editor@sikharchives.org

ਗੁਰੂ-ਪੰਥ ਦੇ ਪਾਂਧੀ ਬਣੀਏ!

ਅੱਜ ਗੁਰੂ-ਪੰਥ ਦੇ ਪਾਂਧੀਆਂ ਦੀ ਜ਼ਿੰਮੇਵਾਰੀ ਹੈ ਕਿ ਘਰ-ਘਰ ਤਕ ਜਾ ਕੇ ਗੁਰਬਾਣੀ, ਗੁਰੂ-ਉਪਦੇਸ਼ਾਂ ਨੂੰ ਪਹੁੰਚਾਉਣ ਤੇ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰ ਵਿਚ ਦਿਨ-ਬ-ਦਿਨ ਵਧ ਰਹੀਆਂ ਬੁਰਿਆਈਆਂ ਨੂੰ ਰੋਕਣ, ਸੱਚ ਦ੍ਰਿੜ੍ਹ ਕਰਨ ਤੇ ਕਰਵਾਉਣ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਤਿਆਰ-ਬਰ-ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ‘ਗੁਰੂ-ਪੰਥ’ ਆਖਦੇ ਹਨ। ਇਸ ਦੀ ਤਿਆਰੀ ਗੁਰੂ ਸਾਹਿਬਾਨ ਨੇ ਕੀਤੀ ਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬੰਨ੍ਹ ਕੇ ਗੁਰਿਆਈ ਸੌਂਪੀ। (ਸਿੱਖ ਰਹਿਤ ਮਰਯਾਦਾ)

ਅੱਜ ਗੁਰੂ-ਪੰਥ ਦੇ ਪਾਂਧੀਆਂ ਦੀ ਜ਼ਿੰਮੇਵਾਰੀ ਹੈ ਕਿ ਘਰ-ਘਰ ਤਕ ਜਾ ਕੇ ਗੁਰਬਾਣੀ, ਗੁਰੂ-ਉਪਦੇਸ਼ਾਂ ਨੂੰ ਪਹੁੰਚਾਉਣ ਤੇ ਰਾਜਨੀਤਿਕ, ਧਾਰਮਿਕ, ਸਮਾਜਿਕ ਖੇਤਰ ਵਿਚ ਦਿਨ-ਬ-ਦਿਨ ਵਧ ਰਹੀਆਂ ਬੁਰਿਆਈਆਂ ਨੂੰ ਰੋਕਣ, ਸੱਚ ਦ੍ਰਿੜ੍ਹ ਕਰਨ ਤੇ ਕਰਵਾਉਣ। ਆਤਮਿਕ ਮੌਤੇ ਮਰ ਚੁੱਕੀ ਲੋਕਾਈ ਨੂੰ ਨਾਮ-ਅੰਮ੍ਰਿਤ ਦੀ ਦਾਤ ਦੇ ਕੇ ਮੁੜ ਸੁਰਜੀਤ ਕਰਨ ਤਾਂ ਜੋ ਵਧ ਰਹੇ ਜਬਰ-ਜ਼ੁਲਮ ਦਾ ਟਾਕਰਾ ਕਰ ਸਕੀਏ।

ਸਿੱਖੀ ਦੇ ਮਾਰਗ ਤੋਂ ਭਟਕ ਚੁੱਕੇ ਨੌਜਵਾਨ ਭੈਣ-ਭਰਾਵਾਂ ਨੂੰ ਜੋ ਪਤਿਤ ਹੋ ਚੁੱਕੇ ਹਨ, ਉਨ੍ਹਾਂ ਮਾਈਆਂ-ਭਾਈਆਂ ਨੂੰ ਜੋ ਅੱਜ ਵੀ ਵਹਿਮਾਂ-ਭਰਮਾਂ, ਕਰਮ- ਕਾਂਡਾਂ, ਜਾਤ-ਪਾਤ ਦੇ ਵਿਤਕਰਿਆਂ ਵਿਚ ਬੁਰੀ ਤਰ੍ਹਾਂ ਫਸੇ ਪਏ ਹਨ, ਪਿਆਰ/ਦਲੀਲ ਨਾਲ ਸਮਝਾ ਕੇ ਤੇ ਗੁਰੂ-ਉਪਦੇਸ਼ ਤੋਂ ਜਾਣੂ ਕਰਵਾ ਕੇ ਮੁੜ ਉਸ ‘ਗਾਡੀਰਾਹ’ ਗੁਰਮਤਿ ਮਾਰਗ ’ਤੇ ਲਿਆਉਣਾ ਹੈ ਤੇ ਗੁਰਸਿੱਖੀ ਦੇ ਮਾਰਗ ਉੱਪਰ ਚੱਲਣਾ ਦੱਸਣਾ ਭਾਵ ਖ਼ੁਦ ਪਹਿਲਾਂ ਆਪ ਚੱਲ ਕੇ। ਹੇ ਭਾਈ! ਸੁਣ:

