editor@sikharchives.org
Guru Granth Sahib Ji

ਗੁਰੂ ਮਾਨਿਓ ਗ੍ਰੰਥ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਜੀਵਨ-ਜਾਚ, ਮਨੁੱਖੀ ਵਿਕਾਸ ਦੇ ਨਿਯਮ ਦਰਸਾਏ ਗਏ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਨ 1604 ਈ. ਨੂੰ ਕੀਤੀ ਗਈ ਸੀ। ਇਸ ਵਿਚ ਗੁਰੂ ਸਾਹਿਬਾਨ, ਭੱਟਾਂ ਅਤੇ ਗੁਰੂ-ਘਰ ਦੇ ਨਿਕਟਵਰਤੀ ਸਿੱਖਾਂ ਦੀ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਗੁਰੂ ਜੀ ਵੱਲੋਂ ਇਸ ਬਾਣੀ ਨੂੰ 30 ਰਾਗਾਂ ਵਿਚ ਦਰਜ ਕੀਤਾ ਗਿਆ। ਦਸਮ ਪਾਤਸ਼ਾਹ ਨੇ ਦਮਦਮੀ ਬੀੜ ਦੀ ਸੰਪਾਦਨਾ ਕਰਦਿਆਂ ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ ਜੈਜਾਵੰਤੀ ਰਾਗ ’ਚ ਦਰਜ ਕੀਤੀ ਤਾਂ ਰਾਗਾਂ ਦੀ ਗਿਣਤੀ 31 ਹੋਈ। ਕੇਵਲ ਕੁਝ ਹੀ ਪਾਵਨ ਬਾਣੀ ਰਾਗ-ਵੰਡ ਦੇ ਘੇਰੇ ਤੋਂ ਬਾਹਰ ਰੱਖੀ ਗਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਜੀਵਨ-ਜਾਚ, ਮਨੁੱਖੀ ਵਿਕਾਸ ਦੇ ਨਿਯਮ ਦਰਸਾਏ ਗਏ ਹਨ। ਕੁਦਰਤ ਦਾ ਸਤਿਕਾਰ, ਕੁਦਰਤ ਨਾਲ ਇਕਸੁਰਤਾ, ਹੁਕਮ ਅਰਥਾਤ ਸਦੀਵੀ ਵਿਆਪਕ ਵਿਵਸਥਾ ਅਨੁਸਾਰ ਚੱਲਣਾ, ਇੰਦਰੀਆਂ ਅਤੇ ਮਨ ’ਤੇ ਨਿਯੰਤਰਣ, ਸੰਜਮ ਅਤੇ ਸਹਿਜ ਵਿਕਾਸ ਦੇ ਸਿਧਾਂਤ ਹਨ। ਕਿਰਤ ਕਰਨਾ, ਵੰਡ ਕੇ ਛਕਣਾ, ਨਾਮ ਜਪਣਾ, ਸਰਬੱਤ ਦਾ ਭਲਾ ਚਿਤਵਨਾ ਅਤੇ ਭਰਾਤਰੀ ਭਾਵ ਉਸਾਰਨ ਦੇ ਸਿਧਾਂਤ ਇਸ ਅਨਮੋਲ ਗ੍ਰੰਥ ਵਿਚ ਦਰਜ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਦੀ ਰੋਸ਼ਨੀ ਵਿਚ ਪ੍ਰੇਮ, ਸਹਿਨਸ਼ੀਲਤਾ, ਸ਼ਾਂਤੀਪੂਰਵਕ ਸਹਿਹੋਂਦ, ਭਿੰਨ-ਭੇਦ ਤੋਂ ਮੁਕਤੀ ਅਤੇ ਹਰ ਇਕ ਨਾਲ ਪ੍ਰੇਮ ਪੂਰਵਕ ਸੰਵਾਦ ਦੇ ਸਿਧਾਂਤ ਤੋਂ ਜਾਣੂ ਹੋਣ ਦੀ ਸਖ਼ਤ ਜ਼ਰੂਰਤ ਹੈ। ਹਰ ਕਿਸਮ ਦੇ ਅਨਿਆਇ, ਨਾਬਰਾਬਰੀ, ਲੁੱਟ-ਖਸੁੱਟ ਅਤੇ ਗ਼ੁਲਾਮੀ ਵਿਰੁੱਧ ਡਟਣ ਅਤੇ ਸਰਬੱਤ ਦੇ ਭਲੇ ਦਾ ਰਾਜ ਉਸਾਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨੁੱਖ ਨੂੰ ਦਿੱਤੀ ਗਈ ਸਿੱਖਿਆ ਬਹੁਤ ਵਡਮੁੱਲੀ ਹੈ। ਜਿੱਥੇ ਇਸ ਵਿਚ ਮਨੁੱਖ ਲਈ ਮੁਕਤੀ ਦਾ ਰਾਹ ਦੱਸਿਆ ਗਿਆ ਹੈ, ਉੱਥੇ ਮਨੁੱਖ ਲਈ ਆਪਣੇ ਆਪ ਨੂੰ ਦੂਸਰਿਆਂ ਦੀ ਸੇਵਾ ਵਾਸਤੇ ਸਮਰਪਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਬੰਧੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਨੂੰ ਗੁਰੂ ਦੀ ਪਦਵੀ ਪ੍ਰਾਪਤ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦਿੱਤੀ। ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਉਤਰਾਧਿਕਾਰ ਦੀ ਲੜੀ ਨੂੰ ਸਦਾ ਲਈ ਸਮਾਪਤ ਕਰ ਦਿੱਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਦੇ ਸਬੰਧ ਵਿਚ ਗੁਰਮੁਖੀ ਅਤੇ ਫਾਰਸੀ ਦੇ ਸੋਮਿਆਂ ਵਿਚ ਉਲੇਖ ਮਿਲਦੇ ਹਨ। ਗੁਰਮੁਖੀ ਸੋਮਿਆਂ ਵਿਚ ਬਾਬਾ ਸਰੂਪ ਦਾਸ ਭੱਲਾ, ਜੋ ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਹਨ, ਨੇ ਆਪਣੀ ਪੁਸਤਕ ‘ਮਹਿਮਾ ਪ੍ਰਕਾਸ਼’ (1774 ਈ.) ਵਿਚ ਸ੍ਰੀ ਗ੍ਰੰਥ ਸਾਹਿਬ ਦੀ ਗੁਰਿਆਈ ਸੰਬੰਧੀ ਚਰਚਾ ਕਰਦਿਆਂ ਲਿਖਿਆ ਹੈ:

ਤਬ ਸਿੱਖਾਂ ਨੇ ਪੁਛਾ ਜੋ ਅਬ ਦਰਸਨ ਕਹਾਂ ਕਰਹਿ। ਸਤਿਗੁਰ ਦੀਨ ਦਿਆਲ ਬਚਨ ਕੀਤਾ। ਜੋ ਦਸ ਸਰੂਪ ਹਮਾਰੇ ਪੂਰਨ ਪਏ। ਅਬ ਮੇਰੀ ਜਾਹਗਾ ਗੁਰੂ ਗਿਰੰਥ ਸਾਹਿਬ ਕੋ ਜਾਨਣਾ। ਜਿਸ ਨੇ ਮੇਰੇ ਸੋ ਬਾਤ ਕਰਨੀ ਹੋਇ ਤੇ ਆਦਿ ਗ੍ਰੰਥ ਸਾਹਿਬ ਕਾ ਪਾਠ ਕਰਨਾ। ਮੇਰੇ ਸੋ ਬਾਤਾ ਹੋਵੈਗੀ।

ਭਾਈ ਕੇਸਰ ਸਿੰਘ ਛਿੱਬਰ ਦੁਆਰਾ ਲਿਖਿਆ ਗਿਆ ਗ੍ਰੰਥ ‘ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ’ ਜੋ ਸੰਨ 1769-70 ਈ. ਨੂੰ ਲਿਖਿਆ ਗਿਆ ਸੀ ਵਿਚ ਵਰਣਨ ਮਿਲਦਾ ਹੈ ਕਿ ਗੁਰੂ-ਘਰ (ਗੁਰੂ ਗੋਬਿੰਦ ਸਿੰਘ ਜੀ) ਦੀਆਂ ਵਹੀਆਂ ਵੀ ਇਸ ਗ੍ਰੰਥ ਨੂੰ ਲਿਖਣ ਵਿਚ ਸਹਾਈ ਹੋਈਆਂ ਹਨ। ਇਸ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਮੇਂ ਦਾ ਜ਼ਿਕਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ-ਪਦਵੀ ਦੇਣ ਦਾ ਪ੍ਰਮਾਣ ਮਿਲਦਾ ਹੈ:

