ਢਾਡੀ ਕਲਾ ਦੇ ਪੈਗੰਬਰ ਗਿਆਨੀ ਸੋਹਣ ਸਿੰਘ ਸੀਤਲ 7 ਅਗਸਤ 1909 ਈ. ਨੂੰ ਸ. ਖੁਸ਼ਹਾਲ ਸਿੰਘ (ਪੰਨੂੰ) ਦੇ ਗ੍ਰਹਿ ਵਿਖੇ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਪੈਦਾ ਹੋਏ। ਆਪ ਜੀ ਆਪਣੇ ਮਾਪਿਆਂ ਦੀ ਬੜੀ ਮਹਿੰਗੀ ਸੰਤਾਨ ਸਨ। ਸੀਤਲ ਜੀ ਤੋਂ ਵੱਡੀਆਂ ਤਿੰਨ ਭੈਣਾਂ ਸਨ, ਪਰ ਭਰਾ ਕੋਈ ਨਹੀਂ ਸੀ। ਦੋ ਭੈਣਾਂ ਤੇ ਇਕ ਭਰਾ ਪਹਿਲਾਂ ਹੀ ਛੋਟੀ ਉਮਰੇ ਗੁਜ਼ਰ ਚੁਕੇ ਸਨ। ਤਰਸੇਵੇਂ ਦਾ ਪੁੱਤ ਹੋਣ ਕਰਕੇ ਸੀਤਲ ਜੀ ਦੀ ਪਾਲਣਾ-ਪੋਸਣਾ ਬੜੇ ਲਾਡਾਂ ਭਰੇ ਮਾਹੌਲ ਵਿਚ ਹੋਈ, ਕੁਦਰਤ ਨੇ ਆਪ ਜੀ ਨੂੰ ਸੁਹੱਪਣ ਨਾਲ ਰੱਜਕੇ ਮਾਲਾ-ਮਾਲ ਕੀਤਾ ਹੋਇਆ ਸੀ। ਰੰਗ ਬਹੁਤ ਗੋਰਾ, ਲਾਲ-ਲਾਲ ਭਾਹ ਮਾਰਦਾ, ਚੌੜਾ ਮੱਥਾ, ਮੋਟੇ ਨੇਤਰ, ਕੱਦ ਦਰਮਿਆਨਾ ਤੇ ਸਰੀਰ ਗੁੰਦਵਾਂ। ਉਂਞ ਤਾਂ ਹਰ ਬੱਚਾ ਆਪਣੇ ਮਾਪਿਆਂ ਨੂੰ ਬੜਾ ਪਿਆਰਾ ਲੱਗਦਾ ਹੈ, ਕਰੂਪ ਹੋਵੇ ਤਾਂ ਵੀ ਸੁਹਣਾ ਲੱਗਦਾ ਹੈ। ਪਰ ਇਧਰ ਤਾਂ ਅਕਾਲ ਪੁਰਖ ਦੀਆਂ ਬੜੀਆਂ ਰਹਿਮਤਾਂ ਸਨ। ਸੋ ਨਾਮ ਵੀ ਘਰਦਿਆਂ ਨੇ ਸੋਹਣ ਸਿੰਘ ਰੱਖ ਦਿੱਤਾ। ਆਪ ਜੀ ਬੜੇ ਠੰਡੇ ਸੁਭਾਅ ਤੇ ਸ਼ਾਂਤ ਬਿਰਤੀ ਦੇ ਮਾਲਕ ਸਨ। ਉਨ੍ਹਾਂ ਨੂੰ ਗਹਿਰ ਗੰਭੀਰ ਵੇਖ ਕੇ ਪਿੰਡ ਦੇ ਬਜ਼ੁਰਗਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸ. ਖੁਸ਼ਹਾਲ ਸਿੰਘ ਦਾ ਪੁੱਤਰ ਬੜੇ ਸੀਤਲ ਸੁਭਾਅ ਦਾ ਮਾਲਕ ਹੈ। ਉਦੋਂ ਕੋਈ ਨਹੀਂ ਸੀ ਜਾਣਦਾ ਕਿ ਆਉਣ ਵਾਲੇ ਸਮੇਂ ਵਿਚ ਸੀਤਲ ਜੀ ਇਸ ਨਾਮ ਨੂੰ ਸਾਰੇ ਸਿੱਖ ਜਗਤ ਵਿਚ ਰੌਸ਼ਨ ਕਰ ਦੇਣਗੇ।
ਉਸ ਜ਼ਮਾਨੇ ਵਿਚ ਕਸਬਿਆਂ ਤੇ ਸ਼ਹਿਰਾਂ ਵਿਚ ਤਾਂ ਸਰਕਾਰ ਅੰਗਰੇਜ਼ੀ ਨੇ ਮਿਡਲ ਤੇ ਹਾਈ ਸਕੂਲ ਖੋਲ੍ਹ ਰੱਖੇ ਸਨ ਪਰ ਪਿੰਡਾਂ ਵਿਚ ਤਾਂ ਕੋਈ ਪ੍ਰਾਇਮਰੀ ਸਕੂਲ ਵੀ ਨਹੀਂ ਸੀ ਹੁੰਦਾ। ਸੀਤਲ ਜੀ ਦੀ ਰੁਚੀ ਬਚਪਨ ਤੋਂ ਹੀ ਪੜ੍ਹਨ ਵੱਲ ਸੀ ਪਰ ਪਿੰਡ ਵਿਚ ਕਿਸੇ ਸਕੂਲ ਦੇ ਨਾ ਹੋਣ ਕਾਰਨ ਉਨ੍ਹਾਂ ਦੀ ਇਹ ਰੀਝ ਪੂਰੀ ਹੁੰਦੀ ਨਾ ਦਿੱਸੀ ਤਾਂ ਆਖਰ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਪਾਸੋਂ ਗੁਰਮੁਖੀ ਪੜ੍ਹਨੀ ਸ਼ੁਰੂ ਕੀਤੀ। ਬਾਲ ਉਪਦੇਸ਼, ਜਪੁਜੀ ਸਾਹਿਬ ਅਤੇ ਹੋਰ ਬਾਣੀਆਂ ਪੜ੍ਹੀਆਂ ਤੇ ਕੰਠ ਵੀ ਕੀਤੀਆਂ ਤੇ ਅਗਲੀ ਪੜ੍ਹਾਈ ਮਾਪਿਆਂ ’ਤੇ ਜ਼ੋਰ ਦੇ ਕੇ ਕਸੂਰ ਤੋਂ ਹਾਸਲ ਕੀਤੀ ਅਤੇ ਦਸਵੀਂ ਜਮਾਤ ਪਹਿਲੇ ਨੰਬਰ ’ਤੇ ਰਹਿ ਕੇ ਪਾਸ ਕੀਤੀ। ਨੇੜੇ-ਤੇੜੇ ਕੋਈ ਕਾਲਜ ਨਾ ਹੋਣ ਕਰਕੇ ਗ੍ਰੈਜੂਏਟ ਹੋਣ ਦੀ ਤਮੰਨਾ ਪੂਰੀ ਨਾ ਕਰ ਸਕੇ। ਜਿਸ ਪਿੰਡ ਵਿਚ ਇਕ ਵੀ ਆਦਮੀ ਪੜ੍ਹਿਆ-ਲਿਖਿਆ ਨਾ ਹੋਵੇ, ਸਭ ਅੰਗੂਠਾ ਛਾਪ ਹੀ ਹੋਣ ਉਸ ਪਿੰਡ ਵਿਚ ਮੈਟ੍ਰਿਕ ਪਾਸ ਹੋਣਾ ਵੀ ਅੱਜ ਦੇ ਪੀ.ਐੱਚ.ਡੀ. ਵਰਗਾ ਸੀ।
ਪੜ੍ਹਾਈ ਖ਼ਤਮ ਕਰਨ ਪਿੱਛੋਂ ਸੀਤਲ ਜੀ ਕਈਆਂ ਥਾਵਾਂ ’ਤੇ ਨੌਕਰੀ ਦੀ ਭਾਲ ਵਿਚ ਗਏ, ਪਰ ਗੱਲ ਨਾ ਬਣੀ। ਅਸਲ ਵਿਚ ਹਰ ਆਦਮੀ ਲਈ ਕਾਦਰ ਨੇ ਪਹਿਲਾਂ ਹੀ ਰਸਤਾ ਤਹਿ ਕਰ ਰੱਖਿਆ ਹੁੰਦਾ ਹੈ। ਜੇ ਆਪ ਜੀ ਨੂੰ, ਜਿਵੇਂ ਉਹ ਪੜ੍ਹੇ-ਲਿਖੇ ਸਨ ਕਿਸੇ ਨੌਕਰੀ ਦਾ ਵਸੀਲਾ ਬਣ ਜਾਂਦਾ ਤਾਂ ਸ਼ਾਇਦ ਉਹ ਉਥੇ ਹੀ ਪਰਚ ਕੇ ਰਹਿ ਜਾਂਦੇ ਤੇ ਕਦੀ ਵੀ ਢਾਡੀ ਨਾ ਬਣਦੇ ਜਾਂ ਬਣ ਸਕਦੇ।
ਕੁਦਰਤ ਦੇ ਰੰਗ ਪਿੰਡ ਦੇ ਮੁੰਡਿਆਂ ਨੇ ਸੀਤਲ ਜੀ ਨੂੰ ਢਾਡੀ ਜਥਾ ਬਣਾਉਣ ਲਈ ਰਾਜ਼ੀ ਕਰ ਲਿਆ। ਬਚਪਨ ਤੋਂ ਹੀ ਆਪ ਧਾਰਮਿਕ ਬਿਰਤੀ ਦੇ ਮਾਲਕ ਸਨ। ਇਸ ਲਈ ਢਾਡੀ ਜਥੇ ਰਾਹੀਂ ਧਰਮ ਪ੍ਰਚਾਰ ਹੀ ਤਾਂ ਕਰਨਾ ਹੁੰਦਾ ਹੈ, ਜੋ ਸੀਤਲ ਜੀ ਨੂੰ ਐਨ ਰਾਸ ਆਇਆ। ਉਸ ਜ਼ਮਾਨੇ ਵਿਚ ਸੀਤਲ ਜੀ ਜਿੰਨਾ ਪੜ੍ਹਿਆ-ਲਿਖਿਆ ਢਾਡੀ ਸਟੇਜ ’ਤੇ ਨਹੀਂ ਸੀ। ਬਾਬਾ ਕਿਸ਼ਨ ਸਿੰਘ ਕੜਤੋੜ, ਬਾਬਾ ਸੋਹਣ ਸਿੰਘ ਘੁੱਕੇਵਾਲੀ ਇਹ ਦੋ ਜਥੇ ਭਾਵੇਂ ਬੜੇ ਮਕਬੂਲ ਸਨ ਪਰ ਪੜ੍ਹੇ-ਲਿਖੇ ਨਹੀਂ ਸਨ। ਸੀਤਲ ਜੀ ਦੇ ਸਟੇਜ ਤੋਂ ਆਉਣ ਨਾਲ ਇਉਂ ਸਮਝੋ ਕਿ ਇਕ ਨਵੇਂ ਯੁੱਗ ਦਾ ਅਰੰਭ ਹੋ ਗਿਆ। ਅੱਜ ਜੋ ਢੰਗ ਢਾਡੀ ਜਥੇ ਪ੍ਰਚਾਰ ਹਿੱਤ ਵਰਤ ਰਹੇ ਹਨ, ਇਹ ਤਰੀਕਾ ਸੀਤਲ ਜੀ ਨੇ ਈਜਾਦ ਕੀਤਾ ਹੈ।
ਜਿੱਥੋਂ ਤਕ ਕਵਿਤਾ ਲਿਖਣ ਦਾ ਸਬੰਧ ਹੈ, ਇਹ ਰੱਬੀ ਦਾਤ ਸੀਤਲ ਜੀ ਨੂੰ ਬਚਪਨ ਤੋਂ ਹੀ ਮਿਲੀ ਹੋਈ ਸੀ। ਢਾਡੀ ਬਣਨ ਤੋਂ ਪਹਿਲਾਂ ਹੀ ਗੁਰੂ ਸਾਹਿਬਾਨ ਦੇ ਗੁਰਪੁਰਬਾਂ ’ਤੇ ਕਸੂਰ ਸ਼ਹਿਰ ਦੇ ਗੁਰਦੁਆਰਿਆਂ ਵਿਚ ਜਾ ਕੇ ਆਪਣੀਆਂ ਲਿਖੀਆਂ ਕਵਿਤਾਵਾਂ ਪੜ੍ਹਿਆ ਕਰਦੇ ਸਨ ਜਿਨ੍ਹਾਂ ਨੂੰ ਸੁਣ ਕੇ ਸੰਗਤਾਂ ਪ੍ਰਸੰਨ ਹੁੰਦੀਆਂ ਸਨ। ਮਾਨੋ ਕੁਦਰਤ ਸੀਤਲ ਜੀ ਲਈ ਢਾਡੀ ਕਲਾ ਦੀ ਪ੍ਰਦਰਸ਼ਨੀ ਕਰਨ ਲਈ ਪਲੇਟਫਾਰਮ ਤਿਆਰ ਕਰ ਰਹੀ ਸੀ।
ਢਾਡੀ ਵਾਰਾਂ ਦੇ ਸਿਰਲੇਖ ਹੇਠ ਉਨ੍ਹਾਂ ਦੀਆਂ ‘ਸੀਤਲ ਕਿਰਣਾਂ’ ਤੋਂ ਲੈ ਕੇ ‘ਸੀਤਲ ਸੁਗਾਤਾਂ’ ਤਕ 18 ਪੁਸਤਕਾਂ ਲਿਖੀਆਂ ਹੋਈਆਂ ਹਨ। ਬੈਂਤ, ਸਾਕੇ-ਵਾਰਾਂ, ਡਬਲ ਡਿਉਢ ਛੰਦ, ਸਿਰਖੰਡੀ ਛੰਦ, ਸਵੱਈਏ, ਝੋਕਾਂ, ਕਲੀਆਂ, ਗੱਡੀਆਂ ਆਦਿ ਕਵਿਤਾਵਾਂ ਦੇ ਉਹ ਸੁੰਦਰ ਨਮੂਨੇ ਹਨ ਜੋ ਬਹੁਤੇ ਉਨ੍ਹਾਂ ਦਸਮ ਗ੍ਰੰਥ ਵਿੱਚੋਂ ਲੈ ਕੇ ਢਾਡੀ ਜਗਤ ਨੂੰ ਦਿੱਤੇ ਹਨ। ਜਿੱਥੇ ਉਹ ਮਹਾਨ ਕਵੀ ਸਨ, ਉਥੇ ਉਹ ਮਹਾਨ ਨਾਵਲਕਾਰ, ਗੀਤਕਾਰ ਅਤੇ ਕਮਾਲ ਦੇ ਨਿਬੰਧਕਾਰ ਵੀ ਸਨ।