ਜਦੋਂ ਗੁਰੂ ਜੀ ਸਾਬੋ ਕੀ ਤਲਵੰਡੀ ਤੋਂ ਅੱਗੇ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੇ ਭਾਈ ਡੱਲੇ ਨੂੰ ਕਿਹਾ, (ਜੋ ਇਥੋਂ ਦਾ ਇਕ ਉੱਘਾ ਬੰਦਾ ਸੀ, ਉਹ ਇਕ ਕਿਸਮ ਦਾ ਰਾਜਾ ਸੀ ਤੇ ਉਸ ਨੇ ਗੁਰੂ ਜੀ ਦੀ ਕਾਫੀ ਖ਼ਾਤਰਦਾਰੀ ਕੀਤੀ ਸੀ) “ਭਾਈ ਡੱਲਿਆ! ਅਸੀਂ ਅੱਗੇ ਰਵਾਨਾ ਹੋਣ ਲੱਗੇ ਹਾਂ, ਤੂੰ ਸਾਡੀ ਕਾਫ਼ੀ ਮਦਦ ਕੀਤੀ ਹੈ ਇਸ ਲਈ ਜੋ ਤੂੰ ਸਾਡੇ ਕੋਲੋਂ ਮੰਗਣਾ ਹੈ ਭਾਈ! ਮੰਗ ਲੈ।” ਡੱਲੇ ਨੇ ਦੋਵੇਂ ਹੱਥ ਜੋੜ ਕੇ ਕਿਹਾ, “ਗੁਰੂ ਜੀ! ਇੰਨੇ ਤੁੱਠੇ ਹੋ ਤਾਂ ਇੰਞ ਕਰਨਾ, ਜਦੋਂ ਮੈਂ ਪਰਲੋਕ ਗਮਨ ਕਰਾਂ, ਤੁਸੀਂ ਆਪਣੇ ਚਰਨਾਂ ਵਿਚ ਮੈਨੂੰ ਪੀੜ੍ਹੀ ਜਿੰਨੀ ਥਾਂ ਬਖ਼ਸ਼ ਦੇਣੀ, ਬਸ ਇਹੀ ਬਚਨ ਦਿਓ।” ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, “ਭਾਈ ਡੱਲਿਆ, ਤੂੰ ਸਾਡੇ ਪਾਸੋਂ ਸਾਰੀਆਂ ਦੁਨਿਆਵੀ ਨਿਆਮਤਾਂ ਹਾਸਲ ਕਰ ਸਕਦਾ ਹੈਂ, ਪਰ ਸਾਡੇ ਚਰਨਾਂ ਵਿਚ ਪੀੜ੍ਹੀ ਜਿੰਨੀ ਥਾਂ ਮਿਲਣੀ ਮੁਸ਼ਕਲ ਹੈ।” ਭਾਈ ਡੱਲੇ ਨੇ ਬੜੇ ਵੈਰਾਗ ਵਿਚ ਕਿਹਾ, “ਪਾਤਸ਼ਾਹ ਜੀਓ! ਮੈਥੋਂ ਕੋਈ ਭੁੱਲ, ਗ਼ਲਤੀ ਹੋ ਗਈ ਹੈ? ਜੇਕਰ ਕੋਈ ਭੁੱਲ ਹੋ ਵੀ ਗਈ ਹੈ ਤਾਂ ਤੁਸੀਂ ਬਖ਼ਸ਼ਣਹਾਰ ਹੋ, ਬਖ਼ਸ਼ ਦੇਵੋ….।” ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਡੱਲੇ ਨੂੰ ਦੱਸਿਆ ਕਿ ਅਸਲ ਗੱਲ ਇਹ ਹੈ ਕਿ ਸਾਡੇ ਚਰਨਾਂ (ਲੋਕ-ਪਰਲੋਕ) ਵਿਚ ਇਹ ਪੀੜ੍ਹੀ ਜਿੰਨੀ ਥਾਂ ਉਸ ਨੂੰ ਮਿਲਦੀ ਹੈ, ਜੋ ਆਪਾ-ਭਾਵ ਗੁਆ ਕੇ ਸੀਸ ਗੁਰੂ ਨੂੰ ਸੌਂਪ ਕੇ ਖੰਡੇ-ਬਾਟੇ ਦੀ ਪਾਹੁਲ (ਅੰਮ੍ਰਿਤ) ਛਕ ਕੇ ਗੁਰੂ ਦਾ ਸਿੰਘ ਸਜ ਜਾਵੇ।”

