ਭਗਤ ਨਾਮਦੇਵ ਜੀ ਕੋਲ ਕਲਿਆਣਕਾਰੀ ਚਿੰਤਨ ਅਤੇ ਸਮਾਜ ਨੂੰ ਘੋਖਣ ਵਾਲੀ ਦ੍ਰਿਸ਼ਟੀ ਹੋਣ ਦੇ ਨਾਲ-ਨਾਲ ਇਕ ਮਹਾਨ ਕਵੀ ਦੇ ਗੁਣ ਵੀ ਸਨ। ਆਪ ਦਾ ਦ੍ਰਿਸ਼ਟੀਕੋਣ ਅਤਿ ਵਿਸ਼ਾਲ ਅਤੇ ਮਾਨਵਵਾਦੀ ਸੀ। ਆਪ ਨੇ ਸੱਚ ਨੂੰ ਪਛਾਣਿਆ ਅਤੇ ਲੋਕ-ਕਲਿਆਣ ਹਿਤ ਭ੍ਰਮਣ ਵੀ ਕੀਤਾ। ਫਲਸਰੂਪ ਉਹ ਸਾਡੇ ਲੋਕ-ਵਿਰਸੇ ਨਾਲ ਜੁੜੇ ਅਤੇ ਇਸ ਦਾ ਇਕ ਅੰਗ ਹੀ ਬਣ ਗਏ।
ਵਿਦਵਾਨਾਂ ਲਈ ਇਹ ਗੱਲ ਇਕ ਆਮ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਭਗਤ ਨਾਮਦੇਵ ਜੀ ਮਹਾਂਰਾਸ਼ਟਰ ਛੱਡ ਕੇ ਪੰਜਾਬ ਵਾਲੇ ਪਾਸੇ ਕਿਉਂ ਆਏ? ਜਦੋਂ ਅਸੀਂ ਭਗਤ ਨਾਮਦੇਵ ਜੀ ਦੇ ਸਮਕਾਲੀ ਸਮਾਜ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਮੱਧ-ਯੁੱਗ ਵਿਚ ਉੱਤਰੀ ਭਾਰਤ ਵਿਚ ਅਨੇਕਾਂ ਕਾਰਨਾਂ ਕਰਕੇ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜੀਵਨ ਅਸਤ-ਵਿਅਸਤ ਹੋ ਚੁੱਕਾ ਸੀ। ਰਾਜਨੀਤਿਕ ਉੱਥਲ-ਪੁੱਥਲ ਦੇ ਕਾਰਨ ਸਮੁੱਚਾ ਖਿੱਤਾ ਅਨੇਕਾਂ ਭਾਗਾਂ ਵਿਚ ਵੰਡਿਆ ਜਾ ਰਿਹਾ ਸੀ। 12ਵੀਂ ਸਦੀ ਦੇ ਅੰਤ ਵਿਚ ਰਾਜਾ ਪ੍ਰਿਥਵੀ ਚੰਦ ਅਤੇ ਜੈ ਚੰਦ ਦੇ ਆਪਸੀ ਵਿਰੋਧ ਦੇ ਕਾਰਨ ਪੰਜਾਬ ਵਿਚ ਜਨ-ਜੀਵਨ ਨੂੰ ਇਕ ਢਾਹ ਜਿਹੀ ਲੱਗ ਰਹੀ ਸੀ। ਇਹ ਗੱਲ ਵੀ ਆਪਣੇ ਥਾਂ ਸਹੀ ਹੈ ਕਿ ਜਦੋਂ ਧਰਮ ਅਤੇ ਸਮਾਜ ਨਿੱਘਰ ਰਹੇ ਹੋਣ ਤਾਂ ਕਲਿਆਣਕਾਰੀ ਚਿੰਤਕਾਂ ਅਤੇ ਸੰਤਾਂ-ਭਗਤਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ। ਅਜਿਹੀ ਹੀ ਸਥਿਤੀ ਨੂੰ ਵੇਖ ਕੇ ਭਗਤ ਨਾਮਦੇਵ ਜੀ ਨੇ ਉੱਤਰ ਵਾਲੇ ਪਾਸੇ ਭ੍ਰਮਣ ਕਰਨ ਦਾ ਇਰਾਦਾ ਕੀਤਾ। ਡਾ. ਛੰ. ਕੇ. ਅਡਕਰ “ਹਿੰਦੀ ਨਿਰਗੁਣ-ਕਾਵਿ ਦਾ ਪ੍ਰਾਰੰਭ ਔਰ ਨਾਮਦੇਵ ਦੀ ਹਿੰਦੀ ਪਦਾਵਲੀ” ਵਿਚ ਪੰਨਾ 293 ਉੱਤੇ ਲਿਖਦੇ ਹਨ, “ਉਨ੍ਹਾਂ (ਭਗਤ ਨਾਮਦੇਵ ਜੀ) ਨੂੰ ਇਸ ਗੱਲ ਦਾ ਅਨੁਭਵ ਹੋ ਗਿਆ ਸੀ ਕਿ ਉੱਤਰ ਵਿਚ ਧਰਮ ਅਤੇ ਸੰਸਕ੍ਰਿਤੀ ਨੂੰ ਢਾਹ ਲੱਗ ਰਹੀ ਹੈ ਤਾਂ ਉਨ੍ਹਾਂ ਨੇ ਉੱਤਰ ਵੱਲ ਜਾ ਕੇ ਉਥੋਂ ਦੀ ਜਨਤਾ ਨੂੰ ਜਾਗ੍ਰਿਤ ਕਰਨ ਦਾ ਨਿਸ਼ਚਾ ਕੀਤਾ।”
ਭਗਤ ਨਾਮਦੇਵ ਜੀ ਨਵੀਨ ਚੇਤਨਾ ਦੇ ਪ੍ਰੇਰਨਾ-ਸ੍ਰੋਤ :
ਦੱਖਣ ਵਿਚ ਸੁਧਾਰਵਾਦੀ ਲਹਿਰ ਜਿਸ ਨੂੰ ਪਿੱਛੋਂ ਜਾ ਕੇ ਭਗਤੀ ਲਹਿਰ ਦਾ ਨਾਂ ਦਿੱਤਾ ਗਿਆ, ਜ਼ੋਰ ਫੜ ਰਹੀ ਸੀ। ਮਹਾਂਰਾਸ਼ਟਰ ਵਿਚ ਇਸ ਲਹਿਰ ਦੇ ਪ੍ਰਵਰਤਕ ਸੰਤ ਗਿਆਨੇਸ਼ਵਰ ਜੀ ਅਤੇ ਭਗਤ ਨਾਮਦੇਵ ਜੀ ਸਨ। ਇਨ੍ਹਾਂ ਦੋਹਾਂ ਸੰਤਾਂ ਨੇ ਉੱਤਰੀ ਭਾਰਤ ਦੀ ਯਾਤਰਾ ਕੀਤੀ ਅਤੇ ਤੁਰਕਾਂ ਦੁਆਰਾ ਮਹਾਂ-ਨਾਸ਼ ਦਾ ਤਾਂਡਵ-ਨਾਚ ਆਪਣੀ ਅੱਖੀਂ ਵੇਖਿਆ। ਸੰਤ ਗਿਆਨੇਸ਼ਵਰ ਜੀ ਹਰਿਦੁਆਰ ਤਕ ਹੀ ਆਏ, ਜਦੋਂ ਕਿ ਭਗਤ ਨਾਮਦੇਵ ਜੀ ਆਪਣੀ ਅਗਲੀ ਫੇਰੀ ਵਿਚ ਪੰਜਾਬ ਆਏ ਅਤੇ ਆਪਣੇ ਜੀਵਨ ਦਾ ਅੰਤਿਮ ਸਮਾਂ ਇਥੇ ਹੀ ਗੁਜ਼ਾਰਿਆ। ਤੁਰਕਾਂ ਦੁਆਰਾ ਪੈਦਾ ਕੀਤੀ ਤ੍ਰਾਸਦ ਭਰੀ ਸਥਿਤੀ ਨੇ ਭਗਤ ਨਾਮਦੇਵ ਜੀ ਦੇ ਹਿਰਦੇ ਨੂੰ ਕੰਬਾ ਦਿੱਤਾ ਅਤੇ ਉਹ ਕਹਿ ਉਠੇ:
ਏਸੇ ਦੇਵ ਹੇਹਿ ਫੋਡਿਲੇ ਤੁਰਕੀ।
ਘਾਤਲੇ ਉਦਕੀ ਲੋਭਾਤਿਨਾ।
ਏਸੀ ਹੀ ਦੈਵਤੇ ਨਕੋ ਦਾਵੂੰ ਦੇਵਾ।
ਨਾਮਾ ਕੇਸ਼ਵਾ ਵਿਨਵਿਤਸੇ॥ (ਸਕਲ ਸੰਤਗਾਥਾ, ਅਭੰਗ 1667)
ਅਰਥਾਤ ਪੱਥਰ ਦੇ ਦੇਵਤਿਆਂ ਨੂੰ ਤੁਰਕਾਂ ਨੇ ਤੋੜਿਆ-ਫੋੜਿਆ ਅਤੇ ਪਾਣੀ ਵਿਚ ਡੋਬ ਦਿੱਤਾ, ਪਰ ਉਹ ਫਿਰ ਵੀ ਕ੍ਰੋਧ ਵਿਚ ਨ ਆਏ। ਹੇ ਈਸ਼ਵਰ! ਮੈਂ ਅਜਿਹੇ ਦੇਵਤਿਆਂ ਦੇ ਦਰਸ਼ਨ ਨਹੀਂ ਚਾਹੁੰਦਾ।
ਭਗਤ ਨਾਮਦੇਵ ਜੀ ਨੂੰ ਇਸ ਤ੍ਰਾਸਦ ਭਰੀ ਸਥਿਤੀ ਦਾ ਖੁਦ ਸ਼ਿਕਾਰ ਵੀ ਹੋਣਾ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1165 ’ਤੇ ਉਨ੍ਹਾਂ ਦਾ ਇਹ ਸ਼ਬਦ ਵੇਖੋ:
ਸੁਲਤਾਨੁ ਪੂਛੈ ਸੁਨੁ ਬੇ ਨਾਮਾ॥
ਦੇਖਉ ਰਾਮ ਤੁਮਾ੍ਰੇ ਕਾਮਾ॥
ਨਾਮਾ ਸੁਲਤਾਨੇ ਬਾਧਿਲਾ॥
ਦੇਖਉ ਤੇਰਾ ਹਰਿ ਬੀਠੁਲਾ॥ਰਹਾਉ॥
ਬਿਸਮਿਲਿ ਗਊ ਦੇਹੁ ਜੀਵਾਇ॥
ਨਾਤਰੁ ਗਰਦਨਿ ਮਾਰਉ ਠਾਂਇ॥
ਬਾਦਿਸਾਹ ਐਸੀ ਕਿਉ ਹੋਇ॥
ਬਿਸਮਿਲਿ ਕੀਆ ਨ ਜੀਵੈ ਕੋਇ॥
ਮੇਰਾ ਕੀਆ ਕਛੂ ਨ ਹੋਇ॥
ਕਰਿ ਹੈ ਰਾਮੁ ਹੋਇ ਹੈ ਸੋਇ॥
ਜਾਤੀ ਭੇਦ-ਭਾਵ, ਤੀਰਥਾਂ ’ਤੇ ਕੀਤੀ ਜਾਂਦੀ ਲੁੱਟ-ਖਸੁੱਟ ਅਤੇ ਸ਼ਾਸਤਰ- ਗਿਆਨ ਨੇ ਮਾਨਵ-ਧਰਮ ਨੂੰ ਮਿੱਟੀ ਵਿਚ ਰਲਾ ਦਿੱਤਾ। ਮਹਾਂਰਾਸ਼ਟਰ ਦੇ ਸੁਤੰਤਰ ਵਾਤਾਵਰਨ ਵਿਚ ਵਿਚਰ ਕੇ ਅਤੇ ਸੰਤ ਗਿਆਨੇਸ਼ਵਰ ਜੀ ਅਤੇ ਸੰਤ ਵਿਸ਼ੋਬਾਖੇਚਰ ਜੀ ਦੇ ਵਿਚਾਰਾਂ ਦਾ ਪ੍ਰਭਾਵ ਲੈ ਕੇ ਭਗਤ ਨਾਮਦੇਵ ਜੀ ਨੇ ਉੱਤਰੀ ਭਾਰਤ ਵਿਚ ਮਾਨਵ-ਧਰਮ ਦਾ ਪ੍ਰਚਾਰ ਕੀਤਾ। ਉਹ ਮਾਨਵ-ਧਰਮ ਜਿਸ ਦੀ ਆਧਾਰਸ਼ਿਲਾ ਸੱਚਾ ਆਚਾਰ ਸੀ ਅਤੇ ਜਿਸ ਦਾ ਸਾਧਯ ਅਕਾਲ ਪੁਰਖ ਸੀ। ਭਗਤ ਨਾਮਦੇਵ ਜੀ ਨੇ ਇਸ ਨਵੀਂ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਆਪਣੇ ਵਿਚਾਰਾਂ ਨੂੰ ਸ਼ਬਦੀ ਜਾਮਾ ਪਹਿਨਾਇਆ। ਲੋਕ-ਸਮੂਹ ਵਿਚ ਆਪ ਸ਼ਾਮਲ ਹੋਏ ਅਤੇ ਉੱਤਰੀ ਭਾਰਤ ਦੀ ਸੰਸਕ੍ਰਿਤੀ ਦੇ ਨਵਜਾਗਰਣ ਦੇ ਸ੍ਰੋਤ ਵਜੋਂ ਪ੍ਰਭਾਵਿਤ ਹੋਏ। ਡਾ. ਰਾਮਰਤਨ ਭਟਨਾਗਰ, “ਮੱਧਯੁਗੀਨ ਵੈਸਵਣ ਸੰਸਕ੍ਰਿਤੀ ਔਰ ਤੁਲਸੀਦਾਸ” ਦੇ ਪੰਨਾ 4 ’ਤੇ ਲਿਖਦੇ ਹਨ, “ਇਸ ਪ੍ਰਕਾਰ 1300 ਈ. ਤੋਂ 1600 ਈ. ਤਕ ਮੱਧਯੁਗੀਨ ਨਵਜਾਗਰਣ ਦਾ ਚੱਕਰ ਬੜੀ ਤੀਬਰ ਗਤੀ ਨਾਲ ਉੱਪਰ ਵੱਲ ਚੜ੍ਹਿਆ। ਭਗਤ ਰਾਮਾਨੰਦ ਜੀ ਤੋਂ ਪਹਿਲਾਂ ਭਗਤ ਨਾਮਦੇਵ ਜੀ ਨੂੰ ਛੱਡ ਕੇ ਕੋਈ ਐਸਾ ਸੰਤ ਨਹੀਂ ਮਿਲਦਾ ਜੋ ਇਸ ਪਰਿਵਰਤਨ ਲਈ ਉੱਤਰਦਾਈ ਹੋ ਸਕੇ।”
ਭਗਤ ਨਾਮਦੇਵ ਜੀ ਦਾ ਪ੍ਰਭਾਵ :
