ਸੰਘਰਸ਼ ਜਾਂ ਜੱਦੋਜਹਿਦ ਕਰਨਾ ਮਨੁੱਖ ਦੇ ਭਾਗਾਂ ਵਿਚ ਪਰਮਾਤਮਾ ਨੇ ਖੁਦ ਲਿਖਿਆ ਹੋਇਆ ਹੈ। ਸੰਘਰਸ਼ ਰੂਪੀ ਭੱਠੀ ਵਿਚ ਤਪ ਕੇ ਹੀ ਮਨੁੱਖ -ਮਾਤਰ ਦਾ ਵਿਅਕਤਿਤਵ ਨਿਖਰ ਸਕਦਾ ਹੈ। ਸੰਘਰਸ਼ ਹੀ ਵਾਸਤਵ ਵਿਚ ਮਨੁੱਖਾ ਜੀਵਨ ਵਿਚ ਵਿਕਾਸ ਤੇ ਵਿਗਾਸ ਦਾ ਇਕ ਮੂਲ ਕਾਰਕ ਜਾਂ ਪ੍ਰੇਰਕ ਹੈ। ਇਸ ਧਰਤੀ ’ਤੇ ਮਨੁੱਖ ਨੂੰ ਆਪਣੀ ਹੋਂਦ ਬਣਾਈ ਰੱਖਣ ਵਾਸਤੇ ਸਦਾ ਹੀ ਉੱਦਮ, ਉਪਰਾਲਾ ਤੇ ਹੀਲਾ-ਵਸੀਲਾ ਕਰਨਾ ਪੈਂਦਾ ਹੈ। ਜਿਹੜਾ ਮਨੁੱਖ -ਮਾਤਰ ਇਸ ਸੱਚਾਈ ਨੂੰ ਜਾਣਦਾ ਤੇ ਪਛਾਣਦਾ ਹੈ ਉਹੀ ਵਿਕਾਸ-ਮਾਰਗ ’ਤੇ ਗਤੀਸ਼ੀਲ ਰਹਿ ਸਕਦਾ ਹੈ। ਚਲਦੇ ਰਹਿਣਾ ਹੀ ਜੀਵਨ ਦਾ ਸੂਚਕ ਹੈ। ਜੀਵਨ ਵਿਚ ਖੜੋਤ ਰੜਕਦੀ ਹੈ। ਇਸ ਕਰਕੇ ਮਨੁੱਖ ਨੂੰ ਕਦੇ ਵੀ ਸੰਘਰਸ਼ ਤੋਂ ਕੰਨੀ ਨਹੀਂ ਕਤਰਾਉਣੀ ਚਾਹੀਦੀ।
ਮਨੁੱਖ -ਮਾਤਰ ਮੁੱਖ ਤੌਰ ’ਤੇ ਦੋ ਮੁਹਾਜ਼ਾਂ ’ਤੇ ਸੰਘਰਸ਼ ਕਰਦਾ ਹੈ—ਵਿਅਕਤੀਗਤ ਪੱਧਰ ’ਤੇ ਅਤੇ ਸਮੂਹਿਕ ਪੱਧਰ ’ਤੇ। ਦੋਨਾਂ ਤਰ੍ਹਾਂ ਦੇ ਸੰਘਰਸ਼ ਦਾ ਆਪਣਾ-ਆਪਣਾ ਮਹੱਤਵ ਹੈ। ਸਮੂਹਿਕ ਪੱਧਰ ’ਤੇ ਕੀਤਾ ਜਾਣ ਵਾਲਾ ਸੰਘਰਸ਼ ਵਿਆਪਕ ਸਰੂਪ- ਸੁਭਾਅ ਵਾਲਾ ਹੋਣ ਕਰਕੇ ਵਧੇਰੇ ਮਹੱਤਵ ਰੱਖਦਾ ਹੈ।
ਉਂਞ ਤਾਂ ਇਸ ਸੰਸਾਰ ਵਿਚ ਲੱਗਭਗ ਹਰੇਕ ਕੌਮ ਨੂੰ ਸੰਘਰਸ਼ ਕਰਨਾ ਹੀ ਪੈਂਦਾ ਰਿਹਾ ਹੈ, ਪਰ ਕੁਝ ਕੁ ਕੌਮਾਂ ਐਸੀਆਂ ਹਨ ਜਿਨ੍ਹਾਂ ਦਾ ਸੰਘਰਸ਼ ਨਾਲ ਸਦੀਵੀ ਤੇ ਅਨਿੱਖੜਵਾਂ ਸੰਬੰਧ ਰਿਹਾ ਹੈ। ਸਿੱਖ-ਪੰਥ ਨੂੰ ਸੰਸਾਰ ਦੀਆਂ ਅਜਿਹੀਆਂ ਕੌਮਾਂ ਵਿਚ ਗਿਣਿਆ ਜਾਂਦਾ ਹੈ। ਸਿੱਖ-ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਨੂੰ ਇਕ ਅਦੁੱਤੀ ਉਦਾਹਰਣ ਦੇ ਰੂਪ ਵਿਚ ਆਪਣੇ ਸਾਜੇ-ਨਿਵਾਜੇ ਸਿੱਖ-ਪੰਥ ਅੱਗੇ ਪ੍ਰਸਤੁਤ ਕਰਦਿਆਂ ਇਸ ਨੂੰ ਕੂੜ ਤੇ ਜਾਬਰ ਤਾਕਤਾਂ ਵਿਰੁੱਧ ਸੰਘਰਸ਼ ਕਰਨ ਤੇ ਹੱਕ-ਸੱਚ ਨੂੰ ਸਥਾਪਿਤ ਕਰਨ ਹਿਤ ਇਕ ਅਜਿਹੀ ਗੁੜ੍ਹਤੀ ਬਖਸ਼ਿਸ਼ ਕੀਤੀ ਕਿ ਕੂੜ ਖ਼ਿਲਾਫ ਅੜਨਾ ਤੇ ਲੜਨਾ ਸਿੱਖ ਪੰਥ ਦਾ ਸੁਭਾਅ ਹੀ ਬਣ ਗਿਆ। ਗੁਰੂ ਨਾਨਕ ਨਾਮ-ਲੇਵਾ ਸਿੱਖ ਆਪਣੇ ਸਾਹਮਣੇ ਕੂੜ ਦਾ ਵਰਤਾਰਾ ਵਰਤਦਾ ਵੇਖ ਕੇ ਇਸ ਖ਼ਿਲਾਫ ਕਾਰਜਸ਼ੀਲ ਹੋਣ ਤੋਂ ਰਹਿ ਹੀ ਨਹੀਂ ਸਕਦਾ। ਉਸ ਦੇ ਗੁਰੂ ਦੁਆਰਾ ਉਸ ਨੂੰ ਦਿੱਤਾ ਗਿਆ ਭਰੋਸਾ ਕਿ ‘ਕੂੜ ਨੇ ਅੰਤ ਨੂੰ ਖ਼ਤਮ ਹੋਣਾ ਹੀ ਹੁੰਦੈ ਤੇ ਅੰਤਮ ਜਿੱਤ ਸੱਚ ਦੀ ਹੀ ਹੋ ਕੇ ਰਹਿਣੀ ਹੈ’ ਉਸ ਦੇ ਸਦਾ ਸਾਹਮਣੇ ਰਹਿੰਦਾ ਹੈ। ਨਿਰਾ ਸਾਹਮਣੇ ਹੀ ਨਹੀਂ, ਇਹ ਉਸ ਦੇ ਲੂੰ-ਲੂੰ ਵਿਚ ਵੱਸਿਆ ਵੀ ਹੋਇਆ ਹੈ। ਇਸੇ ਸੰਬੰਧ ਵਿਚ ਸਿੱਖ ਪੰਥ ਦਾ ਹੁਣ ਤਕ ਦਾ ਇਤਿਹਾਸ ਮੁੱਖ ਤੌਰ ’ਤੇ ਕੂੜ-ਕੁਸਤ ਰੂਪੀ ਤਾਕਤਾਂ ਦੇ ਖ਼ਿਲਾਫ ਹੱਕ- ਸੱਚ ਦੀ ਮੁੜ-ਸਥਾਪਤੀ ਹਿਤ ਅੜਨ, ਲੜਨ ਤੇ ਜੂਝਣ ਦਾ ਇਤਿਹਾਸ ਹੈ।
ਸਿੱਖ-ਪੰਥ ਦੇ ਸੰਘਰਸ਼ਾਂ ਭਰੇ ਇਤਿਹਾਸ ਵਿਚ ਫਰਵਰੀ ਦਾ ਮਹੀਨਾ ਹਰ ਵਰ੍ਹੇ ਆ ਕੇ ਪੰਥਕ ਪੱਧਰ ’ਤੇ ਹੱਕ-ਸੱਚ ਦੀ ਮੁੜ-ਸਥਾਪਤੀ ਵਾਸਤੇ ਲੜੇ ਗਏ ਬਹੁਤ ਹੀ ਸਖ਼ਤ ਸੰਘਰਸ਼ ਦੀ ਦਾਸਤਾਨ ਯਾਦ ਕਰਾਉਂਦਾ ਹੈ। ਇਸੇ ਮਹੀਨੇ ਸਿੱਖ ਪੰਥ ’ਤੇ ਅਫਗਾਨ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਸੰਨ 1762 ਈ: ਵਿਚ ਬਹੁਤ ਵੱਡੀ ਗਿਣਤੀ ਵਿਚ ਆਪਣੀਆਂ ਫੌਜਾਂ ਦੁਆਰਾ ਹਮਲਾ ਕਰ ਕੇ ਸਿੱਖ ਪੰਥ ਦੇ ਵਜੂਦ ਨੂੰ ਮਿਟਾਉਣ ਦੇ ਮੰਦੇ ਇਰਾਦੇ ਨੂੰ ਅਮਲ ’ਚ ਲਿਆਉਣ ਦਾ ਯਤਨ ਕੀਤਾ। ਮਲੇਰਕੋਟਲੇ ਦੇ ਲਾਗੇ ਕੁੱਪ-ਰੋਹੀੜੇ ਵਿਖੇ ਉਸ ਨੇ ਇਕ ਵੱਡੇ ਸਿੱਖ-ਸਮੂਹ ਨੂੰ ਘੇਰ ਕੇ ਸਿੱਖ ਪੰਥ ਦੀ ਨਸਲਕੁਸ਼ੀ ਕਰਨ ਦੀ ਕੋਝੀ ਕਰਤੂਤ ਕੀਤੀ। ਇਹ ਸਿੱਖ ਸਮੂਹ ਸਿੱਖ ਪਰਵਾਰਾਂ ਦਾ ਸਮੂਹ ਸੀ, ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਸਿੱਖ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ। ਸਿੰਘਾਂ ਦੀ ਗਿਣਤੀ ਅਬਦਾਲੀ ਦੀਆਂ ਫੌਜਾਂ ਦੀ ਗਿਣਤੀ ਦੇ ਸਾਹਮਣੇ ਬਹੁਤ ਘੱਟ ਸੀ। ਅਬਦਾਲੀ ਅਣਕਿਆਸੀ ਤੇਜ਼ ਚਾਲ ਨਾਲ ਸਿੱਖ ਸਮੂਹ ’ਤੇ ਆ ਹਮਲਾਵਰ ਹੋਇਆ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਸਰਦਾਰ ਚੜ੍ਹਤ ਸਿੰਘ ਜਿਹੇ ਸਿੱਖ ਸਰਦਾਰਾਂ ਦੀ ਅਗਵਾਈ ਵਿਚ ਫਿਰ ਵੀ ਸਿੱਖ ਯੋਧਿਆਂ ਨੇ ਅਬਦਾਲੀ ਦੇ ਹਮਲੇ ਨੂੰ ਠੱਲ੍ਹਣ ਵਾਸਤੇ ਬਹੁਤ ਜ਼ੋਰਦਾਰ ਤੇ ਬੇਮਿਸਾਲ ਜੱਦੋਜਹਿਦ ਕੀਤੀ। ਸਿੱਖ ਇਤਿਹਾਸ ਦੇ ਰਚੇਤਿਆਂ ਨੇ ਲਿਿਖਆ ਹੈ ਕਿ ਸਿੱਖ ਪਰਵਾਰਾਂ ਨੂੰ ਸਿੰਘਾਂ ਨੇ ਬਚਾਉਣ ਦੀ ਇਸ ਤਰ੍ਹਾਂ ਕੋਸ਼ਿਸ਼ ਕੀਤੀ ਜਿਵੇਂ ਕੁਕੜੀ ਆਪਣੇ ਚੂਚਿਆਂ ਨੂੰ ਬਚਾਉਂਦੀ ਹੈ। ਪਰ ਫਿਰ ਵੀ ਸਿੱਖ ਪੰਥ ਦਾ ਅਥਾਹ ਕੌਮੀ ਨੁਕਸਾਨ ਇਸ ਘੱਲੂਘਾਰੇ ਵਿਚ ਹੋਇਆ। ਲੱਗਭਗ ਤੀਹ ਹਜ਼ਾਰ ਦੀ ਗਿਣਤੀ ਵਿਚ ਜਾਨੀ ਨੁਕਸਾਨ ਨੂੰ ਸਹਿ ਕੇ ਆਪਣਾ ਵਜੂਦ ਬਚਾਈ ਰੱਖਣਾ ਅਤੇ ਆਪਣਾ ਮਾਨਸਿਕ ਤੇ ਆਤਮਿਕ ਸਮਤੋਲ ਕਾਇਮ ਰੱਖਣਾ ਸੰਸਾਰ ਭਰ ਵਿਚ ਸਿਰਫ ਤੇ ਸਿਰਫ ਗੁਰੂ ਨਾਨਕ ਨਾਮ-ਲੇਵਾ ਸਿੱਖ-ਪੰਥ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ-ਨਿਵਾਜੇ ਖਾਲਸਾ ਪੰਥ ਦੇ ਹਿੱਸੇ ਹੀ ਆਇਆ ਹੈ। ਇਹ ਚੇਤੇ ਰਹੇ ਕਿ ਇਸ ਘੱਲੂਘਾਰੇ ਦੇ ਕੁਝ ਮਹੀਨੇ ਮਗਰੋਂ ਹੀ ਸਿੰਘਾਂ ਨੇ ਅੰਮ੍ਰਿਤਸਰ ਵਿਖੇ ਅਬਦਾਲੀ ਦੀਆਂ ਫੌਜਾਂ ’ਤੇ ਹਮਲਾ ਕਰ ਕੇ ਉਸ ਨੂੰ ਇਹ ਅਹਿਸਾਸ ਕਰਾਇਆ ਕਿ ਸਿੱਖ ਪੰਥ ’ਚ ਅਜੇ ਵੀ ਉਸ ਨੂੰ ਖਿਝਾਉਣ ਤੇ ਦੌੜਾਉਣ ਦਾ ਦਮ ਤੇ ਜੇਰਾ ਹੈ। ਇਸ ਮਗਰੋਂ ਅਬਦਾਲੀ ਸਿੱਖ ਪੰਥ ਵੱਲ ਬੁਰੀ ਨੀਅਤ ਨਾਲ ਤੱਕਣ ਦਾ ਜੇਰਾ ਨਹੀਂ ਸੀ ਕਰ ਸਕਿਆ ਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਅਪਮਾਨ ਬਦਲੇ ਆਪਣੀ ਕੀਤੀ ਦਾ ਫਲ ਭੋਗਦਾ ਹੋਇਆ ਇਸ ਫਾਨੀ ਦੁਨੀਆ ਤੋਂ ਕੂਚ ਕਰ ਗਿਆ ਸੀ। ਖਾਲਸੇ ਨੇ ਵਿਭਿੰਨ ਸਿੱਖ ਮਿਸਲਾਂ ਅਧੀਨ ਪੰਜਾਬ ’ਤੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਪੰਜਾਬ ਤੋਂ ਬਾਹਰ ਦੂਰ-ਦੂਰ ਤਕ ਅਕਾਲ ਪੁਰਖ ਦੀ ਫਤਿਹ ਦੇ ਝੰਡੇ ਝੁਲਾ ਦਿੱਤੇ ਸਨ।
ਵੀਹਵੀਂ ਸਦੀ ਵਿਚ ਅੰਗਰੇਜ਼ ਸ਼ਾਸਕਾਂ-ਪ੍ਰਸ਼ਾਸਕਾਂ ਦੇ ਜ਼ੁਲਮ-ਜਬਰ ਖ਼ਿਲਾਫ ਗੁਰੂ ਨਾਨਕ ਨਾਮ-ਲੇਵਾ ਸਿੱਖ ਪੰਥ ਨੂੰ ਕਈ ਮੋਰਚੇ ਲਾਉਣੇ ਪਏ। ਇਨ੍ਹਾਂ ਵਿੱਚੋਂ ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦਾ ਮੋਰਚਾ ਅਭੁੱਲ ਸਿੱਖ ਇਤਿਹਾਸ ਦੀ ਸਿਰਜਣਾ ਕਰਦੇ ਸਾਡੇ ਦ੍ਰਿਸ਼ਟੀਗੋਚਰ ਹੁੰਦੇ ਹਨ।