ਇਹ ਸੁਣ ਕੇ ਭਾਈ ਡੱਲੇ ਦੇ ਨੈਣਾਂ ਵਿਚ ਅੱਥਰੂ ਉਮਡ ਆਏ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ’ਤੇ ਸੀਸ ਟਿਕਾ ਕੇ, ਬੜੇ ਪਿਆਰ, ਵੈਰਾਗ ਵਿਚ ਬੇਨਤੀ ਕੀਤੀ, “ਪਾਤਸ਼ਾਹ ਜੀਓ! ਸੇਵਕ ਦਾ ਸੀਸ ਆਪ ਜੀ ਦੇ ਚਰਨਾਂ ਵਿਚ ਹਾਜ਼ਰ ਹੈ, ਕਰੋ ਰਹਿਮ ਦੀ ਬਖ਼ਸ਼ਿਸ਼, ਛਕਾ ਕੇ ਖੰਡੇ-ਬਾਟੇ ਦੀ ਪਾਹੁਲ (ਅੰਮ੍ਰਿਤ) ਤੇ ਕਰ ਦੇਵੋ ਲੋਕ-ਪਰਲੋਕ ਸੁਹੇਲਾ।”

ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦੀ ਅਰਜ਼, ਬੇਨਤੀ ਪ੍ਰਵਾਨ ਕਰਦਿਆਂ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਭਾਈ ਡੱਲੇ ਨੂੰ ਭਾਈ ਡੱਲਾ ਸਿੰਘ ਬਣਾਇਆ। ਗੁਰੂ ਕਿਰਪਾ ਕਰ ਕੇ ਸਾਨੂੰ ਵੀ ਭਾਈ ਡੱਲਾ ਸਿੰਘ ਵਾਂਗ ਸਮਝ ਲੱਗ ਜਾਵੇ ਕਿ ਖੰਡੇ ਦੀ ਪਾਹੁਲ (ਨਾਮ ਅੰਮ੍ਰਿਤ) ਦੀ ਦਾਤ ਲੈਣੀ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ। ਗੁਰੂ- ਬਖ਼ਸ਼ਿਸ਼ਾਂ ਦਾ ਅਨੰਦ ਲੈਂਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਇਸ ਪਾਵਨ ਸ਼ਬਦ ਨੂੰ ਅਨੰਦ ਨਾਲ ਪੜ੍ਹਦਿਆਂ, ਗਾਉਂਦਿਆਂ ਦੂਸਰੇ ਪ੍ਰਾਣੀਆਂ ਨੂੰ ਵੀ ਦੱਸ ਸਕੀਏ ਕਿ ਜਿਸ ਅੰਮ੍ਰਿਤ ਨੂੰ:

ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥
ਪਾਇਆ ਅੰਮ੍ਰਿਤੁ ਗੁਰਿ ਕ੍ਰਿਪਾ ਕੀਨੀ ਸਚਾ ਮਨਿ ਵਸਾਇਆ॥ (ਪੰਨਾ 918)