ਦੁਇ ਜਾਮ ਰਾਤਿ ਗਈ ਤਾ ਕੁਸਾ ਵਿਛਾਈ।
ਸਿੱਖਾਂ ਹਥਿ ਜੋੜ ਕਰਿ ਬੇਨਤੀ ਪੁਛਾਈ।
ਗਰੀਬ ਨਿਵਾਜ ਸਿਖ ਸੰਗਤ ਹੈ ਤੇਰੀ ਇਸ ਦਾ ਕੀ ਹਵਾਲੁ।
ਬਚਨ ਕੀਤਾ ਗੁਰੂ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲਿ।
ਗੁਰੂ ਹੈ ਖਾਲਸਾ ਖਾਲਸ ਗੁਰੂ ਹੈ ਗੁਰੂ।
ਗੋਦੀ ਸ੍ਰੀ ਸਾਹਿਬ ਜੀ ਵੀ ਮਾਤਾ ਦੀ ਪਾਇ ਭਜਨ ਕਰਨਾ ਸੁਰੂ।
ਆਪਸ ਵਿਚ ਕਰਨਾ ਪਿਆਰੁ ਪੰਥ ਦੇ ਵਾਧੇ ਨੂੰ ਲੋਚਨਾ।
ਆਗਿਆ ਗ੍ਰੰਥ ਸਾਹਿਬ ਦੀ ਕਰਨੀ ਸ਼ਬਦ ਦੀ ਖੋਜਨਾ। (ਸਫ਼ਾ 121)

ਸੁਣੋ ਭਾਈ ਸਿਖੋ ਐਸਾ ਸੰਤ ਬਾਬਾ ਨਾਨਕ ਸਚੁ ਜਾਨੋ।
ਦਸੇ ਮਹਲ ਇਕ ਬਾਬਾ ਨਾਨਕ ਜੀ ਪਛਾਨੋ।
ਦਸਵਾ ਪਾਤਸਾਹ ਗਦੀ ਗੁਰਿਆਈ ਦੀ ਗ੍ਰੰਥ ਸਾਹਿਬ ਨੂੰ ਦੇ ਹੈ ਗਹਿਆ।
ਅਜੁ ਪ੍ਰਤਖ ਗੁਰੂ ਅਸਾਡਾ ਗ੍ਰੰਥ ਸਾਹਿਬ ਹੈ ਸੋਈ ਗਇਆ ਜੋ ਗ੍ਰੰਥੋ ਗਇਆ।
ਜਿਤਨਾ ਹੋਇ ਆਵੈ ਤਿਤਨਾ ਗ੍ਰੰਥ ਸਾਹਿਬ ਦੇ ਬਚਨ ਕਮਾਣੇ।
ਬਿਨਾ ਗ੍ਰੰਥ ਕੋਈ ਹੋਰ ਨ ਜਾਣੇ।
ਬਚਨ ਕੀਤਾ ਗ੍ਰੰਥ ਸਾਹਿਬ ਹੈ ਓਹੁ ਏਹੁ ਅਸਾਡੀ ਹੈ ਖੇਡ।
ਨਾਨਕ ਨ ਮਿਲਾਇਆ ਆਹਾ ਪਿਆਰਾ ਕਉਨ ਜਾਣੇ ਭੇਦ। (ਸਫ਼ਾ 164)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਬੰਧੀ ਉੱਪਰ ਲਿਖੀ ਗਈ ਰਚਨਾ ‘ਗੁਰ ਬਿਲਾਸ ਪਾਤਸ਼ਾਹੀ 10’ ਦੇ ਲੇਖਕ ਭਾਈ ਕੋਇਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਬਾਰੇ ਜ਼ਿਕਰ ਕਰਦਿਆਂ ਲਿਖਦੇ ਹਨ:

ਤਾਂ ਤੇ ਘੋਰ ਕਲੂ ਕੇ ਮਾਹੀ।
ਸੰਤ ਦੁਰੈਂ ਰਵਿ ਘਨ ਸਮ ਤਾਹੀ।
ਤਾਂ ਤੇ ਜੋ ਮੁਹ ਸਿਖ ਸੁਜਾਨਾ।
ਮਾਨੇ ਗੁਰੂ ਗ੍ਰੰਥ ਭਗਵਾਨਾ॥
ਮੋ ਨਿਜ ਬਪੁ ਯਾ ਸਮ ਕੋ ਨਾਹੀ।
ਪੂਰਬ ਸ੍ਰੀ ਗੁਰ ਨਾਨਕ ਆਹੀ।
ਪੂਰਬ ਸ੍ਰੀ ਗੁਰ ਨਾਨਕ ਦੇਵਾ।
ਬਾਂਛਾ ਬੰਦ ਸਰੂਪ ਨ ਭੇਵਾ।
ਬੁਢੇ ਰਾਮ ਦਾਸ ਪ੍ਰਤਿ ਜੋਯ।
ਆਗਯਾ ਕਰੀ ਆਪ ਗੁਰ ਸੋਯ॥
ਦਸ ਅਵਤਾਰ ਹਮਾਰੇ ਜਾਨ।
ਤੁਮਰੀ ਕੁਲ ਹੋਇ ਹੈ ਪਰਧਾਨ॥
ਦਸ ਅਵਤਾਰ ਗੁਪਤ ਹ੍ਵੈ ਜਾਂਹਿ।
ਕੁਲ ਨਹਿ ਪ੍ਰਗਟੈਗੀ ਪਨਿ ਤਾਹਿ।
ਗੁਰਿਆਈ ਕਾ ਨਹਿ ਅਬ ਕਾਲ।
ਤਿਲਕ ਨ ਦੇਵਹਿਗੇ ਕਿਸ ਭਾਲ॥
ਸਰਬ ਸੁ ਸੰਗਤਿ ਖਾਲਸ ਮਾਨ।
ਸ੍ਰੀ ਅਸਿਕੇਤੁ ਗੋਦ ਮੈ ਜਾਨ॥
ਲੜ ਪਕੜਾਇ ਸਬਦ ਕਾ ਰੂਪ।
ਜੋ ਮਾਨੇ ਸੋ ਸਿੰਘ ਅਨੂਪ॥
ਦਰਸਨ ਗੁਰ ਕਾ ਹੈ ਸਵਧਾਨ।
ਸ੍ਰੀ ਗ੍ਰੰਥ ਜੀ ਸਾਹਿਬ ਮਾਨ॥
ਲੈ ਆਵੋ ਤਾ ਕੋ ਯਾ ਥਾਨਾ।
ਲੈ ਆੲੈ ਗੁਰ ਦਸਮ ਸੁਜਾਨਾ॥
ਸੁਨ ਕੈ ਕਹਾ ਏਹੁ ਇਤਿਹਾਸ।
ਚਲੋ ਆਦਿ ਸਤਿਗੁਰ ਕੇ ਪਾਸ।
ਤਬ ਪੁਨਿ ਆਪ ਉਠੇ ਸਭ ਸੰਗਾ।
ਪੈਸੇ ਪਾਂਚ ਨਲੀਏਰ ਸੁ ਅੰਗਾ॥
ਲੈ ਕੇ ਤਾਹਿ ਅਰਪ ਕੀ ਬੰਦਨ।
ਪ੍ਰਦੱਖਨ ਕਰਤੇ ਮਨ ਰੰਗਨ।
ਕਹਾ, “ਜੋਇ ਬਚ ਕੀਨਾ ਚਾਹੇ।
ਪਾਠ ਕਰੈ ਗੁਰ ਕੋ ਸੁਖ ਪਾਏ॥
ਯਾ ਸਮ ਔਰ ਕੋਈ ਗੁਰ ਨਾਹੀ।
ਬਿਨਾ ਕਾਨ ਸਚੁ ਬਾਕ ਭਨਾਹੀ॥
ਯੱਦੀਪ ਰਾਜੈ ਕੈ ਹੋਇ ਪਾਸ।
ਤਦਪਿ ਨ ਚਾਹੈ ਮਾਨਤ ਤਾਸ॥

ਪ੍ਰੋ. ਪਿਆਰਾ ਸਿੰਘ ਪਦਮ ਦੁਆਰਾ ਸੰਪਾਦਿਤ ਰਹਿਤਨਾਮਿਆਂ ਵਿਚ ਬਹੁਤ ਥਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਵੇਂ ਗੁਰੂ ਜੀ ਦੁਆਰਾ ਗੁਰਗੱਦੀ ਦੇਣ ਦਾ ਉਲੇਖ ਮਿਲਦਾ ਹੈ, ਜਿਵੇਂ:

ਗੁਰੂ ਕਾ ਸਿੱਖ… ਗ੍ਰੰਥ ਸਾਹਿਬ ਨੂੰ ਗੁਰੂ ਕਰ ਜਾਣੇ।
ਆਗਿਆ ਗੁਰੂ ਗ੍ਰੰਥ ਸਾਹਿਬ ਕੀ ਮਨਣੀ। (ਰਹਿਤਨਾਮਾ ਭਾਈ ਚੌਪਾ ਸਿੰਘ, ਬਚਨ 138-139)

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦਾ ਉਲੇਖ ਨਾ ਕੇਵਲ ਗੁਰਮੁਖੀ ਸੋਮਿਆਂ ਵਿਚ ਹੀ ਮਿਲਦਾ ਹੈ ਸਗੋਂ ਫਾਰਸੀ ਸੋਮੇ ਵੀ ਇਸ ਦਾ ਉਲੇਖ ਕਰਨੋਂ ਨਹੀਂ ਰਹਿੰਦੇ। ‘ਉਮਦਾ-ਉਤ-ਤਵਾਰੀਖ’ ਦੇ ਲੇਖਕ ਸ੍ਰੀ ਸੋਹਨ ਲਾਲ ਸੂਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਗੁਰੂ ਦੇ ਰੂਪ ਵਿਚ ਥਾਪਣ ਦਾ ਜ਼ਿਕਰ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਸਮੇਂ ਇਕ ਸਿੱਖ ਵੱਲੋਂ ਬੇਨਤੀ ਕੀਤੀ ਗਈ ਕਿ ਹਜ਼ੂਰ: ਕਿਸ ਨੂੰ ਸਾਡਾ ਗੁਰੂ (ਕੁਦਾਮ ਕਸਰਾ) ਨਿਯਤ ਕੀਤਾ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਰਮਾਇਆ”

ਗੁਰੂ ਗ੍ਰੰਥ ਜੀ ਅਸਲ।
ਦਰਮਿਆਨ ਗ੍ਰੰਥ ਵਾ ਗੁਰੂ ਹੀਚ ਫਰਕੇ ਨੀਸਤ।
ਅਜ਼ ਦੀਦਾਰਿ ਫੁਰਹਤ ਆਸਾਰਿ ਸਾਹਿਬ ਬਾਇਦ ਨਬੂਦ।

ਅਰਥਾਤ : ਅਸਲ ਗੁਰੂ ਗ੍ਰੰਥ ਜੀ ਨੂੰ ਸਮਝਣਾ ਹੈ। ਗੁਰੂ ਗ੍ਰੰਥ ਅਤੇ ਗੁਰੂ ਦੇ ਵਿਚਾਰ ਵਿਚ ਕੋਈ ਫਰਕ ਨਹੀਂ ਹੈ। ਗ੍ਰੰਥ ਜੀ ਦੇ ਦਰਸ਼ਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੁਸ਼ੀਆਂ ਭਰਪੂਰ ਦਰਸ਼ਨ ਹੋਣਗੇ।

ਇਸੇ ਤਰ੍ਹਾਂ ਹੀ ਤਾਰੀਖਿ-ਲਹਿਰਲੁ-ਮੱਵਾਜ ਦੇ ਪਹਿਲੇ ਹਿੱਸੇ ਅਤੇ ਤਾਰੀਖਿ ਮੁਜ਼ੱਫ਼ਰੀ ਦੇ ਪੰਨਾ 208 ’ਤੇ ਜ਼ਿਕਰ ਮਿਲਦਾ ਹੈ:

ਬਾਦ ਅਜ ਓ ਬ – ਇਹਤਕਾਦਿ ਈ ਜਮਾਇ।
ਇਤਲਾਕਿ ਗੁਰੂ ਵਾ ਕਰਾਮਾਤਿ ਬਾਤਨੀ ਬਕਖਸਤ,
ਵਾ ਗ੍ਰੰਥ ਮਜਕੂਰ ਬ-ਜਾਇ ਗੁਰੂ ਮੁੱਕਰਰ ਸੁਦਾ।

