ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਸਿੱਖ ਸੰਪਰਦਾਵਾਂ ਦਾ ਯੋਗਦਾਨ ਸਰਬ- ਵਿਦਿਤ ਹੈ। ਅਠਾਰ੍ਹਵੀਂ ਸਦੀ ਦੇ ਜੁਗਗਰਦੀ ਅਤੇ ਮੁਸ਼ਕਲ ਹਾਲਾਤ ਵਿਚ ਜਦ ਆਮ ਸਿੱਖਾਂ ਦਾ ਸ਼ਹਿਰਾਂ, ਪਿੰਡਾਂ ਜਾਂ ਕਸਬਿਆਂ ਵਿਚ ਵੱਸਣਾ ਦੁਭਰ ਹੋ ਗਿਆ ਸੀ ਤਾਂ ਇਹ ਸੰਪਰਦਾਈ ਸੰਤ ਮਹਾਤਮਾ ਹੀ ਸਨ ਜਿਨ੍ਹਾਂ ਨੇ ਗੁਰਧਾਮਾਂ ਦੀ ਸਾਂਭ-ਸੰਭਾਲ, ਗੁਰਬਾਣੀ ਨੂੰ ਪ੍ਰਚਾਰਨ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ। ਇਨ੍ਹਾਂ ਸਿੱਖ ਸੰਪਰਦਾਵਾਂ ਵਿਚ ਚਾਰ ਸੰਪਰਦਾਵਾਂ– ਉਦਾਸੀ, ਨਿਰਮਲੇ, ਸੇਵਾ ਪੰਥੀ ਅਤੇ ਗਿਆਨੀ ਵਿਸ਼ੇਸ਼ ਤੌਰ ’ਤੇ ਉੱਲੇਖਯੋਗ ਹਨ। ਥੋੜੇ ਬਹੁਤ ਅੰਤਰ ਨਾਲ ਇਹ ਸਭ ਮਹਾਂਪੁਰਸ਼ ਗੁਰਮਤਿ ਸਿਧਾਂਤਾਂ ਦੇ ਹੀ ਪਹਿਰੇਦਾਰ ਸਨ। ਇਹ ਸਾਰੇ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਇਸ਼ਟ ਮੰਨਦੇ ਹਨ। ਇਨ੍ਹਾਂ ਸੰਪਰਦਾਈ ਸਾਧੂਆਂ ਨੇ ਮੌਖਿਕ ਅਤੇ ਲਿਖਤੀ ਦੋਹਾਂ ਰੂਪਾਂ ਵਿਚ, ਸਿੱਖ ਫ਼ਲਸਫ਼ੇ, ਇਤਿਹਾਸ, ਟੀਕਾਕਾਰੀ, ਦੂਜੀਆਂ ਜ਼ੁਬਾਨਾਂ ਵਿਚ ਲਿਖੀਆਂ ਗਈਆਂ ਪ੍ਰਮਾਣਿਕ ਪੁਸਤਕਾਂ ਦੇ ਅਨੁਵਾਦਾਂ, ਗੁਰਬਾਣੀ ਦੀ ਕੋਸ਼ਕਾਰੀ ਆਦਿ ਅਨੇਕਾਂ ਖੇਤਰਾਂ ਵਿਚ ਸੇਵਾ ਕੀਤੀ ਹੈ। ਇਨ੍ਹਾਂ ਵੱਲੋਂ ਲਿਖਤੀ ਰੂਪ ਵਿਚ ਕੀਤੀ ਗਈ ਸੇਵਾ ਦਾ ਇਕ ਵਿਸ਼ਾਲ ਭੰਡਾਰ ਮੌਜੂਦ ਹੈ ਜੋ ਵਧੇਰੇ ਕਰਕੇ ਹੱਥ-ਲਿਖਤਾਂ ਜਾਂ ਅਣਛਪੀਆਂ ਸੈਂਚੀਆਂ ਦੇ ਰੂਪ ਵਿਚ ਮਿਲਦਾ ਹੈ। ਸੈਂਕੜਿਆਂ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਗ੍ਰੰਥ ਹਨ ਜੋ ਇਨ੍ਹਾਂ ਦੀ ਘਾਲਣਾ ਦਾ ਸਿੱਟਾ ਹਨ ਪਰ ਬਦਕਿਸਮਤੀ ਨੂੰ ਅਸੀਂ ਇਨ੍ਹਾਂ ਸੰਪਰਦਾਵਾਂ ਦੀ ਮੁਕੰਮਲ ਸਾਹਿਤ ਸੇਵਾ ’ਤੇ ਖੋਜ ਦੀ ਅਣਹੋਂਦ ਕਾਰਨ ਅਣਜਾਣ ਹਾਂ। ਜਦੋਂ ਤੋਂ ਪੰਜਾਬੀ, ਸਿੱਖ ਧਰਮ ਅਧਿਐਨ, ਤੁਲਨਾਤਮਕ ਧਰਮ ਅਧਿਐਨ ਅਤੇ ਦੂਜੇ ਜੁੜਵੇਂ ਵਿਸ਼ਿਆਂ ਦੀ ਉਚੇਰੀ ਪੜ੍ਹਾਈ ਕਰਾਈ ਜਾਣ ਲੱਗੀ ਹੈ, ਉਦੋਂ ਤੋਂ ਐਮ.