ਦਸਮੇਸ਼ ਪਿਤਾ ਜੀ ਨੇ 21 ਮਾਰਚ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ (ਅਨੰਦਪੁਰ) ਸਾਹਿਬ ਵਿਖੇ ਅਨੋਖੇ ਤਰੀਕੇ ਨਾਲ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਭਾਵ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਤੇ ਬਾਅਦ ਵਿਚ ਗੁਰੂ ਜੀ ਨੇ ਸਜ ਚੁਕੇ ਸਿੰਘਾਂ, ਪੰਜਾਂ ਪਿਆਰਿਆਂ ਨੂੰ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ, “ਖਾਲਸਾ ਜੀਓ! ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖ਼ਸ਼ੋ ਤਾਂ ਜੋ ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਸਕਾਂ।” ਇਸ ਤਰ੍ਹਾਂ ਗੁਰੂ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ “ਆਪੇ ਗੁਰ ਚੇਲਾ” ਬਣੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਹਰ ਸਿੱਖ, ਵਿਅਕਤੀ ਨੂੰ ਹੁਕਮ ਕੀਤਾ ਸੀ ਉਸ ਨੂੰ ਭਾਈ ਦੇਸਾ ਸਿੰਘ ਜੀ ਆਪਣੇ ਸ਼ਬਦਾਂ ਵਿਚ ਇਵੇਂ ਬਿਆਨ ਕਰਦੇ ਹਨ:

ਪ੍ਰਥਮ ਰਹਤ ਯਹ ਜਾਨ ਖੰਡੇ ਕੀ ਪਾਹੁਲ ਛਕੇ।
ਸੋ ਹੀ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ॥6॥ (ਰਹਿਤਨਾਮਾ)

ਕਿਤੇ ਆਤਮਿਕ ਜੀਵਨ ਦੇਣ ਵਾਲੇ ਸਤਿਗੁਰੂ ਪਾਤਸ਼ਾਹ ਦੇ ਨਾਮ, ਅੰਮ੍ਰਿਤ ਤੋਂ ਮੂੰਹ ਮੋੜ ਕੇ ਦੁਨਿਆਵੀ ਬੰਧਨਾਂ, ਵਿਕਾਰਾਂ ਵਿਚ ਬੱਝੇ ਅਸੀਂ ਸਾਕਤਾਂ ਦੀ ਮੂਹਰਲੀ ਕਤਾਰ ਵਿਚ ਤਾਂ ਨਹੀਂ ਖੜ੍ਹੇ ਹੋਏ (?) ਜਿਨ੍ਹਾਂ ਬਾਰੇ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਦੱਸਦੇ ਹਨ:

ਅੰਮ੍ਰਿਤੁ ਕਉਰਾ ਬਿਖਿਆ ਮੀਠੀ॥
ਸਾਕਤ ਕੀ ਬਿਧਿ ਨੈਨਹੁ ਡੀਠੀ॥
ਕੂੜਿ ਕਪਟਿ ਅਹੰਕਾਰਿ ਰੀਝਾਨਾ॥
ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ (ਪੰਨਾ 892)