ਵਿਦੇਸ਼ੀ ਸ਼ਾਸਕ ਸਿੱਖ ਪੰਥ ਦੇ ਜਾਨਾਂ ਤੋਂ ਪਿਆਰੇ ਗੁਰਦੁਆਰਾ ਸਾਹਿਬਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਕੋਝੇ ਯਤਨ ਕਰ ਰਹੇ ਸਨ। ਸਮੇਂ ਦੇ ਬੀਤਣ ਨਾਲ ਗੁਰਦੁਆਰਾ ਸਾਹਿਬਾਨ ਦੇ ਮਹੰਤ ਐਸ਼ਪ੍ਰਸਤ ਹੋ ਕੇ ਸਿੱਖ ਸੰਗਤ ਦੇ ਸਿੱਖੀ ਜਜ਼ਬਾਤਾਂ ਨੂੰ ਜ਼ੋਰਦਾਰ ਠੇਸ ਲਾ ਰਹੇ ਸਨ। ਉਹ ਪਵਿੱਤਰ ਗੁਰਦੁਆਰਾ ਸਾਹਿਬਾਨ ਵਿਚ ਗੈਰ- ਆਚਰਣਕ ਕਰਤੂਤਾਂ ਕਰ ਰਹੇ ਸਨ। ਨਨਕਾਣਾ ਸਾਹਿਬ ਦਾ ਮਹੰਤ ਨਰੈਣ ਦਾਸ ਬਹੁਤ ਹੀ ਵਿਗੜ ਚੁੱਕਿਆ ਸੀ। ਜਦੋਂ ਸਿੱਖ ਸੰਗਤਾਂ ਨੇ ਉਸ ਦੇ ਨਾਪਾਕ ਹੱਥਾਂ ’ਚੋਂ ਪ੍ਰਬੰਧ ਖੋਹ ਕੇ ਸਿੱਖ-ਪੰਥ ਦੇ ਹੱਥ ਵਿਚ ਦੇਣ ਦਾ ਬੀੜਾ ਚੁੱਕਿਆ ਤਾਂ ਤਤਕਾਲੀ ਹਾਕਮਾਂ ਦੀ ਸ਼ਹਿ ਨਾਲ ਉਸ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਗੁੰਡੇ ਬਦਮਾਸ਼ ਰੱਖ ਲਏ। ਇਉਂ ਜਥੇਦਾਰ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੈਣ ਲਈ ਸ਼ਾਂਤਮਈ ਰਹਿਣ ਦਾ ਪ੍ਰਣ ਕਰ ਕੇ ਗਏ ਜਥੇ ਨੂੰ ਬੰਦੂਕਾਂ, ਛਵ੍ਹੀਆਂ ਤੇ ਗੰਡਾਸਿਆਂ ਨਾਲ ਹਮਲਾ ਕਰ ਕੇ ਸ਼ਹੀਦ ਕਰ ਦਿੱਤਾ। ਇਸ ਸਾਕੇ ਵਿਚ ਸੈਂਕੜੇ ਸਿੱਖ ਸ਼ਹੀਦ ਹੋਏ ਪਰ ਓੜਕ ਨੂੰ ਤਤਕਾਲੀ ਨਿਜ਼ਾਮ ਨੂੰ ਸਿੱਖੀ ਸਿਦਕ ਅੱਗੇ ਝੁਕਣਾ ਪਿਆ ਤੇ ਇਉਂ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ-ਪੰਥ ਦੇ ਆਪਣੇ ਹੱਥਾਂ ਵਿਚ ਆ ਸਕਿਆ। ਜੈਤੋ ਦਾ ਮੋਰਚਾ ਤਤਕਾਲੀ ਅੰਗਰੇਜ਼ ਸਰਕਾਰ ਦੀ ਗੁਰਦੁਆਰਾ ਸ੍ਰੀ ਗੰਗਸਰ ਜੈਤੋ (ਫਰੀਦਕੋਟ) ਵਿਖੇ ਨਜਾਇਜ਼ ਦਖਲਅੰਦਾਜ਼ੀ ਦੇ ਪ੍ਰਤੀਕਰਮ ਵਜੋਂ ਭਖਿਆ ਜਦ ਕਿ ਗੁਰੂ ਨਾਨਕ ਨਾਮ-ਲੇਵਾ ਸਿੱਖ, ਸਿੱਖ ਪੰਥ ਦੇ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਵਾਲੇ ਪੰਥਕ ਭਾਵਨਾ ਦੇ ਧਾਰਨੀ ਨਾਭੇ ਦੇ ਸਿੱਖ ਰਾਜਾ, ਸ. ਰਿਪੁਦਮਨ ਸਿੰਘ ਨਾਲ ਹੋ ਰਹੇ ਰਾਜਨੀਤਕ ਪੱਧਰ ’ਤੇ ਅਨਿਆਂ ਦੇ ਖ਼ਿਲਾਫ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਨ। ਇਸ ਸਮੇਂ ਸਿੱਖ ਸੰਗਤਾਂ ਨੇ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸ਼ਾਂਤਮਈ ਸੰਘਰਸ਼ ਕੀਤਾ। ਇਹ ਸੰਘਰਸ਼ ਬਹੁਤ ਲੰਮਾ ਹੋ ਗਿਆ। ਤਤਕਾਲੀ ਸਰਕਾਰ ਨੇ ਹਰੇਕ ਪੈਂਤੜਾ ਇਸ ਸੰਘਰਸ਼ ਨੂੰ ਨਾਕਾਮ ਕਰਨ ਵਾਸਤੇ ਵਰਤਿਆ ਪਰ ਓੜਕ ਸਿੱਖੀ ਸਿਦਕ ਅੱਗੇ ਸਰਕਾਰ ਨੂੰ ਝੁਕਣਾ ਹੀ ਪਿਆ। ਇਹ ਚੇਤੇ ਰਹੇ ਕਿ ਇਸ ਇਤਿਹਾਸਿਕ ਸਿੱਖ ਸੰਘਰਸ਼ ਵਿਚ ਸਿੱਖਾਂ ਦਾ ਜ਼ੋਰਦਾਰ ਸਮਰਥਨ ਗੈਰ-ਸਿੱਖ ਰਾਜਨੀਤਕ ਆਗੂਆਂ ਨੇ ਵੀ ਕੀਤਾ। 21 ਫਰਵਰੀ, 1924 ਈ: ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਜੈਤੋ ਵਿਖੇ ਪਹੁੰਚੇ 500 ਸਿੰਘਾਂ ਦੇ ਸ਼ਹੀਦੀ ਜਥੇ ਨੂੰ ਪੁਲਿਸ ਨੇ ਗੋਲੀਆਂ ਚਲਾ ਕੇ ਵੱਡਾ ਗੋਲੀ ਕਾਂਡ ਵਰਤਾਇਆ। 100 ਦੇ ਕਰੀਬ ਸਿੰਘ ਸ਼ਹੀਦ ਹੋਏ ਅਤੇ 200 ਦੇ ਕਰੀਬ ਸਿੰਘ ਫੱਟੜ ਹੋਏ। ਇਸ ਮਗਰੋਂ ਵੀ ਲੱਗਭਗ ਡੇਢ ਸਾਲ ਤਕ ਸਿੱਖ ਪੰਥ ਨੂੰ ਘੋਰ ਸੰਘਰਸ਼ ’ਚੋਂ ਗੁਜ਼ਰਨਾ ਪਿਆ ਪਰੰਤੂ ਓੜਕ ਸਰਕਾਰ ਨੂੰ 27 ਜੁਲਾਈ, 1925 ਈ: ਨੂੰ ਗੋਡੇ ਟੇਕਣੇ ਪਏ। ਗੁਰਦੁਆਰਾ ਗੰਗਸਰ ਵਿਖੇ ਸਰਕਾਰ ਦੁਆਰਾ ਸ੍ਰੀ ਅਖੰਡ ਪਾਠ ਸਾਹਿਬ ’ਤੇ ਲਾਈ ਗਈ ਪਬੰਦੀ ਹਟਾਉਣ ਦੇ ਐਲਾਨ ਨਾਲ 7 ਅਗਸਤ, 1925 ਈ: ਨੂੰ 101 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰਦੇ ਹੋਇਆਂ ਜੈਤੋ ਦੇ ਮੋਰਚੇ ਨੂੰ ਫਤਿਹ ਕੀਤਾ ਗਿਆ। ਘੱਲੂਘਾਰਿਆਂ ਅਤੇ ਮੋਰਚਿਆਂ ਨਾਲ ਭਰਪੂਰ ਸਾਡਾ ਗੌਰਵਸ਼ਾਲੀ ਸਿੱਖ ਇਤਿਹਾਸ ਸਾਨੂੰ ਵਰਤਮਾਨ ਵਿਚ ਵੀ ਹਰ ਪ੍ਰਕਾਰ ਦੇ ਸਮਕਾਲੀ ਜ਼ੁਲਮ, ਜਬਰ ਤੇ ਅਨਿਆਂ ਵਿਰੁੱਧ ਅੜਨ, ਲੜਨ ਤੇ ਹੱਕ-ਸੱਚ ਦੀ ਮੁੜ-ਸਥਾਪਤੀ ਕਰਨ ਹਿਤ ਤਨਦੇਹੀ ਨਾਲ ਯਤਨਸ਼ੀਲ ਹੋਣ ਵਾਸਤੇ ਪ੍ਰੇਰਨਾ ਬਖਸ਼ਦਾ ਆ ਰਿਹਾ ਹੈ।
ਲੇਖਕ ਬਾਰੇ
ਸਿਮਰਜੀਤ ਸਿੰਘ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਵੱਲੋਂ ਛਾਪੇ ਜਾਂਦੇ ਮਾਸਿਕ ਪੱਤਰ ਗੁਰਮਤਿ ਪ੍ਰਕਾਸ਼ ਦੇ ਮੁੱਖ ਸੰਪਾਦਕ ਹਨ।
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/August 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/October 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/December 1, 2007
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/February 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2008
- ਸਿਮਰਜੀਤ ਸਿੰਘhttps://sikharchives.org/kosh/author/%e0%a8%b8%e0%a8%bf%e0%a8%ae%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/June 1, 2009