ਫ਼ਿਲ.; ਪੀਐਚ.ਡੀ ਅਤੇ ਡੀ.ਲਿਟ. ਦੇ ਖੋਜ-ਕਾਰਜਾਂ ਤੋਂ ਇਲਾਵਾ ਪੁਸਤਕਾਂ ਦੇ ਰੂਪ ਵਿਚ ਵੀ ਕੁਝ ਕੰਮ ਹੋਇਆ ਮਿਲਦਾ ਹੈ ਪਰ ਬਹੁਤਾ ਕੁਝ ਕਰਨਾ ਬਾਕੀ ਹੈ।
ਸਿੱਖ ਸੰਪਰਦਾਵਾਂ ਵਿਚ ਨਿਰਮਲ ਸੰਪਰਦਾਇ ਸਿੱਖ ਸਮਾਜ ਦੀ ਇਕ ਅਜਿਹੀ ਸੰਪਰਦਾਇ ਹੈ ਜਿਸ ਦੇ ਜ਼ਿੰਮੇ ਸਿੱਖ ਸਾਹਿਤ ਅਤੇ ਗੁਰਬਾਣੀ ਦੇ ਪਠਨ ਦਾ ਕੰਮ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਾਇਆ ਸੀ। ਬਹੁਤੇ ਵਿਦਵਾਨ ਇਹ ਮੰਨਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1686 ਈ: ਵਿਚ ਪੰਜ ਸਿੱਖਾਂ (ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਭਾਈ ਗੰਡਾ ਸਿੰਘ, ਭਾਈ ਵੀਰ ਸਿੰਘ ਅਤੇ ਭਾਈ ਸੋਭਾ ਸਿੰਘ) ਨੂੰ ਸੰਸਕ੍ਰਿਤ ਪੜ੍ਹਨ ਲਈ ਕਾਸ਼ੀ ਭੇਜਿਆ ਸੀ ਅਤੇ ਵਾਪਸ ਆਉਣ ’ਤੇ ਗੁਰੂ ਜੀ ਨੇ ਉਨ੍ਹਾਂ ਨੂੰ ‘ਨਿਰਮਲ ਬੁੱਧ’ ਦਾ ਲਕਬ ਆਪ ਬਖ਼ਸ਼ਿਆ ਸੀ। ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਭਾਰਤੀ ਵਿੱਦਿਅਕ ਪਰੰਪਰਾ ’ਤੇ ਬਹੁਤ ਚੰਗੀ ਤਰ੍ਹਾਂ ਜਾਣੂ ਸਨ ਕਿਉਂਕਿ ਪ੍ਰਾਚੀਨ ਯੁੱਗ ਦਾ ਸਾਰਾ ਗਿਆਨ ਸੰਸਕ੍ਰਿਤ ਗ੍ਰੰਥ ਵਿਚ ਹੀ ਸੀ। ਇਸੇ ਲਈ ਉਨ੍ਹਾਂ ਨੇ ਸਿੱਖਾਂ ਵਿਚ ਸੰਸਕ੍ਰਿਤ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਵਿਚ ਉਚੇਚੀ ਦਿਲਚਸਪੀ ਲਈ। ਉਨ੍ਹਾਂ ਦੇ ਵਿੱਦਿਆ ਦਰਬਾਰ ਵਿਚ ਬਵਿੰਜਾ ਕਵੀ ਸਨ, ਜੋ ਨਾ ਕੇਵਲ ਆਪ ਕਵਿਤਾ ਲਿਖਦੇ ਸਗੋਂ ਪਹਿਲਾਂ ਲਿਖੀਆਂ ਪੁਸਤਕਾਂ ਦੇ ਅਨੁਵਾਦ ਵੀ ਕਰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਵਿਦਵਾਨਾਂ ਵੱਲੋਂ ਖਾਸ ਕਰਕੇ ਕਵੀ ਟਹਕਣ ਦਾ ‘ਮਹਾਂਭਾਰਤ’ ਦਾ ਕੀਤਾ ਗਿਆ ਅਨੁਵਾਦ ਅੱਜ ਵੀ ਪੁਰਾਣੀਆਂ ਲਾਇਬ੍ਰੇਰੀਆਂ ਵਿਚ ਹੱਥ-ਲਿਖਤਾਂ ਦੇ ਰੂਪ ਵਿਚ ਮਿਲਦਾ ਹੈ। ਸਾਰੰਸ਼ ਇਹ ਕਿ ਨਿਰਮਲ ਸੰਪਰਦਾਇ ਦੇ ਯਤਨਾਂ ਸਦਕਾ ਗੁਰਬਾਣੀ ਲੇਖਣ, ਇਸ ਦੀ ਵਿਆਖਿਆ, ਟੀਕਾਕਾਰੀ, ਸਿੱਖ ਇਤਿਹਾਸਕਾਰੀ, ਕੋਸ਼ਕਾਰੀ ਅਤੇ ਅਨੁਵਾਦ ਖੇਤਰਾਂ ਵਿਚ ਕੀਤੀ ਗਈ ਘਾਲਣਾ ਅੱਜ ਸਿੱਖ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਹੈ। ਜੇਕਰ ਨਿਰਮਲ ਸੰਪਰਦਾਇ ਦੇ ਵਿਦਵਾਨਾਂ, ਜੋ ਇਤਫਾਕ-ਵੱਸ ਲੇਖਕ ਵੀ ਹਨ, ਦੀ ਗੱਲ ਕਰਨੀ ਹੋਵੇ ਤਾਂ ਭਾਈ ਸੰਤੋਖ ਸਿੰਘ, ਪੰਡਿਤ ਗੁਲਾਬ ਸਿੰਘ, ਗਿਆਨੀ ਗਿਆਨ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਮਹੰਤ ਗਣੇਸ਼ਾ ਸਿੰਘ, ਪੰਡਿਤ ਨਰਾਇਣ ਸਿੰਘ ਮੁਜੰਗਾਂਵਾਲੇ, ਸੰਤ ਕਿਰਪਾਲ ਸਿੰਘ ਅਤੇ ਅਨੇਕਾਂ ਹੋਰ ਨਾਂ ਲਏ ਜਾ ਸਕਦੇ ਹਨ। ਭਾਈ ਸੰਤੋਖ ਸਿੰਘ ਦੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਅਤੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਅਜਿਹੇ ਪ੍ਰਮਾਣਿਕ ਗ੍ਰੰਥ ਹਨ ਜਿਨ੍ਹਾਂ ਤੋਂ ਬਿਨਾ ਗੁਰ-ਇਤਿਹਾਸ ਲਿਖਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਗੁਰਦੁਆਰਾ ਸਾਹਿਬ ਵਿਚ ਜੇਕਰ ਕਿਸੇ ਗ੍ਰੰਥ ਦੀ ਇਤਿਹਾਸਿਕ ਗ੍ਰੰਥ ਵਿੱਚੋਂ ਕਥਾ ਕੀਤੀ ਜਾ ਸਕਦੀ ਹੈ ਤਾਂ ਉਹ ਕੇਵਲ ‘ਗੁਰ ਪ੍ਰਤਾਪ ਸੂਰਜ ਗੰ੍ਰਥ’ ਹੀ ਹੈ। ਇਸ ਗ੍ਰੰਥ ਨੂੰ ਲਿਖੇ ਹੋਏ ਨੂੰ ਡੇਢ ਸੌ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਭਾਈ ਜੀ ਦੇ ਗ੍ਰੰਥ ਦੇ ਹਵਾਲੇ ਦੇਣ ਤੋਂ ਬਿਨ੍ਹਾਂ ਸਿੱਖ ਇਤਿਹਾਸ ਦੀ ਗੱਲ ਅੱਗੇ ਨਹੀਂ ਵੱਧ ਸਕਦੀ। ਨਿਰਮਲ ਸੰਪ੍ਰਰਦਾਇ ਦੇ ਸੰਤਾਂ ਦੁਆਰਾ ਲਿਖਿਆ ਗਿਆ ਸਾਹਿਤ ਬ੍ਰਜ ਭਾਸ਼ਾ ਅਤੇ ਪੰਜਾਬੀ ਦੋਹਾਂ ਦੀ ਮਿੱਸ ਵਾਲਾ ਹੈ ਪਰ ਇਹ ਵਧੇਰੇ ਕਰਕੇ ਗੁਰਮੁਖੀ ਲਿਪੀ ਵਿਚ ਹੀ ਲਿਪੀ-ਬੱਧ ਹੋਇਆ ਹੈ। ਹਥਲੇ ਲੇਖ ਵਿਚ ਅਸੀਂ ਇਸੇ ਸੰਪਰਦਾਇ ਦੇ ਇਕ ਅਲਪ-ਚਰਚਿਤ ਲੇਖਕ ਸੰਤ ਮੋਹਰਿ ਸਿੰਘ ਨਾਲ ਪਾਠਕਾਂ ਦੀ ਜਾਣ-ਪਛਾਣ ਕਰਾਉਣੀ ਚਾਹੁੰਦੇ ਹਾਂ।