ਇਕ ਵਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੌਜ ਵਿਚ ਆ ਕੇ ਹੁਕਮ ਦਿੱਤਾ, ਅੱਜ ਲੰਗਰ ਵਿਚ ਚੋਖਾ ਸਾਰਾ ਚਾਵਲਾਂ ਦਾ ਮਿੱਠਾ ਪੁਲਾਅ ਬਣਾਉ, ਉਸ ਵਿਚ ਰੱਜਵਾਂ ਘਿਉ ਅਤੇ ਬਦਾਮਾਂ ਦੀਆਂ ਗਿਰੀਆਂ, ਮੇਵੇ, ਸੌਗੀ ਆਦਿ ਪਾ ਕੇ ਪੁਲਾਅ ਨੂੰ ਚੰਗਾ ਸੁਆਦਲਾ ਬਣਾ ਦਿਉ। ਹੁਕਮ ਦੀ ਤਾਮੀਲ ਕੀਤੀ ਗਈ। ‘ਪੁਲਾਅ’ ਤਿਆਰ ਹੋ ਗਿਆ ਤੇ ਤਿਆਰੀ ਦੀ ਖ਼ਬਰ ਸਤਿਗੁਰੂ ਜੀ ਨੂੰ ਦਿੱਤੀ। ਹਜ਼ੂਰ ਨੇ ਫ਼ੁਰਮਾਇਆ, “ਚੰਗਾ ਫੇਰ ‘ਪੁਲਾਅ’ ਦੇ ਕੜਾਹੇ, ਬਾਟੇ ਬਾਹਰ ਮੈਦਾਨ ਵਿਚ ਲੈ ਆਉ।” ‘ਸਤਿ ਬਚਨ’ ਕਹਿ ਕੇ ਗੁਰੂ ਕੇ ਸਿੱਖ ‘ਪੁਲਾਅ’ ਦੇ ਕੜਾਹੇ ਮੈਦਾਨ ਵਿਚ ਲੈ ਆਏ। ਮੇਰੇ ਪਾਤਸ਼ਾਹ ਨੇ ਹੁਕਮ ਕੀਤਾ, ‘ਪੁਲਾਅ ਵਾਲੇ ਕੜਾਹੇ ਥੜ੍ਹੇ ’ਤੇ ਢੇਰੀ ਕਰ ਦਿਓ।” ਹੁਕਮ ਦੀ ਪਾਲਣਾ ਕੀਤੀ ਗਈ ਤੇ ਅਗਲੇ ਗੁਰੂ-ਹੁਕਮ ਦੀ ਸਿੱਖ ਇੰਤਜ਼ਾਰ ਕਰਨ ਲੱਗੇ। ਕਲਗੀਆਂ ਵਾਲੇ ਪ੍ਰੀਤਮ ਨੇ ਕਿਹਾ, “ਭਾਈ ਇਸ ‘ਪੁਲਾਅ’ ਨੂੰ ਖਾਣ, ਵਾਸਤੇ ਕੁੱਤੇ ਖੁੱਲ੍ਹੇ ਛੱਡ ਦਿਉ।”

ਛੱਡਣ ਦੀ ਦੇਰ ਹੀ ਸੀ ਕਿ ਕੁੱਤੇ ‘ਪੁਲਾਅ’ ’ਤੇ ਟੁੱਟ ਕੇ ਪੈ ਗਏ। ਹਰ ਕੁੱਤਾ ‘ਪੁਲਾਅ’ ਉੱਪਰ ਆਪਣਾ ਹੱਕ ਜਤਾਉਂਦਾ ਸੀ ਤੇ ਦੂਸਰੇ ਨੂੰ ‘ਪੁਲਾਅ’ ਦੇ ਨੇੜੇ ਨਹੀਂ ਸੀ ਲੱਗਣ ਦਿੰਦਾ। ਇਸ ਤਰ੍ਹਾਂ ਕਿਸੇ ਕੁੱਤੇ ਦਾ ਕੰਨ ਕਿਸੇ ਕੁੱਤੇ ਦੇ ਮੂੰਹ ਵਿਚ ਤੇ ਕਿਸੇ ਦੀ ਪੂਛ ਕਿਸੇ ਦੇ ਮੂੰਹ ਵਿਚ। ਇਸ ਤਰ੍ਹਾਂ ਕੁੱਤੇ ਆਪਸ ਵਿਚ ਲੜ-ਲੜ ਕੇ ਜ਼ਖ਼ਮੀ ਬੇਹੋਸ਼ ਹੋ ਗਏ। ਨਾ ਕਿਸੇ ਨੇ ‘ਪੁਲਾਅ’ ਆਪ ਖਾਧਾ ਅਤੇ ਨਾ ਦੂਸਰੇ ਨੂੰ ਖਾਣ ਦਿੱਤਾ। ਸਾਰਾ ਸੁਆਦਲੀ ‘ਪੁਲਾਅ’ ਕੁੱਤਿਆਂ ਦੇ ਪੈਰਾਂ ਹੇਠ ਮਿੱਧਿਆ ਗਿਆ, ਮਿੱਟੀ ਵਿਚ ਮਿੱਟੀ ਹੋ ਗਿਆ ਤੇ ਅਜਿਹਾ ਬਰਬਾਦ ਹੋਇਆ ਕਿ ਕਿਸੇ ਦੇ ਵੀ ਕੰਮ ਦਾ ਨਾ ਰਿਹਾ। ਸਿੱਖਾਂ ਨੇ ਬੇਨਤੀ ਭਰੇ ਸ਼ਬਦਾਂ ਵਿਚ ਪੁੱਛਿਆ ਕਿ, “ਹੇ ਚੋਜੀ ਪ੍ਰੀਤਮ ਜੀਓ! ਇਸ ਅਨੋਖੇ ਚੋਜ, ਕੌਤਕ ਰਾਹੀਂ ਤੁਸੀਂ ਸਾਨੂੰ ਸਿੱਖਾਂ ਨੂੰ ਕੀ ਮਤਿ ਬੁੱਧੀ ਦੇ ਰਹੇ ਸੀ?”