ਸਿੱਖ ਇਤਿਹਾਸ ਦੀਆਂ ਵਾਰ ਰਚਨਾਵਾਂ ਦੇ ਨਾਲ-ਨਾਲ ਆਪ ਜੀ ਨੇ ਜੀਵਨ ਦਸ ਗੁਰੂ ਪਾਤਸ਼ਾਹੀਆਂ, ਸ਼ਹੀਦ ਬਾਬਾ ਬੰਦਾ ਸਿੰਘ, ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ ਜੀ, ਸਿੱਖ ਰਾਜ ਕਿਵੇਂ ਬਣਿਆ, ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਸਿੱਖ ਰਾਜ ਤੇ ਸ਼ੇਰੇ ਪੰਜਾਬ, ਸਿੱਖ ਰਾਜ ਕਿਵੇਂ ਗਿਆ, ਸਿੱਖ ਸ਼ਹੀਦ ਤੇ ਯੋਧੇ ਆਦਿ ਇਤਿਹਾਸਕ ਪੁਸਤਕਾਂ ਬੜੀ ਖੋਜ ਕਰ ਕੇ ਲਿਖ ਕੇ ਪੰਜਾਬੀ ਬੋਲੀ ਦੀ ਝੋਲੀ ਪਾਈਆਂ ਹਨ। ਸੀਤਲ ਜੀ ਦੀ ਇਹ ਸਾਹਿਤਕ ਸੇਵਾ ਅੱਖੋਂ ਪਰੋਖੇ ਕਰਨ ਵਾਲੀ ਗੱਲ ਨਹੀਂ। ਉਹ ਆਪਣੀਆਂ ਰਚਨਾਵਾਂ ਕਰਕੇ ਅਮਰ ਹੋ ਗਏ ਹਨ। ਕਮਾਲ ਦੀ ਗੱਲ ਹੈ, ਉਨ੍ਹਾਂ ਦੀਆਂ ਰਚਨਾਵਾਂ ਨੂੰ ਸਾਹਿਤਕ ਐਵਾਰਡ ਮਿਲ ਚੁਕੇ ਹਨ ਅਤੇ ਉਹ ਪੁਸਤਕਾਂ, ਕਾਲਜਾਂ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਕੋਰਸ ਵਿਚ ਸ਼ਾਮਲ ਹਨ। ਕਦੇ ਸਮਾਂ ਸੀ, ਢਾਡੀਆਂ ਬਾਰੇ ਲੋਕ ਇਹ ਭਰਮ-ਭੁਲੇਖਾ ਰੱਖਦੇ ਸਨ ਕਿ ਢਾਡੀ ਪੰਜਾਬੀ ਦੇ ਬਾਲ ਉਪਦੇਸ਼ ਤੋਂ ਅੱਗੇ ਨਹੀਂ ਪੜ੍ਹੇ ਹੋਏ ਹੁੰਦੇ ਤੇ ਢਾਡੀ ਕਲਾ ਵਿਹਲੜਾਂ ਦਾ ਕਿੱਤਾ ਸੀ। ਇਥੋਂ ਤਕ ਸਮਝਿਆ ਜਾਂਦਾ ਕਿ ਜੋ ਕਿਸੇ ਹੋਰ ਕੰਮ ਵਿਚ ਸਫਲ ਨਾ ਹੋ ਸਕਿਆ ਉਹ ਢਾਡੀ ਬਣ ਗਿਆ। ਸੀਤਲ ਜੀ ਨੇ ਲੋਕਾਂ ਦਾ ਇਹ ਭਰਮ-ਭੁਲੇਖਾ ਦੂਰ ਕੀਤਾ।
ਅਠ੍ਹਾਰਾਂ ਨਾਵਲ ਲਿਖਣ ਵਾਲੇ ਸੀਤਲ ਜੀ ਢਾਡੀ ਵਾਰਾਂ ਦੇ ਲੇਖਕ ਹੀ ਨਹੀਂ, ਸਗੋਂ ਬ੍ਰਿਜ ਭਾਸ਼ਾ ਦੇ ਮਹਾਨ ਗਿਆਨੀ ਵੀ ਹਨ ਜਿਸ ਦਾ ਸਬੂਤ ਸਿੱਖ ਇਤਿਹਾਸ ਦੇ ਸੋਮੇ ਹਨ ਜੋ ਉਨ੍ਹਾਂ ਪੰਜਾਂ ਭਾਗਾਂ ਵਿਚ ਲਿਖ ਕੇ ਇਕ ਬਿਖੜੇ ਕਾਰਜ ਨੂੰ ਬੜਾ ਸਰਲ ਬਣਾ ਦਿੱਤਾ ਹੈ। ਆਕਾਰ ਦੇ ਪੱਖ ਤੋਂ ਭਾਈ ਸੰਤੋਖ ਸਿੰਘ ਦੇ ‘ਸੂਰਜ ਪ੍ਰਕਾਸ਼’ ਨੂੰ ਸਾਹਮਣੇ ਰੱਖੀਏ, ਜੋ ਬ੍ਰਿਜ ਭਾਸ਼ਾ ਦਾ ਮਹਾਨ ਗ੍ਰੰਥ ਹੈ ਤਾਂ ਉਹ ਪਾਠਕਾਂ ਨੂੰ ਹੈਰਾਨ ਕਰਦਾ ਹੈ। ਸੀਤਲ ਜੀ ਦਾ ਸਮੁੱਚਾ ਲਿਖਤੀ ਕਾਰਜ ਵੇਖ ਕੇ ਹੈਰਾਨਗੀ ਵੀ ਹੁੰਦੀ ਹੈ ਤੇ ਅਹਿਸਾਸ ਵੀ ਹੁੰਦਾ ਹੈ ਕਿ ਸੀਤਲ ਜੀ ਨੇ ਕਿੰਨੀ ਮਿਹਨਤ ਕੀਤੀ ਹੈ।