ਉਨ੍ਹੀਵੀਂ ਸਦੀ ਵਿਚ ਨਿਰਮਲ ਸੰਪਰਦਾਇ ਨਾਲ ਸੰਬੰਧਿਤ ਸੰਤ ਮੋਹਰਿ ਸਿੰਘ ਲੇਖਕ ਵੀ ਸੀ। ਉਹ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਅੰਸ਼ ਦੱਸਦਾ ਹੈ ਅਤੇ ਵਸਨੀਕ ਵੀ ਸ੍ਰੀ ਅਨੰਦਪੁਰ ਸਾਹਿਬ ਦਾ ਹੀ ਲਗਦਾ ਹੈ ਕਿਉਂਕਿ ਉਸਦੀਆਂ ਰਚਨਾਵਾਂ ਵਿਚ ਅਜਿਹੇ ਸੰਕੇਤ ਪ੍ਰਾਪਤ ਹਨ। ਆਪਣੀ ਨਾਦੀ ਬੰਸਾਵਲੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੁਰੂ ਕਰ ਕੇ ਸੰਤ ਮਿਲਾਪ ਸਿੰਘ, ਫਿਰ ਸੰਤ ਸੁਚੇਤ ਸਿੰਘ ਇਨ੍ਹਾਂ ਤੋਂ ਬਾਅਦ ਸੰਤ ਮੰਗਲ ਸਿੰਘ ਅਤੇ ਫਿਰ ਆਪਣੇ ਤਾਈਂ ਲਿਆਉਂਦਾ ਹੈ। ਬਾਬਾ ਮੋਹਰਿ ਸਿੰਘ ਦਾ ਚੇਲਾ ਸੰਤ ਹੰਬੀਰ ਸਿੰਘ ਸੀ।
ਬਾਬਾ ਮੋਹਰਿ ਸਿੰਘ ਦਾ ਇਕ ਗ੍ਰੰਥ ‘ਭਰਮ ਤੋੜ ਗ੍ਰੰਥ’ ਨਾਂ ਥੱਲੇ ਮਿਲਦਾ ਹੈ ਜਿਸ ਵਿਚ ਛੋਟੀਆਂ-ਵੱਡੀਆਂ ਦਸ ਕੁ ਰਚਨਾਵਾਂ ਹਨ। ਇਸ ਗ੍ਰੰਥ ਤੋਂ ਪਤਾ ਲਗਦਾ ਹੈ ਕਿ ਬਾਬਾ ਮੋਹਰਿ ਸਿੰਘ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਿਪਾਹੀ ਸੀ। ਸੰਨ 1882 ਬਿਕ੍ਰਮੀ (1825 ਈ:) ਨੂੰ ਸਰਦਾਰ ਬੁੱਧ ਸਿੰਘ ਸੰਧਾਵਾਲੀਏ ਦੀ ਕਮਾਨ ਹੇਠ ਇਕ ਮੁਹਿੰਮ ਕਾਬਲ ਨੂੰ ਭੇਜੀ ਗਈ। ਸੈਦੂ ਦੇ ਮੁਕਾਮ ’ਤੇ ਤੁਰਕਾਂ ਅਤੇ ਸਿੰਘਾਂ ਦਰਮਿਆਨ ਯੁੱਧ ਹੋਇਆ ਜਿਸ ਵਿਚ ਬਾਬਾ ਮੋਹਰਿ ਸਿੰਘ ਨੇ ਅੱਗੇ ਹੋ ਕੇ ਹਿੱਸਾ ਲਿਆ। ਇਸ ਲੜਾਈ ਵਿਚ ਮੱਚੀ ਕਤਲ-ਏ-ਆਮ ਨੂੰ ਵੇਖ ਕੇ ਉਸ ਦਾ ਮਨ ਉਚਾਟ ਹੋ ਗਿਆ ਅਤੇ ਉਹ ਸਭ ਕੁਝ ਛੱਡ-ਛਡਾਅ ਕੇ ਵਿਰਕਤ ਬਣ ਗਿਆ।