ਹੁਣ ਪਿਆਰੇ ਸਤਿਗੁਰੂ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਮੁਖ਼ਾਤਿਬ ਕਰ ਕੇ ਆਖਿਆ, “ਸਿੱਖੋ! ਵੇਖਿਆ ਜੇ ਇਹ ਪੁਲਾਅ ਤੁਸਾਂ ਕਿੰਨਾ ਵਧੀਆ ਤੇ ਸੁਆਦਲਾ ਬਣਾਇਆ ਸੀ, ਪਰ ਇਨ੍ਹਾਂ ਈਰਖਾਲੂ ਤੇ ਝਗੜਾਲੂ ਕੁੱਤਿਆਂ ਨੇ ਨਾ ਤੇ ਆਪ ਖਾਧਾ ਤੇ ਨਾ ਹੀ ਕਿਸੇ ਹੋਰ ਦੂਸਰੇ (ਕੁੱਤੇ) ਦੇ ਖਾਣ ਜੋਗਾ ਹੀ ਛੱਡਿਆ ਹੈ। ਜੇਕਰ ਇਹ ਸਾਰੇ ਪਿਆਰ ਨਾਲ ਰਲ ਕੇ ਪੁਲਾਅ ਖਾਂਦੇ ਤਾਂ ਇਨ੍ਹਾਂ ਵੀ ਰੱਜ ਜਾਣਾ ਸੀ ਤੇ ਦੂਸਰਿਆਂ (ਕੁੱਤਿਆਂ) ਦੇ ਰੱਜਣ ਤੋਂ ਮਗਰੋਂ ਵੀ ਬਚ ਜਾਣਾ ਸੀ। ਯਾਦ ਰੱਖਣਾ! ਈਰਖਾ, ਦਵੈਸ਼, ਆਪਸੀ ਵੈਰ-ਵਿਰੋਧ ਇਸ ਤਰ੍ਹਾਂ ਦਾ ਹੀ ਵਿਗਾੜ ਪੈਦਾ ਕਰਦੇ ਹਨ।

ਜਿਹੜਾ ਨਿਰਮਲ ਆਪਸੀ ਪਿਆਰ ਤੇ ਭਾਈਚਾਰੇ ਦੀ ਮਜਬੂਤੀ ਦਾ ਮਾਰਗ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ਿਆ ਇਸ ਮਾਰਗ ਨੂੰ ਸਾਨੂੰ ਸਮੂਹ ਸਿੱਖ-ਪੰਥ ਨੂੰ ਸਦਾ ਆਪਣੇ ਸਨਮੁਖ ਰੱਖਣਾ ਚਾਹੀਦਾ ਹੈ। ਅੱਜ ਅਸੀਂ ਲੋਕ-ਪਰਲੋਕ ਨੂੰ ਸੁਹੇਲਾ ਬਣਾਉਣ ਵਾਲੇ ਗੁਰਮਤਿ ਮਾਰਗ ਤੋਂ ਕੋਹਾਂ ਦੂਰ ਜਾ ਰਹੇ ਹਾਂ। ਇਸ ਵੱਲ ਬੜੀ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ।