ਅਰਥਾਤ : ਉਨ੍ਹਾਂ ਤੋਂ ਬਾਅਦ ਦੇ ਇਸ (ਸਿੱਖ) ਜਮਾਤ ਦੇ ਯਕੀਨ ਅਨੁਸਾਰ ਗੁਰੂ ਨੀਯਤ ਕਰਨਾ ਅਤੇ ਮਨੁੱਖੀ ਕਰਾਮਾਤ ਸਮਾਪਤ ਹੋ ਗਈ ਹੈ ਅਤੇ ਗ੍ਰੰਥ ਜੀ ਗੁਰੂ ਦੇ ਥਾਂ ਨੀਯਤ ਕੀਤੇ ਗਏ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦਿੱਤੀ ਜਾਣੀ ਕੇਵਲ ਇਕ ਇਤਿਹਾਸਕ ਫੈਸਲਾ ਹੀ ਨਹੀਂ ਸਗੋਂ ਇਸ ਦੇ ਆਧਾਰ ਵਿਚ ਸਿੱਖ-ਸਿਧਾਂਤ ਕਾਰਜਸ਼ੀਲ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗੁਰੂ ਤੋਂ ਭਾਵ ਦੇਹਧਾਰੀ ਗੁਰੂ ਨਹੀਂ ਸਗੋਂ ਸ਼ਬਦ-ਗੁਰੂ ਹੈ। ਗੁਰਬਾਣੀ ਵਿਚ ‘ਗੁਰੂ’ ਪਰਮਾਤਮਾ ਲਈ, ਪਰਮਾਤਮਾ ਦੀ ਆਵਾਜ਼ ਲਈ ਤੇ ਸ਼ਬਦ ਲਈ ਵਰਤਿਆ ਗਿਆ ਹੈ। ਕਿਤੇ ਵੀ ਗੁਰੂ ਨੂੰ ਦੇਹਧਾਰੀ ਗੁਰੂ ਦੇ ਅਰਥਾਂ ਵਿਚ ਨਹੀਂ ਪ੍ਰਸਤੁਤ ਕੀਤਾ ਗਿਆ ਹੈ। ਸਨਾਤਨ ਜਨਮ ਸਾਖੀਆਂ ਵਿਚ ਵੀ ਗੁਰੂ ਨੂੰ ਵਿਅਕਤੀ ਦੇ ਰੂਪ ਵਿਚ ਨਹੀਂ ਦਰਸਾਇਆ ਗਿਆ। ਬੀ-40 ਜਨਮਸਾਖੀ ਅਨੁਸਾਰ ‘ਗੁਰੂ ਭਾਣੇ ਦਾ ਖਸਮ’ ਹੈ। ਗੁਰੂ ‘ਮਨੁੱਖ ਦਾ ਜਾਮਾ ਜੁਗਾਂ ਵਿਚ ਪੈਨ ਬੈਠਾ ਹੈ। ਪਰ ਰਹੇਗਾ ਸਾਂਗ ਵਿਚ”। ਸਪੱਸ਼ਟ ਹੈ ਕਿ ਗੁਰੂ ਵਿਅਕਤੀ ਨਹੀਂ ਹੈ। ਸਗੋਂ “ਹਰਿ ਹੈ ਸੋ ਗੁਰੂ ਹੈ, ਗੁਰੂ ਉਪਾਇ ਗੁਰੂ ਹੀ ਖਪਾਇ।” (ਪੰਨਾ 92) ਦੂਜੇ ਪਾਸੇ ਸ੍ਰੀ ਗੁਰੂ ਰਾਮਦਾਸ ਜੀ ਨੇ ਨਾ ਕੇਵਲ ਬਾਣੀ ਨੂੰ ਗੁਰਬਾਣੀ ਕਿਹਾ ਹੈ ਸਗੋਂ ਗੁਰਬਾਣੀ ਦੀ ਰੀਸ ਵਿਚ ਲਿਖੀ ਗੁਰੂਆਂ ਦੇ ਵਿਰੋਧੀਆਂ ਦੀ ਬਾਣੀ ਨੂੰ ਕੱਚੀ ਬਾਣੀ ਕਿਹਾ ਹੈ:

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ (ਪੰਨਾ 304)

ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਮਗਰੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਪੋਥੀ ਨੂੰ ਪਰਮੇਸਰ ਦੀ ਪਦਵੀ ਦਿੱਤੀ ਹੈ। ਉਹ ਲਿਖਦੇ ਹਨ:

ਪੋਥੀ ਪਰਮੇਸਰ ਕਾ ਥਾਨੁ॥ (ਪੰਨਾ 1226)

