਾ ਭਾਈ ਵੀਰ ਸਿੰਘ ਦੇ ‘ਸੁੰਦਰੀ’ ਤੇ ‘ਬਿਜੈ ਸਿੰਘ’ ਵਰਗਾ ਨਾਵਲ ਸੀ। ਮੁਫਤ ਵੰਡਿਆ ਜਾਣ ਕਰਕੇ ਇਹ ਨਾਵਲ ਮੁਫਤ ਵਿਚ ਹੀ ਗਵਾਚ ਗਿਆ। ਸਾਹਿਤਕ ਪੱਖੋਂ ਆਪ ਨੇ ਪਹਿਲਾ ਨਾਵਲ ‘ਮੁੱਲ ਦਾ ਮਾਸ’ 4 ਅਪ੍ਰੈਲ 1947 ਈ. ਨੂੰ ਪੂਰਾ ਕੀਤਾ ਸੀ। ਇਹ ਪਹਿਲਾਂ ਨਾਟਕ ਰੂਪ ਵਿਚ ਲਿਖਿਆ ਗਿਆ ਤੇ ਫਿਰ ਇਸ ਨੂੰ ਨਾਵਲ ਦਾ ਰੂਪ ਦਿੱਤਾ ਗਿਆ। ਇਹ ਨਾਵਲ ਦੇਸ਼ ਦੀ ਵੰਡ ਤੋਂ ਬਾਅਦ 1949 ਈ. ਵਿਚ ਪ੍ਰਕਾਸ਼ਿਤ ਹੋਇਆ। ਸੀਤਲ ਨੇ ਜੋ ਨਾਵਲ ਲਿਖੇ ਉਨ੍ਹਾਂ ਦੀ ਹੇਠਾਂ ਅਸੀਂ ਤਫ਼ਸੀਲ ਦਿੰਦੇ ਹਾਂ-
ਨਾਵਲ ਦਾ ਨਾਮ | ਪੂਰਾ ਹੋਣ ਦੀ ਮਿਤੀ | ਛਾਪਣ ਦੀ ਮਿਤੀ |
1. ਮੁੱਲ ਦਾ ਮਾਸ | 4-4-1947 | ਅਪ੍ਰੈਲ 1949 |
2. ਵਿਜੋਗਣ | 3-12-1950 | ਜਨਵਰੀ 1951 |
3. ਅੰਨ੍ਹੀ ਸੁੰਦਰਤਾ | 2-3-1952 | ਅਕਤੂਬਰ 1952 |
4. ਦੀਵੇ ਦੀ ਲੋਅ | 29-11-1952 | ਅਪ੍ਰੈਲ 1953 |
5. ਪਤਵੰਤੇ ਕਾਤਲ | 9-5-1955 | ਜੂਨ 1955 |
6. ਜੰਗ ਜਾਂ ਅਮਨ | 10-8-1958 | ਅਗਸਤ 1959 |
7. ਬਦਲਾ | 2-5-1959 | ਜੁਲਾਈ 1959 |
8. ਧਰਤੀ ਦੇ ਦੇਵਤੇ | 10-11-1959 | ਜਨਵਰੀ 1960 |
9. ਪ੍ਰੀਤ ਕਿ ਰੂਪ | 24-8-1960 | ਸਤੰਬਰ 1960 |
10. ਧਰਤੀ ਦੀ ਬੇਟੀ | 11-9-1960 | ਨਵੰਬਰ 1960 |
11. ਕਾਲੇ ਪਰਛਾਵੇਂ | 5-1-1961 | ਮਾਰਚ 1961 |
12. ਪ੍ਰੀਤ ਤੇ ਪੈਸਾ | 20-11-1961 | ਦਸੰਬਰ 1961 |
13. ਤੂਤਾਂ ਵਾਲਾ ਖੂਹ | 17-12-1962 | ਮਾਰਚ 1963 |
14. ਈਚੋਗਿਲ ਨਹਿਰ ਤਕ | 17-2-1966 | ਮਾਰਚ 1966 |
15. ਜੁੱਗ ਬਦਲ ਗਿਆ | 19-10-1971 | ਦਸੰਬਰ 1972 |
16. ਜਵਾਲਾਮੁਖੀ | 29-5-1972 | ਅਗਸਤ 1972 |
17. ਸੁੰਞਾ ਆਹਲਣਾ | 25-10-1973 | ਦਸੰਬਰ 1973 |
ਦੋ ਇਤਿਹਾਸਕ ਨਾਵਲ ਲਿਖੇ- | ||
1. ਮਹਾਰਾਣੀ ਜਿੰਦਾਂ | 4-10-1960 | ਜਨਵਰੀ 1961 |
2. ਮਹਾਰਾਜਾ ਦਲੀਪ ਸਿੰਘ | 7-2-1961 | ਮਾਰਚ 1961 |
ਸੀਤਲ ਜੀ ਨੇ ਤਿੰਨ ਛੋਟੇ ਨਾਵਲ ਲਿਖੇ-‘ਸੁਰਗ ਸਵੇਰਾ’ (ਅਪ੍ਰੈਲ 1961), ‘ਹਿਮਾਲਿਆ ਦੇ ਰਾਖੇ’ (ਜੂਨ 1963), ‘ਸਭੇ ਸਾਝੀਵਾਲ ਸਦਾਇਨਿ’ (ਫਰਵਰੀ 1965)। ਸੀਤਲ ਜੀ ਦੇ ਕੁਝ ਨਾਵਲ ਅਧੂਰੇ ਰਹਿ ਗਏ, ਕਿਉਂਕਿ ਉਮਰ ਨੇ ਸਾਥ ਨਾ ਦਿੱਤਾ। ‘ਜੁੱਗ ਬਦਲ ਗਿਆ’ ਤੋਂ ਪਿੱਛੋਂ ਆਪ ਨੇ ‘ਉਹ ਪਾਗਲ ਨਹੀਂ’ ਨਾਵਲ ਲਿਖਣਾ ਸ਼ੁਰੂ ਕੀਤਾ ਸੀ ਪਰ ਉਹ ਪੂਰਾ ਨਾ ਹੋਇਆ। ਇਵੇਂ ਹੀ ਆਪ ਨੇ ਸੋਚਿਆ ਸੀ ਕਿ ਸ਼ੋਲੋਖੋਵ ਦੇ ਮਹਾਨ ਨਾਵਲ ‘ਤੇ ਡਾਨ ਵਹਿੰਦਾ ਰਿਹਾ’ ਦੀ ਤਰਜ਼ ’ਤੇ ਇਕ ਵੱਡਾ ਨਾਵਲ ਲਿਖਿਆ ਜਾਵੇ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤਕ ਦੇ ਸਿੱਖੀ ਜੀਵਨ ਨੂੰ ਬਿਆਨ ਕੀਤਾ ਜਾਵੇ। ਇਹ ਨਾਵਲ ‘ਸਿੰਘ ਬੁਕੇ’ ਸਿਰਲੇਖ ਅਧੀਨ ਲਿਖਣਾ ਸ਼ੁਰੂ ਕੀਤਾ ਸੀ, ਪਰ ਪੂਰਾ ਨਹੀਂ ਹੋਇਆ।
ਗਿਆਨੀ ਸੋਹਣ ਸਿੰਘ ਸੀਤਲ ਪਾਸ ਜੀਵਨ ਦਾ ਲੰਮਾ ਤਜਰਬਾ ਸੀ ਤੇ ਗੱਲ ਕਹਿਣ ਦਾ ਅੰਦਾਜ਼ ਉਨ੍ਹਾਂ ਨੂੰ ਆਉਂਦਾ ਸੀ। ਇਸੇ ਕਰਕੇ ਆਪ ਦੇ ਨਾਵਲ ਮਾਝੇ ਦੇ ਜੀਵਨ ਨੂੰ ਆਂਚਲਿਕ ਪੱਧਰ ’ਤੇ ਬਿਆਨ ਕਰਦੇ ਹਨ। ਆਪ ਨੇ ਸਾਰੇ ਨਾਵਲ ਮਾਲਵੇ ਦੇ ਸ਼ਹਿਰ ਲੁਧਿਆਣਾ ਵਿਚ ਬੈਠ ਕੇ ਲਿਖੇ ਪਰ ਸਾਰਿਆਂ ਨਾਵਲਾਂ ਦਾ ਘਟਨਾਕ੍ਰਮ ਅਤੇ ਪਲਾਟ ਮਾਝੇ ਦਾ ਇਲਾਕਾ ਹੈ। ਮਾਝੇ ਦੀ ਧਰਤੀ ਨਾਲ ਉਨ੍ਹਾਂ ਨੂੰ ਮੋਹ ਸੀ। ਪ੍ਰੋ. ਗੁਰਚਰਨ ਸਿੰਘ ਜੀ10 ਲਿਖਦੇ ਹਨ ਕਿ ਪੰਜਾਬੀ ਦੇ ਨਾਵਲਕਾਰਾਂ ਕੋਲ ਉਹ ਕੁਝ ਨਹੀਂ ਹੈ ਜੋ ਸੀਤਲ ਜੀ ਵਿਚ ਸੁਤੇ-ਸਿਧ ਤੇ ਆਪ ਮੁਹਾਰੇ ਹੀ ਸੀ। ਪੇਂਡੂ ਜੀਵਨ ਦਾ ਓੜਕਾਂ ਦਾ ਤਜ਼ਰਬਾ, ਲੋਕ-ਸੰਸਕਾਰਾਂ ਦੀ ਘੋਖ ਤੇ ਸਮਝ, ਬੋਲੀ ਦੀ ਸਰਲਤਾ, ਉਤਮਤਾ ਤੇ ਠੇਠਤਾ ਤੇ ਨਾਲ-ਨਾਲ ਕਹਾਣੀ ਜੋੜਨ ਤੇ ਕਹਿਣ ਦੀ ਰਸੀ ਹੋਈ ਜਾਚ ਉਨ੍ਹਾਂ ਵਿਚ ਜਮਾਂਦਰੂ ਗਲਪਕਾਰੀ ਦੇ ਗੁਣ ਸਨ। ਆਪ ਜੀਵਨ ਵਿਚ ਭਿੱਜ ਕੇ ਲਿਖਦੇ ਸਨ। ਨਾਵਲ ਲਿਖਣ ਤੋਂ ਪਹਿਲਾਂ ਆਪ ਨੇ ਅਨੇਕਾਂ ਨਾਵਲ ਪੜ੍ਹੇ ਸਨ।