ਅਸਲ ਵਿਚ ਅਸਾਂ ਸਾਰਿਆਂ ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦਾ ਅਨੰਦ ਲੈਣਾ ਹੈ। ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ’ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਦਸਾਂ ਨਹੁੰਆਂ ਦੀ ਹੱਕ-ਸੱਚ ਦੀ ਕਿਰਤ-ਕਮਾਈ ਦੇ ਨਾਲ-ਨਾਲ ਸਾਨੂੰ ਦਸਵੰਧ ਕੱਢਣਾ ਵੀ ਕਦੇ ਮਨੋਂ ਨਹੀਂ ਵਿਸਾਰਨਾ ਚਾਹੀਦਾ। ਕਈ ਧਰਮੀ ਸਿੱਖ ਲੋਕਾਂ ਵੱਲੋਂ ਆਪਣੀ ਹੱਕ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਧਰਮ, ਸਮਾਜ ਦੇ ਕਾਰਜ ਵਿਚ ਲਗਾਇਆ ਜਾਂਦਾ ਹੈ। ਐਸੇ ਲੋਕ ਵੀ ਹਨ ਜੋ ਆਪਣੇ-ਆਪ ਨੂੰ ਧਰਮ ਦੇ ਠੇਕੇਦਾਰ ਸਮਝੀ, ਧਰਮ-ਦੁਆਰਿਆਂ ’ਤੇ ਕਾਬਜ਼ ਹੋਈ ਬੈਠੇ ਹਨ, ਉਹ ‘ਦਸਵੰਧ’ ਕੱਢਣ ਦੀ ਬਜਾਏ ਧਰਮ-ਅਸਥਾਨਾਂ ’ਤੇ ਸ਼ਰਧਾਲੂਆਂ ਵੱਲੋਂ ਭੇਟ ਕੀਤੇ ਪੂਜਾ ਦੇ ਧਾਨ (ਭਾਵ ਪੈਸੇ ਤੇ ਹੋਰ ਲੋੜੀਂਦੇ ਪਦਾਰਥਾਂ) ਨੂੰ ਚੋਰੀ ਕਰਨ ਅਤੇ ਆਪਣੇ ਸਵਾਰਥ ਹਿਤ ਵਰਤਣ ਵਾਸਤੇ ਨਿੱਤ ਨਵੇਂ ਢੰਗ ਅਪਣਾਉਂਦੇ ਹਨ, ਜਿਨ੍ਹਾਂ ਨੂੰ ਇਕ-ਨ-ਇਕ ਦਿਨ ਧਰਮ ਤੇ ਸਮਾਜ ਦੇ ਲੋਕਾਂ ਵੱਲੋਂ ਫਿਟਕਾਰਾਂ, ਠੋਕਰਾਂ ਹੀ ਨਸੀਬ ਹੁੰਦੀਆਂ ਹਨ।

ਗੁਰੂ-ਪੰਥ ਤੋਂ ਭਟਕ ਚੁੱਕੇ ਪਾਂਧੀ, ਸਿੱਖ ਕਹਾਉਣ ਵਾਲਿਆਂ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ ਜਿਨ੍ਹਾਂ ਨੂੰ ਭਾਈ ਦਇਆ ਸਿੰਘ ਜੀ ਨੇ ਆਪਣੇ ਸ਼ਬਦਾਂ ਵਿਚ ਇਉਂ ਬਿਆਨ ਕੀਤਾ ਹੈ ਸਦਾ ਸਾਹਮਣੇ ਰੱਖਣਾ ਚਾਹੀਦਾ ਹੈ:

“ਗੁਰੂ ਕਾ ਸਿੱਖ ਮਟ, ਬ੍ਰਤ, ਤੀਰਥ, ਦੇਵੀ ਦੇਵਤਾ, ਬਰਤ ਪੂਜਾ, ਅਰਚਾ, ਮੰਤ੍ਰ, ਜੰਤ੍ਰ, ਪੀਰ, ਬ੍ਰਾਹਮਣ, ਪੁੱਛਣਾ, ਸੁੱਖਣਾ, ਤਰਪਨ ਗਾਯਤ੍ਰੀ ਕਿਸੇ ਵੱਲ ਚਿੱਤ ਦੇਵੈ ਨਹੀਂ।” (ਰਹਿਤਨਾਮਾ)

ਇਸ ਸਿਧਾਂਤ ਨੂੰ ਮੰਨ ਕੇ ਗੁਰਮਤਿ ਦੇ ਪਾਂਧੀ ਬਣਨ ਵਿਚ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ। ਗੁਰੂ ਭਲੀ ਕਰੇਗਾ!

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Nishan Singh Gandivind
ਗ੍ਰੰਥੀ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ -ਵਿਖੇ: ਠੱਠਾ ਤਰਨਤਾਰਨ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)