ਭਗਤ ਨਾਮਦੇਵ ਜੀ ਬਾਰੇ ਇਹ ਗੱਲ ਵਿਸ਼ੇਸ਼ ਮਹੱਤਵਪੂਰਨ ਹੈ ਕਿ ਉਹ ਪੰਜਾਬ ਵਾਲੇ ਪਾਸੇ ਆਏ ਤਾਂ ਪੰਜਾਬੀਅਤ ਦਾ ਇਕ ਅੰਗ ਬਣ ਗਏ। ਸੰਭਵ ਹੈ ਹੋਰ ਵੀ ਅਨੇਕਾਂ ਸਾਧੂ-ਸੰਤ ਇਸ ਧਰਤੀ ’ਤੇ ਆਏ ਹੋਣ, ਪਰ ਭਗਤ ਨਾਮਦੇਵ ਜੀ ਨੇ ਆਪਣੇ ਵਿਅਕਤਿਤਵ ਨਾਲ ਪੰਜਾਬੀ ਸਭਿਆਚਾਰ, ਇੱਥੋਂ ਦੀ ਸੰਸਕ੍ਰਿਤੀ ਨੂੰ ਤੇ ਜਨਜੀਵਨ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਭਗਤ ਨਾਮਦੇਵ ਜੀ ਇਕੱਲੇ ਮਹਾਂਰਾਸ਼ਟਰ ਦੇ ਹੀ ਨ ਰਹਿ ਕੇ ਪੰਜਾਬ ਦੇ ਭਗਤ ਨਾਮਦੇਵ ਜੀ ਵੀ ਮੰਨੇ ਜਾਣ ਲੱਗੇ। ਭਗਤ ਨਾਮਦੇਵ ਜੀ ਦਾ ਪ੍ਰਭਾਵ ਮੁੱਖ ਰੂਪ ਵਿਚ ਦੋ ਦ੍ਰਿਸ਼ਟੀਕੋਨਾਂ ਤੋਂ ਸਾਡੇ ਸਾਹਮਣੇ ਉੱਭਰਦਾ ਹੈ:
(ੳ) ਸ਼ਖ਼ਸੀ ਪ੍ਰਭਾਵ
(ਅ) ਬਾਣੀ ਦਾ ਪ੍ਰਭਾਵ
ਸ਼ਖ਼ਸੀ ਪ੍ਰਭਾਵ : ਭਗਤ ਨਾਮਦੇਵ ਜੀ ਨੇ ਪੰਜਾਬ ਦੀ ਧਰਤੀ ’ਤੇ ਜੀਵਨ ਦੇ ਆਖਰੀ ਅਠਾਰ੍ਹਾਂ ਸਾਲ ਬਤੀਤ ਕੀਤੇ। ਇਨ੍ਹਾਂ ਅਠ੍ਹਾਰਾਂ ਸਾਲਾਂ ਵਿਚ ਆਪ ਨੇ ਪੰਜਾਬੀ ਸੱਭਿਆਚਾਰ ਵਿਚ ਉਹ ਬੀਜ ਰਲਾ ਦਿੱਤੇ ਜਿਹੜੇ ਗੁਰੂ-ਕਾਲ ਸਮੇਂ ਵਧੇ-ਫੁਲੇ ਤੇ ਪ੍ਰਵਾਨ ਚੜ੍ਹੇ। ਡਾ. ਛੰ. ਕੇ. ਅਡਕਰ ਦਾ ਇਹ ਕਥਨ ਬਹੁਤ ਹੀ ਭਾਵਪੂਰਤ ਹੈ ਕਿ ਜੇਕਰ ਭਗਤ ਨਾਮਦੇਵ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਨੂੰ ਆਪਣਾ ਕਾਰਜ-ਖੇਤਰ ਨਾ ਬਣਾਉਂਦੇ ਤਾਂ ਦੇਸ਼ ਦੇ ਬਟਵਾਰੇ ਸਮੇਂ ਪੰਜਾਬ ਦਾ ਜੋ ਹਿੱਸਾ ਅੱਜ ਭਾਰਤ ਵਿਚ ਹੈ ਉਸ ਤੋਂ ਵੀ ਸਾਨੂੰ ਹੱਥ ਧੋਣੇ ਪੈਂਦੇ।
ਭਗਤ ਨਾਮਦੇਵ ਜੀ ਨੇ ਇਸ ਧਰਤੀ ਦੇ ਪਾਂਡਿਆਂ ਤੇ ਪ੍ਰੋਹਿਤਾਂ ’ਤੇ ਕਟਾਖਸ਼ ਕੀਤਾ :
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥ (ਪੰਨਾ 874)
ਆਪ ਕੇਵਲ ਪ੍ਰਭੂ ਨਾਮ ਜਪਣ ਦਾ ਉਪਦੇਸ਼ ਕਰਦੇ ਹਨ :