ਆਉ ਜ਼ਰਾ ਉਨ੍ਹਾਂ ਦੇ ਜੀਵਨ ਉੱਤੇ ਵੀ ਝਾਤ ਮਾਰ ਲਈਏ। ਮੇਰੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਜੀਵਨ ਪੂਰਨ ਗੁਰਸਿੱਖਾਂ ਵਾਲਾ ਸੀ। ਉਹ ਬਚਪਨ ਤੋਂ ਹੀ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਸਨ। ਪੰਜਾਂ ਪਿਆਰਿਆਂ ਤੋਂ ਮਿਲੇ ਗੁਰ-ਉਪਦੇਸ਼ ਨੂੰ ਉਨ੍ਹਾਂ ਸਾਰੀ ਜ਼ਿੰਦਗੀ ਨਿਭਾਇਆ। ਪੰਜਾਂ ਬਾਣੀਆਂ ਦੇ ਨਿੱਤਨੇਮ ਵਿਚ ਕਦੇ ਵਿਘਨ ਨਹੀਂ ਪਾਇਆ। ਸੀਤਲ ਜੀ ਨਸ਼ਿਆਂ ਤੋਂ ਕੋਹਾਂ ਦੂਰ ਰਹੇ। ਇਥੋਂ ਤਕ ਕਿ ਸਾਰੀ ਜ਼ਿੰਦਗੀ ਚਾਹ ਦਾ ਸਵਾਦ ਵੀ ਨਹੀਂ ਵੇਖਿਆ। ਉਨ੍ਹਾਂ ਦੀ ਸਾਦਾ ਖੁਰਾਕ ਸੀ ਅਤੇ ਦੁੱਧ-ਦਹੀਂ ਸਵੇਰੇ-ਸ਼ਾਮ ਛਕਦੇ ਸਨ। ਜਦੋਂ ਉਹ ਦੀਵਾਨ ’ਤੇ ਬਾਹਰ ਜਾਂਦੇ ਤਾਂ ਛੋਟੇ ਜਿਹੇ ਅਟੈਚੀ ਵਿਚ ਕੁਝ ਕਿਤਾਬਾਂ, ਪਹਿਨਣ ਵਾਲੇ ਕੱਪੜੇ ਤੇ ਕਾਗਜ਼ ਵਿਚ ਲਪੇਟ ਕੇ ਥੋੜ੍ਹਾ ਜਿਹਾ ਗੁੜ ਜ਼ਰੂਰ ਰੱਖਦੇ ਸਨ। ਪਰਸ਼ਾਦਾ ਛਕਣ ਪਿੱਛੋਂ ਗੁੜ ਖਾਣਾ ਉਨ੍ਹਾਂ ਦੀ ਆਦਤ ਸੀ। ਉਹ ਕਿਹਾ ਕਰਦੇ ਸਨ, ਗੁੜ ਖਾਣ ਨਾਲ ਖਾਣਾ ਹਜ਼ਮ ਹੋ ਜਾਂਦਾ ਹੈ।
ਕੁਦਰਤ ਦੇ ਹਰ ਰੰਗ ਵਿਚ ਉਹ ਰਾਜ਼ੀ-ਬਰ-ਰਜ਼ਾ ਰਹਿੰਦੇ ਸਨ। ਸੀਤਲ ਜੀ ਨੂੰ ਅੱਧੇ ਸਿਰ ਦੀ ਦਰਦ ਦੀ ਨਾਮੁਰਾਦ ਬਿਮਾਰੀ ਲੱਗ ਗਈ। ਉਹ ਦਰਦ ਅਚਾਨਕ ਹੀ ਸ਼ੁਰੂ ਹੁੰਦੀ ਤੇ ਅਚਾਨਕ ਹੀ ਕੁਝ ਸਕਿੰਟਾਂ ਵਿਚ ਹੀ ਗਾਇਬ ਹੋ ਜਾਂਦੀ। ਇਸ ਦਾ ਬਥੇਰਾ ਇਲਾਜ ਕਰਵਾਇਆ ਪਰ ਇਸ ਬਿਮਾਰੀ ਤੋਂ ਮੁਕਤ ਨਾ ਹੋ ਸਕੇ, ਦਰਦ ਦਾ ਦੌਰਾ ਪੈਂਦਾ ਸੀ ਤਾਂ ਲੈਕਚਰ ਦੇਂਦੇ-ਦੇਂਦੇ ਉਹ ਸਿਰ ਦੇ ਦਰਦ ਵਾਲੇ ਪਾਸੇ ਨੂੰ ਹੱਥ ਨਾਲ ਘੁੱਟ ਲੈਂਦੇ ਪਰ ਕਦੇ ਕਿਸੇ ਅੱਗੇ ਸ਼ਿਕਾਇਤ ਨਹੀਂ ਕੀਤੀ, ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਿਆ।
ਸਪੱਸ਼ਟ ਗੱਲ ਕਰਨੀ ਉਨ੍ਹਾਂ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਸੀ। ਵੱਡੇ ਤੋਂ ਵੱਡੇ ਆਦਮੀ ਦੇ ਮੂੰਹ ’ਤੇ ਹੀ ਉਸ ਦੀ ਕਿਸੇ ਕਮਜ਼ੋਰੀ ਦਾ ਉਲੇਖ ਕਰ ਦਿੰਦੇ ਸਨ। ਪੰਜਾਬੀ ਸੂਬੇ ਦੇ ਬਣਨ ਸਮੇਂ ਜੋ ਕੁਤਾਹੀਆਂ ਹੋਈਆਂ, ਉਨ੍ਹਾਂ ਬਾਰੇ ਉਹ ਨਿਰਸੰਕੋਚ ਚਰਚਾ ਕਰਦੇ ਰਹੇ ਹਾਲਾਂਕਿ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਉਹ ਹੋਰਨਾਂ ਸਾਥੀਆਂ ਨਾਲ ਜੇਲ੍ਹ ਵਿਚ ਵੀ ਗਏ। ਖੁਸ਼ਾਮਦ ਕਰਨੀ ਉਨ੍ਹਾਂ ਦੇ ਲਹੂ ਵਿਚ ਹੀ ਨਹੀਂ ਸੀ। ਉਹ ਅਕਸਰ ਕਿਹਾ ਕਰਦੇ ਸਨ, ਜੀਵਨ ਲਈ ਦੋ ਹੀ ਰਸਤੇ ਹਨ, ਖੁਸ਼ਾਮਦ ਕਰ ਕੇ ਜੀਣਾ ਜਾਂ ਆਪਣੇ ਵਿਚ ਗੁਣ ਪੈਦਾ ਕਰ ਕੇ ਜੀਣਾ। ਜੇ ਗੁਣਾਂ ਦੇ ਧਾਰਨੀ ਹੋਵੋਗੇ ਤਾਂ ਲੋਕ ਕਦਰ ਕਰਨਗੇ, ਇੱਜ਼ਤ-ਸਤਿਕਾਰ ਕਰਨਗੇ। ਖੁਸ਼ਾਮਦੀਆਂ ਦੀ ਕੋਈ ਇੱਜ਼ਤ ਨਹੀਂ ਕਰਦਾ।
ਪਾਕਿਸਤਾਨ ਬਣਨ ਤੋਂ ਪਹਿਲਾਂ ਉਹ ਆਪਣੇ ਪਿੰਡ ਕਾਦੀਵਿੰਡ ਵਿਚ ਤਕੜੀ ਭੋਂਇੰ, ਭਾਂਡੇ ਦੇ ਮਾਲਕ ਸਨ। ਪੰਜਾਹ-ਸੱਠ ਏਕੜ ਜ਼ਮੀਨ ਤੇ ਉਹ ਵੀ ਨਹਿਰੀ ਜਿਸ ਜੱਟ ਕੋਲ ਹੋਵੇ, ਉਹ ਤਾਂ ਬਾਦਸ਼ਾਹ ਹੁੰਦਾ ਹੈ। ਸੀਤਲ ਜੀ ਜਾਇਦਾਦ ਪੱਖੋਂ ਵੀ ਬੜੇ ਖੁਸ਼ਕਿਸਮਤ ਸਨ, ਪਾਕਿਸਤਾਨ ਬਣਨ ਨਾਲ ਉਹ ਧੂਣੇ ਦੇ ਫਕੀਰ ਬਣ ਗਏ। ਕਾਦੀਵਿੰਡ ਵਾਲੀ ਜ਼ਮੀਨ ਬਦਲੇ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਅਲਾਟਮੈਂਟ ਹੋ ਗਈ। ਇਸ ਭੱਜ-ਦੌੜ ਵਿਚ ਵੀ ਉਹ ਲਿਖਦੇ ਰਹੇ ਅਤੇ ਸਟੇਜਾਂ ’ਤੇ ਜਾਂਦੇ ਰਹੇ। ਉਹ ਸੰਕਟ ਭਰੇ ਦਿਨ ਸਨ। ਕਈਆਂ ਪਰਵਾਰਾਂ ਦਾ ਹੱਥ ਬੜਾ ਤੰਗ ਸੀ। ਸੀਤਲ ਜੀ ਅਜਿਹੇ ਕਈਆਂ ਪਰਵਾਰਾਂ ਦੀ ਮਾਇਕ ਸਹਾਇਤਾ ਕਰਦੇ ਰਹੇ। ਕਈਆਂ ਲੜਕੀਆਂ ਦੀਆਂ ਸ਼ਾਦੀਆਂ ਹੱਥੀਂ ਕੀਤੀਆਂ। ਅਜਿਹੇ ਪਰਉਪਕਾਰੀ ਜੀਉੜੇ ਕਦੇ-ਕਦੇ ਹੀ ਜਨਮ ਲੈਂਦੇ ਹਨ।