ਸਪੱਸ਼ਟ ਹੈ ਕਿ ਗੁਰੂ ਜੀ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਰਜ ਵੀ ਪਰਮਾਤਮਾ ਨਾਲ ਜੁੜਨ ਦਾ ਮਾਧਿਅਮ ਹੈ। ਸ੍ਰੀ ਗੁਰ ਸੋਭਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ਰਮਾਨ ਕਰਦੇ ਹਨ:

ਖ਼ਾਲਸ ਮੇਰੇ ਰੂਪ ਹੈ ਹੌਂ ਖ਼ਾਲਸ ਕੇ ਪਾਸਿ ਆਦਿ ਅੰਤਿ ਹੀ ਹੋਤ ਹੈ ਖਾਲਸ ਮੈ ਪ੍ਰਗਾਸ॥ (ਸਫ਼ਾ 170)

ਸ੍ਰੀ ਗੁਰ ਸੋਭਾ ਵਿਚ ਇਸ ਬਾਰੇ ਦਸਮ ਗੁਰੂ ਜੀ ਦੁਆਰਾ ਗੁਰਿਆਈ ਪ੍ਰਤੱਖ ਰੂਪ ਵਿਚ ਗੁਰੂ-ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਦੱਸੀ ਗਈ ਹੈ।

ਸਪੱਸ਼ਟ ਹੈ ਕਿ ਖਾਲਸਾ ਸੰਗਤ (ਪੰਥ) ਦਾ ਹੀ ਬਦਲ ਹੈ। ਦੂਜੇ ਪਾਸੇ ਗੁਰੂ ਦੀ ਥਾਂ ਉਸ ਦੀ ਬਾਣੀ ਜਾਂ ਪੋਥੀ ਹੈ, ਜੋ ਪਰਮੇਸ਼ਰ ਦੀ ਜਗ੍ਹਾ ਹੈ। ਇਸ ਸਥਿਤੀ ਵਿਚ ਸੁਭਾਵਿਕ ਜਾਪਦਾ ਹੈ ਕਿ ਗੁਰੂ ਤੋਂ ਬਾਅਦ ਗੁਰੂ ਦੀ ਪਦਵੀ ਲੈਣ ਦੇ ਸਿਧਾਂਤਕ ਹੱਕਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪਣਾ ਸਿੱਖ-ਸਿਧਾਂਤ ਦੇ ਅਨੁਰੂਪ ਹੈ, ਜਿਸ ਦੇ ਅਨੁਸਾਰ ਚੱਲਣ ਲਈ ਪੰਥ (ਖਾਲਸਾ) ਨੂੰ ਕਿਹਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦੇਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਾ ਉਦੇਸ਼ ਇਹ ਹੈ ਕਿ ਗੁਰੂ ਸਾਹਿਬਾਨ ਦੀ ਰਹਿਨੁਮਾਈ ਤੋਂ ਬਾਅਦ ਸਿੱਖਾਂ ਦੀ ਰਹਿਨੁਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਪਾਵਨ ਬਾਣੀ ਦੁਆਰਾ ਹੀ ਸੰਭਵ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤਾਂ, ਸੂਫ਼ੀ ਫਕੀਰਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਜਿਸ ਨੂੰ ਗੁਰੂਆਂ ਦੀ ਬਾਣੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ-ਪਦਵੀ ਦੇਣ ਦਾ ਇਹ ਅਰਥ ਵੀ ਹੈ ਕਿ ਇਸ ਵਿਚ ਸੰਕਲਿਤ ਸਾਰੀ ਬਾਣੀ ਸਿੱਖਾਂ ਦੀ ਰਹਿਨੁਮਾਈ ਕਰਨ ਯੋਗ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਭਗਤ ਸਾਹਿਬਾਨ ਅਤੇ ਭੱਟ ਸਾਹਿਬਾਨ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨਾ ਤੇ ਫਿਰ ਦਸਮ ਗੁਰੂ ਜੀ ਵੱਲੋਂ ਇਸ ਨੂੰ ਗੁਰੂ ਦੀ ਪਦਵੀ ਪ੍ਰਦਾਨ ਕਰਨਾ ਸਿੱਖ- ਪੰਥ ਦੀ ਸਾਂਝੀਵਾਲਤਾ ਤੇ ਖੁੱਲ੍ਹੇਪਨ ਵੱਲ ਵੀ ਸੰਕੇਤ ਕਰਦਾ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਪਿੰਡ ਤੇ ਡਾਕ: ਘਣੀਏ ਕੇ ਬਾਂਗਰ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)