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ॥
ਜਲ ਕੀ ਮਾਛੁਲੀ ਚਰੈ ਖਜੂਰਿ॥
ਕਾਂਇ ਰੇ ਬਕਬਾਦੁ ਲਾਇਓ॥
ਜਿਨਿ ਹਰਿ ਪਾਇਓ ਤਿਨਹਿ ਛਪਾਇਓ॥1॥ਰਹਾਉ॥
ਪੰਡਿਤੁ ਹੋਇ ਕੈ ਬੇਦੁ ਬਖਾਨੈ॥ ਮੂਰਖੁ ਨਾਮਦੇਉ ਰਾਮਹਿ ਜਾਨੈ॥ (ਪੰਨਾ 718)
ਮੂਰਤੀ ਪੂਜਾ ਤੋਂ ਉੱਪਰ ਉੱਠ ਕੇ ਹਰੀ ਸਿਮਰਨ ਦਾ ਆਪ ਨੇ ਪ੍ਰਚਾਰ ਕੀਤਾ :
ਏਕੈ ਪਾਥਰ ਕੀਜੈ ਭਾਉ॥
ਦੂਜੈ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ॥ (ਪੰਨਾ 525)
ਤੁਰਕ ਸ਼ਾਸਕ ਵਰਗ ਸੀ। ਹਿੰਦੂ ਸਮਾਜ ਪ੍ਰਤੀ ਤੁਰਕਾਂ ਦਾ ਰਵੱਈਆ ਸ਼ਲਾਘਾਯੋਗ ਨਹੀਂ ਸੀ। ਧਰਮਾਂ ਦੇ ਠੇਕੇਦਾਰ ਚਾਹੇ ਕਾਜ਼ੀ ਹੋਣ, ਚਾਹੇ ਪੰਡਤ ਭਗਤ ਨਾਮਦੇਵ ਜੀ ਨੇ ਸਭ ਦੇ ਵਿਰੁੱਧ ਆਵਾਜ਼ ਉੱਚੀ ਕੀਤੀ:
ਹਿੰਦੂ ਅੰਨਾ੍ ਤੁਰਕੂ ਕਾਣਾ॥
ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥ (ਪੰਨਾ 875)
ਤਾਂ ਕਿ ਜਨ-ਸਮੂਹ ਦੇ ਦਿਲਾਂ ਅੰਦਰ ਇਨ੍ਹਾਂ ਦੇ ਜਬਰ ਵਿਰੁੱਧ ਇਕ ਜਾਗ੍ਰਿਤੀ ਉਤਪੰਨ ਹੋ ਸਕੇ। ਆਪ ਨੇ ਲੋਕ-ਬੋਲੀ ਵਿਚ ਆਪਣੀ ਬਾਣੀ ਨੂੰ ਰਚ ਤੇ ਗਾ ਕੇ ਜਨ-ਸਮੂਹ ਨੂੰ ਉੱਚੀਆਂ-ਸੁੱਚੀਆਂ ਸਦਾਚਾਰਕ ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ:
ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥ (ਪੰਨਾ 1165)
ਆਪ ਨੇ ਪੰਜਾਬ ਵੱਲ ਆਉਂਦਿਆਂ ਆਪਣੇ ‘ਸੱਚ ਦੇ ਮਾਰਗ’ ਦਾ ਉਪਦੇਸ਼ ਸ਼ੁਰੂ ਕਰ ਦਿੱਤਾ ਅਤੇ ਆਪ ਨੇ ਇਸ ਖਿੱਤੇ ਦੇ ਲੋਕਾਂ ਨਾਲ ਸਭਿਆਚਾਰਕ ਸਾਂਝ ਜੋੜੀ।
ਭਗਤ ਨਾਮਦੇਵ ਜੀ ਦਾ ਵਿਚਾਰਧਾਰਕ ਪ੍ਰਭਾਵ :