ਸਿੱਖ-ਪੰਥ ਦੀ ਸਟੇਜ ’ਤੇ ਅੱਜ ਵੀ ਕਈ ਢਾਡੀ ਜਥੇ ਪ੍ਰਚਾਰ ਕਰ ਰਹੇ ਹਨ। ਭਾਵੇਂ ਹਰੇਕ ਢਾਡੀ ਜਥੇ ਦਾ ਆਪਣੇ ਥਾਂ ਯੋਗਦਾਨ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਸੀਤਲ ਜੀ ਦੀ ਅਦਾਇਗੀ ਦਾ ਕੋਈ ਮੁਕਾਬਲਾ ਨਹੀਂ। ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਹੋਰਨਾਂ ਧਰਮਾਂ ਦੀਆਂ ਘਟਨਾਵਾਂ ਨਾਲ ਜੋੜ ਕੇ ਆਪਣੇ ਮਜ਼ਮੂਨ ਦੀ ਉਸਾਰੀ ਕਰਨੀ ਜਿਵੇਂ ਸੀਤਲ ਜੀ ਦੇ ਹਿੱਸੇ ਹੀ ਆਈ ਸੀ। ਉਹ ਬੜੇ ਥੋੜ੍ਹੇ ਤੇ ਸੰਕੋਚਵੇਂ ਸ਼ਬਦਾਂ ਵਿਚ ਬਹੁਤ ਵੱਡੀ ਗੱਲ ਕਹਿ ਜਾਂਦੇ ਸਨ। ਮਿਸਾਲ ਵਜੋਂ ਪੰਜਾਂ ਪਿਆਰਿਆਂ ਦੇ ਪ੍ਰਸੰਗ ਵਿਚ ਲਿਖੀ ਇਕ ਵਾਰ ਦੇ ਇਹ ਸ਼ਬਦ ਧਿਆਨ-ਗੋਚਰੇ ਹਨ:
‘ਨਾ ਤਾਂ ਤੱਤਿਆਂ ਥੰਮਾਂ ਨੇ ਠੰਡੇ ਹੋਵਣਾਂ ਤੇ ਨਾ ਫੁੱਲ ਬਣਨੇ ਅੰਗਿਆਰ’
‘ਜਿਵੇਂ ਅਰਜਨ ਚੰਦਰਮੁਖੀ ਚਾੜ੍ਹ ਕੇ ਸੀਸ ਦਿੱਤਾ ਜੈਦਰਥ ਦਾ ਉਡਾ’
ਇਨ੍ਹਾਂ ਦੋਹਾਂ ਉਦਾਹਰਣਾਂ ਵਿਚ ਹਿੰਦੂ ਅਤੇ ਮੁਸਲਿਮ ਇਤਿਹਾਸ ਦੀਆਂ ਘਟਨਾਵਾਂ ਮੂੰਹੋਂ ਬੋਲ ਰਹੀਆਂ ਹਨ। ਸਿੱਖ ਇਤਿਹਾਸ ਦੀ ਵਿਆਖਿਆ ਕਰਦਿਆਂ ਇਨ੍ਹਾਂ ਦਾ ਸੁਮੇਲ ਕਿੰਨੀ ਯੋਗਤਾ ਨਾਲ ਕੀਤਾ ਹੈ। ਸੀਤਲ ਜੀ ਨੇ ਗੁਰਬਾਣੀ ਦਾ ਅਧਿਐਨ ਵੀ ਬੜੀ ਸ਼ਰਧਾ ਤੇ ਸਤਿਕਾਰ ਨਾਲ ਕੀਤਾ ਹੈ। ਉਹ ਨਿਮਰਤਾ ਦੇ ਪੁੰਜ ਸਨ ਅਤੇ ਵਾਰ-ਵਾਰ ਕਿਹਾ ਕਰਦੇ ਸਨ, ‘ਹਉ ਢਾਢੀ ਵੇਕਾਰੁ ਕਾਰੈ ਲਾਇਆ॥’ ਜੀਵਨ ਦੀ ਹਰ ਸਫਲਤਾ ਵਿਚ ਉਹ ਸਤਿਗੁਰੂ ਦੀ ਮਿਹਰ ਹੋਈ ਸਮਝਦੇ ਸਨ।