‘ਭਰਮ ਤੋੜ ਗ੍ਰੰਥ’ ਵਿਚਲੀਆਂ ਸਾਰੀਆਂ ਰਚਨਾਵਾਂ ਨੂੰ ਮੋਟੇ ਤੌਰ ’ਤੇ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਵਰਗ ਧਾਰਮਿਕ, ਦਾਰਸ਼ਨਿਕ ਅਤੇ ਵੇਦਾਂਤ ਨਾਲ ਸੰਬੰਧਿਤ ਰਚਨਾਵਾਂ ਹਨ, ਜਦਕਿ ਦੂਸਰਾ ਵਰਗ ਇਤਿਹਾਸਗਤ ਰਚਨਾਵਾਂ ਦਾ ਹੈ। ਪਹਿਲੇ ਵਰਗ ਵਿਚ ਆਤਮ ਕਥਾ, ਬੈਂਤਾਂ (ਤਿੰਨ ਭਾਗ), ਸੀ ਹਰਫੀ, ਕੋਰੜੇ, ਬਿਬੇਕ ਗ੍ਰੰਥ, ਮੰਤ੍ਰ ਅਤੇ ਫੱਕਰਨਾਮਾ ਰੱਖੀਆਂ ਜਾ ਸਕਦੀਆਂ ਹਨ, ਜਦਕਿ ਦੂਜੇ ਵਰਗ ਵਿਚ ਗੁਰਪ੍ਰਣਾਲੀ, ਗੁਰ ਉਸਤਤਿ ਅਤੇ ਸ਼ਜਰਾ ਆਦਿ ਰਚਨਾਵਾਂ ਆਉਂਦੀਆਂ ਹਨ। ਮੋਟੇ ਤੌਰ ’ਤੇ ਇਨ੍ਹਾਂ ਸਾਰੀਆਂ ਰਚਨਾਵਾਂ ਦਾ ਰਚਨਾ ਕਾਲ, ਇਨ੍ਹਾਂ ਦੇ ਆਖਰ ਉੱਪਰ ਆਏ ਸੰਕੇਤਾਂ ਤੋਂ ਉਨੀਵੀਂ ਸਦੀ ਹੀ ਬਣਦਾ ਹੈ।
ਪੰਜਾਬੀ ਵਿਚ ‘ਨਾਮਾ’ ਸਾਹਿਤ ਲਿਖਣ ਦੀ ਪਰੰਪਰਾ ਅਰਬੀ-ਫ਼ਾਰਸੀ ਦੀ ਵੇਖਾ-ਵੇਖੀ ਸ਼ੁਰੂ ਹੋਈ, ਭਾਵੇਂ ਕਿ ਮਗਰੋਂ ਇਸ ਦੇ ਅਰਥ ਵੀ ਬਦਲ ਗਏ ਅਤੇ ਇਸ ਵਿਚ ਹੋਰ ਵੀ ਕਈ ਕੁਝ ਆਣ ਰਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੋੜੀ ਜਾਂਦੀ ਰਚਨਾ ਕਰਨੀ ਨਾਮਾ (ਕੱਚੀ ਬਾਣੀ), ਰਹਿਤਨਾਮਾ, ਹੁਕਮਨਾਮਾ, ਜ਼ਫ਼ਰਨਾਮਾ, ਫਤਿਹਨਾਮਾ ਆਦਿ ਤੋਂ ਗੱਲ ਤੁਰਕੀ ਹਾਤਮਨਾਮਾ, ਸ਼ਾਹਨਾਮਾ ਰਣਜੀਤ ਸਿੰਘ ਅਤੇ ਜੰਗਨਾਮਿਆਂ ਤਕ ਪਹੁੰਚਦੀ ਹੈ। ਅਰੰਭ ਵਿਚ ਭਾਵੇਂ ਨਾਮਾ ਦਾ ਅਰਥ ਚਿੱਠੀ ਜਾਂ ਖ਼ਤ ਤੋਂ ਹੀ ਸੀ ਪਰ ਬਾਅਦ ਵਿਚ ਅਰਥ-ਵਿਸਥਾਰ ਹੋ ਕੇ ਇਹ ਰਚਨਾ ਦਾ ਬੋਧਕ ਬਣ ਗਿਆ। ਚਰਖੇਨਾਮੇ ਵੀ ਲਿਖੇ ਗਏ। ਇੰਝ ਪੰਜਾਬੀ ਅਤੇ ਸਿੱਖ ਸਾਹਿਤ ਵਿਚ ਨਾਮਾ ਸਾਹਿਤ ਪਰੰਪਰਾ ਪੁਰਾਣੀ ਵੀ ਹੈ ਅਤੇ ਅਮੀਰ ਵੀ। ਬਾਬਾ ਮੋਹਰਿ ਸਿੰਘ ਦੀ ਜਿਸ ਰਚਨਾ ਬਾਰੇ ਅਸੀਂ ਗੱਲ ਕਰਨ ਲੱਗੇ ਹਾਂ, ਉਹ ‘ਫੱਕਰਨਾਮਾ’ ਹੈ। ਰਚਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਫੱਕਰ ਸ਼ਬਦ ਰੂਪ ਦੀ ਬਣਤਰ ਅਤੇ ਇਸ ਦੇ ਅਰਥਾਂ ਬਾਰੇ ਸਪੱਸ਼ਟ ਹੋਣਾ ਬੜਾ ਜ਼ਰੂਰੀ ਹੈ।