ਭਗਤ ਨਾਮਦੇਵ ਜੀ ਦੇ ਵਿਸ਼ਾਲ ਚਿੰਤਨ ਦਾ ਪ੍ਰਭਾਵ ਪਿਛਲੇਰੇ ਸੰਤ ਕਵੀਆਂ ਨੇ ਕਬੂਲਿਆ। ਇਹੀ ਕਾਰਨ ਹੈ ਕਿ ਈਸ਼ਵਰ ਦੀ ਸਰਬ-ਵਿਆਪਕਤਾ, ਸਤਿਗੁਰੂ ਦਾ ਮਹੱਤਵ, ਸਿਮਰਨ, ਕਰਮਕਾਂਡਾਂ ਦੀ ਵਿਅਰਥਤਾ, ਪ੍ਰੇਮ-ਭਾਵਨਾ ਆਦਿ ਅਜਿਹੇ ਵਿਸ਼ੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕੀ ਬਾਣੀਕਾਰਾਂ ਵਿਚ ਵੀ ਪਾਏ ਜਾਂਦੇ ਹਨ। ਭਗਤ ਨਾਮਦੇਵ ਜੀ ਤੇ ਗੁਰੂ ਸਾਹਿਬਾਨ ਦੁਆਰਾ ਉਚਾਰੇ ਸ਼ਬਦਾਂ ਵਿਚ ਵਿਚਾਰਧਾਰਕ ਸਾਂਝ ਤਾਂ ਹੈ ਹੀ ਇਸ ਦੇ ਨਾਲ-ਨਾਲ ਸ਼ਬਦਾਵਲੀ, ਰਾਗਾਂ ਦੀਆਂ ਅਤੇ ਹੋਰ ਵੀ ਕਈ ਦਿਲਚਸਪ ਸਾਂਝਾਂ ਹਨ।
ਕਾਵਿ-ਜੁਗਤਾਂ ਦਾ ਪ੍ਰਭਾਵ :
ਭਗਤ ਨਾਮਦੇਵ ਜੀ ਨੇ ਅਜਿਹੀਆਂ ਕਾਵਿ-ਜੁਗਤੀਆਂ ਦਾ ਪ੍ਰਤਿਪਾਦਨ ਕੀਤਾ ਜੋ ਬਾਅਦ ਦੇ ਨਿਰਗੁਣ ਕਵੀਆਂ ਲਈ ਪ੍ਰੇਰਕ-ਸ਼ਕਤੀਆਂ ਬਣੀਆਂ। ਇਹ ਜੁਗਤਾਂ ਪੰਜਾਬੀ ਲੋਕ-ਧਾਰਾ ਵਾਸਤੇ ਬਿਲਕੁਲ ਨਵੀਆਂ ਸਨ ਅਤੇ ਇਨ੍ਹਾਂ ਵਿੱਚੋਂ ਕਈ ਜੁਗਤਾਂ ਤਾਂ ਪ੍ਰਭੂ ਦਾ ਸਮਰੂਪ ਹੋ ਨਿੱਬੜੀਆਂ।
ਬੀਠਲੁ :
‘ਬੀਠਲੁ’ ਪਦ ਮਰਾਠੀ ਭਾਸ਼ਾ ਦੇ ‘ਵਿਤੁਲ’ ਦਾ ਤਦਭਵ ਰੂਪ ਹੈ। ਇਹ ਪਦ, ਨਿਰਸੰਦੇਹ, ਇਕ ਉਸ ਸੰਪ੍ਰਦਾਇ ਵੱਲੋਂ ਭਗਵਾਨ ਕ੍ਰਿਸ਼ਨ ਦੇ ਬਚਪਨ ਦੇ ਸਰੂਪ ਲਈ ਵਰਤਿਆ ਗਿਆ ਪਦ ਹੈ, ਜੋ ਕ੍ਰਿਸ਼ਨ-ਉਪਾਸ਼ਕ ਸੰਪ੍ਰਦਾਇ ਸੀ ਅਤੇ ਜਿਸ ਦਾ ਪ੍ਰਚਾਰ ਤੇ ਪ੍ਰਸਾਰ ਪੰਡਰਪੁਰ ਵਿਚ ਹੋਇਆ। ਇਹ ਸੰਪ੍ਰਦਾਇ ਵੈਸ਼ਨਵ ਅਤੇ ਸ਼ੈਵ ਸੰਪ੍ਰਦਾਇ ਦਾ ਸੁਮਿਸ਼ਰਨ ਹੈ। ਡਾ. ਆਰ.ਡੀ.ਰਾਨਾਡੇ ਅਨੁਸਾਰ, “God, which is really the name of Shiva, is here transferred to Vithala”. (Mysticism in Maharashtra, Page 183)
ਪ੍ਰੋ. ਸਾਹਿਬ ਸਿੰਘ ਅਨੁਸਾਰ ‘ਬੀਠਲੁ’ ਸ਼ਬਦ, ‘ਵਿਸ਼ਤਲ’ ਜਾਂ ‘ਵਿਸਥਲ’ ਤੋਂ ਬਣਿਆ ਦੱਸਦੇ ਹਨ ਜਿਸ ਦਾ ਅਰਥ ਹੈ, ਵਿ-ਪਰੇ ਅਰਥਾਤ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ।