ਸਾਰੀ ਜ਼ਿੰਦਗੀ ਸੀਤਲ ਜੀ ਨੇ ਸਿੱਖ ਸੰਗਤ ਵੱਲੋਂ ਦਿੱਤਾ ਜਾਂਦਾ ਸਤਿਕਾਰ ਰੱਜ-ਰੱਜ ਮਾਣਿਆ ਤੇ ਜ਼ਿੰਦਗੀ ਦੇ ਅਖੀਰਲੇ ਸਮੇਂ ਵਿਚ ਪੰਜਾਬ ਦੇ ਢਾਡੀ ਜਥਿਆਂ ਨੇ ਮਿਲ ਕੇ ਇਕ ਵੱਡਾ ਸੰਮੇਲਨ ਕੀਤਾ ਜਿਹੜਾ ਕੇਵਲ ਸੀਤਲ ਜੀ ਨੂੰ ਸਨਮਾਨਿਤ ਕਰਨ ਵਾਸਤੇ ਹੀ ਬੁਲਾਇਆ ਗਿਆ ਸੀ।
ਆਪਣੇ ਵੱਡ-ਵਡੇਰਿਆਂ ਦਾ ਮਾਣ-ਸਤਿਕਾਰ ਕਰਨਾ ਨਵੀਂ ਪੀੜ੍ਹੀ ਦਾ ਮੁੱਖ ਫਰਜ਼ ਬਣਦਾ ਹੈ। ਵੱਡਿਆਂ ਦੀਆਂ ਅਸੀਸਾਂ ਲੈ ਕੇ ਸੁਰਖ਼ਰੂ ਹੋਈਦਾ ਹੈ। ਸੀਤਲ ਜੀ ਨੇ ਲੱਖਾਂ ਅਸੀਸਾਂ ਆਪਣੇ ਢਾਡੀ ਬੱਚਿਆਂ ਨੂੰ ਦਿੱਤੀਆਂ। ਜੋ ਪਿਆਰ ਉਹ ਵੰਡ ਕੇ ਗਏ, ਅੱਜ ਉਸੇ ਸਦਕਾ ਢਾਡੀ ਯੂਨੀਅਨ ਢਾਡੀਆਂ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ ਜੀ ਦਾ ਜਨਮ-ਦਿਨ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਦਾ ਉੱਦਮ ਕਰ ਰਹੀ ਹੈ। ਇਨ੍ਹਾਂ ਥੋੜ੍ਹੇ ਜਿਹੇ ਸ਼ਬਦਾਂ ਰਾਹੀਂ ਆਪਣੇ ਸਤਿਕਾਰਯੋਗ ਬਾਪੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।
ਲੇਖਕ ਬਾਰੇ
#3838 Kamloops Street, Vancouver BC Canada V5R 6A6
- ਸ. ਕੁਲਵੰਤ ਸਿੰਘhttps://sikharchives.org/kosh/author/%e0%a8%b8-%e0%a8%95%e0%a9%81%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/October 1, 2008
- ਸ. ਕੁਲਵੰਤ ਸਿੰਘhttps://sikharchives.org/kosh/author/%e0%a8%b8-%e0%a8%95%e0%a9%81%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/November 1, 2008
- ਸ. ਕੁਲਵੰਤ ਸਿੰਘhttps://sikharchives.org/kosh/author/%e0%a8%b8-%e0%a8%95%e0%a9%81%e0%a8%b2%e0%a8%b5%e0%a9%b0%e0%a8%a4-%e0%a8%b8%e0%a8%bf%e0%a9%b0%e0%a8%98/November 1, 2008