ਅਰਬੀ-ਫ਼ਾਰਸੀ ਮੂਲ ਦੇ ‘ਫਿਕਰ’ ਸ਼ਬਦ ਤੋਂ ਵਿਕਸਿਤ ਹੋਇਆ ਸ਼ਬਦ ਫੱਕਰ ਬਹੁਤ ਅਰਥਪੂਰਣ ਹੈ। ਪੰਜਾਬੀ ਸਮਾਜ ਅਤੇ ਅਕਾਦਮਿਕ ਜਗਤ ਵਿਚ ਇਸ ਬਾਰੇ ਕਈ ਭਰਮ-ਭੁਲੇਖੇ ਵੀ ਹਨ। ਫਿਕਰ ਦਾ ਅਰਥ ਸੋਚ-ਵਿਚਾਰ ਕਰਨਾ, ਚਿੰਤਨ ਕਰਨਾ ਜਾਂ ਗੌਰ ਕਰਨਾ ਹੈ। ਇਸ ਤੋਂ ਅੱਗੇ ਫਿਕਰੀ, ਫਿਕਰਮੰਦੀ ਆਦਿ ਸ਼ਬਦ ਬਣੇ ਹਨ। ਜਿਨ੍ਹਾਂ ਦੇ ਅਰਥ ਵੀ ਸੋਚ-ਵਿਚਾਰ ਅਤੇ ਚਿੰਤਨ ਦੇ ਹੀ ਹਨ। ਇਸ ਦਾ ਬਹੁ-ਵਚਨ ਅਫ਼ਕਾਰ ਹੈ ਜਿਸ ਨੂੰ ਭਾਰਤ ਵਿਚ ਵਰਤੀ ਜਾਂਦੀ ਸਾਹਿਤਕ ਸ਼ਬਦਾਵਾਲੀ ਵਿਚ ਵਿਚਾਰਧਾਰਾ ਵੀ ਕਿਹਾ ਜਾ ਸਕਦਾ ਹੈ। ਸਾਡੀਆਂ ਪੁਸਤਕਾਂ ਅਤੇ ਖੋਜ-ਨਿਬੰਧਾਂ ਵਿਚ ਚਿੰਤਨ ਤੇ ਕਲਾ ਸ਼ਬਦ ਵਰਤੇ ਜਾਂਦੇ ਹਨ ਪਰ ਪਾਕਿਸਤਾਨੀ ਪੰਜਾਬੀ ਖੋਜਕਾਰ ਉਨ੍ਹਾਂ ਦੋਹਾਂ ਲਈ ‘ਫਿਕਰ’ ਤੇ ‘ਫਨ’ ਸ਼ਬਦ ਵਰਤਦੇ ਹਨ। ਫਿਕਰ ਤੋਂ ਸ਼ਬਦ ਮੁਫ਼ੱਕਰ ਬਣਿਆ ਹੈ ਜਿਸ ਦਾ ਅਰਥ ਚਿੰਤਕ, ਸੋਚਵਾਨ ਜਾਂ ਵਿਚਾਰਵਾਨ ਹੈ। ਸਰਲੀਕਰਣ ਦੇ ਸਿਧਾਂਤ ਅਨੁਸਾਰ ਪੰਜਾਬੀਆਂ ਨੇ ਮੁਫ਼ੱਕਰ ਨੂੰ ਫੱਕਰ ਬਣਾ ਧਰਿਆ ਅਤੇ ਇਸ ਦੀ ਵਰਤੋਂ ਆਮ ਹੋਣ ਲੱਗ ਪਈ। ਫਕੀਰ, ਫਕੀਰੀ ਅਤੇ ਫਕੀਰਾਨਾ ਇਸ ਦੇ ਅਗਲੇ ਸ਼ਬਦ ਰੂਪ ਹਨ ਜਿਨ੍ਹਾਂ ਦਾ ਅਰਥ ਦਰਵੇਸ਼ੀ (ਗਰੀਬੀ) ਤੋਂ ਹੈ। ਸੋ ਮੋਟੇ ਤੌਰ ’ਤੇ ਫੱਕਰ ਦਾ ਅਰਥ ਸੋਚਵਾਨ, ਵਿਚਾਰਵਾਨ ਜਾਂ ਚਿੰਤਕ ਤੋਂ ਹੈ ਅਤੇ ਫੱਕਰਨਾਮਾ ਉਹ ਰਚਨਾ ਹੈ ਜਿਸ ਵਿਚ ਫੱਕਰ ਦੇ ਗੁਣ ਲੱਛਣ ਬਿਆਨ ਹੋਏ ਹੋਣ। ਬਾਬਾ ਮੋਹਰਿ ਸਿੰਘ ਦਾ ਫੱਕਰਨਾਮਾ ਵੀ ਅਜਿਹਾ ਹੀ ਹੈ।
ਗੁਰਬਾਣੀ ਵਿਚ ਗੁਰਮੁਖ, ਬ੍ਰਹਮ ਗਿਆਨੀ ਆਦਿ ਸ਼ਬਦ ਵਰਤੇ ਹੋਏ ਮਿਲਦੇ ਹਨ। ਸੁਖਮਨੀ ਸਾਹਿਬ ਵਿਚ ਬ੍ਰਹਮ ਗਿਆਨੀ ਦੇ ਗੁਣ/ਲੱਛਣ ਵਿਸਥਾਰ ਸਹਿਤ ਬਿਆਨ ਕੀਤੇ ਗਏ ਹਨ। ਬਾਬਾ ਮੋਹਰਿ ਸਿੰਘ ਦਾ ਫੱਕਰ ਵੀ ਕਾਫੀ ਹੱਦ ਤਕ ਬ੍ਰਹਮ ਗਿਆਨੀ ਨਾਲ ਰਲਦਾ ਮਿਲਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਗੁਰਬਾਣੀ ਬਾਬਾ ਮੋਹਰਿ ਸਿੰਘ ਦੇ ਅਵਚੇਤਨ ਵਿਚ ਸਮਾਈ ਹੋਈ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਇਸ ਤੋਂ ਬਾਹਰ ਨਹੀਂ ਜਾ ਸਕਦਾ। ਉਂਝ ਅੰਦਾਜ਼ ਉਸ ਦਾ ਆਪਣਾ ਹੈ ਅਤੇ ਅਜਿਹਾ ਹੋਣਾ ਸੁਭਾਵਿਕ ਹੀ ਹੈ। ਬਾਬਾ ਮੋਹਰਿ ਸਿੰਘ ਦੇ ਫੱਕਰ ਦੀ ਇਹ ਮੋਟੀ ਜਿਹੀ ਪਰਿਭਾਸ਼ਾ ਹੈ:
ਮੋਹਰਿ ਸਿੰਘ ਫੱਕਰ ਹੈ ਸੋਈ। ਜਾ ਕੇ ਰਿਦੇ ਦੈ੍ਵਤ ਨ ਹੋਈ।
ਦੈ੍ਵਤ ਤੋਂ ਰਹਿਤ ਹੋ ਕੇ ਸਮਦਰਸ਼ੀ ਬਣਨਾ ਫੱਕਰ ਦਾ ਇਕ ਗੁਣ ਹੈ ਪਰ ਇਸ ਤੋਂ ਬਿਨ੍ਹਾਂ ਉਸ ਵਿਚ ਹੋਰ ਕਈ ਗੁਣ ਹਨ। ਉਸ ਦਾ ਕੋਈ ਨਿਸ਼ਚਿਤ ਵਰਣ, ਰੰਗ, ਜਾਤ, ਰੂਪ ਜਾਂ ਨਿਸ਼ਾਨੀ ਨਹੀਂ। ਉਹ ਸਭ ਵਿਚ ਇਕ ਜੋਤ ਦਾ ਪ੍ਰਕਾਸ਼ ਵੇਖਦਾ ਹੈ:
ਫੱਕਰ ਕਿਸੇ ਭੇਖ ਦਾ ਨਹੀਂ ਅਭਿਮਾਨੀ। ਸਰਬ ਮੇਂ ਜੋਤਿ ੲਕੇ ਹੈ ਜਾਨੀ।
ਫੱਕਰ ਸੋ ਕਿਸੀ ਮੇਂ ਫਰਕ ਨ ਦੇਖੇ। ਰਾਮ ਰਸੂਲ ਕੋ ਏਕੇ ਪੇਖੇ।
ਹਿੰਦੂ ਤੁਰਕ ਕੀ ਛਡੇ ਕਾਣ। ਮੜੀ ਮਸੀਤੀ ਨੋ ਦੇਵੇ ਜਾਣ।
ਫੱਕਰ ਕੇਵਲ ਇਕ ਅਕਾਲ ਪੁਰਖ ਦੀ ਅਰਾਧਨਾ ਕਰਦਾ ਹੈ। ਉਹ ਪੱਥਰਾਂ ਦੀ ਪੂਜਾ ਨਹੀਂ ਕਰਦਾ, ਮੜੀਆਂ-ਮਸਾਣਾਂ ਨੂੰ ਨਹੀਂ ਧਿਆਉਂਦਾ, ਤੀਰਥਾਂ ’ਤੇ ਨਹੀਂ ਜਾਂਦਾ, ਵਰਤ ਨਹੀਂ ਰੱਖਦਾ ਅਤੇ ਸਭ ਤੋਂ ਵੱਡੀ ਗੱਲ ਕਿ ਪਖੰਡ ਨਹੀਂ ਕਰਦਾ:
ਵੱਟੇ ਪੂਜਾ ਸਭ ਉਠਾਵੇ। ਧਿਆਨ ਏਕ ਸਾਹਿਬ ਮੇ ਲਾਵੇ।
ਇਕ ਸਾਹਿਬ ਤੇ ਭੁੱਲ ਕੇ, ਤੀਰਥ ਬਰਤ ਜੋ ਕਰਦੇ ਹੈਂ।
ਸੋ ਫੱਕਰ ਨਹੀਂ ਮੂੜੇ। ਖੁਆਰ ਹੋ ਕੇ ਮਰਦੇ ਹੈ।
ਬਾਬਾ ਮੋਹਰਿ ਸਿੰਘ ਦਾ ਫੱਕਰ, ਗੁਰਬਾਣੀ ਦੇ ਬ੍ਰਹਮ ਗਿਆਨੀ ਵਾਂਗ, ਸਾਧਨਾ ਕਰ ਕੇ, ਦੇਹ ਤੋਂ ਉਪਰ ਉੱਠ ਕੇ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦਾ ਹੈ। ਉਹ ਆਵਾਗੌਣ ਵਿਚ ਨਹੀਂ ਪੈਂਦਾ, ਉਸ ਨੂੰ ਧਰਮਰਾਇ ਨੂੰ ਲੇਖਾ ਨਹੀਂ ਦੇਣਾ ਪੈਂਦਾ, ਪੰਜ ਕਲੇਸ਼, ਤਿੰਨ ਤਾਪ ਉਸ ਨੂੰ ਪੋਂਹਦੇ ਨਹੀਂ ਅਤੇ ਉਹ ਪਾਪ-ਪੁੰਨ ਦੇ ਅਸਰ ਤੋਂ ਮੁਕਤ ਹੁੰਦਾ ਹੈ:
ਫੱਕਰ ਜਨਮੇ ਨ ਮਰਤਾ। ਫੱਕਰ ਕਰਤਾ ਹੀ ਅਕਰਤਾ।
ਫੱਕਰ ਕੇ ਧਰਮ ਰਾਇ ਨ ਲੇਖਾ। ਕਿ ਜਿਸਤੇ ਏਕ ਹੈ ਦੇਖਾ। . . .