ਭਗਤ ਨਾਮਦੇਵ ਜੀ ‘ਬੀਠਲੁ’ ਪਦ ਪਰਮਾਤਮਾ ਲਈ ਵਰਤਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਸ਼ਬਦ ਭਗਤ ਬਾਣੀ ਵਿਚ ਵੀਹ ਵਾਰ ਉਪਯੁਕਤ ਹੋਇਆ ਹੈ। ਹਰ ਵਾਰ ਭਗਤ ਨਾਮਦੇਵ ਜੀ ਨੇ ਇਸ ਪਦ ਦੇ ਅਰਥ ‘ਪ੍ਰਭੂ’ ਹੀ ਪ੍ਰਤਿਪਾਦਤ ਕੀਤੇ। ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਤ੍ਰਿਲੋਚਨ ਜੀ ਅਤੇ ਭਗਤ ਕਬੀਰ ਜੀ ਨੇ ਵੀ ਪਰਮਾਤਮਾ ਲਈ ਇਸ ਪਦ ਦੀ ਵਰਤੋਂ ਕੀਤੀ ਹੈ:
ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ॥ (ਪੰਨਾ 92)
ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮਾ੍ਰੀ॥ (ਪੰਨਾ 855)
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ॥ (ਪੰਨਾ 624)
ਪੌਰਾਣਕ ਕਥਾਵਾਂ ਵਿਚ ਹਵਾਲੇ :
ਭਗਤ ਨਾਮਦੇਵ ਜੀ ਥਾਂ ਪਰ ਥਾਂ ਪੌਰਾਣਿਕ ਵੇਰਵਿਆਂ ਨੂੰ ਵਰਤਦੇ ਹਨ। ਇਹ ਵੇਰਵੇ ਪੌਰਾਣਕ ਨਾਇਕ/ਨਾਇਕਾਵਾਂ ਅਤੇ ਸਥਾਨਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਦਾ ਵੇਰਵਾ ਨਿਮਨਲਿਖਤ ਹੈ:
ਗਨਿਕਾ, ਕੁਬਜਾ, ਅਜਾਮਲ, ਸੁਦਾਮਾ, ਉਗਰਸੈਨ (ਪੰਨਾ 354)
ਸੀਆ, ਭਭੀਖਣ, (ਪੰਨਾ 657)
ਕੈਰਉ, ਦੁਰਜੋਧਨ, ਲੰਕਾ, ਰਾਵਨ, ਦੁਰਬਾਸਾ (ਪੰਨਾ 692)
ਕ੍ਰਿਸ਼ਨ, ਗੋਪੀ, ਕੇਸਵਾ (ਪੰਨਾ 693)
ਹਰਿਨਾਖਸ਼, ਅਜਾਮਲ, ਪੂਤਨਾ, ਦ੍ਰੋਪਦ, ਗੌਤਮ, ਕੰਸ, ਸ਼ਿਵ, ਗਾਇਤ੍ਰੀ, ਮਹਾਂਦੇਵ, ਰਾਮਚੰਦ (ਪੰਨਾ 874)
ਜਸਰਥ (ਦਸਰਥ), ਨੰਦ (ਪੰਨਾ 979)
ਦੇਵਕੀ, ਦ੍ਰੋਪਦੀ, ਅੰਬਰੀਕ, ਹਰਨਾਖਸ਼ (ਪੰਨਾ 1105)
ਧਰਮਰਾਇ, ਗੰਧਰਬ ਰਿਸ਼ੀ, ਅਰਜਨ (ਪੰਨਾ 1292)