ਗਿਆਨੀ ਸੋਹਣ ਸਿੰਘ ਸੀਤਲ ਦੇ ਸਾਹਿਤਕ ਸਫ਼ਰ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਦਾ ਸਾਰਾ ਜੀਵਨ ਹੀ ਸਿੱਖ ਧਰਮ, ਸਾਹਿਤ ਤੇ ਸਿੱਖ ਇਤਿਹਾਸ ਦੇ ਲੇਖੇ ਸੀ। ਆਪ ਨੇ 78-79 ਵਾਰਾਂ, 24 ਕਹਾਣੀਆਂ, 22 ਨਾਵਲ, 18 ਸਿੱਖ ਇਤਿਹਾਸ ਦੀਆਂ ਪੁਸਤਕਾਂ, 2 ਇਕਾਂਗੀ, 2 ਸਵੈ-ਜੀਵਨੀਆਂ (ਮੇਰੀ ਸਾਹਿਤਕ ਸਵੈ-ਜੀਵਨੀ ਤੇ ਵੇਖੀ ਮਾਣੀ ਦੁਨੀਆਂ) ਲਿਖੀਆਂ। ਇਸ ਸਾਹਿਤਕ ਕਾਰਜ ਬਦਲੇ ਆਪ ਨੂੰ ਜਿਊਂਦੇ-ਜੀਅ ਮਾਣ-ਸਨਮਾਣ ਵੀ ਬਹੁਤ ਮਿਲੇ ਹਨ। 1962 ਈ. ਵਿਚ ‘ਕਾਲੇ ਪਰਛਾਵੇਂ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਨਾਮ ਮਿਲਿਆ। ਭਾਰਤ ਸਰਕਾਰ ਦੀ ਐਜੂਕੇਸ਼ਨ ਮਨਿਸਟਰੀ ਵੱਲੋਂ ਤਿੰਨ ਨਾਵਲਾਂ ਨੂੰ ‘ਸੁਰਗ ਸਵੇਰਾ’ (1962), ‘ਹਿਮਾਲੀਆ ਦੇ ਰਾਖੇ’ (1964) ਤੇ ‘ਸਭੇ ਸਾਝੀਵਾਲ ਸਦਾਇਨਿ’ (1966) ਨੂੰ ਇਨਾਮ ਮਿਲੇ। ਭਾਰਤ ਸਰਕਾਰ ਦੀ ‘ਸਾਹਿਤ ਅਕਾਡਮੀ’ ਵੱਲੋਂ 1974 ਈ. ਵਿਚ ‘ਜੁੱਗ ਬਦਲ ਗਿਆ’ ਨੂੰ ਸਨਮਾਨ ਮਿਲਿਆ। 1979 ਈ. ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਆਪ ਨੂੰ ‘ਸ਼੍ਰੋਮਣੀ ਢਾਡੀ’ ਦੇ ਰੂਪ ਵਿਚ ਸਨਮਾਨਿਆ ਗਿਆ। 1983 ਈ. ਵਿਚ ਪੰਜਾਬ ਸਰਕਾਰ ਵੱਲੋਂ ‘ਸ਼੍ਰੋਮਣੀ ਢਾਡੀ ਤੇ ਸ਼੍ਰੋਮਣੀ ਸਾਹਿਤਕਾਰ’ ਵਜੋਂ ਸਨਮਾਨਿਆ ਗਿਆ।
ਲੇਖਕ ਬਾਰੇ
ਔਸਟੀ ਕਾਲੋਨੀ (ਨੇੜੇ ਐਮ.ਪੀ. ਦੀ ਕੋਠੀ), ਡਾਕ: ਪ੍ਰਤਾਪ ਨਗਰ, ਨੰਗਲ ਡੈਮ (ਰੋਪੜ)-140125
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/
- ਡਾ. ਗੁਲਜ਼ਾਰ ਸਿੰਘ ਜ਼ਹੂਰਾhttps://sikharchives.org/kosh/author/%e0%a8%a1%e0%a8%be-%e0%a8%97%e0%a9%81%e0%a8%b2%e0%a9%9b%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a9%9b%e0%a8%b9%e0%a9%82%e0%a8%b0%e0%a8%be/