ਫੱਕਰ ਨਹੀਂ ਪੰਚ ਕੋਸ ਦਾ ਲਾਗੀ। ਫੱਕਰ ਤੀਕ ਤਘ ਕਾ ਤਿਆਗੀ।
ਫੱਕਰ ਤੇ ਨਹੀਂ ਪੰਜ ਕਲੇਸ਼। ਤਿਸੀ ਤੇ ਖੁਸ਼ੀ ਰਹਿਤਾ ਹੈ ਹਮੇਸ਼।
ਬਾਬਾ ਮੋਹਰਿ ਸਿੰਘ ਦਾ ਫੱਕਰ ਬੇਨਿਆਜ਼ ਵੀ ਹੈ ਅਤੇ ਬੇਮੁਹਤਾਜ਼ ਵੀ। ਉਹ ਕਿਸੇ ਕੋਲੋਂ ਮੰਗਣ ਨਹੀਂ ਜਾਂਦਾ। ਉਹ ਕਿਸੇ ਨੂੰ ਸੁਆਲ ਨਹੀਂ ਕਰਦਾ ਜਿਸ ਕਰਕੇ ਉਹ ਸੈ੍ਵ-ਅਭਿਮਾਨੀ ਹੈ:
ਫੱਕਰ ਬੇਮੁਹਤਾਜੀ ਮੇਂ ਰਹਿਤਾ। ਸੁਆਲ ਕਿਸੀ ਕੋ ਨਹੀਂ ਕਹਿਤਾ।
ਰਾਜੇ ਰਾਣੇ ਦੇ ਜੋ ਮੰਗਣ ਜਾਉ। ਫੱਕਰ ਨਹੀਂ ਸੋ ਗਧਾ ਕਹਾਉ।
ਸਾਧਨਾ ਨਾਲ ਫੱਕਰ ਦੀ ਜ਼ਿੰਦਗੀ ਵਿਚ ਅਜਿਹੀ ਆਤਮਿਕ ਅਵਸਥਾ ਵੀ ਆ ਜਾਂਦੀ ਹੈ ਜਦ ਸਿਰਜਕ ਅਤੇ ਸਿਰਜਨਾ ਅਭੇਦ ਜੋ ਜਾਂਦੇ ਹਨ। ਅਭੇਦ ਹੋਣ ਨਾਲ ਹਰ ਤਰ੍ਹਾਂ ਦੇ ਅੰਤਰ ਮਿਟ ਜਾਂਦੇ ਹਨ ਅਤੇ ਵਿਤਕਰੇ ਦੂਰ ਹੋ ਜਾਂਦੇ ਹਨ:
ਫੱਕਰ ਰੱਬ ਵਿਚ ਭੇਦ ਨ ਕੋਈ। ਰੱਬ ਹੈ ਫੱਕਰ, ਫੱਕਰ ਰੱਬ ਹੋਈ।
ਫੱਕਰ ਜਬ ਹੋਵੈ ਕੈਸਾ। . . .
ਤਾ ਕੋ ਫਿਕਰ ਹੋਵੇ ਕੈਸਾ। ਫੱਕਰ ਸਭ ਕੇ ਬੀਚ ਹੈ,
ਕਰ ਸਭ ਮਹਿ ਜਾਣ। ਫੱਕਰ ਰੱਬ ਵਿਚ ਕਦੇ ਨ,
ਇੱਕੋ ਰੂਪ ਪਛਾਣ।
ਇੰਝ ਅਸੀਂ ਵੇਖਦੇ ਹਾਂ ਕਿ ਬਾਬਾ ਮੋਹਰਿ ਸਿੰਘ ਨੇ ਸਾਦ-ਮੁਰਾਦੀ ਕਵਿਤਾ ਵਿਚ ਇਕ ਛੋਟੀ ਜਿਹੀ ਰਚਨਾ ਰਚ ਕੇ ਫੱਕਰ ਦੀ ਪਰਿਭਾਸ਼ਾ ਅਤੇ ਗੁਣ ਤੇ ਲੱਛਣ ਆਪਣੇ ਦ੍ਰਿਸ਼ਟੀਕੋਣ ਤੇ ਬਿਆਨ ਕੀਤੇ ਹਨ। ਨਿਰਮਲੇ ਸੰਤਾਂ ਦਾ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਇਸ ਲਈ ਉਨ੍ਹਾਂ ਦੀ ਹਰ ਕ੍ਰਿਤ ਵਿਚ ਗੁਰਬਾਣੀ ਅਤੇ ਗੁਰਮਤਿ ਦਰਸ਼ਨ ਦਾ ਪ੍ਰਭਾਵ ਸਪੱਸ਼ਟ ਰੂਪ ਵਿਚ ਵਿਖਾਈ ਦਿੰਦਾ ਹੈ।
ਲੇਖਕ ਬਾਰੇ
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/November 1, 2007
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/February 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/September 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/October 1, 2008
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/August 1, 2009
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/May 1, 2010
- ਡਾ. ਧਰਮ ਸਿੰਘhttps://sikharchives.org/kosh/author/%e0%a8%a1%e0%a8%be-%e0%a8%a7%e0%a8%b0%e0%a8%ae-%e0%a8%b8%e0%a8%bf%e0%a9%b0%e0%a8%98/February 1, 2016