ਪਿਛਲੇਰੇ ਨਿਰਗੁਣ ਬਾਣੀਕਾਰਾਂ ਨੇ ਵੀ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਲਈ ਇਸ ਪ੍ਰਭਾਵ ਨੂੰ ਕਬੂਲਿਆ ਅਤੇ ਪੌਰਾਣਿਕ ਕਥਾਵਾਂ ਵਿੱਚੋਂ ਯਥਾ-ਯੁਕਤ ਹਵਾਲੇ ਦਿੱਤੇ।
ਭਾਸ਼ਾਈ ਪ੍ਰਭਾਵ :
ਭਗਤ ਨਾਮਦੇਵ ਜੀ ਦੇ ਪ੍ਰਭਾਵ ਦਾ ਇਕ ਹੋਰ ਪਹਿਲੂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਦੇ ਵੱਲੋਂ ਮਰਾਠੀ ਭਾਸ਼ਾ ਦੇ ਉਨ੍ਹਾਂ ਸ਼ਬਦਾਂ ਦੀ ਵਰਤੋਂ ਤੋਂ ਵੀ ਸਾਹਮਣੇ ਆਉਂਦਾ ਹੈ ਜਿਨ੍ਹਾਂ ਸ਼ਬਦਾਂ ਨੂੰ ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਵਰਤਦੇ ਹਨ ਜਿਵੇਂ: ਦੇਵਾ, ਤਾਰੀਲੈ, ਬੇਧੀਅਲੇ, ਪਾਹਨ, ਨਉ, ਦੇਵਲ, ਅੰਧਲੇ, ਛੰਦੇ, ਛਾਣਿ, ਛਾਇਲੇ, ਛੀਪਾ ਆਦਿ।
ਸਮੁੱਚੇ ਰੂਪ ਵਿਚ ਵੇਖਿਆਂ ਇਹ ਸਿੱਧ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਨੂੰ ਆਪਣੇ ਵਿਅਕਤਿਤਵ ਅਤੇ ਕ੍ਰਤਿਤਵ ਨਾਲ ਨਵੀਆਂ ਸੇਧਾਂ ਪ੍ਰਦਾਨ ਕਰਦੇ ਹਨ। ਉਹ ਸਹਿਜ ਮਾਰਗ ਦੇ ਅਜਿਹੇ ਪੂਰਨੇ ਪਾਉਂਦੇ ਹਨ ਜੋ ਕਿ ਪਿਛਲੇਰੇ ਕਵੀਆਂ ਲਈ ਆਦਰਸ਼ ਬਣੇ। ਉਹ ਨਿੱਘਰ ਰਹੀਆਂ ਸਮਾਜਿਕ, ਧਾਰਮਿਕ, ਸਦਾਚਾਰਕ, ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਨਵੇਂ ਸਿਰਿਓਂ ਨਵੇਂ ਮਾਰਗ ’ਤੇ ਅਗ੍ਰਸਰ ਕਰਦੇ ਹਨ। ਨਿਰਸੰਦੇਹ, ਉਹ ਨਵੀਂ ਚੇਤਨਾ, ਨਵ-ਜਾਗ੍ਰਣ ਦੇ ਪ੍ਰਵਰਤਕ ਸਨ ਜਿਹੜੀ ਚੇਤਨਾ ਨੇ ਅਧਿਆਤਮਕ, ਸਮਾਜਿਕ ਤੇ ਸਭਿਆਚਾਰਕ ਕ੍ਰਾਂਤੀ ਨੂੰ ਜਨਮ ਦਿੱਤਾ।
ਲੇਖਕ ਬਾਰੇ
215, ਗਲੀ ਨੰ: 8, ਅੰਤਰਯਾਮੀ ਕਾਲੋਨੀ, ਅੰਮ੍ਰਿਤਸਰ।
- ਡਾ. ਅਵਤਾਰ ਸਿੰਘhttps://sikharchives.org/kosh/author/%e0%a8%a1%e0%a8%be-%e0%a8%85%e0%a8%b5%e0%a8%a4%e0%a8%be%e0%a8%b0-%e0%a8%b8%e0%a8%bf%e0%a9%b0%e0%a8%98/April 1, 2009